ਭਾਈ ਲਾਲੋ ਜੀਂ ਅਣਵੰਡੇ ਪੰਜਾਬ ਦੇ ਪਿੰਡ ਸੈਦਪੁਰ, ਐਮਨਾਬਾਦ ਜਿਲਾ ਗੁਜਰਾਂਵਾਲਾ (ਪਾਕਿਸਤਾਨ)ਦੇ ਰਹਿਣ ਵਾਲੇ ਸਨ। ਆਪ ਦਾ ਜਨਮ 1452 ਈਸਵੀ ਨੂੰ ਪਿਤਾ ਸ੍ਰੀ ਜਗਤ ਰਾਮ ਦੇ ਘਰ ਮਾਤਾ ਖੇਮੋ ਦੀ ਕੁੱਖੋਂ ਹੋਇਆ। ਜਨਮ ਤਾਰੀਖ ਬਹੁਤੇ ਸਰੋਤਾਂ ਵਿਚ ਨਹੀਂ ਮਿਲਦੀ। ਪਰ ਫੇਰ ਵੀ 11 ਅੱਸੂ ਨੂੰ ਆਪ ਜੀ ਦਾ ਜਨਮ ਹੋਇਆ ਮੰਨਿਆ ਜਾਂਦਾ ਹੈ ,ਜੋ ਇਸ ਸਾਲ 3 ਸਤੰਬਰ ਨੂੰ ਆ ਰਿਹਾ ਹੈ। ਸੰਤਾਨ ਪੱਖੋਂ ਆਪ ਜੀ ਦੇ ਇੱਕ ਪੁੱਤਰੀ ਬੀਬੀ ਰੱਜੀ ਦਾ ਜਿਕਰ ਮਿਲਦਾ ਹੈ ਜਿਸ ਦੀ ਔਲਾਦ ਪਿੰਡ ਤਤਲਾ ਜਿਲਾ ਗੁਜਰਾਂਵਾਲਾ (ਪਾਕਿਸਤਾਨ) ਵਿੱਚ ਵੱਸਦੀ ਹੈ। ਭਾਈ ਲਾਲੋ ਜੀਂ ਰਾਮਗੜ੍ਹੀਆ ਬਿਰਾਦਰੀ ਵਿਚੋਂ ਹੋਣ ਕਰਕੇ ਤਰਖਾਣਾ ਕੰਮ ਕਰਦੇ ਸਨ। ਆਪ ਸ਼ਾਂਤ ਸੁਭਾਅ ਦੇ, ਪਰਮਾਤਮਾ ਤੋਂ ਡਰਨ ਵਾਲੇ, ਇਮਾਨਦਾਰੀ ਦੀ ਕਿਰਤ ਕਰਨ ਵਾਲੇ, ਸਾਧੂ ਸੰਤਾਂ ਦਾ ਸਤਿਕਾਰ ਕਰਨ ਵਾਲੇ ਅਤੇ ਸੰਤੋਖੀ ਬਿਰਤੀ ਦੇ ਸਨ । ਉਹ ਆਪਣੇ ਤਰਖਾਣਾ ਕੰਮ ਦੇ ਨਾਲ ਨਾਲ ਹਕੀਮੀ ਵੀ ਕਰਦੇ ਸਨ ਪਰ ਇਹ ਉਹ ਸਿਰਫ ਸੇਵਾ ਭਾਵ ਨਾਲ ਹੀ ਕਰਦੇ ਸਨ। ਕਿਸੇ ਤੋਂ ਵੀ ਦਵਾਈ ਬੂਟੀ ਦੇ ਕੇ ਉਸਦੇ ਇਵਜ਼ ਵਿੱਚ ਕੁਝ ਨਹੀਂ ਸੀ ਲੈਂਦੇ। ਪਿੰਡ ਵਿੱਚ ਹਰੇਕ ਦਾ ਉਹ ਸਤਿਕਾਰ ਕਰਦੇ ਸਨ, ਲੋੜਵੰਦਾਂ ਦੀ ਮੱਦਦ ਕਰਦੇ ਸਨ ਅਤੇ ਇੱਕ ਮਿਹਨਤੀ ਅਤੇ ਇਮਾਨਦਾਰ ਇਨਸਾਨ ਵਜੋਂ ਪਿੰਡ ਵਿੱਚ ਉਹਨਾਂ ਦੀ ਕਾਫੀ ਇੱਜਤ ਸੀ।
ਸੰਸਾਰ ਜੇ ਅੱਜ ਭਾਈ ਲਾਲੋ ਜੀਂ ਦਾ ਨਾਮ ਜਾਣਦਾ ਹੈ ਤਾਂ ਸਿਰਫ ਗੁਰੂ ਨਾਨਕ ਦੇਵ ਜੀ ਕਰਕੇ। ਗੁਰੂ ਨਾਨਕ ਜੀ ਭਾਈ ਲਾਲੋ ਕੋਲ ਜ਼ਾ ਕੇ ਰੁਕੇ ਵੀ ਸਨ ਅਤੇ ਉਹਨਾਂ ਨੇ ਭਾਈ ਲਾਲੋ ਦੀ ਕਿਰਤ ਦਾ ਪੂਰਾ ਸਤਿਕਾਰ ਕੀਤਾ। ਪ੍ਰੋ. ਸਾਹਿਬ ਸਿੰਘ ਜੀ ਅਨੁਸਾਰ ਗੁਰੂ ਨਾਨਕ ਜੀ ਆਪਣੀ ਪਹਿਲੀ ਉਦਾਸੀ ਸੁਲਤਾਨਪੁਰ ਲੋਧੀ ਤੋਂ 1507 ਈਸਵੀ ਵਿੱਚ ਪੂਰਬ ਵੱਲ ਆਰੰਭ ਕੀਤੀ ਸੀ। ਰਬਾਬੀ ਭਾਈ ਮਰਦਾਨਾ ਉਹਨਾਂ ਦੇ ਨਾਲ ਸੀ । ਇਸ ਯਾਤਰਾ ਦੌਰਾਨ ਆਪ ਜੀ ਨੇ ਪ੍ਰਸਿੱਧ ਹਿੰਦੂ ਤੀਰਥਾਂ ਹਰਿਦੁਆਰ, ਗੋਰਖ ਮਤਾ, ਅਯੁੱਧਿਆ, ਪ੍ਰਯਾਗ,ਬਨਾਰਸ, ਜਗਣਨਾਥਪੁਰੀ, ਮਦੁਰਾਈ, ਰਮੇਸ਼੍ਵਰਮ, ਸੋਮਨਾਥ ਦਵਾਰਿਕਾ, ਪੁਸ਼ਕਰ ਮਥਰਾ ਬਿੰਦਰਾਬਨ ਅਤੇ ਕੁਰੂਕਸ਼ੇਤਰ ਤੋਂ ਇਲਾਵਾ ਸਿੰਗਲਦੀਪ ,ਸਿੱਕਮ ,ਅਸਾਮ, ਬੰਗਾਲ ਉੜੀਸਾ ਦਰਾਵੜ ਦੇਸ਼ ਬੰਬਈ ਔਰੰਗਾਬਾਦ ਉਜੈਨ ਕੱਛ ਅਜਮੇਰ ਆਦਿ ਸਥਾਨਾਂ ਦੀ ਯਾਤਰਾ ਕੀਤੀ ।
ਬਾਬਰ ਨੇ 1520 ਈਸਵੀ ਵਿੱਚ ਭਾਰਤ ਤੇ ਪਹਿਲਾ ਹਮਲਾ ਕੀਤਾ ।ਜਿਸ ਵਿਚ ਭੇਰਾ, ਸਿਆਲਕੋਟ ਅਤੇ ਸੈਦਪੁਰ ਤੇ ਹਮਲਾ ਕਰਕੇ ਇਹ ਕਬਜੇ ਵਿੱਚ ਲੈ ਲਏ ਸਨ। ਪ੍ਰਿੰ. ਸਤਿਬੀਰ ਸਿੰਘ ਜੀ ਆਪਣੀ ਪੁਸਤਕ ਬਲਿਓ ਚਿਰਾਗ ਵਿੱਚ ਲਿਖਦੇ ਹਨ ਕਿ ਗੁਰੂ ਨਾਨਕ ਜੀ ਜਦੋਂ ਸੈਦਪੁਰ ਆਏ ਤਾਂ ਆਪਣਾ ਡੇਰਾ ਪਿੰਡ ਤੋਂ ਬਾਹਰ ਲਗਾਇਆ। ਇਹ ਧਰਤੀ ਰੋੜ੍ਹਾਂ ਵਾਲੀ ਸੀ ਜੋ ਗੁਰੂ ਜੀ ਦੇ ਆਉਣ ਕਾਰਨ ਪੂਜਣਯੋਗ ਬਣ ਗਈ ਸੀ। ਭਾਈ ਲਾਲੋ ਗੁਰੂ ਨਾਨਕ ਜੀ ਦੀ ਮਿਕਨਾਤੀਸੀ ਸ਼ਖਸ਼ੀਅਤ ਦਾ ਬੱਧਾ ਖਿੱਚਿਆ ਗਿਆ। ਜਿਕਰ ਹੈ ਕਿ ਜਦੋ ਗੁਰੂ ਨਾਨਕ ਸਾਹਿਬ ਭਾਈ ਲਾਲੋ ਦੇ ਘਰ ਗਏ ਉਹ ਕਿਲੇ ਘੜ ਰਿਹਾ ਸੀ। ਬਾਬੇ ਕਿਹਾ, “ਕਿਲੇ ਹੀ ਘੜੀ ਜਾਏਂਗਾ ਜਾਂ ਮਨ ਨੂੰ ਵੀ ਘੜ੍ਹੇਗਾ ?? ਭਾਈ ਲਾਲੋ ਨੂੰ ਗੱਲ ਸਮਝ ਆ ਗਈ। ਉਹਨਾਂ ਸੰਗਤ ਕੀਤੀ ਅਤੇ ਸ਼ਬਦ ਜਾਪ ਨਾਲ ਆਪਣੇ ਮਨ ਦੀ ਘਾੜਤ ਘੜਨੀ ਆਰੰਭ ਕੀਤੀ।
ਉਸ ਸਮੇਂ ਜਾਤ ਪਾਤ ਅਤੇ ਛੂਤ ਛਾਤ ਦਾ ਬੋਲ ਬਾਲਾ ਹੈ ਸੀ। ਇਸੇ ਲਈ ਭਾਈ ਲਾਲੋ ਜੀਂ ਨੇ ਗੁਰੂ ਨਾਨਕ ਜੀ ਨੂੰ ਖਾਣਾ ਪੂਰੀ ਸ਼ੁੱਧਤਾ ਅਤੇ ਸੁੱਚਮ ਨਾਲ ਤਿਆਰ ਕਰਵਾਇਆ। ਉਪਰੰਤ ਗੁਰੂ ਸਾਹਿਬ ਨੂੰ ਕਿਹਾ ,”ਚੌਂਕੇ ਵਿੱਚ ਚੱਲੋ ਅਤੇ ਭੋਜਨ ਪਾਓ। ” ਕਿਉਂਕਿ ਚੌਂਕਾ ਵੀ ਪੂਰਾ ਸੁੱਚਾ ਕੀਤਾ ਗਿਆ ਸੀ। ਗੁਰੂ ਨਾਨਕ ਬੋਲੇ ,”ਲਾਲੋ ! ਸਾਰੀ ਧਰਤੀ ਹੀ ਚੌਂਕਾ ਹੈ। ਸੱਚ ਵਿੱਚ ਰੱਤਿਆਂ ਸਾਰੀ ਸੁੱਚ ਹੋ ਜਾਂਦੀ ਹੈ। ਤੂੰ ਭੋਜਨ ਇੱਥੇ ਹੀ ਲੈ ਆ।” ਇਸ ਤਰਾਂ ਗੁਰੂ ਬਾਬੇ ਨੇ ਆਪਣਾ ਸਿਧਾਂਤ ਦ੍ਰਿੜ੍ਹ ਕਰਵਾਇਆ।