Quantcast
Viewing all 717 articles
Browse latest View live

ਕੁਮਾਰ ਸਵਾਮੀ ਲੋਕਾਂ ਨਾਲ ਠੱਗੀ ਕਿਵੇਂ ਮਾਰਦਾ ਸੀ?

ਚੁਹਾਨਕੇ ਕਲਾਂ ਜ਼ਿਲ੍ਹਾ ਬਰਨਾਲਾ ਦਾ ਇੱਕ ਛੋਟਾ ਜਿਹਾ ਪਿੰਡ ਹੈ। ਉਥੋਂ ਦਾ ਵਸਨੀਕ ਚਰਨਜੀਤ ਮੇਰੇ ਕੋਲ ਆਇਆ ਤੇ ਕਹਿਣ ਲੱਗਿਆ, ‘‘ਮਿੱਤਰ ਸਾਹਿਬ!  ਸਾਡੇ ਪ੍ਰੀਵਾਰ ਵਿੱਚ ਇੱਕ ਸਦੀਆਂ ਪੁਰਾਣਾ ਦਿਮਾਗ਼ੀ ਨੁਕਸ਼ ਹੈ। ਇਹ ਬੀਮਾਰੀ ਸਾਡੀ ਪੀੜ੍ਹੀ ਦਰ ਪੀੜ੍ਹੀ ਚਲਦੀ ਰਹਿੰਦੀ ਹੈ। ਜਦੋਂ ਸਾਡਾ ਕੋਈ ਬੱਚਾ 7-8 ਸਾਲ ਦਾ ਹੋਣ ਲੱਗਦਾ ਹੈ ਤਾਂ ਉਸਦੇ ਪੈਰ ਲੜ ਖੜਾਉਣੇ ਸ਼ੁਰੂ ਕਰ ਦਿੰਦੇ ਹਨ। ਜਿਉਂ-ਜਿਉਂ ਉਹ ਵੱਡਾ ਹੁੰਦਾ ਜਾਂਦਾ ਹੈ ਉਸਦਾ ਰੋਗ ਵੀ ਵਧਦਾ ਜਾਂਦਾ ਹੈ। ਹੌਲੀ-ਹੌਲੀ ਉਸਨੂੰ ਲੱਤਾਂ ਤੇ ਪੈਰਾਂ ਦਾ ਅਧਰੰਗ ਹੋ ਜਾਂਦਾ ਹੈ। ਅੱਜ ਵੀ ਸਾਡੇ ਪ੍ਰੀਵਾਰ ਵਿੱਚ ਅਸੀਂ ਇਸ ਬੀਮਾਰੀ ਦੇ ਤਿੰਨ ਮਰੀਜ਼ ਹਾਂ। ਦਿੱਲੀ ਦੇ ਵੱਡੇ ਤੋਂ ਵੱਡੇ ਹਸਪਤਾਲਾਂ ਤੋਂ ਅਸੀਂ ਇਲਾਜ ਕਰਵਾ ਚੁੱਕੇ ਹਾਂ। ਪਰ ਸਾਡੀ ਇਹ ਅਨੁਵੰਸ਼ਿਕ ਬੀਮਾਰੀ ਅੱਜ ਤੱਕ ਕਿਸੇ ਤੋਂ ਵੀ ਠੀਕ ਨਹੀਂ ਹੋਈ। ਮੈਂ ਸੁਣਿਆ ਹੈ ਕਿ ਤਰਕਸ਼ੀਲ ਸੁਸਾਇਟੀ ਨੇ ਕੁਮਾਰ ਸਵਾਮੀ ਦੇ ਲਾ-ਇਲਾਜ ਰੋਗਾਂ ਦੇ ਠੀਕ ਕਰਨ ਦੇ ਦਾਅਵੇ ਲਈ ਦਸ ਮਰੀਜ਼ ਅਧਰੰਗ ਦੇ ਪੇਸ਼ ਕਰਨੇ ਹਨ। ਜੇ ਅਜਿਹਾ ਹੋਵੇ ਤਾਂ ਸਾਡੇ ਪ੍ਰੀਵਾਰ ਦੇ ਤਿੰਨੇ ਮਰੀਜ਼ਾਂ ਨੂੰ ਉਸ ਲਿਸਟ ਵਿੱਚ ਜ਼ਰੂਰ ਪਾ ਦੇਣਾ।’’ ਮੈਂ ਚਰਨਜੀਤ ਨੂੰ ਕਿਹਾ ਕਿ ‘‘ਚਰਨਜੀਤ! ਕੁਮਾਰ ਸਵਾਮੀ ਦੇ ਖ਼ੁਦ ਐਨਕਾਂ ਲੱਗੀਆਂ ਹੋਈਆਂ ਹਨ। ਉਸ ਦੁਆਰਾ ਸਟੇਜ ਤੇ ਬਿਠਾਏ ਗਏ ਬਰਨਾਲੇ ਦੇ ਤਿੰਨੇ ਡਾਕਟਰਾਂ ਦੀ ਵੀ ਨਿਗ੍ਹਾ ਕਮਜ਼ੋਰ ਹੈ। ਜੇ ਕੁਮਾਰ ਸਵਾਮੀ ਆਪਣੀਆਂ ਤੇ ਆਪਣੇ ਵਿਸ਼ੇਸ਼ ਮਹਿਮਾਨਾਂ ਦੀਆਂ ਬੀਜ ਮੰਤਰਾਂ ਰਾਹੀਂ ਐਨਕਾਂ ਨਹੀਂ ਉਤਰਵਾ ਸਕਦਾ ਤਾਂ ਇਹ ਤੁਹਾਡੇ ਪ੍ਰੀਵਾਰ ਨੂੰ ਕਿਵੇਂ ਠੀਕ ਕਰ ਸਕਦਾ ਹੈ?” ਮੇਰੇ ਇਸ ਜੁਆਬ ਤੇ ਚਰਨਜੀਤ ਤਾਂ ਚਲਿਆ ਗਿਆ ਪਰ ਮੇਰੇ ਮਨ ਵਿਚ ਕੁਝ ਸ਼ੰਕੇ ਜ਼ਰੂਰ ਖੜ੍ਹੇ ਕਰ ਗਿਆ।’’

ਡਾਕਟਰ ਅੰਧਵਿਸ਼ਵਾਸੀ ਕਿਉਂ ਹੋ ਜਾਂਦੇ ਹਨ?

ਡਾਕਟਰਾਂ ਵੱਲੋਂ ਅੰਧ ਵਿਸ਼ਵਾਸਾਂ ਦਾ ਪ੍ਰਚਾਰ ਕਰਨਾ ਡਾਕਟਰੀ ਕਿੱਤੇ ਦੀ ਲੋੜ ਹੁੰਦੀ ਹੈ। ਕਿਉਂਕਿ ਜਿੱਥੇ ਕਿਤੇ ਉਨ੍ਹਾਂ ਦੀ ਯੋਗਤਾ ਨਾਕਾਮ ਹੋ ਜਾਂਦੀ ਹੈ ਤਾਂ ਉਥੇ ਹੀ ਉਹ ਕਹਿ ਛੱਡਦੇ ਹਨ ਕਿ ‘‘ਕਰਨ ਵਾਲਾ ਤਾਂ ਉਹ ਹੈ ਮਨੁੱਖ ਦੇ ਹੱਥ ਵੱਸ ਤਾਂ ਕੁਝ ਵੀ ਨਹੀਂ’’” ਜੇ ਉਹ ਅਜਿਹਾ ਨਾ ਕਹਿਣ ਤਾਂ ਲੋਕਾਂ ਨੇ ਡਾਂਗਾਂ ਕੱਢ ਲੈਣੀਆਂ ਨੇ। ਉਂਝ ਵੀ ਬਹੁਤ ਸਾਰੇ ਵਿਅਕਤੀ ਡਾਕਟਰੀ ਕਿੱਤੇ ਵਿੱਚ ਅਜਿਹੇ ਆ ਵੜਦੇ ਹਨ ਜਿਨ੍ਹਾਂ ਨੇ ਆਪਣੀ ਪੜ੍ਹਾਈ ਨੂੰ ਨਿੱਜੀ ਜ਼ਿੰਦਗੀ ਨਾਲ ਨਹੀਂ ਜੋੜਿਆ ਹੁੰਦਾ। ਅਜਿਹੇ ਵਿਅਕਤੀਆਂ ਦੀ ਸੋਚ ਵਿਗਿਆਨਕ ਨਹੀਂ ਹੁੰਦੀ। ਉਹ ਹਰੇਕ ਘਟਨਾ ਦਾ ਕਾਰਨ ਨਾਲ ਸਬੰਧ ਜੋੜਨਾ ਨਹੀਂ ਜਾਣਦੇ। ਕਈ ਵਾਰੀ ਅਜਿਹੇ ਵਿਅਕਤੀ ਆਪਣੀ ਸੰਸਥਾ ਦੇ ਵਿਰੋਧ ਵਿਚ ਵੀ ਭੁਗਤ ਜਾਂਦੇ ਹਨ। ਭਾਰਤ ਦੀ ਮੈਡੀਕਲ ਐਸੋਸੀਏਸ਼ਨ ਨੀਮ ਹਕੀਮਾਂ ਦੁਆਰਾ ਛਾਪੇ ਇਸ਼ਤਿਹਾਰਾਂ ਦਾ ਵਿਰੋਧ ਕਰਦੀ ਹੈ, ਪਰ ਉਹ ਜਾਣੇ ਜਾਂ ਅਣਜਾਣੇ ਇਸ਼ਤਿਹਾਰ ਛਾਪਣ ਵਾਲਿਆਂ ਦੇ ਹੱਕ ਵਿਚ ਹੀ ਜਾ ਖੜ੍ਹਦੇ ਹਨ। ਅਫ਼ਸੋਸ ਉ¤ਥੇ ਇਸ ਤੋਂ ਵੀ ਵੱਧ ਹੁੰਦਾ ਹੈ, ਜਿੱਥੇ ਸੂਬੇ ਦਾ ਸਾਬਕਾ ਸਿਹਤ ਮੰਤਰੀ ਅਜਿਹੇ ਬਾਬਿਆਂ ਦੇ ਹੱਕ ਵਿਚ ਪ੍ਰਚਾਰ ਕਰਨਾ ਸ਼ੁਰੂ ਕਰ ਦਿੰਦਾ ਹੈ। ਹੁਣ ਤੁਸੀਂ ਹੀ ਸੋਚੋ ਅਜਿਹੇ ਸਿਹਤ ਮੰਤਰੀ ਦੀ ਅਗਵਾਈ ਵਿਚ ਕੰਮ ਕਰਨ ਵਾਲਾ ਸਿਹਤ ਮੰਤਰਾਲਾ ਕਿਵੇਂ ਲੋਕਾਂ ਦੀ ਸਿਹਤ ਦਾ ਖ਼ਿਆਲ ਰੱਖੇਗਾ?

ਕੀ ਬੀਜ ਮੰਤਰਾਂ ਨਾਲ ਇਲਾਜ ਸੰਭਵ ਹੈ?

ਨਿੱਕੇ ਹੁੰਦੇ ਪਿੰਡ ਵਿੱਚ ਰਹਿੰਦਿਆਂ ਵੇਖਿਆ ਕਿ ਜਦੋਂ ਮੇਰੀ ਮਾਂ ਦੀ ਮੱਝ ਨਹੀਂ ਸੀ ਮਿਲਦੀ ਤਾਂ ਉਹ ਗੁੜ ਦੀ ਰੋੜੀ ਦੇ ਕੇ ਕਿਸੇ ਸਿਆਣੇ ਤੋਂ ਉਸ ਤੇ ਬੀਜ ਮੰਤਰ ਫੁਕਵਾ ਕੇ ਲਿਆਉਣ ਲਈ ਕਹਿ ਦਿੰਦੀ ਸੀ। ਦੋ ਚਾਰ ਵਾਰ ਤਾਂ ਮੈਂ ਇਹ ਮੰਤਰ ਫੁਕਵਾ ਕੇ ਲੈ ਆਇਆ ਤੇ ਗੁੜ ਖਾ ਕੇ ਮੱਝ ਮਿਲ ਵੀ ਪੈਂਦੀ ਸੀ। ਇੱਕ ਵਾਰ ਉਹ ਸਿਆਣਾ ਘਰ ਨਾ ਮਿਲਿਆ ਤਾਂ ਮੈਂ ਮਾਂ ਨੂੰ ਝੂਠ ਹੀ ਕਹਿ ਦਿੱਤਾ ‘‘ਗੁੜ ਕਰਵਾ ਲਿਆਇਆ ਹਾਂ ਤੇ ਮੱਝ ਫਿਰ ਵੀ ਮਿਲ ਪਈ। ਇਸ ਤਰ੍ਹਾਂ 25 ਕੁ ਵਰ੍ਹੇ ਪਹਿਲਾਂ ਟੈਲੀਵਿਯਨ ਤੇ ਸੀਰੀਅਲ ‘ਰਮਾਇਣ’ ਦੇ ਪਾਤਰਾਂ ਨੂੰ ਵੇਖਦੇ ਸਾਂ ਕਿ ਕਿਵੇਂ ਉਹ ਤੀਰ ਛੱਡਣ ਤੋਂ ਪਹਿਲਾਂ ਮੂੰਹ ਵਿੱਚ ਮੰਤਰ ਪੜ੍ਹਦੇ ਸਨ। ਸੋ ਅਜਿਹੀਆਂ ਘਟਨਾਵਾਂ ਹਰੇਕ ਵਿਅਕਤੀ ਦੀ ਜ਼ਿੰਦਗੀ ਵਿਚ ਵਾਪਰਦੀਆਂ ਹਨ। ਸਬਕ ਤੇ ਸੁਆਲ ਅਜਿਹੀਆਂ ਘਟਨਾਵਾਂ ਵਿੱਚ ਹੀ ਪਏ ਹੁੰਦੇ ਹਨ। ਤਰਕਸ਼ੀਲ ਲਹਿਰ ਦੇ ਚੌਂਤੀ ਵਰ੍ਹਿਆਂ ਦੌਰਾਨ ਮੈਂ ਬਹੁਤ ਸਾਰੇ ਵਿਅਕਤੀਆਂ ਨੂੰ ਟੂਣਿਆਂ ਰਾਹੀਂ ਬੀਮਾਰ ਅਤੇ ਹਥੌਲਿਆਂ ਜਾਂ ਮੰਤਰਾਂ ਰਾਹੀਂ ਠੀਕ ਹੁੰਦੇ ਵੀ ਤੱਕਿਆ ਹੈ। ਇਸ ਲਈ ਮੈਂ ਇਹ ਨਹੀਂ ਕਹਿ ਸਕਦਾ ਕਿ ਬੀਜ ਮੰਤਰਾਂ ਦਾ ਮਨੁੱਖੀ ਮਨਾਂ ਉ¤ਪਰ ਬਿਲਕੁੱਲ ਵੀ ਪ੍ਰਭਾਵ ਨਹੀਂ ਹੁੰਦਾ। ਇਹ ਜਾਣੀ ਪਹਿਚਾਣੀ ਸਚਾਈ ਹੈ ਕਿ ਮਨੁੱਖੀ ਮਨ ਪ੍ਰਭਾਵ ਕਬੂਲਦਾ ਹੈ। ਇਸ ਵਰਤਾਰੇ ਨੂੰ ਵਿਗਿਆਨਕ ਭਾਸ਼ਾ ਵਿੱਚ (6ੳਟਿਹ 8ੲੳਲਨਿਗ) ਕਿਹਾ ਜਾਂਦਾ ਹੈ।

ਸਰੀਰ ਵਿਚ ਬਹੁਤ ਸਾਰੀਆਂ ਬੀਮਾਰੀਆਂ ਅਜਿਹੀਆਂ ਹੁੰਦੀਆਂ ਹਨ ਜਿਹੜੀਆਂ ਕਿਸੇ ਬੈਕਟੀਰੀਆ ਜਾਂ ਵਾਇਰਸ ਕਾਰਨ ਪੈਦਾ ਹੁੰਦੀਆਂ ਹਨ। ਉਸ ਬੈਕਟੀਰੀਆ ਜਾਂ ਵਾਇਰਸ ਨੂੰ ਕੀ ਮੰਤਰਾਂ ਦੇ ਜਾਪ ਰਾਹੀਂ ਬਾਹਰ ਕੱਢਿਆ ਜਾ ਸਕਦਾ ਹੈ? ਇਹ ਅਸੰਭਵ ਹੈ। ਕੁਝ ਬੀਮਾਰੀਆਂ ਮਿਆਦੀ ਹੁੰਦੀਆਂ ਹਨ। ਆਪਣੀ ਮਿਆਦ ਪੁੱਗਣ ਤੇ ਉਹਨਾਂ ਬੀਮਾਰੀਆਂ ਨੇ ਖੁਦ-ਬ-ਖੁਦ ਠੀਕ ਹੋ ਹੀ ਜਾਣਾ ਹੁੰਦਾ ਹੈ ਕਿਉਂਕਿ ਇਸ ਸਮੇਂ ਦੌਰਾਨ ਸਰੀਰ ਦਾ ਇਮੂਅਨ ਸਿਸਟਮ ਮਜ਼ਬੂਤ ਹੋ ਜਾਂਦਾ ਹੈ। ਉਂਝ ਵੀ ਸਰੀਰ ਨੂੰ ਪੈਦਾ ਹੋਣ ਵਾਲੀਆਂ 99% ਬਿਮਾਰੀਆਂ ਵਿਚ ਮੌਤ ਹੋਣੀ ਹੀ ਨਹੀਂ ਹੁੰਦੀ। ਸਿਰਫ਼ ਇੱਕ ਪ੍ਰਤੀਸ਼ਤ ਬੀਮਾਰੀਆਂ ਹੀ ਮੌਤ ਦਾ ਕਾਰਨ ਬਣਦੀਆਂ ਹਨ। ਬਹੁਤ ਸਾਰੇ ਵਿਅਕਤੀ ਕਿਸੇ ਸੰਤ ਕੋਲ ਜਾਣ ਤੋਂ ਪਹਿਲਾਂ ਹੀ ਆਪਣਾ ਡਾਕਟਰੀ ਇਲਾਜ ਵੀ ਕਰਵਾ ਚੁੱਕੇ ਹੁੰਦੇ ਹਨ ਜਿਸ ਨਾਲ ਉਹਨਾਂ ਦੀ ਬੀਮਾਰੀ ਜੇ ਖ਼ਤਮ ਨਹੀਂ ਹੋਣੀ ਹੁੰਦੀ ਤਾਂ ਘਟ ਜ਼ਰੂਰ ਗਈ ਹੁੰਦੀ ਹੈ ਤੇ ਕੁਝ ਸਮਾਂ ਪਾ ਕੇ ਉਸਨੇ ਖ਼ਤਮ ਹੋ ਹੀ ਜਾਣਾ ਹੁੰਦਾ ਹੈ। ਸੋ ਕੁਮਾਰ ਸਵਾਮੀ ਜੀ ਨੇ ਲੋਕਾਂ ਦੀ ਉਪਰੋਕਤ ਮਾਨਸਿਕਤਾ ਨੂੰ ਸਮਝਿਆ ਹੈ ਅਤੇ ਆਪਣੇ ਧੰਦੇ ਦੀ ਉਸਾਰੀ ਇਸ ਉਪਰ ਕੀਤੀ ਹੈ।

ਇਸ ਤਰ੍ਹਾਂ ਬੁਣਿਆ ਜਾਂਦਾ ਹੈ ਜਾਲ

ਕੁਮਾਰ ਸਵਾਮੀ ਜੀ ਨੇ ਭਾਰਤ ਦੇ ਬਹੁਤ ਵੱਡੇ-ਵੱਡੇ ਸਿਆਸਤਦਾਨਾਂ ਦਾ ਆਸ਼ੀਰਵਾਦ ਹਾਸਲ ਕੀਤਾ ਹੋਇਆ ਹੈ। ਇਹਨਾਂ ਵਿਚ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ, ਮੈਂਬਰ ਪਾਰਲੀਮੈਂਟ ਅਤੇ ਸਾਬਕਾ ਰਾਸ਼ਟਰਪਤੀ ਸਭ ਸ਼ਾਮਿਲ ਹਨ। ਸਵਾਮੀ ਜੀ ਇਹਨਾਂ ਦੀਆਂ ਤਸਵੀਰਾਂ ਆਪਣੇ ਇਸ਼ਤਿਹਾਰਾਂ ਵਿਚ ਛਾਪ ਕੇ ਸਧਾਰਣ ਜਨਤਾ ਵਿਚ ਆਪਣੀ ਦਿੱਖ ਵੱਡੀ ਵੀ ਕਰਦੇ ਹਨ ਤੇ ਉਨ੍ਹਾਂ ਦੀ ਚਾਪਲੂਸੀ ਵੀ ਅਤੇ ਨਾਲ ਹੀ ਉਨ੍ਹਾਂ ਉਤੇ ਆਪਣੀ ਪਹੁੰਚ ਵਾਲੇ ਵਿਅਕਤੀਆਂ ਨਾਲ ਬਣਦੀ ਹੋਣ ਦਾ ਰੋਹਬ ਪਾਉਂਦੇ ਹਨ। ਸਮਾਗਮ ਦਾ ਸਮਾਂ ਅਤੇ ਸਥਾਨ ਨਿਸ਼ਚਿਤ ਕਰਕੇ ਕੁੱਝ ਅਖ਼ਬਾਰਾਂ ਵਿੱਚ ਦੋ-ਦੋ ਸਫਿਆਂ ਦੇ ਇਸ਼ਤਿਹਾਰ ਛਪਵਾਉਂਦੇ ਹਨ। ਸਵਾਮੀ ਜੀ ਨੂੰ ਇਸਦਾ ਦੂਹਰਾ ਫਾਇਦਾ ਹੁੰਦਾ ਹੈ। ਇੱਕ ਤਾਂ ਉਹਨਾਂ ਦੇ ਗਾਹਕਾਂ ਦੀ ਗਿਣਤੀ ਵਧ ਜਾਂਦੀ ਹੈ, ਦੂਸਰਾ ਉਹਨਾਂ ਦੀ ਨੁਕਤਾਚੀਨੀ ਕਰਨ ਵਾਲਿਆਂ ਦੀਆਂ ਖ਼ਬਰਾਂ ਵੀ ਨਹੀਂ ਛਪਦੀਆਂ। ਇਕੱਠ ਵਾਲੇ ਦਿਨ ਸਵਾਮੀ ਜੀ ਸਟੇਜ ਤੇ ਮੋਹਤਬਰ ਵਿਅਕਤੀਆਂ ਨੂੰ ਬਿਠਾ ਲੈਂਦੇ ਹਨ। ਠੀਕ ਹੋਣ ਦਾ ਦਾਅਵਾ ਕਰਨ ਵਾਲੇ ਵਿਅਕਤੀਆਂ ਨੂੰ ਇਸ ਦਿਨ ਵਿਸ਼ੇਸ਼ ਰੂਪ ਵਿੱਚ ਬੁਲਾਇਆ ਜਾਂਦਾ ਹੈ ਤੇ ਉਹਨਾਂ ਨੂੰ ਵਾਰ-ਵਾਰ ਕੈਮਰਿਆਂ ਤੇ ਜਨਤਾ ਸਾਹਮਣੇ ਪੇਸ਼ ਕੀਤਾ ਜਾਂਦਾ ਹੈ। ਜੇ ਕੋਈ ਇਹ ਕਹਿ ਦੇਵੇ ਕਿ ‘‘ਮੇਰੇ ਅਠੱਤੀ ਹਜ਼ਾਰ ਰੁਪਏ ਖਰਚ ਹੋ ਚੁੱਕੇ ਹਨ ਮੈਂ ਹੁਣ ਤੱਕ ਠੀਕ ਨਹੀਂ ਹੋਇਆ।’’” ਅਜਿਹੇ ਵਿਅਕਤੀਆਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ। ਸਵਾਮੀ ਜੀ ਦੇ ਅਮਲੇ ਫੈਲੇ ਵਿੱਚ ਸੈਂਕੜੇ ਤਨਖਾਹਦਾਰ ਵਿਅਕਤੀ ਸ਼ਾਮਿਲ ਹੁੰਦੇ ਹਨ। ਇਨ੍ਹਾਂ ਵਿਚ 20-25 ਉਹਨਾਂ ਦੇ ਸਕਿਊਰਟੀਗਾਰਡ, ਐਨੇ ਹੀ ਸਟਾਲਾਂ ਲਾਉਣ ਵਾਲੇ, ਪਰਚੀਆਂ ਕੱਟਣ ਵਾਲੇ ਤੇ ਹੋਰ ਪ੍ਰਬੰਧਕ ਹੁੰਦੇ ਹਨ। ਸਭ ਆਪਣੀਆਂ-ਆਪਣੀਆਂ ਡਿਉਟੀਆਂ ਤੇ ਬਿਰਾਜਮਾਨ ਹੋ ਜਾਂਦੇ ਹਨ।

ਇਸ ਤੋਂ ਬਾਅਦ ਬੀਮਾਰੀਆਂ ਦੇ ਮਰੀਜ਼ਾਂ ਦੀਆਂ ਪਰਚੀਆਂ ਕੱਟਣ ਦਾ ਸਿਲਸਿਲਾ ਸ਼ੁਰੂ ਕੀਤਾ ਜਾਂਦਾ ਹੈ। ਗਿਆਰਾਂ ਸੌ, ਇਕੱਤੀ ਸੌ, ਇਕਵੰਜਾ ਸੌ ਅਤੇ ਗਿਆਰਾਂ ਹਜ਼ਾਰ ਦੀਆਂ ਪਰਚੀਆਂ ਤੁਰੰਤ ਕੱਟ ਦਿੱਤੀਆਂ ਜਾਂਦੀਆਂ ਹਨ ਤੇ ਪਰਚੀਆਂ ਕੱਟਣ ਦਾ ਸਿਲਸਿਲਾ ਦੋ ਦਿਨ ਚਲਾਇਆ ਜਾਂਦਾ ਹੈ। ਇਸ ਤੋਂ ਬਾਅਦ ਮਰੀਜ਼ਾਂ ਨੂੰ ਅਗਲੇ ਦਿਨ ਕਿਸੇ ਮੈਰਿਜ ਪੈਲੇਸ ਵਿੱਚ ਆਉਣ ਲਈ ਧੂਫ, ਆਸਣ, ਮਾਲਾ ਆਦਿ ਸਮੱਗਰੀਆਂ ਬਾਹਰ ਲੱਗੀਆਂ ਆਪਣੀਆਂ ਹੀ ਸਟਾਲਾਂ ਤੋਂ ਖ੍ਰੀਦਣ ਲਈ ਹਦਾਇਤ ਕਰ ਦਿੱਤੀ ਜਾਂਦੀ ਹੈ। ਇੱਕ ਵਿਸ਼ੇਸ਼ ਕਿਸਮ ਦੀ ਲੱਕੜ ‘ਊਧ’ ਵੀ ਇੱਕ ਦੋ ਗ੍ਰਾਮ ਖ੍ਰੀਦਣ ਲਈ ਕਿਹਾ ਜਾਂਦਾ ਹੈ, ਜਿਸਦਾ ਮੁੱਲ ਤਿੰਨ ਲੱਖ ਪ੍ਰਤੀ ਕਿਲੋਗ੍ਰਾਮ ਹੁੰਦਾ ਹੈ। ਇਹ ਸਮੱਗਰੀ ਲੈ ਕੇ ਜਦੋਂ ਕੋਈ ਮਰੀਜ਼ ਅਗਲੇ ਦਿਨ ਦੇ ਇਕੱਠ ਵਿੱਚ ਪੁੱਜਦਾ ਹੈ ਤਾਂ ਉਸਨੂੰ ਕੁੱਝ ਮੰਤਰ ਪੜਵਾਏ ਜਾਂਦੇ ਹਨ ਤੇ ਨਾਲ ਹੀ ਦੋ ਚਾਰ ਹਜ਼ਾਰ ਰੁਪਏ ਦੀ ਦਵਾਈ ਮੜ੍ਹ ਦਿੱਤੀ ਜਾਂਦੀ ਹੈ। ਇਸ ਸਮੇਂ ਇੱਕੀ ਹਜ਼ਾਰ, ਇਕੱਤੀ ਹਜ਼ਾਰ ਜਾਂ ਹੋਰ ਵੱਡੀ ਰਾਸ਼ੀ ਨਾਲ ਪਾਠ ਕਰਨ ਦੇ ਪੈਸੇ ਵੀ ਸਵਾਮੀ ਜੀ ਲੈ ਲੈਂਦੇ ਹਨ। ਅੰਦਾਜ਼ੇ ਮੁਤਾਬਕ ਜੋ ਵੀ ਵਿਅਕਤੀ ਬਾਬਾ ਜੀ ਦੇ ਪਾਸ ਪੁੱਜ ਜਾਂਦਾ ਹੈ ਉਹ ਚਾਲੀ ਪੰਜਾਹ ਹਜ਼ਾਰ ਰੁਪਏ ਖਰਚ ਕੇ ਬਹੁਤੀਆਂ ਹਾਲਤਾਂ ਵਿਚ ਆਪਣੀ ਬੀਮਾਰੀ ਸਮੇਤ ਹੀ ਵਾਪਸ ਮੁੜ ਆਉਂਦਾ ਹੈ। ਇਸ ਤਰ੍ਹਾਂ ਬਰਨਾਲੇ ਦੇ ਇਕੱਲੇ ਸਮਾਗਮ ਵਿਚ ਹੀ ਹਜ਼ਾਰਾਂ ਅਜਿਹੇ ਵਿਅਕਤੀ ਸ਼ਾਮਿਲ ਸਨ ਜਿਨ੍ਹਾਂ ਨੇ ਕੁਮਾਰ ਸਵਾਮੀ ਤੋਂ ਦਵਾਈਆਂ ਤੇ ਪਾਠ ਮੁੱਲ ਖ੍ਰੀਦੇ।

ਡਰਾਓ ਤੇ ਲੁੱਟੋ  

ਕੁਮਾਰ ਸਵਾਮੀ ਜੀ ਆਪਣੇ ਧੰਦੇ ਵਿਚੋਂ ਵੱਧ ਤੋਂ ਵੱਧ ਪੈਸਾ ਕਮਾਉਣ ਲਈ ਮਰੀਜ਼ਾਂ ਨੂੰ ਬੀਮਾਰੀਆਂ ਦੀ ਭਿਆਨਕਤਾ ਦਾ ਡਰ ਵੀ ਉਹਨਾਂ ਦੇ ਮਨਾਂ ਵਿਚ ਬੈਠਾਉਂਦੇ ਹਨ। ਕਿਉਂਕਿ ਉਹ ਇਸ ਗੱਲ ਤੋਂ ਭਲੀ-ਭਾਂਤ ਜਾਣੂ ਹਨ ਕਿ ਜਿਨ੍ਹਾਂ ਵੱਧ ਕਿਸੇ ਮਰੀਜ਼ ਨੂੰ ਡਰਾਇਆ ਜਾਵੇਗਾ ਓਨਾ ਵੱਧ ਹੀ ਉਹ ਪੈਸੇ ਚੜ੍ਹਾਵੇਗਾ। ਮੈਂ ਸਮਝਦਾ ਹਾਂ ਕਿ ਪੰਜਾਬ ਵਿੱਚ ਹੀ ਉਸਨੇ ਬਹੁਤ ਸਾਰੀਆਂ ਥਾਵਾਂ ਤੇ ਸਮਾਗਮ ਕੀਤੇ ਹਨ। ਇਸ ਤਰ੍ਹਾਂ ਇਹਨਾਂ ਸਮਾਗਮਾਂ ਰਾਹੀਂ ਉਸਨੇ ਲੋਕਾਂ ਤੋਂ ਕਰੋੜਾਂ ਰੁਪਏ ਠੱਗ ਲਏ ਹਨ। ਉਹਨਾਂ ਦੇ ਮੰਤਰ ਪੜ੍ਹਨ ਜਾਂ ਦੱਸਣ ਜਾਂ ਪਾਠ ਕਰਨ ਕਰਕੇ ਐਨਾ ਪੈਸਾ ਮਰੀਜ਼ਾਂ ਤੋਂ ਵਸੂਲਣਾ ਕੀ ਜਾਇਜ਼ ਹੈ? ਜੋ ਠੀਕ ਨਹੀਂ ਹੋਏ ਉਹਨਾਂ ਦੇ ਪੈਸੇ ਰੱਖਣੇ ਤਾਂ ਕਿਸੇ ਪੱਖੋਂ ਵੀ ਠੀਕ ਨਹੀਂ। ਪੰਜਾਬ ਸਰਕਾਰ ਨੂੰ ਇਸ ਗੱਲ ਦੀ ਪੜਤਾਲ ਕਰਵਾਉਣੀ ਚਾਹੀਦੀ ਹੈ।

ਸਵਾਮੀ ਜੀ ਨੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਦੇ ਨਾਂ ਤੇ ਤਸਵੀਰ ਦੀ ਵਰਤੋਂ ਬੀਮਾਰ ਲੋਕਾਂ ਨੂੰ ਠੱਗਣ ਲਈ ਕੀਤੀ ਹੈ। ਇਸ ਗੱਲੋਂ ਮੈਨੂੰ ਆਪਣੇ ਲੋਕਾਂ ਦੀ ਸੋਚ ਤੇ ਵੀ ਅਫ਼ਸੋਸ ਹੁੰਦਾ ਹੈ ਕਿ ਉਹ ਅਜਿਹੇ ਸਿਆਸਤਦਾਨਾਂ ਦੇ ਹੱਥਾਂ ‘ਚ ਆਪਣੇ ਦੇਸ਼ ਦੀ ਵਾਗਡੋਰ ਸੰਭਾਲ ਦਿੰਦੇ ਹਨ, ਜਿਹੜੇ ਅਣਜਾਣਪੁਣੇ ਵਿਚ ਜਾਂ ਜਾਣਬੁੱਝ ਕੇ ‘ਖਾਲੀ ਹੈ’ ਦੀ ਦੁਹਾਈ ਪਾਏ ਜਾਣ ਵਾਲੇ ਖਜ਼ਾਨੇ ਦਾ ਮੂੰਹ ਅਜਿਹੇ ਜਨਤਕ ਠੱਗਾਂ ਲਈ ਖੋਲ੍ਹ ਦਿੰਦੇ ਹਨ, ਜਿਹੜੇ ਸ਼ਹਿਰ-ਸ਼ਹਿਰ ਜਾ ਕੇ ਲੋਕਾਂ ਨੂੰ ਆਪਣੀ ਚਲਾਕੀ ਨਾਲ ਠੱਗਣਾ ਸ਼ੁਰੂ ਕਰ ਦਿੰਦੇ ਹਨ। ਨਵਜੋਤ ਸਿੱਧੂ ਜੀ ਅੰਮ੍ਰਿਤਸਰ ਤੋਂ ਭਾਰਤੀ ਜਨਤਾ ਪਾਰਟੀ ਦੇ ਮੈਂਬਰ ਪਾਰਲੀਮੈਂਟ ਹਨ। ਉਨ੍ਹਾਂ ਨੇ ਆਪਣੇ ਪਾਰਲੀਮੈਂਟਰੀ ਕੋਟੇ ਵਿਚੋਂ ਸਵਾਮੀ ਜੀ ਨੂੰ ਪੰਜਾਹ ਲੱਖ ਰੁਪਏ ਦੇਣ ਦਾ ਵਾਅਦਾ ਕੀਤਾ ਹੋਇਆ ਹੈ। ਬਾਦਲ ਸਾਹਿਬ ਨੇ ਵੀ ਕੁਮਾਰ ਸਵਾਮੀ ਨੂੰ ਸਰਕਾਰੀ ਜ਼ਮੀਨ ਦੇਣ ਦੇ ਨਾਲ-ਨਾਲ ਹਰ ਕਿਸਮ ਦੀ ਸਹਾਇਤਾ ਦੇਣ ਦੀ ਬਚਨਬੱਧਤਾ ਦੁਹਰਾਈ ਹੈ। ਜੇ ਉਨ੍ਹਾਂ ਨੂੰ ਸਵਾਮੀ ਜੀ ਤੇ ਇੰਨਾ ਹੀ ਵਿਸ਼ਵਾਸ ਸੀ ਫਿਰ ਆਪਣਾ ਇਲਾਜ ਅਮਰੀਕਾ ਵਿਚ ਕਰਵਾਉਣ ਲਈ ਕਿਉਂ ਗਏ? ਇਨ੍ਹਾਂ ਸਾਰੀਆਂ ਗੱਲਾਂ ਦਾ ਜ਼ਿਕਰ ਸਵਾਮੀ ਜੀ ਦੇ ਇਸ਼ਤਿਹਾਰਾਂ ਵਿਚ ਦਰਜ ਹੈ। ਕੀ ਅਜਿਹੇ ਧੰਦੇਬਾਜਾਂ ਨੂੰ ਸਰਕਾਰੀ ਫੰਡਾਂ ਦੇ ਵੱਡੇ ਗੱਫੇ ਦੇਣਾ ਜਨਤਕ ਫੰਡਾਂ ਦਾ ਦੁਰਉਪਯੋਗ ਨਹੀਂ? ਇੱਕ ਪਾਸੇ ਸਰਕਾਰ ਵੱਲੋਂ ਅਣ-ਰਜਿ. ਮੈਡੀਕਲ ਪ੍ਰੈਕਟੀਸਨਰਾਂ ਦੇ ਕਲੀਨਿਕਾਂ ਤੇ ਲਗਾਤਾਰ ਪੰਜ-ਸੱਤ ਵਰ੍ਹਿਆਂ ਤੋਂ ਛਾਪੇ ਮਾਰੇ ਜਾ ਰਹੇ ਹਨ ਅਤੇ ਅਜਿਹੇ ਨੀਮ ਹਕੀਮਾਂ ਦੁਆਰਾ ਕੀਤੀ ਜਾਂਦੀ ਇਸ਼ਤਿਹਾਰਬਾਜ਼ੀ ਤੇ ਵੀ ਪੂਰਨ ਪਾਬੰਦੀ ਹੈ। ਪਰ ਦੂਸਰੇ ਪਾਸੇ ਸਰਕਾਰੀ ਛਤਰ-ਛਾਇਆ ਹੇਠ ਨੀਮ ਹਕੀਮੀ ਦਾ ਇਹ ਧੰਦਾ ਵੱਡੀ ਇਸ਼ਤਿਹਾਰਬਾਜ਼ੀ ਰਾਹੀਂ ਚਲਾਇਆ ਜਾ ਰਿਹਾ ਹੈ। ਕੀ ਪੰਜਾਬ ਸਰਕਾਰ ਦਾ ਇਹ ਦੂਹਰਾ ਮਿਆਰ ਨਹੀਂ?

ਬਾਬਾ ਜੀ ਦੇ ਦਾਅਵੇ

ਬਾਬਾ ਜੀ ਦਾਅਵੇ ਵੀ ਬਹੁਤ ਵੱਡੇ-ਵੱਡੇ ਕਰ ਰਹੇ ਹਨ। ਆਪਣੇ ਇਸ਼ਤਿਹਾਰਾਂ ਵਿਚ ਉਹ ਲਿਖਦੇ ਹਨ ਕਿ ਉਹ ਅਮਰੀਕਾ ਅਤੇ ਭਾਰਤ ਦੇ ਰਾਸ਼ਟਰਪਤੀਆਂ ਦੇ ਡਾਕਟਰ ਰਹੇ ਹਨ। ਮਨਮੋਹਨ ਸਿੰਘ ਵੀ ਉਸ ਦੇ ਬੀਜ ਮੰਤਰਾਂ ਦੁਆਰਾ ਭਾਰਤ ਦਾ ਦੂਸਰੀ ਵਾਰ ਪ੍ਰਧਾਨ ਮੰਤਰੀ ਬਣਿਆ ਹੈ। ਤਰਕਸ਼ੀਲ ਸੁਸਾਇਟੀ ਉਸ ਦੇ ਇਸ ਦਾਅਵੇ ਦੀ ਵੀ ਪੜਤਾਲ ਕਰ ਰਹੀ ਹੈ।

ਸਾਡੀ ਚੁਣੌਤੀ

ਸਵਾਮੀ ਜੀ ਦੀ ਕਰਾਮਾਤ ਤੇ ਜੇ ਕਿਸੇ ਨੂੰ ਜ਼ਿਆਦਾ ਵਿਸ਼ਵਾਸ ਹੋਵੇ ਤਾਂ ਉਹਨਾਂ ਨੂੰ ਗੂੰਗਿਆਂ, ਬਹਿਰਿਆਂ, ਅੰਨ੍ਹਿਆਂ ਦੇ ਸਕੂਲਾਂ ਵਿੱਚ ਜਾਂ ਅੰਮ੍ਰਿਤਸਰ ਦੇ ਪਾਗਲਖਾਨੇ ਵਿਚ ਲਿਜਾ ਕੇ ਪਰਖ ਕੀਤੀ ਜਾ ਸਕਦੀ ਹੈ। ਮੈਨੂੰ ਸੌ ਪ੍ਰਤੀਸ਼ਤ ਯਕੀਨ ਹੈ ਕਿ ਕੁਮਾਰ ਸਵਾਮੀ ਦੇ ਦਾਅਵੇ ਦਸ ਪ੍ਰਤੀਸ਼ਤ ਵੀ ਸਹੀ ਨਹੀਂ ਹੋਣਗੇ।

ਅੰਤ ਵਿਚ ਮੈਂ ਤਰਕਸ਼ੀਲ ਸੁਸਾਇਟੀ (ਰਜਿ.) ਵੱਲੋਂ ਬਾਬਾ ਜੀ ਨੂੰ ਇਹ ਪੇਸ਼ਕਸ਼ ਦੁਹਰਾਉਂਦਾ ਹਾਂ ਕਿ ਉਹ ਸਾਡੇ ਦੁਆਰਾ ਦਿੱਤੇ ਪੋਲੀਓ, ਅਧਰੰਗ ਅਤੇ ਸ਼ੂਗਰ ਦੇ ਦਸ-ਦਸ ਮਰੀਜ਼ ਇੱਕ ਮਹੀਨੇ ਦੇ ਅੰਦਰ-ਅੰਦਰ ਆਪਣੇ ਬੀਜ ਮੰਤਰਾਂ ਦੀ ਸ਼ਕਤੀ ਨਾਲ ਠੀਕ ਕਰ ਦੇਣ, ਤਾਂ ਸੁਸਾਇਟੀ ਬਾਬਾ ਜੀ ਨੂੰ ਇੱਕ ਕਰੋੜ ਰੁਪਏ ਦਾ ਇਨਾਮ ਦੇਣ ਲਈ ਬਚਨਬੱਧ ਹੋਵੇਗੀ। ਇਸ ਵਿਚ 10% ਅਸਫ਼ਲਤਾ ਵੀ ਮੁਆਫ਼ ਹੋਵੇਗੀ ਪਰ ਇਸ ਸਭ ਲਈ ਦੋਹਾਂ ਧਿਰਾਂ ਵਿਚ ਇੱਕ ਲਿਖਤੀ ਇਕਰਾਰਨਾਮਾ ਕਰਨਾ ਹੋਵੇਗਾ ਅਤੇ ਬਾਬਾ ਜੀ ਇਹ ਦੱਸਣਗੇ ਕਿ ਅਸਫ਼ਲ ਰਹਿਣ ਦੀ ਹਾਲਤ ਵਿਚ ਉਹ ਕੀ ਸਜ਼ਾ ਕਬੂਲਣਗੇ?


ਆਮ ਆਦਮੀ ਪਾਰਟੀ ਭਾਫ ਬਣਕੇ ਉਡਣ ਲੱਗੀ

ਗਾਂਧੀਵਾਦੀ ਸਮਾਜ ਸੇਵਕ ਅੰਨਾ ਹਜ਼ਾਰੇ ਨੇ ਭਰਿਸ਼ਟਾਚਾਰ ਦੇ ਵਿਰੁਧ ਜਨ ਲੋਕਪਾਲ ਬਣਾਉਣ ਦੀ ਮੰਗ ਦੇ ਸੰਬੰਧ ਵਿਚ ਜੰਤਰ ਮੰਤਰ ਉਪਰ 5 ਅਪ੍ਰੈਲ 2011 ਨੂੰ ਭੁਖ ਹੜਤਾਲ ਕੀਤੀ ਸ਼ੁਰੂ ਸੀ, ਉਹ ਹੜਤਾਲ ਕੇਂਦਰ ਸਰਕਾਰ ਵੱਲੋਂ ਅਸੂਲੀ ਤੌਰ ਮੰਗ ਮੰਨਣ ਤੋਂ ਬਾਅਦ 9 ਅਪ੍ਰੈਲ ਨੂੰ ਖ਼ਤਮ ਕਰ ਦਿੱਤੀ ਗਈ ਸੀ। ਉਸ ਮੁਹਿੰਮ ਵਿਚ ਅਰਵਿੰਦ ਕੇਜ਼ਰੀਵਾਲ ਨੇ ਵੀ ਹੋਰ ਸਮਾਜ ਸੇਵਕਾਂ ਨਾਲ ਸ਼ਮੂਲੀਅਤ ਕੀਤੀ, ਜਿਸ ਤੋਂ ਬਾਅਦ ਉਹ ਉਭਰਕੇ ਸਾਹਮਣੇ ਆਇਆ। ਸੀ। ਅੰਨਾ ਹਜ਼ਾਰੇ ਸਿਆਸੀ ਪਾਰਟੀ ਬਣਾਉਣ ਦੇ ਵਿਰੁਧ ਸੀ ਪ੍ਰੰਤੂ ਅਰਵਿੰਦ ਕੇਜ਼ਰੀਵਾਲ ਨੇ ਇਹ ਪਾਰਟੀ ਆਪਣੇ ਹੀ ਗੁਰੂ ਅੰਨਾ ਹਜ਼ਾਰੇ ਨੂੰ ਮਾਤ ਦੇ ਕੇ ਉਸਦੇ ਵਿਰੋਧ ਦੇ ਬਾਵਜੂਦ 26 ਨਵੰਬਰ 2012 ਨੂੰ ਬਣਾਕੇ ਦੇਸ਼ ਦੀ ਸਿਆਸਤ ਵਿਚ ਤਰਥੱਲੀ ਮਚਾ ਦਿੱਤੀ ਸੀ। ਆਮ ਆਦਮੀ ਪਾਰਟੀ ਭਾਰਤ ਦੀ ਸਿਆਸਤ ਵਿਚ ਤੂਫ਼ਾਨ ਦੀ ਤਰ੍ਹਾਂ ਆਈ ਸੀ ਤੇ ਉਸਨੇ ਸਥਾਪਤ ਪਾਰਟੀਆਂ ਨੂੰ ਹਲੂੰਣਕੇ ਰੱਖ ਦਿੱਤਾ ਸੀ।

ਆਮ ਆਦਮੀ ਪਾਰਟੀ ਦੇ ਫਾਊਂਡਰ ਮੈਂਬਰ ਸਨ, ਅਰਵਿੰਦ ਕੇਜ਼ਰੀਵਾਲ, ਯੋਗੇਂਦਰ ਯਾਦਵ, ਪ੍ਰਸ਼ਾਂਤ ਭੂਸ਼ਣ ਅਤੇ ਅਨੰਦ ਕੁਮਾਰ। ਉਹ ਬੜੇ ਥੋੜ੍ਹੇ ਸਮੇਂ ਵਿਚ ਹੀ ਇੱਕ ਸਿਆਸੀ ਤਾਕਤ ਦੇ ਤੌਰ ਸਥਾਪਤ ਹੋ ਗਿਆ ਸੀ। ਉਹੀ ਅਰਵਿੰਦ ਕੇਜ਼ਰੀਵਾਲ, ਉਸੇ ਆਮ ਆਦਮੀ ਪਾਰਟੀ ਦੇ ਖ਼ਾਤਮੇ ਦਾ ਕਾਰਨ ਬਣ ਰਿਹਾ ਹੈ। ਉਹ ਆਪਣੇ ਸੁਭਾਅ ਮੁਤਾਬਕ ਜੋ ਕਹਿੰਦਾ ਹੈ ਉਸਤੋਂ ਮੁਕਰਦਾ ਬਹੁਤ ਜਲਦੀ ਹੈ। ਪਹਿਲਾਂ ਕਹਿੰਦਾ ਸੀ ਰਾਜਨੀਤਕ ਪਾਰਟੀ ਨਹੀਂ ਬਣਾਉਣੀ, ਫਿਰ ਬਣਾ ਲਈ। ਉਹ ਹਮੇਸ਼ਾ ਅਜਿਹੇ ਕਦਮ ਚੁੱਕਦਾ ਹੈ, ਜਿਹੜੇ ਆਮ ਸਿਆਸਤਦਾਨਾ ਤੋਂ ਵੱਖਰੇ ਹੁੰਦੇ ਹਨ, ਇਸ ਕਰਕੇ ਹੀ ਲੋਕ ਉਸਦੇ ਨਾਲ ਖੜ੍ਹਦੇ ਰਹੇ ਹਨ। ਉਸਦੇ ਵੱਖਰੇਪਣ ਨੇ ਹੀ ਉਸਨੂੰ ਸਥਾਪਤ ਕੀਤਾ ਤੇ ਉਹੀ ਵੱਖਰਾਪਣ ਆਮ ਆਦਮੀ ਪਾਰਟੀ ਦੀਆਂ ਜੜ੍ਹਾਂ ਵਿਚ ਤੇਲ ਦੇ ਰਿਹਾ ਹੈ ਕਿਉਂਕਿ ਸਾਬਕਾ ਅਧਿਕਾਰੀ ਹੋਣ ਕਰਕੇ ਤਾਨਾਸ਼ਾਹੀ ਪ੍ਰਵਿਤੀ ਦਾ ਮਾਲਕ ਹੈ। ਅਸਲ ਵਿਚ ਉਹ ਪਰਪੱਕ ਸਿਆਸਤਦਾਨ ਨਹੀਂ ਹੈ,  ਹਮੇਸ਼ਾ ਸਿਆਸੀ ਬਚਕਾਨਾ ਹਰਕਤਾਂ ਕਰਦਾ ਹੈ, ਜਿਸ ਕਰਕੇ ਉਸਦੀਆਂ ਬਚਕਾਨਾ ਸਿਆਸੀ ਹਰਕਤਾਂ ਪਾਰਟੀ ਲਈ ਖ਼ਤਰੇ ਦੀ ਘੰਟੀ ਬਣ ਜਾਂਦੀਆਂ ਹਨ। ਜਦੋਂ ਉਸਨੇ ਆਮ ਆਦਮੀ ਪਾਰਟੀ ਬਣਾਈ ਸੀ ਤਾਂ ਭਾਰਤ ਦੇ ਵੋਟਰ  ਸਥਾਪਤ ਪਾਰਟੀਆਂ ਦੇ ਭਰਿਸ਼ਟਾਚਾਰ ਅਤੇ ਪਰਿਵਾਰਵਾਦ ਤੋਂ ਅੱਕੇ ਹੋਏ ਸਨ। ਇਸ ਲਈ ਉਹ ਇਸ ਤੀਜੇ ਬਦਲ ਤੋਂ ਬਹੁਤ ਸਾਰੀਆਂ ਆਸਾਂ ਲਈ ਬੈਠੇ ਸਨ। ਉਹ ਇਨ੍ਹਾਂ ਪਾਰਟੀਆਂ ਦੀ ਉਤਰ ਕਾਟੋ ਮੈਂ ਚੜ੍ਹਾਂ ਦੀ ਨੀਤੀ ਨੂੰ ਖ਼ਤਮ ਕਰਨ ਦੇ ਰੌਂਅ ਵਿਚ ਸਨ। ਇਸ ਨਵੀਂ ਪਾਰਟੀ ਦੀ ਖ਼ੁਸ਼ਕਿਸਮਤੀ ਇਹ ਰਹੀ ਕਿ ਇਸ ਨੂੰ ਸਥਾਪਤ ਹੋਣ ਲਈ ਲੋਕਾਂ ਦਾ ਸਾਥ ਅਤੇ ਜਿਹੜੀ ਆਰਥਿਕ ਮਦਦ ਦੀ ਲੋੜ ਸੀ, ਉਹ ਪਰਵਾਸੀ ਭਾਰਤੀਆਂ ਨੇ ਲੋੜ ਤੋਂ ਵੱਧ ਪੂਰੀ ਕਰਕੇ ਅਰਵਿੰਦ ਕੇਜਰੀਵਾਲ ਨੂੰ ਮਾਲੋ ਮਾਲ ਕਰ ਦਿੱਤਾ। ਭਾਵੇਂ ਉਹ ਮਿਲੇ ਚੰਦੇ ਨੂੰ ਆਨ ਲਾਈਨ ਕਰਨ ਦੇ ਵਾਅਦੇ ਤੇ ਪੂਰਾ ਅਜੇ ਤੱਕ ਨਹੀਂ ਉਤਰਿਆ। ਫਿਰ ਵੀ ਲੋਕ ਉਸਦੇ ਮਗਰ ਅੰਨ੍ਹੇਵਾਹ ਹੋ ਤੁਰੇ ਸਨ ਕਿਉਂਕਿ ਲੋਕ ਸਥਾਪਤ ਪਾਰਟੀਆਂ ਦਾ ਬਦਲ ਚਾਹੁੰਦੇ ਸਨ।  ਹੋਇਆ ਇਹ ਕਿ ਹੌਲਾ ਭਾਂਡਾ ਜਲਦੀ ਹੀ ਉਛਲਣ ਲੱਗ ਪਿਆ।

ਸਿਆਸੀ ਤਾਕਤ ਦਾ ਨਸ਼ਾ ਅਰਵਿੰਦ ਕੇਜ਼ਰੀਵਾਲ ਦੇ ਸਿਰ ਚੜ੍ਹਕੇ ਬੋਲਣ ਲੱਗਾ ਅਤੇ ਆਪ ਹੁਦਰੀਆਂ ਕਰਨ ਲਈ ਉਤੇਜਤ ਕਰਦਾ ਰਿਹਾ। ਉਹ ਸਿਆਸੀ ਘੁਮੰਡ ਦਾ ਅਜਿਹਾ ਸ਼ਿਕਾਰ ਹੋ ਕਿ ਵਾ¦ਟੀਅਰਾਂ ਦੀ ਮਰਜੀ ਅਨੁਸਾਰ ਚਲਣ ਦੇ ਦਾਅਵੇ ਕਰਨ ਵਾਲਾ, ਹਰ ਪਾਸੇ ਆਪਣੀ ਮਨਮਰਜੀ ਕਰਨ ਲੱਗ ਪਿਆ, ਜਿਵੇਂ ਬਾਕੀ ਸਿਆਸੀ ਪਾਰਟੀਆਂ ਤਾਨਾਸ਼ਾਹ ਨਾਲ ਚਲ ਰਹੀਆਂ ਸਨ। ਉਹ ਵੀ ਆਮ ਆਦਮੀ ਪਾਰਟੀ ਦਾ ਡਿਕਟੇਟਰ ਬਣਕੇ ਉਭਰਿਆ। ਜਿਹੜੇ ਸਿਆਸੀ ਸਾਥੀਆਂ ਨੇ ਇਸ ਪਾਰਟੀ ਨੂੰ ਆਪਣੇ ਪੈਰਾਂ ਉਪਰ ਖੜ੍ਹਨ ਵਿਚ ਕੇਜ਼ਰੀਵਾਲ ਦਾ ਸਾਥ ਦਿੱਤਾ ਸੀ, ਉਹ ਉਨ੍ਹਾਂ ਤੋਂ ਹੀ ਡਰਨ ਲੱਗ ਪਿਆ। ਉਨ੍ਹਾਂ ਦੀ ਕੋਈ ਵੀ ਸੁਝਾਅ ਮੰਨਣ ਤੋਂ ਇਨਕਾਰੀ ਹੋ ਗਿਆ। ਉਨ੍ਹਾਂ ਨੂੰ ਨੁਕਰੇ ਲਾਉਣ ਦੀਆਂ ਸਾਜ਼ਸ਼ਾਂ ਦਾ ਸ਼ਿਕਾਰ ਹੋ ਗਿਆ। ਯੋਗੇਂਦਰ ਯਾਦਵ ਜਿਸਨੂੰ ਆਮ ਆਦਮੀ ਪਾਰਟੀ ਦਾ ਦਿਮਾਗ ਕਿਹਾ ਜਾਂਦਾ ਸੀ, ਪ੍ਰਸ਼ਾਂਤ ਭੂਸ਼ਣ ਜਿਸਨੇ ਪਾਰਟੀ ਬਣਾਉਣ ਲਈ ਸਭ ਤੋਂ ਪਹਿਲਾਂ 1 ਕਰੋੜ ਰੁਪਿਆ ਪਾਰਟੀ ਨੂੰ ਦਿੱਤਾ ਸੀ, ਪਾਰਟੀ ਦਾ ਲੋਕ ਪਾਲ ਐਡਮਿਰਲ ਐਲ.ਰਾਮ ਦਾਸ ਜਿਸਨੂੰ ਸ਼ਰਾਫ਼ਤ ਅਤੇ ਇਮਾਨਦਾਰੀ ਦਾ ਪ੍ਰਤੀਕ ਗਿਣਿਆਂ ਜਾਂਦਾ ਸੀ, ਅਨੰਦ ਕੁਮਾਰ ਅਤੇ ਅਜੀਤ ਝਾਅ ਨੂੰ ਪਾਰਟੀ ਵਿਚੋਂ ਕੱਢ ਦਿੱਤਾ ਗਿਆ। ਅਰਵਿੰਦ ਕੇਜ਼ਰੀਵਾਲ ਟਕਰਾਓ ਦੀ ਸਿਆਸਤ ਵਿਚੋਂ ਉਭਰਿਆ ਹੋਇਆ ਨੇਤਾ ਸੀ। ਉਸ ਕਰਕੇ ਹੀ ਦਿੱਲੀ ਵਿਚ ਉਸਦੀ ਦੋ ਵਾਰ ਸਰਕਾਰ ਬਣੀ।

ਦੇਸ਼ ਵਿਚੋਂ ਇਕੱਲਾ ਪੰਜਾਬ ਰਾਜ ਹੀ ਹੈ, ਜਿਸਨੇ ਮੋਦੀ ਲਹਿਰ ਦੇ ਬਾਵਜੂਦ 4 ਲੋਕ ਸਭਾ ਦੇ ਮੈਂਬਰ ਆਮ ਆਦਮੀ ਪਾਰਟੀ ਦੀ ਝੋਲੀ ਵਿਚ ਪਾਏ। ਉਹ ਉਨ੍ਹਾਂ ਚਾਰਾਂ ਨੂੰ ਵੀ ਆਪਣੇ ਨਾਲ ਨਹੀਂ ਰੱਖ ਸਕਿਆ। 4 ਲੋਕ ਸਭਾ ਮੈਂਬਰਾਂ ਵਿਚੋਂ ਦੋ ਪੜ੍ਹੇ ਲਿਖੇ ਵਿਦਵਾਨ ਡਾ.ਧਰਮਵੀਰ ਗਾਂਧੀ ਹਰਿੰਦਰ ਸਿੰਘ ਖਾਲਸਾ ਨੂੰ ਵੀ ਪਾਰਟੀ ਵਿਚੋਂ ਕੱਢ ਦਿੱਤਾ। ਪੰਜਾਬ ਵਿਚ ਉਸਨੇ ਟਕਰਾਓ ਦੀ ਸਿਆਸਤ ਖੇਡੀ। ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੇ ਵਿਰੁਧ ਧੂੰਆਂਧਾਰ ਭਾਸ਼ਣ ਦਿੱਤੇ, ਉਨ੍ਹਾਂ ਲਈ ਅਜਿਹੀ ਸਖ਼ਤ ਸ਼ਬਦਾਵਲੀ ਵਰਤੀ, ਜਿਸ ਕਰਕੇ ਪੰਜਾਬ ਦੇ ਲੋਕਾਂ ਨੇ ਉਸਦੀ ਸਰਕਾਰ ਬਣਾਉਣ ਦੀ ਠਾਣ ਲਈ ਪ੍ਰੰਤੂ ਆਪਣੀ ਹੈਂਕੜ ਕਰਕੇ ਪੰਜਾਬ ਦੀ ਆਮ ਆਦਮੀ ਪਾਰਟੀ ਦੇ ਮੁੱਖੀ ਸੁੱਚਾ ਸਿੰਘ ਛੋਟੇਪੁਰ ਨੂੰ  ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਦੇ ਸੁਪਨੇ ਵੇਖਦਿਆਂ ਹੀ ਮਾਮੂਲੀ ਇਲਜ਼ਾਮ ਲਾ ਕੇ ਪਾਰਟੀ ਵਿਚੋਂ ਬਾਹਰ ਕਰ ਦਿੱਤਾ। ਪਾਰਟੀ ਦੋਫਾੜ ਹੋ ਗਈ। ਪੰਜਾਬ ਦੇ ਲੋਕ ਫਿਰ ਵੀ ਆਮ ਆਦਮੀ ਪਾਰਟੀ ਲਈ ਲੱਟੂ ਸਨ ਪ੍ਰੰਤੁ ਗ਼ਲਤ ਟਿਕਟਾਂ ਦੀ ਵੰਡ ਨੇ ਵਾਲੰਟੀਅਰ ਨਰਾਜ਼ ਕੀਤੇ ਕਿਉਂਕਿ ਉਸਨੇ ਦੂਜੀਆਂ ਪਾਰਟੀਆਂ ਦੇ ਨਕਾਰੇ ਹੋਏ ਨੇਤਾਵਾਂ ਨੂੰ ਪਾਰਟੀ ਵਿਚ ਸ਼ਾਮਲ ਕਰਕੇ ਟਿਕਟਾਂ ਨਾਲ ਨਿਵਾਜਿਆ। ਲੋਕ ਇਨਸਾਫ ਪਾਰਟੀ ਨੂੰ 4 ਸੀਟਾਂ ਲੁਧਿਆਣਾ ਦੀਆਂ ਅਤੇ ਇਕ ਸੰਗਰੂਰ ਜਿਲ੍ਹੇ ਦੀ ਦੇ ਕੇ ਵਾੰਟੀਅਰ ਨਰਾਜ਼ ਕਰ ਲਏ। ਜਿਹੜੇ ਵਾਲੰਟੀਅਰ ਚਾਰ ਸਾਲਾਂ ਤੋਂ ਟਿਕਟਾਂ ਦੀ ਆਸ ਲਾਈ ਬੈਠੇ ਸਨ, ਨਿਰਾਸ਼ ਹੋ ਗਏ। ਪੰਜਾਬ ਦੇ ਵੋਟਰਾਂ ਨੇ ਫਿਰ ਵੀ ਪਹਿਲੀ ਵਾਰ ਚੋਣ ਮੈਦਾਨ ਵਿਚ ਆਈ ਨਵੀਂ ਪਾਰਟੀ ਲਈ ਦੋ ਦਰਜਨ ਦੇ ਕਰੀਬ ਵਿਧਾਨਕਾਰ ਚੁਣਕੇ ਆਮ ਆਦਮੀ ਪਾਰਟੀ ਨੂੰ ਦਿੱਤੇ। ਹਰਵਿੰਦਰ ਸਿੰਘ ਫੂਲਕਾ ਨੂੰ ਵਿਧਾਨ ਸਭਾ ਵਿਚ ਵਿਰੋਧੀ ਧਿਰ ਦਾ ਨੇਤਾ ਬਣਾਇਆ ਗਿਆ। ਉਹ ਅੱਧ ਵਿਚਕਾਰ ਅਹੁਦਾ ਛੱਡ ਗਿਆ।

ਸੁਖਪਾਲ ਸਿੰਘ ਖਹਿਰਾ ਨੂੰ ਵਿਰੋਧੀ ਧਿਰ ਦਾ ਲੀਡਰ ਚੁਣਿਆ ਗਿਆ। ਚੋਣ ਚੰਗੀ ਹੈ ਪ੍ਰੰਤੂ ਪਾਰਟੀ ਦੇ ਨੇਤਾਵਾਂ ਦੀ ਕਸ਼ਮਕਸ਼ ਵੱਧਦੀ ਰਹੀ। ਅੰਦਰਖ਼ਾਤੇ ਕੇਜ਼ਰੀਵਾਲ ਦੇ ਭਰੋਸੇਮੰਦ ਸੁਖਪਾਲ ਸਿੰਘ ਖਹਿਰੇ ਦਾ ਵਿਰੋਧ ਕਰਦੇ ਰਹੇ। ਅਖ਼ੀਰ 15 ਮਾਰਚ ਨੂੰ ਅਰਵਿੰਦ ਕੇਜ਼ਰੀਵਾਲ ਨੇ ਅਚਾਨਕ ਹੀ ਕਚਹਿਰੀ ਵਿਚ ਉਸਦੇ ਵਿਰੁਧ ਬਿਕਰਮ ਸਿੰਘ ਮਜੀਠੀਆ ਵੱਲੋਂ ਇਜ਼ਤ ਹਤਕ ਦੇ ਕੇਸ ਵਿਚ ਮੁਆਫੀ ਮੰਗ ਲਈ, ਜਿਸਤੋਂ ਬਾਅਦ ਤਾਂ ਆਮ ਆਦਮੀ ਪਾਰਟੀ ਦੇ ਹਰ ਨੇਤਾ ਅਤੇ ਵਰਕਰ ਵਿਚ ਤਰਥੱਲੀ ਮੱਚ ਗਈ। ਗ਼ਲਤੀ ਕੇਜ਼ਰੀਵਾਲ ਦੀ ਪ੍ਰੰਤੂ ਪੰਜਾਬ ਦੇ ਨੇਤਾ ਅਤੇ ਵਰਕਰ ਸ਼ਰਮਸ਼ਾਰ ਹੋਏ। ਥੁੱਕ ਕੇ ਚੱਟਣਾ ਆਪਣੇ ਪੈਰ ਕੁਹਾੜੀ ਮਾਰਨ ਦੇ ਬਰਾਬਰ ਹੁੰਦਾ ਹੈ। ਪਾਰਟੀ ਵਿਚ ਇਕ ਕਿਸਮ ਨਾਲ ਭੁਚਾਲ ਹੀ ਆ ਗਿਆ। ਜਿਸ ਬਿਕਰਮ ਸਿੰਘ ਮਜੀਠੀਆ ਨੂੰ ਅਰਵਿੰਦ ਕੇਜ਼ਰੀਵਾਲ ਨੇ ਦੋਸ਼ ਲਾ ਕੇ ਨਸ਼ਿਆਂ ਦਾ ਸੌਦਾਗਰ ਤੱਕ ਕਿਹਾ, ਸਰਕਾਰ ਬਣਨ ਤੇ ਕਾਲਰ ਤੋਂ ਫੜਕੇ ਜੇਲ੍ਹ ਭੇਜਣ ਦੀ ਗੱਲ ਕੀਤੀ, ਉਸੇ ਤੋਂ ਮੁਆਫੀ ਮੰਗ ਲਈ ਤੇ ਤੁਰੰਤ ਬਿਕਰਮ ਸਿੰਘ ਮਜੀਠੀਆ ਨੇ ਵੀ ਕੇਸ ਵਾਪਸ ਲੈਣ ਦਾ ਬਿਆਨ ਦੇ ਦਿੱਤਾ। ਇਸ ਤੋਂ ਕੋਈ ਅੰਦਖ਼ਾਤੇ ਹੋਏ ਸਮਝੌਤੇ ਦੀ ਕਨਸੋਅ ਆ ਰਹੀ ਹੈ। ਸਿਆਸੀ ਲੋਕਾਂ ਨੂੰ ਤਾਂ ਕੋਈ ਵੀ ਲਫਜ਼ ਮੂੰਹ ਵਿਚੋਂ ਕੱਢਣ ਤੋਂ ਪਹਿਲਾਂ ਸੌ ਵਾਰ ਸੋਚਣਾ ਚਾਹੀਦਾ ਹੈ ਕਿ ਉਸਦੇ ਬੋਲਣ ਦਾ ਜਨਤਾ ਤੇ ਕੀ ਪ੍ਰਭਾਵ ਪਵੇਗਾ। ਦੋਸ਼ ਕਿਸੇ ਸਬੂਤ ਉਪਰ ਲਾਉਣਾ ਚਾਹੀਦਾ ਸੀ ਪ੍ਰੰਤੂ ਚੋਣ ਜਿੱਤਣ ਲਈ ਦੋਸ਼ ਲਾ ਦਿੱਤੇ। ਆਮ ਆਦਮੀ ਪਾਰਟੀ ਦੇ ਕਨਵੀਨਰ ਭਗਵੰਤ ਮਾਨ ਅਤੇ ਕੋ ਕਨਵੀਨਰ ਅਮਨ ਅਰੋੜਾ ਨੇ ਆਪਣੇ ਅਹੁਦਿਆਂ ਤੋਂ ਅਸਤੀਫੇ ਦੇ ਦਿੱਤੇ ਸਨ, ਜਿਨ੍ਹਾਂ ਨੂੰ ਪ੍ਰਵਾਨ ਨਹੀਂ ਕੀਤਾ ਗਿਆ। ਪਾਰਟੀ ਨੂੰ ਮਜ਼ਬੂਤ ਕਰਨ ਲਈ ਆਪਣਾ ਇੱਕ ਵਿਸ਼ਵਾਸ਼ ਪਾਤਰ ਡਾ.ਬਲਬੀਰ ਸਿੰਘ ਪੰਜਾਬ ਇਕਾਈ ਦਾ ਸਹਿ ਕਨਵੀਨਰ ਬਣਾ ਦਿੱਤਾ। ਵਿਧਾਨਕਾਰਾਂ ਨੇ ਅਰਵਿੰਦ ਕੇਜ਼ਰੀਵਾਲ ਦੇ ਮੁਆਫੀਨਾਮੇ ਤੇ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਉਨ੍ਹਾਂ ਇਹ ਪਾਰਟੀ ਨੂੰ ਭਰੋਸੇ ਵਿਚ ਲੈਣ ਤੋਂ ਬਿਨਾਂ ਫੈਸਲਾ ਕਰਕੇ ਚੰਗਾ ਨਹੀਂ ਕੀਤਾ। ਇਥੋਂ ਤੱਕ ਕਿ ਵੱਖਰੀ ਪੰਜਾਬ ਦੀ ਇਕਾਈ ਬਣਾਉਣ ਤੇ ਵਿਚਾਰ ਵਟਾਂਦਰਾ ਕੀਤਾ। ਅੱਧੇ ਵਿਧਾਨਕਾਰ ਵੱਖਰੀ ਪਾਰਟੀ ਬਣਾਉਣ ਦੇ ਹੱਕ ਵਿਚ ਹਨ। ਵੇਖੋ ਊਂਟ ਕਿਸ ਕਰਵਟ ਬੈਠਦਾ ਹੈ। ਇਕ ਗੱਲ ਤਾਂ ਸਾਫ ਹੈ ਕਿ ਪਾਰਟੀ ਦੋਫਾੜ ਭਾਵੇਂ ਨਾ ਹੋਵੇ ਪ੍ਰੰਤੂ ਪਾਰਟੀ ਦ ਵਕਾਰ ਖ਼ਤਮ ਹੋਣ ਦੇ ਰਸਤੇ ਪੈ ਗਿਆ ਹੈ। ਪਾਰਟੀ ਦੇ ਪੈਰ ਉਖੜ ਗਏ ਹਨ, ਮੁੜ ਪੈਰਾਂ ਤੇ ਖੜ੍ਹੇ ਹੋਣਾ ਮੁਸ਼ਕਲ ਹੈ। ਅਕਾਲੀ ਦਲ ਅਤੇ ਕਾਂਗਰਸ ਕੱਛਾਂ ਵਜਾ ਰਹੇ ਹਨ ਕਿ ਉਨ੍ਹਾਂ ਦੇ ਵੋਟ ਬੈਂਕ ਵਾਪਸ ਆ ਜਾਣਗੇ। ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸ਼ਿਸ਼ੋਦੀਆ ਜੋ ਪੰਜਾਬ ਦੇ ਇਨਚਾਰਜ ਹਨ, ਉਹ ਕਹਿ ਰਹੇ ਹਨ ਕਿ ਜੇਕਰ ਮੁੱਖ ਮੰਤਰੀ ਕੇਸਾਂ ਵਿਚ ਜਾਂਦਾ ਰਹੇਗਾ ਤਾਂ ਲੋਕ ਭਲਾਈ ਦੇ ਕੰਮ ਨਹੀਂ ਹੋ ਸਕਣਗੇ। ਕਿਉਂਕਿ ਅਜਿਹੇ 23 ਕੇਸ ਦੇਸ਼ ਦੇ ਵੱਖ ਵੱਖ ਸੂਬਿਆਂ ਵਿਚ ਚਲ ਰਹੇ ਹਨ। ਮੁੱਖ ਮੰਤਰੀ ਨੂੰ ਹਰ ਕੇਸ ਵਿਚ ਹਾਜ਼ਰ ਹੋਣਾ ਪੈਂਦਾ ਹੈ। ਮੁਆਫੀ ਮੰਗਣ ਨੂੰ ਸਿਆਸੀ ਦਾਅ ਪੇਚ ਵੀ ਕਿਹਾ ਜਾ ਰਿਹਾ ਹੈ। ਸ਼ੋਸ਼ਲ ਮੀਡੀਆ ਉਪਰ ਵੀ 23 ਕੇਸਾਂ ਦਾ ਹਵਾਲਾ ਦੇ ਕੇ ਮੁਆਫੀ ਨੂੰ ਸਹੀ ਦਰਸਾਉਣ ਦੇ ਉਪਰਾਲੇ ਕੀਤੇ ਜਾ ਰਹੇ ਹਨ ਪ੍ਰੰਤੂ ਲੋਕਾਂ ਨੂੰ ਇਹ ਗੱਲ ਹਜ਼ਮ ਨਹੀਂ ਹੋ ਰਹੀ। ਪਾਰਟੀ ਲਗਾਤਾਰ ਕਮਜ਼ੋਰ ਹੁੰਦੀ ਜਾ ਰਹੀ ਹੈ। ਆਪਣੇ ਮਕਸਦ ਤੋਂ ਥਿੜਕ ਗਈ ਹੈ। ਪੰਜਾਬ ਦੇ ਲੋਕਾਂ ਨਾਲ ਧੋਖਾ ਹੈ, ਜਿਸ ਕਰਕੇ ਆਮ ਆਦਮੀ ਪਾਰਟੀ ਨੂੰ ਬੜਾ ਵੱਡਾ ਝਟਕਾ ਲੱਗਾ ਹੈ।

ਅਕਾਲੀ ਦਲ ਦੇ ਬਦਲ ਵੱਜੋਂ ਉਭਰੀ ਪਾਰਟੀ ਅਕਾਲੀ ਦਲ ਕਾਰਨ ਹੀ ਖ਼ਤਮ ਹੋ ਰਹੀ ਹੈ। ਤੀਜਾ ਬਦਲ ਬਣਨ ਦਾ ਸਪਨਾ ਚਕਨਾਚੂਰ ਹੋ ਗਿਆ ਹੈ। ਆਮ ਆਦਮੀ ਪਾਰਟੀ ਲਈ ਸਭ ਤੋਂ ਵਧੇਰੇ ਦਾਨ ਦੇਣ ਵਾਲੇ ਪਰਵਾਸੀ ਆਪਣੇ ਆਪ ਨੂੰ ਠੱਗੇ ਮਹਿਸੂਸ ਕਰ ਰਹੇ ਹਨ। ਸਿਅਸੀ ਤਾਕਤ ਦੇ ਭੁੱਖੇ ਲੋਕਾਂ ਦਾ ਕੋਈ ਦੀਨ ਇਮਾਨ ਨਹੀਂ ਹੁੰਦਾ। ਇਹ ਗੱਲ ਸੱਚ ਸਾਬਤ ਹੋ ਗਈ ਹੈ। ਆਮ ਆਦਮੀ ਪਾਰਟੀ ਦੇ ਹਮਦਰਦ ਇਹ ਮਹਿਸੂਸ ਕਰ ਰਹੇ ਹਨ ਕਿ ਅਰਵਿੰਦ ਕੇਜ਼ਰੀਵਾਲ ਪੰਜਾਬੀਆਂ ਨੂੰ ਹੋਰ ਬੇਵਕੂਫ਼ ਨਹੀਂ ਬਣਾ ਸਕਦਾ। ਲੱਗਦਾ ਤਾਂ ਇਉਂ ਹੈ ਕਿ ਆਮ ਆਦਮੀ ਪਾਰਟੀ ਦਾ ਮਸਲਾ ਹੱਲ ਹੋ ਜਾਵੇਗਾ ਪ੍ਰੰਤੂ ਪਾਰਟੀ ਦਾ ਜਿਹੜਾ ਨੁਕਸਾਨ ਹੋ ਗਿਆ ਹੈ, ਇਸਦੀ ਭਰਪਾਈ ਕਰਨੀ ਅਸੰਭਵ ਹੈ ਕਿਉਂਕਿ ਅਰਵਿੰਦ ਕੇਜ਼ਰੀਵਾਲ ਲੋਕਾਂ ਦੇ ਮਨਾਂ ਵਿਚ ਲੋਕ ਨਾਇਕ ਤੋਂ ਖਲਨਾਇਕ ਬਣ ਗਿਆ ਹੈ। ਲੋਕਾਂ ਨੇ ਅਸਮਾਨ ਤੇ ਚੜ੍ਹਾਇਆ ਸੀ ਹੁਣ ਲੋਕਾਂ ਨੇ ਹੀ ਪੌੜੀ ਖਿੱਚ ਲਈ ਹੈ। ਅਰਵਿੰਦ ਕੇਜ਼ਰੀਵਾਲ ਘਬਰਾ ਗਿਆ ਲੱਗਦਾ ਹੈ, ਇਸ ਕਰਕੇ ਉਸਨੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਅਤੇ ਕਾਂਗਰਸੀ ਨੇਤਾ ਕਪਿਲ ਸਿਬਲ ਅਤੇ ਉਸਦੇ ਲੜਕੇ ਅਮਿਤ ਸਿਬਲ ਤੋਂ ਵੀ ਮੁਆਫ਼ੀ ਮੰਗ ਲਈ ਹੈ। ਮੁਆਫ਼ੀ ਮੰਗਣ ਲੱਗਿਆਂ ਵੀ ਕੇਜ਼ਰੀਵਾਲ ਨੇ ਪਰੰਪਰਾ ਤੋੜ ਦਿੱਤੀ ਹੈ ਕਿਉਂਕਿ ਆਮ ਤੌਰ ਤੇ ਮੁਆਫੀ ਗੋਲ ਮੋਲ ਸ਼ਬਦਾਂ ਵਿਚ ਮੰਗੀ ਜਾਂਦੀ ਹੈ ਪ੍ਰੰਤੂ ਅਰਵਿੰਦ ਕੇਜ਼ਰੀਵਾਲ ਨੇ ਤਾਂ ਕਮਾਲ ਹੀ ਕਰ ਦਿੱਤੀ, ਸਿੱਧਿਆਂ ਹੀ ਹੱਥ ਬੰਨ੍ਹ ਦਿੱਤੇ। ਇਹ ਸਾਰਾ ਘਟਨਾਕਰਮ ਸਿਆਸੀ ਸੂਝ ਦੀ ਘਾਟ ਕਰਕ ਹੋਇਆ ਹੈ। ਰੱਬ ਕੇਜ਼ਰੀਵਾਲ ਨੂੰ ਸਿਆਸੀ ਸਮੱਤ ਬਖ਼ਸ਼ੇ।

ਉਮਰ ਕੈਦ ਬਨਾਮ ਮਰਨ ਤੱਕ ਉਮਰ ਕੈਦ ਦੀ ਸਿਆਸਤ

17 ਮਾਰਚ 2018 ਨੂੰ 1992 ਵਿਚ ਕੇਂਦਰ ਦੀ ਥਾਪੀ ਨਾਲ ਘੱਟਗਿਣਤੀ ਵੋਟਾਂ ਨਾਲ ਪੰਜਾਬ ਦੇ ਮੁੱਖ ਮੰਤਰੀ ਬਣੇ ਬੇਅੰਤ ਸਿਉਂ ਦੇ ਕਤਲ ਕੇਸ ਵਿਚ ਭਾਈ ਜਗਤਾਰ ਸਿੰਘ ਤਾਰਾ ਜੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਅਤੇ ਇਸ ਉਮਰ ਕੈਦ ਨੂੰ ਤਾਅ ਉਮਰ ਦੀ ਉਮਰ ਕੈਦ ਜਾਂ ਮਰਨ ਤੱਕ ਦੀ ਉਮਰ ਕੈਦ ਦੇ ਲਕਬਾਂ ਨਾਲ ਨਿਵਾਜ਼ਿਆ ਗਿਆ ਅਤੇ ਬਹੁਤਿਆਂ ਵਲੋਂ ਇਹੀ ਪਰਚਾਰ ਕੀਤਾ ਜਾ ਰਿਹਾ ਹੈ ਕਿ ਭਾਈ ਤਾਰੇ ਨੂੰ ਰਹਿੰਦੀ ਜਿੰਦਗੀ ਤੱਕ ਹੁਣ ਜੇਲ੍ਹ ਵਿਚ ਹੀ ਰਹਿਣਾ ਪਵੇਗਾ ਜਿਹਾ ਕਿ ਇਸ ਕੇਸ ਵਿਚ ਪਹਿਲਾਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਲੋਂ ਭਾਈ ਜਗਤਾਰ ਸਿੰਘ ਹਵਾਰਾ ਦੀ ਫਾਂਸੀ ਦੀ ਸਜ਼ਾ ਖਤਮ ਕਰਕੇ ਕੁਦਰਤੀ ਉਮਰ ਤੱਕ ਜੇਲ੍ਹ ਵਿਚ ਰੱਖਣ ਦੀ ਉਮਰ ਕੈਦ ਦੀ ਸਜ਼ਾ ਦਿੱਤੀ ਸੀ ਅਤੇ ਇਹ ਵੀ ਜਿਕਰਯੋਗ ਹੈ ਕਿ ਅਜਿਹਾ ਕੋਈ ਪਹਿਲੀ ਵਾਰ ਨਹੀਂ ਹੋਇਆ ਕਿ ਕਿਸੇ ਨੂੰ ਸਾਰੀ ਉਮਰ ਦੀ ਉਮਰ ਕੈਦ ਦੀ ਸਜ਼ਾ ਦਾ ਜਿਕਰ ਅਦਾਲਤਾਂ ਨੇ ਕੀਤਾ ਹੋਵੇ ਸਗੋਂ ਅਜਿਹਾ ਬਹੁਤ ਸਾਰੇ ਕੇਸਾਂ ਵਿਚ ਪਹਿਲਾਂ ਵੀ ਫੈਸਲੇ ਹੋ ਚੁੱਕੇ ਹਨ ਅਤੇ ਉਮਰ ਕੈਦ ਜਾਂ ਸਾਰੀ ਉਮਰ ਦੀਆਂ ਉਮਰ ਕੈਦਾਂ ਵਾਲੇ ਬਹੁਤ ਸਾਰੇ ਲੋਕ ਮਰਨ ਤੋਂ ਪਹਿਲਾਂ 14-20 ਆਦਿ ਸਾਲਾਂ ਬਾਅਦ ਰਿਹਾਅ ਹੋ ਚੁੱਕੇ ਹਨ। ਉਮਰ ਕੈਦ ਜਾਂ ਸਾਰੀ ਉਮਰ ਦੀ ਉਮਰ ਕੈਦ  ਦਾ ਘਚੋਲਾ ਸਿਰਫ ਸਿਆਸਤ ਤੋਂ ਪਰੇਰਤ ਹੈ ਅਤੇ ਜੇਕਰ ਉਮਰ ਕੈਦ ਦਾ ਮਤਲਬ ਵਾਕਿਆ ਹੀ ਸਾਰੀ ਉਮਰ ਕੈਦ ਹੈ ਤਾਂ ਕਿਸੇ ਇਕ ਉਮਰ ਕੈਦੀ ਦਾ ਨਾਮ ਦੱਸੋਂ ਜੋ 1947 ਜਾਂ 1950 ਤੋਂ ਬਾਅਦ ਹੁਣ ਤੱਕ ਸਾਰੀ ਉਮਰ ਦੀ ਉਮਰ ਕੈਦ ਕੱਟ ਰਿਹਾ ਹੋਵੇ ਜਾਂ ਕੱਟੀ ਹੋਵੇ? ਅਸਲ ਵਿਚ ਉਮਰ ਕੈਦੀ ਜਾਂ ਸਾਰੀ ਉਮਰ ਦੇ ਉਮਰ ਕੈਦੀ ਦੀ ਰਿਹਾਈ ਸਿੱਧੇ ਤੌਰ ‘ਤੇ ਸਿਆਸੀ ਹੱਥਾਂ ਦੀ ਖੇਡ ਹੈ ਜਿਸਨੂੰ ਸਮਝਣਾ ਅਤੇ ਇਸ ਅਧੀਨ ਬੰਦੀਆਂ ਦੀ ਰਿਹਾਈ ਲਈ ਸੁਹਿਰਦ ਸਿਆਸੀ ਤੇ ਕੂਟਨੀਤਕ ਯਤਨਾਂ ਦੀ ਲੋੜ ਹੈ।

ਉਮਰ ਕੈਦ ਦੀ ਸਜ਼ਾ ਸਾਰੀ ਉਮਰ ਦੀ ਉਮਰ ਕੈਦ ਹੁੰਦੀ ਹੈ ਇਸ ਸਬੰਧੀ ਭਾਰਤੀ ਸੁਪਰੀਮ ਕੋਰਟ ਜਾਂ ਹੋਰ ਹਾਈ ਕੋਰਟਾਂ ਵਿਚ ਕਾਫੀ ਭਿੰਨ-ਭੇਦ ਰਿਹਾ ਹੈ ਅਤੇ ਦੋਹਾਂ ਹੀ ਪੱਖ ਦੀਆਂ ਕਈ ਜੱਜਮੈਂਟਾਂ ਮਿਲ ਜਾਂਦੀਆਂ ਹਨ।ਪਰ ਇੱਥੇ ਉਮਰ ਕੈਦ ਜਾਂ ਸਾਰੀ ਉਮਰ ਦੀ ਉਮਰ ਕੈਦ ਸਬੰਧੀ ਭੇਦ ਜਾਂ ਸਮਾਨਤਾ ਦੀ ਗੱਲ ਹੀ ਕਰਾਂਗੇ।

ਸਭ ਤੋਂ ਪਹਿਲਾਂ ਮੁੱਖ ਰੂਪ ਵਿਚ ਸਮਝਣ ਦੀ ਗੱਲ ਹੈ ਕਿ ਭਾਰਤੀ ਸੰਵਿਧਾਨ ਦੀ ਧਾਰਾ 72 ਅਤੇ 161 ਅਧੀਨ ਕ੍ਰਮਵਾਰ ਰਾਸ਼ਰਟਪਤੀ ਅਤੇ ਗਵਰਨਰਾਂ ਕੋਲ ਅਤੇ ਫੌਜਦਾਰੀ ਜਾਬਤੇ ਦੀਆਂ ਧਾਰਾਵਾਂ 432/433 ਅਧੀਨ ਕੇਂਦਰ ਤੇ ਪ੍ਰਾਂਤਕ ਸਰਕਾਰਾਂ ਕੋਲ ਅਸੀਮਤ ਤਾਕਤਾਂ ਹਨ ਜਿਹਨਾਂ ਰਾਹੀਂ ਕਿਸੇ ਵੀ ਕਿਸਮ ਦੇ ਕੈਦੀ, ਉਮਰ ਕੈਦੀ ਜਾਂ ਸਾਰੀ ਉਮਰ ਦੇ ਉਮਰ ਕੈਦੀ ਦੀ ਸਜ਼ਾ ਪੂਰੀ ਖਤਮ, ਕਟੌਤੀ ਜਾਂ ਮੁਆਫ ਕੀਤੀ ਜਾ ਸਕਦੀ ਹੈ ਅਤੇ ਇਹਨਾਂ ਤਾਕਤਾਂ ਵਿਚ ਕੋਈ ਵੀ ਅਦਾਲਤ, ਸੁਪਰੀਮ ਕੋਰਟ ਜਾਂ ਹਾਈ ਕੋਰਟਾਂ ਕੋਈ ਦਖਲ ਨਹੀਂ ਦੇ ਸਕਦੀਆਂ। ਭਾਵ ਕਿ ਕੈਦ ਦੀ ਸਜ਼ਾ ਖਤਮ ਕਰਨ ਲਈ ਸਿਆਸੀ ਇੱਛਾ ਸ਼ਕਤੀ ਹੀ ਕਾਫੀ ਹੈ ਜਾਂ ਕਹਿ ਸਕਦੇ ਹਾਂ ਕਿ ਸਿਆਸੀ ਦਬਾਅ ਨਾਲ ਕਿਸੇ ਕੈਦੀ ਨੂੰ ਵੀ ਛੱਡਿਆ ਜਾਂ ਛੁਡਾਇਆ ਜਾ ਸਕਦਾ ਹੈ।
ਭਾਈ ਜਗਤਾਰ ਸਿੰਘ ਤਾਰਾ ਨੂੰ ਉਮਰ ਕੈਦ ਦੇਣ ਵਾਲੀ ਅਦਾਲਤ ਵਲੋਂ ਦਿੱਤੇ ਫੈਸਲੇ ਨੂੰ ਵਾਚਣ ਤੋਂ ਪਤਾ ਲੱਗਦਾ ਹੈ ਕਿ ਇਹ ਜੱਜਮੈਂਟ ਆਪਾ ਵਿਰੋਧੀ ਹੈ, ਇਕ ਪਾਸੇ ਤਾਂ ਕਿਹਾ ਜਾ ਰਿਹਾ ਹੈ ਕਿ ਇਸ ਕਤਲ ਵਿਚ ਸਾਜ਼ਿਸ਼ ਦੀਆਂ ਦੋ ਕੈਟਾਗਰੀਆਂ ਹਨ, ਏ ਕੈਟਾਗਰੀ ਵਿਚ ਭਾਈ ਬਲਵੰਤ ਸਿੰਘ ਰਾਜੋਆਣਾ ਤੇ ਭਾਈ ਜਗਤਾਰ ਸਿੰਘ ਹਵਾਰਾ ਸ਼ਾਮਲ ਹਨ ਅਤੇ ਬੀ ਕੈਟਾਗਰੀ ਵਿਚ ਭਾਈ ਜਗਤਾਰ ਸਿੰਘ ਤਾਰਾ, ਭਾਈ ਲਖਵਿੰਦਰ ਸਿੰਘ, ਭਾਈ ਗੁਰਮੀਤ ਸਿੰਘ ਤੇ ਭਾਈ ਸਮਸ਼ੇਰ ਸਿੰਘ ਪਰ ਦੂਜੇ ਪਾਸੇ ਭਾਈ ਜਗਤਾਰ ਸਿੰਘ ਤਾਰਾ ਨੂੰ ਉਮਰ ਕੈਦ ਭਾਈ ਜਗਤਾਰ ਸਿੰਘ ਹਵਾਰਾ ਦੇ ਨਾਲ ਦੀ ਸੁਣਾ ਦਿੱਤੀ ਗਈ ਜਦ ਕਿ ਭਾਈ ਜਗਤਾਰ ਸਿੰਘ ਤਾਰਾ ਦਾ ਕੇਸ ਭਾਈ ਜਗਤਾਰ ਸਿੰਘ ਹਵਾਰਾ ਤੇ ਭਾਈ ਬਲਵੰਤ ਸਿੰਘ ਰਾਜੋਆਣਾ ਵਰਗਾ ਨਹੀਂ ਸਗੋਂ ਭਾਈ ਲਖਵਿੰਦਰ ਸਿੰਘ, ਭਾਈ ਗੁਰਮੀਤ ਸਿੰਘ ਤੇ ਭਾਈ ਸਮਸ਼ੇਰ ਸਿੰਘ ਵਰਗਾ ਸੀ ਤਾਂ ਭਾਈ ਜਗਤਾਰ ਸਿੰਘ ਤਾਰੇ ਨੂੰ ਸਜ਼ਾ ਉਮਰ ਕੈਦ ਹੀ ਦੇਣੀ ਚਾਹੀਦੀ ਸੀ ਨਾ ਕਿ ਸਾਰੀ ਉਮਰ ਦੀ ਉਮਰ ਕੈਦ। ਜਿਕਰਯੋਗ ਹੈ ਕਿ ਭਾਈ ਜਗਤਾਰ ਸਿੰਘ ਹਵਾਰੇ ਦੀ ਫਾਂਸੀ ਦੀ ਸਜ਼ਾ ਨੂੰ ਸਾਰੀ ਉਮਰ ਦੀ ਉਮਰ ਕੈਦ ਵਿਚ ਤਬਦੀਲ ਕਰਦਿਆਂ ਹਾਈ ਕੋਰਟ ਨੇ ਕਿਹਾ ਕਿ ਭਾਵੇਂ ਕਿ ਭਾਈ ਜਗਤਾਰ ਸਿੰਘ ਹਵਾਰਾ ਸਾਜ਼ਿਸ ਦੀ ਏ ਕੈਟਾਗਰੀ ਵਿਚ ਸ਼ਾਮਲ ਸੀ ਪਰ ਕਿਉਂਕਿ ਉਹ ਮੌਕੇ ਪਰ ਹਾਜ਼ਰ ਨਹੀਂ ਸੀ ਇਸ ਲਈ ਇਸਨੂੰ ਦੁਰਲਭ ਤੋਂ ਦੁਰਲਭ ਕੇਸ ਨਹੀਂ ਕਿਹਾ ਜਾ ਸਕਦਾ। ਇਸ ਲਈ ਇਹ ਸਮਝਣਾ ਔਖਾ ਨਹੀਂ ਕਿ ਭਾਈ ਜਗਤਾਰ ਸਿੰਘ ਤਾਰੇ ਦਾ ਕੇਸ ਸਾਜ਼ਿਸ ਦੀ ਬੀ ਕੈਟਾਗਰੀ ਦਾ ਮੰਨਿਆ ਗਿਆ ਹੈ ਅਤੇ ਭਾਈ ਜਗਤਾਰ ਸਿੰਘ ਤਾਰੇ ਦੀ ਸਜ਼ਾ ਅਪੀਲ ਵਿਚ ਸਾਰੀ ਉਮਰ ਦੀ ਉਮਰ ਕੈਦ ਟੁੱਟ ਕੇ ਉਮਰ ਕੈਦ ਵਿਚ ਤਬਦੀਲ ਹੋ ਸਕਦੀ ਹੈ, ਭਾਵੇਂਕਿ ਉਮਰ ਕੈਦ ਅਤੇ ਸਾਰੀ ਉਮਰ ਦੀ ਉਮਰ ਕੈਦ ਵਿਚ ਕਾਨੂੰਨਨ ਜਾਂ ਸਿਆਸੀ ਤੌਰ ‘ਤੇ ਕੋਈ ਭਿੰਨਤਾ ਨਹੀਂ ਪਰ ਭਾਈ ਜਗਤਾਰ ਸਿੰਘ ਤਾਰੇ ਨੂੰ ਜੇ ਕਰ ਸਾਰੀ ਉਮਰ ਦੀ ਉਮਰ ਕੈਦ ਦੀ ਥਾਂ ਉਮਰ ਕੈਦ ਸੁਣਾਈ ਜਾਂਦੀ ਤਾਂ ਉਹਨਾਂ ਨੂੰ ਭਾਈ ਲਖਵਿੰਦਰ ਸਿੰਘ, ਭਾਈ ਗੁਰਮੀਤ ਸਿੰਘ ਤੇ ਭਾਈ ਸਮਸ਼ੇਰ ਸਿੰਘ ਵਾਂਗ ਪੈਰੋਲ ਵੀ ਮਿਲ ਸਕਦੀ ਹੈ ਜੋ ਕਿ ਪੱਕੀ ਰਿਹਾਈ ਦਾ ਮਜਬੂਤ ਆਧਾਰ ਬਣ ਸਕਦਾ ਹੈ।

ਸਾਰੀ ਉਮਰ ਦੀ ਉਮਰ ਕੈਦ ਲਈ ਭਾਈ ਜਗਤਾਰ ਸਿੰਘ ਹਵਾਰਾ ਤੇ ਭਾਈ ਜਗਤਾਰ ਸਿੰਘ ਤਾਰਾ ਨੂੰ ਸਜ਼ਾ ਦੇਣ ਲਈ ਜੋ ਜੱਜਮੈਂਟ ਸਿੱਧੇ ਰੂਪ ਵਿਚ ਵਰਤੀ ਗਈ ਉਸਦਾ ਫੈਸਲਾ ਭਾਰਤੀ ਸੁਪਰੀਮ ਕੋਰਟ ਦੇ ਤੀਹਰੇ ਬੈਂਚ ਵਲੋਂ 22 ਜੁਲਾਈ 2008 ਨੂੰ ਸਵਾਮੀ ਸ਼ਰਧਾਨੰਦ ਉਰਫ ਮੁਰਲੀ ਮਨੋਹਰ ਜੋਸ਼ੀ ਦੇ ਕੇਸ ਵਿਚ ਕੀਤਾ ਗਿਆ ਸੀ ਜਿਸ ਵਿਚ ਸ਼ਰਧਾਨੰਦ ਦੀ ਫਾਂਸੀ ਦੀ ਸਜ਼ਾ ਤੋੜ ਕੇ ਸਾਰੀ ਉਮਰ ਦੀ ਉਮਰ ਕੈਦ ਵਿਚ ਤਬਦੀਲ ਕਰ ਦਿੱਤੀ ਗਈ ਸੀ।ਇਸ ਕੇਸ ਦਾ ਪਿਛੋਕੜ ਸੀ ਕਿ ਸ਼ਰਧਾਨੰਦ ਜੋ ਕਿ ਇਕ ਧਾਰਮਿਕ ਦੰਭੀ ਸੀ, ਨੇ ਕਰੋੜਾਂ ਦੀ ਪ੍ਰਾਪਰਟੀ ਦੀ ਮਾਲਕ ਇਕ ਤਲਾਕਸ਼ੁਦਾ ਮੁਸਲਮਾਨ ਔਰਤ ਨਾਲ ਵਿਆਹ ਕਰਵਾਇਆ ਅਤੇ ਉਸਨੂੰ ਐਨਾ ਜਿਆਦਾ ਵਿਸ਼ਵਾਸ ਵਿਚ ਲਿਆ ਕਿ ਮਈ 1991 ਵਿਚ ਇਕ ਦਿਨ ਸ਼ਰਧਾਨੰਦ ਨੇ ਆਪਣੀ ਪਤਨੀ ਨੂੰ ਡੂੰਘੀ ਨੀਂਦ ਵਿਚ ਹੁੰਦਿਆਂ ਇਕ ਬਕਸੇ ਵਿਚ ਬੰਦ ਕਰ ਦਿੱਤਾ ਅਤੇ ਉਸ ਬਕਸੇ ਨੂੰ ਘਰ ਵਿਚ ਇਕ ਟੋਆ ਪੁੱਟ ਕੇ ਉਸ ਵਿਚ ਦੱਬ ਦਿੱਤਾ। ਇਸ ਕਤਲ ਬਾਰੇ ਖੁਲਾਸਾ ਮਾਰਚ 1994 ਵਿਚ ਹੋਇਆ ਅਤੇ ਸ਼ਰਧਾਨੰਦ ਨੂੰ ਪਹਿਲਾਂ ਫਾਂਸੀ ਦੀ ਸਜ਼ਾ ਹੋਈ ਤੇ ਬਾਅਦ ਵਿਚ ਫਾਂਸੀ ਦੀ ਸਜ਼ਾ ਨੂੰ ਸਾਰੀ ਉਮਰ ਦੀ ਉਮਰ ਕੈਦ ਵਿਚ ਤਬਦੀਲ ਕਰ ਦਿੱਤਾ ਗਿਆ। ਜਿਕਰਯੋਗ ਹੈ ਕਿ ਸ਼ਰਧਾਨੰਦ ਦਾ ਕੇਸ ਸਿੱਧੇ ਕਤਲ ਦਾ ਕੇਸ ਹੈ ਪਰ ਭਾਈ ਜਗਤਾਰ ਸਿੰਘ ਹਵਾਰੇ ਤੇ ਭਾਈ ਜਗਤਾਰ ਸਿੰਘ ਤਾਰੇ ਦਾ ਕੇਸ ਸਿੱਧੇ ਕਤਲ ਦਾ ਨਾ ਹੋ ਕੇ ਕਤਲ ਦੀ ਸਾਜ਼ਿਸ਼ ਦਾ ਹੈ।

ਸਾਰੀ ਉਮਰ ਦੀ ਉਮਰ ਕੈਦ ਲਈ ਜੋ ਦੂਸਰੀ ਮੁੱਖ ਜਜਮੈਂਟ ਵਰਤੀ ਜਾਂਦੀ ਹੈ ਉਸਦਾ ਫੈਸਲਾ ਭਾਰਤੀ ਸੁਪਰੀਮ  ਕੋਰਟ ਦੇ ਦੋਹਰੇ ਬੈਂਚ ਨੇ 16 ਸਤੰਬਰ 2005 ਨੂੰ ਮੁਹੰਮਦ ਮੁੰਨਾ ਦੇ ਕੇਸ ਵਿਚ ਕੀਤਾ ਸੀ ਜੋ ਕਿ ਸਿੱਧੇ ਕਤਲ ਕੇਸ ਵਿਚ ਉਮਰ ਕੈਦ ਦੀ ਸਜ਼ਾ ਭੁਗਤ ਰਿਹਾ ਸੀ। ਸੁਪਰੀਮ ਕੋਰਟ ਨੇ ਕਿਹਾ ਕਿ ਇਸ ਕੇਸ ਵਿਚ ਵੀ ਕਿਹਾ ਕਿ ਉਮਰ ਕੈਦ ਦਾ ਮਤਲਬ ਰਹਿੰਦੀ ਸਾਰੀ ਕੁਦਰਤੀ ਜਿੰਦਗੀ ਦੀ ਕੈਦ ਹੈ ਅਤੇ ਸਰਕਾਰ ਛੋਟ ਅਤੇ ਰਿਹਾਈ ਦੇ ਸਕਦੀ ਹੈ।

ਜੇ ਸਾਰੀ ਉਮਰ ਦੀ ਉਮਰ ਕੈਦ ਦੇ ਪਿਛੋਕੜ ਵਿਚ ਝਾਤ ਮਾਰੀਏ ਤਾਂ ਭਾਰਤੀ ਸੁਪਰੀਮ ਕੋਰਟ ਵਲੋਂ ਦਿੱਤੇ ਗਏ ਫੈਸਲਿਆਂ ਵਿਚ ਮਹਾਤਮਾ ਗਾਂਧੀ ਦੇ ਕਤਲ ਕੇਸ ਦੀ ਸਾਜ਼ਿਸ਼ ਵਿਚ ਸ਼ਾਮਲ ਨੱਥੂ ਰਾਮ ਗੋਂਡਸੇ ਦੇ ਭਰਾ ਗੋਪਾਲ ਵਿਨਾਇਕ ਗੋਂਡਸੇ ਦੇ ਕੇਸ ਨੂੰ ਵਾਚਣਾ ਜਰੂਰੀ ਹੈ ਜੋ ਕਿ ਸਾਰੀ ਉਮਰ ਦੀ ਉਮਰ ਕੈਦ ਦੀ ਸਜ਼ਾ ਦੇਣ ਦਾ ਆਧਾਰ ਹੈ ਅਤੇ ਭਾਈ ਜਗਤਾਰ ਸਿੰਘ ਹਵਾਰਾ ਤੇ ਭਾਈ ਜਗਤਾਰ ਸਿੰਘ ਤਾਰਾ ਨੂੰ ਸਾਰੀ ਉਮਰ ਦੀ ਉਮਰ ਕੈਦ ਦਿੰਦਿਆਂ ਇਸ ਕੇਸ ਦਾ ਖਾਸ ਜ਼ਿਕਰ ਕੀਤਾ ਗਿਆ ਹੈ। ਇਸ ਕੇਸ ਦੀ ਸੁਣਵਾਈ ਸੁਪਰੀਮ ਕੋਰਟ ਦੇ ਪੰਜ ਜੱਜਾਂ ਦੇ ਵੱਡੇ ਬੈਂਚ ਨੇ ਕੀਤੀ ਸੀ ਅਤੇ ਇਸ ਦਾ ਫੈਸਲਾ 12 ਜਨਵਰੀ 1961 ਨੂੰ ਕੀਤਾ ਗਿਆ ਸੀ।ਇਸ ਕੇਸ ਦੀ ਜਜਮੈਂਟ ਪੜ੍ਹਿਆਂ ਹੀ ਪਤਾ ਲੱਗ ਜਾਂਦਾ ਹੈ ਕਿ ਉਮਰ ਕੈਦ ਦਾ ਮਤਲਬ ਸਾਰੀ ਉਮਰ ਦੀ ਉਮਰ ਕੈਦ ਹੈ ਪਰ ਨਾਲ ਹੀ ਕਿਹਾ ਗਿਆ ਹੈ ਕਿ ਸਿਰਫ ਸਰਕਾਰ ਹੀ ਸਜ਼ਾ ਵਿਚ ਕਟੌਤੀ ਕਰ ਸਕਦੀ ਹੈ ਭਾਵ ਕਿ ਜੇ ਸਰਕਾਰ ਚਾਹੇ ਤਾਂ ਰਿਹਾਅ ਕਰ ਸਕਦੀ ਹੈ ਅਤੇ ਅਜਿਹਾ ਹੋਇਆ ਵੀ ਅਤੇ 1919 ਵਿਚ ਜਨਮਿਆ ਗੋਪਾਲ ਵਿਨਾਇਕ ਗੋਂਡਸੇ 1948 ਵਿਚ ਗ੍ਰਿਫਤਾਰੀ ਤੋਂ ਬਾਅਦ 16 ਸਾਲ ਦੀ ਕੈਦ ਕੱਟਣ ਤੋਂ ਬਾਅਦ ਅਕਤੂਬਰ 1964 ਵਿਚ ਮਹਾਤਮਾ ਗਾਂਧੀ ਕਤਲ ਕੇਸ ਦੀ ਸਾਰੀ ਉਮਰ ਦੀ ਉਮਰ ਕੈਦ ਵਿਚੋਂ ਰਿਹਾਅ ਹੋ ਗਿਆ ਅਤੇ ਉਸਦੀ ਮੌਤ ਪੁਨੇ ਵਿਚ 26 ਨਵੰਬਰ 2005 ਨੂੰ ਹੋਈ। ਜੇ ਮਹਾਤਮਾ ਗਾਂਧੀ ਦੇ ਕਤਲ ਦੀ ਸਾਜ਼ਿਸ਼ ਵਿਚ ਸ਼ਾਮਲ ਗੋਪਾਲ ਵਿਨਾਇਕ ਗੋਂਡਸੇ 16 ਸਾਲ ਦੀ ਕੈਦ ਤੋਂ ਬਾਅਦ ਰਿਹਾਅ ਹੋ ਸਕਦਾ ਹੈ ਤਾਂ 20-22-25-27 ਸਾਲ ਤੱਕ ਸਜ਼ਾਵਾਂ ਕੱਟਣ ਵਾਲੇ ਸਿੰਘ ਕਿਉਂ ਨੀਂ ਰਿਹਾਅ ਕੀਤੇ ਜਾ ਸਕਦੇ? ਇਸਦਾ ਜਵਾਬ ਮੇਰੇ ਸਮੇਤ ਸਭ ਕੋਲ ਹੈ ਪਰ ਕੀ ਸਾਨੂੰ ਇਸ ਸਿਸਟਮ ਨੂੰ ਨੰਗਾ ਕਰਨ ਲਈ ਇਸਨੂੰ ਵਰਤਣਾ ਨਹੀਂ ਚਾਹੀਦਾ? ਜਾਂ ਕੀ ਸਰਕਾਰਾਂ ਵਾਂਗ ਅਸੀਂ ਵੀ ਆਪਣੇ ਜੋਧਿਆਂ ਨੂੰ ਜੇਲ੍ਹਾਂ ਵਿਚ ਰੱਖ ਕੇ ਸਿਆਸਤ ਕਰਨ ਦੇ ਹੀ ਚਾਹਵਾਨ ਹਾਂ? ਕੀ ਅਸੀਂ ਨਿੱਜੀ ਸਵਾਰਥ ਭੂੱਲ ਕੇ ਭਾਰਤੀ ਸਿਸਟਮ ਉਪਰ ਇਹਨਾਂ ਰਿਹਾਈਆਂ ਲਈ ਕੋਈ ਬੱਝਵਾਂ ਦਬਾਅ ਪਾਉਂਣ ਵਿਚ ਕਾਮਯਾਬ ਨਹੀਂ ਹੋ ਸਕੇ ?

ਸੋ ਸਾਨੂੰ ਉਮਰ ਕੈਦ ਅਤੇ ਸਾਰੀ ਉਮਰ ਦੀ ਉਮਰ ਕੈਦ ਦੇ ਰੌਲੇ ਤੇ ਸਿਆਸਤ ਨੂੰ ਸਮਝਣਾ ਚਾਹੀਦਾ ਹੈ ਅਤੇ ਹਰ ਮੁਹਾਜ਼ ਉਪਰ ਇਹ ਲੜਾਈ ਜਾਰੀ ਰੱਖਣੀ ਚਾਹੀਦੀ ਹੈ ਬਸ਼ਰਤੇ ਕਿ ਇਸ ਵਿਚ ਨਿੱਜੀ ਹਿੱਤਾਂ ਦੀ ਥਾਂ ਸਾਂਝੇ ਹਿੱਤਾਂ ਦੀ ਪੂਰਤੀ ਹੋ ਸਕੇ।
ਪੰਥ ਦਾ ਵਾਲੀ ਕਲਗੀਆਂ ਵਾਲਾ ਆਪ ਸਹਾਈ ਹੋਵੇਗਾ।

ਭਗਤ ਸਿੰਘ ਦੇ ਵਾਰਸ ਕਿੱਧਰ ਨੂੰ..?

ਅੱਜ ਸਵੇਰੇ ਨਿੱਤ ਨੇਮ ਤੋਂ ਵਿਹਲੀ ਹੋ, ਮੈਂ ਰੋਜ਼ਾਨਾ ਦੀ ਤਰ੍ਹਾਂ ਵਟਸਐਪ ਦੇ ਮੈਸਜ ਦੇਖਣ ਲਗ ਪਈ। ਵੱਖ ਵੱਖ ਗਰੁੱਪਾਂ ‘ਚੋਂ ਆਏ ਢੇਰ ਸਾਰੇ ਮੈਸਜ ਦੇਖਣ ਬਾਅਦ, ਡਲੀਟ ਕਰਕੇ, ਹਰ ਰੋਜ਼ ਫੋਨ ਨੂੰ ਹੌਲ਼ਾ ਕਰਨਾ ਪੈਂਦਾ ਹੈ, ਤਾਂ ਕਿ ਅਗਲੇ ਦਿਨ ਲਈ ਜਗ੍ਹਾ ਬਣਾਈ ਜਾ ਸਕੇ। ‘ਦੁਖਦਾਈ ਖਬਰ- ਪੰਜਾਬ ‘ਚ ਕੁੜੀ ਦੇ ਵਿਆਹ ਮੌਕੇ, ਪਿਉ ਦੇ ਦੋਸਤ ਵਲੋਂ ਸ਼ੁਗਲ ਵਜੋਂ ਚਲਾਈ ਗੋਲੀ ਨਾਲ, 22 ਸਾਲਾ ਮੁਟਿਆਰ ਦੀ ਮੌਤ’ ਦਾ ਮੈਸਜ ਪੜ੍ਹਦਿਆਂ ਮੇਰਾ ਦਿੱਲ ਵਲੂੰਧਰਿਆ ਗਿਆ। ਮੈਂ ਸੋਚਣ ਤੇ ਮਜਬੂਰ ਹੋ ਗਈ ਕਿ- ਅਸੀਂ ਪੰਜਾਬੀ ਜੋ ਆਪਣੇ ਆਪ ਨੂੰ ਭਗਤ ਸਿੰਘ ਤੇ ਸਰਾਭੇ ਵਰਗਿਆਂ ਦੇ ਵਾਰਸ ਮੰਨਦੇ ਹਾਂ- ਕਿਧਰ ਨੂੰ ਜਾ ਰਹੇ ਹਾਂ ਆਖਿਰ? ਕਿਉਂ ਸਾਡੀ ਮੱਤ ਤੇ ਪੜਦਾ ਪੈ ਗਿਆ? ਸਾਡੀ ਸੋਚ ਹਥਿਆਰਾਂ ਤੱਕ ਹੀ ਸੀਮਤ ਕਿਉਂ ਰਹਿ ਗਈ?

ਇਹ ਪਹਿਲਾ ਕੇਸ ਨਹੀਂ ਹੈ ਪੰਜਾਬ ਵਿੱਚ। ਆਪਾਂ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਘਟਨਾਵਾਂ ਬਾਰੇ ਜਾਣਦੇ ਹਾਂ। ਕਦੇ ਇਹਨਾਂ ਸ਼ੁਗਲਾਂ ਨਾਲ, ਕਿਸੇ ਡਾਂਸਰ ਲੜਕੀ ਦੀ ਜਾਨ ਚਲੀ ਜਾਂਦੀ ਹੈ- ਕਦੇ ਵਿਆਹ ਦੇਖਣ ਆਇਆ ਕੋਈ ਨੌਜਵਾਨ ਮਾਰਿਆ ਜਾਂਦਾ ਹੈ- ਕਦੇ ਕਿਸੇ ਹੋਰ ਨਜ਼ਦੀਕੀ ਰਿਸ਼ਤੇਦਾਰ ਦੀ ਮੌਤ ਹੋ ਜਾਂਦੀ ਹੈ ਤੇ ਵਿਆਹ ਦੀ ਥਾਂ ਘਰ ਵਿੱਚ ਸੋਗ ਪੈ ਜਾਂਦਾ ਹੈ। ਇਹ ਹਥਿਅਰ ਕੋਈ ਬਚਿਆਂ ਦੇ ਖਿਡੌਣੇ ਨਹੀਂ ਕਿ ਸ਼ੁਗਲ ਲਈ ਵਿਆਹ ਵਿੱਚ ਲਿਜਾਏ ਜਾਣ। ਕਿਉਂ ਨਹੀਂ ਮਨ੍ਹਾਹੀ ਹੁੰਦੀ, ਹਥਿਆਰਾਂ ਦੇ ਪੈਲਿਸ ਵਿੱਚ ਲਿਜਾਣ ਤੇ? ਜਦੋਂ ਕੋਈ ਮੰਦਭਾਗੀ ਘਟਨਾ ਵਾਪਰਦੀ ਹੈ ਤਾਂ ਚਾਰ ਦਿਨ ਰੌਲ਼ਾ ਪੈਂਦਾ ਹੈ ਫਿਰ ਪਰਨਾਲਾ ਉਥੇ ਦਾ ਉਥੇ। ਸਰਕਾਰਾਂ ਪੈਲਸ ਵਾਲਿਆਂ ਨੂੰ ਕਹਿ ਛੱਡਦੀਆਂ ਹਨ ਤੇ ਉਹ ਲੋਕਾਂ ਨੂੰ ਕਸੂਰਵਾਰ ਦੱਸ ਕੇ- ਗੋਂਗਲੂਆਂ ਤੋਂ ਮਿੱਟੀ ਝਾੜ ਛੱਡਦੇ ਹਨ। ਅਸਲ ਵਿੱਚ ਜੇ ਸੋਚਿਆ ਜਾਵੇ ਤਾਂ ਕਸੂਰਵਾਰ ਤਾਂ ਸਾਰੇ ਹੀ ਹਨ। ਜੇ ਸਰਕਾਰ ਪੈਲਸਾਂ ਤੇ ਸ਼ਿਕੰਜਾ ਕੱਸੇ ਤੇ ਜਿੱਥੇ ਕੋਈ ਅਜਿਹੀ ਘਟਨਾ ਵਾਪਰੇ, ਉਸ ਦਾ ਲਾਇਸੈਂਸ ਰੱਦ ਕਰ ਦੇਵੇ ਤਾਂ ਉਹ ਆਪੇ ਹੀ ਪਹਿਰਾ ਦੇਣਗੇ ਗੇਟ ਤੇ ਕਿ- ਕੋਈ ਬੰਦਾ ਹਥਿਆਰ ਲੈ ਕੇ ਅੰਦਰ ਨਾ ਆਵੇ- ਤੇ ਫਿਰ ਆਪੇ ਸਾਡੇ ਲੋਕਾਂ ਨੂੰ ਵੀ ਸਮਝ ਆ ਜਾਏਗੀ।
ਹੁਣ ਸੋਚਣ ਵਾਲੀ ਗੱਲ ਇਹ ਹੈ ਕਿ- ਕੀ ਸਾਡੇ ਸ਼ਹੀਦਾਂ ਨੇ ਇਹ ਹਥਿਆਰਾਂ ਦੀ ਆਜ਼ਾਦੀ ਲਈ ਆਪਣੀਆਂ ਜਾਨਾਂ ਵਾਰੀਆਂ ਸਨ? ਉਹਨਾਂ ਤਾਂ ਸਾਡੇ ਉੱਜਲੇ ਭਵਿੱਖ ਦੇ ਸੁਪਨੇ ਸਿਰਜੇ ਸਨ- ਜਿੱਥੇ ਹਰ ਕੋਈ ਬਰਾਬਰ ਹੋਵੇ, ਲੁੱਟ ਖਸੁੱਟ ਖਤਮ ਹੋਵੇ, ਮਨੁਖੀ ਅਧਿਕਾਰਾਂ ਦੀ ਰਾਖੀ ਹੋਵੇ, ਤੇ ਬੇਹਤਰ ਸਮਾਜ ਦੀ ਸਿਰਜਣਾ ਹੋਵੇ। ਪਰ ਕੀ ਅਸੀਂ ਉਸ ਸੋਚ ਤੇ ਪਹਿਰਾ ਦਿੱਤਾ ਹੈ? ਸਾਡੇ ਕਈ ਨੌਜਵਾਨ ਭਗਤ ਸਿੰਘ ਦੀ ਪਿਸਤੌਲ ਵਾਲੀ ਫੋਟੋ ਨੂੰ ਹੀ ਆਪਣਾ ਰੋਲ ਮਾਡਲ ਬਣਾ, ਉਸੇ ਤਰ੍ਹਾਂ ਟੋਪੀ ਪਾ ਕੇ ਤੇ ਹੱਥ ਵਿੱਚ ਪਿਸਤੌਲ ਫੜਕੇ- ਭਗਤ ਸਿੰਘ ਵਰਗਾ ਹੋਣ ਦਾ ਭਰਮ ਪਾਲ਼ ਲੈਂਦੇ ਹਨ। ਉਹਨਾਂ ਨੂੰ ਮੈਂ ਦੱਸਣਾ ਚਾਹੁੰਦੀ ਹਾਂ ਕਿ ਭਗਤ ਸਿੰਘ ਇੱਕ ਸੋਚ ਦਾ ਨਾਂ ਹੈ। ਉਸਦਾ ਭੇਸ ਬਦਲਨਾ- ਸਮੇਂ ਦੀ ਲੋੜ ਅਨੁਸਾਰ, ਉਸ ਦੇ ਮਿਸ਼ਨ ਦੀ ਪੂਰਤੀ ਲਈ, ਸ਼ਾਇਦ ਉਸ ਦੀ ਮਜਬੂਰੀ ਸੀ। ਉਸ ਦੀ ਫਾਂਸੀ ਤੋਂ ਪਹਿਲਾਂ ਦੀ ਜੇਲ੍ਹ ਵਿੱਚ ਮੰਜੀ ਤੇ ਬੈਠੇ ਦੀ ਫੋਟੋ ਦੇਖੋ- ਤੁਹਾਨੂੰ ਉਸ ਦੇ ਸਿਰ ਤੇ ਜੂੜਾ ਵੀ ਨਜ਼ਰ ਆਏਗਾ।

ਭਗਤ ਸਿੰਘ ਦੀ ਸੋਚ ਤੇ ਪਹਿਰਾ ਦੇਣ ਵਾਲੀਆਂ ਸਭਾ ਸੁਸਾਇਟੀਆਂ ਨੂੰ ਵੀ ਮੇਰੀ ਅਪੀਲ ਹੈ ਕਿ- ਉਸ ਦੀ ਸੋਚ ਦਾ ਪ੍ਰਚਾਰ ਕਰਨ ਲਈ, ਉਸ ਦੀ ਪਿਸਤੌਲ ਵਾਲੀ ਫੋਟੋ ਦੀ ਥਾਂ ਤੇ- ਉਸ ਦੀ ਦਸਤਾਰ ਵਾਲੀ ਜਾਂ ਪੁਸਤਕ ਪੜ੍ਹਦੇ ਦੀ ਜਾਂ ਕੁੱਝ ਲਿਖਦੇ ਦੀ ਫੋਟੋ ਵਰਤੀ ਜਾਵੇ। ਨੌਜਵਾਨਾਂ ਨੂੰ ਇਹ ਸਭ ਕੁੱਝ ਦੱਸਣ ਦੀ ਲੋੜ ਹੈ ਕਿ- ‘ਉਸ ਨੇ ਇੰਨੀ ਛੋਟੀ ਉਮਰ ਵਿੱਚ ਕਿੰਨਾ ਸਾਹਿਤ ਪੜ੍ਹਿਆ ਸੀ’ ‘ਉਹ ਹਰ ਗੱਲ ਦਲੀਲ ਨਾਲ ਕਰਦਾ ਸੀ’ ‘ਉਸ ਨੇ ਆਪਣੇ ਕੇਸ ਦੀ ਜੱਜ ਸਾਹਿਬਾਨ ਨਾਲ ਆਪੇ ਬਹਿਸ ਕੀਤੀ- ਕਿਸੇ ਵਕੀਲ ਦੀ ਜਰੂਰਤ ਨਹੀਂ ਸਮਝੀ’ ਆਦਿ। ਉਸ ਨੇ ਤਾਂ ਮਹਾਤਮਾ ਗਾਂਧੀ ਦੇ ਅਹਿੰਸਾ ਦੇ ਵਿਚਾਰ ਦਾ  ਖੰਡਨ ਕਰਦਿਆਂ ਹੋਇਆਂ ਵੀ ਕਿਹਾ ਸੀ ਕਿ- ਕੇਵਲ ਅਹਿੰਸਾ ਨਾਲ ਅਜ਼ਾਦੀ ਨਹੀਂ ਮਿਲਣੀ। ਉਸ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਮਿਸਾਲ ਦਿੰਦਿਆਂ ਕਿਹਾ ਸੀ ਕਿ- ਜਦੋਂ ਸਾਰੇ ਹੀਲੇ ਫੇਲ੍ਹ ਹੋ ਜਾਣ ਤਾਂ ਹਿੰਸਾ ਦਾ ਸਹਾਰਾ ਲੈਣਾ ਜਾਇਜ਼ ਹੈ। ਸੋ ਇਸ ਤੋਂ ਪਤਾ ਲਗਦਾ ਹੈ ਕਿ ਉਸ ਨੂੰ ਸਿੱਖ ਇਤਿਹਾਸ ਦਾ ਵੀ ਪੂਰਾ ਗਿਆਨ ਸੀ। ਗਿਆਨ ਦੀ ਕੋਈ ਸੀਮਾ ਨਹੀਂ ਹੁੰਦੀ। ਨੌਜਵਾਨਾਂ ਨੂੰ ਵੱਧ ਤੋਂ ਵੱਧ ਗਿਆਨ ਪ੍ਰਾਪਤ ਕਰਨ ਲਈ ਪੁਸਤਕਾਂ, ਤੇ ਖੇਡਾਂ ਨਾਲ ਜੋੜਿਆ ਜਾਵੇ ਤਾਂ ਕਿ ਇਸ ਹਥਿਆਰਾਂ ਦੇ ਰੁਝਾਨ ਨੂੰ ਨੱਥ ਪਾਈ ਜਾ ਸਕੇ।

ਕਈ ਲੋਕ ਲਿਖਣ ਬੋਲਣ ਦੀ ਆਜ਼ਾਦੀ ਦੀ ਵੀ ਗੱਲ ਕਰਦੇ ਹਨ। ਇਹ ਬਿਲਕੁੱਲ ਠੀਕ ਹੈ ਕਿ- ਭਗਤ ਸਿੰਘ ਵਰਗੇ ਸਭ ਆਜ਼ਾਦੀ ਦੇ ਪਰਵਾਨਿਆਂ ਦਾ ਇਹ ਵੀ ਸੁਪਨਾ ਸੀ। ਸੋ ਜੇ ਸਾਡੇ ਮੁਲਕ ਵਿੱਚ ਕੁੱਝ ਗਲਤ ਹੋ ਰਿਹਾ, ਕਿਧਰੇ ਜ਼ੁਲਮ ਹੋ ਰਿਹਾ ਜਾਂ ਕੋਈ ਬੁਰਾਈ ਫੈਲ ਰਹੀ ਹੈ ਤਾਂ ੳੇੁਸ ਦੇ ਵਿਰੁੱਧ ਆਵਾਜ਼ ਉਠਾਉਣ ਦੀ ਆਜ਼ਾਦੀ ਹੋਣੀ ਲਾਜ਼ਮੀ ਹੈ ਤੇ ਹੋਣੀ ਵੀ ਚਾਹੀਦੀ ਹੈ। ਸਚਾਈ ਨੂੰ ਉਜਾਗਰ ਕਰਨ ਵਾਲਿਆਂ ਦੇ ਕਤਲ ਹੋਣੇ- ਆਜ਼ਾਦ ਮੁਲਕ ਦੀ ਨਿਸ਼ਾਨੀ ਨਹੀਂ। ਪਰ ਇਸ ਦਾ ਮਤਲਬ ਇਹ ਨਹੀਂ ਕਿ ਲਿਖਣ, ਬੋਲਣ ਜਾਂ ਗਾਉਣ ਵਾਲੇ ਦੀ ਸਮਾਜ ਪ੍ਰਤੀ ਕੋਈ ਜ਼ਿੰਮੇਵਾਰੀ ਨਹੀਂ। ਕਈ ਲੇਖਕ (ਸਾਰੇ ਨਹੀਂ) ਇਸ ਆਜ਼ਾਦੀ ਦਾ ਨਜ਼ਾਇਜ ਫਾਇਦਾ ਉਠਾਉਂਦੇ ਹੋਏ, ਆਪਣੇ ਆਪ ਨੂੰ ਅਗਾਂਹ-ਵਧੂ ਸਿੱਧ ਕਰਨ ਲਈ- ਆਪਣੀਆਂ ਲਿਖਤਾਂ ਵਿੱਚ ਸਤਿਕਾਰਯੋਗ ਪੀਰਾਂ ਫਕੀਰਾਂ ਨਾਲ ਨਿੰਦਣਯੋਗ ਟਿੱਪਣੀਆਂ ਲਾ ਕੇ ਆਪਣੀਆਂ ਲਿਖਤਾਂ ਵਿੱਚ ਪ੍ਰੋ ਦਿੰਦੇ ਹਨ, ਤੇ ਕਈਆਂ ਨੂੰ ਆਪਣੇ ਗੀਤਾਂ ਵਿੱਚ ਹਥਿਆਰਾਂ ਤੇ ਕੁੜੀਆਂ ਤੋਂ ਬਿਨਾ ਲਿਖਣ ਲਈ ਹੋਰ ਕੁੱਝ ਸੁੱਝਦਾ ਹੀ ਨਹੀਂ। ਭਾਈ, ਜੇ ਸਾਨੂੰ ਲੇਖਕਾਂ ਨੂੰ ਕਲਮ ਦੀ ਦਾਤ ਮਿਲੀ ਹੈ ਤਾਂ ਸਾਡੇ ਮੋਢਿਆਂ ਤੇ ਇੱਕ ਬੜੀ ਵੱਡੀ ਜ਼ਿੰਮੇਵਾਰੀ ਵੀ ਹੈ। ਸਾਨੂੰ ਸਮਾਜ ਪ੍ਰਤੀ ਜਵਾਬਦੇਹ ਵੀ ਹੋਣਾ ਪਵੇਗਾ। ਸਾਡੀਆਂ ਲਿਖਤਾਂ ਦਾ ਮਨੋਰਥ ਬੇਹਤਰ ਸਮਾਜ ਦੀ ਸਿਰਜਣਾ ਹੋਣਾ ਚਾਹੀਦਾ ਹੈ ਨਾ ਕਿ ਆਪਣੀ ਫੋਕੀ ਸ਼ੋਹਰਤ ਲਈ ਊਟ-ਪਟਾਂਗ ਲਿਖੀ ਜਾਣਾ, ਬੋਲੀ ਜਾਣਾ ਜਾਂ ਗਾਈ ਜਾਣਾ। ਇਸ ਤਰ੍ਹਾਂ ਦੇ ਸਮਾਜਵਾਦ ਦਾ ਨਾਅਰਾ ਨਹੀਂ ਸੀ ਲਾਇਆ ਭਗਤ ਸਿੰਘ ਨੇ।

ਮੈਂ ਕਿਸੇ ਮਹਾਨ ਲੇਖਕ ਦੀ ਜੀਵਨੀ ਪੜ੍ਹ ਰਹੀ ਸੀ। ਉਹ ਲਿਖਦੇ ਹਨ ਕਿ- ਮੈਂ ਸਕੂਲ ਪੜ੍ਹਦਿਆਂ ਆਪਣੇ ਅਧਿਆਪਕ ਦਾ ਮੌਜੂ ਬਨਾਉਣ ਲਈ ਇੱਕ ਕਵਿਤਾ ਲਿਖੀ ਤੇ ਸਾਥੀਆਂ ਨੂੰ ਸੁਣਾਈ। ਬੱਚੇ ਬੜੇ ਖੁਸ਼ ਹੋਏ ਤੇ ਮੈਂਨੂੰ ਸ਼ਬਾਸ਼ ਦੇਣ ਲੱਗੇ। ਦੂਜੇ ਦਿਨ ਇੱਕ ਸ਼ਰਾਰਤੀ ਲੜਕੇ ਨੇ ਮੇਰੀ ਕਿਤਾਬ ਵਿਚੋਂ ਉਹ ਕਵਿਤਾ ਵਾਲਾ ਕਾਗਜ਼ ਚੋਰੀ ਕਰਕੇ ਮਾਸਟਰ ਜੀ ਨੂੰ ਦੇ ਦਿੱਤਾ। ਉਹਨਾਂ ਪੜ੍ਹਿਆ ਤੇ ਮੈਂਨੂੰ ਸਟਾਫ ਰੂਮ ਵਿੱਚ ਸੱਦ ਲਿਆ। ਮੈਂ ਡਰ ਨਾਲ ਕੰਬਣ ਲੱਗਾ ਕਿ- ‘ਹੁਣ ਮੇਰੀ ਸ਼ਾਮਤ ਆ ਗਈ’। ਪਰ ਉਹਨਾਂ ਮੈਂਨੂੰ ਕਿਹਾ-‘ਤੇਰੇ ਤੇ ਖ਼ੁਦਾ ਦੀ ਬੜੀ ਰਹਿਮਤ ਹੈ- ਉਸ ਨੇ ਤੇਰੀ ਝੋਲੀ ਸ਼ਾਇਰੀ ਦੀ ਦਾਤ ਪਾਈ ਹੈ ਪਰ ਇਸ ਨੂੰ ਕਾਲੇ ਲੇਖ ਲਿਖਣ ਲਈ ਨਾ ਵਰਤ। ਸਮਾਜ ਨੂੰ ਬੇਹਤਰ ਬਨਾਉਣ ਲਈ ਸ਼ਾਇਰੀ ਲਿਖ’। ਤੇ ਉਹਨਾਂ ਮੈਂਨੂੰ ਕਈ ਸ਼ਾਇਰਾਂ ਦੀਆਂ ਕਿਤਾਬਾਂ ਲਾਇਬ੍ਰੇਰੀ ਵਿਚੋਂ ਲਿਆ ਕੇ ਦਿੱਤੀਆਂ। ਉਹ ਕਹਿੰਦੇ ਹਨ ਕਿ- ‘ਮੈਂ ਜੋ ਕੁੱਝ ਵੀ ਹਾਂ ਆਪਣੇ ਉਸ ਗੁਰੂ ਦੀ ਬਦੌਲਤ ਹਾਂ’।
ਬਾਬਾ ਫਰੀਦ ਜੀ ਵੀ ਸਾਨੂੰ ਸਮਝਾ ਰਹੇ ਹਨ- ਫਰੀਦਾ ਜੇ ਤੂ ਅਕਲਿ ਲਤੀਫੁ ਕਾਲੇ ਲਿਖੁ ਨ ਲੇਖ॥(ਅੰਗ 1378)
ਸੋ ਮੈਂਨੂੰ ਲਗਦਾ ਕਿ ਇਸ ਤਰ੍ਹਾਂ ਦੀਆਂ ਲਿਖਤਾਂ ਲਿਖਣ ਵਾਲੇ ਮੇਰੇ ਵੀਰ ਵੀ, ਕਿਸੇ ਹਾਲਾਤ ਵੱਸ ਭਟਕ ਗਏ ਹਨ ਜਿਹਨਾਂ ਨੂੰ ਸਮਝਾਉਣ ਵਾਲਾ ਅਜੇ ਤੱਕ ਕੋਈ ਨਹੀਂ ਮਿਲਿਆ। ਪਰ ਕਹਿੰਦੇ ਹਨ ਕਿ- ਉਹੀ ਚੀਜ਼ ਮਾਰਕਿਟ ਵਿੱਚ ਵਿਕਦੀ ਹੈ ਜਿਸ ਦੀ ਪਬਲੀਸਿਟੀ ਹੋਵੇ ਜਾਂ ਮੰਗ ਹੋਵੇ। ਜੇ ਪਾਠਕ ਜਾਂ ਸਰੋਤੇ ਇਹ ਕੁੱਝ ਪੜ੍ਹਨਾ ਜਾਂ ਸੁਣਨਾ ਬੰਦ ਕਰ ਦੇਣ ਤਾਂ ਇਹ ਘਟੀਆ ਕਵਿਤਾਵਾਂ, ਲੱਚਰ ਗੀਤ ਜਾਂ ਘਟੀਆ ਸਾਹਿਤ ਆਪੇ ਹੀ ਬੰਦ ਹੋ ਜਾਏਗਾ।

ਇਥੇ ਹੀ ਬੱਸ ਨਹੀਂ- ਸਾਡੇ ਛੈਲ ਛਬੀਲੇ ਗੱਭਰੂ ਅੱਜ ਨਸ਼ਿਆਂ ਦੇ ਵਗਦੇ ਦਰਿਆ ਵਿੱਚ ਵੀ ਰੁੜ੍ਹਦੇ ਜਾ ਰਹੇ ਹਨ। ਸ਼ਾਇਦ ਹੀ ਪੰਜਾਬ ਦਾ ਕੋਈ ਕਰਮਾਂ ਵਾਲਾ ਘਰ ਹੋਏਗਾ ਜੋ ਨਸ਼ਿਆਂ ਦੀ ਮਾਰ ਤੋਂ ਬਚਿਆ ਹੋਵੇ। ਘਰਾਂ ਦੇ ਘਰ ਕੰਗਾਲ ਹੋ ਗਏ ਹਨ। ਨੌਜਵਾਨ ਮੁੰਡੇ ਕੁੜੀਆਂ ਕਾਲਜਾਂ ਵਿੱਚ ਪੜ੍ਹਦਿਆਂ ਹੀ ਇਸ ਅਲਾਮਤ ਦਾ ਸ਼ਿਕਾਰ ਹੋ ਜਾਂਦੇ ਹਨ। ਨਸ਼ੇ ਵੀ ਇੱਕ ਅਫੀਮ ਸ਼ਰਾਬ ਦੇ ਹੀ ਨਹੀਂ- ਬਹੁਤ ਕਿਸਮਾਂ ਦੇ ਆ ਗਏ ਹਨ- ਜੋ ਸਾਡੀ ਜੁਆਨੀ ਨੂੰ ਘੁਣ ਵਾਂਗ ਦਿਨੋ-ਦਿਨ ਖਾ ਰਹੇ ਹਨ। ਬਾਲ-ਬੱਚੇ ਰੁਲ਼ ਰਹੇ ਹਨ, ਬਾਪ ਕਰਜ਼ੇ ਦੇ ਬੋਝ ਥੱਲੇ ਫਸੇ ਖੁਦਕਸ਼ੀਆਂ ਕਰ ਰਹੇ ਹਨ- ਮਾਵਾਂ, ਭੈਣਾਂ ਵੈਣ ਪਾ ਰਹੀਆਂ ਹਨ। ਇਹ ਸਾਰਾ ਕੁੱਝ ਦੇਖ ਸੁਣ, ਜੇ ਸਾਡੇ ਮਨ ਦੁਖੀ ਹੋ ਰਹੇ ਹਨ- ਤਾਂ ਕੀ ਭਗਤ ਸਿੰਘ ਦੀ ਰੂਹ ਨਾ ਕੁਰਲਾਉਂਦੀ ਹੋਏਗੀ?

ਸਾਡੇ ਦੇਸ਼ ਵਿੱਚ ਦਿਨੋ-ਦਿਨ ਬਲਾਤਕਾਰ ਦੀਆਂ ਘਟਨਾਵਾਂ ਦੀ ਗਿਣਤੀ ਵਿੱਚ ਵੀ ਵਾਧਾ ਹੁੰਦਾ ਜਾ ਰਿਹਾ ਹੈ। ਪਤਾ ਨਹੀਂ ਕਿਉਂ ਮਨੁੱਖ ਭੇੜੀਆ ਬਣ ਗਿਆ ਹੈ- ਜੋ ਨੌਂ ਮਹੀਨੇ ਦੀ ਬੱਚੀ ਤੋਂ ਲੈ ਕੇ ਸੱਠ-ਸੱਤਰ ਦੀ ਔਰਤ ਨੂੰ ਵੀ ਨਹੀਂ ਬਖਸ਼ਦਾ? ਕੋਈ ਸਮਾਂ ਸੀ- ਪਿੰਡ ਦੀ ਧੀ ਭੈਣ ਸਭ ਦੀ ਸਾਂਝੀ ਹੁੰਦੀ ਸੀ। ਪਰ ਅੱਜ ਸਾਡੀਆਂ ਕੁੜੀਆਂ ਆਪਣੇ ਘਰਾਂ ਵਿੱਚ ਹੀ ਸੁਰੱਖਿਅਤ ਨਹੀਂ ਰਹੀਆਂ। ਮਾਪੇ ਵਿਚਾਰੇ ਕਿੱਥੇ ਕਿੱਥੇ ਹਿਫਾਜ਼ਤ ਕਰਨ ਆਪਣੀਆਂ ਬੱਚੀਆਂ ਦੀ? ਇੱਕ ਪਾਸੇ ਅਸੀਂ ਔਰਤ ਦੀ ਬਰਾਬਰੀ ਦੀ ਗੱਲ ਕਰਦੇ ਹਾਂ- ਤੇ ਦੂਜੇ ਪਾਸੇ ਇਕੱਲੀ ਦੁਕੱਲੀ ਔਰਤ ਨੂੰ ਜਿਸਮਾਨੀ ਛੇੜ-ਛਾੜ ਤੋਂ ਲੈ ਕੇ, ਹਵਸ ਦਾ ਸ਼ਿਕਾਰ ਬਨਾਉਣ ਤੋਂ ਵੀ ਗੁਰੇਜ਼ ਨਹੀਂ ਕਰਦੇ। ਇਹ ਕੁੱਝ ੳੁੱਧਰ ਹੀ ਨਹੀਂ, ਵਿਦੇਸ਼ਾਂ ਵਿੱਚ ਵੀ ਵਾਪਰਦਾ ਹੈ। ਮਰਦ ਇਹ ਕਿਉਂ ਭੁੱਲ ਜਾਂਦੇ ਹਨ ਕਿ- ਇਹ ਕੁੱਝ ਕੱਲ੍ਹ ਨੂੰ ਉਹਨਾਂ ਦੀ ਧੀ-ਭੈਣ ਨਾਲ ਵੀ ਹੋ ਸਕਦਾ ਹੈ। ਆਖਿਰ ਕੀ ਹੋ ਗਿਆ ਸਾਡੀ ਮੱਤ ਨੂੰ? ਓਏ ਬਹਾਦਰ ਸ਼ਹੀਦਾਂ ਦੇ ਵਾਰਸੋ- ਕਿਹੜਾ ਇਤਿਹਾਸ ਸਿਰਜ ਰਹੇ ਹੋ ਤੁਸੀਂ? ਮੈਂ ਪੁੱਛਦੀ ਹਾਂ ਸਰਕਾਰ ਪਾਸੋਂ ਕਿ- ਇਹੋ ਜਹਿਆਂ ਨੂੰ ਫਾਂਸੀ ਕਿਉਂ ਨਹੀਂ

ਦਿੱਤੀ ਜਾਂਦੀ? ਜੇ ਸਜਾਵਾਂ ਸਖਤ ਹੋਣ ਤਾਂ ਮੁੜ ਕੋਈ ਜੁਰਅਤ ਨਾ ਕਰੇ ਅਜੇਹੇ ਕੁਕਰਮ ਕਰਨ ਦੀ।
ਇਹਨਾਂ ਬੁਰਾਈਆਂ ਲਈ ਕਾਫੀ ਹੱਦ ਤੱਕ, ਸਰਕਾਰਾਂ ਵੀ ਜ਼ਿੰਮੇਵਾਰ ਹਨ- ਕਿਉਂਕਿ ਪਿਛਲੇ ਦਸ ਕੁ ਸਾਲਾਂ ਵਿੱਚ ਸਰਕਾਰਾਂ ਦੀ ਮਿਲੀ ਭੁਗਤ ਨਾਲ ਹੀ ਨਸ਼ੇ ਇੰਨੇ ਫੈਲੇ ਹਨ। ਇਹ ਨਸ਼ੇ ਕੇਵਲ, ਜ਼ਿੰਦਗੀ ਹੀ ਨਹੀਂ ਗਾਲ਼ਦੇ ਸਗੋਂ- ਲੁੱਟਾਂ, ਖੋਹਾਂ, ਗੁੰਡਾਗਰਦੀ, ਕਤਲ ਤੇ ਬਲਾਤਕਾਰ ਵਰਗੀਆਂ ਘਿਨਾਉਣੀਆਂ ਹਰਕਤਾਂ ਨੂੰ ਵੀ ਜਨਮ ਦਿੰਦੇ ਹਨ। ਪਰ ਜੇ ਸੋਚਿਆ ਜਾਵੇ ਤਾਂ ਸਰਕਾਰਾਂ ਵੀ ਤਾਂ ਆਪਣੀਆਂ ਹੀ ਬਣਾਈਆਂ ਹੋਈਆਂ ਹਨ। ਜੇ ਉਹ ਕੋਈ ਕਦਮ ਨਹੀਂ ਚੁੱਕਦੀਆਂ ਤਾਂ ਕੀ ਆਪਾਂ ਹੱਥ ਤੇ ਹੱਥ ਧਰ ਕੇ ਬੈਠੇ ਰਹੀਏ? ਪੁਤਰਾਂ ਦਾ ਮੰਦਾ ਹਾਲ ਦੇਖ, ਮਾਪੇ ਵਿਚਾਰੇ ਕਰਜ਼ੇ ਚੁੱਕ ਚੁੱਕ, ਏਜੰਟਾਂ ਹੱਥੋਂ ਖੁਆਰ ਹੋ, ਕੌੜਾ ਘੁੱਟ ਭਰ- ਉਹਨਾਂ ਨੂੰ ਵਿਦੇਸ਼ਾਂ ਵੱਲ ਤੋਰ ਰਹੇ ਹਨ। ਭੋਲ਼ੇ ਮਾਪੇ ਨਹੀਂ ਜਾਣਦੇ ਕਿ ਏਧਰ ਵੀ ‘ਸਭ ਹੱਛਾ’ ਨਹੀਂ। ਇੱਧਰ ਵੀ ਨਸ਼ਿਆਂ ਦੇ ਗੈਂਗ ਹਨ, ਜੋ ਡਾਲਰਾਂ ਦਾ ਲਾਲਚ ਦੇ ਕੇ ਭੋਲ਼ੇ ਪੰਛੀਆਂ ਨੂੰ ਆਪਣੇ ਜਾਲ਼ ਵਿੱਚ ਫਸਾ ਲੈਂਦੇ ਹਨ।

ਸਾਥੀਓ- ਸਮੱਸਿਆ ਇੱਕ ਨਹੀਂ, ਬਹੁਤ ਹਨ- ਕਿਸ ਕਿਸ ਦਾ ਜ਼ਿਕਰ ਕਰਾਂ? ਮੇਰੇ ਪੰਜਾਬੀ ਵੀਰੋ, ਬੱਚਿਓ- ਕਿਹੜੇ ਕੰਡਿਆਲੇ ਰਾਹਾਂ ਤੇ ਤੁਰ ਪਏ ਹੋ? ਕਿਊਂ ਸਮਾਜ ਦਾ ਗਲਿਆ ਸੜਿਆ ਅੰਗ ਬਣ ਗਏ ਹੋ ਤੁਸੀਂ? ਕਦੇ ਇਕੱਲੇ ਬਹਿ ਕੇ ਵਿਚਾਰੋ।
ਸੰਭਲੋ- ਭਗਤ ਸਿੰਘ ਦੇ ਵਾਰਸੋ! ਅਜੇ ਵੀ ਵੇਲਾ ਹੈ- ਸੰਭਲ ਜਾਓ! ਆਪਣੀ ਜਵਾਨੀ ਦੀ ਤਾਕਤ ਨੂੰ ਕਿਸੇ ਉਸਾਰੂ ਕੰਮ ‘ਚ ਲਾਓ। ਸਰਕਾਰਾਂ ਵੱਲ ਹੀ ਨਾ ਝਾਕੋ- ਆਪਣੇ ਅੰਦਰ ਛੁਪੇ ਹੋਏ ਗੁਣਾਂ ਨੂੰ ਪਛਾਣੋ। ਕੋਈ ਵਧੀਆਂ ਲਿਖਾਰੀ ਬਣ ਸਕਦਾ ਹੈ- ਕੋਈ ਸੁਰੀਲਾ ਗਾਇਕ ਬਣ ਸਕਦਾ ਹੈ। ਜਿਸ ਕੋਲ ਥੋੜ੍ਹੀ ਜਮੀਨ ਹੈ- ਉਹ ਔਰਗੈਨਿਕ ਖੇਤੀ ਕਰ ਸਕਦਾ ਹੈ। ਕੋਈ ਚੰਗਾ ਖਿਡਾਰੀ ਬਣ ਦੇਸ਼ ਕੌਮ ਦਾ ਨਾਂ ਚਮਕਾ ਸਕਦਾ ਹੈ। ਕੋਈ ਧਰਮ ਦੇ ਖੇਤਰ ਵਿੱਚ- ਰਾਗੀ, ਢਾਡੀ ਜਾਂ ਚੰਗਾ ਪ੍ਰਚਾਰਕ ਬਣ ਸਕਦਾ ਹੈ। ਪੜ੍ਹੇ ਲਿਖੇ ਹੋ ਤਾਂ ਆਪਣੇ ਪਿੰਡ ਦੇ, ਮੁਹੱਲੇ ਦੇ ਬੱਚੇ ਪੜ੍ਹਾਉਣਾ ਸ਼ੁਰੂ ਕਰ ਦਿਓ। ਜੋ ਕੁਝ ਵੀ ਕਰ ਸਕਦੇ ਹੋ, ਕਰੋ। ਘਰ ਦੇ ਕੰਮਾਂ ਵਿੱਚ ਹੱਥ ਵਟਾਓ- ਵਿਹਲੇ ਨਾ ਫਿਰੋ- ਕੋਈ ਵੋਲੰਟੀਅਰ ਸੇਵਾ ਸ਼ੁਰੂ ਕਰ ਦਿਓ- ਬਜ਼ੁਰਗਾਂ ਲਈ, ਗਰੀਬਾਂ ਲਈ, ਬੇਸਹਾਰਿਆਂ ਲਈ। ਭਗਤ ਪੂਰਨ ਸਿੰਘ ਵਰਗਿਆਂ ਨੂੰ ਆਪਣੇ ਰੋਲ ਮਾਡਲ ਬਣਾਓ। ਤੁਹਾਨੂੰ ਨਵੀਂ ਜ਼ਿੰਦਗੀ ਮਿਲੇਗੀ- ਨਵਾਂ ਉਤਸ਼ਾਹ ਮਿਲੇਗਾ- ਸਮਾਜ ‘ਚ ਇੱਜ਼ਤ ਮਾਣ ਮਿਲੇਗਾ। ਮਾਨਸ- ਜਨਮ ਅਜਾਈਂ ਨਾ ਗੁਆਓ-ਦੂਜਿਆਂ ਲਈ ਜਿਊਣਾ ਸਿੱਖੋ। ਇਹੀ ਭਗਤ ਸਿੰਘ ਤੇ ਸਾਥੀਆਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।
ਫੈਸਲਾ ਤੁਹਾਡੇ ਆਪਣੇ ਹੱਥ ਹੈ!

ਕਿੰਗ ਮੇਕਰ ਜਥੇਦਾਰ ਗੁਰਚਰਨ ਸਿੰਘ ਟੌਹੜਾ

ਅਕਾਲੀਆਂ ਭੁਲਾਇਆ ਕੈਪਟਨ ਅਮਰਿੰਦਰ ਸਿੰਘ ਨੇ ਅਪਣਾਇਆ ਜਥੇਦਾਰ ਗੁਰਚਰਨ ਸਿੰਘ ਟੌਹੜਾ। ਅਕਾਲੀ ਦਲ ਦੇ ਇਤਿਹਾਸ ਵਿਚ ਜਥੇਦਾਰ ਗੁਰਚਰਨ ਸਿੰਘ ਟੌਹੜਾ ਦਾ ਨਾਮ ਸੁਨਹਿਰੀ ਅੱਖਰਾਂ ਵਿਚ ਲਿਖਿਆ ਜਾਵੇਗਾ। ਉਹ ਪੌੜੀ ਦਰ ਪੌੜੀ ਅਕਾਲੀ ਦਲ ਦੀ ਸਿਆਸਤ ਵਿਚ ਆਪਣੇ ਆਪ ਨੂੰ ਆਪਣੀ ਮਿਹਨਤ, ਲਗਨ, ਇਮਾਨਦਾਰੀ ਅਤੇ ਦ੍ਰਿੜ੍ਹਤਾ ਨਾਲ ਸਥਾਪਤ ਕਰ ਗਏ। ਭਾਵੇਂ ਉਨ੍ਹਾਂ ਦਾ ਗਿਆਨੀ ਕਰਤਾਰ ਸਿੰਘ ਅਤੇ ਦਰਸ਼ਨ ਸਿੰਘ ਫੇਰੂਮਾਨ ਨਾਲ ਬਹੁਤਾ ਤਾਲਮੇਲ ਨਹੀਂ ਰਿਹਾ ਪ੍ਰੰਤੂ ਇਮਾਨਦਾਰੀ ਨਾਲ ਪਾਰਟੀ ਲਈ ਕੰਮ ਕਰਨ ਵਿਚ ਉਹ ਉਨ੍ਹਾਂ ਦੇ ਪਦ ਚਿੰਨ੍ਹਾਂ ਤੇ ਚਲਦੇ ਹੋਏ ਸਫਲਤਾ ਦੀ ਪੌੜੀ ਚੜ੍ਹਕੇ ਨਾਮਣਾ ਖੱਟ ਗਏ। ਰਹਿੰਦੀ ਦੁਨੀਆਂ ਤੱਕ ਉਨ੍ਹਾਂ ਦੀ ਸਾਦਗੀ, ਸ਼ਪਸਟਤਾ, ਧਾਰਮਿਕ ਅਕੀਦਤ ਅਤੇ ਦਲੇਰੀ ਯਾਦ ਕੀਤੀ ਜਾਂਦੀ ਰਹੇਗੀ। ਉਨ੍ਹਾਂ ਨੂੰ ਸਿਆਸਤ ਵਿਚ ਇਮਾਨਦਾਰੀ ਦਾ ਪ੍ਰਤੀਕ ਕਿਹਾ ਜਾ ਸਕਦਾ ਹੈ। ਅਕਾਲੀ ਦਲ ਨੇ ਇੱਕ-ਇੱਕ ਕਰਕੇ ਟੌਹੜਾ ਧੜੇ ਦਾ ਸਫਾਇਆ ਕਰਨ ਦੀ ਕੋਸ਼ਿਸ ਕੀਤੀ ਹੈ ਪ੍ਰੰਤੂ ਕੁਦਰਤ ਦਾ ਅਸੂਲ ਹੈ ਕਿ ਕਦੀਂ ਵੀ ਬੀਜ ਨਾਸ ਨਹੀਂ ਹੁੰਦਾ।

ਆਧੁਨਿਕ ਸਮੇਂ ਦੇ ਸਿੱਖ ਸਿਆਸਤਦਾਨਾਂ ਵਿਚੋਂ ਸਿੱਖ ਧਰਮ ਦੀ ਸਿਰਮੌਰ ਧਾਰਮਿਕ ਸ਼ਖ਼ਸੀਅਤ ਸਵਰਗਵਾਸੀ ਜਥੇਦਾਰਗੁਰਚਰਨ ਸਿੰਘ ਟੌਹੜਾ ਨੂੰ ਅਕਾਲੀ ਦਲ ਦੇ ਇਤਿਹਾਸ ਵਿਚ ਇੱਕ ਵਿਲੱਖਣ ਇਮਾਨਦਾਰੀ ਦੇ ਪ੍ਰਤੀਕ ਦੇ ਤੌਰ ਤੇ ਯਾਦ ਕੀਤਾ ਜਾਇਆ ਕਰੇਗਾ। ਸਾਧਾਰਨ ਕਿਸਾਨੀ ਪਰਿਵਾਰ ਵਿਚੋਂ ਉਠਕੇ ਧਾਰਮਿਕ ਅਤੇ ਸਿਆਸੀ ਉਚ ਅਹੁਦੇ ਆਪਣੀ ਲਿਆਕਤ ਅਤੇ ਦਿਆਨਤਦਾਰੀ ਨਾਲ ਪ੍ਰਾਪਤ ਕੀਤੇ। ਸਾਰੀ ਉਮਰ ਸਰਗਰਮ ਸਿਆਸਤ ਵਿਚ ਰਹਿਣ, 28 ਸਾਲ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ, ਲੋਕ ਸਭਾ ਅਤੇ ਰਾਜ ਸਭਾ ਦੇ ਮੈਂਬਰ ਰਹਿਣ ਦੇ ਬਾਵਜੂਦ ਵੀ ਉਨ੍ਹਾਂ ਦੀ ਜੱਦੀ ਜਾਇਦਾਦ ਵਿਚ ਇਕ ਧੇਲੇ ਦਾ ਵੀ ਵਾਧਾ ਨਹੀਂ ਹੋਇਆ। ਅਣਗਿਣਤ ਨੇਤਾਵਾਂ ਨੂੰ ਸਿਆਸੀ ਅਤੇ ਧਾਰਮਿਕ ਅਹੁਦਿਆਂ ਉਪਰ ਸਨਮਾਨ ਨਾਲ ਬਿਠਾਇਆ ਪ੍ਰੰਤੂ ਅਹੁਦੇ ਪ੍ਰਾਪਤ ਕਰਨ ਵਾਲੇ ਬਹੁਤੇ ਉਨ੍ਹਾਂ ਦੀ ਵਿਰਾਸਤ ਤੋਂ ਮੁੱਖ ਮੋੜ ਗਏ। ਜਥੇਦਾਰ ਟੌਹੜਾ ਅੱਜ ਦੀ ਨੌਜਵਾਨ ਪੀੜ੍ਹੀ ਦੇ ਮਾਰਗ ਦਰਸ਼ਕ ਅਤੇ ਸਿਆਸਤਦਾਨਾ ਲਈ ਪ੍ਰੇਰਨਾ ਸਰੋਤ ਹਨ। ਉਹ ਸਿੱਖ ਧਰਮ ਅਤੇ ਸਿਆਸਤ ਦਾ ਜ਼ਹੀਨ ਕਿਰਦਾਰ ਵਾਲਾ ਰੌਸ਼ਨ ਦਿਮਾਗ ਇਨਸਾਨ ਸੀ, ਜਿਸਨੇ ਸਾਰੀ ਉਮਰ ਸਿੱਖੀ ਸੋਚ ਤੇ ਪਹਿਰਾ ਦਿੰਦਿਆਂ ਲੋਕਾਈ ਨੂੰ ਆਪੋ ਆਪਣੇ ਧਰਮਾਂ ਪ੍ਰਤੀ ਤਨੋਂ ਮਨੋਂ ਸਮਰਪਤ ਹੋਣ ਨੂੰ ਪਹਿਲ ਦੇਣ ਲਈ ਪ੍ਰੇਰਿਆ। ਉਹ ਸਾਰੀ ਉਮਰ ਵੱਖ-ਵੱਖ ਕਿਸਮ ਦੀਆਂ ਅਨੇਕਾਂ ਚਰਚਾਵਾਂ ਅਤੇ ਵਾਦਵਿਵਾਦਾਂ ਦਾ ਕੇਂਦਰ ਬਿੰਦੂ ਰਹੇ ਕਿਉਂਕਿ ਉਹ ਹਮੇਸ਼ਾ ਸਿੱਖੀ ਵਿਚਾਰਧਾਰਾ ਅਤੇ ਸਚਾਈ ਦੇ ਮਾਰਗ ਤੇ ਪਹਿਰਾ ਦਿੰਦੇ ਰਹੇ, ਪ੍ਰੰਤੂ ਉਨ੍ਹਾਂ ਨੇ ਕਦੀਂ ਵੀ ਕਿਸੇ ਵਿਅਕਤੀ ਨੂੰ ਕਿਸੇ ਦੂਜੇ ਧਰਮ ਦੇ ਵਿਰੁਧ ਬੋਲਣ ਨੂੰ ਉਤਸ਼ਾਹਤ ਨਹੀਂ ਕੀਤਾ। ਉਨ੍ਹਾਂ ਦੇ ਸਿੱਖ ਧਰਮ ਨੂੰ ਸਮਰਪਤ ਹੋਣ ਨੂੰ ਹੀ ਗ਼ਲਤ ਸਮਝਿਆ ਜਾਂਦਾ ਰਿਹਾ। ਉਹ ਦੂਰ ਅੰਦੇਸ਼ ਸੁਲਝੇ ਹੋਏ ਵਿਅਕਤੀ ਸਨ, ਜਿਹੜੇ ਹਰ ਘਟਨਾ ਅਤੇ ਸਮੱਸਿਆ ਦੇ ਨਿਕਲਣ ਵਾਲੇ ਦੂਰਗਾਮੀ ਨਤੀਜਿਆਂ ਤੋਂ ਚਿੰਤਤ ਹੁੰਦੇ ਸਨ। ਮੈਨੂੰ ਇਸ ਗੱਲ ਦਾ ਮਾਣ ਹੈ ਕਿ ਉਨ੍ਹਾਂ ਦੇ ਕੁਝ ਸਮਰਥਕਾਂ ਵੱਲੋਂ ਮੇਰਾ ਵਿਰੋਧ ਕਰਨ ਦੇ ਬਾਵਜੂਦ ਉਹ ਮੇਰੇ ਵਿਚ ਅਥਾਹ ਵਿਸ਼ਵਾਸ਼ ਕਰਦੇ ਸਨ। ਵੱਡੀ ਸ਼ਖ਼ਸੀਅਤ ਹੋਣ ਦੇ ਬਾਵਜੂਦ ਉਹ ਹਰ ਦੁੱਖ ਸੁਖ ਦੇ ਸਮੇਂ ਸਾਂਝ ਬਣਾਈ ਰੱਖਦੇ ਸਨ।

ਉਨ੍ਹਾਂ ਦੇ ਸਿਆਸੀ ਅਤੇ ਧਾਰਮਿਕ ਜੀਵਨ ਨਾਲ ਸੰਬੰਧਤ ਕੁਝ ਇਕ ਘਟਨਾਵਾਂ ਦਾ ਮੈਂ ਇਥੇ ਜ਼ਿਕਰ ਕਰਾਂਗਾ ਕਿ ਉਹ ਇਨਸਾਨੀਅਤ ਦੇ ਕਿਤਨੇ ਪੁਜਾਰੀ ਸਨ। ਪਰਕਾਸ਼ ਸਿੰਘ ਬਾਦਲ ਦੀ ਸਰਕਾਰ ਸਮੇਂ ਉਨ੍ਹਾਂ ਨੂੰ ਮਿਲਣ ਵਾਲਿਆਂ ਦਾ ਜਮਘਟਾ ਸਵੇਰੇ 4.00 ਵਜੇ ਹੀ ਉਨ੍ਹਾਂ ਘਰ ਪਿੰਡ ਟੌਹੜਾ ਵਿਖੇ ਲੱਗ ਜਾਂਦਾ ਸੀ। ਪਹਿਲੀ ਘਟਨਾ ਉਨ੍ਹਾਂ ਵੱਲੋਂ ਪ੍ਰੋ.ਪ੍ਰੇਮ ਸਿੰਘ ਚੰਦੂਮਾਜਰਾ ਦੀ ਲੋਕ ਸਭਾ ਦੀ ਪਟਿਆਲਾ ਤੋਂ ਚੋਣ ਵਿਚ ਪਟਿਆਲਾ ਵਿਖੇ ਨਿਰੰਕਾਰੀ ਭਵਨ ਵਿਚ ਵੋਟਾਂ ਮੰਗਣ ਲਈ ਜਾਣ ਦੇ ਸੰਬੰਧ ਵਿਚ ਹੈ। ਆਮ ਲੋਕਾਂ ਅਤੇ ਸਿਆਸਤਦਾਨਾਂ ਵਿਚ ਉਨ੍ਹਾਂ ਬਾਰੇ ਕਈ ਗ਼ਲਤ ਕਿਆਸ ਅਰਾਈਆਂ ਲਗਾਈਆਂ ਜਾਂਦੀਆਂ ਸਨ। ਮੈਂ ਲੋਕ ਸੰਪਰਕ ਵਿਭਾਗ ਵਿਚ ਪਟਿਆਲਾ ਵਿਖੇ ਤਾਇਨਾਤ ਸੀ। ਉਹ ਪਟਿਆਲਾ ਭਾਦਸੋਂ ਸੜਕ ਤੇ ਲੌਟ ਪਿੰਡ ਕੋਲ ਨਹਿਰ ਉਪਰ ਬਣਨ ਵਾਲੇ ਪੁਲ ਦਾ ਨੀਂਹ ਪੱਥਰ ਰੱਖਣ ਲਈ ਸਮੇਤ ਹਰਮੇਲ ਸਿੰਘ ਟੋਹੜਾ (ਉਦੋਂ ਲੋਕ ਨਿਰਮਾਣ ਮੰਤਰੀ ਪੰਜਾਬ) ਗਏ ਸਨ ਤਾਂ ਉਥੇ ਉਨ੍ਹਾਂ ਨੂੰ ਉਸ ਸਮਾਗਮ ਵਿਚ ਮਿਲਕੇ ਮੈਂ ਬੇਨਤੀ ਕੀਤੀ ਕਿ ਕੁਝ ਚੋਣਵੇਂ ਪੱਤਰਕਾਰ ਉਨ੍ਹਾਂ ਨਾਲ ਗੱਲ ਕਰਨੀ ਚਾਹੁੰਦੇ ਹਨ, ਜੋ ਮੇਰੇ ਨਾਲ ਪਟਿਆਲਾ ਤੋਂ ਆਏ ਹਨ। ਉਨ੍ਹਾਂ ਮੈਨੂੰ ਸਰਕਟ ਹਾਊਸ ਵਿਚ ਪਹੁੰਚਣ ਲਈ ਕਿਹਾ। ਪੱਤਰਕਾਰ ਜਿਵੇਂ ਕਿ ਆਮ ਤੌਰ ਤੇ ਸਿਆਸਤਦਾਨਾ ਬਾਰੇ ਸ਼ੱਕੀ ਸੁਭਾਅ ਰੱਖਦੇ ਹੁੰਦੇ ਹਨ, ਕਹਿਣ ਲੱਗੇ ਜਥੇਦਾਰ ਟੌਹੜਾ ਨੇ ਆਪਾਂ ਨੂੰ ਟਰਕਾ ਦਿੱਤਾ ਹੈ ਪ੍ਰੰਤੂ ਜਥੇਦਾਰ ਟੌਹੜਾ ਨਿਸਚਤ ਸਮੇਂ ਤੇ ਪਹੁੰਚ ਗਏ। ਪੱਤਰਕਾਰਾਂ ਦਾ ਇੱਕੋ ਇੱਕ ਸਵਾਲ ਕਿ ਤੁਸੀਂ ਨਿਰੰਕਾਰੀ ਭਵਨ ਵੋਟਾਂ ਮੰਗਣ ਲਈ ਗਏ ਸੀ। ਉਨ੍ਹਾਂ ਦਾ ਜਵਾਬ ਸੁਣਕੇ ਅਸੀਂ ਹੈਰਾਨ ਹੋ ਗਏ। ਉਨ੍ਹਾਂ ਕਿਹਾ ‘‘ ਹਾਂ ਮੈਂ ਗਿਆ ਸੀ ਪ੍ਰੰਤੂ ਵੋਟਾਂ ਮੰਗਣ ਲਈ ਨਹੀਂ ਸਗੋਂ ਪੰਜਾਬ ਦੀ ਸ਼ਾਂਤੀ ਮੰਗਣ ਲਈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਨੌਜਵਾਨੀ ਖ਼ਤਮ ਹੁੰਦੀ ਜਾ ਰਹੀ ਹੈ। ਅਸੀਂ ਕਿਤਨਾ ਹੋਰ ਸਮਾਂ ਲਹੂ ਲੁਹਾਣ ਹੁੰਦੇ ਰਹਾਂਗੇ। ਸਿਆਸਤਦਾਨਾ ਨੂੰ ਆਪਣਾ ਫ਼ਰਜ ਸਮਝਣਾ ਚਾਹੀਦਾ ਹੈ। ਪੰਜਾਬੀਆਂ ਦੇ ਘਰਾਂ ਵਿਚ ਸੱਥਰ ਵਿਛਿਆ ਅਤੇ ਮਾਤਮ ਛਾਇਆ ਰਿਹਾ ਹੈ। ਮੈਂ ਨਹੀਂ ਚਾਹੁੰਦਾ ਕਿ ਪੰਜਾਬ ਵਿਚ ਖ਼ੂਨ ਖ਼ਰਾਬਾ ਹੁੰਦਾ ਰਹੇ ਅਤੇ ਭਾਈਚਾਰਾਕ ਸਦਭਾਵਨਾ ਖ਼ਤਮ ਹੋਵੇ। ਪੰਜਾਬ ਦੀ ਨੌਜਵਾਨੀ ਖ਼ਤਮ ਹੋ ਜਾਵੇ। ਇਸ ਤੋਂ ਬਾਅਦ ਉਨ੍ਹਾਂ ਨੇ ਬੜੀ ਨਮਰਤਾ ਅਤੇ ਹਲੀਮੀ ਨਾਲ ਕਿਹਾ ਕਿ ਰੱਬ ਦਾ ਵਾਸਤਾ, ਜੇ ਤੁਸੀਂ ਪੰਜਾਬ ਨੂੰ ਸ਼ਾਂਤੀ ਨਾਲ ਘੁਗ ਵਸਦਾ ਵੇਖਣਾ ਚਾਹੁੰਦੇ ਹੋ ਤਾਂ ਇਹ ਖ਼ਬਰ ਬੇਸ਼ਕ ਲਾ ਦਿਓ ਪ੍ਰੰਤੂ ਮੈਨੂੰ ਕੋਟ ਨਾ ਕਰਿਓ ਕਿਉਂਕਿ ਸਿਆਸਤਦਾਨ ਸ਼ੁਭ ਕੰਮਾਂ ਤੇ ਵੀ ਸਿਆਸਤ ਕਰਦੇ ਹਨ। ਪੰਜਾਬ ਦੇ ਹਿਤਾਂ ਦੀ ਪਰਵਾਹ ਨਹੀਂ ਕਰਦੇ’’। ਇਹ ਸਨ ਜਥੇਦਾਰ ਗੁਰਚਰਨ ਸਿੰਘ ਟੌਹੜਾ, ਜਿਨ੍ਹਾਂ ਦੇ ਦਿਲ ਵਿਚ ਪੰਜਾਬੀਆਂ ਦੇ ਦਰਦ ਦੀ ਹੂਕ ਉਠਦੀ ਸੀ। ਦੁੱਖ ਇਸ ਗੱਲ ਦਾ ਹੈ ਕਿ ਜਿਹੜੇ ਸਿਆਸਤਦਾਨ ਉਨ੍ਹਾਂ ਦੇ ਪੈਰਾਂ ਤੇ ਸਿਰ ਧਰਕੇ ਸਿਆਸੀ ਤਾਕਤਾਂ ਲੈ ਕੇ ਬਾਦਸ਼ਾਹੀਆਂ ਮਾਣਦੇ ਰਹੇ, ਜੋ ਕਹਿੰਦੇ ਸੀ ‘‘ਮਰਾਂਗੇ ਨਾਲ ਤੇਰੇ ਛੱਡਕੇ ਮੈਦਾਨ ਭੱਜਗੇ’’ ਅੱਜ ਉਨ੍ਹਾਂ ਨੂੰ ਭੁੱਲੇ ਫਿਰਦੇ ਹਨ।

ਸਿਆਸਤ ਵਿਚ ਕੋਈ ਗੁਰੂ ਚੇਲਾ ਨਹੀਂ ਹੁੰਦਾ ਸਗੋਂ ਮੌਕਾ ਪ੍ਰਸਤੀ ਹੁੰਦੀ ਹੈ। ਚੇਲੇ ਗੁਰੂ ਬਣ ਜਾਂਦੇ ਹਨ ਜਿਵੇਂ ਟੌਹੜਾ ਸਾਹਿਬ ਨਾਲ ਹੋਈ ਹੈ। ਸਿਆਸਤਦਾਨਾ ਵਿਚੋਂ ਇਕੋ ਇਕ ਮਰਦੇ ਮਜਾਹਦ ਸਵਰਗਵਾਸੀ ਮਨਜੀਤ ਸਿੰਘ ਕਲਕੱਤਾ ਸੀ, ਜਿਸਨੇ ਉਨ੍ਹਾਂ ਦਾ ਸਾਥ ਨਹੀਂ ਛੱਡਿਆ ਅਤੇ ਉਨ੍ਹਾਂ ਦੀ ਸੋਚ ਉਪਰ ਪਹਿਰਾ ਦਿੰਦਾ ਰਿਹਾ। ਇਕ ਹੋਰ ਘਟਨਾ ਦਾ ਜ਼ਿਕਰ ਕਰਾਂਗਾ ਕਿ ਜਦੋਂ ਭਾਈ ਰਣਜੀਤ ਸਿੰਘ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਨ ਤਾਂ ਇਕ ਵਾਰ ਉਨ੍ਹਾਂ ਮੈਨੂੰ ਕਿਸੇ ਜ਼ਰੂਰੀ ਧਾਰਮਿਕ ਵਾਦਵਿਵਾਦ ਸੰਬੰਧੀ ਵਿਚਾਰ ਵਟਾਂਦਰੇ ਲਈ ਪਟਿਆਲਾ ਤੋਂ ਬਾਹਰ ਕਿਸੇ ਸ਼ਹਿਰ ਵਿਚ ਬੁਲਾਇਆ। ਉਹ ਸਿੱਖ ਧਰਮ ਦੇ ਅਸੂਲਾਂ ਅਤੇ ਪਰੰਪਰਾਵਾਂ ਨੂੰ ਕਾਇਮ ਰੱਖਣ ਲਈ ਬੜੇ ਚਿੰਤਾਤੁਰ ਰਹਿੰਦੇ ਸਨ। ਜਿਹੜਾ ਵਿਅਕਤੀ ਮੈਨੂੰ ਬੁਲਾਉਣ ਆਇਆ ਸੀ, ਉਹ ਮੈਨੂੰ ਕਿਸੇ ਸਿਆਸਤਦਾਨ ਦੇ ਦਫ਼ਤਰ ਵਰਗੇ ਘਰ ਲੈ ਗਿਆ। ਉਦੋਂ ਮੈਂ ਸਹਾਇਕ ਲੋਕ ਸੰਪਰਕ ਅਧਿਕਾਰੀ ਪਟਿਆਲਾ ਵਿਚ ਲੱਗਿਆ ਹੋਇਆ ਸੀ। ਮੈਨੂੰ ਪਤਾ ਨਹੀਂ ਸੀ ਕਿ ਉਹ ਕਿਸਦਾ ਘਰ ਹੈ। ਜਥੇਦਾਰ ਗੁਰਚਰਨ ਸਿੰਘ ਟੌਹੜਾ ਇਕ ਛੋਟੇ ਜਹੇ ਕਮਰੇ ਵਿਚ ਬੈਠੇ ਸਨ, ਜਿਥੇ ਸਿਰਫ ਇਕ ਕੁਰਸੀ ਅਤੇ ਤਖ਼ਤਪੋਸ਼ ਪਿਆ ਸੀ। ਉਹ ਕੁਰਸੀ ਉਪਰ ਬੈਠੇ ਸਨ ਮੈਨੂੰ ਤਖ਼ਤਪੋਸ਼ ਤੇ ਬੈਠਣ ਲਈ ਕਿਹਾ ਅਤੇ ਉਸ ਵਿਅਕਤੀ ਨੂੰ ਵੀ ਕਮਰੇ ਚੋਂ ਬਾਹਰ ਭੇਜਕੇ ਮੇਰੇ ਨਾਲ ਗੱਲ ਕੀਤੀ। ਥੋੜ੍ਹੀ ਦੇਰ ਬਾਅਦ ਉਸ ਘਰ ਦਾ ਮਾਲਕ ਸਿਆਸਤਦਾਨ ਆ ਗਿਆ। ਟੌਹੜਾ ਸਾਹਿਬ ਚਿੱਟੇ ਕੁੜਤੇ ਪਜਾਮੇ ਵਿਚ ਸ਼ਾਂਤ ਚਿਤ ਲੱਤ ਉਪਰ ਲੱਤ ਰੱਖਕੇ ਕੱਢਵੀਂ ਤਿਲੇਦਾਰ ਜੁਤੀ ਪਾਈ ਬੈਠੇ ਸਨ, ਜਿਵੇਂ ਕੋਈ ਮਹਾਂਪੁਰਸ਼ ਭਗਤੀ ਵਿਚ ਲੀਨ ਹੋਵੇ। ਉਸ ਸਿਆਸਤਦਾਨ ਨੇ ਆਉਂਦਿਆਂ ਹੀ ਟੌਹੜਾ ਸਾਹਿਬ ਦੀ ਪੈਰੀਂ ਪਾਈ ਜੁੱਤੀ ਤੇ ਸਿਰ ਰੱਖਕੇ ਮੱਥਾ ਟੇਕਿਆ ਅਤੇ ਤੁਰੰਤ ਮੇਰੇ ਵਿਰੁਧ ਬੋਲਣ ਲੱਗ ਪਿਆ। ਟੌਹੜਾ ਸਾਹਿਬ ਨੇ ਬਥੇਰਾ ਸਮਝਾਇਆ ਕਿ ਇਹ ਮੇਰਾ ਆਪਣਾ ਨਿੱਜੀ ਵਿਅਕਤੀ ਹੈ। ਤੂੰ ਕੀ ਲੈਣਾ ਹੈ? ਜਦੋਂ ਉਹ ਨਾ ਹੱਟਿਆ ਤਾਂ ਤੁਸੀਂ ਹੈਰਾਨ ਹੋਵੋਗੇ ਕਿ ਟੌਹੜਾ ਸਾਹਿਬ ਨੇ ਉਸਦੇ ਘਰੋਂ ਹੀ ਕਮਰੇ ਵਿਚੋਂ ਉਸਨੂੰ ਬਾਹਰ ਕੱਢ ਦਿੱਤਾ। ਜੇ ਆਪਣਿਆਂ ਦੀ ਇੱਜ਼ਤ ਕਰਨੀ ਸਿੱਖਣੀ ਹੋਵੇ ਤਾਂ ਟੌਹੜਾ ਸਾਹਿਬ ਦੀ ਦਲੇਰੀ ਅਤੇ ਹਿੰਮਤ ਤੋਂ ਸਿੱਖੀ ਜਾ ਸਕਦੀ ਹੈ। ਇੱਕ ਵਾਰ ਉਨ੍ਹਾਂ ਮੇਰੀ ਪਟਿਆਲਾ ਤੋਂ ਬਦਲੀ ਕਿਸੇ ਸਿਆਸਤਦਾਨ ਦੇ ਕਹਿਣ ਤੇ ਕਰਵਾ ਦਿੱਤੀ। ਮੈਨੂੰ ਬੁਲਾਕੇ ਕਹਿਣ ਲੱਗੇ ਮੇਰੀ ਸਿਆਸੀ ਮਜ਼ਬੂਰੀ ਬਣ ਗਈ ਸੀ, ਬੁਰਾ ਨਾ ਮਨਾਉਣਾ। ਜਿਵੇਂ ਮੈਂ ਪਹਿਲਾਂ ਦੱਸਿਆ ਹੈ ਕਿ ਉਨ੍ਹਾਂ ਦਾ ਆਲਾ ਦੁਆਲਾ ਮੈਨੂੰ ਪਸੰਦ ਨਹੀਂ ਕਰਦਾ ਸੀ। ਇਕ ਵਾਰ ਸਵੇਰੇ 5.00 ਵਜੇ ਮੈਨੂੰ ਮੇਰੇ ਮਰਹੂਮ ਦੋਸਤ ਦੇ ਲੜਕੇ ਨਾਲ ਕਿਸੇ ਜ਼ਰੂਰੀ ਕੰਮ ਲਈ ਉਨ੍ਹਾਂ ਦੇ ਘਰ ਪਿੰਡ ਟੌਹੜਾ ਵਿਖੇ ਜਾਣਾ ਪਿਆ ਕਿਉਂਕਿ ਮੇਰਾ ਉਹ ਦੋਸਤ ਟੌਹੜਾ ਸਾਹਿਬ ਦੇ ਵੀ ਨਜ਼ਦੀਕ ਸੀ। ਉਨ੍ਹਾਂ ਦੇ ਸਹਿਯੋਗੀ ਮੈਨੂੰ ਕਮਰੇ ਅੰਦਰ ਜਾ ਕੇ ਉਨ੍ਹਾਂ ਨੂੰ ਮਿਲਣ ਹੀ ਨਾ  ਦੇਣ। ਕਿਸੇ ਤਰੀਕੇ ਨਾਲ ਅੱਖ ਬਚਾਕੇ ਮੈਂ ਕਮਰੇ ਵਿਚ ਵੜ ਗਿਆ। ਮੈਨੂੰ ਵੇਖਦਿਆਂ ਹੀ ਉਨ੍ਹਾਂ ਉਠਕੇ ਕਲਾਵੇ ਵਿਚ ਲੈ ਕੇ ਆਪਣੇ ਕੋਲ ਬਿਠਾ ਲਿਆ। ਪਹਿਲਾਂ ਚਾਹ ਪਿਲਾਈ ਅਤੇ ਨਾਲ ਹੀ ਕੰਮ ਕੀਤਾ। ਅਜਿਹੇ ਇਨਸਾਨ ਨੂੰ ਕਿਵੇਂ ਭੁਲਾਇਆ ਜਾ ਸਕਦਾ ਹੈ। ਸਹੀ ਅਰਥਾਂ ਵਿਚ ਉਹ ਲੋਕ ਨਾਇਕ ਲੋਕਾਂ ਦੇ ਪ੍ਰਤੀਨਿਧ ਸਨ। ਅਕਾਲੀ ਦਲ ਨੇ ਉਨ੍ਹਾਂ ਨੂੰ ਭੁਲਾਇਆ ਪ੍ਰੰਤੂ ਕੈਪਟਨ ਅਮਰਿੰਦਰ ਸਿੰਘ ਅਪਣਾਇਆ। ਕੈਪਟਨ ਅਮਰਿੰਦਰ ਸਿੰਘ ਹਮੇਸ਼ਾ ਉਨ੍ਹਾਂ ਦੀ ਯਾਦ ਵਿਚ ਹਰ ਸਾਲ ਰਾਜ ਪੱਧਰ ਦਾ ਸਰਕਾਰੀ ਸਮਾਗਮ ਉਨ੍ਹਾਂ ਦੇ ਪਿੰਡ ਟੌਹੜਾ ਵਿਖੇ ਕਰਕੇ ਸ਼ਰਧਾਂਜਲੀ ਭੇਂਟ ਕਰਦੇ ਹਨ। ਟੌਹੜਾ ਸਾਹਿਬ ਦੀ ਪਤਨੀ ਨੂੰ ਕੈਬਨਿਟ ਰੈਂਕ ਵੀ ਕੈਪਟਨ ਸਾਹਿਬ ਨੇ ਦਿੱਤਾ ਸੀ। ਅੱਜ ਵੀ ਮੇਰਾ ਸਿਰ ਉਸ ਮਹਾਨ ਆਤਮਾ ਅੱਗੇ ਝੁਕਦਾ ਹੈ। ਅੱਜ 1 ਅਪ੍ਰੈਲ 2018 ਨੂੰ ਉਨ੍ਹਾਂ ਦੀ ਬਰਸੀ ਉਪਰ ਅਕੀਦਤ ਦੇ ਫੁਲ ਭੇਂਟ ਕਰਦਾ ਹਾਂ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ

ਪੰਦਰਾਂ ਦਿਨਾਂ ਦਾ ਹਾਜੀ…..

14 ਸਤੰਬਰ 2012 ਦੀ ਸ਼ਾਮ ਦੇ ਵੇਲੇ ਮੈਂ ਆਪਣੇ ਮਿੱਤਰ ਨੀਲ ਕਮਲ ਨਾਲ ਆਪਣੇ ਪਬਲੀਕੇਸ਼ਨ ਹਾਊਸ ਦੇ ਦਫ਼ਤਰ ਬੈਠਾ ਰੁਟੀਨ ਦੇ ਗੱਪ ਸ਼ੱਪ ਮਾਰ ਰਿਹਾ ਸੀ ਕਿ ਇੱਕ ਦਮ 5-6 ਪੁਲਿਸ ਵਾਲੇ ਮੇਰੇ ਦਫ਼ਤਰ ਆ ਬੜੇ। ਮੈਂ ਸੋਚਿਆ ਕਿ ਉਂਝ ਹੀ ਸ਼ਾਇਦ ਕਿਤਾਬਾਂ ਵੇਖਣ ਆਏ ਹੋਣਗੇ। ਪਰ ਉਹਨਾਂ ਮੇਰੇ ਬਾਰੇ ਪੁੱਛਿਆ ਅਤੇ ਆਪਣੇ ਨਾਲ ਚੱਲਣ ਲਈ ਕਿਹਾ ਬਾਹਰ ਰੋਡ ਤੇ ਗੱਡੀ ਵਿੱਚ ਸਥਾਨਕ ਐਸ.ਐਚ.ਓ. ਬੈਠਾ ਸੀ ਜਿਸਨੇ ਮੈਨੂੰ ਗੱਡੀ ’ਚ ਬੈਠਣ ਲਈ ਕਿਹਾ। ਮੇਰਾ ਮਿੱਤਰ ਜੋ ਕੇ ਅੰਗਰੇਜ਼ੀ ਅਖ਼ਬਾਰ ਦਾ ਪ੍ਰਸਿੱਧ ਪੱਤਰਕਾਰ ਹੈ ਨੇ ਪੁਲਿਸ ਅਧਿਕਾਰੀ ਨੂੰ ਆਪਣੀ ਬਾਬਤ ਦੱਸਕੇ ਗ੍ਰਿਫਤਾਰੀ ਦਾ ਕਾਰਣ ਪੁੱਛਿਆ ਤਾਂ ਉਸਨੇ ਕੁਝ ਵੀ ਦੱਸਣ ਤੋਂ ਇਨਕਾਰ ਕਰਦਿਆਂ ਝੱਟ ਉਥੋਂ ਚੱਲ ਪਿਆ।

ਹੁਣ ਮੈਂ ਚਾਰ ਪੁਲਿਸ ਵਾਲਿਆਂ ਦੀ ਹਿਰਾਸਤ ਵਿੱਚ ਸਾਂ ਮੈਨੂੰ ਆਪਣੇ ਕਸੂਰ ਬਾਰੇ ਕੁਝ ਵੀ ਨਹੀਂ ਪਤਾ ਸੀ। ਪੁਲਿਸ ਦੀ ਗੱਡੀ ਕੁਝ ਦੇਰ ਬਾਅਦ ਅੱਗੇ ਜਾ ਕੇ ਰੁਕੀ ਅਤੇ ਪੁਲਿਸ ਅਧਿਕਾਰੀ ਬਾਹਰ ਖੜ੍ਹਕੇ ਕਿਸੇ ਨਾਲ ਗੱਲ ਕਰਨ ਲੱਗਾ। ਮੈਂ ਸਮਝ ਗਿਆ ਕੇ ਮੇਰੇ ਮਿੱਤਰ ਨੇ ਕਿਸੇ ਉਚ ਅਧਿਕਾਰੀ ਨਾਲ ਗੱਲ ਕੀਤੀ ਹੋਵੇਗੀ ਸ਼ਾਇਦ ਹੁਣ ਮੇਰਾ ਬਚਾਅ ਹੋ ਜਾਵੇ। ਕੁਝ ਮਿੰਟਾਂ ਬਾਅਦ ਗੱਡੀ ਵਿੱਚ ਬੈਠਣ ਸਾਰ ਅਧਿਕਾਰੀ ਨੇ ਡਰਾਇਵਰ ਨੂੰ ਗੱਡੀ ਘੁੰਮਾਉਣ ਲਈ ਕਿਹਾ, ਹੁਣ ਗੱਡੀ ਖੁੱਡੀ ਵੱਲ ਨੂੰ ਚੱਲ ਪਈ ਕੁਝ ਹੀ ਮਿੰਟਾਂ ਵਿੱਚ ਉਹ ਮੈਨੂੰ ਹੰਢਿਆਏ ਦੇ ਮਸ਼ਹੂਰ ਸੀ.ਆਈ.ਏ. ਸਟਾਫ਼ ਲੈ ਪਹੁੰਚੇ। ਮੇਰੀਆਂ ਲੱਤਾਂ ਡਰ ਕਾਰਨ ਕੰਬ ਰਹੀਆਂ ਸਨ।

ਅਜੇ ਤੱਕ ਮੈਨੂੰ ਮੇਰੇ ਕਸੂਰ ਦਾ ਕੁਝ ਪਤਾ ਨਹੀਂ ਸੀ। ਪੁਲਿਸ ਵਾਲੇ ਮੈਨੂੰ ਇਕ ਕਮਰੇ ਵਿੱਚ ਲੈ ਗਏ ਜੋ ਸ਼ਾਇਦ ਉਨ੍ਹਾਂ ਦਾ ਆਪਣਾ ਸੌਣ ਕਮਰਾ ਸੀ। ਮੇਰੀ ਨਿਗਰਾਨੀ ਕਰ ਰਹੇ ਪੁਲਿਸ ਕਰਮਚਾਰੀ ਨੂੰ ਜਦੋਂ ਮੈਂ ਆਪਣੇ ਕਸੂਰ ਬਾਰੇ ਪੁੱਛਿਆ ਤਾਂ ਉਸਨੇ ਕਿਹਾ ਕਿ ਮੈਨੂੰ ਜਿਆਦਾ ਤਾਂ ਨਹੀਂ ਪਤਾ ਸ਼ਾਇਦ ਇੱਕ ਕਿਤਾਬ ਦਾ ਮਾਮਲਾ ਹੈ। ਹੁਣ ਮੈਨੂੰ ਵੀ ਲੱਗਿਆ ਕਿ ਸ਼ਾਇਦ ਮੈਨੂੰ ਮਾਲਵੇ ਦੇ ਮਸ਼ਹੂਰ ਕਿੱਸਾਕਾਰ ਰਜਬ ਅਲੀ ਜੀ ਦੀਆਂ ਲਿਖਤਾਂ ਕਾਰਨ ਫੜ੍ਹਿਆ ਗਿਆ ਹੈ, ਜਿਸ ਬਾਬਤ ਥੋੜ੍ਹਾ ਜਿਹਾ ਵਿਵਾਦ ਬੀਤੇ ਦਿਨੀਂ ਮੋਗਾ ਵਿੱਚ ਹੋਇਆ ਸੀ।

ਰਜਬ ਅਲੀ ਇੱਕ ਅਜਿਹੇ ਮਹਾਨ ਕਿੱਸਾਕਾਰ ਹੋਏ ਕੇ ਉਨ੍ਹਾਂ ਦੇ ਰਚਿਤ ਕਿੱਸੇ ਅੱਜ ਵੀ ਮਾਲਵੇ ਦੇ ਬਹੁਤ ਸਾਰੇ ਕਿੱਸਾਕਾਰ ਗਾਉਂਦੇ ਹਨ। ਭਾਰਤ ਪਾਕਿ ਵੰਡ ਦੌਰਾਨ ਉਹ ਆਪਣਾ ਪਿੰਡ ਸਾਹੋਕੇ ਛੱਡ ਕੇ ਲਹਿੰਦੇ ਪੰਜਾਬ ਜਾ ਵਸੇ। ਉਨਾਂ ਦੀ ਕਿੱਸਾਕਾਰੀ ਮਾਲਵੇ ਵਿੱਚ ਅੱਜ ਵੀ ਬੜੀ ਮਕਬੂਲ ਹੈ। ਪਾਠਕਾਂ ਵਿੱਚ ਉਹਨਾਂ ਦੀਆਂ ਲਿਖਿਆਂ ਕਿਤਾਬਾਂ ਦੀ ਵਾਹਵਾ ਮੰਗ ਰਹਿੰਦੀ ਹੈ। ਇਸੇ ਮੰਗ ਨੂੰ ਧਿਆਨ ਵਿੱਚ ਰੱਖਕੇ ਮੈਂ ਰਜਬ ਅਲੀ ਜੀ ਦੇ ਪਿੰਡ ਦੇ ਹੀ ਵਸਨੀਕ ਅਤੇ ਉਨ੍ਹਾਂ ਦੇ ਸ਼ਗਿਰਦ ਜਗਜੀਤ ਸਾਹੋਕੇ ਜੀ ਨਾਲ ਗੱਲਬਾਤ ਕਰਕੇ ਕਵੀਸ਼ਰੀ ਨੂੰ ਮੁੜ ਛਾਪਣ ਦਾ ਫੈਸਲਾ ਲਿਆ। ‘ਸਿੱਖੀ ਕਾਵਿ’, ‘ਰਜਬ ਅਲੀ ਦੀ ਚੋਣਵੀਂ ਕਵਿਤਾ’ ਤੋਂ ਬਾਅਦ ਇਹ ਉਨ੍ਹਾਂ ਦੀ ਤੀਜੀ ਕਿਤਾਬ ਸੀ ਜੋ ਮੈਂ ਤੇ ਜਗਜੀਤ ਜੀ ਨੇ ਮਿਲਕੇ ਛਾਪੀ ਸੀ। ਕਿਤਾਬ ਵਿੱਚ ਰਜਬ ਅਲੀ ਜੀ ਦੇ ਮਸ਼ਹੂਰ ਡਾਕੂਆਂ ਨਾਲ ਸੰਬੰਧਤ ਕਿੱਸੇ ਹੀ ਛਾਪੇ ਗਏ ਅਤੇ ਨਾਂ ਰੱਖਿਆ ‘ਗਾਥਾ ਸੂਰਮਿਆਂ ਦੀ..’। ਅਲੀ ਜੀ ਦਾ ਆਪਣੀ ਰਚਨਾ ਵਿੱਚ ਮੰਨਣਾ ਹੈ ਕਿ ਇਹ ਡਾਕੂ, ਸਮਾਜ ਵਿਚਲੀਆਂ ਫੈਲੀਆਂ ਊਨਤਾਈਆਂ ਦੇ ਵਿਰੋਧ ਵਿੱਚ ਹਥਿਆਰਬੰਦ ਹੋ ਕਿ ਲੜ ਰਹੇ ਸੀ ਪਰ ਸਨ ਅਸਲੀ ਸੂਰਮੇ ਹੀ।

ਜਿਵੇਂ ਕਿ ਵਾਰਸ ਸ਼ਾਹ ਦੀ ਹੀਰ ਜਾਂ ਹੋਰ ਧਾਰਿਮਕ ਗ੍ਰੰਥ ਜਾਤੀ ਸੂਚਕ ਸ਼ਬਦਾਂ ਨਾਲ ਭਰੇ ਪਏ ਹਨ ਉਂਝ ਹੀ ਇਸ ਕਿਤਾਬ ਵਿੱਚ ਵੀ ਰਜਬ ਅਲੀ ਜੀ ਨੇ ਬਹੁਤ ਸਾਰੇ ਜਾਤੀ ਸੂਚਕ ਸ਼ਬਦ ਵਰਤੇ ਸਨ ਜਿੰਨ੍ਹਾਂ ਨਾਲ ਅੱਜ ਦੇ ਦੌਰ ਵਿੱਚ ਸਹਿਮਤ ਨਹੀਂ ਹੋਇਆ ਜਾ ਸਕਦਾ, ਪਰ ਮੈਂ ਸਮਝਦਾ ਹਾਂ ਪ੍ਰਕਾਸ਼ਕ ਜਾਂ ਸੰਪਾਦਕ ਦੇ ਤੌਰ ਤੇ ਸਾਡੇ ਕੋਲ ਕੋਈ ਅਧਿਕਾਰ ਨਹੀਂ ਕਿ ਅਸੀਂ ਪੁਰਣੇ ਲੇਖਕ ਦੀ ਮੌਲਿਕਤਾ ਨਾਲ ਖਿਲਵਾੜ ਕਰੀਏ।

ਪੁਲਿਸ ਹਿਰਾਸਤ ਵਿੱਚ ਮੈਂ ਬਹੁਤ ਸਾਰੀਆਂ ਘੁੰਮਣ ਘੇਰੀਆਂ ਵਿੱਚ ਫਸਿਆ ਹੋਇਆ ਸੀ ਪੁਲਿਸ ਵਾਲਿਆਂ ਨੇ ਮੈਨੂੰ ਕਮਰੇ ਵਿੱਚੋਂ ਉਠਾ ਲਿਆ ਅਤੇ ਹੁਣੇ ਹੁਣੇ ਪੁੱਜੇ ਐਸ.ਐਸ.ਪੀ. ਦੇ ਅੱਗੇ ਪੇਸ਼ ਕੀਤਾ। ਇੱਥੇ ਹੀ ਮੈਂ ਵੇਖਿਆ ਕਿ ਪੁਲਿਸ ਜਗਜੀਤ ਸਾਹੋਕੇ ਜੀ ਨੂੰ ਗ੍ਰਿਫ਼ਤਾਰ ਕਰਕੇ ਲਿਆ ਚੁੱਕੀ ਹੈ। ਐਸ.ਐਸ.ਪੀ. ਨੇ ਸਿਰਫ਼ ਇੰਨਾ ਹੀ ਪੁੱਛਿਆ ਕਿ ਕਿੰਨੀ ਕਿਤਾਬ ਛਾਪੀ ਸੀ ਮੈਂ ਕਿਹਾ ਜੀ ਇੱਕ ਹਜ਼ਾਰ, ਉਹ ਕਹਿਣ ਲੱਗਾ ਕਿ ਸਾਨੂੰ ਤਾਂ ਜਗਜੀਤ ਸਾਹੋਕੇ ਤੋਂ 200 ਕਾਪੀ ਹੀ ਮਿਲੀ ਹੈ ਬਾਕੀ ਕਿੱਥੇ ਹੈ। ਮੈਂ ਕਿਹਾ ਜੀ ਬਾਕੀ ਅੱਠ ਸੌ ਦਿੱਲੀ ਤੋਂ ਟਰਾਂਸਪੋਰਟ ਰਾਹੀਂ ਬਰਨਾਲੇ ਲਈ ਚੱਲੀ ਹੈ। ਜੋ ਬਾਅਦ ਵਿੱਚ ਪੁਲਿਸ ਵਾਲਿਆਂ ਟਰਾਂਸਪੋਰਟ ਦੇ ਦਫ਼ਤਰ ’ਚੋ ਬਰਾਮਦ ਕਰ ਕੇ ਕੇਸ ਪ੍ਰਾਪਰਟੀ ਬਣਾ ਦਿੱਤੀ।

ਮੇਰੇ ਅਤੇ ਜਗਜੀਤ ਸਾਹੋਕੇ ਉਤੇ ਐਸ.ਸੀ.ਐਸ. ਐਕਟ, ਦੰਗੇ ਫਲਾਉਣ ਦੀ ਸਾਜਿਸ਼ ਰਚਨ ਜਿਹੀਆਂ ਸੰਗੀਨ ਧਾਰਾਵਾਂ ਹੇਠ ਪਰਚਾ ਦਰਜ ਹੋ ਚੁੱਕਿਆ ਸੀ। ਐਸ. ਐਸ. ਪੀ. ਦੇ ਜਾਣ ਤੋਂ ਕੁਝ ਸਮਾਂ ਬਾਅਦ ਹੀ ਨੀਲ ਕਮਲ ਅਤੇ ਮੇਰੇ ਪਿਤਾ ਮੇਘ ਰਾਜ ਮਿੱਤਰ ਵੀ ਮੈਨੂੰ ਮਿਲਣ ਪਹੁੰਚ ਗਏ। ਨੀਲ ਕਮਲ ਨੇ ਹੁਣ ਤੱਕ ਸਭ ਪਤਾ ਕਰ ਲਿਆ ਸੀ ਸਥਾਨਿਕ ਡੀ.ਐਸ.ਪੀ. ਦੇ ਬਿਆਨਾਂ ਤੇ ਉਪਰਲੇ ਹੁਕਮਾਂ ਅਨੁਸਾਰ ਇਹ ਕੇਸ ਦਰਜ ਕੀਤਾ ਗਿਆ ਸੀ।

ਪੁਲਿਸ ਨੇ ਮੈਨੂੰ ਦੋ ਦਿਨ ਅਤੇ ਜਗਜੀਤ ਸਾਹੋਕੇ ਨੂੰ ਇੱਕ ਦਿਨ ਪੁਲਿਸ ਹਰਾਸਤ ਵਿੱਚ ਰੱਖਿਆ, ਉਨ੍ਹਾਂ ਦਾ ਮੁੱਖ ਮਕਸਦ ਇਹ ਪਤਾ ਲਗਾਉਣਾ ਸੀ ਕਿ ਅਸੀਂ ਡਾਕੂਆਂ ਨਾਲ ਸੰਬੰਧਿਤ ਕਿੱਸੇ ਹੀ ਕਿਉਂ ਛਾਪੇ। ਪੁਲਿਸ ਨੂੰ ਇੰਟੈਲੀਜੈਂਸ ਵਿਭਾਗ ਦੀ ਇਹ ਸੂਚਨਾ ਸੀ ਕਿ ਇੰਨ੍ਹਾਂ ਕਿੱਸਿਆਂ ਰਾਹੀਂ ਅਸੀਂ ਲੋਕਾਂ ਨੂੰ ਬਗਾਵਤ ਲਈ ਉਕਸਾਉਣਾ ਚਾਹੁੰਦੇ ਹਾਂ। ਹੁਣ ਮੈਨੂੰ ਸਮਝ ਲੱਗ ਪਿਆ ਸੀ ਕਿ ਸਟੇਟ ਨੇ ਜਾਣ ਬੁੱਝਕੇ ਮੈਨੂੰ ਨਿਸ਼ਾਨਾ ਬਣਾਉਣ ਲਈ ਇਹ ਝੂਠਾ ਪਰਚਾ ਦਰਜ ਕੀਤਾ ਹੈ।

ਦੋ ਦਿਨਾਂ ਦੀ ਹਿਰਾਸਤ ਤੋਂ ਬਾਅਦ ਮੈਨੂੰ ਜੇਲ੍ਹ ਭੇਜ ਦਿੱਤਾ ਗਿਆ। ਬਰਨਾਲਾ ਜੇਲ੍ਹ ਭਦੌੜ ਰੋੜ ਤੇ ਪੰਜ ਕੁ ਕਿਲੋਮੀਟਰ ਦੀ ਵਿੱਥ ਤੇ ਹੈ। ਜੇਲ੍ਹ ਦੇ ਛੋਟੇ ਗੇਟ ਰਾਹੀਂ ਅੰਦਰ ਜਾਂਦਿਆਂ ਹੀ ਸਭ ਤੋਂ ਪਹਿਲਾਂ ਜਾਮਾ ਤਲਾਸ਼ੀ ਅਤੇ ਨਾਲ ਹੀ ਜੇਲ੍ਹਰ ਕੋਲ ਪੇਸ਼ ਕੀਤਾ ਗਿਆ, ਫਿਰ ਜੇਲ੍ਹ ਦੇ ਅੰਦਰੂਨੀ ਗੇਟ ਰਾਹੀਂ ਮੈਂ ਅੰਦਰ ਪਹੁੰਚ ਗਿਆ। ਲੱਗਭਗ ਸਾਰੀਆਂ ਜੇਲ੍ਹਾਂ ਦਾ ਹੀ ਕੇਂਦਰੀ ਸਿਸਟਮ ਹੁੰਦਾ ਹੈ ਜਿਸ ਨੂੰ ਚੱਕਰ ਕਿਹਾ ਜਾਂਦਾ ਹੈ। ਗੋਲ ਅਕਾਰ ਦੇ ਇੱਕ ਛੋਟੇ ਜਿਹੇ ਕਮਰੇ ਨੂੰ ਚੱਕਰ ਕਿਹਾ ਜਾਂਦਾ ਹੈ। ਅੰਦਰ ਵੜਦੇ ਸਾਰ ਹੀ ਮੈਨੂੰ ਮੇਰੇ ਸ਼ਹਿਰ ਦੇ ਕੁਝ ਜਾਣੂ ਨੌਜਵਾਨ ਮਿਲੇ ਜਿੰਨ੍ਹਾਂ ਨੇ ਗਰਮਜੋਸ਼ੀ ਨਾਲ ਮੇਰਾ ਸਵਾਗਤ ਕੀਤਾ। ਉਨ੍ਹਾਂ ਵਿੱਚੋਂ ਇੱਕ ਨੇ ਦੱਸਿਆ ਕਿ ਰੋਜ਼ਾਨਾ ਅਖ਼ਬਾਰਾਂ ਤੋਂ ਤੇਰੇ ’ਤੇ ਪਰਚੇ ਦਾ ਪਤਾ ਚੱਲ ਗਿਆ ਸੀ ਅਤੇ ਨਾਲ ਹੀ ਤੇਰੇ ਪੁਲਿਸ ਰਿਮਾਂਡ ਦਾ ਵੀ ਜਿਸਤੋਂ ਸਾਨੂੰ ਅੰਦਾਜ਼ਾ ਸੀ ਕਿ ਤੂੰ ਅੱਜ ਸਾਡੇ ਕੋਲ ਪਹੁੰਚ ਜਾਂਵੇਗਾ। ਚਾਹ ਪਾਣੀ ਪਿਲਾਉਣ ਤੋਂ ਬਾਅਦ ਉਨ੍ਹਾਂ ਨੇ ਮੇਰੇ ਰਹਿਣ ਦਾ ਪ੍ਰਬੰਧ ਆਪਣੀ ਬੈਰਕ ਵਿੱਚ ਹੀ ਕਰਵਾ ਦਿੱਤਾ ਜਿੱਥੇ ਪਹਿਲਾਂ ਤੋਂ ਹੀ ਮੇਰੇ ਕੇਸ ਭਾਈਵਾਲ ਜਗਜੀਤ ਸਾਹੋਕੇ ਜੀ ਵੀ ਮੌਜੂਦ ਸਨ। ਮੈਂ ਆਪਣਾ ਖੱਡਾ ਉਨ੍ਹਾਂ ਦੇ ਨਾਲ ਹੀ ਲਗਾ ਲਿਆ।

ਮੇਰਾ ਸਾਰਾ ਪਰਿਵਾਰ ਹੀ ਅਗਾਂਹਵਧੂ ਵਿਚਾਰਾਂ ਦਾ ਧਾਰਨੀ ਹੈ, ਕੇਸ ਬਾਰੇ ਸਭ ਦੇ ਮਨ ਵਿੱਚ ਚਿੰਤਾ ਤਾਂ ਜਰੂਰ ਸੀ, ਪਰ ਨਾਲ ਹੀ ਸਾਰੇ ਇਸ ਨੂੰ ਪਾਰਟ ਆਫ਼ ਲਾਈਫ਼ ਹੀ ਮੰਨਦੇ ਹਨ। ਮੈਥੋਂ ਪਹਿਲਾਂ ਮੇਰੇ ਪਿਤਾ ਜੀ ਵੀ ਤਿੰਨ ਮਹੀਨੇ ਦੀ ਕੈਦ ਕਿਸੇ ਅੰਦੋਲਨ ਦੌਰਾਨ ਕੱਟ ਚੁੱਕੇ ਸਨ, ਪਰ ਦੂਜੇ ਪਾਸੇ ਮੇਰੇ ਸਹੁਰਾ ਪਰਿਵਾਰ ਜਾਂ ਹੋਰ ਨਜਦੀਕੀ ਰਿਸ਼ਤੇਦਾਰ ਇਸ ਗੱਲ ਨੂੰ ਲੈ ਕੇ ਬਹੁਤੇ ਚਿੰਤਤ ਸਨ। ਮੈਨੂੰ ਅੱਜ ਵੀ ਇਹ ਗੱਲ ਚੁਭਦੀ ਹੈ ਜਦੋਂ ਮੈਂ ਜੇਲ੍ਹੋਂ ਬਾਹਰ ਆਇਆ ਤਾਂ ਮੇਰੀ ਭੂਆ ਕਹਿਣ ਲੱਗੀ ਕਿ ਪੁੱਤ ਤੂੰ ਅਜਿਹੇ ਗਲਤ ਕੰਮ ਛੱਡ ਕਿਉਂ ਨੀਂ ਦਿੰਦਾ ਜੀਹਦੇ ਕਰਕੇ ਤੈਨੂੰ ਜੇਲ੍ਹ ਜਾਣਾ ਪਿਆ, ਭੂਆ ਨੂੰ ਕੀ ਕਹਾਂ ਮੈਨੂੰ ਸਮਝ ਨਹੀਂ ਆਇਆ।

ਪੁਲਿਸ ਹਿਰਾਸਤ ਤੋਂ ਜੇਲ੍ਹ ਜਾਂਦੇ ਹੀ ਅਗਲੇ ਦਿਨ ਮੇਰਾ ਮਿੱਤਰ ਨੀਲ ਕਮਲ ਮੈਨੂੰ ਮਿਲਣ ਆਇਆ ਕਹਿੰਦਾ ਮੈਂ ਪਟਿਆਲਾ ਰੇਂਜ ਦੇ ਆਈ ਜੀ ਨੂੰ ਮਿਲਣ ਗਿਆ ਜੋ ਕਿ ਉਸਦਾ ਵਧੀਆ ਮਿੱਤਰ ਸੀ। ਬੈਠਦੇ ਸਾਰ ਹੀ ਆਈ.ਜੀ. ਮੈਨੂੰ ਕਹਿਣ ਲੱਗਾ ‘‘ਨੀਲ ਮੈਨੂੰ ਪਤਾ ਹੈ ਤੂੰ ਕਿਸ ਕੰਮ ਆਇਆ ਹੈਂ। ਇਸ ਸਾਰੇ ਮਾਮਲੇ ਦੀ ਦੇਖ ਰੇਖ ਮੈਂ ਹੀ ਕਰ ਰਿਹਾ ਸੀ, ਮੈਨੂੰ 10 ਮਿੰਟ ਬਾਅਦ ਹੀ ਪਤਾ ਲੱਗ ਗਿਆ ਸੀ ਕਿ ਜਿਸ ਲੜਕੇ ਨੂੰ ਅਸੀਂ ਗ੍ਰਿਫ਼ਤਾਰ ਕੀਤਾ ਹੈ ਉਹ ਤੇਰਾ ਮਿੱਤਰ ਹੈ। ਪਰ ਚਾਹੁੰਦੇ ਹੋਏ ਵੀ ਮੈਂ ਇਸ ਮਾਮਲੇ ਵਿੱਚ ਤੇਰੀ ਕੋਈ ਸਹਾਇਤਾ ਨਹੀਂ ਕਰ ਸਕਦਾ ਸੀ, ਇਸ ਪੂਰੇ ਮਾਮਲੇ ਬਾਰੇ ਡੀ.ਜੀ.ਪੀ. ਦਫ਼ਤਰ ਦਾ ਮੇਰੇ ’ਤੇ ਬਹੁਤ ਪ੍ਰੈਸ਼ਰ ਸੀ। ਨੀਲ ਦੇ ਨਾਲ ਹੀ ਮੇਰਾ ਛੋਟਾ ਭਾਈ ਡਾਕਟਰ ਵਿਸ਼ਾਲ ਵੀ ਉਸ ਆਈ. ਜੀ. ਨੂੰ ਮਿਲਣ ਗਏ ਸਨ। ਜਿਉਂ ਹੀ ਉਹ ਵਾਪਸੀ ਲਈ ਬਾਹਰ ਨਿਕਲਣ ਲੱਗੇ ਤਾਂ ਆਈ. ਜੀ. ਹੱਸ ਕੇ ਨੀਲ ਨੂੰ ਕਹਿਣ ਲੱਗਾ ਕਿ ਯਾਰ ਇੱਕ ਗੱਲ ਦੱਸਾਂ ਤੇਰਾ ਉਹ ਮਿੱਤਰ ਕਹਿਣ ਨੂੰ ਤਰਕਸ਼ੀਲ ਹੈ ਪਰ ਹੈ ਕਿਸੇ ਹੋਰ ਵਿਚਾਰਧਾਰਾ ਦਾ ਹਾਮੀ। ਜਿਸ ਕਾਰਣ ਡੀਜੀਪੀ ਸਾਹਿਬ ਇਸ ਪੂਰੇ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਹੇ ਹਨ।’’ ਉਸਦੀਆਂ ਗੱਲਾਂ ਸੁਣਕੇ ਮੇਰੇ ਮਿੱਤਰ ਅਤੇ ਭਰਾ ਨੂੰ ਹੁਣ ਇਹ ਗੱਲ ਸਾਫ਼ ਹੋ ਚੁੱਕੀ ਸੀ ਕਿ ਸਰਕਾਰ ਜਾਣ ਬੁੱਝਕੇ ਮੈਨੂੰ ਮੇਰੀਆਂ ਛਾਪੀਆਂ ਅਗਾਂਹਵਧੂ ਜਾਂ ਖੱਬੇਪੱਖੀ ਸਾਹਿਤ ਕਾਰਨ ਨਿਸ਼ਾਨਾ ਬਣਾ ਰਹੀ ਹੈ।
ਆਪਣੇ ਮਿੱਤਰ ਦੀਆਂ ਗੱਲਾਂ ਸੁਣਕੇ ਮੇਰੇ ਮਨ ਨੂੰ ਧਰਵਾਸ ਹੋਇਆ ਕਿ ਚਲੋ ਗੱਲ ਸਾਫ ਤਾਂ ਹੋਈ। ਨਹੀਂ ਤਾਂ ਸਰਕਾਰ ਨੂੰ ਕੀ ਕਾਹਲੀ ਸੀ ਕਿ ਉਹ ਅਜਿਹੇ ਕਵੀ ਦੀਆਂ ਲਿਖਤਾਂ ਲਈ ਮੈਨੂੰ ਗ੍ਰਿਫਤਾਰ ਕਰੇ ਜਿਸ ਦੀਆਂ ਉਹ ਲਿਖਤਾਂ ਮੈਥੋਂ ਪਹਿਲਾਂ ਯੂਨਿਵਰਸਿਟੀਆਂ ਜਾਂ ਭਾਸ਼ਾ ਵਿਭਾਗ ਵੀ ਛਾਪ ਚੁੱਕਾ ਸੀ।

ਇਹ ਵੀ ਸਾਫ ਹੋ ਚੁੱਕਾ ਸੀ ਕਿ ਮੇਰੇ ’ਤੇ ਪਰਚਾ ਇੰਟੈਲੀਜੈਂਸ ਵਿਭਾਗ ਦੇ ਇੱਕ ਸਭ ਤੋਂ ਸੀਨੀਅਰ ਅਫ਼ਸਰ ਦੇ ਕਹਿਣ ਤੇ ਕੀਤਾ ਗਿਆ ਹੈ। ਮੇਰਾ ਛੋਟਾ ਭਾਈ ਵਿਸ਼ਵ ਅੰਗਰੇਜੀ ਅਖ਼ਬਾਰ ਦਾ ਪੱਤਰਕਾਰ ਹੈ ਸਮੇਂ-ਸਮੇਂ ਤੇ ਸਰਕਾਰਾਂ ਖਿਲਾਫ਼ ਵੀ ਲਿਖਦਾ ਰਹਿੰਦਾ ਹੈ। ਉਸਨੇ ਆਪਣੇ ਇੱਕ ਸਹਿਕਰਮੀ ਮਿੱਤਰ ਨਾਲ ਉਸ ਅਧਿਕਾਰੀ ਨੂੰ ਚੰਡੀਗੜ੍ਹ ਉਸਦੇ ਦਫ਼ਤਰ ਮਿਲਣ ਦਾ ਫੈਸਲਾ ਕੀਤਾ ਤਾਂ ਜੋ ਗੱਲਾਂ ਹੋਰ ਸਪਸ਼ਟ ਹੋ ਸਕਣ। ਉਸਦਾ ਉਹ ਸਹਿਕਰਮੀ ਇੰਟੈਲੀਜੈਂਸ ਦੇ ਉਸ ਅਫਸਰ ਦਾ ਵੀ ਮਿੱਤਰ ਸੀ ਜਿਸ ਦੀਆਂ ਹਦਾਇਤਾਂ ਉਤੇ ਇਹ ਕੇਸ ਦਰਜ ਕੀਤਾ ਗਿਆ ਸੀ। ਜਦ ਦੋਹੇਂ ਉਸਦੇ ਦਫ਼ਤਰ ਪਹੁੰਚੇ ਤਾਂ ਵਿਸ਼ਵ ਨੇ ਵੇਖਿਆ ਕਿ ਮੇਰੀ ਛਾਪੀ ਉਹੀ ‘ਵਿਵਾਦਗ੍ਰਸਤ’ ਕਿਤਾਬ ਅਧਿਕਾਰੀ ਦੇ ਮੇਜ ’ਤੇ ਪਈ ਸੀ। ਰੁਟੀਨ ਦੀਆਂ ਗੱਲਾਂ ਤੋਂ ਬਾਅਦ ਵਿਸ਼ਵ ਦਾ ਮਿੱਤਰ ਮੁੱਦੇ ਵੱਲ ਆਇਆ ਤਾਂ ਅਧਿਕਾਰੀ ਨਾਲ ਦੇ ਨਾਲ ਹੀ ਚੋਕਨਾ ਹੁੰਦਾ ਹੋਇਆ ਕਹਿਣ ਲੱਗਾ ਤੁਹਾਡਾ ਇਸ ਮਾਮਲੇ ਨਾਲ ਕੀ ਸੰਬੰਧ? ਤਾਂ ਵਿਸ਼ਵ ਦੇ ਮਿੱਤਰ ਨੇ ਕਿਹਾ ਜਿਸ ਨੂੰ ਤੁਸੀਂ ਗ੍ਰਿਫਤਾਰ ਕਰਵਾਇਆ ਉਹ ਮੇਰੇ ਇਸ ਮਿੱਤਰ ਦਾ ਭਰਾ ਹੈ।

ਇੰਟੈਲੀਜੈਂਸ ਅਧਿਕਾਰੀ ਝੱਟ ਹੀ ਵਿਸ਼ਵ ਨੂੰ ਸੰਬੋਧਿਤ ਹੁੰਦਾ ਬੋਲਿਆ ਅੱਛਾ-ਅੱਛਾ ਤੁਸੀਂ ਮੇਘ ਰਾਜ ਮਿੱਤਰ ਦੇ ਲੜਕੇ ਹੋ। ਬੜੀ ਸਾਫ਼ਗੋਈ ਨਾਲ ਕਹਿੰਦਾ ਯਾਰ ਇੱਕ ਗੱਲ ਕਹਾਂ ਜਿਹੋ ਜਿਹੀਆਂ ਕਿਤਾਬਾਂ ਤੇਰਾ ਭਰਾ ਛਾਪਦਾ ਹੈ ਉਨ੍ਹਾਂ ਨੂੰ ਪੜ੍ਹ-ਪੜ੍ਹ ਕੇ ਪੰਜਾਬ ਵਿੱਚ ਕਿਸਾਨ, ਮਜ਼ਦੂਰ ਜਾਂ ਵਿਦਿਆਰਥੀ ਸਾਡੇ ਖਿਲਾਫ਼ ‘ਜਿੰਦਾਬਾਦ-ਮੁਰਦਾਬਾਦ’ ਬਹੁਤ ਕਰਦੇ ਹਨ। ਉਸ ਅਧਿਕਾਰੀ ਦੀਆਂ ਗੱਲਾਂ ਨਾਲ ਇਹ ਸਥਿਤੀ ਚਿੱਟੇ ਦਿਨ ਵਾਂਗ ਸਾਫ਼ ਹੋ ਚੁੱਕੀ ਸੀ ਕਿ ਸਰਕਾਰ ਨੇ ਜਾਣ ਬੁੱਝਕੇ ਮੈਨੂੰ ਨਿਸ਼ਾਨਾ ਬਣਾਇਆ ਹੈ।

ਮੇਰੇ ਨਾਲ ਜੋ ਬੀਤੀ ਉਸਦਾ ਮੈਨੂੰ ਕੋਈ ਪਛਤਾਵਾ ਨਹੀਂ। 1970ਵਿਆਂ ਵਿੱਚ ਮਾਓ ਜੇ ਤੁੰਗ ਦੀ ‘ਲਾਲ ਕਿਤਾਬ’ ਕਾਰਣ ਬਹੁਤ ਸਾਰੇ ਨੌਜਵਾਨਾਂ ਨੂੰ ਤਸ਼ੱਦਦ ਦਾ ਸਾਹਮਣਾ ਕਰਨਾ ਪਿਆ ਸੀ। ਮੈਂ ਗ੍ਰਿਫਤਾਰੀ ਤੋਂ ਸਾਲ ਕੁ ਪਹਿਲਾਂ ਹੀ ਇਸ ਕਿਤਾਬ ਨੂੰ ਮੁੜ ਪ੍ਰਕਾਸ਼ਿਤ ਕੀਤਾ ਸੀ। ਅਜਿਹੀਆਂ ਹੋਰ ਵੀ ਬਹੁਤ ਸਾਰੀਆਂ ਕਿਤਾਬਾਂ ਮੈਂ ਤਰਕਭਾਰਤੀ ਪ੍ਰਕਾਸ਼ਨ ਵੱਲੋਂ ਹੁਣ ਤੱਕ ਪ੍ਰਕਾਸ਼ਿਤ ਕਰ ਚੁੱਕਾ ਸੀ ਜੋ ਦੱਬੇ ਕੁਚਲੇ ਲੋਕਾਂ ਨੂੰ ਸੰਘਰਸ਼ ਲਈ ਪ੍ਰੇਰਿਤ ਕਰਦੀਆਂ ਹਨ।

ਉਪਰੋਕਤ ਦੋਹੇਂ ਗੱਲਾਂ ਤੋਂ ਇਹ ਗੱਲ ਸਾਫ਼ ਹੋ ਚੱਲੀ ਸੀ ਕਿ ਸਾਜ਼ਿਸ਼ ਤਹਿਤ ਸਰਕਾਰ ਅਤੇ ਪੁਲਿਸ ਨੇ ਮੈਨੂੰ ਨਿਸ਼ਾਨਾ ਬਣਾਇਆ ਹੈ, ਮੇਰੇ ਕਾਰਣ ਅਜਿਹਾ ਕੇਸ ਹੀ ਉਨ੍ਹਾਂ ਨੂੰ ਸੰਗਮ ਪ੍ਰਕਾਸ਼ਨ ਸਮਾਣਾ ਦੇ ਮਾਲਕ ਸ੍ਰੀ ਅਸ਼ੋਕ ਕੁਮਾਰ ਜੀ ਤੇ ਵੀ ਦਰਜ ਕਰਨਾ ਪਿਆ। ਜਿਉਂ ਹੀ ਸਾਡੀ ਗ੍ਰਿਫ਼ਤਾਰੀ ਹੋਈ ਤਾਂ ਇਸ ਦਾ ਵਿਰੋਧ ਵੀ ਹੋਣਾ ਸ਼ੁਰੂ ਹੋ ਗਿਆ। ਸਭ ਤੋਂ ਪਹਿਲਾਂ ਪੰਜਾਬ ਵਿੱਚ ਅਨਸੂਚਿਤ ਜਾਤੀ ਕਮੀਸ਼ਨ ਦੇ ਚੇਅਰਮੈਨ ਪਾਂਧੀ ਜੀ ਨੇ ਸਾਡੇ ਹੱਕ ਵਿੱਚ ਬਿਆਨ ਦਿੱਤਾ। ਪੁਲਿਸ ਨੇ ਕਾਹਲੀ ਵਿੱਚ ਮੇਰੇ ਨਾਲ ਹੀ ਮੇਰੇ ਸਾਥੀ ਜਗਜੀਤ ਸਾਹੋਕੇ ਜੀ ਤੇ ਵੀ ਐਸ.ਸੀ.ਐਸ. ਐਕਟ ਦੀਆਂ ਧਾਰਾਵਾਂ ਹੇਠ ਪਰਚਾ ਦਰਜ ਕਰ ਦਿੱਤਾ ਸੀ ਜੋ ਕਿ ਸਰਾਸਰ ਗਲਤ ਸੀ। ਸਾਹੋਕੇ ਜੀ ਖੁਦ ਉਸੇ ਭਾਈਚਾਰੇ ਵਿਚੋਂ ਸਨ, ਕਾਨੂੰਨ ਅਨੁਸਾਰ ਅਜਿਹਾ ਨਹੀਂ ਕੀਤਾ ਜਾ ਸਕਦਾ ਸੀ। ਸਾਡੇ ਸਭ ਤੇ ਜੋ ਮੁੱਖ ਧਾਰਾ ਸੀ ਉਹ ਇਹੀ ਸੀ, ਸਾਡੇ ਹੱਕ ਵਿੱਚ ਪਾਂਧੀ ਜੀ ਦਾ ਬਿਆਨ ਆਉਣ ਤੋਂ ਬਾਅਦ ਪੁਲਿਸ ਨੇ ਮਜਬੂਰੀ ਵਿੱਚ ਉਹ ਧਾਰਾ ਸਾਹੋਕੇ ਜੀ ਤੋਂ ਹਟਾ ਲਈ ਜਿਸ ਕਾਰਣ ਪੁਲਿਸ ਦਾ ਕੇਸ ਪਹਿਲੇ ਸੱਟੇ ਹੀ ਕਮਜ਼ੋਰ ਹੋ ਗਿਆ। ਜੇਲ੍ਹ ਵਿੱਚ ਜਦੋਂ ਸਾਨੂੰ ਇਸਦੀ ਸੂਚਨਾ ਮਿਲੀ ਤਾਂ ਸਾਨੂੰ ਕੁਝ ਧਰਵਾਸ ਮਿਲੀ ਕਿ ਸ਼ਾਇਦ ਹੁਣ ਸਾਡੀ ਜ਼ਮਾਨਤ ਕੁਝ ਜਲਦੀ ਹੋ ਜਾਵੇ। ਪਹਿਲਾਂ ਜੇਲ੍ਹ ਵਿੱਚ ਬੰਦ ਕੈਦਿਆਂ ਨੇ ਸਾਨੂੰ ਕਹਿ ਦਿੱਤਾ ਸੀ ਕਿ ਜਿਸ ਧਾਰਾ ਵਿੱਚ ਤੁਸੀਂ ਬੰਦ ਹੋ ਥੋਡੀ ਜਮਾਨਤ ਤਿੰਨ ਚਾਰ ਮਹੀਨੇ ਨਹੀਂ ਹੁੰਦੀ। ਅਜਿਹੀ ਹੀ ਸ਼ੰਕਾ ਮੇਰੇ ਸਤਿਕਾਰਯੋਗ ਪ੍ਰਸਿੱਧ ਲੇਖਕ ਮਾਲਵਿੰਦਰਜੀਤ ਸਿੰਘ ਵੜੈਚ ਜੀ ਵੀ ਮੇਰੀ ਪਤਨੀ ਨੀਲਮ ਨਾਲ ਫ਼ੋਨ ’ਤੇ ਪ੍ਰਗਟ ਕਰ ਚੁੱਕੇ ਸਨ। ਜਿਸ ਕਾਰਨ ਉਹ ਵਾਹਵਾ ਚਿੰਤਤ ਸੀ।

ਹੁਣ ਤੱਕ ਇਹ ਮਾਮਲਾ ਵਾਹਵਾ ਚਰਚਾ ਵਿੱਚ ਆ ਚੁੱਕਾ ਸੀ, ਖਾਸਕਰ ਅੰਗਰੇਜੀ ਮੀਡੀਏ ਨੇ ਉਸ ਮੌਕੇ ਇਸ ਨੂੰ ਖੂਬ ਤਵੱਜੋ ਦਿੱਤੀ। ‘ਦਾ ਟ੍ਰਿਬਿਊਨ’ ਨੇ ਸੰਪਾਦਕੀ ਲਿਖੀ, ਇੰਡੀਅਨ ਐਕਸਪ੍ਰੈਸ, ਟਾਈਮਜ਼ ਆਫ਼ ਇੰਡੀਆ ਨੇ ਕਈ ਵੱਡੀਆਂ ਵੱਡੀਆਂ ਖ਼ਬਰਾਂ ਲਾ ਦਿੱਤੀਆਂ ਸਨ। ਹਫ਼ਤੇ ਕੁ ਬਾਅਦ ਜੇਲ੍ਹ ਵਿੱਚ ਇੱਕ ਦਿਨ ਚੰਡੀਗੜ੍ਹ ਤੋਂ ਮੈਨੂੰ ਹਿੰਦੋਸਤਾਨ ਟਾਈਮਜ਼ ਦਾ ਪੱਤਰਕਾਰ ਅਰੀਸ਼ ਛਾਬੜਾ ਮਿਲਣ ਆਇਆ ਜੇਲ੍ਹ ਵਿੱਚ ਸੁਲਾਖਾਂ ਪਿੱਛੇ ਬੰਦ ਦੀ ਚੋਰੀ ਛਿਪੇ ਮੇਰੀ ਫੋਟੋ ਵੀ ਖਿੱਚੀ, ਇਹ ਫੋਟੋ ਮੇਰੇ ਕੋਲ ਹੁਣ ਵੀ ਸਾਂਭੀ ਹੋਈ ਹੈ। ਅਗਲੇ ਦਿਨ ਉਸਨੇ ਇੱਕ ਪੂਰਾ ਪੰਨਾ ਇਸ ਕੇਸ ’ਤੇ ਆਪਣੇ ਅਖ਼ਬਾਰ ਵਿੱਚ ਛਾਪਿਆ ਜਿਸ ਵਿੱਚ ਮੇਰੇ ਜੇਲ੍ਹ ਵਿੱਚ ਬੰਦ ਦੀ ਫੋਟੋ ਵੀ ਸੀ ਅਤੇ ਨਾਲ ਹੀ ਕੈਪਸ਼ਨ ਸੀ ‘ਰਜਬ ਅਲੀ ਤਾਂ ਮਹਿਜ਼ ਬਹਾਨਾ ਹੈ ਮਾਮਲਾ ਕੁਝ ਹੋਰ ਹੈ’।
ਕਈ ਵੱਡੇ ਵੱਡੇ ਬੁੱਧਜੀਵੀ, ਜਮਹੂਰੀ ਸੰਸਥਾਵਾਂ ਦੇ ਆਗੂ ਸਾਡੇ ਹੱਕ ਵਿੱਚ ਬਿਆਨ ਦੇ ਰਹੇ ਸਨ, ਇਹਨਾਂ ਵਿੱਚ ਉਸ ਵੇਲੇ ਬਾਦਲ ਸਰਕਾਰ ਦੇ ਇੱਕ ਮੰਤਰੀ ਜੀ ਨੇ ਵੀ ਮੇਰੇ ਹੱਕ ਵਿੱਚ ਬਿਆਨ ਦੇ ਦਿੱਤਾ। ਇਹ ਮੰਤਰੀ ਕਾਫ਼ੀ ਬੁੱਧੀਜੀਵੀ ਸਨ, ਮੰਨਿਆ ਜਾਂਦਾ ਸੀ ਕਿ ਬਾਦਲ ਸਰਕਾਰ ਵੱਲੋਂ ਸ਼ੁਰੂ ਕੀਤੀ ਸੁਵਿਧਾ ਸੈਂਟਰ ਦੀ ਸਹੂਲਤ ਪਿੱਛੇ ਉਨ੍ਹਾਂ ਦਾ ਦਿਮਾਗ ਹੀ ਕੰਮ ਕਰਦਾ ਸੀ। ਬਿਆਨ ਛਪਦੇ ਹੀ ਮੌਕੇ ਦੇ ਡੀਜੀਪੀ ਨੇ ਮੰਤਰੀ ਜੀ ਨੂੰ ਫ਼ੋਨ ਕੀਤਾ ਅਤੇ ਬਿਆਨ ਵਾਪਸ ਲੈਣ ਲਈ ਦਬਾਅ ਬਣਾਉਣਾ ਸ਼ੁਰੂ ਕੀਤਾ। ਜਦੋਂ ਉਨ੍ਹਾਂ ਇਨਕਾਰ ਕਰ ਦਿੱਤਾ ਤਾਂ ਇੱਕ ਪੁਲਿਸ ਅਧਿਕਾਰੀ ਉਨ੍ਹਾਂ ਦੇ ਘਰ ਪਹੁੰਚ ਗਿਆ ਤੇ ਕਹਿਣ ਲੱਗਾ ਕਿ ਮੈਂ ਤਾਂ ਸਿਰਫ਼ ਤੁਹਾਡੀ ਲਾਇਬਰੇਰੀ ਵੇਖਣ ਆਇਆ ਸੀ, ਤੁਸੀਂ ਕਿਹੋ ਜਿਹੀਆਂ ਕਿਤਾਬਾਂ ਪੜ੍ਹਦੇ ਹੋ। ਪੁਲਿਸ ਖਿਲਾਫ਼ ਰੋਜ ਛਪ ਰਹੇ ਬਿਆਨਾਂ ਤੋਂ ਅੱਕ ਕੇ ਐਸ.ਐਸ.ਪੀ. ਬਰਨਾਲਾ ਨੇ ਨੀਲ ਕਮਲ ਨੂੰ ਕਿਹਾ ਕਿ ਉਹ ਇਹਨਾਂ ਖਬਰਾਂ ਨੂੰ ਰੁਕਵਾਵੇ, ਪਰ ਉਸਨੇ ਅਸਮਰੱਥਤਤਾ ਜਾਹਿਰ ਕਰ ਦਿੱਤੀ।

ਇਸ ਪੂਰੇ ਵਿਵਾਦ ਦੌਰਾਨ ਇਕ ਘਟਨਾ ਦਾ ਵਿਸ਼ੇਸ਼ ਰੂਪ ਵਿੱਚ ਜ਼ਿਕਰ ਕਰਨਾ ਚਾਹਾਂਗਾ ਜਿਨੀਂ ਦਿਨੀਂ ਮੈਂ ਜੇਲ੍ਹ ਵਿੱਚ ਬੰਦ ਸੀ। ਕਿਸਾਨਾਂ ਮਜ਼ਦੂਰਾਂ ਅਤੇ ਅਗਾਂਹਵਧੂ ਮੈਗਜ਼ੀਨਾਂ ਅਧਾਰਿਤ ਚਾਰ ਧਿਰਾਂ ਵੱਲੋਂ ਇੱਕ ਵੱਡਾ ਇਕੱਠ ਜਗਰਾਓ ਵਿੱਚ ਕੀਤਾ ਜਾ ਰਿਹਾ ਸੀ। ਪ੍ਰੋਗਰਾਮ ਤੋਂ ਤੁਰੰਤ ਪਹਿਲਾਂ ਮੇਰੀ ਰਿਹਾਈ ਲਈ ਮਤਾਂ ਪਾਸ ਕਰਨ ਜਾਂ ਨਾ ਕਰਨ ਬਾਰੇ ਚਰਚਾ ਪ੍ਰਬੰਧਕੀ ਧਿਰਾਂ ਵਿੱਚ ਹੋ ਰਹੀ ਸੀ। ਇੱਕ ਧਿਰ ਮੇਰੇ ਹੱਕ ਵਿੱਚ ਮਤਾ ਪਾਸ ਕਰਨ ਦੇ ਖਿਲਾਫ਼ ਸੀ। ਕਾਮਰੇਡਾਂ ਦੀ ਇਹ ਧਿਰ ਦਾ ਸਮਝਣਾਂ ਸੀ ਕਿ ਮੈਂ ਕਿਤਾਬ ਛਾਪਕੇ ਗਲਤ ਗੱਲ ਕੀਤੀ ਹੈ। ਇਹ ਦਲਿਤਾਂ ਪ੍ਰਤੀ ਮੇਰੇ ਨਜ਼ਰੀਏ ਨੂੰ ਦਰਸਾਉਂਦਾ ਹੈ। ਬਾਕੀ ਤਿੰਨ ਧਿਰਾਂ ਮਤੇ ਨੂੰ ਪਾਸ ਕਰਨ ਦੇ ਹੱਕ ਵਿੱਚ ਸਨ। ਅੰਤ ਨੂੰ ਮਤਾ ਪਾਸ ਕਰ ਦਿੱਤਾ ਗਿਆ। ਮੇਰਾ ਵਿਰੋਧ ਕਰਨ ਵਾਲੀ ਇਹ ਇਕੋ ਧਿਰ ਸੀ ਜਿਸ ਦਾ ਹਮਾਇਤੀ ਸਮਝਕੇ ਸਰਕਾਰ ਨੇ ਮੇਰੇ ਖਿਲਾਫ਼ ਇਹ ਪੂਰਾ ਕੇਸ ਤਿਆਰ ਕੀਤਾ ਸੀ।

ਪੰਦਰਵੇਂ ਦਿਨ ਮੈਂ ਜੇਲ੍ਹ ਵਿੱਚੋਂ ਰਿਹਾਅ ਹੋ ਕੇ ਘਰ ਪਹੁੰਚ ਗਿਆ। ਸੈਸ਼ਨ ਜੱਜ ਸਮਝਦਾਰ ਸਨ ਉਨ੍ਹਾਂ ਜ਼ਮਾਨਤ ਦਿੰਦਿਆਂ ਮੇਰੇ ਹੱਕ ਵਿੱਚ ਕਈ ਟਿੱਪਣੀਆਂ ਵੀ ਕੀਤੀਆਂ। ਤਿੰਨ ਕੁ ਮਹੀਨਿਆਂ ਬਾਅਦ ਇਸੇ ਸੈਸ਼ਨ ਜੱਜ ਸਾਹਿਬ ਨੇ ਮੈਨੂੰ ਕੇਸ ਵਿੱਚੋਂ ਬਾ-ਇੱਜਤ ਬਰੀ ਕਰ ਦਿੱਤਾ। ਪੁਲਿਸ ਮੇਰੇ ਖਿਲਾਫ਼ ਚਾਰਜ ਅਪਰੂਵ ਕਰਵਾਉਣ ਵਿੱਚ ਨਾਕਾਮਯਾਬ ਰਹੀਂ ਜਿਸ ਕਾਰਨ ਮੇਰਾ ਇਸ ਕੇਸ ਤੋਂ ਖਹਿੜਾ ਛੁੱਟ ਸਕਿਆ।

ਜੇਲ੍ਹੋਂ ਰਿਹਾਅ ਹੋਣ ਤੋਂ ਕੁਝ ਦਿਨਾਂ ਬਾਅਦ ਮਾਨਸਾ ਵਿਖੇ ਕਾਮਰੇਡ ਸੁਖ਼ਦਰਸ਼ਨ ਨੱਤ ਜੀ ਦੇ ਮੁੰਡੇ ਦੇ ਵਿਆਹ ਦੀ ਪਾਰਟੀ ਸੀ ਮੈਂ ਵੀ ਭੈਣ ਇਕਬਾਲ ਉਦਾਸੀ ਨਾਲ ਉਸ ਪ੍ਰੋਗਰਾਮ ਵਿੱਚ ਗਿਆ ਸੀ। ਵਿਆਹ ਵਿੱਚ ਆਏ ਬਹੁਤੇ ਮਿੱਤਰ ਅਜਿਹੇ ਸਨ ਜਿੰਨ੍ਹਾਂ ਉ¤ਤੇ ਮਜ਼ਦੂਰਾਂ ਕਿਸਾਨਾਂ ਦੇ ਅੰਦੋਲਨਾਂ ਦੌਰਾਨ ਕਈ-ਕਈ ਕੇਸ ਚੱਲ ਰਹੇ ਸਨ। ਜਿੰਨ੍ਹਾਂ ਵਿੱਚੋਂ ਬਹੁਤੇ ਕਈ ਕਈ ਮਹੀਨੇ ਜੇਲ੍ਹਾਂ ਵਿੱਚ ਵੀ ਕੱਟ ਆਏ ਸਨ। ਮੈਨੂੰ ਵੇਖਦੇ ਸਾਰ ਉਹ ਸਭ ਹੱਸਣ ਲੱਗੇ ਉਹਨਾਂ ਵਿੱਚੋਂ ਇੱਕ ਬੋਲਿਆ ਚੰਗਾ ਹੋਇਆ ਤੂੰ ਵੀ ਹੱਜ ਕੱਟ ਆਇਆ ਅੱਗੇ ਰੋਜ-ਰੋਜ ਸਾਥੋਂ ਜੇਲ੍ਹ ਦੇ ਕਿੱਸੇ ਸੁਣਦਾ ਤੰਗ ਕਰਦਾ ਸੀ। ਮੈਂ ਵੀ ਉਹਨਾਂ ਵੱਲ ਵੇਖਕੇ ਹੱਸਣ ਲੱਗਿਆ, ਹੁਣ ਮੈਨੂੰ ਭੂਆ ਦੇ ਕਹੇ ਦਾ ਕੋਈ ਅਫਸੋਸ ਨਹੀਂ ਸੀ…।

ਪ੍ਰੇਮ ਕਹਾਣੀਆਂ ਨੌਜਵਾਨਾਂ ਨੂੰ ਕੁਰਾਹੇ ਪਾਉਂਦੀਆਂ ਹਨ

ਵਿਸ਼ਵ ਦੇ ਹਰ ਦੇਸ਼ ਵਿਚ ਪ੍ਰੇਮ-ਕਹਾਣੀਆਂ ਬਹੁਤ ਲੋਕ ਪ੍ਰਿਯ ਹਨ। ਪੰਜਾਬ ਵਿਚ ਹੀਰ-ਰਾਂਝਾ, ਮਿਰਜਾ-ਸਾਹਿਬਾ, ਸੋਹਣੀ-ਮਹੀਵਾਲ ਅਤੇ ਸੱਸੀ-ਪੁੰਨੂ ਦਾ ਬਹੁਤ ਗੁਣਗਾਨ ਹੁੰਦਾ ਹੈ। ਇਨ੍ਹਾਂ ਉੱਤੇ ਸਾਹਿਤਕਾਰਾਂ, ਕਵੀਆਂ ਆਦਿ ਨੇ ਭਰਪੂਰ ਸਾਹਿਤ ਰਚਿਆ ਹੈ। ਬਚਾ-ਬਚਾ ਇਨ੍ਹਾਂ ਪ੍ਰੇਮ ਕਹਾਣੀਆਂ ਬਾਰੇ ਜਾਣਕਾਰੀ ਰਖਦਾ ਹੈ। ਚਾਹੇ ਉਸ ਨੂੰ ਆਪਣੇ ਦੇਸ਼ ਦੇ ਆਜ਼ਾਦੀ ਘੁਲਾਟੀਏ ਚਿੰਤਕਾਂ, ਸਾਇੰਸਦਾਨਾਂ, ਖੋਜੀਆਂ ਆਦਿ ਦੇ ਨਾਂ ਵੀ ਨਾ ਪਤਾ ਹੋਣ। ਵੱਖੋ-ਵੱਖ ਮਾਹਰਾਂ ਨੇ ਜੀਵਨ-ਕਾਲ ਨੂੰ 4, 8 ਜਾਂ 12 ਹਿੱਸਿਆਂ ਵਿਚ ਵੰਡਿਆ ਹੈ। ਭਾਰਤ ਵਿਚ ਆਮ ਤੌਰ ’ਤੇ 4 ਭਾਗ ਮੰਨੇ ਜਾਂਦੇ ਹਨ। ਹਰ ਇਕ ਭਾਗ ਵਿਚ ਵਿਕਾਸ ਦੇ ਟੀਚੇ ਹੁੰਦੇ ਹਨ, ਜੋ ਲਗਭਗ ਹਰ ਥਾਂ ਇਕਸਾਰ ਹੁੰਦੇ ਹਨ।

ਇਹ ਹਥਲਾ ਲੇਖ 16 ਸਾਲ ਤੋਂ 23 ਸਾਲ ਦੇ ਲੜਕੇ ਅਤੇ ਲੜਕੀਆਂ ਨੂੰ ਸੇਧ ਦੇਣ ਨੂੰ ਲਿਖਿਆ ਹੈ। ਜੀਵਨ-ਕਾਲ ਦਾ ਇਹ ਭਾਗ ਬਹੁਤ ਨਾਜਕ ਹੈ। ਇਸ ਵੇਲੇ ਹਾਰਮੋਨਜ਼ ਦੀ ਸੰਖਿਆ ਵਧਦੀ ਹੈ। ਸਰੀਰਕ ਅਤੇ ਭਾਵਨਾਤਮਕ ਤਬਦੀਲੀਆਂ ਆਉਂਦੀਆਂ ਹਨ। ਦਿਮਾਗ਼ ਦਾ ਪੂਰਾ ਵਿਕਾਸ ਨਹੀਂ ਹੋਇਆ ਹੁੰਦਾ। ਤਜ਼ਰਬੇ ਦੀ ਘਾਟ ਹੁੰਦੀ ਹੈ। ਵਤੀਰੇ ਵਿਚ ਕੱਚਾਪਨ ਹੁੰਦਾ ਹੈ। ਆਪਣੀ ਹੋਂਦ ਬਾਰੇ ਸੋਚਦਾ ਹੈ। ਸਵਤੰਤਰ ਹੋਣਾ ਚਾਹੁੰਦਾ ਹੈ। ਮਾਪਿਆਂ ਤੋਂ ਵੱਧ ਦੋਸਤਾਂ ਉਤੇ ਵਿਸ਼ਵਾਸ਼ ਕਰਦਾ ਹੈ, ਮਸਤ ਰਹਿੰਦਾ ਹੈ।

ਇਸ ਉਮਰ ਗੁਟ ਵਿਚ ਪੜ੍ਹਾਈ ਅਤੇ ਕਿਤੇ ਲਈ ਤਿਆਰੀ ਕਰਨੀ ਹੁੰਦੀ ਹੈ। ਆਉਣ ਵਾਲੇ ਜੀਵਨ ਦਾ ਢਾਂਚਾ ਬਨਾਉਣਾ ਹੁੰਦਾ ਹੈ। ਆਪਣੀ ਮੰਜ਼ਿਲ ਤਹਿ ਕਰਨੀ ਹੁੰਦੀ ਹੈ ਅਤੇ ਉਸ ਉੱਤੇ ਪਹੁੰਚਣ ਲਈ ਸਖਤ ਮਿਹਨਤ ਅਤੇ ਲਗਨ ਨਾਲ ਸੰਭਵ ਯਤਨ ਕਰਨਾ ਹੁੰਦਾ ਹੈ। ਇਸ ਉਮਰ ਵਿਚ ਸੈਕਸ ਹਾਵੀ ਹੋ ਜਾਂਦਾ ਹੈ। ਪ੍ਰੇਮ-ਕਹਾਣੀਆਂ ਦਾ ਪ੍ਰਚਾਰ ਇਨ੍ਹਾਂ ਉੱਤੇ ਮਾਰੂ ਅਸਰ ਕਰਦਾ ਹੈ। ਪ੍ਰੇਮ ਨੂੰ ਰੱਬ ਦੀ ਕਿਰਪਾ ਕਿਹਾ ਗਿਆ ਹੈ ਅਤੇ ਪ੍ਰੇਮ ਕਰਨ ਵਾਲੇ ਰੱਬ ਦੇ ਪਿਆਰੇ ਹੁੰਦੇ ਹਨ ਆਦਿ ਪ੍ਰੇਮੀਆਂ ਦੀਆਂ ਯਾਦਾਂ ਦੇ ਮੰਜਾਰ ਹੁੰਦੇ ਹਨ। ਆਮ ਲੋਕ ਇਨ੍ਹਾਂ ਉੱਤੇ ਮੱਕਾ ਟੇਕਦੇ ਹਨ। ਇਨ੍ਹਾਂ ਦੀਆਂ ਫੋਟੋਆਂ ਘਰ ਦੇ ਡਰਾਇੰਗ ਰੂਮ ਦਾ ਸਿੰਗਾਰ ਹੁੰਦੀਆਂ ਹਨ। ਕੁਝ ਉੱਤੇ ਇਹ ਮਾਰੂ ਅਸਰ ਕਰਦੀਆਂ ਹਨ। ਆਪਣੀ ਅਸਲੀ ਮੰਜ਼ਿਲ ਤੋਂ ਭਟਕ ਜਾਂਦੇ ਹਨ ਅਤੇ ਪ੍ਰੇਮ ਦੇ ਚੱਕਰ ਵਿਚ ਪੈ ਜਾਂਦੇ ਹਨ। ਅਸਲ ਵਿਚ ਇਸ ਉਮਰ ਦੇ ਬੱਚਿਆਂ ਲਈ ਪ੍ਰੇਮ ਇਕ ਭਰਮ ਹੈ। ਸਾਹਿਤਕਾਰ ਕਵੀ ਆਦਿ ਜਿਨ੍ਹਾਂ ਨੇ ਇਹ ਸਾਹਿਤ ਰਚਿਆ ਹੈ। ਆਪਣੇ ਬੱਚਿਆਂ ਨੂੰ ਹੀਰ ਰਾਂਝਾ ਨਹੀਂ ਬਨਾਉਂਦੇ। ਲੇਖਕ ਨੇ ਕਦੇ ਕੋਈ ਹੀਰ ਨਾਂ ਦੀ ਲੜਕੀ ਅਤੇ ਰਾਂਝਾ ਨਾਮ ਦਾ ਲੜਕਾ ਨਹੀਂ ਮਿਲਿਆ। ਹੋਰਨਾਂ ਦੇ ਬੱਚਿਆਂ ਦੀਆਂ ਪ੍ਰੇਮ ਕਹਾਣੀਆਂ ਚੰਗੀਆਂ ਲਗਦੀਆਂ ਹਨ।

ਲੇਖਕ ਨੇ ਕਈ ਦਹਾਕੇ ਪਹਿਲਾਂ ਇਕ ਰੇਡੀਓ ਨਾਟਕ ਸੁਣਿਆ ਸੀ। ਉਸ ਨਾਟਕ ਵਿਚ ਵਾਰਸ਼ਾਹ ਜੀ ਆਪਣਾ ਕਿੱਸਾ ਪੂਰਾ ਹੋਣ ਉੱਤੇ ਰੱਬ ਅੱਗੇ ਅਰਦਾਸ ਕਰਦੇ ਹਨ ਕਿ ਮੈਂ ਤੁਹਾਡੀ ਕਿਰਪਾ ਨਾਲ ਏਨਾ ਵੱਡਾ ਗ੍ਰੰਥ ਪੂਰਾ ਕਰ ਸਕਿਆ ਹਾਂ।

ਉਸੇ ਸਮੇਂ ਪਿੰਡ ਦਾ ਕੋਈ ਵਿਅਕਤੀ ਦੌੜਦਾ ਹੋਇਆ ਵਾਰਸ਼ਾਹ ਕੋਲ ਆਉਂਦਾ ਹੈ ਅਤੇ ਦਸਦਾ ਹੈ ਕਿ ਵਾਰਸ ਜੀ ਤੁਹਾਡੀ ਲੜਕੀ ਪਿੰਡ ਦੇ ਇਕ ਮੁੰਡੇ ਨਾਲ ਨੱਸ ਗਈ ਹੈ। ਡਰਾਮੇ ਵਿਚ ਵਾਰਸ਼ ਸ਼ਾਹ ਨੂੰ ਰੋਂਦਾ, ਕਲਪਦਾ ਦਿਖਾਇਆ ਗਿਆ ਹੈ ਅਤੇ ਚੀਕਾਂ ਮਾਰ-ਮਾਰ ਕੇ ਕਹਿ ਰਿਹਾ ਹੈ, ਮੈਂ ਤਾਂ ਕੱਖ ਦਾ ਵੀ ਨਹੀਂ ਰਿਹਾ।

ਪੰਜਾਬ ਦੀ ਪ੍ਰਸਿੱਧ ਪ੍ਰੇਮ ਕਹਾਣੀਆਂ ਕੀ ਸੁਨੇਹਾ ਦੇ ਰਹੀਆਂ ਹਨ :

1.  ਹੀਰ ਰਾਂਝਾ : ਰਾਂਝਾ ਕਿਸੇ ਉਸਾਰੂ ਕੰਮ ਕਰਨ ਦੀ ਥਾਂ ਡੰਗਰ ਚਾਰਦਾ ਹੈ। ਹੀਰ ਫਿਰ ਵੀ ਨਹੀਂ ਮਿਲਦੀ ਤਾਂ ਮੌਤ ਮਿਲ ਜਾਂਦੀ ਹੈ।

2. ਮਿਰਜ਼ਾ : ਮਿਰਜ਼ੇ ਨੂੰ ਆਪਣੇ ਉੱਤੇ ਮਾਣ ਹੁੰਦਾ ਹੈ ਤਾਂ ਹੀ ਸਾਹਿਬਾਂ ਨੂੰ ਵਿਆਹ ਦੀ ਰਸਮ ਸਮੇਂ ਘੋੜੀ ਉੱਤੇ ਚੁੱਕ ਕੇ ਲਿਜਾਇਆ ਜਾਂਦਾ ਹੈ, ਕਿਵੇਂ ਸਾਹਿਬਾਂ ਦੇ ਭਰਾ ਬਰਦਾਸ਼ਤ ਕਰ ਸਕਦੇ ਹਨ, ਅੰਤ ਮਿਰਜ਼ੇ ਦੀ ਮੌਤ।

3.  ਮਹੀਵਾਲ : ਵਿਆਹੀ ਹੋਈ ਸੱਸੀ ਰਾਤ ਨੂੰ ਚੋਰੀ-ਚੋਰੀ ਆਪਣੇ ਆਸ਼ਕ ਮਹੀਵਾਲ ਨੂੰ ਮਿਲਣ ਜਾਂਦੀ ਹੈ। ਸਹੁਰੇ ਘਰ ਵਾਲੇ ਕਿਵੇਂ ਬਰਦਾਸ਼ਤ ਕਰ ਸਕਦੇ ਹਨ, ਅੰਤ ਸੱਸੀ ਦੀ ਮੌਤ।

ਕੱਚੀ ਉਮਰ ਵਿਚ ਪ੍ਰੇਮ ਰਚਾਉਣ ਇਕ ਸਮਾਜਿਕ ਬੁਰਾਈ ਹੈ। ਇਸ ਦੇ ਸਿੱਟੇ ਮਾੜੇ ਹੀ ਨਿਕਲਦੇ ਹਨ, ਹਰ ਸਾਲ ਭਾਰਤ ਵਿਚ 1000 ਅਤੇ ਵਿਸ਼ਵ ਵਿਚ 5000 ਆਨਰ ਕਿਲਿੰਗਸ ਹੁੰਦੀਆਂ ਹਨ।

ਮਾਪਿਆਂ, ਅਧਿਆਪਕਾਂ, ਸਮਾਜ ਸੇਵੀਆਂ, ਸਾਹਕਾਰ ਆਦਿ ਨੂੰ ਮਿਲ ਕੇ ਇਸੇ ਸਮਾਜਿਕ ਬੁਰਾਈ ਨੂੰ ਖਤਮ ਕਰਨ ਲਈ ਉਪਰਾਲੇ ਕਰਨੇ ਚਾਹੀਦੇ ਹਨ।

ਖਾਲਸਾ ਮੇਰੋ ਰੂਪ ਹੈ ਖਾਸ॥

‘ਖਾਲਸਾ’ ਤੋਂ ਭਾਵ ਹੈ- ‘ਖ਼ਾਲਸ’ ਜਾਂ ‘ਸ਼ੁਧ’। ਸੋਲਾਂ ਸੌ ਨੜਿਨਵੇਂ ਦੀ ਵਿਸਾਖੀ ਨੂੰ, ਗੁਰੂੁ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਸਾਜ ਕੇ ਇੱਕ ਖ਼ਾਲਸ ਤੇ ਨਿਆਰੀ ਕੌਮ ਤਿਆਰ ਕੀਤੀ ਸੀ-  ਜਿਸ ਦੀ ਸ਼ਖ਼ਸੀਅਤ ਵਿੱਚ ਕੋਈ ਖੋਟ ਨਾ ਹੋਵੇ। ਜੋ ਲੋੜ ਪੈਣ ਤੇ ਮਜ਼ਲੂਮਾਂ ਦੀ ਰੱਖਿਆ ਕਰ ਸਕੇ। ਇਹ ਕੋਈ ਇੱਕ ਦਿਨ ਦੀ ਤਿਆਰੀ ਨਹੀਂ ਸੀ- ਇਸ ਲਈ ਤਕਰੀਬਨ ਢਾਈ ਸੌ ਸਾਲ ਲੱਗੇ ਸਨ। ਗੁਰੂੁ ਨਾਨਕ ਦੇਵ ਜੀ ਨੂੰ ਅਜੇਹੀ ਕੌਮ ਤਿਆਰ ਕਰਨ ਲਈ ਦਸ ਜਾਮੇ ਧਾਰਨ ਕਰਨੇ ਪਏ। ਸਦੀਆਂ ਤੋਂ ਚਲੀ ਆ ਰਹੀ ਵਰਣ- ਵੰਡ ਕਾਰਨ, ਲੋਕ ਵਹਿਮਾਂ- ਭਰਮਾਂ ਵਿੱਚ ਗ੍ਰੱਸੇ ਹੋਏ ਸਨ। ਕੁੱਝ ਧਰਮਾਂ ਦੇ ਪੁਜਾਰੀਆਂ ਨੇ ਉਹਨਾਂ ਨੂੰ ਦੇਵੀ- ਦੇਵਤਿਆਂ ਦੀ ਪੂਜਾ, ਸੱਪ ਦੀ ਪੂਜਾ, ਦਰੱਖਤਾਂ ਦੀ ਪੂਜਾ, ਸੂਰਜ-ਚੰਦ੍ਰਮਾ ਤੇ ਗ੍ਰਹਿਆਂ ਦੀ ਪੂਜਾ, ਵਰਤ ਨੇਮ, ਸ਼ਗਨ-ਅਪਸ਼ਗਨ ਦੇ ਚੱਕਰਵਿਊ ਐਸਾ ਫਸਾ ਰੱਖਿਆ ਸੀ- ਕਿ ਆਮ ਆਦਮੀ ਦੀ ਹਾਲਤ ਤਰਸਯੋਗ ਹੋ ਚੁੱਕੀ ਸੀ। ਸੋ ਸਭ ਤੋਂ ਪਹਿਲਾਂ ਲੋਕਾਈ ਨੂੰ ਅਜੇਹੇ ਅੰਧ-ਵਿਸ਼ਵਾਸਾਂ ਵਿੱਚੋਂ ਕੱਢ ਕੇ ਸਿੱਧੇ ਰਾਹੇ ਪਾਉਣਾ ਜਰੂਰੀ ਸੀ।

ਸਾਹਿਬ ਸ੍ਰੀ ਗੁਰੂੁ ਨਾਨਕ ਦੇਵ ਜੀ ਨੇ ਆਪਣੀਆਂ ਉਦਾਸੀਆਂ ਰਾਹੀਂ, ਲੋਕਾਂ ਨੂੰ ‘ਇਕ ਓਂਕਾਰ’ ਦੀ ਅਰਾਧਨਾ ਕਰਨ ਦੀ ਪ੍ਰੇਰਨਾ ਦਿੱਤੀ। ਉਹਨਾਂ ਮੇਲਿਆਂ ਤੇ, ਇਕੱਠਾਂ ਤੇ ਜਾ ਜਾ ਕੇ, ਲੋਕਾਂ ਨੂੰ ਤਰਕ ਨਾਲ ਸਮਝਾਇਆ। ਸਿੱਧ-ਜੋਗੀਆਂ ਤੱਕ ਵੀ ਪਹੁੰਚ ਕੇ ਉਹਨਾਂ ਨਾਲ ਸੰਵਾਦ ਰਚਾਏ। ਉਹਨਾਂ ਕਿਹਾ- ਕਿ ਰੱਬ ਨੂੰ ਪਾਉਣ ਲਈ ਘਰ ਬਾਰ ਛੱਡ ਕੇ ਪਹਾੜਾਂ ਜਾਂ ਜੰਗਲਾਂ ਵਿੱਚ ਜਾਣ ਦੀ ਲੋੜ ਨਹੀਂ। ਮਨ ਦੀਆਂ ਇਛਾਵਾਂ ਨੂੰ ਕਾਬੂ ਕਰੋ। ਉਹਨਾਂ ਸੰਗਤ-ਪੰਗਤ ਦੀ ਰੀਤ ਚਲਾਈ, ਜਾਤ ਪਾਤ ਦਾ ਖੰਡਨ ਕੀਤਾ। ਉਹਨਾਂ ਲੋਕਾਈ ਨੂੰ, ‘ਕਿਰਤ ਕਰੋ- ਨਾਮ ਜਪੋ- ਵੰਡ ਛਕੋ’ ਦਾ ਸਰਲ ਸਿਧਾਂਤ ਦੇ ਕੇ ਇੱਕ ਨਵੇਂ ਵਿਗਿਆਨਕ ਧਰਮ ਦੀ ਨੀਂਹ ਰੱਖੀ। ਲੋਕ ਇਸ ਤੋਂ ਬਹੁਤ ਪ੍ਰਭਾਵਤ ਹੋਏ ਅਤੇ ਗੁਰੂੁ ਸਾਹਿਬ ਦੀਆਂ ਚਾਰ ਉਦਾਸੀਆਂ ਦੌਰਾਨ- ਕਾਬਲ, ਕੰਧਾਰ, ਅਫਗਾਨਿਸਤਾਨ ਤੋਂ ਲੈ ਕੇ, ਅਸਾਮ, ਨੈਪਾਲ, ਚੀਨ, ਤਿੱਬਤ ਤੇ ਸ੍ਰੀ ਲੰਕਾ ਤੱਕ ਲੋਕਾਂ ਨੇ ਸਿੱਖੀ ਧਾਰਨ ਕਰ ਲਈ।
ਹੌਲੀ ਹੌਲੀ ਬਾਬੇ ਨਾਨਕ ਦਾ ਬੀਜਿਆ ਸਿੱਖੀ ਦਾ ਬੀਜ, ਪੌਦਾ ਬਨਣ ਲੱਗਾ। ਗੁਰੂ ਸਾਹਿਬ ਨੇ ਆਪਣੇ ਦੂਜੇ, ਤੀਜੇ ਤੇ ਚੌਥੇ ਜਾਮੇ ਵਿੱਚ, ਇਸ ਪੌਦੇ ਦੀ ਗੋਡੀ ਕੀਤੀ, ਪਾਣੀ ਪਾਇਆ ਤੇ ਇਸ ਨੂੰ ਛਾਂਦਾਰ ਰੁੱਖ ਬਨਾਉਣ ਦੀ ਕੋਸ਼ਿਸ਼ ਜਾਰੀ ਰੱਖੀ। ਇਸ ਸਿੱਖੀ ਦੇ ਬੂਟੇ ਨੂੰ ਸਮੇਂ ਦੇ ਹਾਕਮਾਂ ਨੇ, ਜ਼ੁਲਮ ਦੀ ਹਨ੍ਹੇਰੀ ਨਾਲ ਜੜ੍ਹੋਂ ਪੁੱਟਣ ਦੀ ਕੋਸ਼ਿਸ਼ ਵੀ ਕੀਤੀ, ਪਰ ਸ਼ਹੀਦਾਂ ਦੇ ਸਰਤਾਜ- ਪੰਚਮ ਪਾਤਸ਼ਾਹ ਨੇ ਸਿਦਕ ਦਿਲੀ ਨਾਲ ਆਪਣੇ ਸਰੀਰ ਤੇ ਤਸ਼ੱਦਦ ਸਹਿ ਕੇ, ਜਬਰ ਦਾ ਮੁਕਾਬਲਾ ਸਬਰ ਨਾਲ ਕਰਕੇ- ਅਤੇ ਛੇਵੇਂ ਪਾਤਸ਼ਾਹ ਨੇ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਪਹਿਨ ਕੇ, ਇਸ ਪੌਦੇ ਦੀ ਰੱਖਿਆ ਕੀਤੀ। ਸੱਤਵੇਂ ਤੇ ਅੱਠਵੇਂ ਜਾਮੇ ਵਿੱਚ ਗੁਰੂੁ ਸਾਹਿਬ ਨੇ ਫਿਰ ਇਸ ਦੀ ਸੇਵਾ ਸੰਭਾਲ ਕੀਤੀ ਤੇ ਇਸ ਨੂੰ ਹਰਾ- ਭਰਾ ਰੱਖਣ ਦੇ ਯਤਨ ਕੀਤੇ। ਨੌਵੇਂ ਪਾਤਸ਼ਾਹ ਤੇ ਹੋਰ ਸਿਦਕੀ ਸਿੱਖਾਂ ਨੇ ਇਸ ਦੀ ਜੜ੍ਹ ਨੂੰ ਆਪਣੇ ਖੂਨ ਨਾਲ ਸਿੰਜਿਆ। ਤੇ ਇਸ ਤਰ੍ਹਾਂ ਜਦੋਂ ਇਹ ਬੂਟਾ ਆਪਣੇ ਭਰ ਜੋਬਨ ਤੇ ਆਇਆ, ਤਾਂ ਦਸਮੇਂ ਜਾਮੇ ਵਿੱਚ  ਪਹੁੰਚੇ ਗੁਰੂ ਨਾਨਕ ਭਾਵ ਗੁਰੂੁ ਗੋਬਿੰਦ ਸਿੰਘ ਜੀ ਨੇ ਇਸ ਨੂੰ ‘ਅੰਮ੍ਰਿਤ ਦੀ ਦਾਤ’ ਦੀ ਪਿਉਂਦ ਦੇ ਕੇ- ਇੱਕ ਵੱਖਰੀ ਪਹਿਚਾਣ ਦੇ ਦਿੱਤੀ। ਜੋ ਇਸ ਦੁਨੀਆਂ ਦੇ ਬਾਗ ਵਿੱਚ, ਆਪਣੇ ਸੁੰਦਰ ਸਰੂਪ ਤੇ ਗੁਣਾਂ ਕਾਰਨ ਦੂਰੋਂ ਹੀ ਪਛਾਣਿਆਂ ਜਾ ਸਕੇ।

ਗੁਰੂ ਗੋਬਿੰਦ ਸਿੰਘ ਜੀ ਇੱਕ ਵਿਦਵਾਨ, ਸੁਹਿਰਦ, ਦੂਰ-ਅੰਦੇਸ਼, ਦਰਵੇਸ਼, ਯੋਧੇ, ਸੈਨਾਪਤੀ, ਮਹਾਨ ਕਵੀ ਤੇ ਲੇਖਕ ਹੀ ਨਹੀਂ ਸਨ ਸਗੋਂ ਉਹਨਾਂ ਦੀ ਸੋਚ ਵੀ ਬਹੁਤ ਸੈਕੂਲਰ ਸੀ। ਖਾਲਸਾ ਪੰਥ ਦੀ ਸਾਜਨਾ ਵੇਲੇ- ਪੰਜ ਪਿਆਰਿਆਂ ਦੀ ਚੋਣ ਵੀ, ਦੇਸ਼ ਦੇ ਵੱਖੋ ਵੱਖ ਕੋਨਿਆਂ ਤੋਂ ਆਏ, ਵੱਖੋ ਵੱਖ ਜਾਤਾਂ ਦੇ ਪ੍ਰਾਣੀਆਂ ਦੀ ਕਰਨੀ ਤੇ ਫਿਰ ਉਹਨਾਂ ਪੰਜਾਂ ਨੂੰ ਇੱਕੋ ਬਾਟੇ ‘ਚੋਂ ਅੰਮ੍ਰਿਤ ਦੀ ਦਾਤ ਦੇਣ ਉਪਰੰਤ- ਆਪ ਵੀ ਉਹਨਾਂ ਦੇ ਹੱਥੋਂ ਅੰਮ੍ਰਿਤ ਛਕਣਾ- ਇਸੇ ਸੋਚ ਦਾ ਹੀ ਨਤੀਜਾ ਸੀ। ‘ਆਪੇ ਗੁਰ ਚੇਲਾ’ ਦੀ ਮਿਸਾਲ ਦੁਨੀਆਂ ਵਿੱਚ ਹੋਰ ਕਿਧਰੇ ਨਹੀਂ ਮਿਲਦੀ। ਗੁਰੂੁ ਨਾਨਕ ਦੇਵ ਜੀ ਦੀ ਵਿਚਾਰਧਾਰਾ ਨੂੰ ਸਿਖਰ ਤੇ ਪਹੁੰਚਾਉਂਦਿਆਂ ਹੋਇਆਂ, ਮਨੂੰ ਦੀ ਵਰਣ ਵੰਡ ਨੂੰ ਮੁੱਢੋਂ ਨਕਾਰਦਿਆਂ, ਉਹਨਾਂ- ‘ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ॥ ਨੂੰ ਅੰਤਿਮ ਛੋਹ ਪ੍ਰਦਾਨ ਕੀਤੀ।

ਇਨਹੀ ਕੀ ਕ੍ਰਿਪਾ ਕੇ ਸਜੇ ਹਨ ਹੈਂ, ਨਹੀਂ ਮੋ ਸੇ ਗਰੀਬ ਕ੍ਰੋਰ ਪਰੇ॥

-ਦੇ ਬੋਲਾਂ ਰਾਹੀਂ ਪੰਜ ਪਿਆਰਿਆਂ ਨੂੰ ਮਾਣ ਦੇਣਾ! ਕਿੰਨੀ ਨਿਰਮਾਣਤਾ ਸੀ ਸਰਬ-ਕਲਾ ਸਮਰੱਥ ਗੁਰੂ ਗੋਬਿੰਦ ਸਿੰਘ ਜੀ ਵਿੱਚ- ਇਸ ਦਾ ਅੰਦਾਜ਼ਾ ਤੁਸੀਂ ਖੁਦ ਲਾ ਸਕਦੇ ਹੋ।

ਦਸ਼ਮੇਸ਼ ਪਿਤਾ ਨੇ ਭਗਤੀ ਤੇ ਸ਼ਕਤੀ ਦਾ ਸੁਮੇਲ ਕਰਕੇ- ਇਹ ਖਾਲਸਾ ਪੰਥ ਸਾਜਿਆ ਸੀ, ਜੋ ਗੁਰੂ ਸਾਹਿਬ ਵਾਂਗ ਹੀ ਸੰਤ- ਸਿਪਾਹੀ ਹੋਵੇ। ਖਾਲਸੇ ਲਈ ਦਸ਼ਮੇਸ਼ ਪਿਤਾ ਦੇ ਬੋਲ ਹਨ-

ਜਾਗਤ ਜੋਤਿ ਜਪੈ ਨਿਸ ਬਾਸੁਰ, ਏਕ ਬਿਨਾ ਮਨ ਨੈਕ ਨ ਆਨੈ॥
ਪੂਰਨ ਪ੍ਰੇਮ ਪ੍ਰਤੀਤ ਸਜੈ, ਬ੍ਰਤ ਗੋਰ ਮੜ੍ਹੀ ਮੱਟ ਭੂਲ ਨ ਮਾਨੈ॥
ਤੀਰਥ ਦਾਨ ਦਇਆ ਤਪ ਸੰਜਮ, ਏਕ ਬਿਨਾ ਨਹਿ ਏਕ ਪਛਾਨੈ॥
ਪੂਰਨ ਜੋਤ ਜਗੈ ਘਟ ਮੈਂ, ਤਬ ਖ਼ਾਲਸ ਤਾਹਿ ਨਖ਼ਾਲਸ ਜਾਨੈ॥

‘ਖਾਲਸਾ’ ਉਹ- ਜੋ ਉੱਚੇ ਸੁੱਚੇ ਆਚਰਣ ਦਾ ਮਾਲਕ ਹੋਵੇ। ਜੋ ਨਾ ਕਿਸੇ ਤੋਂ ਡਰੇ ਤੇ ਨਾ ਡਰਾਵੇ। ਜੋ ਇੱਕ ਅਕਾਲ ਪੁਰਖ ਵਾਹਿਗੁਰੂ ਦਾ ਉਪਾਸ਼ਕ ਹੋਵੇ- ਭਾਵ ਮੜ੍ਹੀ ਮਸਾਨਾਂ ਜਾਂ ਦੇਵੀ ਦੇਵਤਿਆਂ ਨੂੰ ਨਾ ਪੂਜੇ। ਜੋ ਸਾਹਿਬ ਸ੍ਰੀ ਗੁਰੂੁ ਗ੍ਰੰਥ ਸਾਹਿਬ ਤੋਂ ਬਿਨਾ ਕਿਸੇ ਅੱਗੇ ਸੀਸ ਨਾ ਝੁਕਾਵੇ। ਜੋ ਕਹਿਣੀ ਤੇ ਕਰਨੀ ਦਾ ਪੂਰਾ ਹੋਵੇ। ਜੋ ਮਜ਼ਲੂਮਾਂ ਤੇ ਜ਼ੁਲਮ ਹੁੰਦਾ ਵੇਖ ਚੁੱਪ ਨਾ ਬੈਠੇ- ਸਗੋਂ ਉਹਨਾਂ ਦੀ ਮਦਦ ਕਰੇ। ਜੋ ਸੁੱਚੀ ਕਿਰਤ ਕਮਾਈ ਕਰੇ ਤੇ ਦਸਵੰਧ ਨੂੰ ਲੋੜਵੰਦਾਂ ਦੇ ਲੇਖੇ ਲਾਵੇ। ਜੋ ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪੇ, ਬਾਣੀ ਪੜ੍ਹੇ, ਵਿਚਾਰੇ ਅਤੇ ਬਾਣੀ ਅਨੁਸਾਰ ਜੀਵਨ ਜਾਚ ਅਪਨਾਏ। ਜੋ ਮਾਨਸਿਕ ਤੇ ਸਰੀਰਕ ਤੌਰ ਤੇ ਤੰਦਰੁਸਤ ਹੋਵੇ। ਜੋ ਕਿਸੇ ਨਾਲ ਵੈਰ ਵਿਰੋਧ ਜਾਂ ਈਰਖਾ ਕਰਨ ਤੋਂ ਕੋਹਾਂ ਦੂਰ ਰਹੇ। ਜੋ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਵਰਗੇ ਪੰਜੇ ਵਿਕਾਰਾਂ ਤੇ ਕਾਬੂ ਪਾ ਕੇ ਰੱਖੇ। ਜੋ ਮਨ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ। ਬਾਣੀ ਤੇ ਬਾਣੇ ਦਾ ਸਤਿਕਾਰ ਕਰੇ- ਪਰ ਧਰਮ ਨੂੰ ਧੰਦਾ ਨਾ ਬਣਾਏ। ਉਸ ਵਿੱਚ- ਨਿਮਰਤਾ, ਮਿਠਾਸ, ਨੇਕੀ, ਪਰਉਪਕਾਰ, ਭਲਾਈ ਵਰਗੇ ਗੁਣ ਵੀ ਬਿਰਾਜਮਾਨ ਹੋਣ। ਹਰ ਔਰਤ ਦਾ ਸਤਿਕਾਰ ਕਰੇ। ਅਕਾਲ ਪੁਰਖ ਦਾ ਸ਼ੁਕਰਾਨਾ ਤੇ ਉਸ ਅੱਗੇ ਹੀ ਅਰਦਾਸ ਕਰੇ।

ਗੁਰੂ ਸਾਹਿਬ ਨੇ ਸਦੀਆਂ ਤੋਂ ਲਿਤਾੜੇ ਲੋਕਾਂ ਨੂੰ, ਅੰਮ੍ਰਿਤ ਦੀ ਦਾਤ ਦੇ ਕੇ ਗਿੱਦੜਾਂ ਤੋਂ ਸ਼ੇਰ ਬਣਾ ਦਿੱਤਾ। ਉਹਨਾਂ ਨੂੰ ਸਵੈਮਾਣ ਤੇ ਅਣਖ ਨਾਲ ਜੀਉਣ ਦੀ ਜਾਚ ਸਿਖਾ ਦਿੱਤੀ। ਉਹਨਾਂ ਗੁਰੂੁ ਨਾਨਕ ਨਾਮ ਲੇਵਾ ਸਿੱਖਾਂ ਨੂੰ ਸਮੁੱਚੇ ਤੌਰ ਤੇ ‘ਖਾਲਸਾ ਪੰਥ’ ਦਾ ਨਾਮ ਦਿੱਤਾ। ਇੱਕ ਦੂਜੇ ਨੂੰ ਮਿਲਣ ਤੇ-

ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਹਿ॥

ਕਹਿਣ ਦੀ ਹਤਾਇਤ ਕੀਤੀ। ਉਹਨਾਂ ਉਸ ਦਿਨ ਤੋਂ ਇਹ ਐਲਾਨ ਕਰ ਦਿੱਤਾ ਕਿ- ਖਾਲਸਾ ਗੁਰੂੁ ਹੈ ਤੇ ਗੁਰੂੁ ਖਾਲਸੇ ਵਿੱਚ ਵੱਸਦਾ ਹੈ। ਕੋਈ ਵੀ ਸਿੱਖ ਗੁਰੂੁ ਤੇ ਖਾਲਸੇ ਵਿੱਚ ਕੋਈ ਵੀ ਫਰਕ ਨਾ ਸਮਝੇ। ਉਹਨਾਂ ਦਾ ਫੁਰਮਾਨ ਹੈ-

ਖਾਲਸਾ ਮੇਰੋ ਰੂਪ ਹੈ ਖਾਸ॥ ਖਾਲਸੇ ਮਹਿ ਹਉ ਕਰਉ ਨਿਵਾਸ॥
ਖਾਸਲਾ ਮੇਰੋ ਪਿੰਡ ਪਰਾਨ॥ ਖਾਲਸਾ ਮੇਰੀ ਜਾਨ ਕੀ ਜਾਨ॥
ਖਾਲਸਾ ਮੇਰੋ ਸਤਿਗੁਰ ਪੂਰਾ॥ ਖਾਲਸਾ ਮੇਰੋ ਸੱਜਣ ਸੂਰਾ॥
ਯਾ ਮੈਂ ਰੰਚ ਨ ਮਿਥਿਆ ਭਾਖੀ॥ ਪਾਰਬ੍ਰਹਮ ਗੁਰੁ ਨਾਨਕ ਸਾਖੀ॥

ਖਾਸਲਾ ਪੰਥ ਦੀ ਸਾਜਨਾ ਨਾਲ, ਸਿੱਖਾਂ ਵਿੱਚ ਇੱਕ ਨਵੀਂ ਰੂਹ ਫੂਕੀ ਗਈ। ਇੱਕ ਇੱਕ ਸਿੰਘ ਸ਼ਸਤਰਧਾਰੀ ਹੋ ਕੇ, ਜ਼ੁਲਮ ਜਬਰ ਵਿਰੁੱਧ ਜੂਝਣ ਲਈ ਤਿਆਰ-ਬਰ ਤਿਆਰ ਹੋ ਗਿਆ। ਸਿੱਖ ਪੰਜ ਕਕਾਰਾਂ- ਕੇਸ, ਕੰਘਾ, ਕੜਾ, ਕਿਰਪਾਨ ਤੇ ਕੱਛ- ਦੇ ਧਾਰਨੀ ਹੋ ਕੇ, ‘ਸਿੰਘ’ ਸਜ ਗਏ ਤੇ ਸਿੰਘਣੀਆਂ ‘ਕੌਰ’ ਬਣ ਗਈਆਂ। ‘ਸਿੰਘ’ ਦਾ ਮਤਲਬ ਸ਼ੇਰ ਤੇ ‘ਕੌਰ’ ਤੋਂ ਭਾਵ ਸ਼ਹਿਜ਼ਾਦੀ ਹੁੰਦਾ ਹੈ। ਇਹਨਾਂ ਪੰਜ ਕਕਾਰਾਂ ਦੇ ਨਾਲ ਹੀ ਖਾਲਸੇ ਨੂੰ ਚਾਰ ਬਜਰ ਕੁਰਹਿਤਾਂ ਤੋਂ ਵੀ ਵਰਜਿਆ ਗਿਆ। ਇਹ ਕੁਰਹਿਤਾਂ ਸਨ- ਪਰ ਇਸਤ੍ਰੀ ਦਾ ਸੰਗ, ਕੁੱਠਾ ਮਾਸ, ਤਮਾਕੂ, ਕੇਸਾਂ ਦੀ ਬੇਅਦਬੀ।

ਇਹ ਅੰਮ੍ਰਿਤ ਦੀ ਸ਼ਕਤੀ ਦੀ ਕਰਾਮਾਤ ਸੀ ਕਿ ਇੱਕ ਇੱਕ ਸਿੰਘ ਲੱਖਾਂ ਨਾਲ ਜੂਝਣ ਲਈ ਤਿਆਰ ਹੋ ਗਿਆ। ਗੁਰੂ ਸਾਹਿਬ ਦੇ ਕਥਨ ਅਨੁਸਾਰ-

ਚਿੜੀਓ ਸੇ ਮੈਂ ਬਾਜ ਤੁੜਾਊਂ॥
ਸਵਾ ਲਾਖ ਸੇ ਏਕ ਲੜਾਊ॥
ਤਬੈ ਗੋਬਿੰਦ ਸਿੰਘ ਨਾਮ ਕਹਾਊ॥

ਚਮਕੌਰ ਦੀ ਜੰਗ ਵਿੱਚ ਕੇਵਲ ਚਾਲੀ ਸਿੰਘਾਂ ਨੇ, ਦਸ ਲੱਖ ਦੁਸ਼ਮਣ ਦੀ ਫੌੋਜ ਦਾ ਮੁਕਾਬਲਾ ਕੀਤਾ। ਜਿੰਨੀਆਂ ਜੰਗਾਂ ਵੀ ਗੁਰੂੁ ਸਾਹਿਬ ਤੇ ਥੋਪੀਆਂ ਗਈਆਂ, ਸਭ ਵਿੱਚ ਜਿੱਤ ਖਾਲਸੇ ਦੀ ਹੀ ਹੁੰਦੀ। ਮੁੱਠੀ ਭਰ ਸਿੰਘ, ਮੁਗਲ ਸੈਨਾ ਤੇ ਪਹਾੜੀ ਰਾਜਿਆਂ ਦੀ ਅਥਾਹ ਸ਼ਕਤੀ ਅੱਗੇ ਡੱਟ ਜਾਂਦੇ। ਇੱਥੇ ਇਹ ਵੀ ਜਾਣਕਾਰੀ ਦੇ ਦਿਆਂ ਕਿ ਗੁਰੂ ਸਾਹਿਬ ਨੂੰ ਬਿਆਲੀ ਸਾਲ ਦੀ ਆਯੂ ਦੌਰਾਨ, ਇੱਕ ਦਰਜਣ ਤੋਂ ਵੱਧ ਜੰਗਾਂ ਦਾ ਸਾਹਮਣਾ ਕਰਨਾ ਪਿਆ। ਜੇ ਕਿਧਰੇ ਉਹਨਾਂ ਨੂੰ ਸ਼ਾਂਤ ਮਹੌਲ ਮਿਲਦਾ, ਤਾਂ ਸਾਡੀ ਕੌਮ ਦੇ ਹਾਲਾਤ ਕੁੱਝ ਹੋਰ ਹੁੰਦੇ।

ਗੁਰੂੁ ਸਾਹਿਬ ਨੇ ਖਾਲਸੇ ਨੂੰ ਆਪਣੇ ਪੁੱਤਰਾਂ ਤੋਂ ਵੀ ਵੱਧ ਪਿਆਰ ਦਿੱਤਾ। ਚਮਕੌਰ ਦੀ ਜੰਗ ਵੇਲੇ, ਜਦੋਂ ਸਿੰਘਾਂ ਨੇ ਉਹਨਾਂ ਨੂੰ ਸਾਹਿਬਜ਼ਾਦਿਆਂ ਨੂੰ ਨਾਲ ਲੈ ਕੇ ਗੜ੍ਹੀ ‘ਚੋਂ ਨਿਕਲ ਜਾਣ ਦੀ ਸਲਾਹ ਦਿੱਤੀ ਤਾਂ ਉਹਨਾਂ ਇਨਕਾਰ ਕਰਦੇ ਹੋਏ ਕਿਹਾ ਕਿ- ‘ਤੁਸੀਂ ਸਾਰੇ ਮੇਰੇ ਸਾਹਿਬਜ਼ਾਦੇ ਹੋ’। ਆਪਣੇ ਪੁੱਤਰਾਂ ਨੂੰ ਆਪਣੇ ਹੱਥੀਂ ਤਿਆਰ ਕਰਕੇ, ਸਿੰਘਾਂ ਦੇ ਨਾਲ ਜੰਗ ਦੇ ਮੈਦਾਨ ਵਿੱਚ ਸ਼ਹੀਦ ਹੋਣ ਲਈ ਭੇਜਣਾ, ਤੇ ਪੁੱਤਰਾਂ ਦੀਆਂ ਲਾਛਾਂ ਤੇ ਬਿਨਾ ਕੱਫਨ ਪਾਏ ਤੁਰ ਜਾਣਾ- ਇਸ ਗੱਲ ਦਾ ਸਬੂਤ ਹੈ ਕਿ ਉਹਨਾਂ ਖਾਲਸੇ ਤੇ ਪੁੱਤਰਾਂ ਵਿੱਚ ਕਦੇ ਕੋਈ ਫਰਕ ਨਹੀਂ ਸਮਝਿਆ।

ਦਸ਼ਮੇਸ਼ ਪਿਤਾ ਜੀ ਨੇ ਖਾਲਸੇ ਨੂੰ ‘ਖ਼ਾਲਸ’ ਰਹਿਣ ਲਈ, ਸਾਵਧਾਨ ਕਰਦੇ ਫੁਰਮਾਨ ਜਾਰੀ ਕੀਤਾ-

ਜਬ ਲਗ ਖਾਲਸਾ ਰਹੇ ਨਿਆਰਾ॥
ਤਬ ਲਗ ਤੇਜ ਦੀਉ ਮੈਂ ਸਾਰਾ॥
ਜਬ ਇਹ ਗਹੈ ਬਿਪਰਨ ਕੀ ਰੀਤ॥
ਮੈਂ ਨ ਕਰੋਂ ਇਨ ਕੀ ਪ੍ਰਤੀਤ॥

ਇਹ ਖਾਲਸੇ ਦੇ ‘ਨਿਆਰੇਪਨ’ ਤੇ ਗਰੂ ਸਾਹਿਬ ਦੇ ‘ਤੇਜ’ ਦਾ ਹੀ ਨਤੀਜਾ ਸੀ ਕਿ- ਖਾਲਸੇ ਨੇ ਜ਼ੁਲਮ ਜਬਰ ਅੱਗੇ ਕਦੇ ਗੋਡੇ ਨਾ ਟੇਕੇ। ਜ਼ਕਰੀਆ ਖਾਨ ਵੇਲੇ ਵੀ, ਤੇ ਵਿਦੇਸ਼ੀ ਧਾੜਵੀਆਂ ਵੇਲੇ ਵੀ ਖਾਲਸਾ, ਜੰਗਲਾਂ ‘ਚ ਘੋੜਿਆਂ ਦਿਆਂ ਕਾਠੀਆਂ ਤੇ ਰਹਿੰਦਾ ਹੋਇਆ ਵੀ, ਵਿਦੇਸ਼ੀ ਧਾੜਵੀਆਂ ਤੋਂ ਹਿੰਦੁਸਤਾਨੀਆਂ ਦੀਆਂ ਬਹੂ ਬੇਟੀਆਂ ਛੁਡਾ ਲਿਆਉਂਦਾ ਤੇ ਵਾਰਸਾਂ ਦੇ ਹਵਾਲੇ ਕਰਦਾ। ਜਿੱਥੇ ਸਿੰਘ ਨਿਡਰ ਹੋ ਕੇ ਮੌਤ ਨੂੰ ਮਖੌਲਾਂ ਕਰਨ ਲੱਗੇ ਉਥੇ ਸਿੰਘਣੀਆਂ ਵੀ ਪਿੱਛੇ ਨਹੀਂ ਰਹੀਆਂ। ਮੀਰ ਮੰਨੂ ਦੇ ਸਮੇਂ ਸਿਦਕੀ ਸਿੰਘਣੀਆਂ ਦੇ ਸਿਦਕ ਦੇ ਇਮਤਿਹਾਨ ਦੀ ਮਿਸਾਲ ਵੀ ਸ਼ਾਇਦ ਸਿੱਖ ਇਤਿਹਾਸ ਤੋਂ ਬਿਨਾ ਹੋਰ ਕਿਤੇ ਨਹੀਂ ਮਿਲ ਸਕਦੀ।
ਹੁਣ ਸੋਚਣ ਵਾਲੀ ਗੱਲ ਇਹ ਹੈ ਕਿ- ਜਿਸ ਸਿੱਖੀ ਦੇ ਮਹਿਲ ਨੂੰ ਉਸਾਰਨ ਲਈ ਦਸ਼ਮੇਸ਼ ਪਿਤਾ ਨੇ ਆਪਣਾ ਸਰਬੰਸ ਕੁਰਬਾਨ ਕਰ ਦਿੱਤਾ- ਕੀ ਅਸੀਂ ਉਸ ਮਹਿਲ ਦੀ ਸਾਂਭ ਸੰਭਾਲ ਕਰ ਰਹੇ ਹਾਂ? ਕੀ ਖਾਲਸੇ ਦਾ ਨਿਆਰਾਪਨ ਕਿਤੇ ਗੁਆਚਦਾ ਤਾਂ ਨਹੀਂ ਜਾ ਰਿਹਾ? ਕਿਤੇ ਅਸੀਂ ‘ਬਿਪਰਨ ਕੀ ਰੀਤ’ ਵੱਲ ਤਾਂ ਨਹੀਂ ਤੁਰ ਪਏ? ਕਿਤੇ ਅਸੀਂ ਗੁਰੂੁ ਸਾਹਿਬ ਨਾਲ ਕੀਤੇ ‘ਬਜਰ ਕੁਰਹਿਤਾਂ’ ਦੇ ਪ੍ਰਣ ਤਾਂ ਨਹੀਂ ਭੁੱਲ ਗਏ? ਅੱਜ ਲੋੜ ਹੈ- ਆਪਣੇ ਅੰਦਰ ਝਾਤ ਮਾਰਨ ਦੀ। ਬੜਾ ਦੁੱਖ ਹੁੰਦਾ ਹੈ ਖਾਲਸਾ ਜੀ- ਜਦੋਂ ਅਸੀਂ ਬਾਣੇ ਪਹਿਨ ਕੇ, ਸਿੱਖੀ ਨੂੰ ਲਾਜ ਲਾਉਣ ਵਾਲੇ ਕੁਕਰਮ ਕਰ ਬੈਠਦੇ ਹਾਂ- ਤੇ ਦੂਜਿਆਂ ਲਈ ਮਜ਼ਾਕ ਦੇ ਪਾਤਰ ਬਣਦੇ ਹਾਂ।
ਅਜੇ ਵੀ ਵੇਲਾ ਹੈ ਸੰਭਲ ਜਾਈਏ। ‘ਖਾਲਸਾ ਸਾਜਨਾ ਦਿਵਸ’ ਤੇ ਕੇਵਲ ਸਟਾਲ ਲਾ ਕੇ, ਤਰ੍ਹਾਂ ਤਰ੍ਹਾਂ ਦੇ ਖਾਣਿਆਂ ਦਾ ਤੇ ਮੇਲੇ ਦਾ ਅਨੰਦ ਮਾਣ ਕੇ ਹੀ ਨਾ ਚਲੇ ਜਾਈਏ- ਦਸ਼ਮੇਸ਼ ਪਿਤਾ ਨਾਲ ਕੀਤੇ ਕੌਲ ਕਰਾਰ ਵੀ ਯਾਦ ਕਰੀਏ। ਆਪਣੀ ਕੌਮ ਦਾ ਨਿਆਰਾਪਨ ਬਰਕਰਾਰ ਰੱਖੀਏ। ਭਾਵੇਂ ਸਾਡੀ ਕੌਮ ਵਿੱਚ ਕਾਫੀ ਨਿਘਾਰ ਆ ਗਿਆ ਹੈ- ਪਰ ਅੱਜ ਵੀ ‘ਖਾਲਸਾ ਏਡ’ ਵਰਗੀਆਂ ਕੁੱਝ ਇੱਕ ਸੰਸਥਾਵਾਂ, ਸਿੱਖੀ ਪਰੰਪਰਾਵਾਂ ਤੇ ਪਹਿਰਾ ਦੇ ਰਹੀਆਂ ਹਨ। ਧੰਨ ਨੇ ਉਹ ਵੀਰ- ਜੋ ਵਰ੍ਹਦੀਆਂ ਗੋਲੀਆਂ ਵਿੱਚ ਜਾ ਕੇ ਭੁੱਖਿਆਂ ਨੂੰ ਖਾਣੇ ਦੇ ਨਾਲ ਨਾਲ ਲੋੜਵੰਦਾਂ ਨੂੰ ਦਵਾਈਆਂ, ਕੱਪੜੇ ਵੰਡ ਕੇ- ਸਿੱਖ ਕੌਮ ਦਾ ਨਾਂ ਦੁਨੀਆਂ ਵਿੱਚ ਰੋਸ਼ਨ ਕਰ ਰਹੇ ਹਨ। ਅਜੇ ਉਹਨਾਂ ਲੋਕਾਂ ਦੀ ਵੀ ਕਮੀ ਨਹੀਂ- ਜੋ ਆਪਣੇ ਉੱਚੇ ਸੁੱਚੇ ਕਿਰਦਾਰ, ਇਮਾਨਦਾਰੀ ਤੇ ਨਿਸ਼ਕਾਮ ਸੇਵਾ ਕਾਰਨ, ਦੇਸ਼-ਵਿਦੇਸ਼ ‘ਚ ਇੱਕ ਵੱਖਰੀ ਪਛਾਣ ਬਣਾਈ ਬੈਠੇ ਹਨ।

ਆਓ ਸਾਥੀਓ- ਅਜੇਹੇ ਲੋਕਾਂ ਨੂੰ ਆਪਣੇ ਰੋਲ-ਮਾਡਲ ਬਣਾਈਏ- ਤੇ ਮੁੜ ‘ਖਾਲਸ’ ਬਣ, ਦਸ਼ਮੇਸ਼ ਪਿਤਾ ਤੇ ਮਾਤਾ ਸਾਹਿਬ ਕੌਰ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ!


ਸੇਵਾ ਤੇ ਨਿਮਰਤਾ ਦੇ ਪੁੰਜ ਗੁਰੂ ਅੰਗਦ ਦੇਵ ਜੀ

ਸ੍ਰੀ ਗੁਰੂ ਅੰਗਦ ਦੇਵ ਜੀ ਸਿੱਖਾਂ ਦੇ ਦੂਸਰੇ ਗੁਰੂ ਸਨ। ਉਨ੍ਹਾਂ ਦਾ ਪ੍ਰਕਾਸ਼ 31 ਮਾਰਚ, 1504 ਈ: ਵਿੱਚ ਪਿੰਡ ਮੱਤੇ ਦੀ ਸਰਾਂ, ਜ਼ਿਲ੍ਹਾਂ ਫਿਰੋਜ਼ਪੁਰ ਵਿੱਚ ਹੋਇਆ ਸੀ। ਉਨ੍ਹਾਂ ਦਾ ਮੁੱਢਲਾ ਨਾਂ ਲਹਿਣਾ ਸੀ। ਇਨ੍ਹਾਂ ਦੇ ਪਿਤਾ ਦਾ ਨਾਂ ਫੇਰੂਮੱਲ ਅਤੇ ਮਾਤਾ ਦਾ ਨਾਂ ਦਯਾ ਕੌਰ ਸੀ। ਲੋਧੀ ਸੂਬੇਦਾਰਾਂ ਦੀਆਂ ਬਗਾਵਤਾਂ ਅਤੇ ਬਾਬਰ ਦੇ ਹਮਲਿਆਂ ਦੀ ਬਦਅਮਨੀ ਤੇ ਲੁੱਟਮਾਰ ਵਜੋਂ ਪਿੰਡ ਮੱਤੇ ਦੀ ਸਰਾਂ ਉੱਜੜ ਗਿਆ। ਗਰੀਬੀ ਕਾਰਣ ਫੇਰੂਮੱਲ ਆਪਣਾ ਜੱਦੀ ਪਿੰਡ ਛੱਡ ਕੇ ਪਿੰਡ ਹਰੀਕੇ ਤੇ ਫਿਰ ਖਡੂਰ ਸਾਹਿਬ ਆ ਵੱਸੇ ਤੇ ਇੱਥੇ ਸ਼ਾਹੀ ਵਣਜ ਕਰਨ ਲੱਗ ਪਏ। ਆਪ ਛੇਤੀ ਹੀ ਵੱਡੇ ਸ਼ਾਹੂਕਾਰ ਬਣ ਗਏ।

ਫੇਰੂਮੱਲ ਦੇਵੀ-ਭਗਤ ਸਨ ਅਤੇ ਹਰ ਸਾਲ ਦੇਵੀ ਦੇ ਦਰਸ਼ਨਾਂ ਲਈ ਜਵਾਲਾਮੁਖੀ ਦੀ ਯਾਤਰਾ ਕਰਦੇ ਸਨ। ਪਿਤਾ ਦੀਆਂ ਧਾਰਮਿਕ ਰੁਚੀਆਂ ਦਾ ਲਹਿਣਾ ਜੀ ‘ਤੇ ਬੜਾ ਪ੍ਰਭਾਵ ਸੀ । ਬਚਪਨ ਤੋਂ ਹੀ ਉਹ ਦੇਵੀ ਦੇ ਭਗਤ ਬਣੇ ਅਤੇ ਸੰਗ ਦੇ ਮੁਖੀਆ ਬਣ ਕੇ ਹਰ ਸਾਲ ਦੇਵੀ ਦੇ ਦਰਸ਼ਨ ਲਈ ਜਵਾਲਾਮੁਖੀ ਜਾਂਦੇ। ਲਹਿਣਾ ਨੂੰ ਪਰਮ ਸੱਤਾ ਦੀ ਤਲਾਸ਼ ਦੀ ਤੀਬਰ ਇੱਛਾ ਸੀ। ਇਸੇ ਲਈ ਉਹ ਗਿਆਨ ਦੀ ਪ੍ਰਾਪਤੀ ਲਈ ਭਗਤਾਂ ਤੇ ਸੰਤਾਂ ਦੀ ਸੰਗਤ ਦੀ ਭਾਲ ਵਿੱਚ ਰਹਿੰਦੇ ਸਨ। 15 ਸਾਲ ਦੀ ਉਮਰ ਵਿੱਚ ਉਨ੍ਹਾਂ ਦੀ ਸ਼ਾਦੀ ਦੇਵੀ ਚੰਦ ਦੀ ਸਪੁੱਤਰੀ ਬੀਬੀ ਖੀਵੀ ਨਾਲ ਪਿੰਡ ਸੰਘਰ ਵਿਖੇ ਹੋਈ। ਉਨ੍ਹਾਂ ਦੇ ਘਰ ਬਾਬਾ ਦਾਤੂ ਜੀ, ਬਾਬਾ ਦਾਸੂ ਜੀ, ਬੀਬੀ ਅਮਰੋ ਜੀ, ਬੀਬੀ ਅਨੋਖੀ ਜੀ    ਨੇ ਜਨਮ ਲਿਆ ।

ਪਿਤਾ ਦੇ ਅਕਾਲ ਚਲਾਣੇ ਤੋਂ (1526 ਈ:) ਉਪਰੰਤ ਲਹਿਣਾ ਨੂੰ ਕਾਰੋਬਾਰ ਦਾ ਸਾਰਾ ਕੰਮ ਸੰਭਾਲਣਾ ਪਿਆ ਅਤੇ ਉਹ ਇਸ ਕੰਮ ਵਿੱਚ ਕਾਮਯਾਬ ਰਹੇ। ਸੰਨ 1532 ਵਿੱਚ ਇਕ ਦਿਨ ਲਹਿਣਾ ਨੇ ਗੁਰੂ ਨਾਨਕ ਦੇਵ ਜੀ ਦੇ ਇੱਕ ਸਿੱਖ ਭਾਈ ਯੋਧ ਕੋਲੋਂ ਗੁਰੂ ਨਾਨਕ ਬਾਣੀ ਦਾ ਇਹ ਸ਼ਬਦ ਸੁਣਿਆ:

ਭਿੰਨੀ ਰੈਨੜੀਐ ਚਾਮਕਨਿ ਤਾਰੇ  ।
ਜਾਗਹਿ ਸੰਤ ਜਨਾ ਮੇਰੇ ਰਾਮ ਪਿਆਰੇ ।।
(ਪੰਨਾ 859)
ਇਸ ਸ਼ਬਦ ਦਾ ਲਹਿਣਾ ਦੇ ਮਨ ‘ਤੇ ਬੜਾ ਪ੍ਰਭਾਵ ਪਿਆ ਅਤੇ ਉਨ੍ਹਾਂ ਦੇ ਦਿਲ ਵਿੱਚ ਗੁਰੂ ਨਾਨਕ ਦੇਵ ਜੀ ਨੂੰ ਮਿਲਣ ਦੀ ਤਾਂਘ ਪੈਦਾ ਹੋਈ। ਹਰ ਸਾਲ ਵਾਂਗ ਜਦੋਂ ਉਹ 1532 ਈ: ਵਿੱਚ ਦੇਵੀ ਦਰਸ਼ਨਾਂ ਲਈ ਜਵਾਲਾ ਮੁਖੀ ਦੀ ਯਾਤਰਾ ‘ਤੇ ਗਏ ਤਾਂ ਉਹ ਆਪਣੇ ਜੱਥੇ ਸਮੇਤ ਪਹਿਲਾਂ ਗੁਰੂ ਨਾਨਕ ਦੇਵ ਜੀ ਦੇ ਦਰਸ਼ਨਾਂ ਲਈ ਕਰਤਾਰਪੁਰ ਪਹੁੰਚੇ। ਗੁਰੂ ਜੀ ਦੇ ਦਰਸ਼ਨਾਂ ਨਾਲ ਲਹਿਣਾ ਦੀ ਆਤਮਾ ਤ੍ਰਿਪਤ ਹੋ ਗਈ ਅਤੇ ਉਹ ਉਥੇ ਹੀ ਰਹਿ ਪਏ। ਇਸ ਵੇਲੇ ਉਨ੍ਹਾਂ ਦੀ ਉਮਰ 28 ਸਾਲਾਂ ਦੀ ਸੀ ਤੇ ਉਹ ਇਕ ਅਮੀਰ ਵਪਾਰੀ ਸਨ। ਪਰ ਉਨ੍ਹਾਂ ਦੇ ਵਿਵਹਾਰ ਵਿੱਚ ਬੜੀ ਨਿਮਰਤਾ ਤੇ ਮਿੱਠਤ ਸੀ। ਗੁਰੂ ਨਾਨਕ ਦੇਵ ਜੀ ਲਹਿਣਾ ਦੀ ਸ਼ਖਸੀਅਤ ਤੋਂ ਬੜੇ ਪ੍ਰਭਾਵਿਤ ਹੋਏ ਤੇ ਉਨ੍ਹਾਂ ‘ਤੇ ਗਿਆਨ ਦੀ ਬਖਸ਼ਿਸ਼ ਕੀਤੀ।

ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦਾ ਲਹਿਣਾ ਜੀ ‘ਤੇ ਡੂੰਘਾ ਪ੍ਰਭਾਵ ਪਿਆ ਤੇ ਉਨ੍ਹਾਂ ਨੇ ਦੇਵੀ ਪੂਜਾ ਛੱਡ ਦਿੱਤੀ ਅਤੇ ਗੁਰੂ ਜੀ ਦੇ ਅਨੁਯਾਈ ਬਣ ਗਏ ਅਤੇ ਉਹ ਕਰਤਾਰਪੁਰ ਹੀ ਟਿਕ ਗਏ। ਬੜੀ ਸ਼ਰਧਾ ਨਾਲ ਉਹ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ ਸੁਣਦੇ ਅਤੇ ਉਨ੍ਹਾਂ ਦੀ ਬਾਣੀ ਨਾਲ ਆਪਣੇ ਹਿਰਦੇ ਦੇ ਸੰਦੇਹ ਦੂਰ ਕਰਦੇ। ਗੁਰੂ ਨਾਨਕ ਦੇਵ ਜੀ ਭਾਈ ਲਹਿਣਾ ਦੀ ਪ੍ਰਭੂ-ਭਗਤੀ ਅਤੇ ਲਗਨ ਤੋਂ ਬਹੁਤ ਪ੍ਰਸੰਨ ਹੋਏ। ਪਰ ਉਨ੍ਹਾਂ ਨੇ ਭਾਈ ਲਹਿਣਾ ਨੂੰ ਆਪਣੇ ਕਾਰੋਬਾਰ ਦੀ ਦੇਖ-ਭਾਲ ਕਰਨ ਲਈ ਖਡੂਰ ਸਾਹਿਬ ਵਾਪਿਸ ਜਾਣ ਲਈ ਪ੍ਰੇਰਿਆ।

ਖਡੂਰ ਸਾਹਿਬ ਵਾਪਿਸ ਆ ਕੇ ਭਾਈ ਲਹਿਣਾ ਦਾ ਚਿੱਤ ਨਾ ਲੱਗਾ ਤੇ ਉਹ ਕਰਤਾਰਪੁਰ ਪਹੁੰਚੇ। ਡੇਰੇ ‘ਤੇ ਜਾ ਕੇ ਉਨ੍ਹਾਂ ਨੂੰ ਪਤਾ ਲੱਗਾ ਕਿ ਗੁਰੂ ਨਾਨਕ ਦੇਵ ਜੀ ਖੇਤਾਂ ਵਿੱਚ ਗਏ ਹੋਏ ਹਨ। ਇਹ ਸੁਣ ਕੇ ਲਹਿਣਾ ਜੀ ਵੀ ਖੇਤਾਂ ਵੱਲ ਤੁਰ ਪਏ। ਅੱਗੇ ਜਾ ਕੇ ਵੇਖਦੇ ਹਨ ਕਿ ਗੁਰੂ ਸਾਹਿਬ ਆਪਣੇ ਸੇਵਕਾਂ ਸਮੇਤ ਝੋਨੇ ਵਿੱਚੋਂ ਘਾਹ-ਫੂਸ ਕੱਢ ਰਹੇ ਹਨ।

ਲਹਿਣਾ ਜੀ ਗੁਰੂ ਜੀ ਨੂੰ ਮੱਥਾ ਟੇਕ ਕੇ ਆਪ ਵੀ ਕੰਮ ਵਿੱਚ ਰੁੱਝ ਗਏ। ਗੁਰੂ ਜੀ ਦੇ ਦਰਸ਼ਨ-ਦੀਦਾਰ ਨਾਲ ਹੀ ਲਹਿਣਾ ਜੀ ਦੀ ਸਿੱਖੀ ਸੇਵਕੀ ਦਾ ਇਮਤਿਹਾਨ ਸ਼ੁਰੂ ਹੋ ਗਿਆ । ਗੁਰੂ ਜੀ ਦੇ ਵਾਪਿਸ ਡੇਰੇ ਦੀ ਤਿਆਰੀ ਸਮੇਂ ਗੁਰੂ ਨਾਨਕ ਦੇਵ ਜੀ ਦੇ ਹੁਕਮ ਅਨੁਸਾਰ ਲਹਿਣਾ ਜੀ ਨੇ ਚਿੱਕੜ ਨਾਲ ਭਿੱਜੀ ਹੋਈ ਘਾਹ-ਫੂਸ ਦੀ ਪੰਡ ਬੰਨ੍ਹ ਲਈ ਅਤੇ ਸਿਰ ਉੱਤੇ ਚੁੱਕ ਕੇ ਗੁਰੂ ਸਾਹਿਬ ਦੇ ਮਗਰ ਤੁਰ ਪਏ। ਘਾਹ ਦੀ ਪੰਡ ਵਿੱਚੋਂ ਚਿੱਕੜ ਦਾ ਪਾਣੀ ਲਹਿਣਾ ਜੀ ਦੀ ਰੇਸ਼ਮੀ ਪੁਸ਼ਾਕ ਉੱਤੇ ਡਿੱਗ ਰਿਹਾ ਸੀ। ਜਦੋਂ ਡੇਰੇ ਪਹੁੰਚੇ ਤਾਂ ਮਾਤਾ ਸੁਲੱਖਣੀ ਜੀ ਨੇ ਗੁਰੂ ਜੀ ਨੂੰ ਕਿਹਾ, “ਭਾਈ ਲਹਿਣਾ ਦੂਰੋਂ ਸਫਰ ਕਰ ਕੇ ਆਏ ਸਨ। ਤੁਸੀਂ ਆਉਂਦੇ ਹੀ ਇਨ੍ਹਾਂ ਨੂੰ ਵਗਾਰ ਪਾ ਦਿੱਤੀ। ਵੇਖੋ, ਚਿੱਕੜ ਨਾਲ ਇਨ੍ਹਾਂ ਦੇ ਕੀਮਤੀ ਕੱਪੜੇ ਕਿਵੇਂ ਲਿੱਬੜੇ ਪਏ ਹਨ।”

ਗੁਰੂ ਨਾਨਕ ਦੇਵ ਜੀ ਭਾਈ ਲਹਿਣਾ ਵੱਲ ਵੇਖ ਕੇ ਹੱਸ ਪਏ ਅਤੇ ਫੁਰਮਾਨ ਕੀਤਾ “ਸੁਲੱਖਣੀ! ਇਨ੍ਹਾਂ ਦੇ ਸਿਰ ‘ਤੇ ਘਾਹ ਦੀ ਪੰਡ ਨਹੀਂ, ਇਹ ਤਾਂ ਦੁਨੀਆਂ ਦੇ ਦੁੱਖਾਂ ਦੀ ਪੰਡ ਏ। ਇਹ ਚਿੱਕੜ ਦੀਆਂ ਛਿੱਟਾਂ ਨਹੀਂ ਇਹ ਤਾਂ ਕੇਸਰ ਦੇ ਛਿੱਟੇ ਨੇ। ਪਰਮਾਤਮਾ ਨੇ ਆਪ ਇਨ੍ਹਾਂ ਨੂੰ ਇਹ ਜ਼ਿੰਮੇਵਾਰੀ ਸੰਭਾਲਣ     ਲਈ ਚੁਣਿਆ ਹੈ।” ਭਾਈ ਲਹਿਣਾ ਜੀ ਨੇ ਇਸ ਹੁਕਮ ਨੂੰ ਪ੍ਰਵਾਨ ਕੀਤਾ ਅਤੇ ਬੜੀ ਸ਼ਰਧਾ ਨਾਲ ਗੁਰੂ ਜੀ ਦੇ ਡੇਰੇ ‘ਤੇ ਸੇਵਾ ਕਰਨ ਲੱਗ ਪਏ।

ਹੁਣ ਲਹਿਣਾ ਦੀ ਨਿਮਰਤਾ ਅਤੇ ਸੇਵਾ ਭਾਵਨਾ ਦੀ ਕਠਿਨ ਪ੍ਰੀਖਿਆ ਸ਼ੁਰੂ ਹੋ ਗਈ। ਪਰ ਉਹ ਗੁਰ-ਸਿੱਖੀ ਦੀ ਕਸਵੱਟੀ ‘ਤੇ ਸਾਰੀਆਂ ਪ੍ਰੀਖਿਆਵਾਂ ਵਿੱਚੋਂ ਪੂਰੇ ਉਤਰੇ।

ਉਹ ਤਨ-ਮਨ-ਧਨ ਨਾਲ ਸੰਗਤਾਂ ਦੀ ਸੇਵਾ ਕਰਦੇ ਤੇ ਹਰ ਵਕਤ ਗੁਰੂ ਜੀ ਦੇ ਹੁਕਮ ਦੀ ਪਾਲਣਾ ਲਈ ਤਿਆਰ-ਬਰ-ਤਿਆਰ ਰਹਿੰਦੇ। ਕਿਸੇ ਵੀ ਹੁਕਮ ‘ਤੇ ਕਿੰਤੂ ਨਾ ਕਰਦੇ। ਗੁਰੂ ਸਾਹਿਬ ਦੀ ਰੱਬੀ-ਬਾਣੀ ਨੇ ਭਾਈ ਲਹਿਣਾ ਨੂੰ ਕੀਲ ਲਿਆ। ਪ੍ਰਭੂ-ਪ੍ਰੇਮ ਤੇ ਗੁਰੂ ਸੇਵਾ ਵਿੱਚ ਮਗਨ ਉਨ੍ਹਾਂ ਨੂੰ ਆਪਣੀ ਸੁਰਤ ਵੀ ਭੁੱਲ ਗਈ। ਗੁਰੂ ਚਰਨਾਂ ਵਿੱਚ ਰਹਿ ਕੇ ਲਹਿਣਾ ਜੀ ਨੇ ਗੁਰ-ਸਿੱਖੀ ਦਾ ਪੂਰਨ ਗਿਆਨ ਪ੍ਰਾਪਤ ਕੀਤਾ ਅਤੇ ਸਿੱਖੀ ਆਦਰਸ਼ਾਂ ਨੂੰ ਅਮਲਾਂ ਵਿੱਚ ਯਕੀਨੀ ਤੌਰ ‘ਤੇ ਧਾਰਨ ਕੀਤਾ।

ਗੁਰੂ-ਘਰ ਦੀ ਸੇਵਾ ਉਨ੍ਹਾਂ ਦੇ ਜੀਵਨ ਦਾ ਸਭ ਤੋਂ ਵੱਡਾ ਰੁਝੇਵਾਂ ਸੀ। ਔਖੇ ਤੋਂ ਔਖੇ ਕੰਮ ਨੂੰ ਵੀ ਉਹ ਖਿੜੇ ਮੱਥੇ ਕਬੂਲਦੇ ਅਤੇ ਨਿਮਰਤਾ ਨਾਲ ਹਰ ਸੇਵਾ ਨੂੰ ਆਪਣੇ ਹੱਥੀਂ ਕਰਨਾ ਵੱਡਾ ਭਾਗ ਸਮਝਦੇ। ਆਪਣੇ ਗੁਣਾਂ ਵਜੋਂ ਭਾਈ ਲਹਿਣਾ ਜੀ ਗੁਰੂ ਜੀ ਦੇ ਬਹੁਤ ਨੇੜੇ ਹੋ ਗਏ ਤੇ ਡੇਰੇ ਵਿੱਚ ਉਨ੍ਹਾਂ ਦਾ ਮਾਨ-ਸਨਮਾਨ ਵੀ ਸਭ ਤੋਂ ਵੱਧ ਹੋਣ ਲੱਗ ਪਿਆ। ਗੁਰੂ ਸਾਹਿਬ ਦੇ ਸਾਹਿਬਜ਼ਾਦੇ ਸ੍ਰੀ ਚੰਦ ਤੇ ਲਖਮੀ ਦਾਸ ਭਾਈ ਲਹਿਣਾ ਜੀ ਦੇ ਵਧਦੇ ਪ੍ਰਤਾਪ ਤੋਂ ਚਿੜ ਗਏ ਅਤੇ ਉਨ੍ਹਾਂ ਨਾਲ ਈਰਖਾ ਕਰਨ ਲੱਗ ਪਏ।

ਗੁਰੂ ਨਾਨਕ ਦੇਵ ਜੀ ਆਪਣੇ ਸਥਾਪਿਤ ਕੀਤੇ ਧਰਮ ਤੇ ਸਮਾਜਿਕ-ਸੰਗਠਨ ਦੀ ਅਗਵਾਈ ਲਈ ਕਿਸੇ ਯੋਗ ਗੁਰਸਿੱਖ ਵਿਅਕਤੀ ਦੀ ਭਾਲ ਵਿੱਚ ਸਨ। ਗੁਰੂ ਸਾਹਿਬ ਆਪਣੇ ਉਤਰਾਧਿਕਾਰੀ ਦੀ ਚੋਣ ਸਿੱਖੀ ਸੇਵਕਾਂ ਦੇ ਗੁਣਾਂ ਦੇ ਆਧਾਰ ‘ਤੇ ਕਰਨਾ ਚਾਹੁੰਦੇ ਸਨ। ਉਹ ਆਪਣੇ ਪੁੱਤਰਾਂ ਅਤੇ ਹੋਰ ਸੇਵਕਾਂ ਨੂੰ ਕਈ ਵਾਰ ਅਜ਼ਮਾ ਚੁੱਕੇ ਸਨ। ਪਰ ਭਾਈ ਲਹਿਣਾ ਜੀ ਹਰ ਪਰਖ ਵਿੱਚ ਪੂਰੇ ਉਤਰੇ। ਭਾਈ ਲਹਿਣਾ ਜੀ ਦੀ ਕਠਿਨ ਪ੍ਰੀਖਿਆ ਦੇ ਬਿਰਤਾਂਤ ਸਾਨੂੰ ‘ਆਦਿ ਸਾਖੀਆਂ’ ਵਿੱਚ ਮਿਲਦੇ ਹਨ। ਉਨ੍ਹਾਂ ਦੀ ਗੁਰੂ ਚਰਨਾਂ ਨਾਲ ਪ੍ਰੀਤ, ਸਿਦਕ ਅਤੇ ਹੁਕਮ ਮੰਨਣ ਦੀ ਘਾਲ ਨੇ ਇਹ ਸਪੱਸ਼ਟ ਕਰ ਦਿੱਤਾ ਕਿ ਉਹ ਹੀ ਗੁਰ-ਗੱਦੀ ਦੇ ਯੋਗ ਹਨ।

1539 ਈ: ਵਿੱਚ ਭਾਈ ਲਹਿਣਾ ਜੀ ਨੂੂੰ ਗੁਰਿਆਈ ਮਿਲੀ। ਉਨ੍ਹਾਂ ਅੱਗੇ 5 ਪੈਸੇ ਤੇ ਨਾਰੀਅਲ ਰੱਖ ਕੇ (ਗੁਰੂ) ਨਾਨਕ ਦੇਵ ਜੀ ਨੇ ਮੱਥਾ ਟੇਕਿਆ ਅਤੇ ਬਾਬਾ ਬੁੱਢਾ ਜੀ ਪਾਸੋਂ ਗੁਰਿਆਈ ਦਾ ਤਿਲਕ ਲਗਵਾ ਕੇ ਉਨ੍ਹਾਂ ਨੇ ਭਾਈ ਲਹਿਣਾ ਜੀ ਨੂੰ ਗੁਰੂ ਅੰਗਦ ਬਣਾ ਕੇ ਗੁਰ-ਗੱਦੀ ਦੀ ਜ਼ਿੰਮੇਵਾਰੀ ਸੌਂਪ ਦਿੱਤੀ।

ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਗੁਰੂ ਅੰਗਦ ਦੇਵ ਜੀ ਨੇ ਸਿੱਖ ਧਰਮ ਦੀ ਅਗਵਾਈ ਬੜੇ ਉੱਤਮ ਤਰੀਕੇ ਨਾਲ ਕੀਤੀ। ਉਨ੍ਹਾਂ ਦੇ ਆਦੇਸ਼ ਅਨੁਸਾਰ ਸਿੱਖ ਸੰਗਤ ਨੇਮ ਪੂਰਵਕ ਇਕੱਤਰ ਹੁੰਦੀ ਅਤੇ ੳਥੇ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ ਦੀ ਵਿਆਖਿਆ ਹੁੰਦੀ। ਉਨ੍ਹਾਂ ਨੇ ਲੰਗਰ ਦੀ ਪ੍ਰਥਾ ਨੂੰ ਹੋਰ ਵਧੇਰੇ ਵਿਕਸਿਤ ਕੀਤਾ। ਜਿਸ ਦੀ ਦੇਖ-ਭਾਲ ਦਾ ਕੰਮ ਮਾਤਾ ਖੀਵੀ ਜੀ ਕਰਦੇ। ਭੱਟ ਸੱਤਾ ਤੇ ਬਲਵੰਡ ਦੇ ਕਥਨ ਅਨੁਸਾਰ ਲੰਗਰ ਵਿੱਚ ਦੁੱਧ ਅਤੇ ਘਿਉ ਵਿੱਚ ਬਣੀ ਹੋਈ ਖੀਰ ਖਾਣ ਨੂੰ ਮਿਲਦੀ ਸੀ। (ਵਾਰ ਸੱਤਾ ਬਲਵੰਡ, ਪਉੜੀ 3) ਗੁਰੂ ਸਾਹਿਬ ਆਪ ਸਾਦੀ ਖੁਰਾਕ ਖਾਂਦੇ ਸਨ ਅਤੇ     ਆਪਣੀ ਕਮਾਈ ਲਈ ਮੁੰਜ ਵੱਟਣ ਦਾ ਕੰਮ ਕਰਦੇ ਸਨ। ਗੁਰੂ ਅੰਗਦ ਦੇਵ ਜੀ ਦੀ ਨਿਸ਼ਕਾਮ ਸੇਵਾ ਵਜੋਂ ਮਾਝੇ ਵਿੱਚ ਸਿੱਖੀ ਦਾ ਪ੍ਰਚਾਰ ਕਾਫੀ ਫੈਲਿਆ।

ਸਿੱਖ ਸੰਗਤਾਂ ਦੇ ਪ੍ਰਭਾਵ ਅਤੇ ਲੰਗਰ ਤੇ ਪੰਗਤ ਦੀ ਸੰਸਥਾ ਰਾਹੀਂ ਹਿੰਦੂ ਧਰਮ ਦੀ ਵਰਨ-ਵੰਡ ਤੇ ਜਾਤ-ਪਾਤ ਦੇ ਸਮਾਜਿਕ ਵਿਤਕਰੇ ਦੂਰ ਹੋਣ ਲੱਗੇ। ਗੁਰੂ ਸਾਹਿਬ ਨੇ ਸਮਾਨਤਾ ਤੇ ਮਾਨਵੀ ਏਕਤਾ ਦੇ ਉਪਦੇਸ਼ਾਂ ਰਾਹੀਂ ਅਛੂਤਾਂ ਤੇ ਗਰੀਬਾਂ ਵਿੱਚ ਸਵੈ-ਮਾਨ ਦਾ ਅਹਿਸਾਸ ਕਰਾਇਆ।

ਗੁਰੂ ਅੰਗਦ ਦੇਵ ਜੀ ਦਾ ਸਭ ਤੋਂ ਵੱਡਾ ਗੁਣ ਇਕ ਆਦਰਸ਼ਕ ਸਿੱਖ ਹੋਣਾ ਸੀ। ਉਹ ਗੁਰੂ ਨਾਨਕ ਦੇਵ ਜੀ ਦੇ ਅਨਿਨ ਆਗਿਆਕਾਰੀ ਸੇਵਕ ਸਨ। ਇਹੀ ਗੁਣ ਉਨ੍ਹਾਂ ਨੇ ਆਪਣੇ ਸੇਵਕਾਂ ਨੂੰ ਹਾਸਿਲ ਕਰਨ ਦਾ ਉਪਦੇਸ਼ ਦਿੱਤਾ।

ਗੁਰੁ ਅੰਗਦ ਦੇਵ ਜੀ ਦੇ ਗੁਰੂ ਗ੍ਰੰਥ ਸਾਹਿਬ ਵਿੱਚ ਆਪ ਜੀ ਦੇ ਕੁਲ 63 ਸਲੋਕ ਹਨ। ਆਪ ਜੀ ਦੀ ਬਾਣੀ ਵਿੱਚ ਜੀਵਨ ਦਾ ਜਿਹੜਾ ਫਲਸਫਾ ਉਘੜਦਾ ਹੈ, ਉਸ ਦਾ ਬੁਨਿਆਦੀ ਆਧਾਰ ਨਿਮਰਤਾ, ਸੇਵਾ ਤੇ ਨਾਮ ਜਪਣਾ ਹੈ। ਉਨ੍ਹਾਂ ਦਾ ਉਪਦੇਸ਼ ਹੈ ਮਾਇਆ ਦੀ ਤ੍ਰਿਸ਼ਨਾ ਦੇ ਪ੍ਰਭਾਵ ਹੇਠ, ਮਨੁੱਖ ਸੁਆਰਥੀ ਹੋ ਜਾਂਦਾ ਹੈ ਤੇ ਤੰਗ-ਦਿਲੀ ਦਾ ਸ਼ਿਕਾਰ ਹੋ ਜਾਂਦਾ ਹੈ।

ਗੁਰੂ ਸਾਹਿਬ ਦਾ ਇਹ ਸਲੋਕ ਸਾਡੀ ਮੌਜੂਦਾ ਸਮਾਜਿਕ ਤੇ ਰਾਜਨੀਤਕ ਹਾਲਤ ‘ਤੇ ਵੀ ਪੂਰਾ ਢੁੱਕਦਾ ਹੈ। ਉਨ੍ਹਾਂ ਦੇ ਉਪਦੇਸ਼ ਅਨੁਸਾਰ ਸਮਾਜਿਕ ਅਧੋਗਤੀ ਨੂੰ ਕਲਯੁਗ ਦਾ ਪਹਿਰਾ ਸਮਝਣਾ ਚਾਹੀਦਾ ਹੈ।

ਸਿੱਖ ਲਹਿਰ ਦੀ ਉਨਤੀ ਵਿੱਚ ਗੁਰੂ ਅੰਗਦ ਦੇਵ ਜੀ ਨੇ ਬੜਾ ਅਹਿਮ ਹਿੱਸਾ ਪਾਇਆ। ਆਪਣੀ ਯੋਗ ਅਗਵਾਈ ਵਿੱਚ ਉਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਦੇ ਦਰਸਾਏ ਆਦਰਸ਼ਾਂ ਨੂੰ ਨਿਸਚਿਤ ਤੇ ਸੰਗਠਿਤ ਰੂਪ ਪ੍ਰਦਾਨ ਕੀਤਾ। ਗੁਰੂ ਨਾਨਕ ਸਾਹਿਬ ਦੀ ਬਾਣੀ ਇਕੱਠੀ ਕੀਤੀ। ਇਸ ਤਰ੍ਹਾਂ ਸਿੱਖਾਂ ਦੀ ਧਾਰਮਿਕ ਪੁਸਤਕ ਗੁਰੂ ਗ੍ਰੰਥ ਸਾਹਿਬ ਦਾ ਕਾਰਜ ਆਰੰਭ ਹੋ ਗਿਆ ਅਤੇ ਇਸ ਵਿੱਚ ਯਕੀਨ ਰੱਖਣ ਵਾਲੇ ਅਨੁਯਾਈਆਂ ਨੂੰ ਠੀਕ ਸੇਧ ਮਿਲ ਗਈ।

ਗੁਰੂ ਸਾਹਿਬ ਨੇ ਵਿਦਿਆ ਦੀ ਸਿਖਲਾਈ ਵੱਲ ਵੀ ਧਿਆਨ ਦਿੱਤਾ। ਗੁਰਮੁਖੀ ਅੱਖਰਾਂ ਦੀ ਲਿੱਪੀ ਵਿੱਚ ਸਿਖਿਆ ਦੀ ਸ਼ੁਰੂਆਤ ਕੀਤੀ ਤਾਂ ਜੋ ਆਸਾਨੀ ਨਾਲ ਆਮ ਲੋਕ ਬਾਣੀ ਦਾ ਪਾਠ ਕਰ ਸਕਣ। ਉਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਦੀ ਜਨਮ ਸਾਖੀ ਵੀ ਲਿਖਵਾਈ। ਗੁਰੂ ਅੰਗਦ ਦੇਵ ਜੀ ਨੇ ਬੱਚਿਆਂ ਦੀ ਸਿਖਲਾਈ ਲਈ ਇਕ ਨਿਵੇਕਲਾ ਰਵਈਆ ਪੇਸ਼ ਕੀਤਾ। ਜਿੱਥੇ ਉਹ ਮਨ ਦੇ ਸਵਾਸਥ ਲਈ ਬਾਣੀ ਦਾ ਜਾਪ ਅਤੇ ਉਸ ‘ਤੇ ਅਮਲ ਕਰਨਾ ਜ਼ਰੂਰੀ ਸਮਝਦੇ ਸਨ, ਉੱਥੇ ਸਰੀਰ ਨੂੰ ਤੰਦਰੁਸਤ ਰੱਖਣ ‘ਤੇ ਵੀ ਜ਼ੋਰ ਦਿੰਦੇ ਸਨ। ਗੁਰੂ ਸਾਹਿਬ ਨੇ ਬਾਲਕਾਂ ਦੀ ਤੰਦਰੁਸਤੀ ਲਈ ਖੇਡਾਂ ਅਤੇ ਜਵਾਨਾਂ ਲਈ ਕਸਰਤ ਤੇ ਭਲਵਾਨੀ ਲਈ ਅਖਾੜੇ ਬਣਵਾਏ ਜਿਥੇ ਉਹ ਘੋਲ ਕਰਵਾਉਂਦੇ ਸਨ। ਉਸ ਸਥਾਨ ਨੂੰ ਮੱਲ ਅਖਾੜਾ ਕਿਹਾ ਜਾਣਾ ਸ਼ੁਰੂ ਹੋ ਗਿਆ। ਇਸ ਤਰ੍ਹਾਂ ਸਿੱਖ ਸੰਸਥਾ ਵਿੱਚ ਧਾਰਮਿਕ ਗਿਆਨ ਦੇ     ਨਾਲ-ਨਾਲ ਸਿਹਤ ਉਸਾਰੀ ਨੂੰ ਯੋਗ ਸਥਾਨ ਦਿੱਤਾ ਗਿਆ।

ਗੁਰੂ ਅੰਗਦ ਦੇਵ ਜੀ ਦੇ ਯਤਨਾਂ ਦੁਆਰਾ ਗੁਰੂ ਨਾਨਕ ਦੇਵ ਜੀ ਦੀ ਬਾਣੀ ਦਾ ਪ੍ਰਚਾਰ ਕਾਫੀ ਫੈਲ ਗਿਆ ਅਤੇ ਆਪਣੇ ਇਲਾਕੇ ਵਿੱਚ ਗੁਰੂ ਅੰਗਦ ਦੇਵ ਜੀ ਹਰਮਨ ਪਿਆਰੇ ਨਾਇਕ ਬਣ ਗਏ। ਖਡੂਰ ਸਾਹਿਬ ਦੇ ਇਕ ਭੇਖੀ ਸ਼ਿਵਨਾਥ (ਜਿਸ ਨੂੰ ਤਪਾ ਆਖਦੇ ਸਨ) ਨੇ ਲੋਕਾਂ ਵਿੱਚ ਕਈ ਵਹਿਮ-ਭਰਮ ਫੈਲਾ ਰੱਖੇ ਸਨ। ਗੁਰੂ ਸਾਹਿਬ ਦੇ ਉਪਦੇਸ਼ਾਂ ਦੁਆਰਾ ਲੋਕਾਂ ਨੇ ਵਹਿਮ-ਭਰਮ ਤੇ ਅੰਧ-ਵਿਸ਼ਵਾਸ ਤਿਆਗਣੇ ਸ਼ੁਰੂ ਕਰ ਦਿੱਤੇ ਅਤੇ ਤਪੇ ਦੀ ਮਾਨਤਾ ਘਟ ਗਈ। ਕਿਹਾ ਜਾਂਦਾ ਹੈ ਕਿ ਮੁਗਲ ਬਾਦਸ਼ਾਹ ਹਮਾਯੂੰ ਸੰਨ 1540 ਵਿੱਚ ਸ਼ੇਰ ਸ਼ਾਹ ਸੂਰੀ ਤੋਂ ਹਾਰ ਖਾ ਕੇ ਲਾਹੌਰ ਆਉਂਦਾ ਹੋਇਆ ਰਸਤੇ ਵਿੱਚ ਖਡੂਰ ਸਾਹਿਬ ਗੁਰੂ ਅੰਗਦ ਸਾਹਿਬ ਦੇ ਦਰਸ਼ਨਾਂ ਲਈ ਗੁਰੂ ਸਾਹਿਬ ਦੇ ਡੇਰੇ ਆਇਆ ਸੀ।

ਸੰਨ 1540 ਵਿੱਚ ਭਾਈ ਅਮਰਦਾਸ ਜੀ ਗੁਰੂ ਅੰਗਦ ਦੇਵ ਜੀ ਦੀ ਸ਼ਰਨ ਆਏ ਅਤੇ ਗੁਰੂ ਸਾਹਿਬ ਦੀ ਸੇਵਾ ਵਿੱਚ ਜੁੱਟ ਗਏ। ਗੁਰੂ ਅੰਗਦ ਦੇਵ ਜੀ ਨੇ ਸਿੱਖ-ਧਰਮ ਦੇ ਪ੍ਰਚਾਰ ਲਈ ਇਕ ਨਗਰ ਵਸਾਉਣ ਦੀ ਜ਼ਿੰਮੇਵਾਰੀ ਉਨ੍ਹਾਂ ਨੂੰ ਸੌਂਪੀ। ਇਸੇ ਹੁਕਮ ਅਧੀਨ ਸੰਨ 1546 ਵਿੱਚ ਗੋਇੰਦਵਾਲ ਨਗਰ ਵਸਾਇਆ ਗਿਆ।

ਗੁਰੂ ਅੰਗਦ ਦੇਵ ਜੀ ਨੇ ਗੁਰਿਆਈ ਦੀ ਜ਼ਿੰਮੇਵਾਰੀ ਤੇਰ੍ਹਾਂ ਵਰ੍ਹਿਆਂ ਤੱਕ ਨਿਭਾਈ। ਉਨ੍ਹਾਂ ਨੇ ਆਪਣਾ ਉਤਰਾਧਿਕਾਰੀ ਚੁਣਨ ਤੋਂ ਪਹਿਲਾਂ ਆਪਣੇ ਪੁੱਤਰਾਂ ਤੇ ਸਿੱਖਾਂ ਦੀ ਕਰੜੀ ਪ੍ਰੀਖਿਆ ਉਪਰੰਤ ਆਪਣੇ ਅਨਿਨ ਸੇਵਕ ਭਾਈ ਅਮਰਦਾਸ ਨੂੰ ਗੁਰਿਆਈ ਬਖਸ਼ੀ। ਗੁਰੂ ਅੰਗਦ ਦੇਵ ਜੀ 48 ਵਰ੍ਹਿਆਂ ਦੀ ਆਯੂ ਭੋਗ ਕੇ 29 ਮਾਰਚ, 1552 ਈ: ਵਿੱਚ ਜੋਤੀ ਜੋਤ ਸਮਾ ਗਏ।

ਨਬਾਲਗ ਆਸਿਫ਼ਾ ਦੇ ਸਮੂਹਿਕ ਬਲਾਤਕਾਰ ਨੇ ਇਨਸਾਨੀਅਤ ਸ਼ਰਮਸ਼ਾਰ ਕੀਤੀ

Image may be NSFW.
Clik here to view.
ਜੰਮੂ ਕਸ਼ਮੀਰ ਦੇ ਕਠੂਆ ਇਲਾਕੇ ਦੇ ਰਸਾਨਾ ਪਿੰਡ ਵਿਚ ਬਕਰਵਾਲ ਖਾਨਾਬਦੋਸ ਕਬੀਲੇ ਦੀ 8 ਸਾਲਾ ਨਾਬਾਲਗ ਲੜਕੀ ਆਸਿਫ਼ਾ ਨਾਲ ਹੋਏ ਦਰਿੰਦਗੀ ਦੇ ਨੰਗੇ ਨਾਚ, ਦਿਲ ਕੰਬਾਊ, ਰੌਂਗਟੇ ਖੜ੍ਹੇ ਕਰਨ ਵਾਲੀ ਅਤੇ ਅਣਮਨੁੱਖੀ ਢੰਗ ਨਾਲ ਕੀਤੇ ਗਏ ਸਮੂਹਿਕ ਬਲਾਤਕਾਰ ਦੀ ਖ਼ੌਫਨਾਕ ਘਟਨਾ ਨੇ ਮਾਨਵਤਾ ਨੂੰ ਕ¦ਕਿਤ ਕਰਦਿਆਂ ਇਨਸਾਨੀਅਤ ਨੂੰ ਸ਼ਰਮਸ਼ਾਰ ਕੀਤਾ ਹੈ। ਦੋਸ਼ੀਆਂ ਦੇ ਹੱਕ ਵਿਚ ਮੁਜ਼ਾਹਰੇ ਕਰਨ ਵਾਲਿਓ ਕੀ ਆਸਿਫ਼ਾ ਕਿਸੇ ਦੀ ਧੀ ਭੈਣ ਨਹੀਂ ਸੀ? ਜੇ ਸਾਡੀ ਆਪਣੀ ਧੀ ਭੈਣ ਨਾਲ ਅਜਿਹੀ ਕਰਤੂਤ ਹੋਵੇ ਕੀ ਅਸੀਂ ਬਰਦਾਸ਼ਤ ਕਰ ਲਵਾਂਗੇ? ਧੀਆਂ ਭੈਣਾਂ ਵਾਲਿਓ ਅਤੇ ਧੀਆਂ ਦੀਆਂ ਕੁੱਖਾਂ ਵਿਚੋਂ ਜਨਮ ਲੈਣ ਵਾਲਿਓ, ਉਨ੍ਹਾਂ ਧੀਆਂ ਭੈਣਾਂ ਦੀ ਇਜ਼ਤ ਕਰਨੀ ਸਿੱਖੋ, ਜਿਨ੍ਹਾਂ ਨੇ ਤੁਹਾਨੂੰ ਇਹ ਸੰਸਾਰ ਵਿਖਾਇਆ ਹੈ। ਇਸਦਾ ਸੇਕ ਤੁਹਾਡੇ ਤੱਕ ਵੀ ਪਹੁੰਚ ਸਕਦਾ ਹੈ। ਦੂਜੇ ਦੇ ਘਰ ਨੂੰ ਲੱਗੀ ਅੱਗ ਬਸੰਤਰ ਦਿਖਦੀ ਹੈ, ਜਦੋਂ ਆਪਣੇ ਘਰ ਲੱਗੇਗੀ ਫਿਰ ਹੋਸ਼ ਉਡਣਗੇ। ਜੇ ਹਾਲਾਤ ਇਹੋ ਰਹੇ ਤਾਂ ਉਹ ਦਿਨ ਵੀ ਦੂਰ ਨਹੀਂ। ਇਸਤੋਂ ਵੀ ਖ਼ਤਰਨਾਕ ਅਤੇ ਇਨਸਾਨੀਅਤ ਤੋਂ ਗਿਰੀ ਹੋਈ ਗੱਲ ਇਹ ਹੋਈ ਹੈ ਕਿ ਕਥਿਤ ਦੋਸ਼ੀਆਂ ਦੇ ਹੱਕ ਵਿਚ ਹਿੰਦੂ ਏਕਤਾ ਮੰਚ ਦੀ ਰੈਲੀ ਵਿਚ ਜੰਮੂ ਕਸ਼ਮੀਰ ਦੀ ਭਾਰਤੀ ਜਨਤਾ ਪਾਰਟੀ ਅਤੇ ਪੀ.ਡੀ.ਪੀ.ਦੀ ਸਾਂਝੀ ਮਹਿਬੂਬਾ ਸਰਕਾਰ ਦੇ ਭਾਰਤੀ ਜਨਤਾ ਪਾਰਟੀ ਦੇ ਦੋ ਸੀਨੀਅਰ ਮੰਤਰੀ ਲਾਲ ਸਿੰਘ ਚੌਧਰੀ ਅਤੇ ਚੰਦਰ ਪ੍ਰਕਾਸ਼ ਗੰਗਾ ਸ਼ਾਮਲ ਹੋਏ। ਮੁਲਜ਼ਮਾ ਨੂੰ ਬਚਾਉਣ ਲਈ ਭਾਰਤੀ ਜਨਤਾ ਪਾਰਟੀ ਦੇ ਮੰਤਰੀ ਤਰਲੋਮੱਛੀ ਹੁੰਦੇ ਰਹੇ। ਅਜੇ ਵੀ ਉਹ ਸਾਬਕਾ ਮੰਤਰੀ ਦੋਸ਼ੀਆਂ ਨੂੰ ਬਚਾਉਣ ਲਈ ਕੀਤੀਆਂ ਜਾਂਦੀਆਂ ਰੈਲੀਆਂ, ਧਰਨਿਆਂ ਅਤੇ ਮੁਜ਼ਾਹਰਿਆਂ ਵਿਚ ਸ਼ਰੇਆਮ ਸ਼ਾਮਲ ਹੋ ਰਹੇ ਹਨ, ਭਾਰਤੀ ਜਨਤਾ ਪਾਰਟੀ ਭਾਰਤੀਆਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੀ ਹੈ?

ਭਾਰਤ ਦੀ ਸੰਸਕ੍ਰਿਤੀ ਅਜਿਹੀਆਂ ਹਰਕਤਾਂ ਦੀ ਇਜ਼ਾਜਤ ਨਹੀਂ ਦਿੰਦੀ ਪ੍ਰੰਤੂ ਚੰਡੀਗੜ੍ਹ ਤੋਂ ਭਾਰਤੀ ਜਨਤਾ ਪਾਰਟੀ  ਦੀ ਲੋਕ ਸਭਾ ਦੀ ਮੈਂਬਰ ਸ੍ਰੀਮਤੀ ਕਿਰਨ ਖ਼ੇਰ ਨੇ ਹੋਰ ਵੀ ਇਹ ਕਹਿਕੇ ਸ਼ਰਮਸ਼ਾਰ ਕੀਤਾ ਹੈ ਕਿ ਭਾਰਤ ਵਿਚ ਬਲਾਤਕਾਰ ਪੁਰਾਤਨ ਸਮੇਂ ਤੋਂ ਹੁੰਦੇ ਆ ਰਹੇ ਹਨ ਜੋ ਕਿ ਭਾਰਤੀ ਸੰਸਕ੍ਰਿਤੀ ਦਾ ਹਿੱਸਾ ਬਣ ਗਏ ਹਨ। ਤੁਹਾਡਾ ਇਸਤਰੀ ਹੋਣਾ ਸਮੁੱਚੀ ਇਸਤਰੀ ਜਾਤੀ ਨੂੰ ਸ਼ਰਮਸ਼ਾਰ ਕਰ ਰਿਹਾ ਹੈ। ਸ਼ਰਮ ਕਰੋ ਤੇ ਡੁਬ ਮਰੋ ਭਾਰਤੀ ਜਨਤਾ ਪਾਰਟੀ ਦੇ ਅਜਿਹੇ ਬਿਆਨ ਦੇਣ ਵਾਲੇ ਨੇਤਾਓ, ਘੱਟੋ ਘੱਟ ਸਾਡੀ ਸੰਸਕ੍ਰਿਤੀ ਨੂੰ ਦੂਸ਼ਤ ਨਾ ਕਰੋ। ਰਾਜ ਭਾਗ ਤਾਂ ਵਕਤੀ ਗੱਲਾਂ ਹੁੰਦੀਆਂ ਹਨ। ਇਹ ਤਾਂ ਆਉਂਦੇ ਜਾਂਦੇ ਰਹਿਣੇ ਹਨ। ਤੁਸੀਂ ਤਾਂ ਹਮੇਸ਼ਾ ਇਸੇ ਸਮਾਜ ਵਿਚ ਰਹਿਣਾ ਅਤੇ ਵਿਚਰਨਾ ਹੈ। ਲੋਕ ਤੁਹਾਡੇ ਉਪਰ ਥੁੱਕਣਗੇ। ਭਾਰਤੀ ਜਨਤਾ ਪਾਰਟੀ ਦੇ ਅੱਛੇ ਦਿਨਾਂ ਦੇ ਜੁਮਲੇ ਦੀ ਉਡੀਕ ਦੀ ਆਸ ਲਾਈ ਬੈਠੇ ਲੋਕ ਬੁਰੇ ਦਿਨਾਂ ਦੀ ਗ੍ਰਿਫ਼ਤ ਵਿਚ ਫਸ ਗਏ ਹਨ, ਕਿਉਂਕਿ ਜਦੋਂ ਵਾੜ ਹੀ ਖੇਤ ਨੂੰ ਖਾਣ ਲੱਗ ਜਾਵੇ ਤਾਂ ਖੇਤ ਦੀ ਰਾਖੀ ਕਿਵੇਂ ਹੋਵੇਗੀ? ਭਾਰਤ ਦੀ ਜਨਤਾ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਾਕੇ ਠੱਗੀ ਗਈ ਮਹਿਸਸ ਕਰਦੀ ਹੋਈ ਬੇਬਸ ਹੋ ਗਈ ਹੈ। ਇਕ ਹੋਰ ਇਖਲਾਕ ਤੋਂ ਗਿਰੀ ਘਟਨਾ ਇਹ ਹੋਈ ਕਿ ਜਿਹੜੇ ਵਕੀਲ ਆਮ ਜਨਤਾ ਦੇ ਮਨੁੱਖੀ ਹੱਕਾਂ ਦੀ ਰਾਖੀ ਲਈ ਕੇਸ ਭਾਵੇਂ ਪੈਸੇ ਲੈ ਕੇ ਹੀ ਲੜਦੇ ਹਨ, ਪ੍ਰੰਤੂ ਲੋਕਾਂ ਦੇ ਹਿਤਾਂ ਤੇ ਪਹਿਰਾ ਤਾਂ ਦਿੰਦੇ ਹਨ। ਇਥੇ ਤਾਂ ਉਲਟੀ ਗੰਗਾ ਹੀ ਪਹੋਏ ਨੂੰ ਵਹਿ ਤੁਰੀ ਜਦੋਂ ਉਨ੍ਹਾਂ ਵਕੀਲਾਂ ਨੇ ਕਚਹਿਰੀ ਵਿਚ ਜਾ ਕੇ ਕਥਿਤ ਦੋਸ਼ੀਆਂ ਵਿਰੁਧ ਪੇਸ਼ ਕੀਤੇ ਜਾ ਰਹੇ ਚਲਾਣ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਬਾਰ ਕੌਂਸਲ ਨੇ ਦੋਸ਼ੀਆਂ ਦੇ ਹੱਕ ਵਿਚ ਹੜਤਾਲ ਕਰਕੇ ਮੁਜ਼ਾਹਰਾ ਕੀਤਾ।

ਹੋਰ ਵੀ ਹੈਰਾਨੀ ਅਤੇ ਬੇਸ਼ਰਮੀ ਦੀ ਗੱਲ ਹੋਈ ਕਿ ਭਾਰਤੀ ਜਨਤਾ ਪਾਰਟੀ ਨੇ ਇਸ ਬੇਹੂਦਾ ਘਟਨਾ ਨੂੰ ਮਜ੍ਹਬੀ ਰੰਗਤ ਦੇਣ ਦੀ ਅਸਫਲ ਕੋਸ਼ਿਸ਼ ਕੀਤੀ। ਹਾਲਾਂ ਕਿ ਪੁਲਿਸ ਦੇ ਚਲਾਣ ਮੁਤਾਬਕ ਅਣਭੋਲ ਲੜਕੀ ਜਿਸਨੂੰ ਅਜੇ ਜਿਹੜਾ ਉਸ ਨਾਲ ਕੁਕਰਮ ਹੋਇਆ, ਉਸ ਬਾਰੇ ਸਮਝ ਹੀ ਨਹੀਂ ਸੀ, ਉਸਨੂੰ ਚਰਾਂਦ ਵਿਚੋਂ ਘੋੜੇ, ਬਕਰੀਆਂ ਅਤੇ ਭੇਡਾਂ ਚਾਰਦੀ ਨੂੰ ਇਕ ਮੰਦਰ ਦੇ ਪੁਜਾਰੀ ਸਾਂਜੀ ਰਾਮ ਦੀ ਸ਼ਹਿ ਉਪਰ ਉਸਦੇ 15 ਸਾਲਾ ਭਤੀਜੇ ਨੇ ਆਪਣੇ ਸਾਥੀਆਂ ਦੀ ਮਦਦ ਨਾਲ ਅਗਵਾ ਕਰਕੇ ਮੰਦਰ ਵਿਚ ਲਿਆਂਦਾ। ਜਿਥੇ ਪੁਲਿਸ ਦੀ ਰਿਪੋਰਟ ਮੁਤਾਬਕ ਉਸਨੂੰ ਨਸ਼ੇ ਵਾਲੀ ਦੁਆਈ ਪਿਲਾ ਕੇ ਸਮੂਹਿਕ ਬਲਾਤਕਾਰ 8 ਵਿਅਕਤੀ 10 ਜਨਵਰੀ ਤੋਂ 17 ਜਨਵਰੀ ਤੱਕ ਕਰਦੇ ਰਹੇ। ਇਥੋਂ ਤੱਕ ਕਿ ਮੰਦਰ ਦੇ ਪੁਜਾਰੀ ਦੇ ਲੜਕੇ ਵਿਸ਼ਾਲ ਜੰਗੋਤਾ ਨੂੰ ਉਸ ਮਾਸੂਮ ਲੜਕੀ ਨਾਲ ਬਲਾਤਕਾਰ ਕਰਨ ਲਈ ਮੇਰਠ ਤੋਂ ਬੁਲਾਇਆ ਗਿਆ। ਮਨੁੱਖੀ ਕਿਰਦਾਰ ਦੀ ਗਿਰਾਵਟ ਵੇਖੋ ਉਸ ਮਾਸੂਮ ਲੜਕੀ ਨਾਲ ਬਾਪ, ਪੁਤਰ ਅਤੇ ਭਤੀਜਾ ਵਾਰੋ ਵਾਰੀ ਬਲਾਤਕਾਰ ਕਰਦੇ ਰਹੇ। ਲਾਹਣਤ ਹੈ ਅਜਿਹੇ ਸਮਾਜ, ਸਰਕਾਰ ਅਤੇ ਖਾਸ ਤੌਰ ਤੇ ਭਾਰਤੀ ਜਨਤਾ ਪਾਰਟੀ ਲਈ ਜਿਹੜੇ ਕੰਜਕਾਂ ਦੀ ਪੂਜਾ ਕਰਨ ਦੀ ਨਸੀਹਤ ਦਿੰਦੇ ਹਨ ਅਤੇ ਖੁਦ ਕੰਜਕਾਂ ਦੀ ਅਸਮਤ ਨਾਲ ਖੇਡਣ ਵਾਲਿਆਂ ਦੇ ਹੱਕ ਵਿਚ ਭੁਗਤਦੇ ਹਨ। ਬੇਸ਼ਰਮੀ ਅਤੇ ਬੇਹੂਦਗੀ ਦੀ ਹੱਦ ਹੋ ਗਈ ਜਦੋਂ ਇਕ ਪੁਲਿਸ ਕਰਮਚਾਰੀ ਦੀਪਕ ਖਜੂਰੀਆ ਨੇ ਲੜਕੀ ਨੂੰ ਮਾਰਨ ਤੋਂ ਪਹਿਲਾਂ ਉਸ ਨਾਲ ਬਲਾਤਕਾਰ ਕੀਤਾ। ਮੌਕਾ ਤਾੜ ਕੇ ਲੜਕੀ ਦੀ ਲਾਸ਼ ਨੇੜੇ ਜੰਗਲ ਵਿਚ ਸੁੱਟ ਦਿੱਤੀ ਗਈ। ਜਿਹੜੇ ਪੁਲਿਸ ਅਧਿਕਾਰੀਆਂ ਸਬ ਇਨਸਪੈਕਟਰ ਆਨੰਦ ਦੱਤਾ ਅਤੇ ਹਵਾਲਦਾਰ ਤਿਲਕ ਰਾਜ ਨੂੰ ਪੜਤਾਲ ਕਰਨ ਦਾ ਕੰਮ ਸੌਂਪਿਆ ਗਿਆ, ਉਨ੍ਹਾਂ ਨੇ1.ਲੱਖ 50 ਹਜ਼ਾਰ ਦੀ ਰਿਸ਼ਵਤ ਲੈ ਕੇ ਕੇਸ ਖੁਰਦ ਬੁਰਦ ਕਰਨ ਲਈ ਆਸਿਫਾ ਦੇ ਕਪੜੇ ਸਾੜ ਕੇ ਕਾਨੂੰਨੀ ਸਬੂਤ ਖ਼ਤਮ ਕਰ ਦਿੱਤੇ। ਇਹ ਸਾਰਾ ਕੁਝ ਪੁਲਿਸ ਨੇ ਚਲਾਣ ਵਿਚ ਮੁਲਜ਼ਮਾਂ ਦੀਆਂ ਟੈਲੀਫੋਨ ਕਾਲਾਂ ਦੇ ਰਿਕਾਰਡ ਤੋਂ ਪ੍ਰਾਪਤ ਕਰਕੇ ਸਬੂਤਾਂ ਸਮੇਤ ਲਿਖਿਆ ਹੈ। ਮੁੱਖ ਸ਼ਾਜਸ ਕਰਤਾ ਮਾਂਜੀ ਰਾਮ ਸੇਵਾ ਮੁਕਤ ਪਟਵਾਰੀ ਹੈ। ਉਸ ਲੜਕੀ ਨਾਲ ਸਭ ਤੋਂ ਵੱਧ ਅਣਮਨੁੱਖੀ ਵਤੀਰਾ ਮਾਂਜੀ ਰਾਮ ਦੇ ਭਤੀਜੇ ਨੇ ਕੀਤਾ ਜਿਹੜਾ ਨਸ਼ੇ ਦਾ ਆਦੀ ਅਤੇ ਸਕੂਲ ਵਿਚੋਂ ਲੜਕੀਆਂ ਨੂੰ ਛੇੜਨ ਕਰਕੇ ਕੱਢਿਆ ਗਿਆ ਸੀ। ਮਾਂਜੀ ਰਾਮ ਦਾ ਲੜਕਾ ਵਿਸ਼ਾਲ ਜੰਗੋਤਰਾ ਉਰਫ ਸ਼ਾਮਾ, ਉਸਦਾ ਦੋਸਤ, ਸੁਰੇਂਦਰ ਵਰਮਾ, ਪ੍ਰਵੇਸ਼ ਕੁਮਾਰ ਮਨੂੰ ਅਤੇ ਦੀਪਕ ਖਜੂਰੀਆ ਸਾਜਸ਼ ਵਿਚ ਸ਼ਾਮਲ ਸਨ।

ਇਸ ਹੈਵਾਨੀਅਤ ਭਰੀ ਘਟਨਾ ਨੂੰ ਮਜ੍ਹਬੀ ਰੰਗਤ ਦੇਣ ਲਈ ਦੋਸ਼ੀਆਂ ਦੇ ਹੱਕ ਵਿਚ ਰਾਜ ਕਰ ਰਹੀ ਭਾਰਤੀ ਜਨਤਾ ਪਾਰਟੀ ਦੇ ਕਾਰਕੁੰਨਾਂ ਨੇ ਤਿਰੰਗਾ ਝੰਡਾ ਯਾਤਰਾ ਕੱਢ ਕੇ ਆਪਣੇ ਆਪ ਨੂੰ ਕੌਮੀ ਹਿਤਾਂ ਦੇ ਰਖਵਾਲੇ ਸਿੱਧ ਕਰਨ ਦੀ ਕੋਸ਼ਿਸ ਕੀਤੀ, ਜਿਵੇਂ ਇਹ ਦਰਿੰਦਗੀ ਵਾਲੀ ਘਟਨਾਂ ਦੇਸ਼ ਦੇ ਹਿੱਤਾਂ ਦੀ ਰਾਖੀ ਲਈ ਕੀਤੀ ਗਈ ਹੋਵੇ। ਇਹ ਸੋਚਿਆ ਵੀ ਨਹੀਂ ਜਾ ਸਕਦਾ ਸੀ ਕਿ ਕੌਮੀ ਪੱਧਰ ਦੀ ਇਕ ਸਿਆਸੀ ਪਾਰਟੀ ਅਜਿਹੀਆਂ ਇਖਲਾਕ ਤੋਂ ਗਿਰੀਆਂ ਹੋਈਆਂ ਹਰਕਤਾਂ ਕਰੇਗੀ। ਇਸ ਤੋਂ ਪਹਿਲਾਂ 3 ਮਹੀਨੇ ਇਹ ਕੇਸ ਅਖ਼ਬਾਰਾਂ ਵਿਚ ਵੀ ਆਉਣ ਨਹੀਂ ਦਿੱਤਾ। ਜਦੋਂ ਚੋਰ ਦੇ ਬੁਰੇ ਦਿਨ ਆਉਂਦੇ ਹਨ ਤਾਂ ਉਹ ਕੋਤਵਾਲ ਬਣ ਬਹਿੰਦਾ ਹੈ ਅਤੇ ਆਪਣੇ ਆਪ ਹੀ ਆਪਣੀਆਂ ਕਰਤੂਤਾਂ ਨਾਲ ਫਸ ਜਾਂਦਾ ਹੈ, ਇਸੇ ਤਰ੍ਹਾਂ ਮੁਲਜ਼ਮਾਂ ਦੇ ਹੱਕ ਵਿਚ ਜਲਸੇ-ਜਲੂਸ ਕੱਢਣ ਨਾਲ ਇਹ ਖ਼ਬਰਾਂ ਅਖ਼ਬਾਰਾਂ ਅਤੇ ਚੈਨਲਾਂ ਦੀਆਂ ਸੁਰਖੀਆਂ ਬਣ ਗਈਆਂ, ਜਿਸਦਾ ਸਮੁਚੇ ਭਾਰਤ ਦੇ ਧੀਆਂ ਭੈਣਾਂ ਵਾਲੇ ਸਮਝਦਾਰ ਸ਼ਹਿਰੀਆਂ ਨੇ ਬੁਰਾ ਮਨਾਇਆ। ਜਦੋਂ ਭਾਰਤੀ ਜਨਤਾ ਪਾਰਟੀ ਨੇ ਪੁਲਿਸ ਦੀ ਪੜਤਾਲ ਉਪਰ ਉਂਗਲੀ ਉਠਾਈ ਤਾਂ ਕਰਾਈਮ ਬਰਾਂਚ ਦੇ ਦੋ ਆਈ ਜੀ ਰੈਂਕ ਦੇ ਅਧਿਕਾਰੀਆਂ ਇੱਕ ਹਿੰਦੂ ਅਲੋਕ ਪੁਰੀ ਅਤੇ ਦੂਜਾ ਮੁਸਲਮਾਨ ਅਹਫਾਦੁਲ ਮੁਜਤਬਾ ਦੀ ਅਗਵਾਈ ਵਿਚ ਐਸ ਆਈ ਟੀ ਬਣਾਈ ਗਈ। ਰਮੇਸ਼ ਕੁਮਾਰ ਜਾਲਾ ਇਕ ਨਿਰਪੱਖ ਅਤੇ ਦਲੇਰ ਅਧਿਕਾਰੀ ਨੂੰ ਐਸ.ਐਸ.ਪੀ., ਸ਼ਵੇਤਾਮਬਰੀ ਡੀ.ਐਸ.ਪੀ. ਦੇ ਤੌਰ ਤੇ ਸ਼ਾਮਲ ਕੀਤਾ ਗਿਆ। ਰਮੇਸ਼ ਕੁਮਾਰ ਜਾਲਾ ਨੂੰ ਜੰਮੂ ਕਸ਼ਮੀਰ ਸਰਕਾਰ ਨੇ ‘ਸ਼ੇਰੇ ਕਸ਼ਮੀਰ’ ਦਾ ਖ਼ਿਤਾਬ ਦੇ ਕੇ ਸਨਮਾਨਿਆਂ ਹੋਇਆ ਹੈ। ਪ੍ਰੰਤੂ ਜਦੋਂ ਉਸਨੇ ਸਾਂਜੀ ਰਾਮ ਸਮੇਤ 8 ਵਿਅਕਤੀਆਂ ਨੂੰ ਡੀ.ਐਨ.ਏ ਅਤੇ ਵਾਲਾਂ ਦੀ ਫਾਰੈਸਕ ਟੈਸਟ ਤੋਂ ਬਾਅਦ ਦੋਸ਼ੀ ਪਾਇਆ ਤਾਂ ਹੁਣ ਭਾਰਤੀ ਜਨਤਾ ਪਾਰਟੀ ਸੀ.ਬੀ.ਆਈ.ਨੂੰ ਕੇਸ ਦੇਣ ਦੀ ਮੰਗ ਕਰ ਰਹੀ ਹੈ। ਪਹਿਲਾਂ ਰਮੇਸ਼ ਕੁਮਾਰ ਜਾਲਾ ਨੂੰ ਰਾਸ਼ਟਰਵਾਦੀ ਕਹਿੰਦੇ ਸਨ, ਹੁਣ ਉਸਦੀ ਰਿਪੋਰਟ ਤੇ ਸ਼ੱਕ ਕਰਦੇ ਹਨ। ਉਹ ਕਸ਼ਮੀਰੀ ਪੰਡਤ ਹੈ। ਆਸਿਫਾ ਦਾ ਕੇਸ ਲੜ ਰਹੀ ਵਕੀਲ ਦੀਪਕਾ ਸਿੰਘ ਰਜਾਵਤ ਵੀ ਹਿੰਦੂ ਹੈ। ਉਸਨੂੰ ਵੀ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਭਾਰਤ ਦੇ ਸੇਵਾ ਮੁਕਤ ਸਰਵਉਚ 49  ਅਧਿਕਾਰੀਆਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਇਕ ਪੱਤਰ ਲਿਖਕੇ ਇਸ ਲੜਕੀ ਦੇ ਕਤਲ ਨੂੰ ਆਜ਼ਾਦ ਭਾਰਤ ਦੇ ਇਤਿਹਾਸ ਵਿਚ ਸਭ ਤੋਂ ਕਾਲਾ ਦਿਨ ਕਿਹਾ ਹੈ। ਰਸਾਨਾ ਪਿੰਡ ਵਿਚ ਬਹੁਤੀ ਆਬਾਦੀ ਹਿੰਦੂ ਸਮੁਦਾਏ ਦੀ ਹੈ, ਸ਼ਰਮ ਦੀ ਹੱਦ ਹੋ ਗਈ ਜਦੋਂ ਆਸਿਫ਼ਾ ਨੂੰ ਦਫਨਾਉਣ ਲਈ ਪੁੱਟੀ ਜਾ ਰਹੀ ਕਬਰ ਨੂੰ ਹੀ ਅੱਧ ਵਿਚਾਲੇ ਰੋਕ ਦਿੱਤਾ ਕਿ ਇਸ ਪਿੰਡ ਵਿਚ ਉਸਨੂੰ ਦਫ਼ਨਾਉਣ ਨਹੀਂ ਦਿੱਤਾ ਜਾਵੇਗਾ। ਆਸਿਫਾ ਦੇ ਪਰਿਵਾਰ ਦੇ ਕਿਸੇ ਰਿਸ਼ਤੇਦਾਰ ਨੇ ਰਸਾਨਾ ਪਿੰਡ ਤੋਂ 8 ਕਿਲੋਮੀਟਰ ਦੂਰ ਆਪਣੀ ਜ਼ਮੀਨ ਵਿਚ ਦਫਨਾਉਣ ਦੀ ਇਜ਼ਾਜਤ ਦਿੱਤੀ। ਮਰਨ ਉਪਰੰਤ ਵੀ ਆਸਿਫਾ ਨੂੰ ਆਪਣੇ ਪਿੰਡ ਵਿਚ ਕਬਰ ਨਸੀਬ ਨਹੀਂ ਹੋਈ।

ਭਾਰਤੀ ਜਨਤਾ ਪਾਰਟੀ ਦੇ ਨੇਤਾਵਾਂ ਦੀ ਸੋਚ ਦਾ ਇਕ ਹੋਰ ਪ੍ਰਗਟਾਵਾ ਉਤਰ ਪ੍ਰਦੇਸ਼ ਦੇ ਓਨਾਓ ਜਿਲ੍ਹੇ ਦੇ ਬੰਗਰਾਮਾਊ ਹਲਕੇ ਦੇ ਵਿਧਾਨਕਾਰ ਕੁਲਦੀਪ ਸਿੰਘ ਸੇਂਗਰ ਦੀ ਕਰਤੂਤ ਤੋਂ ਸ਼ਪਸਟ ਹੋ ਜਾਂਦਾ ਹੈ, ਜਿਸਨੇ ਇਕ ਨਬਾਲਗ 17 ਸਾਲਾ ਲੜਕੀ ਨੂੰ 20 ਜੂਨ 2017 ਨੂੰ ਇਕ ਇਸਤਰੀ ਸ਼ਸ਼ੀ ਸਿੰਘ ਰਾਹੀਂ ਨੌਕਰੀ ਦਾ ਝਾਂਸਾ ਦੇ ਆਪਣੇ ਘਰ ਵਿਚ ਬੁਲਾਕੇ ਹੀ ਬਲਾਤਕਾਰ ਕੀਤਾ। ਲੜਕੀ ਨੂੰ ਧਮਕਾਇਆ ਕਿ ਜੇਕਰ ਕਿਸੇ ਕੋਲ ਗੱਲ ਕੀਤੀ ਤਾਂ ਤੇਰਾ ਪਰਿਵਾਰ ਖ਼ਤਮ ਕਰ ਦਿੱਤਾ ਜਾਵੇਗਾ। ਲੜਕੀ ਦਾ ਪਰਿਵਾਰ ਪੁਲਿਸ ਕੋਲ ਰਿਪੋਰਟ ਲਿਖਵਾਉਣ ਲਈ 10 ਮਹੀਨੇ ਧੱਕੇ ਖਾਂਦਾ ਰਿਹਾ ਪ੍ਰੰਤੂ ਪੁਲਿਸ ਨੇ ਵਿਧਾਨਕਾਰ ਦੇ ਵਿਰੁਧ ਕੋਈ ਕਾਰਵਾਈ ਨਹੀਂ ਕੀਤੀ। ਜਦੋਂ ਲੜਕੀ ਨੇ ਕੋਰਟ ਵਿਚ ਕੇਸ ਕਰ ਦਿੱਤਾ ਤਾਂ 4 ਵਿਅਕਤੀ ਵਿਧਾਨਕਾਰ ਦੇ ਭਰਾ ਨਾਲ ਆ ਕੇ ਲੜਕੀ ਨੂੰ ਉਸਦੇ ਘਰੋਂ ਹੀ ਚੁੱਕਕੇ ਲੈ ਗਏ ਅਤੇ ਸਮੂਹਿਕ ਬਲਾਤਕਾਰ ਕੀਤਾ। ਲੜਕੀ ਦੇ ਪਿਤਾ ਉਪਰ ਪੁਲਿਸ ਕੇਸ ਬਣਾਕੇ ਜੇਲ੍ਹ ਭੇਜ ਦਿੱਤਾ। ਜੇਲ੍ਹ ਵਿਚ ਉਸਨੂੰ ਕੁੱਟ ਕੇ ਮਾਰ ਦਿੱਤਾ। ਪੁਲਿਸ ਵਿਧਾਨਕਾਰ ਉਪਰ ਕੇਸ ਦਰਜ ਕਰਕੇ ਉਸਨੂੰ ਫੜਨ ਲਈ ਤਿਆਰ ਨਹੀਂ ਸੀ। ਹਾਈ ਕੋਰਟ ਨੇ ਆਪਣੇ ਤੌਰ ਤੇ ਪੁਲਿਸ ਨੂੰ ਹੁਕਮ ਦੇ ਕੇ ਵਿਧਾਨਕਾਰ ਨੂੰ ਗ੍ਰਿਫ਼ਤਾਰ ਕਰਵਾਇਆ। ਭਾਰਤੀ ਜਨਤਾ ਪਾਰਟੀ ਲਈ ਇਸਤੋਂ ਅੱਛੇ ਦਿਨ ਹੋਰ ਕੀ ਆ ਸਕਦੇ ਹਨ?

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ

ਵਿਧਾਨਪਾਲਿਕਾ ਦੀ ਪਵਿੱਤਰਤਾ ਨੂੰ ਲੱਗ ਰਿਹਾ ਖੋਰਾ ਚਿੰਤਾ ਦਾ ਵਿਸ਼ਾ

ਭਾਰਤ ਨੂੰ ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰੀ ਦੇਸ਼ ਹੋਣ ਦਾ ਮਾਣ ਪ੍ਰਾਪਤ ਹੈ। ਲੋਕਤੰਤਰੀ ਸਰਕਾਰ ਵਿੱਚ ਵਿਧਾਨ-ਪਾਲਿਕਾ ਨੂੰ ਸਰਕਾਰ ਦਾ ਇੱਕ ਮੱਹਤਵਪੂਰਨ ਅੰਗ ਮੰਨਿਆ ਜਾਂਦਾ ਹੈ। ਭਾਰਤੀ ਸੰਵਿਧਾਨ ਦੇ ਅਨੁਛੇਦ 79 ਅਧੀਨ ਵਿਧਾਨ-ਪਾਲਿਕਾ ਦੀ ਵਿਵਸਥਾ ਸੰਸਦ ਦੇ ਰੂਪ ਵਿੱਚ ਕੀਤੀ ਗਈ ਹੈ ਇਸੀ ਤਰ੍ਹਾਂ ਸੰਵਿਧਾਨ ਦੇ ਅਨੁਛੇਦ 168 ਅਧੀਨ ਰਾਜਾਂ ਵਿੱਚ ਵਿਧਾਨ ਮੰਡਲਾਂ ਦੀ ਵਿਵਸਥਾ ਕੀਤੀ ਗਈ ਹੈ। ਦੇਸ਼ ਦੇ ਪ੍ਰਸ਼ਾਸਨ ਨੂੰ ਚਲਾਉਣ ਲਈ ਕਾਨੂੰਨ ਬਣਾਉਣ, ਪਹਿਲਾਂ ਬਣੇ ਕਾਨੂੰਨਾਂ ਵਿੱਚ ਸੋਧ ਕਰਨ ਜਾਂ ਸਮੇਂ ਦੇ ਅਨੁਸਾਰ ਪੁਰਾਣੇ ਕਾਨੂੰਨਾਂ ਨੂੰ ਰੱਦ ਕਰਨ ਦੀ ਸਮੁੱਚੀ ਜ਼ਿੰਮੇਵਾਰੀ ਵਿਧਾਨ ਪਾਲਿਕਾ ਦੀ ਹੀ ਹੁੰਦੀ ਹੈ। ਭਾਰਤ ਵਿੱਚ ਸੰਘਾਤਮਕ ਢਾਂਚਾ ਹੋਣ ਕਾਰਨ ਕੇਂਦਰ ਅਤੇ ਰਾਜਾਂ ਲਈ ਅਲੱਗ-ਅਲੱਗ ਵਿਧਾਨ ਪਾਲਿਕਾਵਾਂ ਦੀ ਵਿਵਸਥਾ ਕੀਤੀ ਗਈ ਹੈ। ਕੇਂਦਰੀ ਵਿਸ਼ਿਆ ਤੇ ਕਾਨੂੰਨ ਬਣਾਉਣ ਦੀ ਜ਼ਿੰਮੇਵਾਰੀ ਲੋਕ ਸਭਾ, ਰਾਜ ਸਭਾ ਅਤੇ ਰਾਸ਼ਟਰਪਤੀ ਦੁਆਰਾ ਸਾਂਝੇ ਰੂਪ ਵਿੱਚ ਨਿਭਾਈ ਜਾਂਦੀ ਹੈ।

ਭਾਰਤ ਦੇ ਕਈ ਰਾਜਾਂ ਵਿੱਚ ਦੋ ਸਦਨੀ ਵਿਧਾਨਪਾਲਿਕਾ ਹੈ ਅਤੇ ਕਈਆਂ ਵਿੱਚ ਇੱਕ ਸਦਨੀ ਵਿਧਾਨ ਪਾਲਿਕਾ ਹੈ। ਵਿਧਾਨ ਪਾਲਿਕਾ ਉਹ ਸੰਸਥਾ ਹੈ ਜਿੱਥੇ ਦੇਸ਼ ਦੇ ਕਰੋੜਾਂ ਲੋਕਾਂ ਦੀ ਕਿਸਮਤ ਦਾ ਫੈਸਲਾ ਕੀਤਾ ਜਾਂਦਾ ਹੈ। ਇਸ ਸੰਸਥਾ ਦੀ ਮੱਹਤਤਾ ਅਤੇ ਇਸਦੇ ਕੰਮਾ ਦੇ ਆਧਾਰ ਤੇ ਕਿਹਾ ਜਾ ਸਕਦਾ ਹੈ ਕਿ ਕੇਂਦਰੀ ਸੰਸਦ ਅਤੇ ਰਾਜਾਂ ਦੀਆਂ ਵਿਧਾਨ ਸਭਾਵਾਂ ਵੀ ਮੰਦਿਰ, ਮਸਜਿਦ, ਗੁਰਦੁਆਰੇ ਜਾਂ ਚਰਚ ਆਦਿ ਦੇ ਵਾਂਗ ਪਵਿੱਤਰ ਸਥਾਨ ਹੀ ਹਨ ਇਸ ਲਈ ਹਰੇਕ ਭਾਰਤੀ ਦੇ ਮਨ ਵਿੱਚ ਇੰਨ੍ਹਾਂ ਪ੍ਰਤੀ ਸ਼ਰਧਾ ਅਤੇ ਸਤਿਕਾਰ ਦਾ ਹੋਣਾ ਜਰੂਰੀ ਹੈ। ਸੰਸਦ ਅਸਲ ਵਿੱਚ ਰਾਸ਼ਟਰੀ ਗੌਰਵ ਦਾ ਪ੍ਰਤੀਕ ਹੈ ਪਰ ਬਹੁਤ ਦੁੱਖ ਦੀ ਗੱਲ ਹੈ ਕਿ ਪਿਛਲੇ ਕੁਝ ਸਮੇਂ ਤੋਂ ਸੰਸਦ/ਵਿਧਾਨ ਸਭਾਵਾਂ ਵਿੱਚ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਹਨ ਜੋ ਸੰਸਦ/ਵਿਧਾਨ ਸਭਾਵਾਂ ਦੇ ਸਤਿਕਾਰ ਅਤੇ ਗੌਰਵ ਦੇ ਪਤਨ ਲਈ ਜ਼ਿੰਮੇਵਾਰ ਹਨ। ਅੱਜ-ਕੱਲ ਅਕਸਰ ਦੇਖਣ ਵਿੱਚ ਆ ਰਿਹਾ ਹੈ ਕਿ ਵਿਧਾਨ ਪਾਲਿਕਾ ਵਿੱਚ ਜਨਤਾ ਦੇ ਚੁਣੇ ਹੋਏ ਪ੍ਰਤੀਨਿੱਧੀ ਭਾਵ ਕਾਨੂੰਨ ਬਣਾਉਣ ਵਾਲੀ ਸੰਸਥਾ ਦੇ ਮੈਂਬਰ ਖੁਦ ਹੀ ਆਪਣੇ ਬਣਾਏ ਹੋਏ ਕਾਨੂੰਨਾਂ ਦੀ ਉਲੰਘਣਾ ਕਰਦੇ ਸ਼ਰੇਆਮ ਨਜ਼ਰ ਆਉਂਦੇ ਹਨ। ਸੰਸਦ ਦੇ ਵਿੱਚ ਲੋਕਤੰਤਰ ਦੇ ਰੱਖਵਾਲੇ ਆਪੇ ਤੋਂ ਬਾਹਰ ਹੋ ਕੇ ਚੱਪਲਾ, ਕੁਰਸੀਆਂ, ਮਾਇਕ ਆਦਿ ਦੀ ਵਰਤੋਂ ਕਰਦੇ ਹੋਏ ਹਿੰਸਕ ਕਾਰਵਾਈਆਂ ਵਿੱਚ ਰੁਝੇ ਹੋਏ ਆਮ ਦਿਖਾਈ ਦਿੰਦੇ ਹਨ। ਗਾਲਾਂ ਕੱਢਣੀਆਂ ਅਤੇ ਅਸੰਸਦੀ ਭਾਸ਼ਾ ਦੀ ਵਰਤੋਂ ਕਰਨੀ ਤਾਂ ਆਮ ਜਿਹੀ ਗੱਲ ਬਣ ਗਈ ਹੈ।

ਸੰਸਦ ਵਿੱਚ ਵਿਰੋਧੀ ਦਲ ਅਤੇ ਸੱਤਾਧਾਰੀ ਦਲ ਵੱਲੋਂ ਹਠਧਰਮੀ ਦੀ ਰਾਜਨੀਤੀ ਦੇ ਕਾਰਨ ਬਿਨ੍ਹਾਂ ਮਤਲਬ ਸੰਸਦ ਦੀ ਕਾਰਵਾਈ ਵਿੱਚ ਵਿਘਣ ਪਾਇਆ ਜਾਂਦਾ ਹੈ। ਜਿਸ ਕਾਰਨ ਜਨਤਾ ਦੇ ਕਰੋੜਾਂ ਰੁਪਏ ਦੀ ਬਰਬਾਦੀ ਹੁੰਦੀ ਹੈ। ਕਈ ਮਹੱਤਵਪੂਰਨ ਫੈਸਲੇ ਲੈਣੋ ਰਹਿ ਜਾਂਦੇ ਹਨ। ਭਾਰਤੀ ਸੰਸਦ, ਰਾਜਾਂ ਦੀਆਂ ਵਿਧਾਨ ਸਭਾਵਾਂ ਅਤੇ ਪਰਿਸ਼ਦਾਂ ਦਾ ਜੋ ਦ੍ਰਿਸ਼ ਅੱਜ ਕੱਲ ਦੇਖਣ ਨੂੰ ਮਿਲਦਾ ਹੈ ਉਹ ਕਾਨੂੰਨ ਬਣਾਉਣ ਵਾਲੀਆਂ ਸੰਸਥਾਵਾਂ ਦਾ ਨਜ਼ਰ ਨਾ ਆ ਕੇ ਕਿਸੇ ਸ਼ਹਿਰ ਦੀ ਸਬਜੀ ਮੰਡੀ ਜਾਂ ਮੱਛੀ ਬਾਜ਼ਾਰ ਦਾ ਦ੍ਰਿਸ਼ ਵਧੇਰੇ ਨਜ਼ਰ ਆਉਂਦਾ ਹੈ। ਜੋ ਭਾਰਤੀ ਲੋਕਾਂ ਲਈ ਅਤੇ  ਭਾਰਤ ਦੇ ਮਾਣ ਸਨਮਾਨ ਲਈ ਚੰਗਾ ਚਿੰਨ੍ਹ ਨਹੀਂ ਹੈ। ਕਿੰਨੀ ਅਨੋਖੀ ਅਤੇ ਹੱਸੋਹੀਣੀ ਗੱਲ ਹੈ ਕਿ ਵਿਸ਼ਵ ਨੂੰ ਅਹਿੰਸਾ ਦੇ ਸਿਧਾਂਤ ਦੀ ਸੇਧ ਦੇਣ ਵਾਲੇ ਭਾਰਤ ਦੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੇ ਅਹਿੰਸਾ ਦੇ ਸਿਧਾਂਤ ਦੀ ਮੱਹਤਤਾ ਨੂੰ ਮੰਨਦੇ ਹੋਏ ਅੰਤਰਰਾਸ਼ਟਰੀ ਪੱਧਰ ਤੇ ਹਰ ਸਾਲ ਉਨ੍ਹਾਂ ਦੇ ਜਨਮ ਦਿਨ 2 ਅਕਤੂਬਰ ਨੂੰ ਅਹਿੰਸਾ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ ਪਰ ਉਸੀ ਮਹਾਤਮਾ ਦੇ ਆਪਣੇ ਦੇਸ਼ ਦੀਆਂ ਕਾਨੂੰਨ ਬਣਾਉਣ  ਵਾਲੀਆਂ ਸਰਵਉੱਚ ਅਤੇ ਪਵਿੱਤਰਤਾ ਦੀਆਂ ਪ੍ਰਤੀਕ ਸੰਸਥਾਵਾਂ ਵਿੱਚ ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰੀ ਦੇਸ਼ ਦੇ ਚੁਣੇ ਹੋਏ ਪ੍ਰਤੀਨਿੱਧੀਆਂ ਦੁਆਰਾ ਆਪਣੀ ਜ਼ਾਇਜ ਅਤੇ ਨਜ਼ਾਇਜ ਮੰਗਾਂ ਮਨਾਉਣ ਲਈ ਹਿੰਸਕ ਸਾਧਨਾਂ ਦੀ ਵਰਤੋਂ ਕਰਨ ਨੂੰ ਆਪਣਾ ਜਨਮ ਸਿੱਧ ਅਧਿਕਾਰ ਮੰਨਿਆ ਜਾਂਦਾ ਹੈ। ਸੋਚਣ ਵਾਲੀ ਗੱਲ ਹੈ ਕਿ ਜੋ ਨੁਮਾਇੰਦੇ ਸੰਸਦ ਵਿੱਚ ਆਪਣੀ ਗੱਲ ਦਲੀਲ ਨਾਲ ਨਹੀਂ ਸਗੋਂ ਸ਼ਕਤੀ ਦੀ ਵਰਤੋਂ ਕਰਕੇ ਜਾਇਜ਼ ਅਤੇ ਨਜਾਇਜ਼ ਢੰਗਾਂ ਨਾਲ ਮੰਨਵਾਉਣ ਦੀ ਹਰ ਸੰਭਵ ਕੋਸ਼ਿਸ ਕਰਦੇ ਹਨ, ਉਹਨਾਂ ਤੋਂ ਆਮ ਨਾਗਰਿਕਾਂ ਦੇ ਅਧਿਕਾਰਾਂ ਦੀ ਰੱਖਿਆ ਬਾਰੇ ਕਿਵੇਂ ਸੋਚਿਆ ਜਾ ਸਕਦਾ ਹੈ। ਕਈ ਵਾਰੀ ਮੈਂਬਰਾਂ ਦੁਆਰਾ ਸੰਸਦ ਵਿੱਚ ਅਜਿਹੀ ਸ਼ਬਦਾਬਲੀ ਦੀ ਵਰਤੋਂ ਕੀਤੀ ਜਾਂਦੀ ਹੈ ਜੋ ਕਿ ਅਸੰਸਦੀ ਅਤੇ ਇਤਰਾਜ਼ ਯੋਗ ਹੁੰਦੀ ਹੈ। ਅਜਿਹੇ ਸਬਦਾਂ ਦੀ ਵਰਤੋਂ ਦੇ ਫਸਲਰੂਪ ਸਦਨ ਵਿੱਚ ਹੰਗਾਮਾ ਖੜ੍ਹਾ ਹੋ ਜਾਂਦਾ ਹੈ ਅਤੇ ਸਦਨ ਦੀ ਪਵਿੱਤਰਤਾ ਅਤੇ ਸਦਾਚਾਰ ਦੀ ਕੋਈ ਵੀ ਪਰਵਾਹ ਨਹੀਂ ਕੀਤੀ ਜਾਂਦੀ। ਕਈ ਵਾਰੀ ਸਦਨ ਦੇ ਪ੍ਰਧਾਨ ਦੁਆਰਾ ਮਜ਼ਬੂਰਨ ਕਿਸੇ ਮੈਂਬਰ ਦੇ ਭਾਸ਼ਣ ਨੂੰ ਸਦਨ ਦੀ ਕਾਰਵਾਈ ਦੇ ਰਿਕਾਰਡ ਵਿੱਚੋਂ ਕੱਢਣ ਦਾ ਹੁਕਮ ਦੇਣਾ ਪੈਂਦਾ ਹੈ। ਪਿਛਲੇ ਕੁਝ ਸਾਲਾਂ ਤੋਂ ਅਜਿਹੀਆਂ ਘਟਨਾਵਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਕੁਝ ਸਮਾਂ ਪਹਿਲਾਂ ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੌਰਾਨ ਕੁਝ ਮੈਂਬਰਾਂ ਦੀ ਖਿੱਚਾ-ਧੂਹੀ ਵਿੱਚ ਪੱਗਾਂ ਤੱਕ ਲੱਥ ਗਈਆਂ ਹਨ। ਇਸ ਤਰ੍ਹਾਂ ਕਰਕੇ ਅਸੀਂ ਵਿਸ਼ਵ ਦੇ ਲੋਕਤੰਤਰ ਅਤੇ ਅਹਿੰਸਾ ਦੇ ਪ੍ਰੇਮੀਆਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹਾਂ?

ਇਸ ਸਭ ਕੁਝ ਦਾ ਮੁੱਖ ਕਾਰਨ ਹੱਠਧਰਮੀ ਦੀ ਰਾਜਨੀਤੀ ਹੈ। ਸੰਸਦ ਅਤੇ ਵਿਧਾਨ ਸਭਾਵਾਂ ਵਿੱਚ ਅਪਰਾਧੀ ਪ੍ਰਵਿਰਤੀ ਵਾਲੇ ਲੋਕਾਂ ਦਾ ਸ਼ਾਮਿਲ ਹੋਣਾ ਹੈ। ਹੱਠਧਰਮੀ ਦੀ ਰਾਜਨੀਤੀ ਤੇ ਚਲਦੇ ਸ਼ਾਸਕ ਦਲ ਆਪਣੇ ਬਹੁਮਤ ਦੇ ਕਾਰਨ ਕਈ ਵਾਰੀ  ਅਜਿਹਾ ਤਾਨਾਸ਼ਾਹੀ ਰੱਵਈਆ ਅਪਣਾਉਂਦਾ ਹੈ ਕਿ ਵਿਰੋਧੀ ਦਲ ਦੇ ਮੈਂਬਰ ਰੋਸ ਵਜੋਂ ਉੱਠ ਕੇ ਸਦਨ ਦਾ ਬਾਈਕਾਟ ਕਰਕੇ ਜਾਣ ਲਈ ਮਜ਼ਬੂਰ ਹੋ ਜਾਂਦੇ ਹਨ। ਇਸੇ ਤਰ੍ਹਾਂ ਵਿਰੋਧੀ ਦਲ ਦੇ ਮੈਂਬਰ ਵੀ ਕਈ ਵਾਰ ਆਪਣੇ ਵਿਚਾਰਾਂ ਤੇ ਕਠੋਰਤਾ ਨਾਲ ਡਟ ਜਾਂਦੇ ਹਨ ਜਿਸ ਦੇ ਨਤੀਜੇ ਵਜੋਂ ਸਦਨ ਦੇ ਪ੍ਰਧਾਨ ਲਈ ਸਦਨ ਦੀ ਕਾਰਵਾਈ ਨੂੰ ਸੁਚਾਰੂ ਰੂਪ ਵਿੱਚ ਚਲਾਉਣਾ ਸੰਭਵ ਨਹੀਂ ਹੁੰਦਾ ਇਸ ਕਾਰਨ ਕਈ ਵਾਰ ਸਦਨ ਦੀ ਕਾਰਵਾਈ ਕਈ-ਕਈ ਦਿਨ ਨਹੀਂ ਚਲਦੀ ਜਿਸਦੇ ਕਾਰਨ ਲੋਕਾਂ ਦੇ ਧਨ ਦੀ ਬਰਬਾਦੀ ਹੁੰਦੀ ਹੈ ਅਤੇ ਇਹਨਾਂ ਹੰਗਾਮਿਆ ਅਤੇ ਅਨੁਸ਼ਾਸਨਹੀਣਤਾ ਦੇ ਕਾਰਨ ਸਦਨ ਦੀ ਮਾਣ, ਮਰਿਆਦਾ, ਸਤਿਕਾਰ ਅਤੇ ਪਵਿੱਤਰਤਾ ਭੰਗ ਹੁੰਦੀ ਹੈ। ਜੋ ਕਿ ਭਾਰਤ ਨੂੰ ਇੱਕ ਵਿਕਸਤ ਰਾਸ਼ਟਰ ਬਣਾਉਣ ਵਿੱਚ ਬਹੁਤ ਵੱਡੀ ਰੁਕਾਵਟ ਨਜ਼ਰ ਆ ਰਹੀ ਹੈ।

ਕੀ ਸਾਡੇ ਪੰਜਾਬੀ ਇਤਿਹਾਸਕ ਜਾਂ ਸਾਡੇ ਸੂਰਮਿਆਂ ਦੀਆਂ ਫ਼ਿਲਮਾਂ ਦੇਖਣ ਦੇ ਰੌਂਅ ਵਿੱਚ ਹਨ?

ਪੰਜਾਬ ਅਤੇ ਪੰਜਾਬੀ ਮਾਂ-ਬੋਲੀ ਪ੍ਰਤੀ ਸੁਹਿਰਦ, ਚਿੰਤਕ ਅਤੇ ਸ਼ੁਭਚਿੰਤਕ ਹਮੇਸ਼ਾ ਗ਼ਿਲਾ-ਸ਼ਿਕਵਾ ਕਰਦੇ ਰਹਿੰਦੇ ਹਨ ਕਿ ਲਿਖਣ ਵਾਲ਼ੇ ਚੰਗਾ ਨਹੀਂ ਲਿਖਦੇ, ਗਾਉਣ ਵਾਲ਼ੇ ਚੰਗਾ ਗਾਉਂਦੇ ਨਹੀਂ, ਫ਼ਿਲਮਾਂ ਵਾਲ਼ੇ ਚੰਗੀਆਂ ਫ਼ਿਲਮਾਂ ਨਹੀਂ ਬਣਾ ਰਹੇ, ਸਾਡੇ ਬੱਚਿਆਂ ਨੂੰ “ਗੰਦ” ਪਰੋਸਿਆ ਜਾ ਰਿਹਾ ਹੈ ਅਤੇ ਗਲਤ ਰੰਗਤ ਦੇ ਕੇ ਕੁਰਾਹੇ ਪਾਇਆ ਜਾ ਰਿਹਾ ਹੈ। ਅਸੀਂ ਵੀ ਇਸ ਗੱਲ ਨਾਲ਼ ਸੌ ਪ੍ਰਤੀਸ਼ਤ ਸਹਿਮਤ ਹਾਂ ਕਿ ਇਹ ਗੱਲਾਂ ਹੋ ਰਹੀਆਂ ਹਨ ਅਤੇ ਇਸ ਪ੍ਰਦੂਸ਼ਤ ਅਤੇ ਗੰਧਲ਼ੇ ਵਰਤਾਰੇ ਨੂੰ ਠੱਲ੍ਹ ਪੈਣੀ ਚਾਹੀਦੀ ਹੈ। ਪਰ ਸਭ ਤੋਂ ਵੱਡਾ ਸੁਆਲ ਹੈ ਕਿ ਠੱਲ੍ਹ ਪਵੇ ਕਿਵੇਂ…? ਸਾਡੇ ਕੋਲ “ਸਿੰਮ-ਸਿੰਮ ਖੁੱਲ੍ਹ ਜਾ” ਵਰਗਾ ਮੰਤਰ ਜਾਂ ਅਲਾਦੀਨ ਦਾ ਚਿਰਾਗ ਤਾਂ ਹੈ ਨਹੀਂ, ਜਿਸ ਨਾਲ਼ ਰਾਤੋ-ਰਾਤ ਕੋਈ ਕ੍ਰਿਸ਼ਮਾਂ ਕੀਤਾ ਜਾ ਸਕੇ? ਇਸ ਪ੍ਰਤੀ ਸਾਨੂੰ ਆਪਾ ਪੜਚੋਲ਼ ਵੀ ਕਰਨੀ ਹੋਵੇਗੀ ਕਿ ਅਸੀਂ ਕਿੱਥੇ ਖੜ੍ਹੇ ਹਾਂ ਤੇ ਸਾਡੇ ਫ਼ਰਜ਼ ਕੀ ਨੇ…? ਕੀ ਅਸੀਂ ਆਪਣੇ ਫ਼ਰਜ਼ਾਂ ਪ੍ਰਤੀ ਸੁਚੇਤ ਹਾਂ…? ਕੀ ਅਸੀਂ ਆਪਣੇ ਫ਼ਰਜ਼ ਤਨਦੇਹੀ ਨਾਲ਼ ਨਿਭਾਅ ਰਹੇ ਹਾਂ…? ਬੜੇ ਅਫ਼ਸੋਸ ਨਾਲ਼ ਹਿੱਕ ‘ਤੇ ਪੱਥਰ ਰੱਖ ਕੇ ਕਹਿਣਾ ਪੈਂਦਾ ਹੈ ਕਿ ਅਸੀਂ ਓਸ ਦੇਸ਼ ਦੇ ਵਾਸੀ ਹਾਂ, ਜਿੱਥੇ ਸਰਕਾਰੀ ਕਰਮਚਾਰੀ ਕੰਮ ਨਾ ਕਰਨ ਦੀ ਤਨਖ਼ਾਹ ਲੈਂਦਾ ਹੈ, ਤੇ ਕੰਮ ਕਰਨ ਦੀ ਰਿਸ਼ਵਤ! ਪ੍ਰਦੂਸ਼ਣ ਕੋਈ ਵੀ ਹੋਵੇ, ਵਾਤਾਵਰਣ ਪ੍ਰਤੀ ਸਾਡਾ ਵੀ ਕੋਈ ਫ਼ਰਜ਼ ਬਣਦਾ ਹੈ। ਪਰ ਕਈ ਵਾਰ ਇਹ ਹੀ ਮਹਿਸੂਸ ਹੁੰਦਾ ਹੈ ਕਿ ਗੰਦ ਪਾਉਣਾ ਤਾਂ ਅਸੀਂ ਆਪਣੇ ਫ਼ਰਜ਼ਾਂ ਵਿੱਚ ਸ਼ਾਮਲ ਕਰ ਲਿਆ ਹੈ! ਜੇ ਕੋਈ ਚੰਗਾ ਲਿਖਦਾ, ਚੰਗਾ ਗਾਉਂਦਾ ਤੇ ਚੰਗੀਆਂ ਫ਼ਿਲਮਾਂ ਬਣਾਉਂਦਾ ਹੈ, ਤਾਂ ਅਸੀਂ ਪੜ੍ਹਦੇ, ਸੁਣਦੇ ਅਤੇ ਦੇਖਦੇ ਨਹੀਂ! ਬਦਕਿਸਮਤੀ ਹੀ ਕਹੀ ਜਾ ਸਕਦੀ ਹੈ ਕਿ ਸਾਡੀ ਅੱਖ ਓਦੋਂ ਜਾ ਕੇ ਖੁੱਲ੍ਹਦੀ ਹੈ, ਜਦ ਸਾਰਾ ਢਾਂਚਾ “ਭਰਾੜ੍ਹ” ਹੋ ਕੇ ਸਾਡੇ ਗਲ਼ ਆ ਪੈਂਦਾ ਹੈ ਅਤੇ ਸਾਡੀ ਹਾਲਤ ਓਸ ਮਿਰਗ ਵਰਗੀ ਬਣ ਜਾਂਦੀ ਹੈ, ਜਿਸ ਦੇ ਅੱਗੇ ਖੱਡ ਅਤੇ ਪਿੱਛੇ ਬਘਿਆੜ੍ਹ ਖੜ੍ਹੇ ਹੋਣ!

ਮਸਲਾ ਕੋਈ ਵੀ ਵੱਡਾ ਨਹੀਂ ਹੁੰਦਾ। ਕਿਸੇ ਵੀ ਮਸਲੇ ਦਾ ਹੱਲ ਲੱਭ ਕੇ, ਅਤੇ ਸੁਹਿਰਦਤਾ ਨਾਲ਼ ਉਸ ਹੱਲ ਨੂੰ ਅੰਜ਼ਾਮ ਦੇ ਕੇ ਹੀ ਕਿਸੇ ਵਹਿਣ ਨੂੰ ਮੋੜਿਆ ਜਾ ਸਕਦਾ ਹੈ। ਜੇ ਇੱਕ ਲਕੀਰ ਨੂੰ ਛੋਟਾ ਕਰਨਾ ਹੈ ਤਾਂ ਉਸ ਦੇ ਬਰਾਬਰ ਸਾਨੂੰ ਉਸ ਤੋਂ ਵੱਡੀ ਲਕੀਰ ਖਿੱਚਣੀ ਪਵੇਗੀ। ਦਿਨ ਰਾਤ ਸਰਕਾਰਾਂ ਨੂੰ ਉਲਾਂਭੇ ਦੇਣ ਨਾਲ਼ ਕੁਛ ਨਹੀਂ ਬਣਨਾ, ਸਾਨੂੰ ਖ਼ੁਦ ਨੂੰ ਵੀ ਕੋਈ ਹੱਥ ਪੱਲਾ ਹਿਲਾਉਣਾ ਪੈਣਾ ਹੈ। ਦੁਨੀਆਂ ਭਰ ਦੇ ਅਗਾਂਹਵਧੂ ਅਤੇ ਅੱਜ ਦੇ ਖ਼ੁਸ਼ਹਾਲ ਮੁਲਕਾਂ ਵੱਲ ਮੋਟੀ ਜਿਹੀ ਝਾਤੀ ਮਾਰ ਲਵੋ, ਕਿ ਜਦ ਵੀ ਇਨਕਲਾਬ ਆਇਆ, ਉਹ “ਆਮ ਲੋਕਾਂ” ਨੇ ਲੈ ਕੇ ਆਂਦਾ, ਕਿਸੇ ਰਾਜੇ, ਸਰਕਾਰ ਜਾਂ ਕਿਸੇ ਮੰਤਰੀ ਨੇ ਨਹੀਂ! ਜਦ ਵੀ ਕ੍ਰਾਂਤੀ ਦੀ ਕੋਈ ਲਹਿਰ ਉਠੀ, ਤਾਂ ਤੱਪੜ ‘ਤੇ ਬੈਠਣ ਵਾਲਿਆਂ ਵੱਲੋਂ ਉਠੀ, ਕਿਸੇ ਸਿੰਘਾਸਣ ਜਾਂ ਕੀਮਤੀ ਗੱਦਿਆਂ ਉਪਰ ਬੈਠਣ ਵਾਲ਼ੇ ਨੇ ਕਿਸੇ ਸੰਘਰਸ਼ ਦੀ ਲਹਿਰ ਵਿੱਚ ਕੋਈ ਯੋਗਦਾਨ ਨਹੀਂ ਪਾਇਆ। ਆਲੀਸ਼ਾਨ ਕੋਠੀਆਂ ਦੇ ਮਾਲਕ ਅਤੇ ਕਰੋੜਾਂ ਦੀਆਂ ਕਾਰਾਂ ‘ਚ ਸਫ਼ਰ ਕਰਨ ਵਾਲ਼ੇ ਕਿਸੇ ਸੰਗਰਾਮ ਵਿੱਚ ਕਿਉਂ ਹਿੱਸਾ ਲੈਣਗੇ…? ਜੇ “ਨਾਨਕ ਸ਼ਾਹ ਫ਼ਕੀਰ” ਫ਼ਿਲਮ ਰੁਕੀ, ਤਾਂ ਆਮ ਲੋਕਾਂ ਵੱਲੋਂ ਅਵਾਜ਼ ਉਠਾਉਣ ‘ਤੇ ਰੁਕੀ, ਨਾ ਕਿ ਕਿਸੇ ਜੱਥੇਦਾਰ ਜਾਂ ਕਿਸੇ ਮੰਤਰੀ ਦੇ ਕਹਿਣ ‘ਤੇ ਰੋਕੀ ਗਈ! ਜਦ ਕੋਈ ਵੀ ਲਹਿਰ, “ਲੋਕ ਲਹਿਰ” ਬਣਦੀ ਹੈ, ਤਾਂ ਵੱਡੇ-ਵੱਡੇ ਸਾਮਰਾਜ ਹਿੱਲ ਜਾਂਦੇ ਹਨ। ਆਮ ਲੋਕਾਂ ਦਾ ਹੋਕਰਾ ਕਿਸੇ ਤੋਪ ਦੇ ਖੜਾਕ ਨਾਲ਼ੋਂ ਘੱਟ ਨਹੀਂ ਹੁੰਦਾ!

ਹੁਣ ਘੁੰਮਦੀ ਉਂਗਲ਼ ਸਾਡੇ ਪੰਜਾਬੀਆਂ ਉਪਰ ਆ ਖੜ੍ਹਦੀ ਹੈ ਕਿ ਕੀ ਅਸੀਂ ਇਸ ਗੰਧਲ਼ੇ ਮਾਹੌਲ ਨੂੰ ਸਾਫ਼ ਸੁਥਰਾ, ਰਮਣੀਕ ਅਤੇ ਨਿਰਮਲ ਬਣਾਉਣ ਲਈ ਆਪਣਾ ਵੀ ਕੋਈ ਹਿੱਸਾ ਪਾ ਰਹੇ ਹਾਂ?  ਜਾਂ ਅਸੀਂ ਸਿਰਫ਼ “ਹੋਅ-ਹੱਲਾ” ਕਰ ਕੇ ਰੌਲ਼ਾ ਹੀ ਪਾਉਣ ਵਾਲ਼ੇ ਹੀ ਹਾਂ? ਕੀ ਅਸੀਂ ਆਪਣੇ ਸੂਰਬੀਰ ਯੋਧਿਆਂ ਦੇ ਇਤਿਹਾਸ, ਉਹਨਾਂ ਦੀਆਂ ਕੁਰਬਾਨੀਆਂ ਨੂੰ ਕੋਈ ਅਹਿਮੀਅਤ ਵੀ ਦਿੰਦੇ ਹਾਂ, ਕਿ ਜਾਂ ਸਿਰਫ਼ ਨਿਰਾਸ਼ਾ ਵਿੱਚ ਸਿਰ ਹਿਲਾ ਕੇ ਸਾਰਨ ਜੋਕਰੇ ਹੀ ਹਾਂ…?? ਪਿੱਛੇ ਜਿਹੇ ਦੋ ਪੰਜਾਬੀ ਸੈਨਿਕਾਂ ਉਪਰ ਇਤਿਹਾਸਕ ਫ਼ਿਲਮਾਂ “ਸੱਜਣ ਸਿੰਘ ਰੰਗਰੂਟ” ਅਤੇ “ਸੂਬੇਦਾਰ ਜੋਗਿੰਦਰ ਸਿੰਘ” ਸਿਨੇਮਾਂ ਘਰਾਂ ਵਿੱਚ ਆਈਆਂ। ਆਉਣ ਤੋਂ ਪਹਿਲਾਂ ਮੈਨੂੰ ਬੜੀ ਉਤਸੁਕਤਾ ਸੀ ਕਿ ਸਾਡੇ ਪੰਜਾਬੀ ਰੌਲ਼ੇ-ਰੱਪੇ ਅਤੇ ਦਾਰੂ-ਬੱਤੇ ਵਾਲੀਆਂ ਫ਼ਿਲਮਾਂ ਤੋਂ “ਅੱਕੇ” ਪਏ ਹਨ ਅਤੇ ਇਹਨਾਂ ਦੋਵੇਂ ਫ਼ਿਲਮਾਂ ਨੂੰ ਪੰਜਾਬੀਆਂ ਵੱਲੋਂ ਪੁਰਜੋਰ ਹੁੰਗਾਰਾ ਮਿਲ਼ੇਗਾ। ਜਰਮਨ ਜਾਂ ਯੂਰਪੀਅਨ ਇਤਿਹਾਸਕ ਫ਼ਿਲਮਾਂ ਵਾਂਗ ਇਹਨਾਂ ਫ਼ਿਲਮਾਂ ਦਾ ਟਿਕਟ ਖਿੜਕੀ ਉਪਰ ਰਿਕਾਰਡ ਟੁੱਟੇਗਾ ਅਤੇ ਬੇਹੂਦਾ ਗੁੰਦਾਗਰਦੀ ਅਤੇ ਨਸ਼ੇ-ਪੱਤੇ ਵਾਲੀਆਂ ਫ਼ਿਲਮਾਂ ਬਣਾਉਣ ਵਾਲਿਆਂ ਨੂੰ ਵੀ ਕੋਈ ਸਬਕ ਮਿਲ਼ੇਗਾ ਕਿ ਪੰਜਾਬੀਆਂ ਦਾ “ਟੇਸਟ” ਨਿਰਾਲਾ ਹੈ ਅਤੇ ਹੁਣ ਸਾਡੇ ਪੰਜਾਬੀ ਬੇਹੂਦਾ ਮਾਰਧਾੜ ਵਾਲੀਆਂ ਫ਼ਿਲਮਾਂ ਦੇਖਣ ਦੀ ਮਨੋਦਸ਼ਾ ਵਿੱਚ ਨਹੀਂ। ਪਰ ਇਹ ਮੇਰੀ ਖ਼ੁਸ਼ਫ਼ਹਿਮੀ ਹੀ ਰਹੀ ਅਤੇ ਇਹ ਆਸ ਸਿਰਫ਼ ਅਤੇ ਸਿਰਫ਼ ਮੇਰਾ ਭਰਮ ਬਣ ਕੇ ਮੱਥੇ ਵੱਜੀ!

ਅੰਗਰੇਜ, ਨਿੱਕਾ ਜੈਲਦਾਰ, ਨਿੱਕਾ ਜੈਲਦਾਰ-2 ਵਰਗੀਆਂ ਸੁਪਰ ਹਿੱਟ ਫ਼ਿਲਮਾਂ ਦੇ ਬਹੁ-ਚਰਚਿਤ ਡਾਇਰੈਕਟਰ ਸਿਮਰਜੀਤ ਸਿੰਘ ਨੇ ਫ਼ੈਸਲਾ ਲਿਆ ਕਿ ਸਾਡੇ ਸੂਰਬੀਰ ਯੋਧਿਆਂ ਉਪਰ ਵੀ ਕੋਈ ਫ਼ਿਲਮ ਬਣਨੀ ਚਾਹੀਦੀ ਹੈ। ਸਿੱਟੇ ਵਜੋਂ “ਸੂਬੇਦਾਰ ਜੋਗਿੰਦਰ ਸਿੰਘ” ਫ਼ਿਲਮ ਦੀ ਸ਼ੁਰੂਆਤ ਹੋਈ। ਸੂਬੇਦਾਰ ਜੋਗਿੰਦਰ ਸਿੰਘ ਸਾਡੇ ਇਲਾਕੇ ਦੀ ਇੱਕ ਮਾਣਮੱਤੀ ਸਖਸ਼ੀਅਤ ਸੀ, ਜਿਸ ਦਾ ਬੁੱਤ ਮੋਗਾ ਸ਼ਹਿਰ ਦੇ ਮੁੱਖ ਚੌਂਕ ਵਿੱਚ ਲੱਗਿਆ ਰਿਹਾ ਅਤੇ ਅੱਜ ਕੱਲ੍ਹ ਕਚਿਹਰੀਆਂ ਵਿੱਚ ਸ਼ਸ਼ੋਭਿਤ ਹੈ। ਜਦ ਵੀ ਅਸੀਂ ਡੀ. ਐੱਮ. ਕਾਲਜ ਮੋਗਾ ਪੜ੍ਹਨ ਜਾਂਦੇ, ਸਾਨੂੰ ਮਾਹਲਾ ਪਿੰਡ ਦੇ ਵਸਨੀਕ, ਸੂਬੇਦਾਰ ਜੋਗਿੰਦਰ ਸਿੰਘ ਦੇ ਬੁੱਤ ਦੇ ਰੋਜ਼ਾਨਾ ਦਰਸ਼ਣ ਹੁੰਦੇ। ਸੂਬੇਦਾਰ ਜੀ ਦੇ ਇਤਿਹਾਸ ਬਾਰੇ ਤਾਂ ਬਹੁਤਾ ਪਤਾ ਨਹੀਂ ਸੀ, ਪਰ ਫ਼ੇਰ ਵੀ ਦਰਸ਼ਣ ਕਰ ਕੇ ਮਾਣ ਨਾਲ਼ ਛਾਤੀ ਤਣ ਜਾਂਦੀ। ਸੂਬੇਦਾਰ ਜੋਗਿੰਦਰ ਸਿੰਘ 1962 ਦੇ “ਸੀਨੋ-ਇੰਡੀਅਨ ਯੁੱਧ” ਵਿੱਚ ਸ਼ਹੀਦ ਹੋਣ ਵਾਲ਼ਾ ਯੋਧਾ ਸੀ, ਜਿਸ ਨੇ ਸ਼ਹੀਦ ਹੋਣ ਤੱਕ ਤਿੰਨ ਜੰਗਾਂ ਵਿੱਚ ਅੱਗੇ ਹੋ ਕੇ ਹਿੱਸਾ ਲਿਆ ਅਤੇ ਅਖੀਰ ਸ਼ਹੀਦੀ ਪ੍ਰਾਪਤ ਕੀਤੀ। ਸਾਡੇ ਪਿੰਡਾਂ ਦਾ ਇਹ ਮਾਣਮੱਤਾ ਸੂਰਬੀਰ ਪਰਮਵੀਰ ਚੱਕਰ ਵਿਜੈਤਾ ਹੈ। ਇਸ ਫ਼ਿਲਮ ਨੂੰ ਸ੍ਰੀ ਗੰਗਾ ਨਗਰ, ਲੇਹ-ਲੱਦਾਖ, ਕਾਰਗਿਲ ਅਤੇ ਸੂਰਤਗੜ੍ਹ ਇਲਾਕਿਆਂ ਵਿੱਚ ਫ਼ਿਲਮਾਇਆ ਗਿਆ। ਸੂਰਤਗੜ੍ਹ ਏਅਰਫ਼ੋਰਸ ਬੇਸ ਸਟੇਸ਼ਨ ‘ਤੇ ਵੀ ਇਸ ਫ਼ਿਲਮ ਦੀ ਸ਼ੂਟਿੰਗ ਹੋਈ ਅਤੇ ਸ੍ਰੀ ਨਗਰ ਲੇਹ-ਹਾਈਵੇਅ ਉਪਰ ਵੀ ਇਸ ਫ਼ਿਲਮ ਦੇ ਕਈ ਸੀਨ ਫ਼ਿਲਮਾਏ ਗਏ। ਲਵਲੀ ਸ਼ਰਮਾਂ ਇਸ ਫ਼ਿਲਮ ਦਾ ਸਹਾਇਕ ਡਾਇਰੈਕਟਰ ਸੀ ਅਤੇ ਇਸ ਫ਼ਿਲਮ ਉਪਰ ਕਰੀਬ ਸਤਾਰਾਂ ਕਰੋੜ ਰੁਪਏ ਖਰਚੇ ਹੋਏ।

ਹੁਣ ਗੱਲ ਕਰੀਏ ਫ਼ਿਲਮ “ਸੱਜਣ ਸਿੰਘ ਰੰਗਰੂਟ” ਦੀ! ਸਰਦਾਰ ਸੱਜਣ ਸਿੰਘ 1893 ਤੋਂ 1947 ਤੱਕ ਰਤਲਾਮ ਸਟੇਟ ਦੀ ਵਜਾਰਤ ਦੇ ਮਹਾਰਾਜਾ ਦੱਸੇ ਜਾਂਦੇ ਹਨ, ਜੋ ਬ੍ਰਿਟਿਸ਼ ਇੰਡੀਅਨ ਆਰਮੀ ਦੇ ਅਫ਼ਸਰ ਵੀ ਸਨ। ਇਹਨਾਂ ਨੇ ਪਹਿਲੇ ਵਿਸ਼ਵ ਯੁੱਧ ਦੌਰਾਨ ਪੱਛਮੀ ਫ਼ਰੰਟ ਵਿੱਚ ਸੇਵਾ ਨਿਭਾਈ। ਮੂਹਰਲੀ ਕਤਾਰ ਵਿੱਚ ਜੰਗ ਲੜਨ ਵਾਲ਼ੇ ਸਰਦਾਰ ਸੱਜਣ ਸਿੰਘ ਪਹਿਲਾ ਪੰਜਾਬੀ ਸਿੱਖ ਸੀ, ਜਿਸ ਨੂੰ ਬ੍ਰਿਟਿਸ਼-ਭਾਰਤੀ ਸੈਨਾਂ ਵੱਲੋਂ ਪਹਿਲੇ ਵਿਸ਼ਵ-ਯੁੱਧ ਵਿੱਚ ਲੜਨ ਲਈ ਨਿਯੁਕਤ ਕੀਤਾ ਗਿਆ। ਪਹਿਲੇ ਵਿਸ਼ਵ ਯੁੱਧ ਦੇ ਸਿਰਲੱਥ ਯੋਧਿਆਂ ਦੀ ਬਾਤ ਪਾਉਣ ਵਾਲ਼ੀ ਇਹ ਪਹਿਲੀ ਪੰਜਾਬੀ ਫ਼ਿਲਮ ਸੀ, ਜਿਸ ਨੂੰ ਰੂਸ ਵਰਗੇ ਮੁਲਕ ਵਿੱਚ ਵੀ ਰਿਲੀਜ਼ ਕੀਤਾ ਗਿਆ। ਇਸ ਫ਼ਿਲਮ ਦਾ ਡਾਇਰੈਕਟਰ ਪੰਕਜ ਬਤਰਾ ਸੀ, ਅਤੇ ਇਸ ਫ਼ਿਲਮ ਉਪਰ ਕਰੀਬ ਸੋਲ਼ਾਂ ਕਰੋੜ ਰੁਪਏ ਲਾਗਤ ਆਈ।

ਹੁਣ ਗੱਲ ਦਰਸ਼ਕਾਂ ਉਪਰ ਆ ਖੜ੍ਹਦੀ ਹੈ ਕਿ ਸਿਰਲੱਥ ਯੋਧਿਆਂ ਦੀ ਸੱਚੀ ਦਾਸਤਾਨ ਉਪਰ ਬਣੀਆਂ ਇਹਨਾਂ ਇਤਿਹਾਸਕ ਫ਼ਿਲਮਾਂ ਨੂੰ ਅਸੀਂ ਪੰਜਾਬੀਆਂ ਨੇ ਕਿੰਨਾਂ ਕੁ ਹੁੰਗਾਰਾ ਦਿੱਤਾ? ਜੇ ਅਸੀਂ ਚੰਗੀਆਂ ਫ਼ਿਲਮਾਂ ਨੂੰ ਹੁੰਗਾਰਾ ਨਹੀਂ ਦਿੰਦੇ, ਤਾਂ ਕੀ ਸਾਨੂੰ ਬੇਹੂਦਾ ਫ਼ਿਲਮਾਂ ਬਾਰੇ ਰੌਲ਼ਾ ਪਾਉਣਾ ਸ਼ੋਭਾ ਦਿੰਦਾ ਹੈ?? ਹਰ ਫ਼ਿਲਮ ਨੂੰ ਸਫ਼ਲ ਵੀ ਦਰਸ਼ਕਾਂ ਨੇ ਕਰਨਾ ਹੁੰਦੈ, ਤੇ ਸੁੱਟਦੇ ਵੀ ਦਰਸ਼ਕ ਹੀ ਨੇ! …ਤੇ ਦਰਸ਼ਕ ਕੌਣ ਨੇ…? ਦਰਸ਼ਕ ਹਾਂ ਅਸੀਂ…!! ਹਾਂ, ਇਹ ਗੱਲ ਮੈਂ ਮੰਨਦਾ ਹਾਂ, ਕਿ ਹਰ ਫ਼ਿਲਮ ਵਪਾਰ ਨੂੰ ਮੁੱਖ ਰੱਖ ਕੇ ਹੀ ਬਣਾਈ ਜਾਂਦੀ ਹੈ, ਚਾਹੇ ਫ਼ਿਲਮ ਬਣਾਉਣ ਵਾਲਿਆਂ ਦਾ ਮਕਸਦ ਸਿਰਫ਼ ਵਪਾਰ ਜਾਂ ਪੈਸਾ ਬਣਾਉਣਾ ਹੀ ਹੋਵੇ, ਪਰ ਸਾਡੇ ਪੰਜਾਬੀਆਂ ਦੀ ਬਹਾਦਰੀ ਦੇ ਕਿੱਸੇ ਸੁਣਾਉਂਦੀ ਇੱਕ ਚੰਗੀ ਇਤਿਹਾਸਕ ਫ਼ਿਲਮ ਤਾਂ ਸਾਡੀ ਝੋਲ਼ੀ ਪਾਉਂਦੇ ਹਨ? ਜੇ ਉਹ ਸੁਚੱਜੇ ਢੰਗ ਨਾਲ਼ ਫ਼ਿਲਮ ਵਿੱਚੋਂ ਵਪਾਰ ਕਰਦੇ ਹਨ, ਕਿਸੇ ਨਾਲ਼ ਠੱਗੀ ਨਹੀਂ ਮਾਰਦੇ, ਕਿਸੇ ਨਾਲ਼ ਧੋਖਾ ਜਾਂ ਛਲ਼ ਨਹੀਂ ਕਰਦੇ, ਕਿਸੇ ਦਾ ਦਿਲ ਨਹੀਂ ਦੁਖਾਉਂਦੇ, ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨਹੀਂ ਭੜ੍ਹਕਾਉਂਦੇ, ਤਾਂ ਮੈਂ ਦਾਅਵੇ ਨਾਲ਼ ਆਖਦਾ ਹਾਂ ਕਿ ਉਹ ਫ਼ਿਰ ਵੀ ਵਧੀਆ ਕਾਰਜ ਕਰਕੇ ਸਾਨੂੰ ਇਤਿਹਾਸ, ਜਾਂ ਸਾਨੂੰ ਸਾਡੇ ਯੋਧੇ ਸੂਰਬੀਰਾਂ ਦੇ ਸਨਮੁਖ ਤਾਂ ਕਰਦੇ ਹਨ! ਜੇ ਕੋਈ ਆਪਣੀ ਜੇਬ ਵਿੱਚੋਂ ਪੈਸਾ ਖਰਚ ਕੇ ਮੁਨਾਫ਼ਾ ਕਮਾਉਂਦਾ ਹੈ, ਤਾਂ ਮੇਰੀ ਨਜ਼ਰ ਵਿੱਚ ਬੁਰਾ ਨਹੀਂ! ਪਰ ਮੈਂ ਨਿੱਜੀ ਤੌਰ ‘ਤੇ ਕਈ ਅਜਿਹੇ “ਗਿੱਦੜਮਾਰਾਂ” ਨੂੰ ਜਾਣਦਾ ਹਾਂ, ਜਿਹਨਾਂ ਨੇ ਦੂਜਿਆਂ ਦੀ ਜੇਬ ਵੀ ਕਤਰੀ, ਕਿਸੇ ਦਾ ਬਣਦਾ ਹੱਕ ਵੀ ਨਹੀਂ ਦਿੱਤਾ! ਹੋਰ ਤਾਂ ਹੋਰ, ਕਿਸੇ ਦਾ ਸ਼ੁਕਰੀਆ ਅਦਾ ਕਰਨ ਦੀ ਵੀ ਤਕਲੀਫ਼ ਨਹੀਂ ਕੀਤੀ। ਅਜਿਹੇ ਮਤਲਬੀ ਬਟੇਰੇ ਅਤੇ ਲੁਟੇਰੇ ਤਾਂ ਸਿਰਫ਼ ਲਾਹਣਤ ਦੇ ਹੱਕਦਾਰ ਨੇ!!

ਪਿਛਲੇ ਹਫ਼ਤੇ ਮੈਂ ਪੜ੍ਹ ਰਿਹਾ ਸੀ ਕਿ ਪੁਰਾਤਨ ਸਮੇਂ ਵਿੱਚ ਜੰਗਲਾਂ ਦੇ ਵਸਨੀਕ ਕਬਾਇਲੀ ਲੋਕ, ਆਪਣੀਆਂ ਅਗਲੀਆਂ ਪੀੜ੍ਹੀਆਂ ਨੂੰ ਆਪਣੇ ਬਜ਼ੁਰਗਾਂ ਦੀਆਂ ਕਬਰਾਂ ਉਪਰ ਲਿਜਾ ਕੇ ਉਹਨਾਂ ਦੀਆਂ ਮਾਰੀਆਂ ਮੱਲਾਂ, ਕਬੀਲੇ ਪ੍ਰਤੀ ਨਿਭਾਹੀਆਂ ਵਫ਼ਾਦਾਰੀਆਂ, ਦਿਖਾਈਆਂ ਬਹਾਦਰੀਆਂ ਅਤੇ ਦਿੱਤੀਆਂ ਕੁਰਬਾਨੀਆਂ ਬਾਰੇ ਸੀਨਾਂ-ਬਸੀਨਾਂ ਦੱਸਦੇ ਆ ਰਹੇ ਸਨ, ਜੋ ਹੁਣ ਕਿਤਾਬੀ ਰੂਪ ਵਿੱਚ ਸਾਂਭਿਆ ਜਾਣ ਲੱਗਿਆ ਹੈ। ਅਗਰ ਅਸੀਂ ਵੀ ਇਤਿਹਾਸ ਨੂੰ ਸਲਾਮਤ ਰੱਖਣਾ ਚਾਹੁੰਦੇ ਹਾਂ, ਅਤੇ ਸਾਡੀ ਇੱਛਾ ਹੈ ਕਿ ਸਾਡੇ ਬੱਚੇ ਵੀ ਇਸ ਇਤਿਹਾਸ ਤੋਂ ਜਾਣੂੰ ਹੋਣ ਅਤੇ ਆਪਣੇ ਵਿਰਸੇ ਨਾਲ਼ ਜੁੜਨ, ਅਗਰ ਸਾਡੀ ਚਾਹਤ ਹੈ ਕਿ ਸਾਡੇ ਬੱਚੇ ਸਾਡੇ ਬਜ਼ੁਰਗਾਂ ਦੇ ਪਾਏ ਪੂਰਨੇ ਦੇਖਣ ਅਤੇ ਦੇਖ ਕੇ ਮਾਣ ਮਹਿਸੂਸ ਕਰਨ, ਅਗਰ ਅਸੀਂ ਲੋੜਦੇ ਹਾਂ ਕਿ ਸਾਡਾ ਆਲ਼ਾ ਦੁਆਲ਼ਾ ਗੰਧਲ਼ਾ ਨਾ ਹੋਵੇ, ਸੁਖਾਵਾਂ ਅਤੇ ਨਿਰਮਲ ਬਣੇ, ਅਗਰ ਅਸੀਂ ਲੋਚਦੇ ਹਾਂ ਕਿ ਸਾਡੇ ਬੱਚੇ ਅਣਖ਼ੀ ਅਤੇ ਸ਼ੁੱਧ ਪੰਜਾਬੀ ਹੋਣ, ਤਾਂ ਸਾਨੂੰ ਆਪਣੇ ਇਤਿਹਾਸ, ਆਪਣੇ ਸੂਰਬੀਰ ਪੁਰਖਿਆਂ ਉਪਰ ਬਣੀਆਂ ਫ਼ਿਲਮਾਂ ਦਿਖਾ ਕੇ, ਉਹਨਾਂ ਨੂੰ ਬਿਖੜੇ ਪੈਂਡਿਆਂ ਤੋਂ ਰੋਕ, ਇੱਕ ਨਵੀਂ ਰੰਗਤ ਦੇਣੀਂ ਹੋਵੇਗੀ! ਸਾਡੇ ਸੂਰਬੀਰਾਂ ਦਾ ਇਤਿਹਾਸ ਜਾਨਣ ਅਤੇ ਸਾਂਭਣ ਲਈ ਸਭ ਤੋਂ ਸੌਖਾ ਅਤੇ ਕਾਰਗਾਰ ਤਰੀਕਾ ਫ਼ਿਲਮ ਹੈ। ਅਗਰ ਅਸੀਂ “ਸੂਬੇਦਾਰ ਜੋਗਿੰਦਰ ਸਿੰਘ” ਅਤੇ “ਸੱਜਣ ਸਿੰਘ ਰੰਗਰੂਟ” ਵਰਗੀਆਂ ਇਤਿਹਾਸਕ ਫ਼ਿਲਮਾਂ ਨੂੰ ਭਰਵਾਂ ਹੁੰਗਾਰਾ ਨਾ ਦਿੱਤਾ, ਤਾਂ ਕੋਈ ਵੀ ਨਿਰਮਾਤਾ ਕਦੇ ਵੀ ਅਜਿਹੀਆਂ ਫ਼ਿਲਮਾਂ ਉਪਰ ਪੈਸੇ ਲਾਉਣ ਦਾ ਜ਼ੋਖ਼ਮ ਨਹੀਂ ਉਠਾਵੇਗਾ ਅਤੇ ਕੱਲ੍ਹ ਦੀ ਪੀੜ੍ਹੀ ਸਾਨੂੰ “ਕੀਤੀਆਂ ਦੁੱਲਿਆ ਤੇਰੀਆਂ, ਪੇਸ਼ ਲੱਧੀ ਦੇ ਆਈਆਂ” ਆਖ ਕੇ ਦੋਸ਼ੀ ਠਹਿਰਾਵੇਗੀ। ਬੇਹੂਦਾ ਮਾਰਧਾੜ ਅਤੇ ਨਸ਼ੇ-ਪੱਤੇ ਵਾਲ਼ੀਆਂ ਫ਼ਿਲਮਾਂ ਦੇਖ ਕੇ ਤਾਂ ਬੱਚੇ ਨਸ਼ੇੜੀ ਅਤੇ ਖਰੂਦੀ ਹੀ ਬਣਨਗੇ। ਪੰਜਾਬੀ ਪੜ੍ਹਨਾ ਜਾਂ ਲਿਖਣਾ ਤਾਂ ਬਾਹਰ ਦੀ ਜੰਮਪਲ ਪੀੜ੍ਹੀ ਲੱਗਭੱਗ ਤਿਆਗ ਹੀ ਚੁੱਕੀ ਹੈ, ਪੰਜਾਬੀ ਸਿਨੇਮਾਂ ਹੀ ਉਹਨਾਂ ਲਈ ਇੱਕ ਕੜੀ ਬਚੀ ਹੈ, ਜੇ ਅਸੀਂ ਚੰਗੀਆਂ ਫ਼ਿਲਮਾਂ ਦਿਖਾ ਕੇ ਉਹਨਾਂ ਨੂੰ ਸਮੇਂ ਦੇ ਹਾਣ ਨਾਲ਼ ਜੋੜ ਸਕੀਏ!

ਪੰਜਾਬ ਦੇ ਗੌਰਵਮਈ ਯੋਗਦਾਨ ਨੂੰ ਪਾਠਕ੍ਰਮ ਵਿਚ ਅਣਡਿਠ ਕਰਨ ਦਾ ਬੇਲੋੜਾ ਵਿਵਾਦ

ਸਿੱਖ ਧਰਮ ਦੇ ਪੈਰੋਕਾਰਾਂ ਦੀ ਬਦਕਿਸਮਤੀ ਇਹ ਹੈ ਕਿ ਉਹ ਲਾਈਲੱਗ ਬਹੁਤ ਹਨ। ਸੁਣੀ ਸੁਣਾਈ ਗੱਲ ਤੇ ਯਕੀਨ ਕਰਨਾ ਅਤੇ ਬਿਨਾ ਸੋਚੇ ਸਮਝੇ ਪਾਲਾ ਕੱਢਕੇ ਦੋ ਹੱਥ ਕਰਨ ਲਈ ਤਿਆਰ ਹੋ ਜਾਣਾ, ਉਨ੍ਹਾਂ ਦੀ ਫਿਤਰਤ ਹੈ। ਚਾਲਾਕ ਸਿਆਸਤਦਾਨ ਹਮੇਸ਼ਾ ਹੀ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਖੇਡ ਕੇ ਆਪਣਾ ਸਿਆਸੀ ਉਲੂ ਸਿੱਧਾ ਕਰਦੇ ਰਹਿੰਦੇ ਹਨ। ਸੰਬਾਦ ਕਰਨ ਵਿਚ ਵਿਸ਼ਵਾਸ਼ ਹੀ ਨਹੀਂ ਰੱਖਦੇ ਜਦੋਂ ਕਿ ਸਿੱਖ ਗੁਰੂ ਸਾਹਿਬਾਨ ਨੇ ਹਰ ਸਮੱਸਿਆ ਦਾ ਹਲ ਸੰਬਾਦ ਕਰਕੇ ਕੀਤਾ ਹੈ। ਭਾਵੇਂ ਗੁਰੂ ਨਾਨਕ ਦੇਵ ਜੀ ਹੋਣ ਜਾਂ ਭਾਵੇਂ ਬਾਕੀ ਗੁਰੂ ਸਾਹਿਬਾਨ । ਸ੍ਰੀ ਗੁਰੂ ਨਾਨਕ ਦੇਵ ਜੀ ਨੇ ਤਾਂ ਸਿੱਧ ਯੋਗੀਆਂ ਅਤੇ ਸੂਰਜ ਨੂੰ ਪਾਣੀ ਦੇਣ ਵਾਲੇ ਪੰਡਤਾਂ ਨੂੰ ਵੀ ਸੰਬਾਦ ਨਾਲ ਨਿਰਉਤਰ ਕਰ ਦਿੱਤਾ ਸੀ। ਪ੍ਰੰਤੂ ਦੁੱਖ ਤਾਂ ਇਸ ਗੱਲ ਦਾ ਹੈ ਕਿ ਸਿੱਖ ਧਰਮ ਦੇ ਬੁੱਧੀਜੀਵੀ ਵਿਦਵਾਨ ਵੀ ਧੜਿਆਂ ਤੇ ਸਿਆਸੀ ਪਾਰਟੀਆਂ ਵਿਚ ਵੰਡੇ ਹੋਏ ਹਨ। ਉਹ ਆਪਣੀ ਰਾਏ ਆਪਣੀ ਪਾਰਟੀ ਅਤੇ ਧੜੇ ਅਨੁਸਾਰ ਹੀ ਦਿੰਦੇ ਹਨ। ਸੱਚੀ ਅਤੇ ਸਹੀ ਨਿਰਪੱਖ ਰਾਏ ਦੇਣ ਤੋਂ ਕੰਨੀ ਕਤਰਾਉਂਦੇ ਹਨ। ਅਕਾਲੀ ਦਲ ਤਾਂ ਆਪਣੇ ਆਪ ਨੂੰ ਸਿੱਖਾਂ ਦੀ ਨੁਮਾਇੰਦਾ ਪਾਰਟੀ ਹੀ ਸਮਝਦਾ ਹੈ। ਕਾਂਗਰਸ ਪਾਰਟੀ ਆਪਣੇ ਆਪ ਨੂੰ ਧਰਮ ਨਿਰਪੱਖ ਪਾਰਟੀ ਕਹਿ ਕੇ ਪੱਲਾ ਝਾੜ ਲੈਂਦੀ ਹੈ ਅਤੇ ਮੈਦਾਨ ਅਕਾਲੀ ਦਲ ਲਈ ਖਾਲੀ ਛੱਡ ਦਿੰਦੀ ਹੈ। ਇੱਕ ਵਾਰ ਕੈਪਟਨ ਅਮਰਿੰਦਰ ਸਿੰਘ ਨੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮਟੀ ਦੀ ਚੋਣ ਲੜਨ ਬਾਰੇ ਬਿਆਨ ਦਿੱਤਾ ਸੀ ਪ੍ਰੰਤੂ ਕਾਂਗਰਸ ਹਾਈ ਕਮਾਂਡ ਨੇ ਰੋੜਾ ਅਟਕਾ ਦਿੱਤਾ ਸੀ।

ਹੁਣ ਵਰਤਮਾਨ ਤਾਜਾ ਪੰਜਾਬ ਸਕੂਲ ਸਿਖਿੱਆ ਬੋਰਡ ਦੀਆਂ ਪੁਸਤਕਾਂ ਵਿਚੋਂ ਸਿੱਖ ਧਰਮ ਨਾਲ ਸੰਬੰਧਤ ਅਧਿਆਏ ਕੱਢਣ ਦੇ ਵਾਦਵਿਵਾਦ ਦੀ ਗੱਲ ਕਰੀਏ, ਜੋ ਅੱਜ ਕਲ੍ਹ ਚਰਚਾ ਦਾ ਵਿਸ਼ਾ ਬਣਿਆਂ ਹੋਇਆ ਹੈ। ਤੁਸੀਂ ਹੈਰਾਨ ਹੋਵੋਗੇ ਕਿ ਪਾਠਕ੍ਰਮ ਬਣਾਉਣ ਵਿਚ ਕਿਸੇ ਸਰਕਾਰ ਦਾ ਕੋਈ ਯੋਗਦਾਨ ਨਹੀਂ ਹੁੰਦਾ। ਇਹ ਪਾਠਕ੍ਰਮ ਪੰਜਾਬ ਸਕੂਲ ਸਿੱਖਿਆ ਬੋਰਡ ਤਿਆਰ ਕਰਦਾ ਹੈ। ਇਸ ਵਿਚ ਵਿਸ਼ਿਆਂ ਦੇ ਮਾਹਿਰ ਭਰਤੀ ਕੀਤੇ ਹੁੰਦੇ ਹਨ। ਚਲੋ ਮੰਨ ਲਓ ਕਿ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਹੈ ਤਾਂ ਇਹ ਜ਼ਿੰਮੇਵਾਰੀ ਸਿਖਿਆ ਵਿਭਾਗ ਦੇ ਮੰਤਰੀ ਦੀ ਹੋਵੇਗੀ। ਇਸਤੋਂ ਵੀ ਹੈਰਾਨੀ ਦੀ ਗੱਲ ਹੈ ਕਿ ਜਦੋਂ ਇਹ ਪਾਠਕ੍ਰਮ ਵਿਚ ਤਬਦੀਲੀ ਕਰਕੇ 2014 ਵਿਚ ਕੌਮੀ ਪੱਧਰ ਦਾ ਬਣਾਉਣ ਦਾ ਫੈਸਲਾ ਹੋਇਆ ਤਾਂ ਉਸ ਸਮੇਂ ਸਿਖਿਆ ਮੰਤਰੀ ਪਹਿਲਾਂ ਸਿਕੰਦਰ ਸਿੰਘ ਮਲੂਕਾ ਅਤੇ ਬਾਅਦ ਵਿਚ ਡਾ.ਦਲਜੀਤ ਸਿੰਘ ਚੀਮਾ ਸਨ। ਮੁੱਖ ਮੰਤਰੀ ਸ੍ਰ.ਪਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸ੍ਰ.ਸੁਖਬੀਰ ਸਿੰਘ ਬਾਦਲ ਸਨ। ਸਕੂਲ ਸਿਖਿਆ ਬੋਰਡ ਦਾ ਚੇਅਰਮੈਨ ਇਕ ਇਤਿਹਾਸਕਾਰ ਸੀ। ਫਿਰ ਇਹ ਰਾਮ ਰੌਲਾ ਕਿਸ ਗੱਲ ਦਾ ਹੈ। ਉਲਟਾ ਚੋਰ ਕੋਤਵਾਲ ਕੋ ਡਾਂਟੇ ਵਾਲਾ ਹਾਸੋਹੀਣਾ ਮਾਹੌਲ ਬਣਾ ਦਿੱਤਾ ਹੈ। ਇਹ ਸੰਜੀਦਾ ਮਸਲਾ ਹੈ। ਵਿਦਵਾਨਾਂ ਦਾ ਕੰਮ ਹੈ, ਪੜਚੋਲ ਕਰਨਾ। ਅਸਲ ਵਿਚ ਅਜਿਹੀ ਬਿਆਨਬਾਜ਼ੀ ਸਿਆਸੀ ਲੋਕ ਆਪਣੀ ਅਸਫਲਤਾ ਅਤੇ ਮੁੱਖ ਮੁੱਦਿਆਂ ਤੋਂ ਧਿਆਨ ਹਟਾਉਣ ਲਈ ਦਿੱਤੇ ਜਾਂਦੇ ਹਨ। ਅਖ਼ਬਾਰਾਂ ਦੀਆਂ ਸੁਰਖ਼ੀਆਂ ਬਣਾਉਣ ਲਈ ਵੀ ਅਜਿਹੇ ਬਿਆਨ ਦਾਗੇ ਜਾਂਦੇ ਹਨ। ਹੁਣ ਤਾਂ ਹਰ ਜਣਾ ਖਣਾ ਛੋਟਾ ਮੋਟਾ ਨੇਤਾ ਆਪਣੀ ਹਾਜ਼ਰੀ ਲਵਾਉਣ ਲਈ ਬਿਆਨ ਦੇ ਰਿਹਾ ਹੈ। ਭਾਵੇਂ ਉਨ੍ਹਾਂ ਨੂੰ ਇਸ ਵਾਦਵਿਵਾਦ ਬਾਰੇ ਭੋਰਾ ਵੀ ਜਾਣਕਾਰੀ ਨਹੀਂ। ਜੇਕਰ ਕੋਈ ਸਿਆਸੀ ਮਕਸਦ ਨਾਲ ਮੁੱਦਾ ਬਣਾਉਣਾ ਹੈ ਤਾਂ ਸੋਚ ਸਮਝਕੇ ਬਣਾਇਆ ਜਾਵੇ। ਹੁਣ ਜਦੋਂ ਸਿਕੰਦਰ ਸਿੰਘ ਮਲੂਕਾ ਦੀ ਪੜਤਾਲ ਸ਼ੁਰੂ ਹੋਵੇਗੀ ਤਾਂ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਸਾਹਮਣੇ ਆ ਜਾਵੇਗਾ। ਜੇ ਅਕਾਲੀ ਦਲ ਵਾਲੇ ਅਖੌਤੀ ਸਿੱਖਾਂ ਦੇ ਨੁਮਾਇੰਦੇ ਐਨੇ ਹੀ ਸਿੱਖ ਧਰਮ ਬਾਰੇ ਸੰਜੀਦਾ ਹਨ ਤਾਂ ਜਿਹੜੀਆਂ ਚਾਰ ਕਮੇਟੀਆਂ ਪੰਜਾਬ ਸਕੂਲ ਸਿਖਿਆ ਬੋਰਡ ਨੇ 2014 ਵਿਚ ਬਣਾਈਆਂ ਸਨ ਤਾਂ ਉਨ੍ਹਾਂ ਵਿਚ ਸਿੱਖ ਵਿਦਵਾਨਾ ਨੂੰ ਸ਼ਾਮਲ ਕਿਉਂ ਨਹੀਂ ਕੀਤਾ ਗਿਆ। ਇਨ੍ਹਾਂ ਚਾਰੇ ਕਮੇਟੀਆਂ ਵਿਚ ਨਾਮਾਤਰ ਹੀ ਸਿੱਖ ਨੁਮਾਇੰਦੇ ਹਨ। ਇਹ ਮਾਹਿਰ ਇਹ ਕਹਿ ਰਹੇ ਹਨ ਕਿ ਪੰਜਾਬ ਦੇ ਵਿਦਿਆਰਥੀਆਂ ਨੂੰ ਕੌਮੀ ਪੱਧਰ ਦੇ ਮੁਕਾਬਲਿਆਂ ਵਿਚ ਬਰਾਬਰ ਦੇ ਮੌਕੇ ਪ੍ਰਦਾਨ ਕਰਨ ਲਈ ਪਾਠਕ੍ਰਮ ਬਣਾਏ ਗਏ ਹਨ। ਫਿਰ ਅਸੀਂ ਪੰਜਾਬ ਤੱਕ ਹੀ ਸੀਮਤ ਕਿਉਂ ਰਹਿਣਾ ਚਾਹੁੰਦੇ ਹਾਂ? ਵੈਸੇ ਤਾਂ ਅਸੀਂ ਆਪਣੇ ਬੱਚਿਆਂ ਨੂੰ ਵਿਦੇਸ਼ਾਂ ਵਿਚ ਪੜ੍ਹਾਈ ਕਰਨ ਲਈ ਭੇਜਦੇ ਹਾਂ।

ਹੈਰਾਨੀ ਦੀ ਗੱਲ ਹੈ ਜਿਹੜੇ ਭਾਰਤੀ ਜਨਤਾ ਪਾਰਟੀ ਅਤੇ ਅਕਾਲੀ ਦਲ ਦੇ ਨੇਤਾ ਅਜਿਹੇ ਹਾਲਾਤ ਦੇ ਜ਼ਿੰਮੇਵਾਰ ਹਨ, ਉਹੀ ਰਾਜਪਾਲ ਕੋਲ ਪਹੁੰਚਕੇ ਇਨ੍ਹਾਂ ਪੁਸਤਕਾਂ ਵਿਚ ਤਬਦੀਲੀ ਦੀ ਗੱਲ ਕਰ ਰਹੇ ਹਨ। ਅਜੇ 11ਵੀਂ ਦੀ ਪੁਸਤਕ ਪ੍ਰਕਾਸ਼ਤ ਹੀ ਨਹੀਂ ਹੋਈ ਵਾਦਵਿਵਾਦ ਪਹਿਲਾਂ ਹੀ ਸ਼ੁਰੂ ਹੋ ਗਿਆ। ਅਕਾਲੀ ਦਲ ਆਪਣਾ ਮਕਸਦ ਪੂਰਾ ਕਰ ਗਿਆ ਹੈ। 23 ਮਈ 2014 ਨੂੰ 9ਵੀਂ, 10ਵੀਂ, 11ਵੀਂ ਅਤੇ ਬਾਰਵੀਂ ਦੀਆਂ ਪੁਸਤਕਾਂ ਦਾ ਪਾਠਕ੍ਰਮ ਬਣਾਕੇ ਅਤੇ ਪ੍ਰਕਾਸ਼ਤ ਕਰਵਾਉਣ ਦਾ ਫੈਸਲਾ ਕਰ ਲਿਆ ਸੀ। 9ਵੀਂ ਅਤੇ ਦਸਵੀਂ ਦੀਆਂ ਪੁਸਤਕਾਂ 2016 ਵਿਚ ਪ੍ਰਕਾਸ਼ਤ ਹੋ ਗਈਆਂ। 11 ਅਤੇ 12 ਦੀਆਂ 2018 ਵਿਚ ਪ੍ਰਕਾਸ਼ਤ ਕਰਨ ਦਾ ਫੈਸਲਾ ਕੀਤਾ ਸੀ। ਇਹ ਫ਼ੈਸਲਾ ਤਾਂ ਅਕਾਲੀ ਸਰਕਾਰ ਮੌਕੇ ਹੋਇਆ ਹੈ। ਸੋਧਿਆ ਹੋਇਆ ਪੁਸਤਕਾਂ ਦਾ ਖਰੜਾ 2014 ਵਿਚ ਹੀ ਸਕੂਲ ਐਜੂਕੇਸ਼ਨ ਬੋਰਡ ਦੀ ਵੈਬਸਾਈਟ ਉਤੇ ਪਾ ਕੇ ਇਤਰਾਜ਼ ਮੰਗੇ ਗਏ ਸਨ। ਫਿਰ ਇਹ ਵਾਦਵਿਵਾਦ ਕਾਂਗਰਸ ਦੇ ਗਲ ਕਿਉਂ ਪਾਇਆ ਜਾ ਰਿਹਾ ਹੈ, ਜਦੋਂ ਕਿ ਅਕਾਲੀ ਦਲ ਸਰਕਾਰ ਦਾ ਫੈਸਲਾ ਹੈ। ਸਕੂਲ ਸਿਖਿਆ ਬੋਰਡ ਦੇ ਗਲਿਆਰਿਆਂ ਵਿਚ ਇਹ ਕਿਹਾ ਜਾ ਰਿਹਾ ਹੈ ਕਿ ਪੰਜਾਬ ਸਕੂਲ ਸਿਖਿਆ ਬੋਰਡ ਦਾ ਉਪ ਚੇਅਰਮੈਨ ਇਹ ਸਾਰਾ ਕੰਮ ਕਰ ਰਿਹਾ ਸੀ। ਭਾਰਤੀ ਜਨਤਾ ਪਾਰਟੀ ਨੇ ਆਪਣਾ ਨੁਮਾਇੰਦਾ ਬਣਾਕੇ ਨਿਯੁਕਤ ਕਰਵਾਇਆ ਸੀ। ਅਕਾਲੀ ਦਲ ਅਤੇ ਪੰਜਾਬ ਸਕੂਲ ਸਿਖਿਆ ਬੋਰਡ ਦਾ ਚੇਅਰਮੈਨ ਤਾਕਤ ਦੇ ਨਸ਼ੇ ਵਿਚ ਆਨੰਦ ਮਾਣ ਰਹੇ ਸਨ। ਜਦੋਂ ਪੜਤਾਲ ਹੋਵੇਗੀ ਤਾਂ ਬਿੱਲੀ ਥੈਲਿਓਂ ਬਾਹਰ ਆਵੇਗੀ। ਕਿਹਾ ਜਾ ਰਿਹਾ ਹੈ ਕਿ 12ਵੀਂ ਦੀ ਪੁਸਤਕ ਵਿਚੋਂ ਗੁਰੂ ਸਾਹਿਬਾਨ ਸੰਬੰਧੀ 23 ਚੈਪਟਰ ਨਿਕਾਲ ਦਿੱਤੇ ਗਏ ਹਨ। ਨਾਲੇ ਇਹ ਕਿਹਾ ਜਾ ਰਿਹਾ ਹੈ ਕਿ ਨਿਕਾਲੇ ਗਏ ਚੈਪਟਰ 11ਵੀਂ ਜਮਾਤ ਦੀ ਪੁਸਤਕ ਵਿਚ ਪਾ ਦਿੱਤੇ ਗਏ ਹਨ। ਸਗੋਂ ਗਿਆਰਵੀਂ ਦੀ ਪੁਸਤਕ ਵਿਚ ਚਾਰ ਸਾਹਿਬਜ਼ਾਦੇ ਚੈਪਟਰ ਵਾਧੂ ਸ਼ਾਮਲ ਕਰ ਦਿੱਤਾ ਗਿਆ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਪੰਨੇ ਘਟਾ ਦਿੱਤੇ ਹਨ, ਚੈਪਟਰ ਸੰਖੇਪ ਕਰ ਦਿੱਤੇ ਗਏ ਹਨ। ਛੋਟੀਆਂ ਜਮਾਤਾਂ ਵਿਚ ਸੰਖੇਪ ਹੀ ਹੋਣੇ ਚਾਹੀਦੇ ਹਨ। ਵੱਡੀਆਂ ਕਲਾਸਾਂ ਵਿਚ ਵਿਸਥਾਰ ਪੂਰਬਕ ਹੁੰਦਾ ਹੈ। ਸਾਰੀਆਂ ਆਪਾ ਵਿਰੋਧੀ ਗੱਲਾਂ ਹੋ ਰਹੀਆਂ ਹਨ। ਇਕ ਪਾਸੇ ਇਹ ਕਿਹਾ ਜਾ ਰਿਹਾ ਹੈ ਕਿ ਕਰਤਾਰ ਸਿੰਘ ਸਰਾਭਾ, ਭਗਤ ਸਿੰਘ, ਊਧਮ ਸਿੰਘ, ਗੰਗਸਰ ਤੇ ਪੰਜਾ ਸਾਹਿਬ ਦਾ ਮੋਰਚਾ, ਕਾਮਾਗਾਟਾ ਮਾਰੂ ਦਾ ਸਾਕਾ, ਅਕਾਲੀ ਲਹਿਰਾਂ ਤੇ ਮੋਰਚੇ ਅਤੇ ਕੂਕਿਆਂ ਦਾ ਯੋਗਦਾਨ ਸ਼ਾਮਲ ਕੀਤੇ ਗਏ ਹਨ, ਫਿਰ ਬਵਾਲ ਕਿਸ ਗੱਲ ਦਾ ਹੈ। ਸਮਝ ਤੋਂ ਬਾਹਰ ਹੈ। ਸਾਰਾ ਸਿਆਸੀ ਲਾਭ ਲੈਣ ਦਾ ਮਸਲਾ ਹੈ।

ਸੰਤ ਕਬੀਰ ਅਤੇ ਭਗਤ ਰਵੀਦਾਸ ਵਾਲੇ ਚੈਪਟਰ ਨੂੰ ਰਾਮ ਭਗਤੀ ਲਹਿਰ ਲਿਖ ਦਿੱਤਾ। ਇਹ ਇਕ ਕਿਸਮ ਨਾਲ ਭਗਵਾਂਕਰਨ ਦਾ ਰੂਪ ਵੀ ਕਿਹਾ ਜਾ ਸਕਦਾ ਹੈ। ਇਥੇ ਇਹ ਦੱਸਣਾ ਵੀ ਬਣਦਾ ਹੈ ਕਿ ਲਾਜ਼ਮੀ ਵਿਸ਼ਾ ਪੰਜਾਬੀ ਜਾਂ ਪੰਜਾਬ ਦਾ ਇਤਿਹਾਸ ਅਤੇ ਸਭਿਆਚਾਰ ਹੈ ਜੋ ਹਰ ਬੱਚੇ ਨੇ ਪੜ੍ਹਨਾ ਹੈ। ਉਸ ਵਿਚ ਸਿੱਖ ਧਰਮ, ਤੇ ਸਿੱਖ ਰਾਜ ਨਾਲ ਸੰਬੰਧਤ ਪਾਠਾਂ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ, ਉਨ੍ਹਾਂ ਦੇ ਉਤਰ ਅਧਿਕਾਰੀ ਹੋਰ ਗੁਰੂ ਸਾਹਿਬਾਨ, ਬੰਦਾ ਸਿੰਘ ਬਹਾਦਰ ਅਤੇ ਉਨ੍ਹਾਂ ਦੀ ਸ਼ਹੀਦੀ, ਸਿੱਖ ਪੰਜਾਬ ਦੇ ਮਾਲਕ ਬਣ ਗਏ ਅਤੇ ਮਹਾਰਾਜਾ ਰਣਜੀਤ ਸਿੰਘ ਅਧੀਨ ਪੰਜਾਬ ਸ਼ਾਮਲ ਹਨ। ਪਾਠਕ੍ਰਮ ਪੰਜਾਬ ਸਕੂਲ ਸਿਖਿੱਆ ਬੋਰਡ ਨੇ ਬਣਾਉਣਾ ਹੁੰਦਾ ਹੈ ਜੇ ਅਕਾਲੀ ਦਲ ਨੂੰ ਐਨੀ ਹੀ ਚਿੰਤਾ ਸੀ ਤਾਂ 10 ਸਾਲ ਦੇ ਰਾਜ ਵਿਚ ਲਾਜ਼ਮੀ ਵਿਸ਼ੇ ਇਤਿਹਾਸ ਦੇ ਪਾਠਕ੍ਰਮ ਵਿਚ ਸਾਰਾ ਸਿੱਖ ਧਰਮ ਅਤੇ ਸਿੱਖ ਇਤਿਹਾਸ ਕਿਉਂ ਨਹੀਂ ਸ਼ਾਮਲ ਕੀਤਾ? ਇਕ ਦੂਜੇ ਉਪਰ ਇਲਜ਼ਾਮ ਲਗਾਉਣਾ ਸੌਖਾ ਹੁੰਦਾ ਹੈ ਪ੍ਰੰਤੂ ਇਲਜ਼ਾਮ ਖ਼ੁਦ ਬਰਦਾਸ਼ਤ ਕਰਨਾ ਔਖਾ ਹੋ ਜਾਂਦਾ ਹੈ। ਸਰਕਾਰ ਨੂੰ ਵੀ ਹੁਣ ਚਾਹੀਦਾ ਹੈ ਕਿ ਉਹ ਪਾਠਕ੍ਰਮ ਦੇ ਹੱਕ ਵਿਚ ਭੁਗਤਣ ਦੀ ਥਾਂ ਪੜਤਾਲ ਕਰਕੇ ਜੇਕਰ ਕੁਝ ਰਹਿ ਗਿਆ ਹੈ ਤਾਂ ਉਹ ਸ਼ਾਮਲ ਕਰ ਲਿਆ ਜਾਵੇ। ਇਕ ਹੋਰ ਵੀ ਸੁਝਾਆ ਹੈ ਕਿ ਨਿਰਾ ਅਧਿਕਾਰੀਆਂ ਉਪਰ ਨਿਰਭਰ ਰਹਿਣ ਦੀ ਥਾਂ ਸਿਆਸਤਦਾਨ ਵੀ ਧਿਆਨ ਰੱਖਣ ਕਿ ਕਿਤੇ ਕੇਂਦਰੀ ਸਰਕਾਰ ਪੰਜਾਬ ਨੂੰ ਵੀ ਭਗਵਾਂਕਰਨ ਦੇ ਚਕਰ ਵਿਚ ਫਸਾ ਨਾ ਲਵੇ ਜਿਵੇਂ ਦਿਆਲ ਸਿੰਘ ਕਾਲਜ ਦਾ ਨਾਮ ਬਦਲਿਆ ਗਿਆ ਹੈ। ਇਕ ਹੋਰ ਹੈਰਾਨੀ ਦੀ ਗੱਲ ਹੈ ਕਿ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਨੁਮਾਇੰਦਾ ਵੀ ਮੀਟਿੰਗਾਂ ਵਿਚ ਜਾਂਦਾ ਰਿਹਾ ਹੈ। ਜੇਕਰ ਉਸਨੂੰ ਕੋਈ ਸ਼ਿਕਾਇਤ ਸੀ ਤਾਂ ਉਹ ਆਪਣਾ ਪੱਖ ਲਿਖਵਾ ਸਕਦਾ ਸੀ ਜਾਂ ਵਿਰੋਧੀ ਨੋਟ ਲਿਖਵਾ ਸਕਦਾ ਸੀ। ਉਦੋਂ ਕਿਸੇ ਨੇ ਕੋਈ ਇਤਰਾਜ਼ ਕਿਉਂ ਨਹੀਂ ਕੀਤਾ ਕਿਉਂਕਿ ਆਰ.ਐਸ.ਐਸ.ਅੱਗੇ ਅਕਾਲੀ ਦਲ ਨੇ ਰਾਜ ਭਾਗ ਬਰਕਰਾਰ ਰੱਖਣ ਲਈ ਗੋਡੇ ਟੇਕੇ ਹੋਏ ਸਨ। ਕੇਂਦਰ ਦੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਅਕਾਲੀ ਦਲ ਦੀ ਕੋਈ ਗੱਲ ਨਹੀਂ ਮੰਨ ਰਹੀ। ਸ੍ਰੀ ਹਰਿਮੰਦਰ ਸਾਹਿਬ ਦੇ ¦ਗਰ ਤੇ ਜੀ.ਐਸ.ਟੀ.ਵੀ ਮੁਆਫ ਨਹੀਂ ਕਰ ਰਹੇ। ਇਥੇ ਇਕ ਗੱਲ ਹੋਰ ਦੱਸਣੀ ਜ਼ਰੂਰੀ ਹੈ ਕਿ ਇਸ ਬਬਾਲ ਵਿਚ ਪ੍ਰਾਈਵੇਟ ਪਬਲਿਸ਼ਰਾਂ ਦੇ ਹੱਥ ਹੋਣ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿਉਂਕਿ ਇਹ ਪੁਸਤਕਾਂ ਬੋਰਡ ਨੇ ਪ੍ਰਕਾਸ਼ਤ ਕਰਨੀਆਂ ਸ਼ੁਰੂ ਕਰ ਦਿੱਤੀਆਂਹਨ। ਉਨ੍ਹਾਂ ਦਾ ਧੰਦਾ ਚੌਪਟ ਹੋ ਰਿਹਾ ਹੈ।

ਅਖ਼ੀਰ ਵਿਚ ਇਹ ਦੱਸਣਾ ਵੀ ਜ਼ਰੂਰੀ ਹੈ ਕਿ ਜਿਹੜੇ ਗੁਰਦਰਸ਼ਨ ਸਿੰਘ ਢਿਲੋਂ ਅਤੇ ਗੁਰਤੇਜ ਸਿੰਘ ਸਾਬਕਾ ਆਈ.ਏ.ਐਸ.ਅਧਿਕਾਰੀ ਵਰਗੇ ਸੁਲਝੇ ਹੋਏ ਵਿਦਵਾਨ ਹਨ, ਉਨ੍ਹਾਂ ਦਾ ਕਿਹਾ ਹਰ ਸ਼ਬਦ ਵਿਚਾਰਨ ਯੋਗ ਹੈ ਪ੍ਰੰਤੂ ਦੁੱਖ ਦੀ ਗੱਲ ਹੈ ਕਿ ਅਕਾਲੀ ਦਲ ਨਾਲ ਸੰਬੰਧਤ ਵਿਦਵਾਨ ਖੋਜ ਸਹਾਇਕਾਂ ਦੇ ਨਾਲ ਪ੍ਰੈਸ ਕਾਨਫਰੰਸ ਕਰਕੇ ਅਕਾਲੀ ਦਲ ਦਾ ਪੱਖ ਰੱਖ ਰਹੇ ਹਨ। ਚਾਹੀਦਾ ਤਾਂ ਇਹ ਸੀ ਕਿ ਸਾਰੇ ਧੜਿਆਂ ਦੇ ਵਿਦਵਾਨ ਸੰਬਾਦ ਕਰਕੇ ਕੋਈ ਨਿਚੋੜ ਕੱਢਕੇ ਬਿਆਨ ਦੇਣ। ਜਿਹੜੇ ਆਪੋ ਆਪਣੀ ਡਫਲੀ ਆਪਣੇ ਆਕਾਵਾਂ ਨੂੰ ਖ਼ੁਸ਼ ਕਰਨ ਲਈ ਵਜਾ ਰਹੇ ਹਨ, ਉਨ੍ਹਾਂ ਨੂੰ ਆਪਣੀ ਪੀੜ੍ਹੀ ਹੇਠ ਸੋਟਾ ਫੇਰਨਾ ਚਾਹੀਦਾ ਹੈ ਕਿ ਜੋ ਕੁਝ ਉਹ ਕਹਿ ਰਹੇ ਹਨ, ਕੀ ਉਨ੍ਹਾਂ ਦੀ ਜ਼ਮੀਰ ਇਹ ਇਜ਼ਾਜਤ ਦਿੰਦੀ ਹੈ? ਫੋਕੀ ਪਬਲਿਸਿਟੀ ਲੈਣ ਤੋਂ ਅਕਾਲੀ ਦਲ ਨਾਲ ਸੰਬੰਧਤ ਵਿਦਵਾਨ ਗੁਰੇਜ ਕਰਨ ਕਿਉਂਕਿ ਅਜਿਹੇ ਬਿਆਨ ਉਨ੍ਹਾਂ ਦੇ ਅਹੁਦਿਆਂ ਦੇ ਅਨੁਕੂਲ ਨਹੀਂ ਹਨ। ਸੰਬਾਦ ਹੀ ਹਰ ਸਮੱਸਿਆ ਦਾ ਹੱਲ ਹੈ। ਆਪਣੇ ਸਿੱਖ ਗੁਰੂਆਂ ਦੇ ਪਾਏ ਪੂਰਨਿਆਂ ਤੇ ਚਲਣ ਦੀ ਖੇਚਲ ਕਰੋ। ਅਹੁਦੇ ਅਤੇ ਤਾਜ ਸਭ ਵਕਤੀ ਗੱਲਾਂ ਹਨ। ਜਿਹੜਾ ਸਿੱਖ ਧਰਮ ਦਾ ਨੁਕਸਾਨ ਹੋ ਜਾਣਾ ਹੈ ਉਹ ਪੂਰਿਆ ਨਹੀਂ ਜਾ ਸਕਣਾ। ਅਜੇ ਵੀ ਡੁਲ੍ਹੇ ਬੇਰਾਂ ਦਾ ਕੁਝ ਨਹੀਂ ਵਿਗੜਿਆ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ

ਮੋਦੀ ਸਰਕਾਰ ਵਿਰੁੱਧ ਲਾਮਬੰਦੀ : ਲੋਕਾਂ ਦੇ ਭਲੇ ਲਈ ਵੱਖਰੀਆਂ ਨੀਤੀਆਂ ਵੀ ਲਿਆਉਣੀਆਂ ਹੋਣਗੀਆਂ

ਬਿਨਾ ਸ਼ੱਕ ਇਸ ਵੇਲੇ ਨਰਿੰਦਰ ਮੋਦੀ ਦੀ ਭਾਜਪਾ ਸਰਕਾਰ ਨੂੰ ਬਦਲਣ ਲਈ ਵਿਰੋਧੀ ਪਾਰਟੀਆਂ 2019 ’ਚ ਮਿਲ ਕੇ ਚੋਣ ਲੜਨ ਲਈ ਇਕੱਠੀਆਂ ਹੋ ਰਹੀਆਂ ਹਨ। ਅਖਿਲੇਸ਼ ਅਤੇ ਮਾਇਆਵਤੀ ਦੇ ਗੱਠਜੋੜ ਹੋਣ ਉਪਰੰਤ ਭਾਜਪਾ ਨੂੰ ਹਰਾਉਣ ਲਈ 80 ਸੀਟਾਂ ਵਾਲੇ ਉਤਰ ਪ੍ਰਦੇਸ਼ ਦੀ ਫੈਸਲਾਕੁੰਨ ਭੂਮਿਕਾ ਰਹੇਗੀ। ਦੂਜੇ ਪਾਸੇ ਗੁਜਰਾਤ, ਮੱਧ ਪ੍ਰਦੇਸ਼, ਰਾਜਸਥਾਨ, ਛੱਤੀਸਗੜ, ਹਰਿਆਣਾ, ਦਿੱਲੀ, ਮਹਾਂਰਾਸ਼ਟਰ, ਕਰਨਾਟਕਾ, ਬਿਹਾਰ ਵਿਚ ਵੀ ਬੀ.ਜੇ.ਪੀ.  ਲਈ ਪਹਿਲੋਂ ਵਾਲੇ ਨਤੀਜੇ ਨਾਮੁਮਕਿਨ ਹਨ। ਅਤੇ ਇਸ ਵੱਡੇ ਘਾਟੇ ਦੀ ਭਰਪਾਈ ਦੀ ਸੰਭਾਵਨਾ ਕਿਤਿਓਂ ਖਾਸ ਨਹੀਂ। ਮੋਦੀ ਲਈ ਹਾਲਾਤ ਚੁਣੌਤੀਪੂਰਨ ਹਨ। ਸਰਕਾਰ ਬਦਲ ਜਾਣ ਦੀਆਂ ਸੰਭਾਵਨਾਵਾਂ ਹਨ।

ਇਹ ਮਹਿਜ਼ ਚੁਣਾਵੀਂ ਗਣਿਤ ਨਹੀਂ ਹੈ। ਇਸ ਦੇ ਪਿੱਛੇ ਮੋਦੀ ਸਰਕਾਰ ਦੀ ਨਿਕੰਮੀ ਕਾਰਗੁਜਾਰੀ ਦਾ ਵੀ ਹੱਥ ਹੈ। ਲੋਕਾਂ ਦੀ ਆਸ ਮੂਜਬ ‘ਅੱਛੇ ਦਿਨ’ ਨਹੀਂ ਆਏ। ਚੋਣਾਂ ਵਿਚ ਕੀਤੇ ਵਾਅਦੇ ਅਤੇ ਲਾਏ ਲਾਰਿਆਂ ਵਿਚੋਂ ਕੋਈ ਵੀ ਪੂਰਾ ਨਹੀਂ ਹੋਇਆ। ਕਾਲਾ ਧੰਨ 100 ਦਿਨਾ ਵਿਚ ਸਵਿਟਜਰਲੈਂਡ ਦੀਆਂ ਬੈਂਕਾਂ ਵਿਚੋਂ ਲਿਆ ਕੇ ਹਰ ਪਰਿਵਾਰ ਦੇ ਖਾਤੇ ਵਿਚ 15-15 ਲੱਖ ਦੇਣ ਦਾ ਨਾਹਰਾ, ਅਮਿਤ ਸ਼ਾਹ ਕਹਿੰਦਾ ਕਿ ਚੁਣਾਵੀ ਜੁੰਮਲਾ ਸੀ।   2 ਕਰੋੜ ਨੌਜਵਾਨਾ ਨੂੰ ਹਰ ਸਾਲ ਰੁਜ਼ਗਾਰ ਦੇਣ ਦਾ ਵਾਅਦਾ ਝੂਠਾ ਨਿਕਲਿਆ। ਕਿਸਾਨਾ ਨੂੰ ਫਸਲਾਂ ਦੇ ਉਚਿਤ ਭਾਅ ਨਹੀਂ। ਗਰੀਬਾਂ ਦੀ ਜੂਨ ਉਵੇਂ ਹੀ ਹੈ। ਮਹਿੰਗਾਈ ਕਰਨ ਵਾਲਿਆਂ ਦੀਆਂ ਵਾਂਗਾਂ ਖੁੱਲ੍ਹੀਆਂ। ਸਮਾਜ ਭਲਾਈ ਸਕੀਮਾਂ, ਸਿਹਤ ਅਤੇ ਸਿੱਖਿਆ ਦੇ ਬਜਟ ਘਟਾਏ ਗਏ ਹਨ। ਕੁਛ ਨੀ ਹੋਇਆ। ਦਲਿਤਾਂ ਨੂੰ ਬੇਇਜ਼ਤ ਕੀਤਾ। ਫਿਰਕੂ ਭਾਵਨਾਵਾਂ ਭੜਕਾ ਕੇ ਵੋਟ ਕਤਾਰਬੰਦੀ ਉੱਤੇ ਟੇਕ ਦਿੱਸ ਰਹੀ ਹੈ। ਮੋਦੀ ਚਾਰ ਸਾਲ ਤੋਂ 125 ਕਰੋੜ ਦੇਸ਼ ਵਾਸੀਆਂ ਦੇ ਪ੍ਰਧਾਨ ਮੰਤਰੀ ਵਾਗੂੰ ਕਦੀ ਨੀ ਬੋਲਿਆ। ਪਾਰਟੀ ਲੀਡਰ ਵਜੋਂ ਗੱਲ ਕਰਦਾ ਜਾਪਦਾ ਹੈ। ਬਾਹਰੋਂ ਲਚਕੀਲਾ…….. ਪੇਲਦਾ ਤੇ ਅੰਦਰੋਂ ਫੂੰਅ…।

ਉਤੋਂ ਮੋਦੀ ਨੇ ਇਕ ਦਿਨ ਤਾੜੀ ਮਾਰ ਕੇ ਆਖਿਆ ਕਿ ਅੱਜ ਰਾਤ ਤੋਂ 1000-500 ਦੇ ਨੋਟ ਬੰਦ। ਕਾਰੋਬਾਰ ਠੱਪ ਹੋਗੇ।   125 ਬੰਦੇ ਬੈਂਕਾਂ ਦੀਆਂ ਲਾਈਨਾ ’ਚ ਖਲੋਤੇ ਮਰਗੇ। ਲੋਕਾਂ ਦੀ ਘੋਰ ਖੱਜਲ ਖੁਆਰੀ। ਬੈਂਕਾਂ ਦਾ ਭਰੋਸਾ ਗਿਆ। ਬੈਂਕ ਅੱਜ ਤਕ ਨਹੀਂ ਉੱਠੇ।   6 ਮਹੀਨੇ ਬਾਅਦ ਜਦ ਯੂ.ਪੀ. ਦੀ ਇਲੈਕਸ਼ਨ ਜਿੱਤ ਲਈ ਤਦ ਅਗਲੇ ਦਿਨ ਤੋਂ ਬੈਂਕਾਂ ਪੈਸੇ ਦੇਣੇ ਸ਼ੁਰੂ ਕੀਤੇ।

ਓਧਰ ਜੀ.ਐਸ.ਟੀ. ਨੇ ਕਾਰੋਬਾਰ ਤੰਤਰ ਨੂੰ ਨਾਗਵਲ ਪਾ ਲਿਆ ਹੈ। ਦਰਾਂ ’ਚ 100 ਬਾਰ ਬਦਲਾਵ ਕਰ ਚੁੱਕੇ। ਕਿਸੇ ਲੈਣ ਦੇਣ ਵਾਲੇ ਨੂੰ ਕੁਛ ਪਤਾ ਨਹੀਂ ਲੱਗ ਰਿਹਾ ਕਿ ਕੀ ਦਰਾਂ ਹਨ। ਮੇਰੀ ਜਾਚੇ ਜੀ.ਐਸ.ਟੀ. ਫੈਡਰਲ ਢਾਂਚੇ ਉਤੇ ਸਭ ਤੋਂ ਵੱਡੀ ਸੱਟ ਵੀ ਹੈ। ਰਾਜ ਧੋਖਾ ਖਾਗੇ। ਰਾਜਾਂ ਦੇ ਹੱਥਾਂ ’ਚ ਕੁਛ ਨੀ ਰਿਹਾ। ਕੇਂਦਰ ਨੇ ਰਾਜ ਮੰਗਤੇ ਬਣਾ ਤੇ। ਵੇਖਿਓ ਲੰਮੇ ਸਮੇਂ ’ਚ ਚੀਕਦੇ। ਕੇਂਦਰ ਦੀ ਮੋਦੀ ਸਰਕਾਰ ਨੇ ਪਾਰਲੀਮੈਂਟ ਦਾ ਸ਼ੈਸ਼ਨ ਅੱਧੀ ਰਾਤ ਨੂੰ ਬੁਲਾ ਕੇ, 15 ਅਗਸਤ 1947 ਦੀ ਅਜ਼ਾਦੀ ਦਾ ਨਹਿਰੂ ਵੱਲੋਂ ਐਲਾਨ ਕਰਨ ਦੇ ਬਰਾਬਰ ਦੀ ਫੜ ਮਾਰਨ ਦੀ ਤਰਜ਼ ਉਤੇ ਜੀ.ਐਸ.ਟੀ. ਲਾਗੂ ਕਰਨ ਦਾ ਐਲਾਨ ਕੀਤਾ ਸੀ। ਪਰ ਇਕ ਨਵੇਂ ਪੈਸੇ ਦਾ ਫਾਇਦਾ ਨਹੀਂ ਹੋਇਆ, ਸਗੋਂ ਨੁਕਸਾਨ ਹੋਇਆ।

ਹੁਣ ਮੋਦੀ ਸਰਕਾਰ ਨੋਟਬੰਦੀ ਅਤੇ ਜੀ.ਐਸ.ਟੀ. ਨੂੰ ਆਪਣੇ ਭਾਸ਼ਣਾਂ ਵਿਚ ਪ੍ਰਾਪਤੀ ਵਜੋਂ ਗਿਣਵਾਉਣੋਂ ਹਟ ਗਈ ਹੈ। ਚੁੱਪ ਹੋ ਗਈ ਹੈ ਅਤੇ ਉਲਟਾ ਵਿਰੋਧੀ ਧਿਰ ਇਹਨਾ ਦੋਵਾਂ ਫੈਸਲਿਆਂ ਦੇ ਫਲਾਪ ਸ਼ੋਅ ਨੂੰ ਮੁੱਖ ਮੁੱਦੇ ਵਜੋਂ ਉਭਾਰ ਰਹੇ ਹਨ। ਬਾਹਰੋਂ ਕਾਲਾ ਧੰਨ ਕੀ ਲਿਆਉਣਾ ਸੀ ਸਗੋਂ ਮੋਦੀ ਰਾਜ ਵਿਚ ਵਿਜੇ ਮਾਲਿਆ ਅਤੇ ਨੀਰਵ ਮੋਦੀ ਵਰਗੇ ਬੈਂਕਾਂ ਦਾ ਹਜਾਰਾਂ ਕਰੋੜ ਠੱਗ ਕੇ ਵਿਦੇਸ਼ ਭੱਜਣ ਵਿਚ ਕਾਮਯਾਬ ਹੋ ਗਏ ਹਨ।

ਸੋ ਇੰਜ ਵਿਰੋਧੀ ਪਾਰਟੀਆਂ ਬੜੇ ਹੌਂਸਲੇ ’ਚ ਹਨ ਕਿ ਮੋਦੀ ਸਰਕਾਰ ਨੇ ਕਿਉਂਕਿ ਕੀਤਾ ਕੱਖ ਨੀ, ਇਸ ਲਈ ਹੁਣ ਸਾਡੀ ਵਾਰੀ ਆ ਜਾਣੀ। ਤੇ ਜਿਵੇਂ ਕਿਵੇਂ ਇਕੱਠੇ ਹੋਈਏ ਤੇ ਸਰਕਾਰ ਬਣਾ ਲਈਏ। ਪਰ ਕੀ ਇਕੱਲੀ ਸਰਕਾਰ ਬਦਲ ਜਾਣੀ ਹੀ ਸਾਰੇ ਮਸਲਿਆਂ ਦਾ ਹੱਲ ਹੈ?  ਨਹੀਂ, ਨੀਤੀਆਂ ਵੀ ਬਦਲਣੀਆਂ ਹੋਣਗੀਆਂ।

ਪਰ ਲੋਕਾਂ ਦੇ ਫਿਕਰ ਅਤੇ ਵਿਚਾਰ ਦੀ ਗੱਲ ਇਹ ਹੈ ਕਿ ਕਾਂਗਰਸ ਅਤੇ ਭਾਜਪਾ ਦੀਆਂ ਬੁਨਿਆਦੀ ਨੀਤੀਆਂ ਵਿਚ ਤਾਂ ਕੋਈ ਖਾਸ ਫਰਕ ਨਹੀਂ। ਦੋਵੇਂ ਪਾਰਟੀਆਂ ਹੀ ਕੇਂਦਰਵਾਦੀ ਸੋਚ ਵਾਲੀਆਂ ਹਨ ਫੈਡਰਲ ਢਾਂਚੇ ਨੂੰ ਕਮਜੋਰ ਕਰਨ ਦੀ ਤਾਕ ’ਚ ਰਹਿੰਦੀਆਂ। ਦੋਵਾਂ ਨੇ ਕਾਰਪੋਰੇਟ ਪੱਖੀ ਆਰਥਕ ਨੀਤੀਆਂ ਨੂੰ ਅੱਗੇ ਵਧਾਇਆ। ਦੋਵੇਂ ਹੀ ਬੜੇ ਸੰਵੇਦਨਸ਼ੀਲ ਖੇਤਰਾਂ ਤਕ ਵੀ 100 ਫੀਸਦੀ ਐਫ.ਡੀ.ਆਈ. (ਸਿੱਧਾ ਵਿਦੇਸ਼ੀ ਨਿਵੇਸ਼) ਦੇ ਹਿਮਾਇਤੀ ਨੇ, ਏਥੋਂ ਤਕ ਕਿ ਪ੍ਰਚੂਨ ਖੇਤਰ ਵਿਚ ਵੀ। ਦੋਵੇਂ ਸਰਕਾਰੀ ਅਦਾਰਿਆਂ ਨੂੰ ਪ੍ਰਾਈਵੇਟ ਹੱਥਾਂ ’ਚ ਦੇਣ ਦੀ ਹੱਦ ਤਕ ਪ੍ਰਾਈਵੇਟਾਈਜੇਸ਼ਨ ਦੇ ਹਿਮਾਇਤੀ ਨੇ। ਦੋਵਾਂ ਉਤੇ ਹੀ ਆਈ.ਐਮ.ਐਫ. ਅਤੇ ਵਰਲਡ ਬੈਂਕ ਦੀਆਂ ਸ਼ਰਤਾਂ ਅਨੁਸਾਰ ਆਰਥਕ ਨੀਤੀਆਂ ਘੜਨ ਦੇ ਇਲਜ਼ਾਮ ਲਗਦੇ ਹਨ। ਦੋਵੇਂ ਦਰਿਆਈ ਪਾਣੀਆਂ ਉੱਤੇ ਹੱਕ ਦਾਅਵੇ ’ਚ ਰਾਇਪੇਰੀਅਨ ਕਾਨੂੰਨ ਅਸੂਲ ਨੂੰ ਨਹੀਂ ਮੰਨਦੇ। ਦੋਵਾਂ ਦੀ ਪੈਟਰੋਲ ਡੀਜਲ ਦੇ ਰੇਟ ਤਹਿ ਕਰਨ ਦੀ ਨੀਤੀ ਇਕੋ ਜਿਹੀ ਹੈ, ਜੋ ਜਨਤਾ ਨਾਲ ਧੋਖੇ ਵਰਗੀ ਹੈ। ਮੁਲਾਜਮਾਂ ਦੀ ਪੈਨਸ਼ਨ ਬੰਦ ਕਰਨ ਦੇ ਮੁੱਦੇ ਉਤੇ ਦੋਵੇਂ ਪਾਰਟੀਆਂ ਇਕਮੱਤ ਹਨ। ਦੋਵਾਂ ਦੀ ਵਿਦੇਸ਼ ਨੀਤੀ ਦਾ ਝੁਕਾਅ ਅਮਰੀਕਾ ਪੱਖੀ ਹੈ। ਬੀ.ਜੇ.ਪੀ. ਤਾਂ ਮੁਢੋਂ ਹੀ ਸੀ, ਜਦਕਿ ਕਾਂਗਰਸ ਨੇ ਤਾਜੀ ਪਲਟੀ ਮਾਰੀ ਹੈ। ਦੋਵਾਂ ਦੇ ਹੱਥਾਂ ਤੇ ਕਿਸੇ ਨਾ ਕਿਸੇ ਘੱਟ ਗਿਣਤੀ ਦੇ ਖੂਨ ਦੇ ਦਾਗ ਹਨ। ਪੰਜਾਬ ਨਾਲ ਤਾਂ ਭਾਜਪਾ ਅਤੇ ਕਾਂਗਰਸ ਦੋਵਾਂ ਦੀਆਂ ਕੇਂਦਰ ਸਰਕਾਰਾਂ ਨੇ ਪੱਖਪਾਤ ਹੀ ਕੀਤਾ ਹੈ।

ਇਹਨਾ ਦੇ ਇੰਜ ਇਕ ਦੂਜੇ ਵਰਗੇ ਹੁੰਦੇ ਜਾਣ ਦਾ ਵੱਡਾ ਕਾਰਨ ਇਕ ਤਾਂ ਇਹ ਵੀ ਹੈ ਕਿ ਜਮਾਤੀ ਸੋਚ ਇਕ ਹੈ। ਕਾਂਗਰਸ ਕੋਲ ਅਜ਼ਾਦੀ ਅੰਦੋਲਨ ਵੇਲਿਆਂ ਦੀ ਲੀਡਰਸ਼ਿਪ ਦੇ ਨਾ ਰਹਿਣ ਬਾਅਦ ਇਉਂ ਲਗਦਾ ਕਿ ਹੁਣ ਕਾਂਗਰਸ ਅਤੇ ਭਾਜਪਾ ਦੋ ਅਲੱਗ ਵਿਚਾਰਧਾਰਾ ਵਾਲੀਆਂ ਪਾਰਟੀਆਂ ਨਾ ਹੋਣ, ਸਗੋਂ ਸਿਰਫ਼ ਧੜੇ ਹੋਣ। ਖੌਰੇ ਤਾਂ ਹੀ ਲੀਡਰ ਵੱਡੀ ਮਾਤਰਾ ’ਚ ਇਕ ਦੂਜੀ ਪਾਰਟੀ ’ਚ ਆਉਂਦੇ ਜਾਂਦੇ ਰਹਿੰਦੇ ਹਨ। ਕੋਈ ਮਸਲਾ ਨਹੀਂ ਤੇ ਨਾ ਹੀ ਕੋਈ ਸ਼ਰਮ ਹੈ।

ਇਹਨਾ ਹਾਲਾਤਾਂ ’ਚ ਵੀ ਜੇ ਕਾਂਗਰਸ ਮੋਦੀ ਵਿਰੋਧੀ ਗਠਜੋੜ ਦਾ ਹਿਸਾ ਜਾਂ ਆਗੂ ਬਣ ਕੇ, ਬੀਤੇ ਤੋਂ ਸਬਕ ਸਿੱਖ ਕੇ, ਕੋਈ ਸਾਰਥਕ ਜਨਤਾ ਪੱਖੀ ਨਤੀਜਾ ਦੇਣਾ ਚਹੁੰਦੀ ਹੈ ਤਾਂ ਉਸਨੂੰ ਆਪਣੀਆਂ ਨੀਤੀਆਂ ਬਦਲਣੀਆਂ ਹੋਣਗੀਆਂ। ਆਪਣਾ ਅਜ਼ਾਦੀ ਅੰਦੋਲਨ ਵਾਲਾ ਪਿਛੋਕੜ ਅਤੇ ਵਿਰਾਸਤ ਪਛਾਨਣੀ ਹੋਵੇਗੀ।

ਸਮੇਂ ਦੀ ਮੰਗ ਹੈ ਕਿ ਕਿਸੇ ਹੋਰ ਮੁਲਕ ਦੀਆਂ ਨੀਤੀਆਂ ਕਾਰਨ ਪੈਦਾ ਹੋਏ ਅੰਤਰਰਾਸ਼ਟਰੀ ਅੱਤਵਾਦ ਵਿਰੁੱਧ ਖਾਹਮਖਾਹ ਦੀ ਬਿਆਨਬਾਜੀ ਬੰਦ ਕਰਕੇ ਆਪਣੇ ਮੁਲਕ ਵੱਲ ਧਿਆਨ ਦਿੱਤਾ ਜਾਵੇ। ਆਪਣੇ ਅੰਦਰੂਨੀ ਮਸਲੇ ਪਿਆਰ ਨਾਲ ਜਿਵੇਂ ਕਿਵੇਂ ਹੱਲ ਕੀਤੇ ਜਾਣ। ਮਰਨ ਦਾ ਐਂਵੇ ਚਾਅ ਨਹੀਂ ਹੁੰਦਾ ਕਿਸੇ ਨੂੰ ਵੀ। ਬਹੁਤੀ ਵਾਰ ਲਗਦਾ ਕਿ ਲੋਕਾਂ ਦਾ ਅਸਲੀ ਮੁੱਦਿਆਂ ਤੋਂ ਧਿਆਨ ਭਟਕਾਉਣ ਲਈ ਵੀ ਅੱਤਵਾਦ ਦੀ ਬੇਲੋੜੀ ਚਰਚਾ ਕਰਦਾ ਮੀਡੀਆ।

ਗਰੀਬੀ, ਅਨਪੜ੍ਹਤਾ, ਮਹਿੰਗਾਈ, ਬੇਰੁਜਗਾਰੀ, ਬਿਮਾਰੀ, ਫਸਲਾਂ ਦੇ ਉਚਿਤ ਭਾਅ, ਪੀਣ ਦਾ ਪਾਣੀ, ਪ੍ਰਦੂਸ਼ਣ, ਖੇਤੀ ਅਧਾਰਿਤ ਸਨਅਤੀ ਵਿਕਾਸ, ਆਪਣਾ ਖੇਤਰੀ ਲੋਕ ਪੱਖੀ ਵਿਕਾਸ ਮਾਡਲ ਬਣਾਉਣਾ, ਸਭ ਧਰਮਾਂ ਸਭਿਆਚਾਰਾਂ ਬੋਲੀਆਂ ਦੇ ਲੋਕਾਂ ਦਾ ਸਹਿਚਾਰ ਵਾਲਾ ਮਹੌਲ, ਸਭ ਖੇਤਰਾਂ ਦਾ ਸਾਵਾਂ ਵਿਕਾਸ, ਵਿਸ਼ਵ ਅਮਨ ਨੂੰ ਸਮਰਪਤ ਵਿਦੇਸ਼ ਨੀਤੀ ਆਦਿ ਇਹ ਸਭ ਸਾਡੇ ਮੁਲਕ ਦੇ ਬੁਨਿਆਦੀ ਮਸਲੇ ਹਨ। ਜਿਨ੍ਹਾ ਦੇ ਹੱਲ ਲਈ ਸਭ ਨਿੱਕੀਆਂ ਵੱਡੀਆਂ ਪਾਰਟੀਆਂ ਨੂੰ ਸਿਰ ਜੋੜ ਕੇ ਬੈਠਣ ਦੀ ਲੋੜ ਹੈ।

ਸਮਾਜਕ ਨਿਆਂ ਵਾਲੇ ਸਮਾਜਕ ਮਹੌਲ ਵੱਲ ਵਧਣਾ ਸਾਡੇ ਵਰਗੇ ਦੇਸ਼ ਦੀ ਇਤਿਹਾਸਕ ਲੋੜ ਹੈ। ਜੁਰਮਾਂ ਅਤੇ ਸਮਾਜ ਵਿਰੋਧੀ ਤੱਤਾਂ ਨੂੰ ਨਕੇਲ ਪਾਉਣਾ ਫੌਰੀ ਜ਼ਰੂਰਤ ਹੈ। ਭ੍ਰਿਸ਼ਟਾਚਾਰ ਦਾ ਘੁਣ ਸਾਡੇ ਸਮੁੱਚੇ ਰਾਜਸੀ, ਪ੍ਰਸ਼ਾਸ਼ਕੀ ਅਤੇ ਸਮਾਜਕ ਕੀਮਤਾਂ ਵਾਲੇ ਢਾਂਚੇ ਨੂੰ ਅੰਦਰੋਂ ਬਾਹਰੋਂ ਖਾ ਰਿਹਾ ਹੈ। ਇਸ ਨੂੰ ਰੋਕੇ ਬਿਨਾ ਕਿਸੇ ਨੀਤੀ ਨੇ ਕੋਈ ਨਤੀਜਾ ਨਹੀਂ ਕੱਢਣਾ।

ਪਿਆਰ, ਸਾਦਗੀ, ਸੁਹਿਰਦਤਾ, ਕਿਰਤ, ਵੰਡ ਖਾਣਾ, ਕੁਦਰਤ ਦਾ ਸ਼ੁਕਰਾਨਾ, ਸਭ ਦੀ ਸੁੱਖ ਮੰਗਣੀ, ਵੱਡਿਆਂ ਦਾ ਆਦਰ, ਸਵੈ ਮਾਣ, ਬਹਾਦਰੀ, ਗਿਆਨ, ਪ੍ਰਾਹੁਣਚਾਰੀ, ਮੇਲ ਜੋਲ, ਗੱਪ ਸ਼ੱਪ ਸਾਡੀਆਂ ਬਹੁਤ ਵੱਡੀਆਂ ਸਮਾਜਕ, ਨੈਤਿਕ ਅਤੇ ਧਾਰਮਿਕ ਕਦਰਾਂ ਹਨ। ਦੇਸ਼ ਦਾ ਮੌਜੂਦਾ ਮਹੌਲ ਇਹਨਾ ਸਭਨਾ ਨੂੰ ਵੀ ਮਾਰ ਰਿਹਾ ਹੈ। ਬਦਲਵਾਂ ਮਹੌਲ, ਬਦਲਵੀਆ ਨੀਤੀਆਂ ਅਤੇ ਯੋਗ ਲੀਡਰਸ਼ਿਪ ਹੀ ਸਾਡੇ ਮੁਲਕ ਨੂੰ ਇਸ ਡੋਬੂ ਘੁੰਮਣਘੇਰੀ ਵਿਚੋਂ ਕੱਢ ਸਕਦੀ ਹੈ।

ਇਸ ਪੱਖੋਂ ਵਿਰੋਧੀ ਪਾਰਟੀਆਂ ਲਈ ਹਾਲਾਤ ਵੀ ਚੁਣੌਤੀਪੂਰਨ ਹੀ ਹਨ। ਲਗਦਾ ਕਿ ਵਿਰੋਧੀ ਪਾਰਟੀਆਂ ਦੇ ਅੰਦਰ ਅਤੇ ਜਨਤਾ ਵਿਚ ਇਸ ਸਭ ਕਾਸੇ ਲਈ ਵੱਡੇ ਸਾਰਥਕ ਅੰਦੋਲਨ ਦੀ ਲੋੜ ਹੈ।

ਸ਼ਾਕਾਹਾਰ ਜਾਂ ਮਾਸਾਹਾਰ

ਮਾਸਾਹਾਰੀ ਹੋਣਾ ਜਾ ਸ਼ਾਕਾਹਾਰੀ ਹੋਣਾ ਕਿਸੇ ਵਿਅਕਤੀ ਦਾ ਜਨਮ ਸਿੱਧ ਅਧਿਕਾਰ ਹੈ। ਜੇ ਕੋਈ ਵਿਅਕਤੀ ਤੁਹਾਡੇ ਇਸ ਅਧਿਕਾਰ ਵਿਚ ਦਖ਼ਲ ਅੰਦਾਜ਼ੀ ਕਰਦਾ ਹੈ ਤਾਂ ਤੁਹਾਨੂੰ ਬਰਦਾਸਤ ਨਹੀਂ ਕਰਨਾ ਚਾਹੀਦਾ। ਵਿਆਹ ਇੱਕ ਅਜਿਹਾ ਬੰਧਨ ਹੈ, ਜਿਸ ਵਿੱਚ ਜ਼ਿੰਦਗੀ ਭਰ ਨਾਲ ਨਿਭਣ ਦੇ ਵਾਅਦੇ ਹੁੰਦੇ ਹਨ। ਪਰ ਮੈਂ ਅਜਿਹੇ ਬਹੁਤ ਸਾਰੇ ਜੋੜੇ ਵੇਖੇ ਹਨ ਜਿਹੜੇ ਸ਼ਾਕਾਹਾਰੀ ਜਾਂ ਮਾਸਾਹਾਰੀ ਦੇ ਚੱਕਰ ਵਿੱਚ ਆਪਣੀ ਵਿਆਹੁਤਾ ਜ਼ਿੰਦਗੀ ਵੀ ਬਰਬਾਦ ਕਰ ਲੈਂਦੇ ਹਨ। ਮੈਂ ਇੱਕ ਅਜਿਹੇ ਜੋੜੇ ਨੂੰ ਜਾਣਦਾ ਹਾਂ ਜੋ ਵਿਆਹ ਤੋਂ ਪਹਿਲਾਂ ਇੱਕ ਦੂਜੇ ਨੂੰ ਚੰਗੀ ਤਰ੍ਹਾਂ ਜਾਣਦੇ ਸਨ। ਲੜਕਾ ਨਾਸਤਿਕ ਵਿਚਾਰਾਂ ਦਾ ਤੇ ਲੜਕੀ ਰਾਧਾ ਸੁਆਮੀ ਪ੍ਰੀਵਾਰ ਨਾਲ ਸਬੰਧਤ ਸੀ। ਵਿਆਹ ਤੋਂ ਬਾਅਦ ਕੁਝ ਮਹੀਨੇ ਤਾਂ ਉਹਨਾਂ ਦੀ ਠੀਕ ਠਾਕ ਨਿਭਦੀ ਰਹੀ। ਇੱਕ ਦਿਨ ਲੜਕਾ ਘਰੇ ਬਣਾਉਣ ਲਈ ਮੀਟ ਲੈ ਆਇਆ ²ਤੇ ਘਰ ਵਾਲੀ ਨੇ ਉਸੇ ਦਿਨ ਆਪਣਾ ਬੋਰੀ ਬਿਸਤਰਾ ਚੁਬਾਰੇ ਵਿੱਚ ਲਾ ਲਿਆ। ਕੁਝ ਮਹੀਨੇ ਉਹ ਆਪਣਾ ਖਾਣਾ ਉੱਪਰ ਤਿਆਰ ਕਰਦੀ ਰਹੀ ਤੇ ਘਰ ਵਾਲਾ ਹੇਠਾਂ ਰਸੋਈ ਵਿਚ ਤਿਆਰ ਕਰ ਲੈਂਦਾ। ਪਰ ਇਹ ਸ਼ਾਕਾਹਾਰੀ ਤੇ ਮਾਸਾਹਾਰੀ ਦੀ ਲਕੀਰ ਹਰ ਰੋਜ਼ ਮੋਟੀ ਹੁੰਦੀ ਗਈ ਤੇ ਫਿਰ ਇੱਕ ਦਿਨ ਅਜਿਹਾ ਵੀ ਆ ਗਿਆ ਕਿ ਦੋਵੇਂ ਸਦਾ ਲਈ ਇੱਕ ਦੂਜੇ ਨੂੰ ਛੱਡ ਗਏ।

ਸੰਤਾਲੀ ਤੋਂ ਪਹਿਲਾਂ ਦੀ ਗੱਲ ਹੈ ਕਿ ਸਾਡੇ ਪਿੰਡ ਦੇ ਵਸਨੀਕ ਮੁਸਲਮਾਨਾਂ ਵਿੱਚੋਂ ਇੱਕ ਮੁਨਸ਼ੀ ਖਾਂ ਨੇ ਝੱਟਕਾ ਖਾ ਲਿਆ। ਮੁਸਲਮਾਨਾਂ ਦੀਆਂ ਰੁਹ ਰੀਤਾਂ ਹਿੰਦੂਆਂ ਨਾਲੋਂ ਬਿਲਕੁੱਲ ਵੱਖਰੀਆਂ ਹੁੰਦੀਆਂ ਹਨ। ਉਹ ਮੀਟ ਨੂੰ ਹਲਾਲ ਕਰਕੇ ਖਾਂਦੇ ਹਨ, ਭਾਵ ਬੱਕਰੇ ਨੂੰ ਮਾਰਨ ਸਮੇਂ ਉਸਦੀ ਗਰਦਨ ਨੂੰ ਹੌਲੀ-ਹੌਲੀ ਵੱਢਦੇ ਹਨ ਪਰ ਹਿੰਦੂ ਤਾਂ ਇਕੋ ਲਖ਼ਤ ਹੀ ਗਰਦਨ ਲਾਹ ਦਿੰਦੇ ਹਨ। ਮੁਸਲਮ ਬਰਾਦਰੀ ਅਨੁਸਾਰ ਮੁਨਸ਼ੀ ਖਾਂ ਨੇ ਝਟਕਾ ਖਾ ਕੇ ਉਹਨਾਂ ਦੀ ਬਿਰਾਦਰੀ ਵਿਰੁੱਧ ਅਪਰਾਧ ਕਰ ਦਿੱਤਾ ਸੀ। ਸੋ ਮੁਸਲਮਾਨ ਬਰਾਦਰੀ ਨੇ ਮੁਨਸੀ ਖਾਂ ਨੂੰ ਆਪਣੀ ਬਰਾਦਰੀ ਵਿੱਚੋਂ ਛੇਕ ਦਿੱਤਾ ਅਤੇ ਉਸਦਾ ਨਿਕਾਹ ਵੀ ਉਸਦੀ ਘਰਵਾਲੀ ਨਾਲੋਂ ਖ਼ਤਮ ਕਰ ਦਿੱਤਾ।

ਸੋ ਭਾਰਤ ਵਿੱਚ ਸ਼ਾਕਾਹਾਰੀ ਤੇ ਮਾਸਾਹਾਰੀ ਦੇ ਸਬੰਧ, ਸਾਡੇ ਸਮਾਜਕ ਤਾਣੇ ਬਾਣੇ ਵਿੱਚ ਬਹੁਤ ਵੱਡਾ ਰੋਲ ਅਦਾ ਕਰ ਰਹੇ ਹਨ। ਜਿਹੜਾ ਵੀ ਵਿਅਕਤੀ ਇਸ ਸ਼ਾਕਾਹਾਰੀ ਤੇ ਮਾਸਾਹਾਰੀ ਦੇ ਮੱਤਭੇਦ ਨੂੰ ਵਧਾਉਣ ਲਈ ਕਿਸੇ ਇੱਕ ਪਾਸੇ ਭੁਗਤ ਰਿਹਾ ਹੈ, ਮੇਰੀ ਸਮਝ ਅਨੁਸਾਰ ਉਹ ਭਾਰਤੀ ਸੰਵਿਧਾਨ ਵਿਚ ਦਰਜ ਅਖੰਡਤਾ ਵਾਲੀ ਮਦ ਦਾ ਮਜ਼ਾਕ ਉਡਾ ਰਿਹਾ ਹੈ। ਇਸ ਤਰ੍ਹਾਂ ਉਸਦੀ ਦੇਸ਼ ਭਗਤੀ ਦੀ ਭਾਵਨਾ ਤੇ ਪ੍ਰਸ਼ਨ ਚਿੰਨ੍ਹ ਲੱਗਦਾ ਹੈ?

ਕੌਣ ਸ਼ਾਕਾਹਾਰੀ ਹੈ ਤੇ ਕੌਣ ਮਾਸਾਹਾਰੀ? ਇਸ ਕਥਨ ਦੀ ਕੋਈ ਵੀ ਸਪੱਸ਼ਟ ਲਕੀਰ ਨਹੀਂ। ਕੁੱਝ ਵਿਅਕਤੀ ਦੁੱਧ ਨੂੰ ਜਾਨਵਰਾਂ ਦੀ ਪੈਦਾਇਸ਼ ਸਮਝਦੇ ਹੋਏ ਇਸ ਨੂੰ ਵੀ ਮਾਸਾਹਾਰੀ ਸ਼੍ਰੇਣੀ ਵਿੱਚ ਗਿਣਦੇ ਹਨ। ਕਈ ਮੱਛੀ ਤੇ ਆਂਡੇ ਨੂੰ ਸ਼ਾਕਾਹਾਰੀਆਂ ਦੀ ਸ਼੍ਰੇਣੀ ਵਿੱਚ ਰੱਖਦੇ ਹਨ। ਕਈ ਲਸਣ ਤੇ ਪਿਆਜ਼ ਦਾ ਇਸਤੇਮਾਲ ਵੀ ਆਪਣੇ ਖਾਣਿਆਂ ਵਿੱਚ ਨਹੀਂ ਕਰਦੇ। ਕਈ ਇਹ ਕਹਿੰਦੇ ਵੀ ਸੁਣੇ ਗਏ ਹਨ ਕਿ ਅਸੀਂ ਸਿਰਫ਼ ਉਹਨਾਂ ਆਂਡਿਆਂ ਦੀ ਵਰਤੋਂ ਕਰਦੇ ਹਾਂ ਜਿਹੜੇ ਅੱਜ ਦੇ ਯੁੱਗ ਦੇ ਪੋਲਟਰੀਫਾਰਮਾਂ ਵਿਚ ਪੈਦਾ ਹੁੰਦੇ ਹਨ। ਭਾਵ ਉਹ ਅਜਿਹੇ ਆਂਡਿਆਂ ਨੂੰ ਹੀ ਮਾਸਾਹਾਰੀ ਸ਼੍ਰੇਣੀ ਵਿਚ ਰੱਖਦੇ ਹਨ ਜਿਹੜੇ ਮੁਰਗੇ ਤੇ ਮੁਰਗੀਆਂ ਦੇ ਮੇਲ ਤੋਂ ਬਣਦੇ ਹਨ। ਬਹੁਤ ਸਾਰੇ ਵਿਅਕਤੀਆਂ ਤੋਂ ਜਦੋਂ ਮੈਂ ਇਹ ਜਾਣਕਾਰੀ ਮੰਗੀ ਕਿ ਉਹ ਸ਼ਾਕਾਹਾਰੀ ਜਾਂ ਮਾਸਾਹਾਰੀ ਕਿਉਂ ਹਨ? ਤਾਂ ਉਹਨਾਂ ਨੇ ਆਪਣੇ ਧਾਰਮਿਕ ਵਿਸ਼ਵਾਸ ਨੂੰ ਹੀ ਇਸ ਗੱਲ ਦਾ ਆਧਾਰ ਬਣਾਇਆ। ਸੋ ਇਸ ਬਹਿਸ ਨੂੰ ਧਰਮ ਦੀ ਕਸੌਟੀ ਤੋਂ ਵੀ ਪਰਖਣਾ ਜ਼ਰੂਰੀ ਹੈ। ਬਾਬਾ ਰਾਮ ਦੇਵ ਜੀ ਜੇ ਸ਼ਾਕਾਹਾਰੀ ਹੋਣ ਦਾ ਪ੍ਰਚਾਰ ਕਰ ਰਿਹਾ ਹੈ ਉਹ ਸਿਰਫ਼ ਇਸ ਕਰਕੇ ਕਰ ਰਿਹਾ ਹੈ ਕਿਉਂਕਿ ਉਸਦੀ ਪਾਲਣਾ ਪੋਸ਼ਣਾ ਇੱਕ ਹਿੰਦੂ ਪ੍ਰੀਵਾਰ ਵਿੱਚ ਹੋਈ ਹੈ। ਜੇ ਉਹ ਮੁਸਲਮ ਪ੍ਰੀਵਾਰ ਵਿੱਚ ਪੈਦਾ ਹੋਇਆ ਹੁੰਦਾ ਤਾਂ ਉਹ ਜ਼ਰੂਰ ਬਕਰੀਦ ਵਾਲੇ ਦਿਨ ਬੱਕਰੇ ਦਾ ਪ੍ਰਸ਼ਾਦ ਆਪਣੇ ਨਜ਼ਦੀਕੀਆਂ ਦੇ ਘਰਾਂ ਵਿਚ ਵੰਡ ਰਿਹਾ ਹੁੰਦਾ।

ਮਨੁੱਖੀ ਵਿਕਾਸ ਦੀਆਂ ਪਰਤਾਂ ਨੂੰ ਜੇ ਫਰੋਲਿਆ ਜਾਵੇ ਤਾਂ ਮਨੁੱਖ ਇੱਕ ਕਰੋੜ ਸੱਠ ਲੱਖ ਵਰ੍ਹੇ ਤੋਂ ਇਸ ਧਰਤੀ ਤੇ ਮੌਜੂਦ ਹੈ। ਆਪਣੀ ਹੋਂਦ ਦੇ ਸਮੇਂ ਤੋਂ ਲੈ ਕੇ ਇੱਕ ਕ੍ਰੋੜ ਉਨਾਹਟ ਲੱਖ ਸਾਲ ਤਾਂ ਉਹ ਜੰਗਲੀ ਜਾਨਵਰਾਂ ਦਾ ਸ਼ਿਕਾਰ ਕਰਕੇ ਹੀ ਆਪਣਾ ਢਿੱਡ ਭਰਦਾ ਰਿਹਾ ਹੈ। ਮੂੰਹ ਵਿਚ ਜਾੜਾਂ ਤੇ ਸੂਏ ਦੰਦ ਇਸ ਗੱਲ ਦਾ ਸਬੂਤ ਹਨ ਕਿ ਮਾਸ ਨੂੰ ਚਿੱਥਣ ਤੇ ਪਾੜਨ ਲਈ ਉਸ ਨੂੰ ਕਿਵੇਂ ਆਪਣੇ ਦੰਦਾਂ ਦਾ ਇਸਤੇਮਾਲ ਕਰਨਾ ਪੈਂਦਾ ਸੀ। ਲੱਗਭੱਗ ਸਤਾਰਾਂ ਹਜ਼ਾਰ ਕੁ ਸਾਲ ਪਹਿਲਾਂ ਕਿਸੇ ਪ੍ਰਾਚੀਨ ਮਾਨਵ ਨੇ ਆਪਣੀ ਗੁਫ਼ਾ ਦੇ ਨੇੜੇ ਬੂਟੇ ਵਿੱਚੋਂ ਝੜੇ ਦਾਣਿਆਂ ਨੂੰ ਪੁੰਗਰਦਾ ਹੋਇਆ ਵੇਖ ਕੇ ਫ਼ਸਲਾਂ ਬੀਜਣ ਦਾ ਢੰਗ ਲੱਭ ਲਿਆ। ਇਹਨਾਂ ਢੰਗਾਂ ਵਿੱਚ ਵਿਕਾਸ ਕਰਕੇ ਹੀ ਉਹ ਫ਼ਸਲਾਂ ਪੈਦਾ ਕਰਨ ਲੱਗ ਪਿਆ। 19ਵੀਂ ਸਦੀ ਦੇ ਅਖ਼ੀਰ ਤੱਕ ਕਿਸੇ ਵੇਲੇ ਵੀ ਉਹ ਅਨਾਜ਼ ਦੀ ਐਨੀ ਬਹੁਤਾਤ ਨਹੀਂ ਸੀ ਪੈਦਾ ਕਰ ਸਕਿਆ ਕਿ ਉਸਦੀ ਨਿਰਭਰਤਾ ਜੰਗਲੀ ਜੀਵਾਂ ਦੇ ਸ਼ਿਕਾਰ ਤੋਂ ਖ਼ਤਮ ਹੋ ਜਾਂਦੀ। ਵੱਖ-ਵੱਖ ਇਲਾਕਿਆਂ ਵਿੱਚ ਪੈਂਦੇ ਅਕਾਲਾਂ ਸਮੇਂ ਆਪਣੇ ਘਰੇਲੂ ਜਾਨਵਰਾਂ ਨੂੰ ਮਾਰ ਕੇ ਆਪਣੇ ਪ੍ਰੀਵਾਰ ਦਾ ਢਿੱਡ ਭਰਨਾ ਉਹਨਾਂ ਦੀ ਮਜ਼ਬੂਰੀ ਹੁੰਦਾ ਸੀ। 20ਵੀਂ ਸਦੀ ਦੇ ਪੰਜਵੇਂ ਦਹਾਕੇ ਵਿੱਚ ਚੀਨ ਵੀ ਭਿਅੰਕਰ ਆਕਾਲ ਦੀ ਗ੍ਰਿਫ਼ਤ ਵਿੱਚ ਆ ਗਿਆ ਸੀ। ਉਸ ਸਮੇਂ ਦੇ ਚੇਅਰਮੈਨ ਕਾਮਰੇਡ ‘ਮਾਓ ਜੇ ਤੁੰਗ’ ਨੇ ਚੀਨੀ ਲੋਕਾਂ ਨੂੰ ਖੁਦ ਕਿਹਾ ਸੀ ਕਿ ‘‘ਮਰਨ ਨਾਲੋਂ ਤਾਂ ਚੰਗਾ ਹੈ ਕਿ ਚਿੜੀਆਂ ਕਬੂਤਰ ਜੋ ਕੁਝ ਵੀ ਮਿਲਦਾ ਹੈ ਉਹ ਖਾ ਲਏ ਜਾਣ।’’ ਦੂਜੀ ਜੰਗ ਸਮੇਂ ‘ਆਈ. ਐਨ. ਏ.’² ਦੇ ਫ਼ੌਜੀਆਂ ਦੇ ਮੂੰਹੋਂ ਮੈਂ ਇਹ ਗੱਲਾਂ ਸੁਣੀਆਂ ਹਨ ਕਿ ਬਰਮਾਂ ਦੀ ਲੜਾਈ ਸਮੇਂ ਉਹ ਪਿਆਸੇ ਮਰਨ ਨਾਲੋਂ ਇੱਕ ਦੂਜੇ ਨੂੰ ਆਪਣੇ ਮੂੰਹਾਂ ਵਿੱਚ ਪੇਸ਼ਾਬ ਕਰਨ ਨੂੰ ਕਹਿੰਦੇ ਸਨ। ਸੋ ਅੱਜ ਦੇ ਵਿਗਿਆਨ ਨੇ ਸਾਡੇ ਕੋਲ ਅਨਾਜ਼ ਦੀ ਬਹੁਤਾਤ ਕਰ ਦਿੱਤੀ ਹੈ। ਇਸ ਲਈ ਸ਼ਾਕਾਹਾਰੀ ਜਾਂ ਮਾਸਾਹਾਰੀ ਹੋਣ ਦੀਆਂ ਦਲੀਲਾਂ ਦਿੱਤੀਆਂ ਜਾ ਰਹੀਆਂ ਹਨ। ਵੇਦ, ਭਾਰਤ ਦੇ ਪ੍ਰਾਚੀਨ ਗ੍ਰੰਥ ਹਨ। ਬਹੁਤੇ ਹਿੰਦੂ ਲੋਕ ਇਹਨਾਂ ਵਿੱਚ ਵਿਸ਼ਵਾਸ ਕਰਦੇ ਹਨ, ਇਹਨਾਂ ਦੀ ਰਚਨਾ ਅੱਜ ਤੋਂ ਤਿੰਨ ਹਜ਼ਾਰ ਸਾਲ ਪਹਿਲਾਂ ਹੋਈ ਹੈ। ਇਹਨਾਂ ਵਿੱਚ ਵੀ ਮਾਸ ਖਾਣ ਤੇ ਕੋਈ ਪਾਬੰਦੀ ਨਹੀਂ ਸੀ। ਜੇ ਕਿਸੇ ਹਿੰਦੂ ਨੂੰ ਪੁੱਛਿਆ ਜਾਵੇ ਕਿ ਸੁਨਿਹਰੀ ਹਿਰਨ ਵੇਖ ਕੇ ਸੀਤਾ ਨੇ ਰਾਮ ਨੂੰ ਉਸਦਾ ਪਿੱਛਾ ਕਰਨ ਲਈ ਕਿਉਂ ਭੇਜਿਆ ਸੀ। ਸਭ ਦਾ ਜੁਆਬ ਹੋਵੇਗਾ ਕਿ ਉਸ ਨੇ ਇਹ ਖਾਣੇ ਵਿੱਚ ਪਰੋਸਣਾ ਸੀ?

ਪ੍ਰਾਚੀਨ ਗਰੰਥਾਂ ਵਿੱਚ ਥਾਂ-ਥਾਂ ਤੇ ਪਸ਼ੂਆਂ ਦੀ ਬਲੀ ਦਿੱਤੇ ਜਾਣ ਦੇ ਢੰਗ ਤਰੀਕੇ ਦਿੱਤੇ ਹੋਏ ਹਨ। ਹਿਮਾਚਲ ਦੇ ਕਸਬੇ ਕੁੱਲੂ ਵਿਖੇ ਅੱਜ ਵੀ ਬੱਕਰਿਆਂ ਦੀ ਬਲੀ ਦੇ ਕੇ ਉਹਨਾਂ ਨੂੰ ਭੀਮ ਦੀ ਪਤਨੀ ਹੜੰਬਾ ਦੇਵੀ ਦੇ ਨਾਂ ਤੇ ਬਣੇ ਮੰਦਰ ਵਿੱਚ ਚੜ੍ਹਾਇਆ ਜਾਂਦਾ ਹੈ। ਅੱਜ ਵੀ ਉੱਥੇ ਜਾਨਵਰਾਂ ਦੀ ਬਲੀ ਦੇਣ ਲਈ ਬੇਦੀ ਹੈ ਅਤੇ ਜਾਨਵਰਾਂ ਦੀ ਬਲੀ ਦੇ ਛੁਰੇ ਉੱਥੇ ਪਏ ਹਨ।

ਮਨੂ ਸਮਿਰਤੀ ਦੇ ਸਲੋਕ 2/267-272 ਵਿਚ ਸਪੱਸ਼ਟ ਵਰਨਣ ਕੀਤਾ ਗਿਆ ਹੈ ਕਿ ਸਰਾਧਾਂ ਵਿੱਚ ਕਿਹੜੇ-ਕਿਹੜੇ ਪਸ਼ੂਆਂ ਦਾ ਮਾਸ ਖਾਣ ਨਾਲ ਸਾਡੇ ਪਿਤਰ ਕਿੰਨੇ-ਕਿੰਨੇ ਸਮੇਂ ਲਈ ਤ੍ਰਿਪਤ ਹੋ ਸਕਦੇ ਹਨ।

ਸੂਰ ਤੇ ਮੱਝਾਂ ਦਾ ਮਾਸ ਪਿਤਰਾਂ ਨੂੰ ਦਸ ਮਹੀਨੇ ਤੱਕ ਤ੍ਰਿਪਤ ਕਰ ਦਿੰਦਾ ਹੈ। ਖਰਗੋਸ਼ ਅਤੇ ਕੱਛੂਆਂ ਦਾ ਮਾਸ ਪਿਤਰਾਂ ਨੂੰ 11 ਮਹੀਨੇ ਤੱਕ ਤ੍ਰਿਪਤ ਕਰ ਦਿੰਦਾ ਹੈ।                      (  ਮਨੂ ਸਮਿਰਤੀ 3/270)

ਜੋ ਮਨੁੱਖ ਵਿਧੀ ਪੂਰਵਕ ਮਾਸ ਨਹੀਂ ਖਾਂਦਾ ਉਹ ਮਰਨ ਪਿੱਛੋਂ ਵੀ 21 ਵਾਰ ਪਸ਼ੂ ਦੀ ਜੂਨ ਵਿਚ ਪੈਂਦਾ ਹੈ।                 ( ਮਨੂ ਸਮਿਰਤੀ 5/35)

ਗਊ ਮਾਸ ਬਾਰੇ ਕਿਹਾ ਗਿਆ ਹੈ ਕਿ ਉਹਨੂੰ ਖਾ ਕੇ ਪਿੱਤਰ ਸਾਲ ਭਰ ਲਈ ਤ੍ਰਿਪਤ ਹੋ ਜਾਂਦੇ ਹਨ।          ( ਗੋਮਤ ਧਰਮ ਸੂਤਰ 7/16/25-26)

ਅਜਿਹੇ ਅਨੇਕਾਂ ਹੀ ਸਲੋਕ ਪ੍ਰਾਚੀਨ ਵੇਦਾਂ ਵਿਚ ਉਪਲਬਧ ਹਨ ਜਿਹੜੇ ਮਾਸਾਹਾਰੀ ਹੋਣ ਨੂੰ ਪ੍ਰੇਰਦੇ ਹਨ। ਪਰ ਫਿਰ ਵੀ ਬਹੁਤੇ ਹਿੰਦੂ ਸ਼ਾਕਾਹਾਰੀ ਹੋਣ ਨੂੰ ਤਰਜੀਹ ਦਿੰਦੇ ਹਨ।

ਜੇ ਅਸੀਂ ਪ੍ਰਾਚੀਨ ਇਤਿਹਾਸ ਦੀਆਂ ਤੈਹਾਂ ਫਰੋਲੀਏ ਤਾਂ ਸਾਨੂੰ ਸਪੱਸ਼ਟ ਹੋ ਜਾਵੇਗਾ ਕਿ ਭਾਰਤ ਵਿੱਚ ਅੱਜ ਤੋਂ 2500 ਵਰ੍ਹੇ ਪਹਿਲਾਂ ਬੁੱਧ ਧਰਮ ਦਾ ਜਨਮ ਹੋਇਆ ਸੀ। ਗੌਤਮ ਬੁੱਧ ਨੇ ਅਹਿੰਸਾ ਦਾ ਪ੍ਰਚਾਰ ਕੀਤਾ ਸੀ। ਇਸ ਲਈ ਉਹ ਕਹਿੰਦਾ ਸੀ ਕਿ ਜੀਵ ਜੰਤੂਆਂ ਨੂੰ ਖਾਣ ਲਈ ਉਹਨਾਂ ਦੀ ਹੱਤਿਆ ਨਾ ਕਰੋ। ਉਸ ਤੋਂ ਕੁਝ ਸਮੇਂ ਬਾਅਦ ਪੈਦਾ ਹੋਏ ਜੈਨੀ ਸੰਤਾਂ ਨੇ ਤਾਂ ਆਪਣੇ ਚੇਲਿਆਂ ਨੂੰ ਮਾਸ ਖਾਣ ਤੋਂ ਬਿਲਕੁੱਲ ਹੀ ਰੋਕ ਦਿੱਤਾ। ਬਹੁਤ ਸਾਰੇ ਹਿੰਦੂ, ਬੋਧੀ ਤੇ ਜੈਨ ਧਰਮ ਨੂੰ ਅਪਣਾਉਣ ਲੱਗ ਪਏ ਸਨ। ਉਸ ਸਮੇਂ ਦੇ ਬ੍ਰਾਹਮਣਾਂ ਨੇ ਲੋਕਾਂ ਵਿੱਚ ਸ਼ਾਕਾਹਾਰੀ ਹੋਣ ਦੀ ਪ੍ਰਵਿਰਤੀ ਨੂੰ ਭਾਂਪ ਕੇ ਇਸਦਾ ਇਸਤੇਮਾਲ ਹਿੰਦੂ ਧਰਮ ਨੂੰ ਮੁੜ ਸਥਾਪਤ ਕਰਨ ਲਈ ਕਰਨਾ ਸ਼ੁਰੂ ਕਰ ਦਿੱਤਾ। ਹਜ਼ਾਰਾਂ ਸਾਲਾਂ ਦੇ ਇਸ ਬ੍ਰਾਹਮਣੀ ਪ੍ਰਚਾਰ ਨੇ ਪ੍ਰਾਚੀਨ ਗਰੰਥਾਂ ਵਿਚ ਮਾਸਾਹਾਰ ਦੇ ਪੱਖ ਵਿੱਚ ਲਿਖਿਆ ਹੋਣ ਦੇ ਬਾਵਜੂਦ ਬਹੁਤੇ ਲੋਕਾਂ ਨੂੰ ਸ਼ਾਕਾਹਾਰੀ ਬਣਾ ਦਿੱਤਾ।

ਸ਼ਾਕਾਹਾਰੀ ਜਾਂ ਮਾਸਾਹਾਰੀ ਹੋਣ ਦੇ ਆਪਣੇ-ਆਪਣੇ ਫ਼ਾਇਦੇ ਤੇ ਆਪਣੇ-ਆਪਣੇ ਨੁਕਸਾਨ ਹਨ। ਸ਼ਾਕਾਹਾਰੀ ਭੋਜਣ ਚਿੱਥਣ ਤੇ ਹਜ਼ਮ ਕਰਨ ਲਈ ਸੁਖਾਲਾ ਹੁੰਦਾ ਹੈ। ਇਸ ਵਿੱਚ ਚਿਕਨਾਈ ਘੱਟ ਹੁੰਦੀ ਹੈ। ਮਾਸਾਹਾਰੀ ਦੇ ਮੁਕਾਬਲੇ ਇਹ ਸਸਤਾ ਵੀ ਹੁੰਦਾ ਹੈ। ਪਰ ਜੇ ਤੁਸੀਂ ਸ਼ਾਕਾਹਾਰੀ ਹੀ ਹੋ ਤਾਂ ਤੁਹਾਡੇ ਵਿੱਚ ਵਿਟਾਮਿਨ 212 ਦੀ ਘਾਟ ਹੋ ਸਕਦੀ ਹੈ। ਇਸ ਘਾਟ ਨਾਲ ਤੁਹਾਡੇ ਦਿਮਾਗ਼ ਨੂੰ ਅਜਿਹਾ ਨੁਕਸਾਨ ਪੁੱਜ ਸਕਦਾ ਹੈ ਜਿਸਦੀ ਪੂਰਤੀ ਹੋ ਨਹੀਂ ਸਕਦੀ। ਪੌਦਿਆਂ ਵਿਚ ਵੀ ਜਾਨ ਹੁੰਦੀ ਹੈ ਇਹ ਵੀ ਪੀੜ ਮਹਿਸੂਸ ਕਰਦੇ ਹਨ। ਸ਼ਾਕਾਹਾਰੀ ਹੋਣ ਦਾ ਮਤਲਬ ਵੱਧ ਪੌਦਿਆਂ ਨੂੰ ਜਾਂ ਪੌਦੇ ਪੈਦਾ ਕਰਨ ਵਾਲੇ ਬੀਜਾਂ ਨੂੰ ਖਾਣਾ ਹੁੰਦਾ ਹੈ। ਪਸ਼ੂਆਂ ਦੇ ਮੁਕਾਬਲੇ ਇਹ ਜ਼ਿਆਦਾ ਭੋਲੇ-ਭਾਲੇ ਤੇ ਬੇਕਸੂਰ ਹੁੰਦੇ ਹਨ। ਕਿਸੇ ਪਸ਼ੂ ਨੇ ਤਾਂ ਤੁਹਾਡੇ ਸਿੰਗ ਜਾਂ ਖੁਰ ਮਾਰਿਆ ਹੋ ਸਕਦਾ ਹੈ ਪਰ ਕਿਸੇ ਪੌਦੇ ਨੇ ਅਜਿਹਾ ਨਹੀਂ ਕੀਤਾ ਹੋਵੇਗਾ।

ਮਾਸਾਹਾਰੀ ਭੋਜਨ ਵਿੱਚ ਬੀ. ਕੰਪਲੈਕਸ, 212 ਅਤੇ ਭਰਪੂਰ ਮਾਤਰਾ ਵਿੱਚ ਪ੍ਰੋਟੀਨ ਹੁੰਦੇ ਹਨ ਜੋ ਤੁਹਾਡੇ ਸਰੀਰ ਲਈ ਜ਼ਰੂਰੀ ਹਨ। ਮੱਛੀ ਕੈਲਸ਼ੀਅਮ ਦਾ ਖਜ਼ਾਨਾ ਹੁੰਦੀ ਹੈ। ਆਂਡੇ ਵਿੱਚ ਵੀ ਵੱਡੀ ਮਾਤਰਾ ਵਿੱਚ ਪ੍ਰੋਟੀਨ ਹੁੰਦਾ ਹੈ ਅਤੇ ਇਹ ਹਜ਼ਮ ਕਰਨੇ ਵੀ ਸੁਖਾਲੇ ਹੁੰਦੇ ਹਨ।

ਇਸ ਗੱਲ ਦਾ ਬਹੁਤ ਪ੍ਰਚਾਰ ਕੀਤਾ ਜਾਂਦਾ ਹੈ ਕਿ ਮਾਸਾਹਾਰੀ ਭੋਜਨ ਖਾਣ ਵਾਲੇ ਜ਼ਾਲਮ ਰੁਚੀਆਂ ਵਾਲੇ ਬਣ ਜਾਂਦੇ ਹਨ। ਅਜਿਹਾ ਨਹੀਂ ਹੈ। ਦੁਨੀਆਂ ਵਿੱਚ ਸਭ ਤੋਂ ਵੱਧ ਬੰਦੇ ਦੂਜੀ ਸੰਸਾਰ ਜੰਗ ਵਿਚ ਜਰਮਨੀ ਦੇ ‘ਡਿਕਟੇਟਰ ਹਿਟਲਰ’ ਨੇ ਮਾਰੇ ਸੀ। ਉਸਨੇ ਯਹੂਦੀਆਂ ਲਈ ਗੈਸ ਚੈਂਬਰ ਬਣਾਏ ਹੋਏ ਸਨ। ਇਕੱਠੇ ਸੈਂਕੜੇ ਵਿਅਕਤੀਆਂ ਨੂੰ ਇਹ ਇਹਨਾਂ ਚੈਂਬਰਾਂ ਵਿੱਚ ਸੁੱਟ ਕੇ ਹੀ ਮਾਰ ਦਿੰਦਾ ਸੀ। ਇਸ ਵਿਅਕਤੀ ਨੇ ਕਦੇ ਮਾਸ ਨਹੀਂ ਸੀ ਖਾਧਾ। ਗੁਜਰਾਤ ਦੇ ਮੁੱਖ ਮੰਤਰੀ ਹੁੰਦਿਆਂ ਮੋਦੀ ਨੇ ਹਜ਼ਾਰਾਂ ਮੁਸਲਮਾਨਾਂ ਨੂੰ ਦੰਗਿਆਂ ਰਾਹੀਂ ਕਤਲ ਕਰਵਾ ਦਿੱਤਾ ਸੀ ਉਹ ਵੀ ਸ਼ਾਕਾਹਾਰੀ ਹੈ। ਸੋ ਇਤਿਹਾਸ ਵਿੱਚੋਂ ਤੁਹਾਨੂੰ ਅਜਿਹੀਆਂ ਲੱਖਾਂ ਉਦਾਹਰਣਾਂ ਮਿਲ ਸਕਦੀਆਂ ਹਨ, ਜਿਹੜੀਆਂ ਸ਼ਾਕਾਹਾਰੀਆਂ ਦੇ ਜ਼ੁਲਮਾਂ ਨਾਲ ਭਰੀਆਂ ਪਈਆਂ ਹਨ।

ਇਸ ਗੱਲ ਦਾ ਪ੍ਰਚਾਰ ਵੀ ਬੜੇ ਜ਼ੋਰ ਸੋਰ ਨਾਲ ਕੀਤਾ ਜਾਂਦਾ ਹੈ ਕਿ ਮਾਸਾਹਾਰੀ ਹੋਣ ਨਾਲ ਬੁੱਧੀ ਭ੍ਰਿਸ਼ਟ ਹੋ ਜਾਂਦੀ ਹੈ। ਜੇ ਸ਼ਾਕਾਹਾਰੀ ਦਾ ਸਬੰਧ ਬੁੱਧੀਮਾਨੀ ਨਾਲ ਹੁੰਦਾ ਭਾਰਤ ਵਿਚ ਨੋਬਲ ਪ੍ਰਾਈਜ ਜਿੱਤਣ ਵਾਲਿਆਂ ਦੀ ਘਾਟ ਨਾ ਹੁੰਦੀ। ਅੱਜ ਸਮੁੱਚੀ ਦੁਨੀਆਂ ਵਿੱਚੋਂ ਬਹੁਤੇ ਨੋਬਲ ਪ੍ਰਾਈਜ ਅਮਰੀਕੀਆਂ ਕੋਲ ਜਾਂਦੇ ਹਨ, ਭਾਵੇਂ ਉਹ ਬਹੁਤੇ ਮਾਸਾਹਾਰੀ ਹਨ।

ਇਸ ਗੱਲ ਦੀ ਵੀ ਦੁਹਾਈ ਦਿੱਤੀ ਜਾਂਦੀ ਹੈ ਕਿ ਮਾਸਾਹਾਰ ਨਾਲ ¦ਮੀ ਜ਼ਿੰਦਗੀ ਦਾ ਸਬੰਧ ਹੁੰਦਾ ਹੈ। ਸ਼ਾਕਾਹਾਰੀ ਵਿਅਕਤੀ ਹੀ ¦ਬੀ ਜ਼ਿੰਦਗੀ ਜਿਉਂਦੇ ਹਨ। ਚੀਨ, ਸਵੀਡਨ ਤੇ ਜਾਪਾਨ ਦੇ ਲੋਕਾਂ ਦੀ ਉਮਰ ¦ਮੀ ਹੁੰਦੀ ਹੈ। ਭਾਵੇਂ ਉਹ ਬਹੁਤੇ ਮਾਸਾਹਾਰੀ ਹਨ। ਪਰ ਮੈਂ ਨਹੀਂ ਸਮਝਦਾ ਕਿ ਸ਼ਾਕਾਹਾਰ ਜਾਂ ਮਾਸਾਹਾਰ ਦਾ ¦ਮੀ ਉਮਰ ਨਾਲ ਕੋਈ ਸਬੰਧ ਹੈ। ¦ਮੀ ਉਮਰ ਤਾਂ ਤੁਹਾਡੇ ਜ਼ਿੰਦਗੀ ਜਿਉਣ ਦੇ ਢੰਗ ਤੇ ਤੁਹਾਡੀ ਸੋਚ ਵਿੱਚ ਪਈ ਹੈ। ਜੇ ਤੁਸੀਂ ਆਪਣੀ ਜ਼ਿੰਦਗੀ ਨੂੰ ¦ਮਾ ਕਰਨਾ ਚਾਹੁੰਦੇ ਹੋ ਤਾਂ ਸਰੀਰ ਤੋਂ ਕੰਮ ਲਉ ਭਾਵ ਕਸਰਤ ਕਰੋ। ਘੱਟ ਖਾਣਾ ਤੇ ਲੋੜ ਅਨੁਸਾਰ ਖਾਣਾ ਤੇ ਸੰਤੁਲਤ ਖਾਣਾ ਆਪਣੇ ਜੀਵਨ ਦਾ ਅੰਗ ਬਣਾਉ। ਬੀਮਾਰੀ ਦੀ ਸੂਰਤ ਵਿਚ ਆਪਣੀ ਜੇਬ ਅਨੁਸਾਰ ਤੁਰੰਤ ਵਧੀਆ ਤੋਂ ਵਧੀਆ ਡਾਕਟਰ ਦੀ ਸਲਾਹ ਤੇ ਦਵਾਈਆਂ ਨੂੰ ਵਰਤੋ।

ਸਾਨੂੰ ਤੁਰਨ ਫਿਰਨ ਲਈ ਊਰਜਾ ਦੀ ਲੋੜ ਹੈ। ਇਹ ਊਰਜਾ ਅਸੀਂ ਸ਼ਾਕਾਹਾਰ ਤੋਂ ਪ੍ਰਾਪਤ ਕਰਦੇ ਹਾਂ ਜਾਂ ਮਾਸਾਹਾਰ ਤੋਂ, ਇਹ ਸਾਡੀ ਆਪਣੀ ਮਰਜ਼ੀ ਹੈ। ਇਸ ਊਰਜਾ ਦੀ ਪੂਰਤੀ ਹੋਣੀ ਹੀ ਚਾਹੀਦੀ ਹੈ। ਸ਼ਾਕਾਹਾਰ ਜਾਂ ਮਾਸਾਹਾਰ ਦੇ ਝਗੜੇ ਵਿਚ ਪੈਣ ਨਾਲੋਂ ਜਾਂ ਲੋਕਾਂ ਨੂੰ ਪਾਉਣ ਨਾਲੋਂ ਸਾਨੂੰ ਭੁੱਖਮਰੀ, ਗ਼ਰੀਬੀ, ਵਾਤਾਵਰਣ ਦੀ ਪ੍ਰਦੂਸ਼ਿਤਾ, ਵਧ ਰਹੀ ਆਬਾਦੀ, ਇਸਤਰੀ ਭਰੂਣ ਹੱਤਿਆ ਅਤੇ ਧਾਰਮਿਕ ਦੰਗਿਆਂ ਰਾਹੀਂ ਕੀਤੇ ਜਾ ਰਹੇ ਮਨੁੱਖੀ ਘਾਣ ਵਰਗੀਆਂ ਸਮੱਸਿਆਵਾਂ ਵੱਲ ਧਿਆਨ ਦੇਣਾ ਚਾਹੀਦਾ ਹੈ।


ਮਾਂ

ਮਾਂ ਇੱਕ ਅਜਿਹਾ ਸ਼ਬਦ ਹੈ ਜਿਸ ਨੂੰ ਬੋਲਣ ਲੱਗੇ ਧੁਰ ਅੰਦਰ ਤੋਂ ਆਵਾਜ਼ ਨਿਕਲਦੀ ਹੈ। ਜਿਸ ਨੂੰ ਬੋਲ ਕੇ ਮੂੰਹ ਮਿਠਾਸ ਨਾਲ ਭਰਿਆ ਮਹਿਸੂਸ ਹੁੰਦਾ ਹੈ। ਇਸ ਸ਼ਬਦ ਦੇ ਰਸ ਨਾਲ ਜ਼ੁਬਾਨ ਤਰੋ ਤਾਜ਼ਾ ਹੋ ਜਾਂਦੀ ਹੈ। ਰੱਬ ਦੁਆਰਾ ਪੈਦਾ ਕੀਤੇ ਇਸ ਜੀਵ (ਜਿਸ ਨੂੰ ਰੱਬ ਦਾ ਦੂਜਾ ਰੂਪ ਵੀ ਕਿਹਾ ਜਾਂਦਾ ਹੈ) ਦੇ ਗੁਣਾਂ ਦੀ ਮਹਿਮਾਂ ਨੂੰ ਸ਼ਬਦਾਂ ਵਿੱਚ ਪ੍ਰਗਟਾਇਆ ਜਾਂ ਬਿਆਨ ਨਹੀਂ ਕੀਤਾ ਜਾ ਸਕਦਾ। ਇੱਕ ਚੰਗੇ ਮਨੁੱਖ ਦਾ (ਭਾਵੇਂ ਕਿਸੇ ਵੀ ਅਹੁਦੇ ਤੇ ਪਹੁੰਚ ਜਾਵੇ) ਇਥੋਂ ਤੱਕ ਕਿ ਗੁਰੂ, ਪੀਰ, ਪੈਗੰਬਰ ਆਦਿ ਦਾ ਵੀ ਸਿਰ ਮਾਂ ਦੇ ਅੱਗੇ ਸ਼ਰਧਾ ਨਾਲ ਆਪਣੇ ਆਪ ਹੀ ਝੁੱਕ ਜਾਂਦਾ ਹੈ। ਉਹ ਮਾਂ ਹੀ ਹੈ ਜੋ ਆਪਣੀ ਜਾਨ ਨੂੰ ਜੋਖਿਮ ਵਿੱਚ ਪਾ ਕੇ ਬੱਚੇ ਨੂੰ ਜਨਮ ਦਿੰਦੀ ਹੈ। ਬੱਚੇ ਦੇ ਛੋਟੇ ਹੋਣ ਦੀ ਅਵਸਥਾ ਵਿੱਚ ਰਾਤ ਨੂੰ ਖੁਦ ਗਿੱਲੀ ਜਗ੍ਹਾ ਸੌ ਜਾਂਦੀ ਹੈ ਤੇ ਬੱਚੇ ਨੂੰ ਸੁੱਕੀ ਜਗ੍ਹਾ ਸੁਲਾਂਉਦੀ ਹੈ। ਗੱਲ ਕੀ ਜਿਸਨੂੰ ਅਸੀਂ ਮਾਂ ਕਹਿੰਦੇ ਹਾਂ ਉਹ ਰੱਬ ਦੁਆਰਾ ਬਣਾਇਆ ਅਜਿਹਾ ਜੀਵ ਹੈ ਜੋ ਕਿ ਆਪਣੀਆਂ ਸਾਰੀਆਂ ਸੁੱਖ ਸੁਵਿਧਾਵਾਂ ਦਾ ਤਿਆਗ ਕਰਕੇ, ਦੁੱਖ ਤਕਲੀਫਾਂ ਨੂੰ ਹੱਸ ਕੇ ਸਹਾਰਦੇ ਹੋਏ, ਬੱਚੇ ਦੀ ਦੇਖ-ਭਾਲ ਕਰਕੇ ਉਸਨੂੰ ਧਰਤੀ ਤੇ ਚੱਲਣ ਵਾਲਾ ਜੀਵ ਬਣਾ ਦਿੰਦੀ ਹੈ। ਮਾਂ ਨੂੰ ਬੱਚੇ ਦੇ ਪਹਿਲੇ ਅਧਿਆਪਕ ਹੋਣ ਦਾ ਮਾਣ ਪ੍ਰਾਪਤ ਹੈ। ਮਾਂ ਦੁਆਰਾ ਦਿੱਤੀ ਸਿੱਖਿਆ ਅਤੇ ਸੰਸਕਾਰ ਪੂਰੀ ਉਮਰ ਵਿਅਕਤੀ ਦੇ ਨਾਲ ਰਹਿੰਦੇ ਹਨ। ਮਾਂ ਦੇ ਬੱਚੇ ਦੇ ਪ੍ਰਤੀ ਇਸ ਸਮਰਪਣ ਦੇ ਕਾਰਨ ਹੀ ਇਸਲਾਮ ਧਰਮ ਵਿੱਚ ਕਿਹਾ ਗਿਆ ਹੈ ਕਿ “ਮਾਂ ਦੇ ਪੈਰਾਂ ਹੇਠ ਜੰਨਤ (ਸਵਰਗ) ਹੈ”। ਭਾਵ ਮਾਂ ਦੀ ਸੇਵਾ ਅਤੇ ਸਤਿਕਾਰ ਕੀਤਾ ਬਿਨ੍ਹਾਂ ਸਵਰਗ ਦੀ ਪ੍ਰਾਪਤੀ ਅਸੰਭਵ ਹੈ। ਜੋ ਕਿ ਮਾਂ ਦੇ ਉੱਚੇ ਮੁਕਾਮ ਵੱਲ ਸੰਕੇਤ ਕਰਦਾ ਹੈ।

ਮਾਂ ਦੇ ਸਨਮਾਨ ਵਿੱਚ ਵਿਸ਼ਵ ਪੱਧਰ ਤੇ ਹਰ ਸਾਲ ਮਈ ਮਹੀਨੇ ਦੇ ਦੂਸਰੇ ਐਤਵਾਰ ਨੂੰ ਮਾਂ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਪਰ ਮੈਂ ਸਮਝਦਾ ਹਾਂ ਕਿ ਪੂਰੇ ਸਾਲ ਵਿੱਚ ਇੱਕ ਦਿਨ ਨੂੰ ਮਾਂ ਦਿਵਸ ਦੇ ਰੂਪ ਵਿੱਚ ਮਨਾ ਲੈਣਾ ਸਾਡੇ ਸੱਭਿਆਚਾਰ, ਸਾਡੀਆਂ ਸਮਾਜਿਕ ਅਤੇ ਧਾਰਮਿਕ ਪਰੰਪਰਾਵਾਂ ਦੇ ਅਨੁਸਾਰ ਠੀਕ ਨਹੀਂ। ਜਦੋਂ ਕਿ ਸਾਡੀਆਂ ਧਾਰਮਿਕ ਪੁਸਤਕਾਂ ਅਤੇ ਸਮਾਜਿਕ ਪਰੰਪਰਾਵਾਂ ਤਾਂ ਇਹ ਕਹਿੰਦੀਆਂ ਹਨ ਕਿ ਜੇਕਰ ਅਸੀਂ ਸਾਰੀ ਉਮਰ ਵੀ ਮਾਂ ਦੀ ਸੇਵਾ ਕਰ ਲਈਏ ਤਾਂ ਵੀ ਬੱਚੇ ਨੂੰ ਜਨਮ ਦਿੰਦੇ ਸਮੇਂ ਸਹਿਣ ਕੀਤੀਆਂ ਗਈਆਂ ਪ੍ਰਸੂਤਾ ਪੀੜਾਂ ਦਾ, ਉਹਨਾਂ ਰਾਤਾਂ ਦਾ ਜਦੋਂ ਉਹ ਖੁਦ ਬੱਚੇ ਦੇ ਪਿਸ਼ਾਬ ਕਰਨ ਵਾਲੇ ਸਥਾਨ ਤੇ ਸੋ ਕੇ ਬੱਚੇ ਨੂੰ ਸੁੱਕੀ ਜਗ੍ਹਾ ਸੁਲਾਂਉਦੀ ਸੀ ਦਾ ਮੁੱਲ ਨਹੀਂ ਮੋੜ ਸਕਦੇ । ਉਂਝ ਵੀ ਮਾਂ ਦੇ ਸਨਮਾਣ ਵਿੱਚ ਇਹ ਕਿਹੋ ਜਿਹਾ ਮਾਂ ਦਿਵਸ ਹੋਇਆ ਕਿ ਸੋਸਲ ਮੀਡੀਆ ਵਟਸ ਐਪ, ਟਵੀਟਰ ਜਾਂ ਫੇਸ ਬੁੱਕ ਆਦਿ ਤੇ ਮਾਂ ਦੇ ਸਨਮਾਨ ਲਈ ਕੁਝ ਸ਼ਬਦ ਜਾਂ ਸਲੋਗਨ ਅਪਲੋਡ ਕਰਕੇ ਜਾਂ ਸੈਮੀਨਾਰਾਂ ਆਦਿ ਵਿੱਚ ਭਾਸ਼ਣ ਦੇ ਕੇ ਮਾਂ ਦਿਵਸ ਨੂੰ ਲੋਕ ਦਿਖਾਵੇ ਦੇ ਸਾਧਨ ਮਾਤਰ ਦੇ ਰੂਪ ਵਿੱਚ ਮਨਾਉਣ ਦੀ ਪਰੰਪਰਾ ਆਰੰਭ ਕਰ ਲਈ ਗਈ ਹੈ। ਭਾਵੇਂ ਕਿ ਇਸ ਤਰ੍ਹਾਂ ਦਾ ਢੌਂਗ ਕਰਦੇ ਸਮੇਂ ਮਾਂ ਦਿਵਸ ਮਨਾਉਣ ਵਾਲਿਆਂ ਦੀ ਆਪਣੀ ਮਾਂ ਪਾਣੀ ਦੇ ਗਿਲਾਸ ਲਈ ਆਵਾਜ਼ਾਂ ਮਾਰ-ਮਾਰ ਕੇ ਥੱਕ ਗਈ ਹੋਵੇ ਜਿਸਨੂੰ ਕੇ ਗਲ ਸੁਕੱਣ ਦੇ ਕਾਰਨ, ਸਾਹ ਲੈਣਾ ਵੀ  ਔਖਾ ਹੋ ਰਿਹਾ ਹੋਵੇ ਤੇ ਬੇਟਾ ਮਾਂ ਦਿਵਸ ਮਨਾਉਣ ਵਿੱਚ ਰੁੱਝਿਆ ਹੋਵੇ। ਵਟਸ ਐਪ ਜਾਂ ਫੇਸ ਬੁੱਕ ਤੇ ਮਾਂ ਦੇ ਸਨਮਾਨ ਲਈ ਪਾੲ ਗਏੇ ਸਲੋਗਨਾਂ ਨੂੰ ਦੇਖ ਕੇ ਤਾਂ ਇਸ ਤਰ੍ਹਾਂ ਲੱਗਦਾ ਹੈ ਕੇ ਅੱਜ ਦੇ ਯੁੱਗ ਦੀ ਮਾਂ ਬਹੁਤ ਖੁਸ਼ ਕਿਸਮਤ ਹੈ ਕਿ ਉਸ ਨੂੰ ਇੰਨ੍ਹਾਂ ਪਿਆਰ ਤੇ ਸਤਿਕਾਰ ਕਰਨ ਵਾਲੀ ਔਲਾਦ ਮਿਲੀ ਹੈ। ਉਸਦੀ ਤਾਂ ਜੂਨੀ ਸੁਧਰ ਗਈ ਹੈ। ਦੁਨੀਆਂ ਭਰ ਦੀਆਂ ਖੁਸ਼ੀਆਂ ਅਤੇ ਸੁੱਖ ਸੁਵੀਧਾਵਾਂ ਉਸਦੇ ਕਦਮਾਂ ਵਿੱਚ ਹਨ। ਪਰ ਅਸਲ ਸਥਿਤੀ ਤੋਂ ਤਾਂ ਇਹ ਸਲੋਗਨ ਕੋਹਾਂ ਦੂਰ ਹਨ। ਅੱਜ ਆਮ ਤੌਰ ਤੇ ਸਰਦੇ-ਪੁੱਜਦੇ ਘਰਾਂ ਦੀ ਸਥਿਤੀ ਵੀ ਬਜੁਰਗਾਂ ਦੀ ਸੇਵਾ ਕਰਨ ਵਿੱਚ ਬਹੁਤ ਨਿਗਰਦੀ ਜਾ ਰਹੀ ਹੈ। ਬਿਰਧ ਆਸ਼ਰਮ ਪੱਛਮੀ ਦੇਸ਼ਾਂ ਦੀ ਤਰਜ਼ ਤੇ ਭਾਰਤ ਵਿੱਚ ਖੋਲਣ ਦੀਆਂ ਚਰਚਾਵਾਂ ਅੱਜ ਦੀ ਨੌਜਵਾਨ ਪੀੜ੍ਹੀ ਦੇ ਮੂੰਹੋਂ ਆਮ ਹੀ ਸੁਨਣ ਨੂੰ ਮਿਲਦੀਆਂ ਹਨ। ਤਾਂ ਕੇ ਮਾਪਿਆਂ ਨੂੰ ਬੁਡਾਪੇ ਦੀ ਹਾਲਤ ਵਿੱਚ ਬਿਰਧ ਆਸ਼ਰਮਾਂ ਵਿੱਚ ਛੱਡ ਕੇ ਉਨ੍ਹਾਂ ਦੀ ਸੇਵਾ ਤੋਂ ਸੁਰਖਰੂ ਹੋਇਆ ਜਾ ਸਕੇ। ਗੱਲ ਕੀ ਅੱਜ ਸਾਡਾ ਸਮਾਜ ਅਜਿਹੇ ਦਰਦਨਾਕ ਸਮੇਂ ਵਿੱਚੋਂ ਨਿਕਲ ਰਿਹਾ ਹੈ ਜਿੱਥੇ ਆਪਣੀ ਔਲਾਦ ਤੇ ਸਭ ਕੁਝ ਨਿਛਾਵਰ ਕਰਨ ਤੋਂ ਬਾਅਦ ਬੁਢਾਪੇ ਦੀ ਹਾਲਤ ਵਿੱਚ ਬਜੁਰਗ ਆਪਣੀਆਂ ਮੁੱਢਲੀਆਂ ਆਰਥਿਕ ਲੋੜਾਂ (ਰੋਟੀ-ਕੱਪੜੇ ਆਦਿ) ਦੀ ਪੂਰਤੀ ਲਈ ਵੀ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜ਼ਬੂਰ ਹਨ। ਡੰਗਰਾਂ ਵਾਲੇ ਕਮਰੇ ਵਿੱਚ ਆਪਣੀ ਜਿੰਦਗੀ ਦੇ ਅੰਤਿਮ ਦਿਨ ਗਿਣਦੇ ਹੋਏ ਪਲ ਪਲ ਮਰ ਰਹੇ ਹਨ।

ਸੋ ਲੋੜ ਮਾਂ ਦਿਵਸ ਵਰਗੇ ਦਿਵਸ ਮਨਾ ਕੇ ਸ਼ੋਸ਼ੇਬਾਜ਼ੀ ਕਰਨ ਦੀ ਨਹੀ ਸਗੋਂ ਜਰੂਰਤ ਹੈ  ਆਪਣੇ ਮਾਪਿਆਂ ਨੂੰ ਅਸਲ ਰੂਪ ਵਿੱਚ ਪਿਆਰ ਕਰਨ ਦੀ, ਦਿਲੋਂ ਸਤਿਕਾਰ ਦੇਣ ਦੀ, ਉਹਨਾਂ ਦੀਆਂ ਸੁੱਖ-ਸੁਵਿਧਾਵਾਂ ਦਾ ਧਿਆਨ ਰੱਖਣ ਦੀ, ਉਹਨਾਂ ਦੀ ਗੱਲ ਨੂੰ ਧਿਆਨ ਨਾਲ ਸੁਨਣ ਦੀ, ਉਹਨਾਂ ਨਾਲ ਦਿਨ ਦੇ ਸਮੇਂ ਵਿੱਚੋਂ ਕੁਝ ਸਮਾਂ ਬਿਤਾਉਣ ਦੀ ਹੈ।ਇਸ ਤਰ੍ਹਾਂ ਕਰਕੇ ਹੀ ਅਸੀ ਸੱਚੇ ਅਰਥਾਂ ਵਿੱਚ ਉਹਨਾਂ ਦਾ ਸਨਮਾਨ ਕਰ ਸਕਦੇ ਹਾਂ। ਜਿਸ ਤਰ੍ਹਾਂ ਹਰ ਮਾਂ-ਬਾਪ ਆਪਣੇ ਬੱਚਿਆਂ ਨੂੰ ਆਪਣੀ ਹੈਸੀਅਤ ਤੋਂ ਵਧ ਕੇ ਰਾਜਕੁਮਾਰ/ਰਾਜਕੁਮਾਰੀ ਦੀ ਤਰ੍ਹਾਂ ਪਾਲਦੇ ਹਨ ਉਸੀ ਤਰ੍ਹਾਂ ਬੱਚਿਆਂ ਦਾ ਵੀ ਫਰਜ਼ ਹੈ ਕਿ ਉਹ ਵੀ ਮਾਪਿਆਂ ਨੂੰ ਰਾਜੇ/ਰਾਣੀ ਦੀ ਤਰ੍ਹਾਂ ਸਤਿਕਾਰ ਦੇਣ, ਉਨ੍ਹਾਂ ਦੀਆਂ ਸੁੱਖ-ਸੁਵੀਧਾਵਾਂ ਦਾ ਆਪਣੀ ਹੈਸੀਅਤ ਦੇ ਅਨੁਸਾਰ ਧਿਆਨ ਰੱਖਣ। ਇੱਥੇ ਅੰਤ ਵਿੱਚ ਮੈ ਇਹ ਗੱਲ ਜਰੂਰ ਕਹਿਣੀ ਚਾਹੁੰਦਾਂ ਹਾਂ ਕਿ ਮਾਡਰਨ ਜਾਂ ਅਜੋਕੀਆਂ ਮਾਵਾਂ ਨੂੰ ਵੀ ਆਪਣੇ ਆਪ ਨੂੰ ਪਦਾਰਥਵਾਦ ਦੀ ਚਕਾਂਚੌਂਦ ‘ਚੋਂ ਕੱਢ ਕੇ ਸੋਸਲ ਮੀਡੀਆ ਦੇ ਪ੍ਰਭਾਵ ‘ਚੋਂ ਨਿਕਲਦੇ ਹੋਏ ਬੱਚਿਆਂ ਦੀ ਦੇਖ-ਭਾਲ ਕਰਨ, ਉਨ੍ਹਾਂ ਨੂੰ ਚੰਗੇ ਸੰਸਕਾਰ ਦੇਣ ਦੇ ਆਪਣੇ ਮੁੱਢਲੇ ਫਰਜ਼ ਵੱਲ ਉੱਚੇਚੇ ਤੌਰ ਤੇ ਧਿਆਨ ਦੇਣਾ ਚਾਹੀਦਾ ਹੈ। ਇਹ ਗੱਲ ਹਮੇਸ਼ਾਂ ਯਾਦ ਰੱਖਣੀ ਚਾਹੀਦੀ ਹੈ ਕਿ ਜਦੋਂ ਤੋਂ ਮਾਂ ਦੇ ਪੇਟ ਵਿੱਚ ਬੱਚੇ ਦਾ ਪਹਿਲਾ ਅੰਸ਼ ਬਣਦਾ ਹੈ ਉਦੋਂ ਤੋਂ ਲੈ ਕੇ ਬੱਚੇ ਦੇ ਸਕੂਲ ਜਾਣ ਤੱਕ ਮਾਂ ਦੀ ਹਰ ਪ੍ਰਕਿਰਿਆ ਦਾ ਬੱਚੇ ਤੇ ਸਭ ਤੋਂ ਵਧ ਅਸਰ ਹੁੰਦਾ ਹੈ। ਅਸੀਂ ਸਾਰੇ ਭਲੀ-ਭਾਂਤੀ ਜਾਣਦੇ ਹਾਂ ਕਿ ਕਿਸ ਤਰ੍ਹਾਂ ਮਹਾਂਭਾਰਤ ਵਿੱਚ ਅਰਜੁਨ ਦੇ ਬੇਟੇ ਨੇ ਆਪਣੀ ਮਾਂ ਦੇ ਪੇਟ ਵਿੱਚ ਹੀ ਵੀਰ ਚੱਕਰ ਨੂੰ ਤੋੜਣਾ ਸਿੱਖ ਲਿਆ ਸੀ।ਇਸ ਲਈ ਬੱਚੇ ਨੂੰ ਚੰਗੀ ਸਿੱਖਿਆ ਦੇਣ ਲਈ ਜਰੂਰੀ ਹੈ ਕਿ ਬੱਚੇ ਨੂੰ ਮਾਂ ਦੇ ਪੇਟ ਵਿੱਚ ਹੀ ਨੈਤਿਕਤਾ ਅਤੇ ਇਨਸਾਨੀਅਤ ਦੇ ਗੁਣਾਂ ਦੀ ਸਿੱਖਿਆ ਮਿਲ ਜਾਣੀ ਚਾਹੀਦੀ ਹੈ। ਇਸ ਤਰ੍ਹਾਂ ਕਰਕੇ ਹੀ ਅੱਜ ਦੀ ਔਰਤ ਮਾਂ-ਬਾਪ ਦਾ ਸਤੀਕਾਰ ਕਰਨ ਵਾਲੀ ਔਲਾਦ ਪੈਦਾ ਕਰਕੇ ਦੇਸ਼ ਵਿੱਚ ਫਿਰਕਾਪ੍ਰਸਤੀ ਅਤੇ ਨਫਰਤ ਦੀ ਚੱਲ ਰਹੀ ਹਨੇਰੀ ਵਿੱਚੋਂ ਦੇਸ਼ ਨੂੰ ਕੱਢ ਕੇ ਆਪਸੀ ਭਾਈਚਾਰਕ ਸਾਂਝ ਤੇ ਆਧਾਰਤ ਸਮਾਜ ਦੀ ਸਿਰਜਨਾ ਕਰ ਸਕਦੀ ਹੈ।

ਮਾਵਾਂ ਦੀਆਂ ਲੈਣੀਆਂ ਦੁਆਵਾਂ ਅਸੀਂ ਭੁੱਲ ਗਏ..!

ਜਦੋਂ ਬੱਚਾ ਇਸ ਦੁਨੀਆਂ ਵਿੱਚ ਜਨਮ ਲੈਂਦਾ ਹੈ ਤਾਂ ਉਸ ਨੂੰ ਸਿਵਾਏ ਰੋਣ ਦੇ ਹੋਰ ਕੱਝ ਨਹੀਂ ਆਉਂਦਾ ਹੁੰਦਾ, ਪਰ ਉਦੋਂ ਵੀ ਉਸ ਨੂੰ ਮਾਂ ਦੀ ਮਿੱਠੀ ਪਿਆਰੀ ਤੇ ਨਿੱਘੀ ਗੋਦੀ ਦਾ ਅਹਿਸਾਸ ਜਰੂਰ ਹੁੰਦਾ ਹੈ। ਉਹ ਕਿੰਨਾ ਵੀ ਰੋਂਦਾ ਕਿਉਂ ਨਾ ਹੋਵੇ- ਪਰ ਜੇਕਰ ਮਾਂ ਉਸ ਨੂੰ ਮਮਤਾ ਨਾਲ ਘੁੱਟ ਕੇ ਹਿੱਕ ਨਾਲ ਲਾ ਲਵੇ ਤਾਂ ਝੱਟ ਚੁੱਪ ਕਰ ਜਾਂਦਾ ਹੈ। ਮਾਂ ਆਪਣੇ ਬੱਚੇ ਲਈ ਹਰ ਦੁੱਖ ਸੁੱਖ ਆਪਣੇ ਤਨ ਤੇ ਜਰਦੀ ਹੈ, ਪਰ ਆਪਣੇ ਬੱਚਿਆਂ ਨੂੰ ਤੱਤੀ ਵਾ ਨਹੀਂ ਲਗਣ ਦਿੰਦੀ। ਮਾਂ ਮਮਤਾ ਦੀ ਮੂਰਤ, ਪਿਆਰ ਦਾ ਸਾਗਰ, ਦਇਆ ਤੇ ਤਿਆਗ ਦੀ ਦੇਵੀ ਹੈ। ਪ੍ਰੋਫੈਸਰ ਮੋਹਨ ਸਿੰਘ ਨੇ ਤਾਂ ‘ਮਾਂ’ ਨੂੰ ਸਵਰਗ ਤੋਂ ਵੀ ਉੱਚਾ ਦਰਜਾ ਦਿੰਦੇ ਹੋਏ ਕਿਹਾ ਹੈ-

ਮਾਂ ਵਰਗਾ ਘਣਛਾਵਾਂ ਬੂਟਾ, ਮੈਨੂੰ ਨਜ਼ਰ ਨਾ ਆਏ।
ਜਿਸ ਤੋਂ ਲੈ ਕੇ ਛਾਂ ਉਧਾਰੀ, ਰੱਬ ਨੇ ਸੁਰਗ ਬਣਾਏ।
ਬਾਕੀ ਕੁੱਲ ਦੁਨੀਆਂ ਦੇ ਬੂਟੇ, ਜੜ੍ਹ ਸੁੱਕਿਆਂ ਮੁਰਝਾਂਦੇ,
ਐਪਰ ਫੁੱਲਾਂ ਦੇ ਮੁਰਝਾਇਆਂ, ਇਹ ਬੂਟਾ ਸੁੱਕ ਜਾਏ।

ਮਾਂ ਦਾ ਪਿਆਰ ਸਾਨੂੰ, ਸਰਦੀ ‘ਚ ਨਿੱਘ, ਗਰਮੀ ‘ਚ ਠੰਢਕ ਤੇ ਦੁੱਖ ਮੁਸੀਬਤ ਵਿੱਚ ਧਰਵਾਸ ਦਿੰਦਾ ਹੈ। ਜਦੋਂ ਕਦੇ ਅਚਾਨਕ ਸਾਨੂੰ ਕੋਈ ਸੱਟ ਫੇਟ ਲੱਗ ਜਾਵੇ ਤਾਂ ਸਾਡੇ ਮੂੰਹੋਂ ਆਪ ਮੁਹਾਰੇ ਹੀ ‘ਹਾਏ ਮਾਂ’ ਨਿਕਲਦਾ ਹੈ। ਗੱਲ ਕੀ ਹਰ ਦੁੱਖ ਸੁੱਖ ਵਿੱਚ ਸਭ ਤੋਂ ਪਹਿਲਾਂ ਮਾਂ ਹੀ ਯਾਦ ਆਉਂਦੀ ਹੈ। ਮਾਂ ਸਾਰੇ ਦੁੱਖ ਆਪਣੇ ਸਿਰ ਲੈ ਕੇ, ਸਾਰੇ ਸੁੱਖ ਬੱਚਿਆਂ ਤੋਂ ਨਿਛਾਵਰ ਕਰ ਦਿੰਦੀ ਹੈ।ਮਾਂ ਦੇ ਪਿਆਰ ਦਾ ਬਦਲ ਵੀ ਇਸ ਦੁਨੀਆਂ ਵਿੱਚ ਕੋਈ ਨਹੀਂ। ਕਹਿੰਦੇ ਹਨ ਕਿ- ‘ਰੱਬ ਹਰ ਥਾਂ ਨਹੀਂ ਪਹੁੰਚ ਸਕਦਾ, ਇਸੇ ਲਈ ਉਸ ਨੇ ਮਾਂ ਦੀ ਸਿਰਜਣਾ ਕੀਤੀ’। ਮਾਂ ਦੇ ਪਿਆਰ ਨੂੰ ਸਮਾਂ ਤੇ ਦੂਰੀ ਘੱਟ ਨਹੀਂ ਕਰ ਸਕਦੇ ਅਤੇ ਨਾ ਹੀ ਅਯੋਗਤਾ ਜਾਂ ਨਾਸ਼ੁਕਰਾਪਨ ਕਮਜ਼ੋਰ ਕਰ ਸਕਦੇ ਹਨ। ਮਾਂ ਦੀ ਕੁਰਬਾਨੀ ਦਾ ਮੁੱਲ ਕਿਸੇ ਵੀ ਕੀਮਤ ਤੇ ਤਾਰਿਆ ਨਹੀਂ ਜਾ ਸਕਦਾ ਪਰ ਪਿਆਰ ਸਤਿਕਾਰ ਤਾਂ ਦਿੱਤਾ ਹੀ ਜਾ ਸਕਦਾ ਹੈ- ਪਰ ਦੁੱਖ ਦੀ ਗੱਲ ਇਹ ਹੈ ਕਿ ਅਜੋਕੇ ਯੁੱਗ ਵਿੱਚ ਬੱਚੇ ਇਸ ਤੋਂ ਵੀ ਮੁਨਕਰ ਹੁੰਦੇ ਜਾ ਰਹੇ ਹਨ।

ਮਾਂ ਦਾ ਰੋਲ ਕੇਵਲ ਬੱਚੇ ਨੂੰ ਆਪਣੀ ਕੁੱਖ ਤੋਂ ਜਨਮ ਦੇ ਕੇ ਹੀ ਖਤਮ ਨਹੀਂ ਹੋ ਜਾਂਦਾ, ਸਗੋਂ ਪਿਆਰ ਦੁਲਾਰ ਦੇ ਨਾਲ ਉਸ ਦਾ ਪਾਲਣ-ਪੋਸ਼ਣ ਕਰਨਾ ਤੇ ਜ਼ਿੰਦਗੀ ਵਿੱਚ ਸਹੀ ਰਾਹ ਦਿਖਾਉਣਾ ਵੀ ਉਸ ਦਾ ਫਰਜ਼ ਹੁੰਦਾ ਹੈ। ਪਰ ਦੇਖਣ ਵਿੱਚ ਆਇਆ ਹੈ ਕਿ ਕਈ ਪਰਿਵਾਰਾਂ ਵਿੱਚ ਇਹ ਰੋਲ ਦਾਦੀਆਂ ਨਾਨੀਆਂ ਵੀ ਨਿਭਾਅ ਰਹੀਆਂ ਹਨ। ਮਾਂ ਇੱਕ ਕਲਾਕਾਰ ਹੁੰਦੀ ਹੈ ਜੋ ਆਪਣੇ ਬੱਚੇ ਦੀ ਸ਼ਖ਼ਸੀਅਤ ਨੂੰ ਘੜਨ ਲਈ ਆਪਣੀ ਪੂਰੀ ਵਾਹ ਲਾਉਂਦੀ ਹੈ। ਭਗਤ ਪੂਰਨ ਸਿੰਘ ਦੀ ਮਾਂ ਮਹਿਤਾਬ ਕੌਰ ਨੇ ਆਪਣੇ ਬੱਚੇ ਦੀ ਸ਼ਖ਼ਸੀਅਤ ਨੂੰ ਏਨਾ ਸੁਹਣਾ ਘੜਿਆ ਕਿ- ਉਹ ਹਜ਼ਾਰਾਂ ਲੂਲੇ, ਲੰਗੜੇ, ਪਿੰਗਲਿਆਂ ਦੀ ਮਾਂ ਬਣ ਗਿਆ- ਜਿਸ ਦੀ ਮਿਸਾਲ ਦੁਨੀਆਂ ਵਿੱਚ ਕਿਤੇ ਨਹੀਂ ਮਿਲਦੀ। ਨੈਪੋਲੀਅਨ ਨੇ ਵੀ ਕਿਹਾ ਸੀ ਕਿ- ‘ਤੁਸੀਂ ਮੈਂਨੂੰ ਚੰਗੀਆਂ ਮਾਵਾਂ ਦਿਓ, ਮੈਂ ਤੁਹਾਨੂੰ ਚੰਗੀ ਕੌਮ ਦੇਵਾਂਗਾ’। ਮਾਂ ਤੋਂ ਬਿਨਾਂ ਇਸ ਸ੍ਰਿਸ਼ਟੀ ਦੀ ਕਲਪਨਾ ਹੀ ਨਹੀਂ ਕੀਤੀ ਜਾ ਸਕਦੀ। ਇਸੇ ਕਾਰਨ ਸਾਹਿਬ ਸ੍ਰੀ ਗੁਰੁ ਨਾਨਕ ਦੇਵ ਜੀ ਨੇ ਵੀ ਇਸ ਜਗਤ- ਜਨਣੀ ਦੇ ਹੱਕ ਵਿੱਚ ਆਵਾਜ਼ ਉਠਾਉਂਦਿਆਂ ਕਿਹਾ ਸੀ- ‘ਸੋ ਕਿਉ ਮੰਦਾ ਆਖੀਅਹਿ ਜਿਤ ਜੰਮਹਿ ਰਾਜਾਨ॥

ਦੁੱਖ ਇਸ ਗੱਲ ਦਾ ਹੈ ਕਿ ਅੱਜ ਸਾਡੀਆਂ ਮਾਵਾਂ ਅੱਜ ਬ੍ਰਿਧ ਆਸ਼ਰਮਾਂ ਵਿੱਚ ਰੁਲ਼ ਰਹੀਆਂ ਹਨ। ਵਿਦੇਸ਼ਾਂ ਵਿੱਚ ਵੀ ਇਹੀ ਹਾਲ ਹੈ। ਕੋਈ ਕਰਮਾਂ ਵਾਲਾ ਪਰਿਵਾਰ ਹੋਏਗਾ, ਜਿੱਥੇ ਮਾਂ ਜਾਂ ਬਾਪ ਬੱਚਿਆਂ ਦੇ ਨਾਲ ਰਹਿੰਦੇ ਹਨ। ਹਾਂ- ਬਹੁਤੇ ਪਰਿਵਾਰਾਂ ਵਿੱਚ ਲੜਕੀਆਂ ਨੇ ਹੀ ਮਾਂ- ਬਾਪ ਮੰਗਵਾਏ ਹਨ ਤੇ ਉਹਨਾਂ ਕੋਲ ਹੀ ਰਹਿੰਦੇ ਹਨ ਭਾਵੇਂ ਉਸੇ ਸ਼ਹਿਰ ਵਿੱਚ ਲੜਕੇ ਦਾ ਪਰਿਵਾਰ ਵੀ ਰਹਿੰਦਾ ਹੋਵੇ। ਜਿੰਨਾ ਚਿਰ ਛੋਟੇ ਬੱਚਿਆਂ ਨੂੰ ਸੰਭਾਲਣਾ ਹੁੰਦਾ ਹੈ, ਉੰਨਾ ਚਿਰ ਦਾਦੀ- ਦਾਦੇ ਦੀ ਕਦਰ ਹੁੰਦੀ ਹੈ- ਪਰ ਜਿਉਂ ਹੀ ਬੱਚੇ ਟੀਨ-ਏਜਰ ਹੁੰਦੇ ਹਨ ਤਾਂ ਉਹ ਬਜ਼ੁਰਗ ਵਾਧੂ ਲੱਗਣ ਲੱਗ ਜਾਂਦੇ ਹਨ। ਫਿਰ ਉਹਨਾਂ ਨੂੰ ਕਿਸੇ ਬੇਸਮੈਂਟ ਜਾਂ ਓਲਡ-ਏਜ ਹੋਮ ਵਿੱਚ ਜਾਣ ਲਈ ਮਜਬੂਰ ਕਰ ਦਿੱਤਾ ਜਾਂਦਾ ਹੈ- ਜਿੱਥੇ ਕਦੇ ਕਦਾਈਂ ਮਾਂ-ਦਿਵਸ ਤੇ ਗੁਲਦਸਤਾ ਦੇ ਕੇ ਵਰਾਇਆ ਜਾਂਦਾ ਹੈ। ਜ਼ਰਾ ਸੋਚੋ ਭਾਈ- ਕੀ ਮਾਵਾਂ ਦੀ ਕੁਰਬਾਨੀ ਦਾ ਇਹੀ ਮੁੱਲ ਰਹਿ ਗਿਆ? ਮੇਰੇ ਇੱਕ ਬਜ਼ੁਰਗ ਪਾਠਕ ਮੈਂਨੂੰ ਆਪਣੀ ਇਸ ਤਰ੍ਹਾਂ ਦੀ ਕਹਾਣੀ ਦੱਸ ਕੇ ਰੋ ਪਏ। ਅਜੇਹੇ ਹਾਲਾਤ ਨੂੰ ਦੇਖਦਿਆਂ ਹੀ ਮੈਂ ਇੱਕ ਸ਼ੇਅਰ ਲਿਖਿਆ ਸੀ-

ਉਹ ਝਾਕੇ ਗੇਟ ਦੇ ਵੱਲੇ, ਹਮੇਸ਼ਾ ਮਾਂ-ਦਿਵਸ ਉੱਤੇ,
ਜੋ ਬੈਠੀ ਹੈ ਉਡੀਕਾਂ ਲਾ ਪਤਾ ਨ੍ਹੀ ਕਿਸ ਦੀ ਮਾਈ ਹੈ?

ਮਾਂ ਦੇ ਪਿਆਰ ਦੀ ਅਸਲ ਕੀਮਤ ਕਿਸੇ ਯਤੀਮ ਬੱਚੇ ਨੂੰ ਪੁੱਛ ਕੇ ਦੇਖੋ- ਜਿਹੜਾ ਵਿਚਾਰਾ  ‘ਮਾਂ’ ਲਫ਼ਜ਼ ਕਹਿਣ ਲਈ ਤਰਸਿਆ ਹੁੰਦਾ ਹੈ। ਉਹ ਲੋਕ ਨਸੀਬਾਂ ਵਾਲੇ ਹਨ ਜੋ ਅਜੇ ਤੱਕ ਮਾਂ ਦੇ ਪਿਆਰ ਦਾ ਨਿੱਘ ਮਾਣ ਰਹੇ ਹਨ। ‘ਮਾਂ ਦਾ ਦਿੱਲ’ ਕਵਿਤਾ ਸ਼ਾਇਦ ਤੁਸੀਂ ਵੀ ਪੜ੍ਹੀ ਹੋਏਗੀ- ਜਿਸ ਵਿੱਚ ਇੱਕ ਕਲਯੁਗੀ ਪੁਤਰ, ਆਪਣੀ ਮਹਿਬੂਬਾ ਦੇ ਕਹਿਣ ਤੇ ਮਾਂ ਦਾ ਕਲੇਜਾ ਕੱਢ ਕੇ ਲਿਜਾ ਰਿਹਾ ਹੁੰਦਾ ਹੈ ਕਿ ਰਸਤੇ ਵਿੱਚ ਠੇਡਾ ਖਾ ਕੇ ਡਿਗ ਪੈਂਦਾ ਹੈ- ਉਸ ਵੇਲੇ ਮਾਂ ਦੇ ਦਿੱਲ ਵਿਚੋਂ ਆਵਾਜ਼ ਨਿਕਲਦੀ ਹੈ-‘ਪੁੱਤਰਾ ਕਿਧਰੇ ਸੱਟ ਤਾਂ ਨਹੀਂ ਲੱਗੀ?’ ਪੁੱਤਰ ਕਿੰਨਾ ਵੀ ਨਿਕੰਮਾ ਨਿਕਲੇ ਲੇਕਿਨ ਮਾਂ ਦੇ ਮੂੰਹੋਂ ਕਦੇ ਉਸ ਲਈ ਕੋਈ ਬਦਅਸੀਸ ਨਹੀਂ ਨਿਕਲਦੀ। ਸਾਥੀਓ- ਦੁਨੀਆਂ ਦੀ ਹਰ ਸ਼ੈਅ ਪੈਸੇ ਨਾਲ ਖਰੀਦੀ ਜਾ ਸਕਦੀ ਹੈ ਲੇਕਿਨ ‘ਮਾਂ ਦੀਆਂ ਅਸੀਸਾਂ’ ਕਿਧਰੇ ਮੁੱਲ ਨਹੀਂ ਮਿਲਦੀਆਂ। ਇਹਨਾਂ ਅਸੀਸਾਂ ਵਿੱਚ ਬੜੀ ਵੱਡੀ ਤਾਕਤ ਹੁੰਦੀ ਹੈ। ਇਸੇ ਲਈ ਤਾਂ ਕਿਹਾ ਜਾਂਦਾ ਹੈ- ‘ਲੈ ਅਸੀਸਾਂ ਮਾਂ ਦੇ ਪਾਸੋਂ, ਭਰ ਲੈ ਆਪਣੀ ਸੱਖਣੀ ਝੋਲ’।

ਕੋਈ ਸਮਾਂ ਸੀ, ਪਰਿਵਾਰ ਦਾ ਕੋਈ ਵੀ ਜੀਅ ਕਿਸੇ ਕੰਮ ਲਈ ਘਰੋਂ ਬਾਹਰ ਜਾਂਦਾ ਤਾਂ  ਬਜ਼ੁਰਗ ਮਾਂ ਜਾਂ ਬਾਪ ਦੇ ਚਰਨ ਛੂਹ ਕੇ, ਆਸ਼ੀਰਵਾਦ ਲੈ ਕੇ ਜਾਂਦਾ। ਉਸ ਨੂੰ ਤਸੱਲੀ ਹੁੰਦੀ ਤੇ ਸ਼ਾਇਦ ਮਾਪਿਆਂ ਦੀਆਂ ਅਸੀਸਾਂ ਕਾਰਨ, ਉਸ ਦਾ ਕਾਰਜ ਵੀ ਸਹਿਜੇ ਹੀ ਨੇਪਰੇ ਚੜ੍ਹ ਜਾਂਦਾ। ਅਸੀਂ ਵੀ ਜਦ ਛੋਟੇ ਹੁੰਦੇ ਪੇਪਰ ਦੇਣ ਜਾਂਦੇ ਤਾਂ ਸਾਡੇ ਬੀਜ਼ੀ ਸਾਡੇ ਮੂੰਹ ਵਿੱਚ ਦੋ ਚਮਚੇ ਦਹੀਂ ਦੇ ਜਰੂਰ ਪਾਉਂਦੇ ਤੇ ਨਾਲ ਹੀ ਅਸੀਸਾਂ ਦੇਈ ਜਾਂਦੇ। ਕੁੱਝ ਵੱਡੇ ਹੋਏ ਤਾਂ ਮੇਰੇ ਭਰਾਵਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ- ‘ਪੇਪਰ ਦਹੀਂ ਨੇ ਥੋੜ੍ਹਾ ਕਰਨਾ, ਜੇ ਪੜ੍ਹਿਆ ਹੋਊ ਤਾਂ ਹੀ ਕਰਾਂਗੇ’। ਮੈਂਨੂੰ ਕੁੱਝ ਸਿਆਣੀ ਹੋ ਕੇ ਇਹ ਸਮਝ ਆਈ ਕਿ ਦਹੀਂ ਖਿਲਾਉਣਾ ਤਾਂ ਇੱਕ ਬਹਾਨਾ ਸੀ ਉਹਨਾਂ ਦਾ- ਸਾਨੂੰ ਜਾਣ ਤੋਂ ਪਹਿਲਾਂ ਅਸ਼ੀਰਵਾਦ ਦੇਣ ਦਾ। ਸੱਚ ਜਾਣਿਓਂ- ਬਜ਼ੁਰਗਾਂ ਦੀਆਂ ਇਹਨਾਂ ਅਸੀਸਾਂ ਵਿੱਚ ਕਰਾਮਾਤੀ ਸ਼ਕਤੀ ਸੀ ਤੇ ਸਾਡੇ ਕੰਮਾਂ ਸੁਤੇ ਸਿੱਧ ਹੀ ਹੋ ਜਾਇਆ ਕਰਦੇ ਸਨ- ਕੋਈ ਅੜਚਣ ਨਹੀਂ ਸੀ ਪੈਂਦੀ।

ਅਜੋਕੇ ਯੁੱਗ ਦੀ ਤੇਜ-ਰਫਤਾਰ ਜ਼ਿੰਦਗੀ ਵਿੱਚ, ਅਸੀਂ ਮਾਵਾਂ ਦੀਆਂ ਅਸੀਸਾਂ ਤੋਂ ਵਾਂਝੇ ਹੋ ਗਏ ਹਾਂ। ਬਹੁਤੇ ਪਰਿਵਾਰਾਂ ਵਿੱਚ ਤਾਂ ਬਜ਼ੁਰਗਾਂ ਨੂੰ ਨਾਲ ਹੀ ਨਹੀਂ ਰੱਖਿਆ ਜਾਂਦਾ। ਤੇ ਜਿੱਥੇ ਬਜ਼ੁਰਗ ਰਹਿੰਦੇ ਵੀ ਪਰਿਵਾਰ ਨਾਲ ਹਨ, ਉੱਥੇ ਵੀ ਕੰਮਾਂ ਤੇ ਜਾਣ ਦੀ ਕਾਹਲ ਵਿੱਚ ਬਜ਼ੁਰਗਾਂ ਨੂੰ ਮਿਲ ਕੇ ਜਾਣ ਦੀ ਲੋੜ ਹੀ ਨਹੀ ਸਮਝੀ ਜਾਂਦੀ। ਵੈਸੇ ਜੇ ਦੇਖਿਆ ਜਾਵੇ ਤਾਂ-‘ਅੱਛਾ ਮਾਤਾ ਜੀ, ਮੈਂ ਚਲਦਾਂ..ਸ਼ਾਮ ਨੂੰ ਇੰਨੇ ਵਜੇ ਆਵਾਂਗਾ’ ਕਹਿਣ ਲਈ ਸ਼ਾਇਦ ਦੋ ਸੈਕੰਡ ਦਾ ਸਮਾਂ ਮਸੀਂ ਲਗਦਾ ਹੋਣਾ- ਪਰ ਅਫਸੋਸ! ਕਿ ਅਸੀਂ ਇੰਨਾ ਸਮਾਂ ਵੀ ਬਜ਼ੁਰਗਾਂ ਦੀ ਖੁਸ਼ੀ ਲਈ ਨਹੀਂ ਕੱਢ ਸਕਦੇ। ਹੈਰਾਨੀ ਦੀ ਗੱਲ ਹੈ ਕਿ- ਜਿਹਨਾਂ ਮਾਪਿਆਂ ਨੇ ਸਾਨੂੰ ਚਾਰ- ਪੰਜ ਬੱਚਿਆਂ ਨੂੰ ਲੋੜਾਂ-ਥੁੜ੍ਹਾਂ ਦੇ ਹੁੰਦਿਆਂ ਵੀ, ਵਧੀਆ ਪਰਵਰਿਸ਼ ਦੇ ਕੇ ਪਾਲ਼ਿਆ ਹੁੰਦਾ ਹੈ- ਉਹ ਸਾਰੇ ਬੱਚੇ ਰਲ਼ ਕੇ ਵੀ ਆਪਣੇ ਬਜ਼ੁਰਗ ਮਾਂ ਜਾਂ ਬਾਪ ਨੂੰ ਨਹੀਂ ਰੱਖ ਸਕਦੇ!

ਸਾਥੀਓ- ਮਾਂ ਦੇ ਪਿਆਰ ਦਾ ਕਰਜ਼ ਤਾਂ ਕਿਸੇ ਵੀ ਕੀਮਤ ਤੇ ਨਹੀਂ ਚੁਕਾਇਆ ਜਾ ਸਕਦਾ ਪਰ ਜਿੰਨਾ ਚਿਰ ਮਾਂ ਦਾ ਸਾਇਆ ਸਿਰ ਤੇ ਮੌਜੂਦ ਹੈ- ਮਾਵਾਂ ਨੂੰ ਪਿਆਰ ਸਤਿਕਾਰ ਦੇ ਕੇ, ਅਸੀਂ ਉਸ ਬੇਸ਼ਕੀਮਤੀ ਦੌਲਤ ਨਾਲ ਮਾਲਾ ਮਾਲ ਹੋ ਸਕਦੇ ਹਾਂ- ਜੋ ਸਾਨੂੰ ਅਸੀਸਾਂ ਦੇ ਰੂਪ ਵਿੱਚ ਮੁਫ਼ਤ ‘ਚ ਹੀ ਮਿਲ ਜਾਣੀ ਹੈ। ਮਾਪਿਆਂ ਦੇ ਬੋਲਾਂ ਵਿੱਚ ਵੀ ਕਿਸੇ ਮਹਾਂ-ਪੁਰਸ਼ ਜਾਂ ਪੂਰਨ ਸੰਤ-ਮਹਾਤਮਾ ਦੇ ਬੋਲਾਂ ਤੋਂ ਘੱਟ ਤਾਕਤ ਨਹੀਂ ਹੁੰਦੀ। ਜਿਸ ਨੇ ਮਾਪਿਆਂ ਦੀ ਸੇਵਾ ਕਰ ਲਈ, ਉਸ ਨੂੰ ਤੀਰਥਾਂ ਤੇ ਜਾ ਕੇ ਇਸ਼ਨਾਨ ਕਰਨ ਦੀ ਜਰੂਰਤ ਨਹੀਂ। ਕਈ ਐਸੇ ਲੋਕ ਵੀ ਹਨ ਜਿਹਨਾਂ ਦੇ ਮਾਪੇ ਤਾਂ ਬ੍ਰਿਧ ਆਸ਼ਰਮਾਂ ਵਿੱਚ ਰੁਲ਼ਦੇ ਹਨ ਪਰ ਉਹ ਧਰਮ- ਅਸਥਾਨਾਂ ਤੇ ਜਾ ਕੇ ਆਪਣੀ ਤੇ ਆਪਣੇ ਬੱਚਿਆਂ ਦੇ ਸੁੱਖ ਦੀ ਅਰਦਾਸ ਕਰਦੇ ਹਨ। ਭਾਈ- ਜੋ ਬੀਜਾਂਗੇ, ਉਹੀ ਵੱਢਾਂਗੇ। ਸਾਡਾ ਵੀ ਉਹੀ ਹਾਲ ਹੋਏਗਾ- ਜੋ ਅਸੀਂ ਮਾਪਿਆਂ ਦਾ ਕੀਤਾ ਹੈ। ਇੰਦਰਜੀਤ ਹਸਨਪੁਰੀ ਦਾ ਸ਼ੇਅਰ ਯਾਦ ਆ ਗਿਆ-

ਮਰਨ ਤੋਂ ਪਿੱਛੋਂ ਯਾਦ ਕਰੋਗੇ- ਮੈਂਨੂੰ ਕੀ?
ਮੂਰਤ ਅੱਗੇ ਫੁੱਲ ਧਰੋਗੇ- ਮੈਂਨੂੰ ਕੀ?
ਸਾਰੀ ਉਮਰੇ ਸੁੱਕੇ ਟੁੱਕਰ ਖਾਧੇ ਮੈਂ,
ਲਾਸ਼ ਦੇ ਮੂੰਹ ਵਿੱਚ ਘਿਓ ਧਰੋਗੇ- ਮੈਂਨੂੰ ਕੀ?
ਤੁਸੀਂ ਬਜ਼ੁਰਗਾਂ ਨੂੰ ਜਿਸ ਮੌਤੇ ਮਾਰੋਗੇ,
ਓਸੇ ਮੌਤੇ ਆਪ ਮਰੋਗੇ- ਮੈਂਨੂੰ ਕੀ?

ਮੁੱਕਦੀ ਗੱਲ ਤਾ ਇਹ ਹੈ ਕਿ- ਚੌਵੀ ਘੰਟੇ ਵਿਚੋਂ ਜੇ ਪੰਦਰਾਂ- ਵੀਹ ਮਿੰਟ ਜਾਂ ਅੱਧਾ ਘੰਟਾ, ਮਾਵਾਂ ਦੇ ਨਾਮ ਕਰਕੇ, ਢੇਰ ਸਾਰੀਆਂ ਅਸੀਸਾਂ ਪ੍ਰਾਪਤ ਹੋ ਜਾਣ- ਜੋ ਜੀਵਨ ਦੀਆਂ ਮੁਸ਼ਕਲਾਂ ਹੱਲ ਕਰਨ ਲਈ ਤਾਕਤ ਬਣ ਜਾਣ ਤਾਂ ਸੌਦਾ ਮਹਿੰਗਾ ਨਹੀਂ- ਸੋਚ ਲੈਣਾ ਜੇ ਫੁਰਸਤ ਮਿਲੇ ਤਾਂ!

ਗਊ ਦਾ ਪਿਸ਼ਾਬ ਤੇ ਵਿਗਿਆਨਕ ਸੋਚ

ਰਾਮ ਲਾਲ ਮੇਰਾ ਦੋਸਤ ਸੀ। ਅਸੀਂ ਇੱਕੋ ਸਕੂਲ ਵਿਚ ਪੜ੍ਹਾਉਂਦੇ ਰਹੇ ਹਾਂ। ਸਵੇਰੇ ਹੀ ਸਕੂਲ ਆਉਣ ਸਾਰ ਉਸਦਾ ਪਹਿਲਾ ਕੰਮ ਹੁੰਦਾ ਸੀ ਸਕੂਲ ਦੇ ਬਗੀਚੇ ਵਿਚੋਂ ਫੁੱਲ ਤੋੜਨਾ ਤੇ ਸੂਰਜ ਦੇਵਤਾ ਨੂੰ ਭੇਂਟ ਕਰ ਦੇਣਾ। ਸਾਨੂੰ ਇਸ ਗੱਲ ਨਾਲ ਦੁੱਖ ਪਹੁੰਚਦਾ ਸੀ। ਬਗੀਚੇ ਵਿਚ ਮਿਹਨਤ ਨਾਲ ਲਗਾਏ, ਖਿੜੇ ਫੁੱਲ ਹਜ਼ਾਰਾਂ ਵਿਦਿਆਰਥੀਆਂ ਨੂੰ ਖੁਸ਼ੀ ਦਿੰਦੇ ਸਨ। ਅਸੀਂ ਗੱਲਾਂ ਗੱਲਾਂ ਵਿਚ ਉਸ ਤੱਕ ਆਪਣਾ ਰੋਸ ਵੀ ਪੁਚਾ ਦਿੰਦੇ ਸਾਂ। ਪਰ ਉਸਨੇ ਕਦੇ ਗੁੱਸਾ ਨਹੀਂ ਸੀ ਕੀਤਾ।

ਉਹ ਸਕੂਲ ਆਉਣ ਤੋਂ ਪਹਿਲਾਂ ਰੋਜ਼ਾਨਾ ਗਊਸ਼ਾਲਾ ਵਿਚ ਪਹੁੰਚਦਾ ਅਤੇ ਗਊ ਦੇ ਇੱਕ ਕਿਲੋ ਚੋਂਦੇ ਦੁੱਧ ਦਾ ਨਾਸ਼ਤਾ ਕਰਦਾ। ਅਸੀਂ ਉਸਨੂੰ ਕਹਿਣਾ ‘‘ਰਾਮ ਲਾਲ ਤੂੰ ਪੰਜਾਹ ਸਾਲ ਦੀ ਉਮਰ ਵਿਚ ਐਨਾ ਦੁੱਧ ਕਿਵੇਂ ਹਜ਼ਮ ਕਰ ਲੈਂਦਾ ਹੈ?’’ ਤਾਂ ਉਸਨੇ ਕਹਿਣਾ ਮੈਂ ਹਰ ਰੋਜ਼ ਵੀਹ ਕਿਲੋਮੀਟਰ ਸਾਈਕਲ ਵੀ ਚਲਾਉਂਦਾ ਹਾਂ। ਖੈਰ ਸਾਨੂੰ ਉਸਦੀ ਇਹ ਗੱਲ ਤਾਂ ਜਚ ਜਾਂਦੀ ਕਿ ਕਸਰਤ ਉਸਦੇ ਦੁੱਧ ਨੂੰ ਹਜ਼ਮ ਤਾਂ ਕਰ ਦਿੰਦੀ ਹੋਊ ਪਰ ਉਸ ਵਲੋਂ ਬਗੈਰ ਉਬਾਲੇ ਤੋਂ ਹੀ ਦੁੱਧ ਪੀ ਜਾਣਾ ਕਦੇ ਵੀ ਸਾਡੀ ਸਤੁੰਸ਼ਟੀ ਨਾ ਕਰਵਾਉਂਦਾ।

ਸਮਾਂ ਬੀਤਦਾ ਗਿਆ। ਇੱਕ ਦਿਨ ਉਹ ਕਹਿਣ ਲੱਗਿਆ ਕਿ ‘‘ਬਾਦਾਮ ਬਹੁਤ ਗਰਮ ਹੁੰਦੇ ਹਨ।’’ ਮੈਂ ਖੁਰਾਕੀ ਵਸਤਾਂ ਵਿਚ ਵੱਧ ਘੱਟ ਕੈਲੋਰੀਆਂ ਦੀ ਹੋਂਦ ਵਿਚ ਤਾਂ ਯਕੀਨ ਰੱਖਦਾ ਸਾਂ। ਪਰ ਬਾਦਾਮਾਂ ਦੇ ਗਰਮ ਹੋਣ ਦੀ ਗੱਲ ਮੈਨੂੰ ਜਚੀ ਨਹੀਂ। ਮੈਂ ਉਸਨੂੰ ਕਿਹਾ ਕਿ ਮੈਂ ਕਿੰਨੇ ਬਾਦਾਮ ਤੈਨੂੰ ਖਾ ਕੇ ਵਿਖਾਵਾ। ਉਹ ਕਹਿਣ ਲੱਗਿਆ ਕਿ ਤੂੰ ਵੀਹ ਬਾਦਾਮ ਨਹੀਂ ਖਾ ਸਕਦਾ। ਖੈਰ ਸਾਡੀ ਸੌ ਰੁਪਏ ਦੀ ਸ਼ਰਤ ਲੱਗ ਗਈ। ਉਸਨੇ ਬਾਦਾਮ ਮੰਗਵਾ ਲਏ। ਇੱਕ ਇੱਕ ਕਰਕੇ ਉਹ ਮੇਰੇ ਹੱਥ ਤੇ ਰੱਖਦਾ ਰਿਹਾ ਤੇ ਮੈਂ ਬਾਦਾਮ ਖਾਂਦਾ ਗਿਆ। ਇਸ ਤਰ੍ਹਾਂ ਕਰਦੇ ਹੋਏ ਉਸੇ ਦਿਨ ਮੈਂ ਦੋ ਵਾਰ ਵੀਹ ਵੀਹ ਬਾਦਾਮ ਖਾ ਕੇ ਦੋ ਸੌ ਰੁਪਏ ਉਸ ਤੋਂ ਜਿੱਤ ਲਏ।

ਉਸਨੂੰ ਆਪਣੇ ਹਾਰੇ ਹੋਏ ਦੋ ਸੌ ਰੁਪਏ ਚੁਭਦੇ ਰਹੇ ਤੇ ਅਗਲੇ ਦਿਨ ਉਹ ਕਹਿਣ ਲੱਗਿਆ ਕਿ ‘‘ਗਊ ਦਾ ਪੇਸ਼ਾਬ ਸਰੀਰ ਨੂੰ ਬਹੁਤ ਠੰਡ ਪਹੁੰਚਾਉਂਦਾ ਹੈ।’’ ਮੈਂ ਆਖਿਆ ਕਿਵੇਂ ਪੁਚਾਉਂਦਾ ਹੈ ਠੰਡ? ਉਹ ਕਹਿਣ ਲੱਗਿਆ ਕਿ ‘‘ਜੇ ਤੂੰ ਮੇਰੇ ਨਾਲ ਸੌ ਰੁਪਏ ਦੀ ਸ਼ਰਤ ਲਾ ਲਵੇ ਤਾਂ ਮੈਂ ਤੈਨੂੰ ਗਊ ਦਾ ਪਿਸ਼ਾਬ ਪੀ ਕੇ ਵਿਖਾ ਸਕਦਾ ਹੈ।’’ ਦੋ ਸੌ ਰੁਪਏ ਮੈਂ ਉਸ ਤੋਂ ਤਾਜੇ ਤਾਜੇ ਹੀ ਜਿੱਤੇ ਸਨ। ਇਸ ਲਈ ਮੈਂ ਇਹ ਨਜ਼ਾਰਾ ਵੇਖਣ ਲਈ ਵੀ ਤਿਆਰ ਹੋ ਗਿਆ। ਪਿੰਡ ਸੰਘੇੜੇ ਦੀ ਗਊਸ਼ਾਲਾ ਵਿਚੋਂ ਗਊ ਮੂਤਰ ਦਾ ਇੱਕ ਜੱਗ ਲਿਆਂਦਾ ਗਿਆ। ਰਾਮ ਲਾਲ ਨੇ ਉਸੇ ਵੇਲੇ ਗਲਾਸ ਭਰ ਲਿਆ ਤੇ ਪੀ ਗਿਆ ਅਤੇ ਮੈਥੋ ਆਪਣੇ ਸੌ ਰੁਪਏ ਮੁੜਵਾ ਲਏ। ਇਸਦੇ ਨਾਲ ਹੀ ਇੱਕ ਹੋਰ ਐਮ. ਏ. ਬੀ. ਐਡ. ਅਤੇ ਗੁਰਸਿੱਖ ਅਧਿਆਪਕ ਕਹਿਣ ਲੱਗਿਆ ‘‘ਸਾਡੇ ਇੱਕ ਸੌ ਰੁਪਏ ਤੇਰੀ ਜੇਬ ਵਿਚ ਰਹਿ ਗਏ ਨੇ ਉਹ ਵੀ ਅਸੀਂ ਮੁੜਵਾਉਣੇ ਹਨ।’’ ਮੈਂ ਕਿਹਾ ‘‘ਕਿ ਇੱਕ ਗਲਾਸ ਤੂੰ ਪੀ ਲੈ।’’ ਉਸੇ ਸਮੇਂ ਉਸਨੇ ਗਊ ਦੇ ਪਿਸ਼ਾਬ ਦਾ ਗਿਲਾਸ ਡੀਕ ਲਾ ਕੇ ਪੀ ਲਿਆ।

ਇਸ ਗੱਲ ਨੂੰ ਬੀਤਿਆ ਦੋ ਦਹਾਕੇ ਹੋ ਗਏ। ਕੁਝ ਦਿਨ ਪਹਿਲਾਂ ਹੀ ਮੈਨੂੰ ਮਾਨਸਾ ਤੋਂ ਫੋਨ ਆਇਆ ਡਾਕਟਰ ਸੁਰਿੰਦਰ ਕਹਿਣ ਲੱਗਿਆ ਮਾਨਸਾ ਵਿਚ ਇੱਕ ਜਥੇਬੰਦੀ ਨੇ ਸ਼ਬੀਲ ਲਾਈ ਹੋਈ ਹੈ ਤੇ ਉਹ ਲੋਕਾਂ ਨੂੰ ਗਊ ਦਾ ਪਿਸ਼ਾਬ ਮੁਫ਼ਤ ਪਿਲਾ ਰਹੇ ਹਨ। ਉਹ ਕਹਿੰਦੇ ਹਨ ਕਿ ‘‘ਗਊ ਦਾ ਪਿਸ਼ਾਬ ਜੇ ਰੋਜ਼ਾਨਾ ਪੀਤਾ ਜਾਵੇ ਤਾਂ ਕੈਂਸਰ, ਸੂਗਰ, ਗੁਰਦੇ ਫੇਲ ਹੋ ਜਾਣਾ, ਟੀ. ਬੀ. ਅਤੇ ਦਿਲ ਦੀਆਂ ਬਿਮਾਰੀਆਂ ਵਰਗੇ ਭਿਆਨਕ ਰੋਗ ਕਦੇ ਹੋ ਹੀ ਨਹੀਂ ਸਕਦੇ। ਜੇ ਕਿਸੇ ਨੂੰ ਪਹਿਲਾਂ ਹੋਏ ਹਨ ਉਹ ਸਦਾ ਲਈ ਇਨ੍ਹਾਂ ਬਿਮਾਰੀਆਂ ਤੋਂ ਛੁਟਕਾਰਾ ਪਾ ਸਕਦੇ ਹਨ।’’ ਇਸ ਗੱਲ ਨੇ 7-8 ਸਾਲ ਪਹਿਲਾ ਅੰਧਰੰਗ ਕਾਰਨ ਵਿਛੜੇ ਮੇਰੇ ਦੋਸਤ ਰਾਮ ਲਾਲ ਦਾ ਮੁਹਾਂਦਰਾ ਮੇਰੇ ਸਾਹਮਣੇ ਲਿਆ ਖੜਾਇਆ।

ਰਾਮ ਲਾਲ ਦੇ ਗਊ ਦਾ ਪਿਸ਼ਾਬ ਪੀ ਜਾਣ ਤੋਂ ਸਾਡੇ ਵਿਚ ਇਸ ਵਿਸ਼ੇ ਬਾਰੇ ਵਿਚਾਰ ਵਟਾਂਦਰਾ ਕਈ ਮਹੀਨੇ ਲਗਾਤਾਰ ਜਾਰੀ ਰਿਹਾ ਸੀ। ਮੈਨੂੰ ਪਤਾ ਸੀ ਹਰ ਕਿਸੇ ਜੀਵ ਦਾ ਪਿਸ਼ਾਬ ਇੱਕ ਕਿਸਮ ਦਾ ਉਸਦਾ ਖੂਨ ਹੀ ਹੁੰਦਾ ਹੈ। ਗੁਰਦੇ ਸੌ ਲਿਟਰ ਖੂਨ ਵਿਚੋਂ ਵਾਰ ਵਾਰ ਛਾਣ ਕੇ ਸਿਰਫ਼ ਇੱਕ ਲਿਟਰ ਪਿਸ਼ਾਬ ਅਲੱਗ ਕਰਦੇ ਹਨ। ਪਿਸ਼ਾਬ ਵਿਚ ਉਨ੍ਹਾਂ ਸਭ ਪਦਾਰਥਾਂ ਦੀ ਕੁਝ ਨਾ ਕੁਝ ਮਾਤਰਾ ਰਹਿ ਜਾਂਦੀ ਹੈ ਜੋ ਖੂਨ ਵਿਚ ਹੁੰਦੀ ਹੈ। ਮੇਰੇ ਦੇਸ਼ ਦੇ ਵਸਨੀਕ ਪਿਸ਼ਾਬ ਨੂੰ ਤਾਂ ਪਵਿੱਤਰ ਕਹਿੰਦੇ ਹਨ ਪਰ ਗਊ ਮਾਸ ਖਾਣਾ ਉਹ ਗੁਨਾਹ ਸਮਝਦੇ ਹਨ ਪਰ ਕਿਉਂ? ਸਾਡੇ ਦੇਸ਼ ਵਿਚ ਗਊ ਦੇ ਪਿਸ਼ਾਬ ਦੀ ਮਹੱਤਤਾ ਇਸ ਕਰਕੇ ਹੈ ਕਿਉਂਕਿ ਸਾਡੇ ਦੇਸ਼ ਦੇ ਲੋਕ ਗਊ ਨੂੰ ਮਾਤਾ ਕਹਿ ਕੇ ਪੂਜਦੇ ਰਹੇ ਹਨ। ਭਾਵੇ ਅੱਜ ਦੇ ਮਸ਼ੀਨਰੀ ਯੁੱਗ ਨੇ ਗਊ ਦੀ ਮਹੱਤਤਾ ਨੂੰ ਘੱਟ ਕਰ ਦਿੱਤਾ ਹੈ।

ਅੱਜ ਸਾਡੇ ਦੇਸ਼ ਵਿਚ ਗਊ ਦੇ ਪਿਸ਼ਾਬ ਦੀ ਵਰਤੋਂ ਹਜ਼ਾਰਾਂ ਪਦਾਰਥਾਂ ਵਿਚ ਕੀਤੀ ਜਾ ਰਹੀ ਹੈ। ਸੁਰਖੀ, ਬਿੰਦੀ, ਵਾਲਾਂ ਦਾ ਤੇਲ, ਸੰਦਲ ਦੀ ਲੱਕੜ, ਆਯੁਰਵੈਦ ਦੀਆਂ ਦਵਾਈਆਂ, ਕੋਕੇ ਕੋਲੇ ਤੇ ਪੈਪਸੀ ਦੀ ਥਾਂ ਪਿਸ਼ਾਬ ਦਾ ਡਰਿੰਕ। ਇੱਕ ਦਿਨ ਮੇਰੇ ਬੇਟੇ ਨੂੰ ਨੀਂਦ ਨਹੀਂ ਸੀ ਆ ਰਹੀ ਉਸਨੇ ਸੌਣ ਦਾ ਬੜਾ ਯਤਨ ਕੀਤਾ ਪਰ ਪਤਾ ਨਹੀਂ ਕਿਉਂ ਉਹ ਫਿਰ ਉਠ ਬੈਠਦਾ। ਉਸਨੇ ਕਮਰੇ ਵਿਚ ਕਿਸੇ ਮਰੀ ਹੋਈ ਚੂਹੀ ਜਾਂ ਛਿਪਕਲੀ ਨੂੰ ਲੱਭਣ ਦਾ ਯਤਨ ਵੀ ਕੀਤਾ ਪਰ ਉਸਦੇ ਸਮਝ ਕੁਝ ਨਹੀਂ ਸੀ ਆ ਰਿਹਾ। ਸਵੇਰੇ ਘਰ ਵਿਚ ਆਇਆ ਮੇਰਾ ਪੋਤਾ ਸਿਰਹਾਣੇ ਲਾਗੇ ਟੇਬਲ ਤੇ ਪਈ ਸ਼ੀਸ਼ੀ ਨੂੰ ਪੜ੍ਹ ਕੇ ਕਹਿਣ ਲੱ੍ਯਗਆ ‘‘ਰਾਤੀ ਸਾਰਿਕਾ ਚਾਚੀ ਨੇ ਆਪਣੇ ਵਾਲਾਂ ਨੂੰ ਜੋ ਬਾਬਾ ਰਾਮਦੇਵ ਦਾ ਤੇਲ ਲਾਇਆ ਸੀ ਉਸ ਵਿਚ ਗਊ ਦਾ ਪਿਸ਼ਾਬ ਹੈ।’’ ਫਿਰ ਵਿਸ਼ਵ ਨੂੰ ਸਮਝ ਆਇਆ ਕਿ ਅਸਲ ਵਿਚ ਮਾਜਰਾ ਕੀ ਸੀ। ਕਹਿੰਦੇ ਨੇ ਉਤਰਾਖੰਡ ਦੀ ਸਰਕਾਰ ਨੇ ਤਾਂ ਮੱਝਾਂ ਤੇ ਗਊਆਂ ਦੇ ਦੁੱਧ ਦੀ ਤਰ੍ਹਾਂ ਹੀ ਗਊ ਦਾ ਪਿਸ਼ਾਬ ਘਰਾਂ ਵਿਚੋਂ ਖਰੀਦਣ ਵਾਲੀਆਂ ਡੇਰੀਆਂ ਦੇ ਪ੍ਰਬੰਧ ਵੀ ਕਰਨੇ ਸ਼ੁਰੂ ਕਰ ਦਿੱਤੇ ਹਨ।

ਕਿਸੇ ਵੇਲੇ ਮੈਂ ਸੁਣਿਆ ਸੀ ਕਿ ਅਰਬ ਦੇ ਵਸਨੀਕ ਉ¤ਠਾਂ ਦੇ ਪਿਸ਼ਾਬ ਨੂੰ ਦਵਾਈਆਂ ਵਿਚ ਵਰਤਦੇ ਹਨ ਤੇ ਸੁਡਾਨ ਦੇ ਲੋਕ ਬੱਕਰੀਆਂ ਦੇ ਪਿਸ਼ਾਬ ਨੂੰ ਮਹੱਤਵਪੂਰਨ ਮੰਨਦੇ ਹਨ। ਨਾਈਜ਼ੀਰੀਆ ਵਿਚ ਯੂਰਬਾ ਭਾਸ਼ਾਈ ਲੋਕ ਬੱਚਿਆਂ ਨੂੰ ਪੈਂਦੇ ਮਿਰਗੀ ਦੇ ਦੌਰੇ ਰੋਕਣ ਲਈ ਉਨ੍ਹਾਂ ਦੇ ਮੂੰਹ ਵਿਚ ਗਊ ਦਾ ਪਿਸ਼ਾਬ ਪਾ ਦਿੰਦੇ ਹਨ। ਪਰ ਇਕ ਗੱਲ ਜੋ ਮੇਰੀ ਸਮਝ ਤੋਂ ਬਾਹਰ ਹੈ ਉਹ ਇਹ ਹੈ ਕਿ ਜੇ ਅਰਬ ਦੇ ਵਸ਼ਨੀਕਾਂ ਨੂੰ ਗਊ ਦਾ ਪਿਸ਼ਾਬ ਪੀਣ ਲਈ ਕਿਹਾ ਜਾਵੇ ਤਾਂ ਉਹ ਪੂਰੀ ਤਰ੍ਹਾਂ ਨਾਂਹ ਕਰ ਜਾਣਗੇ ਪਰ ਜੇ ਭਾਰਤੀ ਲੋਕਾਂ ਨੂੰ ਉਠ ਜਾਂ ਬੱਕਰੀ ਦਾ ਪੇਸ਼ਾਬ ਪੀਣ ਦੀ ਸਲਾਹ ਦਿੱਤੀ ਜਾਵੇ ਤਾਂ ਉਹ ਕਹਿਣਗੇ ‘‘ਜੇ ਮੂੰਹ ਚੱਜ ਦਾ ਨਹੀਂ ਤਾਂ ਗੱਲ ਤਾਂ ਚੱਜ ਦੀ ਕਰ ਲਿਆ ਕਰ।’’ ਅੱਜ ਵਿਗਿਆਨ ਦੀਆਂ ਖੋਜਾਂ ਨੇ ਸਮੁੱਚੀ ਦੁਨੀਆਂ ਨੂੰ ਤਾਂ ਇਕ ਪਿੰਡ ਦੇ ਰੂਪ ਵਿਚ ਬਦਲ ਦਿੱਤਾ ਹੈ ਪਰ ਸਾਡੇ ਅਲੱਗ ਅਲੱਗ ਖਿੱਤਿਆਂ ਦੇ ਅੰਧ ਵਿਸ਼ਵਾਸ ਉਸੇ ਤਰ੍ਹਾਂ ਹੀ ਮੌਜੂਦ ਨੇ। ਸਾਨੂੰ ਦੂਸਰਿਆਂ ਦੇ ਅੰਧਵਿਸ਼ਵਾਸਾਂ ਉਪਰ ਤਾਂ ਹਾਸਾ ਆਉਂਦਾ ਹੈ ਪਰ ਆਪਣੇ ਅੰਧਵਿਸ਼ਵਾਸਾਂ ਵੇਲੇ ਅਸੀਂ ਚੁੱਪ ਵੱਟ ਲੈਂਦੇ ਹਾਂ।

ਇਸ ਵਿਚ ਪੂਰੀ ਸਚਾਈ ਹੈ ਕਿ ਗਊ ਜਾਂ ਹੋਰ ਜੀਵਾਂ ਦੇ ਪਿਸ਼ਾਬ ਵਿਚ ਦੋ ਦਰਜਨ ਤੋਂ ਵੱਧ ਤੱਤ ਤੇ ਯੋਗਿਕ ਪਾਏ ਜਾਂਦੇ ਹਨ। ਇਨ੍ਹਾਂ ਵਿਚ ਨਾਈਟ੍ਰੋਜਨ, ਸਲਫਰ, ਅਮੋਨੀਆ, ਕਾਪਰ, ਆਇਰਨ, ਯੂਰੀਆ, ਯੂਰਿਕ ਐਸਿਡ, ਫਾਸਫੇਟ, ਸੋਡੀਅਮ, ਪੋਟਾਸ਼ੀਅਮ ਆਦਿ ਪ੍ਰਮੁੱਖ ਹਨ। ਕੀ ਇਹ ਸਾਰੇ ਹੀ ਮਨੁੱਖੀ ਸਿਹਤ ਲਈ ਫਾਇਦੇਮੰਦ ਹਨ? ਨਹੀਂ ਇਹ ਅਸੰਭਵ ਹੈ ਜੇ ਇਨ੍ਹਾਂ ਵਿਚੋਂ ਕੁਝ ਸਾਡੀ ਸਿਹਤ ਲਈ ਲਾਭਦਾਇਕ ਵੀ ਹੋਣਗੇ ਤਾਂ ਕੁਝ ਜ਼ਰੂਰ ਹੀ ਨੁਕਸਾਨਦਾਇਕ ਵੀ ਹੋਣਗੇ। ਸੋ ਲੋੜ ਹੈ ਇਹ ਜਾਨਣ ਦੀ ਕਿ ਕਿਹੜੇ ਲਾਭਦਾਇਕ ਹਨ ਤੇ ਕਿਹੜੇ ਨੁਕਸਾਨ ਕਰਦੇ ਹਨ।

ਕਈ ਵਾਰ ਵੱਡੀ ਉਮਰ ’ਚ ਗਊਆਂ ਦੇ ਗੁਰਦੇ ਵੀ ਫੇਲ ਹੋ ਜਾਂਦੇ ਹਨ ਤੇ ਉਹ ਖੂਨ ਦਾ ਵਧੀਆ ਢੰਗ ਨਾਲ ਫਿਲਟਰ ਨਹੀਂ ਕਰ ਸਕਦੀਆਂ। ਅਜਿਹੀਆਂ ਹਾਲਤਾਂ ਵਿਚ ਕਈ ਬਿਮਾਰੀਆਂ ਦੇ ਜਰਮ ਦੀ ਮਨੁੱਖੀ ਸਰੀਰ ਵਿਚ ਦਾਖਲ ਹੋਣ ਦਾ ਅੰਦੇਸ਼ਾ ਬਣਿਆ ਰਹਿੰਦਾ ਹੈ। ਅਸਲੀਅਤ ਇਹ ਹੈ ਕਿ ਭਾਰਤ ਵਿਚ ਗਊ ਮਾਸ ਦੀ ਵਰਤੋਂ ਰੋਕਣ ਲਈ ਗਊ ਮੂਤਰ ਦੇ ਫਾਇਦਿਆਂ ਦਾ ਪ੍ਰਚਾਰ ਇਕ ਗਿਣੀ ਮਿਥੀ ਯੋਜਨਾ ਰਾਹੀ ਕੀਤਾ ਜਾ ਰਿਹਾ ਹੈ। ਇਥੋਂ ਤਾਂ ਗਊਆਂ ਦੇ ਟਰੱਕਾਂ ਨੂੰ ਲੈ ਜਾਣੋ ਰੋਕਣ ਲਈ ਮਨੁੱਖੀ ਸਰੀਰਾਂ ਨੂੰ ਅੱਗ ਦੀ ਭੇਂਟ ਕਰਕੇ ਇਹ ਸਿੱਧ ਕੀਤਾ ਜਾਂਦਾ ਹੈ ਕਿ ਜਾਨਵਰਾਂ ਦੀ ਕੀਮਤ ਮਨੁੱਖਾਂ ਨਾਲੋਂ ਕਿਤੇ ਜ਼ਿਆਦਾ ਹੈ। ਅਜਿਹੀਆਂ ਕਈ ਘਟਨਾਵਾਂ ਉ¤ਤਰ ਭਾਰਤ ਦੇ ਕਈ ਖਿੱਤਿਆਂ ਵਿਚ ਹੋਈਆਂ ਹਨ। ਪਰ ਕਦੇ ਵੀ ਸਰਕਾਰਾਂ ਨੇ ਜਾਂ ਅਦਾਲਤਾਂ ਨੇ ਇਨ੍ਹਾਂ ਘਟਨਾਵਾਂ ਤੇ ਕਦੇ ਵੀ ਕੋਈ ਗੰਭੀਰ ਕਾਰਵਾਈ ਨਹੀਂ ਕੀਤੀ।

ਬਾਬਾ ਰਾਮਦੇਵ ਜੀ ਵੀ ਆਪਣੀਆਂ ਦਵਾਈਆਂ ਵਿਚ ਗਊ ਮੂਤਰ ਦੀ ਵਰਤੋਂ ਵੱਡੇ ਪੱਧਰ ਤੇ ਕਰ ਰਿਹਾ ਹੈ। ਅੱਧਾ ਲਿਟਰ ਗਊ ਦਾ ਪਿਸ਼ਾਬ ਸੱਤਰ ਰੁਪਏ ਵਿਚ ਵੇਚਿਆ ਜਾ ਰਿਹਾ ਹੈ। ਹਜ਼ਾਰਾਂ ਵਪਾਰੀਆਂ ਨੇ ਗਊ ਮੂਤਰ ਦਾ ਵਿਉਪਾਰ ਕਰਨ ਲਈ ਹਜ਼ਾਰਾਂ ਹੀ ਦੁਕਾਨਾਂ ਖੋਲ ਲਈਆਂ ਹਨ।

ਚਰਕ, ਧੰਨਵੰਤਰੀ ਵਰਗੇ ਸਾਡੇ ਪੁਰਾਣੇ ਵੇਦ ਆਪਣੇ ਸਮੇਂ ਦੇ ਤਜਰਬੇਕਾਰ ਤੇ ਬੁੱਧੀਮਾਨ ਵਿਅਕਤੀ ਸਨ ਉਨ੍ਹਾਂ ਨੇ ਬਹੁਤ ਸਾਰੇ ਲਾਭਦਾਇਕ ਨੁਕਸ਼ੇ ਆਪਣੀਆਂ ਪੁਸਤਕਾਂ ਵਿਚ ਦਰਸਾਏ ਹਨ। ਪਰ ਸੋਚਣ ਵਾਲੀ ਗੱਲ ਹੈ ਕਿ ਉਹ ਕਿਹੜੇ ਸਮੇਂ ਵਿਚ ਹੋਏ ਹਨ ਉਸ ਸਮੇਂ ਵਿਗਿਆਨ ਦੀਆਂ ਖੋਜਾਂ ਦੀ ਕੀ ਹਾਲਤ ਸੀ। ਮੈਂ ਇਹ ਗੱਲ ਦਾਅਵੇ ਨਾਲ ਕਹਿ ਸਕਦਾ ਹਾਂ ਕਿ 100-200 ਸਾਲ ਪਹਿਲਾਂ ਸਾਡੇ ਪੁਰਖਿਆਂ ਕੋਲ ਤਾਂ ਜੂੰਆਂ ਮਾਰਨ ਲਈ ਵੀ ਕੋਈ ਦਵਾਈ ਨਹੀਂ ਸੀ। ਫਿਰ ਉਹ ਸਰੀਰ ਦੇ ਅੰਦਰੂਨੀ ਜਰਮਾਂ ਨੂੰ ਕਿਵੇਂ ਮਾਰ ਸਕਦੇ ਸਨ?

1935 ਵਿਚ ਸਾਡੇ ਦੇਸ਼ ਵਿਚ ਔਸਤ ਉਮਰ ਹੀ 35 ਸਾਲ ਸੀ। ਚਰਕ ਹੁਰਾਂ ਦੇ ਜਮਾਨੇ ਵਿਚ ਔਸਤ ਆਯੂ ਸਿਰਫ਼ 20 ਸਾਲ ਸੀ। ਅੱਜ ਦੇ ਵਿਗਿਆਨ ਨੇ ਸਾਡੇ ਦੇਸ਼ ਵਿਚ ਹੀ ਔਸਤ ਉਮਰ 65 ਸਾਲਾਂ ਨੂੰ ਪੁਚਾ ਦਿੱਤੀ ਹੈ। ਜਾਪਾਨੀ ਇਸਤਰੀਆਂ ਦੀ ਔਸਤ ਆਯੂ 88 ਵਰ੍ਹੇ ਹੋ ਚੁੱਕੀ ਹੈ। ਚਰਕ ਵਰਗੇ ਵਿਦਵਾਨ ਦੋ ਹਜ਼ਾਰ ਸਾਲ ਪਹਿਲਾਂ ਹੋਏ ਹਨ। ਉਸ ਸਮੇਂ ਉਨ੍ਹਾਂ ਕੋਲ ਜਰਮਾਂ ਦਾ ਪਤਾ ਕਰਨ ਲਈ ਨਾ ਤਾਂ ਖੁਰਦਬੀਨਾਂ ਸਨ ਤੇ ਨਾ ਹੀ ਬਿਮਾਰੀਆਂ ਦਾ ਪਤਾ ਲਾਉਣ ਲਈ ਐਕਸ ਰੇ, ਤੇ ਅਲਟਰਾ ਸਾਊਂਡ ਸਨ। ਰਸਾਇਣਕ ਪ੍ਰਯੋਗਸ਼ਾਲਾਵਾਂ ਦਾ ਨਾਂ ਨਿਸ਼ਾਨ ਤੱਕ ਨਹੀਂ ਸੀ। ਸੋ ਅਜਿਹੇ ਸਮਿਆਂ ਵਿਚ ਜਰਮਾਂ ਨਾਲ ਹੋਣ ਵਾਲੀਆਂ ਬਿਮਾਰੀਆਂ ਦਾ ਕੋਈ ਪਤਾ ਨਹੀਂ ਸੀ।

ਅੱਜ ਤੋਂ ਸੱਠ ਸਾਲ ਪਹਿਲਾਂ ਸਾਡੇ ਦੇਸ਼ ਵਿਚ ਹੀ ਟੀ. ਬੀ. ਦਾ ਇਲਾਜ ਵੀ ਨਹੀਂ ਸੀ। ਪਰ ਦੇਸ਼ੀ ਗਊ ਮੂਤਰ ਤਾਂ ਉਦੋਂ ਵੀ ਵੱਧ ਮਾਤਰਾ ਵਿਚ ਸੀ ਕਿਉਂਕਿ ਉਸ ਸਮੇਂ ਅਮਰੀਕਨ ਨਸਲਾਂ ਤਾਂ ਸਾਡੇ ਦੇਸ਼ ਵਿਚ ਆਈਆਂ ਹੀ ਨਹੀਂ ਸਨ। ਜੇ ਉਸ ਸਮੇਂ ਟੀ. ਬੀ. ਦਾ ਇਲਾਜ ਹੁੰਦਾ ਤਾਂ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਦੀ ਪਤਨੀ ਕਮਲਾ ਨਹਿਰੂ ਅਤੇ ਪਾਕਿਸਤਾਨੀ ਆਗੂ ਜਿਨਾਹ ਵੀ ਟੀ. ਬੀ. ਨਾਲ ਨਾ ਮਰਦੇ। ਭਾਵੇ ਅਮਰੀਕਨ ਨਸਲ ਦੀਆਂ ਗਊਆਂ ਖਾਂਦੀਆਂ ਤਾਂ ਭਾਰਤੀ ਚਾਰਾ ਹੀ ਹਨ ਪਰ ਪਿਸ਼ਾਬ ਪੀਣ ਦੇ ਮਸਲੇ ਵਿੱਚ ਉਨ੍ਹਾਂ ਨਾਲ ਭੇਦਭਾਵ ਕਿਉਂ ਕੀਤਾ ਜਾਂਦਾ ਹੈ? ਅੱਜ ਸਾਡੇ ਗਊ ਭਗਤਾਂ ਨੇ ਸਾਡੇ ਸ਼ਹਿਰਾਂ ਦੀਆਂ ਹਾਲਤਾਂ ਅਖੌਤੀ ਨਰਕਾਂ ਨਾਲੋਂ ਭੈੜੀਆਂ ਕਰ ਰੱਖੀਆਂ ਹਨ। ਜਿਸ ਪਾਸੇ ਵੀ ਜਾਓ ‘ਗਊ ਜਾਏ’ ਰਸਤਾ ਰੋਕੀ ਖੜੇ ਨਜ਼ਰ ਆਉਣਗੇ। ਪਿਛਲੇ ਮਹੀਨੇ ਹੀ ਮੇਰਾ 78 ਸਾਲਾਂ ਚਾਚਾ ਇਨ੍ਹਾਂ ਦੀ ਭੇਂਟ ਚੜਦਾ ਚੜਦਾ ਮਸਾ ਹੀ ਬਚਿਆ ਹੈ। ਕਿਹੜਾ ਸ਼ਹਿਰ ਹੈ ਜਿਥੇ ਹਰ ਸਾਲ 40-50 ਬੰਦੇ ਇਨ੍ਹਾਂ ਦਾ ਸ਼ਿਕਾਰ ਹੋ ਕੇ ਲੱਤਾਂ ਬਾਹਾਂ ਤੁੜਵਾਉਂਦੇ ਨਹੀਂ? ਸਭ ਤੋਂ ਵੱਧ ਦੇਵੀ ਦੇਵਤਿਆਂ ਤੇ ਧਾਰਮਿਕ ਸਥਾਨਾਂ ਵਾਲੇ ਦੇਸ਼ਾਂ ਵਿਚ ਹੀ ਅਜਿਹੀਆਂ ਬਿਮਾਰੀਆਂ ਤੇ ਦੁਰਘਟਨਾਵਾਂ ਵੀ ਸਭ ਤੋਂ ਵਧੇਰੇ ਹੁੰਦੀਆਂ ਹਨ।

ਬਹੁਤੇ ਸਾਰੇ ਵਿਦੇਸ਼ੀ ਸੈਲਾਨੀਆਂ ਨੂੰ ਸ਼ਹਿਰਾਂ ਵਿਚ ਘੁੰਮਦੀਆਂ ਇਨ੍ਹਾਂ ਗਊਆਂ ਦੀਆਂ ਫੋਟੋਆਂ ਖਿੱਚਦੇ ਮੈਂ ਅੱਖੀ ਤੱਕਿਆ ਹੈ। ਕਈ ਵਾਰੀ ਮੈਂ ਉਨ੍ਹਾਂ ਨੂੰ ਇਸਦਾ ਕਾਰਨ ਵੀ ਪੁੱਛਿਆ ਉਨ੍ਹਾਂ ਦਾ ਜੁਆਬ ਹੁੰਦਾ ਹੈ ਕਿ ‘‘ਇਹ ਅਜੀਬ ਵਰਤਾਰਾਂ ਹੈ ਸਾਡੇ ਦੇਸ਼ਾਂ ਵਿਚ ਤਾਂ ਪਸ਼ੂ ਸੜਕ ਤੇ ਆ ਹੀ ਨਹੀਂ ਸਕਦੇ।’’

ਅੱਜ ਵਿਗਿਆਨ ਦਾ ਯੁੱਗ ਹੈ। ਆਪਣੇ ਆਪ ਨੂੰ ਸਿਹਤਮੰਦ ਰੱਖਣ ਲਈ ਸਾਨੂੰ ਵਿਗਿਆਨਕ ਸੋਚ ਹੀ ਅਪਣਾਉਣੀ ਚਾਹੀਦੀ ਹੈ। ਵਿਗਿਆਨਕ ਸੋਚ ਕਹਿੰਦੀ ਹੈ ਕਿ ਕੋਈ ਵੀ ਚੀਜ਼ ਮੂੰਹ ਵਿਚ ਪਾਉਣ ਤੋਂ ਪਹਿਲਾਂ ਉਸ ਵਿਚ ਮੌਜੂਦ ਰਸਾਇਣਕ ਪਦਾਰਥਾਂ ਦਾ ਵਿਸ਼ਲੇਸ਼ਣ ਹੋਣਾ ਚਾਹੀਦਾ ਹੈ। ਸਿਰਫ਼ ਫ਼ਾਇਦੇਮੰਦ ਪਦਾਰਥ ਹੀ ਸਾਡੇ ਅੰਦਰ ਜਾਣੇ ਚਾਹੀਦੇ ਹਨ। ਹਾਨੀਕਾਰਕ ਰਸਾਇਣਕ ਪਦਾਰਥ ਨਹੀਂ ਜਾਣੇ ਚਾਹੀਦੇ।

ਗਊ ਦੇ ਪੇਸ਼ਾਬ ਦਾ ਵੀ ਦੁਨੀਆਂ ਦੀਆਂ ਵੱਖ ਵੱਖ ਪ੍ਰਯੋਗਸ਼ਲਾਵਾਂ ਵਿਚ ਰਸਾਇਣਕ ਪ੍ਰੀਖਣ ਹੋਣਾ ਚਾਹੀਦਾ ਹੈ। ਇਸ ਪ੍ਰੀਖਣ ਦੇ ਨਾਲ ਨਾਲ ਪ੍ਰੀਖਣ ਕਰਨ ਵਾਲਿਆਂ ਦੀ ਨੀਅਤ ਵੀ ਧਿਆਨ ਵਿਚ ਰੱਖਣੀ ਚਾਹੀਦੀ ਹੈ। ਕਿ ਕੌਣ ਕਿਸ ਚੀਜ਼ ਦਾ ਪ੍ਰਚਾਰ ਕਿਸ ਨੀਅਤ ਨਾਲ ਕਰ ਰਿਹਾ ਹੈ? ਥੋੜੀ ਜਿਹੀ ਘੋਖਵੀ ਨਜ਼ਰ ਗਊ ਦੇ ਪਿਸ਼ਾਬ ਸਬੰਧੀ ਸਾਡਾ ਨਜ਼ਰੀਆ ਦਰੁਸਤ ਕਰ ਸਕਦੀ ਹੈ।

ਗੋ ਮੂਤਰ, ਗੰਗਾਜਲ, ਅਯੁੱਧਿਆ ਜਾਂ ਗੋਧਰਾ ਕਿਸੇ ਪਾਰਟੀ ਲਈ ਸਿਆਸਤ ਦੀ ਟੀਸੀ ਤੇ ਪਹੁੰਚਣ ਲਈ ਪੋੜੀ ਦੇ ਟੰਬੇ ਵੀ ਤਾਂ ਹੋ ਸਕਦੇ ਨੇ।

ਰਮਜ਼ਾਨ ਦੇ ਪਵਿੱਤਰ ਮਹੀਨੇ ਦੇ ਆਰੰਭ ਤੇ

ਇਸਲਾਮ ਧਰਮ ਪੰਜ ਥੰਮਾਂ ਜਾਂ ਸਿਧਾਤਾਂ ਤੇ ਖੜ੍ਹਾ ਹੈ। ਜਿਸ ਵਿੱਚ  ਸਭ ਤੋਂ ਪਹਿਲਾਂ ਥੰਮ ਹੈ ਇੱਕ ਰੱਬ ਤੇ ਵਿਸ਼ਵਾਸ਼ ਕਰਨਾ ਤੇ ਕੇਵਲ ਉਸ ਦੀ ਹੀ ਪੂਜਾ/ਬੰਦਗੀ ਕਰਨਾ ਅਤੇ ਮੁਹੰਮਦ (ਸਲ.) ਨੂੰ ਪੈਗੰਬਰ ਮੰਨ ਕੇ ਉਹਨਾਂ ਦੁਆਰਾ ਆਪਣੇ ਜੀਵਨ ਵਿੱਚ ਅਪਣਾਏ ਸਿਧਾਤਾਂ ਨੂੰ ਅਪਣਾਉਣਾ ਹੈ। ਦੂਜਾ ਹੈ ਦਿਨ ‘ਚ ਪੰਜ ਵਾਰ ਨਮਾਜ਼ ਪੜ੍ਹਨਾ ਭਾਵ ਆਪਣੇ ਰੱਬ ਦੀ ਪੂਜਾ ਕਰਨਾ ਹੈ। ਤੀਜਾ ਥੰਮ ਹੈ ਜ਼ਕਾਤ ਭਾਵ ਆਪਣੀ ਨੇਕ ਕਮਾਈ ਦਾ 40ਵਾਂ ਹਿੱਸਾ (ਢਾਈ ਪ੍ਰਤੀਸ਼ਤ) ਗਰੀਬਾਂ, ਯਤੀਮਾਂ, ਲੋੜਵੰਦਾਂ ਨੂੰ ਰੱਬ ਦੀ ਰਜ਼ਾ ਲਈ ਦਾਨ ਦੇਣਾ ਹੈ। ਚੋਥਾ ਹੈ ਰਮਜ਼ਾਨ ਦੇ ਪਵਿੱਤਰ ਮਹੀਨੇ ਵਿੱਚ ਇੱਕ ਮਹੀਨੇ ਦੇ ਰੋਜ਼ੇ/ਵਰਤ ਰੱਖਣਾ ਹੈ। ਪੰਜਵਾਂ ਥੰਮ ਹੈ ਹੱਜ ਕਰਨਾ। ਭਾਵ ਆਪਣੀ ਜਿੰਦਗੀ ਵਿੱਚ ਇੱਕ ਵਾਰ ਮੱਕੇ (ਜੋ ਕਿ ਸਾਊਦੀ ਅਰਬ ਦਾ ਇੱਕ ਸ਼ਹਿਰ ਹੈ ਅਤੇ ਮੁਹੰਮਦ ਸਾਹਿਬ ਦਾ ਜਨਮ ਸਥਾਨ ਹੈ) ਦੀ ਯਾਤਰਾ ਕਰਨੀ।

ਰਮਜ਼ਾਨ ਦਾ ਪਵਿੱਤਰ ਮਹੀਨਾ ਅਰਬੀ ਸੰਨ ਹਿਜ਼ਰੀ (ਜੋ ਕਿ ਚੰਦਰਮਾ ਅਨੁਸਾਰ ਹਨ)  ਦਾ ਨੌਵਾਂ ਮਹੀਨਾ ਹੈ। ਸ਼ਾਬਾਨ ਅੱਠਵਾਂ ਮਹੀਨਾ ਹੈ। ਖੁਦਾ ਦੇ ਨੇਕ ਬੰਦੇ ਸ਼ਾਬਾਨ ਮਹੀਨਾ ਸ਼ੁਰੂ ਹੁੰਦੇ ਹੀ ਰਮਜ਼ਾਨ ਦੀਆਂ ਤਿਆਰੀਆਂ ਸ਼ੁਰੂ ਕਰ ਦਿੰਦੇ ਹਨ।ਇਸਲਾਮ ਧਰਮ ਦੇ ਬਹੁਤ ਸਾਰੇ ਹੁਕਮਾਂ ਵਾਂਗ ਰੋਜ਼ਾ ਵੀ ਸਹਿਜੇ-ਸਹਿਜੇ ਫਰਜ਼ ਕੀਤਾ ਗਿਆ। ਹਜ਼ਰਤ ਮੁਹੰਮਦ (ਸ.) ਨੇ ਸ਼ੁਰੂ ਵਿੱਚ ਮੁਸਲਮਾਨਾਂ ਨੂੰ ਹਰ ਮਹੀਨੇ ਕੇਵਲ ਤਿੰਨ ਦਿਨਾਂ ਦੇ ਰੋਜ਼ੇ ਰੱਖਣ ਦੀ ਹਦਾਇਤ ਕੀਤੀ ਸੀ। ਪਰ ਇਹ ਰੋਜ਼ੇ ਫਰਜ਼ ਨਹੀਂ ਸਨ। ਫਿਰ ਸੰਨ 2 ਹਿਜ਼ਰੀ ਵਿੱਚ ਰਮਜ਼ਾਨ ਮਹੀਨੇ ਦੇ ਰੋਜ਼ਿਆਂ ਦਾ ਹੁਕਮ ਕੁਰਆਨ ਵਿੱਚ ਨਾਜ਼ਲ ਹੋਇਆ। ਕਿਹਾ ਗਿਆ “ਹੇ ਈਮਾਨ ਲਿਆਉਣ ਵਾਲਿਓ ਰੱਬ ਦੇ ਹੁਕਮ ਨਾਲ ਤੁਹਾਡੇ ਉੱਪਰ ਰੋਜ਼ੇ ਫਰਜ਼ ਕਰ ਦਿੱਤੇ ਗਏ ਹਨ।ਜਿਸ ਤਰ੍ਹਾਂ ਤੁਹਾਡੇ ਤੋਂ ਪਹਿਲੀਆਂ ਉਮਤਾਂ ਤੇ ਫਰਜ਼ ਕੀਤੇ ਗਏ ਸਨ ਤਾਂ ਕਿ ਤੁਹਾਡੇ ਵਿੱਚ ਪਰਹੇਜ਼ਗਾਰੀ ਦਾ ਗੁਣ ਪੈਦਾ ਹੋ ਜਾਵੇ। ਇੱਥੇ ਇਹ ਗੱਲ ਧਿਆਨ ਦੇਣ ਵਾਲੀ ਹੈ ਕਿ ਬਿਮਾਰਾਂ, ਮੁਸਾਫਰਾਂ, ਗਰਭਵਤੀ ਜਾਂ ਦੁੱਧ ਚੁੰਘਾਉਣ ਵਾਲੀਆਂ ਇਸਤਰੀਆਂ ਲਈ ਭਾਵ ਜਿਹਨਾਂ ਵਿੱਚ ਰੋਜ਼ਾ ਰੱਖਣ ਦੀ ਤਾਕਤ ਨਾ ਹੋਵੇ ਉਨ੍ਹਾਂ ਨੂੰ ਰੋਜੇ ਰੱਖਣ ਤੋਂ ਛੋਟ ਦਿੱਤੀ ਗਈ ਹੈ। ਪਰਹੇਜ਼ਗਾਰੀ ਤੋਂ ਭਾਵ ਆਪਣੇ ਨਫ਼ਸ ਤੇ ਕਾਬੂ ਰੱਖਣਾ ਹੈ।ਇਸ ਮਹੀਨੇ ਵਿੱਚ ਇਸਲਾਮ ਧਰਮ ਦੀ ਪਵਿੱਤਰ ਕਿਤਾਬ ਕੁਰਆਨ ਸ਼ਰੀਫ਼ ਨਾਜ਼ਲ ਹੋਈ।ਇਸ ਕਰਕੇ ਇਸ ਨੂੰ ਕੁਰਆਨ ਦੀ ਸਾਲ ਗਿਰਾਹ ਦਾ ਮਹੀਨਾ ਵੀ ਕਿਹਾ ਜਾਂਦਾ ਹੈ।

ਇਸ ਤਰ੍ਹਾਂ ਰਮਜ਼ਾਨ ਦਾ ਮਹੀਨਾ ਜਿਸ ਨੂੰ ਪਵਿੱਤਰ ਅਤੇ ਬਰਕਤਾਂ ਵਾਲਾ ਮਹੀਨਾ ਕਿਹਾ ਜਾਂਦਾ ਹੈ ਇਸਲਾਮ ਜਗਤ ਵਿੱਚ ਬਹੁਤ ਮਹੱਤਤਾ ਰੱਖਦਾ ਹੈ। ਇਸ ਮਹੀਨੇ ਵਿੱਚ ਇਸਲਾਮ ਨੂੰ ਮੰਨਣ ਵਾਲੇ ਭਾਵ ਮੁਸਲਮਾਨ ਪੂਰੇ ਮਹੀਨੇ ਦੇ ਰੋਜ਼ੇ (ਵਰਤ) ਰੱਖਦੇ ਹਨ। ਇਸ ਵਿੱਚ ਰੱਬ ਵੱਲੋਂ ਆਪਣੀ ਇਬਾਦਤ (ਪੂਜਾ) ਕਰਨ ਦਾ ਬਦਲ 70 ਗੁਣਾ ਤੱਕ ਵਧਾ ਦਿੱਤਾ ਜਾਂਦਾ ਹੈ। ਇਸ ਦੀ ਮਹੱਤਤਾ ਨੂੰ ਦੱਸਦੇ ਹੋਏ ਇਸਲਾਮ ਧਰਮ ਦੇ ਆਖਰੀ ਪੈਗੰਬਰ ਹਜ਼ਰਤ ਮੁਹੰਮਦ (ਸਲ.) ਨੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ “ਐ ਲੋਕੋ ਤੁਹਾਡੇ ਸਾਹਮਣੇ ਇੱਕ ਬਹੁਤ ਮੁਬਾਰਕ ਅਤੇ ਬਰਕਤਾਂ ਵਾਲਾ ਮਹੀਨਾ ਆਉਣ ਵਾਲਾ ਹੈ। ਇਸ ਵਿੱਚ ਇੱਕ ਰਾਤ ਅਜਿਹੀ ਵੀ ਹੈ ਜਿਸ ਵਿੱਚ ਕੀਤੀ ਇਬਾਦਤ ਹਜ਼ਾਰ ਮਹੀਨਿਆਂ ਵਿੱਚ ਕੀਤੀ ਇਬਾਦਤ ਤੋਂ ਚੰਗੀ ਹੈ। ਇਸ ਦੇ ਰੋਜ਼ਿਆਂ ਨੂੰ ਰੱਬ ਨੇ ਤੁਹਾਡੇ ਤੇ ਫ਼ਰਜ਼ ਕੀਤਾ ਹੈ ਅਤੇ ਰਾਤ ਦੇ ਕਿਆਮ ਭਾਵ ਤਰਾਬੀ ਦੀ ਨਮਾਜ਼ ਨੂੰ ਤੁਹਾਡੇ ਲਈ ਸਵਾਬ (ਪੁੰਨ) ਦੀ ਚੀਜ਼ ਬਣਾਇਆ ਹੈ। ਕੋਈ ਵੀ ਮਨੁੱਖ ਜੋ ਇਸ ਮਹੀਨੇ ਵਿੱਚ ਚੰਗਾ ਕੰਮ ਕਰੇਗਾ ਉਸ ਨੂੰ ਫਰਜ਼ ਅਦਾ ਕਰਨ ਦੇ ਬਰਾਬਰ ਸਵਾਬ ਦਿੱਤਾ ਜਾਵੇਗਾ ਤੇ ਜੋ ਫ਼ਰਜ਼ ਅਦਾ ਕਰੇਗਾ ਉਸ ਨੂੰ 70 ਫ਼ਰਜ਼ ਅਦਾ ਕਰਨ ਦੇ ਬਰਾਬਰ ਸਵਾਬ ਦਿੱਤਾ ਜਾਵੇਗਾ”। ਇਹ ਸਬਰ ਦਾ ਮਹੀਨਾ ਹੈ ਤੇ ਮੁਹੰਮਦ (ਸਲ.) ਦੇ ਅਨੁਸਾਰ ਸਬਰ ਦਾ ਬਦਲਾ ਜੰਨਤ (ਸਵਰਗ) ਹੈ। ਇਹ ਗਰੀਬਾਂ, ਯਤੀਮਾਂ, ਵਿਧਵਾਵਾਂ ਆਦਿ ਨਾਲ ਭਲਾਈ ਅਤੇ ਹਮਦਰਦੀ ਕਰਨ ਦਾ ਮਹੀਨਾ ਹੈ।ਇਸ ਮਹੀਨੇ ਵਿੱਚ ਜਿਸ ਵਿਅਕਤੀ ਉਪੱਰ ਜ਼ਕਾਤ ਫਰਜ਼ ਹੈ ਉਸ ਨੂੰ ਆਪਣੀ ਆਮਦਨ/ਮਾਲ ਵਿੱਚਂੋ 40 ਵਾਂ ਹਿੱਸਾ  (2.5%) ਲੋੜਵੰਦਾਂ, ਗਰੀਬਾਂ, ਯਤੀਮਾਂ, ਵਿਧਵਾਵਾਂ ਆਦਿ ਨੂੰ ਦਾਨ ਕਰਨ ਦਾ ਹੁਕਮ ਦਿੱਤਾ ਗਿਆ ਹੈ। ਇਸ ਮਹੀਨੇ ਦੇ ਪਹਿਲੇ ਹਿੱਸੇ ਨੂੰ ਰਹਿਮਤ ਦਾ, ਦੂਜੇ ਹਿੱਸੇ ਨੂੰ ਮਗਫ਼ਿਰਤ ਦਾ ਅਤੇ ਤੀਸਰੇ ਹਿੱਸੇ ਨੂੰ ਜਹੰਨਮ/ਨਰਕ ਤੋਂ ਛੁਟਕਾਰੇ ਦਾ ਕਿਹਾ ਗਿਆ ਹੈ। ਇਸ ਮਹੀਨੇ ਵਿੱਚ ਨੌਕਰਾਂ ਦੇ ਕੰਮ ਨੂੰ ਘੱਟ ਕਰਨ ਦਾ ਹੁਕਮ ਦਿੱਤਾ ਗਿਆ ਹੈ। ਮੁਹੰਮਦ (ਸਲ.) ਨੇ ਕਿਹਾ “ਜੋ ਵਿਅਕਤੀ ਆਪਣੇ ਰੱਬ ਨੂੰ ਖੁਸ਼ ਕਰਨ ਲਈ ਕਿਸੇ ਰੋਜ਼ੇਦਾਰ ਦਾ ਰੋਜ਼ਾ ਇਫਤਾਰ ਕਰਵਾਏਗਾ ਅੱਲ੍ਹਾ ਉਸ ਨੂੰ ਵੀ ਰੋਜ਼ਾ ਰੱਖਣ ਵਾਲੇ ਦੇ ਬਰਾਬਰ ਦਾ ਸਵਾਬ ਦੇਣਗੇ ਜਦੋਂ ਕਿ ਰੋਜ਼ਾ ਰੱਖਣ ਵਾਲੇ ਦੇ ਸਵਾਬ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਕੀਤੀ ਜਾਵੇਗੀ”। ਇਸ ਗੱਲ ਨੂੰ ਲੈ ਕਿ ਅਕਸਰ ਰਮਜ਼ਾਨ ਦੇ ਮਹੀਨੇ ਵਿੱਚ ਵੱਡੇ-ਵੱਡੇ ਨੇਤਾਵਾਂ ਅਤੇ ਅਸਰ ਰਸੂਖ ਰੱਖਣ ਵਾਲੇ ਵਿਅਕਤੀਆਂ ਦੁਆਰਾ ਇਫਤਾਰ ਪਾਰਟੀਆਂ ਦਾ  ਪ੍ਰਬੰਧ ਕੀਤਾ ਜਾਂਦਾ ਹੈ। ਇਹਨਾਂ ਇਫਤਾਰ ਪਾਰਟੀਆਂ ਨੂੰ ਦੇਖਣ ਤੋਂ ਤਾਂ ਇਹ ਲੱਗਦਾ ਹੈ ਕਿ ਇਹ ਇਫਤਾਰ ਪਾਰਟੀਆਂ ਰੱਬ ਨੂੰ ਖੁਸ਼ ਕਰਨ ਲਈ ਨਹੀਂ ਸਗੋਂ ਆਪਣੇ ਹਿੱਤਾਂ ਦੀ ਪੂਰਤੀ ਲਈ ਰੱਖੀਆਂ ਜਾਂਦੀਆਂ ਹਨ।ਇਹਨਾਂ ਇਫਤਾਰ ਪਾਰਟੀਆਂ ਤੋਂ ਲੋੜਵੰਦਾਂ, ਗਰੀਬਾਂ, ਯਤੀਮਾਂ, ਵਿਧਵਾਵਾਂ  ਆਦਿ ਨੂੰ ਦੂਰ ਹੀ ਰੱਖਿਆ ਜਾਂਦਾ ਹੈ ਕੇਵਲ ਉਹਨਾਂ ਲੋਕਾਂ ਨੂੰ ਹੀ ਬੁਲਾਇਆ ਜਾਂਦਾ ਹੈ ਜਿਹਨਾਂ ਤੋਂ ਕਿਸੇ ਪ੍ਰਕਾਰ ਦੇ ਹਿੱਤਾਂ ਦੀ ਪੂਰਤੀ ਕਰਨੀ ਹੋਵੇ। ਫਿਰ ਭਾਵੇਂ ਇਫਤਾਰ ਪਾਰਟੀ ਵਿੱਚ ਸ਼ਾਮਿਲ ਹੋਣ ਵਾਲੇ ਦਾ ਰੋਜ਼ਾ ਹੋਵੇ ਜਾ ਨਾ ਹੋਵੇ। ਇਸ ਤਰ੍ਹਾਂ ਦੀਆਂ ਇਫਤਾਰ ਪਾਰਟੀਆਂ ਇਸਲਾਮ ਦੇ ਸਿਧਾਤਾਂ ਨਾਲ ਮੇਲ ਨਹੀਂ ਖਾਂਦੀਆ।

ਦੂਸਰੀ ਜੋ ਸਭ ਤੋਂ ਵੱਡੀ ਕਮੀ ਅੱਜ ਕੱਲ ਦੇ ਰੋਜ਼ਾ ਰੱਖਣ ਵਾਲਿਆ ‘ਚ ਦੇਖਣ ਨੂੰ ਮਿਲਦੀ ਹੈ। ਉਹ ਇਹ ਹੈ ਸਵੇਰ ਤੋਂ ਸ਼ਾਮ ਤੱਕ ਭੁੱਖੇ ਤਾਂ ਰਹਿ ਲੈਂਦੇ ਹਨ ਪਰ ਜਿਹਨਾਂ ਚੀਜਾਂ ਤੋਂ ਰੋਜ਼ਾ ਰੱਖ ਕੇ ਬਚਣ ਲਈ ਕਿਹਾ ਗਿਆ ਹੈ ਉਨ੍ਹਾਂ ਤੋਂ ਨਹੀਂ ਬਚਦੇ। ਮੁਹੰਮਦ (ਸਲ.) ਨੇ ਕਿਹਾ ਸੀ ਕਿ “ਰੋਜ਼ਾ ਕੇਵਲ ਭੁੱਖੇ ਰਹਿਣ ਦਾ ਨਾਮ ਨਹੀਂ ਸਗੋ ਹਰ ਤਰਾਂ ਦੇ ਬੁਰੇ ਕੰਮਾਂ ਤੋਂ ਬਚ ਕੇ ਚੰਗੇ ਕੰਮ ਕਰਨ ਦਾ ਨਾਮ ਹੈ। ਸ਼ਰੀਰ ਦੇ ਹਰੇਕ ਅੰਗ ਭਾਵ ਹੱਥ, ਕੰਨ, ਨੱਕ, ਅੱਖ, ਜ਼ੁਬਾਨ ਆਦਿ ਦਾ ਵੀ ਰੋਜ਼ਾ ਹੁੰਦਾ ਹੈ।ਇਹਨਾਂ ਦੀ ਹਰ ਬੁਰੇ ਕੰਮ ਤੋਂ ਹਿਫਾਜ਼ਤ ਕਰਨੀ ਬਹੁਤ ਜਰੂਰੀ ਹੈ”। ਅਸਲ ਵਿੱਚ ਰਮਜ਼ਾਨ ਦਾ ਮਹੀਨਾ ਹਰ ਤਰ੍ਹਾਂ ਦੇ ਬੁਰੇ ਕੰਮਾਂ ਨੂੰ ਛੱਡ ਕੇ ਚੰਗੇ ਕੰਮ ਕਰਨ ਦਾ ਅਭਿਆਸ ਹੈ ਤਾਂ ਕਿ ਇਸ ਅਭਿਆਸ ਦੇ ਨਾਲ ਮਨੁੱਖ ਸਾਰਾ ਸਾਲ ਬੁਰਾਈਆਂ ਤੋਂ ਬਚ ਕੇ ਮਨੁੱਖਤਾ ਦੀ ਸੇਵਾ ਕਰਨ ਵਾਲਾ ਬਣੇ ਜਾਂ ਇਹ ਕਿਹਾ ਜਾ ਸਕਦਾ ਹੈ ਕਿ ਨਫਸ ਦੇ ਖਿਲਾਫ ਜਿਹਾਦ ਦਾ ਦੂਜਾ ਨਾਮ ਰੋਜ਼ਾ ਹੈ।

ਰੋਜਾ ਬੰਦਗੀ ਕਬੁਲੂ। ਦਸ ਦੁਆਰੇ ਚੀਨਿ ਮਰਦਾ ਹੋਇ ਰਹੁ

(ਸ੍ਰੀ ਗੁਰੂ ਗ੍ਰੰਥ ਸਾਹਿਬ,ਰਾਗ ਤਿਲਿੰਗ, ਮ:1)।

ਇਸ ਸਲੋਕ ਦੇ ਰਾਹੀਂ ਸਿੱਖ ਧਰਮ ਦੇ ਮੋਢੀ ਸ੍ਰੀ ਗੁਰੂ ਨਾਨਕ ਦੇਵ ਜੀ ਰੋਜ਼ੇ ਦੀ ਅਸਲ ਰੂਹ ਨੂੰ ਪ੍ਰਾਪਤ ਕਰਨ ਲਈ ਕਹਿੰਦੇ ਹਨ ਕਿ ਰੋਜ਼ਾ ਅਤੇ ਬੰਦਗੀ (ਪੂਜਾ-ਪਾਠ) ਅਜਿਹੀ ਹਾਲਤ ਵਿੱਚ ਹੀ ਕਬੂਲ ਹੋਵੇਗੀ।ਮਨੁੱਖ ਆਪਣੇ ਮੂੰਹ, ਕੰਨ, ਅੱਖ ਅਤੇ ਸ਼ਰੀਰ ਦੇ ਹਰੇਕ ਅੰਗ ਦਾ ਧਿਆਨ ਰੱਖੇ ਅਤੇ ਹਰ ਵੇਲੇ ਫਿਕਰਮੰਦ ਰਹੇ ਕਿ ਇਹਨਾਂ ਤੋਂ ਕੋਈ ਮੰਦਾ ਕੰਮ ਨਾ ਹੋ ਜਾਵੇ। ਆਪਣੇ ਮਨ (ਦਿਲ) ਨੂੰ ਮਾਰ ਕੇ ਆਪਣੀਆਂ ਅੱਖਾਂ ਨੂੰ ਕਾਬੂ ਵਿੱਚ ਰੱਖੇ ਅਤੇ ਸੰਪੂਰਨ ਪੀਰ (ਗੁਰੂ) ਦੀ ਭਾਲ ਵਿੱਚ ਭੱਜ ਦੌੜ ਕਰੇ ਅਤੇ ਤੀਹ ਦਿਨਾਂ ਦੇ ਖੁਸ਼ੀ-ਖੁਸ਼ੀ ਰੋਜ਼ੇ ਰੱਖੇ ਅਤੇ ਕੋਈ ਤੰਗੀ ਮਹਿਸੂਸ ਨਾ ਕਰੇ। ਅਜਿਹਾ ਆਦਮੀ ਹੀ ਅਸੀਲ (ਸੀਲ) ਕਹਾਉਣ ਦਾ ਹੱਕਦਾਰ ਹੈ। ਇਸ ਤਰ੍ਹਾਂ ਰੋਜ਼ਾ ਰੱਖਣ ਵਾਲੇ ਆਪਣੇ ਚਰਿੱਤਰ ਦਾ ਵੀ ਰੋਜ਼ਾ ਰੱਖਦੇ ਹਨ।ਇਸ ਤਰ੍ਹਾਂ ਉਹ ਆਪਣੇ ਦਿਲ ਦੀ ਨਿਗਰਾਨੀ ਕਰਦਾ ਹੈ ਕਿ ਉਸ ਵਿੱਚ ਮੰਦੇ ਵਿਚਾਰ (ਵਸਵਸੇ/ਸ਼ੈਤਾਨੀ ਭਰਮ) ਪੈਦਾ ਨਾ ਹੋ ਸਕਣ। ਹੇ! ਆਲਮ (ਇਸਲਾਮ ਧਰਮ ਦੇ ਵਿਦਵਾਨ) ਮੇਰੀ ਗੱਲ ਗੋਹ ਨਾਲ ਸੁਣ, ਆਪਣੀ ਜੀਭ ਦੇ ਸਾਰੇ ਸੁਆਦ (ਚਸਕੇ) ਛੱਡ ਦੇ।ਇਹ ਕਰਦੇ ਹੋਏ ਤੇਰੇ ਮਨ ਦੇ ਸਾਰੇ ਡਰ ਤੇ ਵਸਵਸੇ (ਭਰਮ) ਦੂਰ ਹੋ ਜਾਣਗੇ। ਅੱਗੇ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਹਨ ਕਿ ਇਸ ਤਰ੍ਹਾਂ ਰੋਜ਼ੇ ਰੱਖਣ ਨਾਲ ਮਨੁੱਖ ਦਾ ਦਿਲ ਸਿਦਕ-ਸੱਚਾਈ ਨਾਲ ਭਰ ਜਾਂਦਾ ਹੈ।

ਮੁਹੰਮਦ (ਸਲ.) ਅਤੇ ਗੁਰੂ ਨਾਨਕ ਦੇਵ ਜੀ ਦੇ ਵਿਚਾਰਾਂ ਨੂੰ ਜਾਨਣ ਤੋਂ ਬਾਅਦ ਅਸੀਂ ਕਹਿ ਸਕਦੇ ਹਾਂ ਕਿ ਰੋਜ਼ਾ ਕੇਵਲ ਭੁੱਖੇ ਪਿਆਸੇ ਰਹਿਣ ਦਾ ਨਾਮ ਨਹੀਂ ਸਗੋਂ ਬੁਰਾਈ ਨੂੰ ਛੱਡ ਕੇ ਅੱਛਾਈ ਨੂੰ ਅਪਣਾਉਣ ਦਾ ਨਾਮ ਹੈ।ਇਸ ਲਈ ਰੋਜ਼ਾ ਰੱਖਣ ਵਾਲਿਆਂ ਲਈ ਜ਼ਰੂਰੀ ਹੈ ਕਿ ਉਹ ਰੋਜ਼ੇ ਦੀ ਅਸਲ ਰੂਹ ਨੂੰ ਪ੍ਰਾਪਤ ਕਰਨ ਦਾ ਯਤਨ ਕਰਨ। ਝੂਠ, ਨਿੰਦਾ-ਚੁਗਲੀ, ਲੜਾਈ-ਝਗੜੇ, ਦੰਗੇ ਫਸਾਦ, ਕਿਸੇ ਨੂੰ ਧੋਖਾ ਦੇਣਾ ਆਦਿ ਬੁਰੇ ਅਤੇ ਮਨੁੱਖਤਾ ਵਿਰੋਧੀ ਕੰਮਾਂ ਨੂੰ ਛੱਡ ਕੇ ਮਨੁੱਖਤਾ ਦੇ ਭਲੇ ਅਤੇ ਸੇਵਾ ਲਈ ਸਮਰਪਿਤ ਹੋ ਕੇ ਸਾਂਤ ਮਈ ਸਮਾਜ ਦੀ ਸਿਰਜਨਾ ਵੱਲ ਧਿਆਨ ਦੇਣ। ਇਸ ਤਰ੍ਹਾਂ ਹੀ ਰਮਜ਼ਾਨ ਮਹੀਨੇ ਦੇ ਅਸਲ ਮਕਸਦ ਨੂੰ ਪੂਰਾ ਕੀਤਾ ਜਾ ਸਕਦਾ ਹੈ। ਦੁਨੀਆਂ ਤੇ ਆਖਰਤ ਵਿੱਚ ਸਫਲਤਾ ਪ੍ਰਾਪਤ ਕੀਤੀ ਜਾ ਸਕਦੀ ਹੈ।

ਕੰਜੂਸੀ ਬੁਰਾਈ ਹੈ, ਇਸ ਤੋਂ ਕਿਵੇਂ ਛੁਟਕਾਰਾ ਪਾਈਏ

ਜਿਵੇਂ ਸਰੀਰ ਨੂੰ ਹਵਾ, ਪਾਣੀ, ਭੋਜਨ ਆਦਿ ਦੀ ਲੋੜ ਹੈ। ਉਸੇ ਤਰ੍ਹਾਂ ਧੰਨ ਤੋਂ ਬਿਨਾ ਜੀਵਨ ਦਾ ਨਿਰਵਾਹ ਨਹੀਂ ਹੋ ਸਕਦਾ। ਹਾਰਵਰਡ ਯੂਨੀਵਰਸਿਟੀ ਦੇ ਮਾਹਿਰਾਂ ਅਨੁਸਾਰ ਲੋੜ ਤੋਂ ਵਧ ਪੈਸਾ ਖੁਸ਼ੀ ਪ੍ਰਦਾਨ ਨਹੀਂ ਕਰਦਾ। ਵਾਧੂ ਪੈਸਾ, ਸਿਹਤ, ਰਿਸ਼ਤੇ, ਖੁਸ਼ੀ ਅਤੇ ਸ਼ਾਂਤੀ ਵਿਚ ਖਲਨ ਪੈਂਦਾ ਹੈ। ਮਨੁੱਖੀ ਮਾਨਸਿਕਤਾ ਵਿਚ ਵੱਡਪਨ ਦਾ ਮਾਪ-ਦੰਡ ਧੰਨਵਾਨ ਹੋਣ ’ਤੇ ਕਿਤੇ ਵੱਧ ਸ਼ਾਨਦਾਰ ਵਿਅਕਤੀ ਹੋਣ ਵਿਚ ਹੈ। ਮਾਹਿਰਾਂ ਅਨੁਸਾਰ ਧੰਨ ਦੇ ਪ੍ਰਬੰਧ ਲਈ ਚਾਰ ਤਰ੍ਹਾਂ ਦੀਆਂ ਸ਼੍ਰੇਣੀਆਂ ਹਨ ਜਿਵੇਂ :

1   ਮੌਕ : ਇਹ ਧਾਰਮਿਕ ਬਿਰਤੀ ਵਾਲੇ ਵਿਅਕਤੀ ਹੁੰਦੇ ਹਨ। ਇਨ੍ਹਾਂ ਨੂੰ ਧੰਨ ਨਾਲ ਕੋਈ ਲਗਾਵ ਨਹੀਂ ਹੁੰਦਾ।

2.  ਸਪਲੈਂਡਰ : ਇਹ ਪੈਸੇ ਖਰਚਣ ਦੀ ਹੋੜ ਵਿਚ ਰਹਿੰਦੇ ਹਨ। ਨਵੀਆਂ ਗੱਡੀਆਂ, ਫੈਂਸੀ ਮੋਬਾਇਲ, ਟੈਲੀਫੋਨ, ਨਵੇਂ-ਨਵੇਂ ਯੰਤਰ ਆਦਿ ਖਰੀਦਣ ਵਿਚ ਫ਼ਖਰ ਸਮਝਦੇ ਹਨ। ਇਹ ਉਧਾਰ ਚੁੱਕ ਕੇ ਵੀ ਫਜ਼ੂਲ ਖਰਚੀ ਕਰ ਸਕਦੇ ਹਨ।

3.  ਐਵੋਇਡਰ : ਇਹ ਪੈਸੇ ਤੋਂ ਦੂਰ ਰਹਿੰਦੇ ਹਨ। ਇਨ੍ਹਾਂ ਨੂੰ ਬਿਲਾਂ, ਟੈਕਸਾਂ ਆਦਿ ਦੀ ਕੋਈ ਚਿੰਤਾ ਨਹੀਂ ਹੁੰਦੀ। ਇਹ ਬੈਂਕ ਸਟੇਟਮੈਂਟ ਚੈਕ ਵੀ ਨਹੀਂ ਕਰਦੇ, ਪੈਸੇ ਪ੍ਰਤੀ ਗੰਭੀਰ ਨਹੀਂ ਹੁੰਦੇ।

4.  ਕੰਜੂਸ : ਇਹ ਸ਼੍ਰੇਣੀ ਪੈਸੇ ਨੂੰ ਬਹੁਤ ਪਿਆਰ ਕਰਦੀ ਹੈ। ਇਹ ਭਵਿੱਖ ਬਾਰੇ ਚਿੰਤਤ ਰਹਿੰਦੇ ਹਨ ਅਤੇ ਵਰਤਮਾਨ ਵਿਚ ਨਰਕ ਵਰਗੀ ਜ਼ਿੰਦਗੀ ਬਿਤਾਉਂਦੇ ਹਨ। ਪੈਸੇ ਜੋੜਨ ਵਿਚ ਲੱਗੇ ਰਹਿੰਦੇ ਹਨ। ਕੰਜੂਸ ਵਿਅਕਤੀਆਂ ਦਾ ਇਮਾਨ ਪੈਸਾ, ਜਾਨ ਅਤੇ ਉਸਦੀ ਸ਼ਾਨ ਪੈਨ ਹੁੰਦਾ ਹੈ। ਕੰਜੂਸ ਮੋਹ-ਪਿਆਰ ਅਤੇ ਅਪਣੱਤ ਦੀਆਂ ਸੂਖਮ ਭਾਵਨਾਵਾਂ ਤੇ ਕੋਰੇ ਹੁੰਦੇ ਹਨ।

ਸੁਚੇਤ ਮਨ ਅਤੇ ਅਚੇਤ ਮਨ : ਹਰ ਇਕ ਵਿਅਕਤੀ ਦੇ ਦਿਮਾਗ ਦੇ ਦੋ ਪ੍ਰਮੁੱਖ ਭਾਗ ਹੁੰਦੇ ਹਨ। (1) ਸੁਚੇਤ ਮਨ (2) ਅਚੇਤ ਮਨ

ਸੁਚੇਤ ਮਨ : ਇਹ ਦਿਮਾਗ਼ ਦਾ ਲਗਭਗ 10 ਪ੍ਰਤੀਸ਼ਤ ਭਾਗ ਹੁੰਦਾ ਹੈ। ਦਿਮਾਗ਼ ਦਾ ਇਹ ਭਾਗ ਸੋਚਨ, ਫੈਸਲੇ ਲੈਣ ਦਾ ਅਤੇ ਫੈਸਲਿਆਂ ਨੂੰ ਲਾਗੂ ਕਰਨ ਲਈ ਅਚੇਤ ਮਨ ਨੂੰ ਆਦੇਸ਼ ਦਿੰਦਾ ਹੈ।

ਅਚੇਤ ਮਨ : ਇਹ ਦਿਮਾਗ ਦਾ ਵੱਡਾ ਭਾਗ ਹੁੰਦਾ ਹੈ। ਇਹ ਭਾਗ ਇਕ ਸਟੋਰ ਦਾ ਕੰਮ ਕਰਦਾ ਹੈ। ਇਸ ਵਿਚ ਜਨਮ ਤੋਂ ਲੈ ਕੇ ਅੰਤਿਮ ਸਾਹ ਤਕ ਦੀ ਸਾਰੀ ਜਾਣਕਾਰੀ ਜਮਾਂ ਹੁੰਦੀ ਹੈ। ਇਸ ਦੀ ਪਹਿਚਾਣ ਨਹੀਂ ਕਰਦਾ। ਬਚਪਨ ਵਿਚ ਬਣੇ ਵਿਸ਼ਵਾਸ਼ ਸਾਰੀ ਉਮਰ ਭਾਰੂ ਰਹਿੰਦੇ ਹਨ। ਮਨੋਵਿਗਿਆਨੀਆਂ ਅਨੁਸਾਰ ਪਹਿਲੇ ਸਤ ਸਾਲ ਵਿਚ ਪੂਰੇ ਵਿਸ਼ਵਾਸ਼ ਬਣ ਜਾਂਦੇ ਹਨ। ਉਦਾਹਰਣ ਦੇ ਤੌਰ ’ਤੇ ਕੋਈ ਵੀ ਵਿਅਕਤੀ ਆਪਣੀ ਮਾਂ-ਬੋਲੀ ਨਹੀਂ ਭੁਲਦਾ ਕਿਉਂਕਿ ਪਹਿਲੇ ਕੁਝ ਸਾਲ ਅਰਥਾਤ ਮਾਂ-ਬੋਲੀ ਦੇ ਪ੍ਰਭਾਵ ਹੇਠ ਰਿਹਾ ਹੁੰਦਾ ਹੈ। ਮਾਂ-ਬੋਲੀ ਦੇ ਬਿੰਬ ਅਚੇਤ ਮਨ ਵਿਚ ਸਟੋਰ ਹੋਏ ਹੁੰਦੇ ਹਨ।

ਇਹੋ ਜਿਹਾ ਵਤੀਰਾ ਜਾਨਵਰਾਂ ਵਿਚ ਪਾਇਆ ਜਾਂਦਾ ਹੈ ਜਿਵੇਂ ਹਾਥੀ ਦੇ ਬੱਚੇ ਨੂੰ ਆਮ ਰੰਸੇ ਨਾਲ ਬੰਨਿਆ ਹੁੰਦਾ ਹੈ। ਉਹ ਕਈ ਵਾਰ ਰੱਸੇ ਨੂੰ ਤੋੜਨ ਦੀ ਕੋਸ਼ਿਸ਼ ਕਰਦਾ ਹੈ, ਪ੍ਰੰਤੂ ਛੋਟਾ ਹੋਣ ਕਰਕੇ ਤੋੜ ਨਹੀਂ ਸਕਦਾ। ਹੌਲੀ-ਹੌਲੀ ਉਸ ਦੇ ਅਚੇਤ ਮਨ ਵਿਚ ਇਹ ਧਾਰਨਾ ਬਣ ਜਾਂਦੀ ਹੈ ਕਿ ਰੱਸਾ ਤੋੜਨਾ ਉਸ ਦੇ ਬਸ ਤੋਂ ਬਾਹਰ ਹੈ। ਉਹ ਵੱਡਾ ਹੋ ਕੇ ਵੀ ਇਹੀ ਧਾਰਨਾ ਪਾਲਦਾ ਰਹਿੰਦਾ ਹੈ ਅਤੇ ਰੱਸੇ ਨਾਲ ਹੀ ਬੰਨਿਆ ਰਹਿੰਦਾ ਹੈ।

ਵਿਅਕਤੀ ਕੰਜੂਸ ਕਿਵੇਂ ਬਣਦਾ ਹੈ : ਜਨਮ ਤੋਂ ਕੋਈ ਵਿਅਕਤੀ ਕੰਜੂਸ ਨਹੀਂ ਹੁੰਦਾ। ਬੱਚੇ ਦਾ ਮਨ ਇਕ ਕੋਰੇ ਕਾਗਜ਼ ਦੀ ਤਰ੍ਹਾਂ ਹੁੰਦਾ ਹੈ, ਜਿਸ ਉ¤ਤੇ ਕੁਝ ਵੀ ਲਿਖਿਆ ਜਾ ਸਕਦਾ ਹੈ। ਬੱਚੇ ਦੇ ਪਹਿਲੇ 7 ਸਾਲ ਬਹੁਤ ਮਹੱਤਵਪੂਰਨ ਹੁੰਦੇ ਹਨ। ਇਨ੍ਹਾਂ ਸਾਲਾਂ ਵਿਚ ਉਸ ਦੇ ਅਚੇਤ ਮਨ ਉਤੇ ਪੈੜਾਂ ਖੋਦੀਆਂ ਜਾ ਰਹੀਆਂ ਹਨ।

ਜੇ ਘਰ ਵਿਚ ਆਰਥਿਕ ਸਥਿਤੀ ਕਮਜ਼ੋਰ ਹੈ ਜਾਂ ਉਸ ਦੇ ਮਾਂ-ਬਾਪ, ਭੈਣ-ਭਰਾ, ਰਿਸ਼ਤੇਦਾਰ, ਗਵਾਂਢੀ, ਦੋਸਤ, ਜਮਾਤੀ ਪੈਸੇ ਪ੍ਰਤੀ ਤੰਗ ਰਵੱਈਆ ਰਖਦੇ ਹਨ, ਉਹ ਪੈਸੇ ਬਚਾ-ਬਚਾ ਕੇ ਖਰਚਦੇ ਹਨ। ਬੰਦਸਾਂ ਹੀ ਬੰਦਸਾਂ ਹਨ, ਤਦ ਬੱਚੇ ਦੀ ਪੈਸੇ ਪ੍ਰਤੀ ਸੋਚ ਵੀ ਉਹੋ ਜਿਹੀ ਬਣ ਜਾਵੇਗੀ। ਬੱਚਾ ਕੰਜੂਸ ਬਣ ਜਾਵੇਗਾ। ਇਹ ਬੁਰਾਈ ਉਸ ਦਾ ਜੀਵਨ ਭਰ ਸਾਥ ਨਹੀਂ ਛੱਡੇਗੀ।

ਕੰਜੂਸੀ ਦੀ ਆਦਤ ਤੋਂ ਕਿਵੇਂ ਛੁਟਕਾਰਾ ਪਾਈਏ : ਜਿਵੇਂ ਕਿ ਲਿਖਿਆ ਜਾ ਚੁੱਕਾ ਹੈ ਕਿ ਵਿਅਕਤੀ ਦੇ ਪੈਸੇ ਬਾਰੇ ਸੋਚ ਬਚਪਨ ਵਿਚ ਹੀ ਬਣ ਗਈ ਸੀ। ਅਚੇਤ ਮਨ ਵਿਚ ਇਸ ਨੇ ਘਰ ਕੀਤਾ ਹੋਇਆ ਹੈ। ਇਹ ਆਦਤ ਛੱਡਣੀ ਇੰਨੀ ਆਸਾਨ ਨਹੀਂ, ਕੰਜੂਸੀ ਛੱਡਣ ਲਈ ਅਚੇਤ ਮਨ ਦੀ ਪਕੜ ਢਿਲੀ ਕਰਨੀ ਪਵੇਗੀ ਅਤੇ ਸੁਚੇਤ ਮਨ ਨੂੰ ਅੱਗੇ ਆਉਣਾ ਪਵੇਗਾ। ਇਨ੍ਹਾਂ ਦੋਨਾ ਮਨਾ ਦਾ ਆਪਸੀ ਮਿਲਵਰਤਣ ਜ਼ਰੂਰੀ ਹੈ। ਇਹ ਪ੍ਰਾਪਤ ਕਰਨ ਲਈ ਮਨੋ-ਵਿਗਿਆਨੀ ਕਈ ਸੁਝਾਅ ਦਿੰਦੇ ਹਨ। ਉਨ੍ਹਾਂ ਵਿਚ ਇਕ ਵਿਧੀ (ਸਵੈ) ‘ਸੈਲਫ ਹਿਪਨੋਟਿਸਿਸ’ ਬਹੁਤ ਕਾਰਗਰ ਹੈ।

ਸਵੈ-ਹਿਪਨੋਟਿਸਸ : ਸੱਭ ਤੋਂ ਪਹਿਲਾਂ ਆਪਣਾ ਮੰਤਵ ਉਲੀਕਣਾ ਹੋਵੇਗਾ, ਤੁਹਾਨੂੰ ਆਪਣੇ ਮੰਤਵ ਲਈ ਸੰਜੀਦਗੀ ਨਾਲ ਵਿਚਾਰ ਕਰਕੇ ਫੈਸਲਾ ਕਰਨਾ ਹੋਵੇਗਾ, ਜਦੋਂ ਮੰਤਵ ਤਹਿ ਹੋ ਗਿਆ ਤਦ ਉਸ ਨੂੰ ਕਾਗਜ਼ ਉਤੇ ਲਿਖੋ, ਮੰਤਵ ਪੂਰਾ ਹੋਣ ਦੇ ਫਾਇਦਿਆਂ ਬਾਰੇ ਸੋਚੋ। ਉਸ ਤੋਂ ਬਾਅਦ ਤੁਹਾਨੂੰ ਇਕ ਲਾਈਨ ਦਾ ਅਹਿਦ ਦੀ ਚੋਣ ਕਰਨੀ ਹੋਵੇਗੀ। ਅਹਿਦ ਫਸਟ ਪਰਸਨ ਵਿਚ ਹੋਵੇ, ਵਰਤਮਾਨ ਵਿਚ ਹੋਵੇ, ਨਾਂ ਦਾ ਸ਼ਬਦ ਨਹੀਂ ਵਰਤਣਾ, ਉਸ ਨੂੰ ਕਾਗਜ਼ ਉਤੇ ਲਿਖੋ ਅਤੇ ਯਾਦ ਕਰੋ।

ਕੰਜੂਸ ਲਈ ਅਹਿਮ : ਮੈਂ ਖੁਸ਼ਹਾਲ ਜ਼ਿੰਦਗੀ ਲਈ ਕੰਜੂਸੀ ਛੱਡ ਰਿਹਾ ਹਾਂ, ਹੋ ਸਕਦਾ ਹੈ।

ਹੁਣ ਇਕ ਸ਼ਾਂਤੀ ਅਤੇ ਸੇਫਟੀ ਵਾਲੀ ਥਾਂ ਚੁਣੋ ਕਿਸੇ ਤਰ੍ਹਾਂ ਦੀ ਅਵਾਜ਼, ਗੜਬੜ ਆਦਿ ਨਹੀਂ ਹੋਣੀ ਚਾਹੀਦੀ, ਬੈਠਣ ਜਾਂ ਲੇਟਣ ਲਈ ਸੋਫਾ, ਕੁਰਸੀ ਅਤੇ ਬੈਡ ਦਾ ਪ੍ਰਬੰਧ ਹੋਵੇ, ਆਰਾਮ ਨਾਲ ਬੈਠ/ਲੇਟ ਜਾਵੋ। ਇਸ ਸਮੇਂ ਪੂਰੇ ਅਰਾਮ ਅਤੇ ਨਿਸ਼ਚਿਤ ਕਰੋ। ਲੱਤਾਂ, ਬਾਹਵਾਂ, ਕਰਾਸ ਨਹੀਂ ਕਰਨੀਆਂ, ਅੱਖਾਂ ਬੰਦ ਕਰੋ ਅਤੇ ਡੂੰਘੇ ਸਾਹ ਲਵੋ।  25 ਤੋਂ ਇਕ ਤਕ ਗਿਣੋ। ਸਰੀਰ ਨੂੰ ਪੂਰੇ ਆਰਾਮ ਲਈ ਪੈਰ ਦਾ ਅੰਗੂਠਾ ਤੋਂ ਸਿਰ ਹਰ ਇਕ ਭਾਗ ਉੱਤੇ ਮਨ ਇਕਾਗਰ ਕਰੋ।

ਤੁਹਾਡੀਆਂ ਪਲਕਾਂ ਬੰਦ ਹੋਣ ਦਾ ਉਪਰਾਲਾ ਕਰਨਗੀਆਂ ਅਤੇ ਜਦ ਸਰੀਰ ਪੂਰੀ ਤਰ੍ਹਾਂ ਰੀਲੈਕਸ ਹੋ ਜਾਵੇਗਾ ਤਦ ਪਲਕਾਂ ਬੰਦ ਹੋ ਜਾਣਗੀਆਂ ਜੇ ਪਲਕਾਂ ਬੰਦ ਨਹੀਂ ਹੋ ਰਹੀਆਂ, ਤਦ ਰੀਲੈਕਸ ਹੋਣ ਦਾ ਹੋਰ ਉਪਰਾਲਾ ਕਰੋ, ਹੁਣ ਤੁਹਾਡਾ ਅਚੇਤ ਮਨ ਮਿਲਵਰਤਨ ਦੇਣ ਨੂੰ ਤਿਆਰ ਹੈ।

ਇਸ ਤੋਂ ਬਾਅਦ ਪਹਿਲਾਂ ਯਾਦ ਕੀਤਾ ਅਹਿਮ ਬੋਲਣਾ ਸ਼ੁਰੂ ਕਰੋ, ਉੱਚੀ ਬੋਲੋ ਜਾਂ ਬੁੱਲਾਂ ਵਿਚ ਇਹ ਅਹਿਦ 15 ਤੋਂ 20 ਮਿੰਟ ਬੋਲਦੇ ਰਹੋ।

ਹੁਣ ਤੁਸੀਂ ਆਪਣੇ ਆਪ ਨੂੰ ਮਹੱਤਵਪੂਰਨ ਸਮਝੋ, ਖੁਸ਼ੀ ਲਵੋ।

ਅੰਤ ਵਿਚ 1 ਤੋਂ 10 ਤੱਕ ਗਿਣੋ ਅਤੇ ਡੂੰਘੇ-ਡੂੰਘੇ ਸਾਹ ਲਵੋ। ਇਕ ਕ੍ਰਿਆ ਦਿਨ ਵਿਚ ਦੋ ਵਾਰ ਕੀਤੀ ਜਾ ਸਕਦੀ ਹੈ। ਇਸ ਦਾ ਪ੍ਰਭਾਵ ਲਗਭਗ 2 ਹਫਤੇ ਵਿਚ ਮਹਿਸੂਸ ਹੋਣ ਲੱਗੇਗਾ।

ਇਹ ਵਿਧੀ ਰੋਜ਼ਾਨਾ ਜੀਵਨ ਦੇ ਕਈ ਖੇਤਰਾਂ ਵਿਚ ਵਰਤੀ ਜਾ ਸਕਦੀ ਹੈ। ਸਾਡੀਆਂ ਗਤੀਵਿਧੀਆਂ, ਸੋਚ ਅਚੇਤ ਮਨ ਤੋਂ ਪ੍ਰਭਾਵਿਤ ਹੁੰਦੀਆਂ ਹਨ ਅਤੇ ਇਹ ਵਿਧੀ ਅਚੇਤ ਮਨ ਉਤੇ ਅਧਾਰਿਤ ਹੈ।

ਗੁੱਸੇ ਉੱਤੇ ਕਾਬੂ ਪਾਉਣਾ, ਸ਼ਰਾਬ ਜਾਂ ਨਸ਼ੇ ਛੱਡਣ ਲਈ, ਭਾਰ ਘੱਟ ਕਰਨ ਲਈ, ਸਰੀਰਕ ਦਰਦ ਤੋਂ ਛੁਟਕਾਰੇ ਲਈ, ਬੁਰਾਈਆਂ ਦੂਰ ਕਰਨੀਆਂ, ਅੱਛੀ ਨੀਂਦ, ਆਤਮ ਵਿਸ਼ਵਾਸ਼, ਯਾਦਾਸਤ ਵਿਚ ਵਾਧਾ ਆਦਿ।

Viewing all 717 articles
Browse latest View live