Quantcast
Channel: Punjab News - Quami Ekta Punjabi Newspaper (ਕੌਮੀ ਏਕਤਾ) »ਲੇਖ
Viewing all articles
Browse latest Browse all 725

ਮੂਲ ਨਾਲੋਂ ਵਿਆਜ ਪਿਆਰਾ

$
0
0

ਧੀਆਂ ਪੁੱਤਰ ਸਭ ਨੂੰ ਪਿਆਰੇ ਹੁੰਦੇ ਨੇ, ਪਰ ਪੋਤਰੇ ਪੋਤਰੀਆਂ ‘ਤੇ ਆਪਣੀ ਔਲਾਦ ਨਾਲੋਂ ਵੀ ਵੱਧ ਮੋਹ ਆਉਂਦੈ। ਜੇਕਰ ਮਾਪਿਆਂ ਦੇ ਬੁਢਾਪੇ ਦੀ ਡੰਗੋਰੀ, ਇਕਲੌਤੀ ਸੰਤਾਨ ਵੀ ਭਰ ਜਵਾਨੀ ‘ਚ ਸਦੀਵੀਂ ਵਿਛੋੜਾ ਦੇ ਜਾਵੇ ਤਾਂ ਸਭ ਤੋਂ ਔਖਾ ਕਾਰਜ  ਬੁਢੜੇ ਪਿਓ ਦੇ ਮੋਢਿਆਂ ਉੱਤੇ ਪੁੱਤਰ ਦੀ ਅਰਥੀ ਹੋਣਾ ਹੈ। ਇਕੱਲੇ ਪੁੱਤਰ ਦੀ ਮੌਤ ਤੋਂ ਬਾਅਦ ਲਾਡਲੇ ਪੋਤਰੇ ਨੂੰ ਮਿਲਣ ਲਈ ਤਰਸਣਾ, ਦਾਦੇ-ਦਾਦੀ ਵਾਸਤੇ ਅਕਿਹ ਤੇ ਅਸਹਿ ਸਦਮਾ ਹੁੰਦੈ।

ਕਈ ਵਾਰ ਇਵੇਂ ਦੇ ਮਸਲੇ ਆ ਜਾਂਦੇ ਨੇ ਕਿ ਮਨ ਪਸੀਜ ਜਾਂਦੈ ਤੇ ਉਹ ਚਾਹ ਕੇ ਵੀ ਹੱਲ ਨਹੀਂ ਹੋ ਪਾਉਂਦੇ। ਕੋਸ਼ਿਸ਼ ਹੁੰਦੀ ਹੈ ਕਿ ਆਪਣੇ ਵੱਲੋਂ ਚੰਗੇ ਤੋਂ ਚੰਗਾ ਕਰ ਸਕੀਏ, ਪਰ ਕਾਨੂੰਨ ਅਤੇ ਹਾਲਾਤਾਂ ਹੱਥੋਂ ਮਜਬੂਰ ਹੁੰਦੇ ਓਵੇਂ ਕਰ ਨਹੀਂ ਪਾਉਂਦੇ।

ਹੋਇਆ ਇੰਜ ਕੇ ਇੱਕ ਪੈਂਤੀਆਂ ਕੁ ਸਾਲਾਂ ਦੀ ਬੀਬੀ ਨੇ ਆ ਦਰਖਾਸਤ ਦਿੱਤੀ ਜਿਸ ਦਾ ਮਜ਼ਮੂਨ ਇਸ ਪ੍ਰਕਾਰ ਸੀ “ਮੇਰਾ ਘਰ ਵਾਲਾ ਗੁਜਰ ਚੁੱਕਿਐ ਤੇ ਮੇਰਾ ਪੰਜ ਕੁ ਵਰ੍ਹਿਆਂ ਦਾ ਨਿੱਕਾ ਬਾਲ ਹੈ। ਮੇਰੇ ਮਾਪਿਆਂ ਨੇ ਮੇਰਾ ਵਿਆਹ ਕਿਤੇ ਹੋਰ ਕਰ ਦਿੱਤਾ ਹੈ ਤੇ ਮੈਂ ਆਪਣੇ ਨਵੇਂ ਸਹੁਰੇ ਘਰ ਖੁਸ਼ੀ ਨਾਲ ਰਹਿ ਰਹੀ ਹਾਂ, ਪਰ ਮੇਰੇ ਗੁਜ਼ਰ ਚੁੱਕੇ ਪਤੀ ਦੇ ਮਾਪੇ ਅਰਥਾਤ ਮੇਰੇ ਸੱਸ ਸੁਹਰਾ ਮੇਰੇ ਮੌਜੂਦਾ ਸੋਹਰੇ ਪਿੰਡ ਆ ਕੇ ਮੇਰੇ ਪੁੱਤ ਨੂੰ ਮਿਲਦੇ ਨੇ। ਜੋ ਕਿ ਮੈਨੂੰ ਕਤਈ ਮਨਜ਼ੂਰ ਨਹੀਂ। ਮੇਰੇ ਪੁੱਤ ਨੂੰ ਉਹਨਾਂ ਤੋਂ ਖਤਰਾ ਹੈ। ਸਾਨੂੰ ਇਨਸਾਫ ਦਿੱਤਾ ਜਾਵੇ।

ਮੈਨੂੰ ਦਰਖਾਸਤ ਪੜ੍ਹ ਕੇ ਮਹਿਸੂਸ ਹੋਇਆ ਕਿ ਰਿਸ਼ਤਿਆਂ ਚੋਂ ਅਪਣੱਤ ਤਾਂ ਜਿਵੇਂ ਖੰਭ ਲਾ ਕੇ ਉੱਡ ਗਈ ਹੋਵੇ। ਭਾਵਨਾਵਾਂ ਮਨਫੀ ਹੁੰਦੀਆਂ ਜਾ ਰਹੀਆਂ ਨੇ ਤੇ ਖੂਨ ਸਫੈਦ। ਖ਼ੈਰ ਅਸੀਂ ਕੁਝ ਦਿਨ ਬਾਅਦ ਉਸ ਕਿਸਮਤ ਦੇ ਮਾਰੇ ਬਜ਼ੁਰਗਾਂ ਨੂੰ ਬੁਲਾ ਕੇ ਉਹਨਾਂ ਦਾ ਪੱਖ ਵੀ ਗਹੁ ਨਾਲ ਸੁਣਿਆ। ਆਪਣੀ ਵਿਥਿਆ ਦੱਸਦਿਆਂ ਬਜ਼ੁਰਗ ਤਾਂ ਜਿਵੇਂ ਫਿੱਸ ਹੀ ਪਿਆ,  ‘ਜਨਾਬ , ਕੱਲਾ ਕਾਰਾ ਪੁੱਤ ਸੀ। ਭਰ ਜਵਾਨ, ਬੜੇ ਚਾਵਾਂ ਨਾਲ ਵਿਆਹ ਕੀਤਾ। ਘਰ ਚ ਕਿਸੇ ਸ਼ੈਅ ਦੀ ਤੋਟ ਨਹੀਂ ਸੀ। ਰੱਬ ਨੇ ਭਾਗ ਲਾਏ, ਫੁੱਲਾਂ ਵਰਗਾ ਲਾਲ ਪੋਤਰੇ ਦੇ ਰੂਪ ਵਿੱਚ ਸਾਨੂੰ ਬਖਸ਼ਿਆ। ਪਰ ਨੂੰਹ ਪੁੱਤ ਦੀ ਆਪਸ ਵਿੱਚ ਨਹੀਂ ਬਣਦੀ ਸੀ। ਨੂੰਹ ਦਾ ਚਾਲ ਚਲਣ ਠੀਕ ਨਾ ਹੋਣ ਕਰਕੇ ਪੁੱਤ ਉਸਨੂੰ ਰੋਕਦਾ ਸੀ, ਪਰ ਨੂੰਹ ਅੱਗਿਓਂ ਖਾਣ ਨੂੰ ਪੈਂਦੀ। ਕਲੇਸ਼ ਇੰਨਾ ਵਧ ਗਿਆ ਕਿ ਜਿਸ ਭਾਣੇ ਦਾ ਡਰ ਸੀ, ਉਹੀ ਵਾਪਰ ਗਿਆ। ਸਾਡੇ ਜਵਾਨ ਪੁੱਤਰ ਨੇ ਰੇਲ ਗੱਡੀ ਥੱਲੇ ਆ ਕੇ  ਆਤਮ ਹੱਤਿਆ ਕਰ ਲਈ  ਤੇ ਓਹ ਆਪਣੀ ਜਾਚੇ ਨਿੱਤ ਦੀ ਲੜਾਈ ਨੂੰ ਮੁਕਾ ਗਿਆ ਸੀ। ਪਰ ਉਹਨੂੰ ਭੋਲੇ ਨੂੰ ਕੀ ਪਤਾ ਕਿ ਕਿਸੇ ਦੇ ਜਾਣ ਨਾਲ ਕਲੇਸ਼ ਕਿੱਥੇ ਮੁੱਕਦੇ ਨੇ? ਬਜ਼ੁਰਗ ਦਾ ਗੱਚ ਭਰ ਆਇਆ ਸੀ ਅਤੇ ਉਸਦੀ ਅੱਧ ਚਿੱਟੀ ਦਾੜ੍ਹੀ ਉੱਤੇ ਹੰਝੂ ਵਹਿ ਤੁਰੇ ਸਨ। ਮੈਂ ਉਸ ਦੇ ਮੋਢੇ ‘ਤੇ ਹੱਥ ਧਰ ਕੇ ਧਰਵਾਸ ਦਿੱਤਾ ਤੇ ਬਜ਼ੁਰਗ ਥੋੜਾ ਸੰਭਲ ਕੇ ਫਿਰ ਲੜੀ ਜੋੜਨ ਲੱਗਾ। ਵੇਖ ਲੈ ਬੱਲਿਆ, ਅਸੀਂ ਸਾਰਾ ਕੁਝ ਭੁੱਲ ਕੇ ਨੂੰਹ ਰਾਣੀ ਨੂੰ ਆਖਿਆ ਕਿ ਪਿਛਲੀਆਂ ਗੱਲਾਂ ਛੱਡ ਕੇ ਇਸ ਪੋਤਰੇ ਲਈ ਜ਼ਿੰਦਗੀ ਗੁਜ਼ਾਰਨੀ ਐ ਹੁਣ। ਘਰ ਵਿੱਚ ਸਭ ਕੁਝ ਤੇਰਾ ਹੀ ਆ। ਅਸੀਂ ਆਪਣੇ ਪੋਤਰੇ ਵਿੱਚੋਂ ਹੀ ਪੁੱਤ ਨੂੰ ਲੱਭਦੇ ਹਾਂ। ਸਾਡੇ ਬੁਢਾਪੇ ਦਾ ਇਹੀ ਸਹਾਰਾ ਹੁਣ। ਪਰ ਨੂੰਹ ਆਪਣੀਆਂ ਹਰਕਤਾਂ ਤੋਂ ਬਾਜ ਨਹੀਂ ਸੀ ਆ ਰਹੀ। ਅਖੀਰ ਦੋਵੇਂ ਪਿੰਡਾਂ ਦੀ ਪੰਚਾਇਤ ਬੁਲਾਈ ਗਈ। ਨੂੰਹ  ਆਪਣੇ ਪੇਕੇ ਜਾਣ ਲਈ ਬਜਿੱਦ ਸੀ। ਅਸੀਂ ਬੜੇ ਤਰਲੇ ਲਏ ਕਿ ਸਾਡੇ ਬੁਢਾਪੇ ਦੀ ਡੰਗੋਰੀ ਸਾਡੇ ਕੋਲ ਰਹਿਣ ਦਿਓ। ਪਰ ਕਿਸੇ ਨੇ ਸਾਡੀ ਇੱਕ ਨਾ ਸੁਣੀ। ਜਦੋਂ ਪੋਤਰੇ ਦੀ ਧੱਕੇ ਨਾਲ ਮੇਰੇ ਤੋਂ ਉਂਗਲ ਛੁਡਾਈ ਗਈ ਤਾਂ ਅਸੀਂ ਦੋਵੇਂ ਕੁਰਲਾ ਉੱਠੇ ਸੀ। ਪਰ ਜਦੋਂ ਰੱਬ ਹੀ ਵੈਰੀ ਬਣ ਜਾਵੇ ਤਾਂ ਰੱਬ ਦੇ ਬੰਦਿਆਂ ਤੋਂ ਵੀ ਕਾਹਦੀਆਂ ਉਮੀਦਾਂ। ਕਾਨੂੰਨ ਵੀ ਡਾਢਿਆਂ ਦਾ ਹੀ ਆ। ਕਈ ਦਿਨ ਅਸੀਂ ਦੋਵੇਂ ਜੀਆਂ ਰੋਟੀ ਨਾ ਖਾਧੀ। ਸਾਨੂੰ ਲੱਗਿਆ ਕਿ ਸਾਡਾ ਪੁੱਤਰ ਅੱਜ ਦੂਜੀ ਵਾਰੀ ਫਿਰ ਮੋਇਆ ਏ। ਆਖ ਕੇ ਬਜ਼ੁਰਗ ਰੋਣ ਲੱਗ ਪਿਆ। ਹੁਣ ਮੇਰੇ ਕੋਲ ਵੀ ਉਸ ਨੂੰ ਚੁੱਪ ਕਰਵਾਉਣ ਲਈ ਅਲਫਾਜ਼ ਮੁੱਕ ਗਏ ਸਨ। ਫਿਰ ਜੇਰਾ ਜਿਹਾ ਕਰਕੇ ਬੋਲਣ ਲੱਗਾ, ਪੁੱਤਰਾ, ਇੱਕ ਦਿਨ ਮੇਰੇ ਮਨ ਵਿੱਚ ਆਪਣੇ ਪੁੱਤ ਦੀ ਨਿਸ਼ਾਨੀ ਨੂੰ ਮਿਲਣ ਦੀ ਖਿੱਚ ਪਈ। ਮੇਰੀਆਂ ਆਂਦਰਾਂ ਦਾ ਖੂਨ ਤੜਫਣ ਲੱਗਾ। ਮੈਂ ਆਪਣੇ ਕੁੜਮਾਂ ਦੇ ਪਿੰਡ ਚਲਾ ਗਿਆ ਤੇ ਉਹਨਾਂ ਨੂੰ ਆਪਣੇ ਪੋਤਰੇ ਨੂੰ ਮਿਲਣ ਦੀ ਇੱਛਾ ਦੱਸੀ। ਪਰ ਮੇਰੀ ਨੂੰਹ ਨੇ ਮੈਨੂੰ ਗਾਲਾਂ ਕੱਢ ਕੇ ਤੇ ਧੱਕੇ ਮਾਰ ਕੇ ਉਥੋਂ ਮੈਨੂੰ ਤੋਰ ਦਿੱਤਾ ਤੇ ਕਿਹਾ ਕਿ ਜੇਕਰ ਦੁਬਾਰਾ ਇੱਥੇ ਆਇਆ ਤਾਂ ਪੁੱਠੇ ਇਲਜ਼ਾਮ ਲਾ ਕੇ ਅੰਦਰ ਕਰਵਾ ਦੇਵਾਂਗੀ। ਮੈਂ ਭਰੇ ਮਨ ਨਾਲ ਘਰੇ ਆ ਕੇ ਜੀਵਨ ਸਾਥੀ ਨੂੰ ਸਾਰੀ ਵਾਰਤਾ ਦੱਸੀ। ਸ਼ੇਰਾ, ਮੈਂ ਤੈਨੂੰ ਸੱਚ ਦੱਸਦਾਂ, ਬਈ ਮੈਂ ਉਸ ਤੋਂ ਬਾਅਦ ਕਦੇ ਕਦਾਈਂ ਆਪਣੇ ਪੋਤਰੇ ਨੂੰ ਉਸਦੀ ਮਾਂ ਤੋਂ ਚੋਰੀ ਉਸਦੇ ਸਕੂਲੇ ਅਤੇ ਕਦੇ ਪਿੰਡ ਦੀਆਂ ਗਲੀਆਂ ਚ ਬਸ ਦੂਰੋਂ ਵੇਖ ਕੇ ਹੀ ਪਰਤ ਆਉਂਦਾ ਸਾਂ।  ਉਸ ਨੂੰ ਖਾਣ ਲਈ ਫਲ ਜਾਂ ਹੋਰ ਵਸਤਾਂ ਦੇ ਆਉਂਦਾ । ਬਸ ਮਨ ਨੂੰ ਸਕੂਨ ਜਿਹਾ ਮਿਲ ਜਾਂਦਾ ਸੀ ਤੇ ਵਕਤ ਗੁਜ਼ਰਦਾ ਗਿਆ। ਫਿਰ ਮੈਨੂੰ ਪਤਾ ਲੱਗਿਆ ਕਿ ਮੇਰੇ ਕੁੜਮਾਂ ਨੇ ਮੇਰੀ ਨੂੰਹ ਨੂੰ ਕਿਸੇ ਹੋਰ ਥਾਂ ਵਿਆਹ ਦਿੱਤਾ। ਮੈਂ ਹਿੰਮਤ ਕਰਕੇ ਆਪਣੀ ਜੀਵਨ ਸਾਥਣ ਨਾਲ ਉੱਥੇ ਵੀ ਆਪਣੇ ਪੋਤਰੇ ਨੂੰ ਵੇਖ ਆਉਣਾ ਤੇ ਉਸਨੂੰ ਪਿਆਰ ਦੇ ਆਉਣਾ। ਨੂੰਹ ਨੇ ਉੱਥੇ ਵੀ ਮੈਨੂੰ ਧੱਕੇ ਮਾਰੇ ਅਤੇ ਨਤੀਜੇ ਭੁਗਤਣ ਦੀ ਧਮਕੀ ਵੀ ਦਿੱਤੀ। ਹੁਣ ਤੂੰ ਦੱਸ ਪੁੱਤਰਾ, ਜੇ ਮੈਂ ਕੋਈ ਗਲਤ ਕੀਤਾ ਆਪਣੇ ਪੋਤਰੇ ਨੂੰ ਮਿਲ ਕੇ ਤਾਂ ਜਿਹੜੀ ਵੀ ਸਜ਼ਾ ਦਿਉਗੇ, ਮੈਨੂੰ ਕਬੂਲ ਹੈ।

ਮੈਂ ਰਿਸ਼ਤਿਆਂ ਦੀ ਸੋਚ ਵਿੱਚੋ ਉਲਝਿਆ ਬਾਹਰ ਆਇਆ ਤੇ ਹੌਸਲਾ ਕਰਕੇ ਆਖਿਆ, ਬਜ਼ੁਰਗੋ,  ਤੁਸੀਂ ਕੁਝ ਵੀ ਗਲਤ ਨਹੀਂ ਕੀਤਾ। ਬੱਸ ਹਾਲਾਤ ਹੀ ਵੈਰੀ ਬਣ ਗਏ ਨੇ। ਬਜ਼ੁਰਗ ਜੋੜੇ ਨੇ ਹੱਥ ਜੋੜ ਕੇ ਸਾਡੀ ਕਮੇਟੀ ਅੱਗੇ ਤਰਲਾ ਕੀਤਾ ਕਿ ਸਾਨੂੰ ਦੋ ਚਾਰ ਮਹੀਨਿਆਂ ਚ ਇੱਕ ਵਾਰੀ ਆਪਣੇ ਪੋਤਰੇ ਨੂੰ ਮਿਲਵਾ ਦਿਆ ਕਰੋ। ਸਾਡਾ ਬੁਢਾਪਾ ਸੋਖਿਆਂ ਲੰਘ ਜਾਵੇਗਾ। ਅਸੀਂ ਕਮੇਟੀ ਮੈਂਬਰਾਂ ਨੇ ਆਪਸੀ ਮਸ਼ਵਰਾ ਕਰਕੇ ਇਹ ਫੈਸਲਾ ਕੀਤਾ ਕਿ ਬਜ਼ੁਰਗ ਜੋੜੇ ਨੂੰ ਹਰ ਦੋ ਮਹੀਨਿਆਂ ਬਾਅਦ ਆਪਣੇ ਦਫਤਰ ਵਿੱਚ ਹੀ ਉਹਨਾਂ ਦੇ ਪੋਤਰੇ ਨਾਲ ਮਿਲਵਾ ਦਿੱਤਾ ਜਾਵੇ। ਅਸੀਂ ਉਸ ਬੱਚੇ ਦੀ ਮਾਂ ਅਤੇ ਉਸਦੇ ਸੁਹਰਿਆਂ ਨੂੰ ਜੋਰ ਪਾ ਕੇ ਰਾਜ਼ੀ ਕਰ ਲਿਆ।

ਹੁਣ ਹਰ ਦੋ ਮਹੀਨੇ ਬਾਅਦ ਬਜ਼ੁਰਗ ਜੋੜਾ ਦਿੱਤੇ ਹੋਏ ਸਮੇਂ ਤੋਂ ਪਹਿਲਾਂ ਹੀ ਦਫਤਰ ਆ ਜਾਂਦੈ ਅਤੇ ਆਪਣੇ ਪੋਤਰੇ ਦਾ ਇੰਤਜ਼ਾਰ ਕਰਦਾ ਮੁੜ ਮੁੜ ਦਰਵਾਜ਼ੇ ਵੱਲ ਤੱਕਦੈ। ਪੋਤਰੇ ਨੂੰ ਵੇਖ ਕੇ ਜਿਹੜੀ ਵੈਰਾਗ ਭਰੀ ਖੁਸ਼ੀ ਉਹਨਾਂ ਦੇ ਚਿਹਰਿਆਂ ਤੇ ਝਲਕਦੀ ਹੈ ਉਹ ਬਿਆਨ ਕਰਨੀ ਔਖੀ ਹੈ। ਇਹਨਾਂ ਭਾਵਕ ਪਲਾਂ ਦਾ ਗਵਾਹ ਬਣਿਆ ਮੈਂ ਸੋਚਦਾਂ ਕਿ ਹਾਲਾਤ ਅਤੇ ਲੇਖ ਕਿੰਨੇ ਜੋਰਾਵਰ ਹੁੰਦੇ ਨੇ। ਕੁਝ ਗਲਤੀਆਂ ਕਰਕੇ ਕਿਵੇਂ ਹੱਸਦੇ ਵੱਸਦੇ ਘਰ ਤਬਾਹ ਹੋ ਜਾਂਦੇ ਨੇ ਤੇ ਭੁਗਤਣਾ ਬਜ਼ੁਰਗਾਂ ਨੂੰ ਪੈਂਦਾ ਹੈ।।


Viewing all articles
Browse latest Browse all 725

Latest Images

Trending Articles



Latest Images