Quantcast
Channel: Punjab News - Quami Ekta Punjabi Newspaper (ਕੌਮੀ ਏਕਤਾ) »ਲੇਖ
Viewing all 704 articles
Browse latest View live

ਸੜਕੀ ਹਾਦਸਿਆਂ ਦੀ ਜਨਮਦਾਤੀ ਲਾਪਰਵਾਹੀ

$
0
0

ਤੇਜ਼ ਰਫਤਾਰ, ਸੜਕ ਤੇ ਸਾਡੀਆਂ ਗੱਡੀਆਂ ਕਾਰਾਂ ਦੀ ਹੋਵੇ ਜਾਂ ਮੋਬਾਇਲ ਦੇ ਡਾਟਾ ਪੈਕ ਦੀ, ਬੱਸ ਇਹ ਤੇਜ਼ੀ ਸਾਡੀ ਜਿੰਦਗੀ ਦਾ ਹਿੱਸਾ ਬਣ ਚੁੱਕੀ ਹੈ। ਮੈਂ ਜਦ ਕਦੇ ਦੇਰ ਰਾਤ ਨੂੰ ਘਰ ਤੋਂ ਬਾਹਰ ਨਿਕਲਦਾ ਹਾਂ ਤਾਂ ਆਪਣੇ ਹੀ ਸ਼ਹਿਰ ਦੀਆਂ ਗਲੀਆਂ, ਬਾਜ਼ਾਰਾਂ, ਸੜਕਾਂ ਨੂੰ ਦੇਖ ਕੇ ਹੈਰਾਨ ਹੋ ਜਾਂਦਾ ਹਾਂ ਕਿ ਕਿੰਨਾ ਵੱਡਾ ਅਤੇ ਖੁੱਲ੍ਹਾ ਡੁੱਲ੍ਹਾ ਹੈ ਮੇਰਾ ਸ਼ਹਿਰ। ਕਿਸੇ ਵੀ ਦੁਕਾਨ ਵਿੱਚੋਂ ਕੋਈ ਸਮਾਨ ਬਾਹਰ ਲੱਗਿਆ ਨਹੀਂ ਦਿੱਸ ਰਿਹਾ ਹੁੰਦਾ, ਕੋਈ ਰੇਹੜੀ ਜਾਂ ਠੇਲ੍ਹਾ ਨਜਾਇਜ਼ ਤੌਰ ਤੇ ਸੜਕਾਂ ਦੀ ਹੱਦ ਮੱਲ੍ਹੀ ਨਹੀਂ ਖੜ੍ਹਾ ਹੁੰਦਾ। ਕਿਤੇ ਵੀ ਗਲਤ ਢੰਗ ਨਾਲ ਕੀਤੀ ਗਈ ਪਾਰਕਿੰਗ ਨਜ਼ਰ ਨਹੀਂ ਪੈਂਦੀ। ਇੱਕ ਦੂਜੇ ਤੋਂ ਅੱਗੇ ਲੰਘਣ ਲਈ ਬੇਵਜ੍ਹਾ ਉੱਚੀ ਅਵਾਜ਼ ਦੇ ਹਾਰਨ ਸੁਣਨ ਨੂੰ ਨਹੀਂ ਮਿਲਦੇ। ਸੋਚਦਾ ਹਾਂ ਉਹ ਕਿੰਨਾ ਭਲਾ ਵੇਲਾ ਹੋਵੇਗਾ ਜਦੋਂ ਵਾਕੇਈ ਇੱਦਾਂ ਵੀ ਕਦੇ ਰਿਹਾ ਹੋਵੇਗਾ। ਜਦੋਂ ਸਿਰਫ ਘੋੜੇ ਦੀਆਂ ਟਾਪਾਂ, ਜਿੰਦਗੀ ਦੀ ਗੱਡੀ ਨੂੰ ਧੀਮੀ ਜਿਹੀ ਗਤੀ ਨਾਲ ਪੰਧ ਮੁਕਾਉਣ ਵਿੱਚ ਮੱਦਦ ਕਰਦੀਆਂ ਹੋਣਗੀਆਂ। ਨਾ ਹਾਰਨਾਂ ਦਾ ਸ਼ੋਰ ਸ਼ਰਾਬਾ, ਨਾ ਪ੍ਰਦੂਸ਼ਣ ਦੀ ਸਮੱਸਿਆ, ਨਾ ਕਾਹਲੀ ਕਰਦੇ ਹੋਏ ਵਾਪਰਦੇ ਹਾਦਸੇ, ਨਾ ਭੀੜ-ਭੜੱਕਾ ਨਾ ਸੱਜਿਉਂ-ਖੱਬਿਉਂ ਇੱਕ ਦਮ ਆਉਣ ਵਾਲੀ ਕਿਸੇ ਕਾਰ/ਗੱਡੀ/ਬਾਈਕ ਦਾ ਫਿਕਰ।

ਖੈਰ! ਵਾਪਸ ਅੱਜ ਵਿੱਚ ਆਉਂਦਾ ਹਾਂ ਤਾਂ ਸੈਂਕੜੇ ਤੇ ਹਜ਼ਾਰਾਂ ਮੀਲਾਂ ਦੀ ਦੂਰੀ ਕੁੱਝ ਸਕਿੰਟਾਂ/ਮਿੰਟਾਂ ਵਿੱਚ ਮੁੱਕ ਜਾਂਦੀ ਹੈ। ਮੋਟਰ ਗੱਡੀਆਂ ਤੋਂ ਲੈ ਕੇ, ਹਵਾਈ ਜਹਾਜ਼ ਤੱਕ ਦੀ ਕਾਢ ਨੇ ਜਿੰਦਗੀ ਦੀ ਰਫਤਾਰ ਨੂੰ ਬਹੁਤ ਤੇਜ਼ ਕਰ ਦਿੱਤਾ, ਪਰ ਇਸ ਨੂੰ ਖਤਰਿਆਂ ਭਰਿਆ ਵੀ ਜ਼ਰੂਰ ਬਣਾ ਦਿੱਤਾ। ਪਰ ਜੇਕਰ ਸਮੁੱਚੇ ਪੱਖ ਤੋਂ ਵਿਚਾਰ ਕਰੀਏ ਤਾਂ ਪਤਾ ਲੱਗੇਗਾ ਕਿ ਇਸ ਵਿੱਚ ਕੇਵਲ ਮੋਟਰ ਗੱਡੀਆਂ ਦੀ ਤੇਜ਼ ਰਫਤਾਰੀ ਨੂੰ ਦੋਸ਼ ਦੇਣਾ ਕੋਈ ਸਮਝਦਾਰੀ ਨਹੀਂ ਹੋਵੇਗਾ, ਬਲਕਿ ਉਸ ਤੋਂ ਜਿਆਦਾ ਦੋਸ਼ੀ ਅਸੀਂ ਆਪ ਹਾਂ। ਮੋਟੇ ਤੌਰ ਤੇ ਤੇਜ਼ ਰਫਤਾਰੀ, ਨਸ਼ਿਆਂ ਦਾ ਸੇਵਨ, ਇੱਕ-ਦੂਜੇ ਤੋਂ ਅੱਗੇ ਲੰਘਣ ਦੀ ਕਾਹਲੀ, ਲਾਪਰਵਾਹੀ, ਸੜਕਾਂ ਤੇ ਸਟੰਟਬਾਜ਼ੀ (ਕਰਤੱਬ) ਦਿਖਾਉਣੀ, ਸੜਕੀ ਨਿਯਮਾਂ ਪ੍ਰਤੀ ਕੁਤਾਹੀ ਅਤੇ ਅਣਜਾਣਤਾ, ਸੜਕਾਂ ਤੇ ਅਵਾਰਾ ਪਸ਼ੂਆਂ ਦਾ ਖੁਲ੍ਹੇਆਮ ਘੁੰਮਣਾ, ਸਰਦੀਆਂ ਦੌਰਾਨ ਸੰਘਣੀ ਧੁੰਦ ਅਤੇ ਤਿੱਖੀਆ ਲਾਈਟਾਂ, ਸੱਜੇ-ਖੱਬੇ ਮੁੜਨ ਲੱਗਿਆਂ ਇਸ਼ਾਰਿਆਂ ਦਾ ਵਰਤੋਂ ਨਾ ਕਰਣਾ, ਡਰਾਈਵਿੰਗ ਦੌਰਾਨ ਮੋਬਾਇਲ ਦੀ ਵਰਤੋਂ, ਮਾਨਵ ਰਹਿਤ ਫਾਟਕ ਜਿਸ ਕਰਕੇ ਕਈ ਮੋਟਰ ਗੱਡੀਆਂ ਰੇਲ ਗੱਡੀ ਦਾ ਸ਼ਿਕਾਰ ਬਣ ਜਾਂਦੀਆਂ ਹਨ, ਧਾਰਮਿਕ ਮੇਲਿਆਂ ਦੌਰਾਨ ਟਰੈਕਟਰ ਟਰਾਲੀਆਂ ਜਾਂ ਟਰੱਕਾਂ ਉਤੇ ਵਾਧੂ ਆਹਰ ਕਰਕੇ ਬਿਠਾਏ ਵਧੇਰੇ ਲੋਕ, ਨਾਬਾਲਗਾਂ ਵੱਲੋਂ ਦੋ ਅਤੇ ਚਾਰ ਪਹੀਆ ਦੀ ਸਵਾਰੀ ਕਰਨਾ ਆਦਿ ਇਹ ਕਾਰਣ ਮੁੱਖ ਰੂਪ ਵਿੱਚ ਸ਼ਾਮਲ ਹਨ। ਤੁਸੀਂ ਆਪ ਦੇਖ ਸਕਦੇ ਹੋ ਕਿ 80 ਫੀਸਦੀ ਤੋਂ ਵੱਧ ਦੋ ਪਹੀਆ ਵਾਹਨਾਂ ਤੇ ਲੱਗੇ ਪਿੱਛੇ ਦੇਖਣ ਵਾਲੇ ਦੋਨੋਂ ਸ਼ੀਸ਼ੇ ਨੌਜਵਾਨਾਂ ਵੱਲੋਂ ਫੈਸ਼ਨਪ੍ਰਸਤੀ ਦੇ ਤੌਰ ਤੇ ਉਤਾਰ ਦਿੱਤੇ ਜਾਂਦੇ ਹਨ, ਜਿਸ ਕਾਰਣ ਮੁੜਨ ਲੱਗਿਆਂ ਅਤੇ ਆਪਣੇ ਅਗਲੇ ਵਾਹਨ ਤੋਂ ਅੱਗੇ ਕੱਢਣ ਲੱਗਿਆਂ ਬਿਨ੍ਹਾਂ ਪਿੱਛੇ ਦੇਖੇ ਆਪਣਾ ਵਾਹਨ ਆਪਣੀ ਮਰਜ਼ੀ ਨਾਲ ਮੋੜ ਲਿਆ ਜਾਂਦਾ ਹੈ, ਜਿਸ ਕਰਕੇ ਪਿੱਛੇ ਆ ਰਹੇ ਵਾਹਨ ਵਾਲੇ ਨੂੰ ਆਪਣੀ ਗੱਡੀ ਕਾਬੂ ਹੇਠ ਰੱਖਣੀ ਔਖੀ ਹੋ ਜਾਂਦੀ ਹੈ।

ਸਿੱਟੇ ਵੱਜੋਂ ਹਰ ਰੋਜ਼ ਹਾਦਸੇ ਵਾਪਰ ਰਹੇ ਹਨ, ਅਜਾਈਂ ਮੌਤਾਂ ਹੋ ਰਹੀਆਂ ਹਨ, ਛੋਟੇ-ਛੋਟੇ ਬੱਚੇ-ਬੱਚੀਆਂ, ਨੌਜਵਾਨ, ਬਜ਼ੁਰਗ ਸੜਕਾਂ ਤੇ ਹੋ ਰਹੇ ਇਸ ਮੌਤ ਰੂਪੀ ਤਾਂਡਵ ਦਾ ਸ਼ਿਕਾਰ ਬਣ ਰਹੇ ਹਨ, ਉੱਥੇ ਪਰਿਵਾਰਾਂ ਦੇ ਪਰਿਵਾਰ ਵੀ ਇਸ ਸੜਕੀ ਅੱਤਵਾਦ ਦੇ ਕਾਲੇ ਪ੍ਰਛਾਵੇਂ ਦੀ ਲਪੇਟ ਵਿੱਚ ਆ ਚੁੱਕੇ ਹਨ।

ਇੱਕ ਰਿਪੋਰਟ ਅਨੁਸਾਰ ਭਾਰਤ ਵਿੱਚ ਹਰ ਘੰਟੇ ਦੌਰਾਨ ਲਗਭਗ 56 ਸੜਕੀ ਹਾਦਸੇ ਹੁੰਦੇ ਹਨ ਜਿੰਨ੍ਹਾਂ ਵਿੱਚ 16 ਮੌਤਾਂ ਹੁੰਦੀਆਂ ਹਨ ਅਤੇ ਸੜਕੀ ਆਵਾਜਾਈ ਮੰਤਰਾਲੇ ਅਨੁਸਾਰ ਇੱਕ ਸਾਲ ਵਿੱਚ 1.39 ਲੱਖ ਤੋਂ ਜਿਆਦਾ ਲੋਕ ਸੜਕੀ ਹਾਦਸਿਆਂ ਵਿੱਚ ਆਪਣੀ ਜਾਨ ਗਵਾ ਦਿੰਦੇ ਹਨ। ਸੜਕੀ ਆਵਾਜਾਈ ਮੰਤਰਾਲੇ ਵੱਲੋਂ ਸਾਲ 2015 ਵਿੱਚ ਸੜਕੀ ਹਾਦਸਿਆਂ ਸਬੰਧੀ ਜਾਰੀ ਕੀਤੀ ਰਿਪੋਰਟ ਮੁਤਾਬਿਕ ਸਾਲ 2015 ਵਿੱਚ 4 ਲੱਖ, 89 ਹਜ਼ਾਰ ਤੋਂ ਵੱਧ ਸੜਕ ਹਾਦਸੇ ਵਾਪਰੇ ਜਿਨ੍ਹਾਂ ਵਿੱਚ 1 ਲੱਖ, 39 ਹਜ਼ਾਰ ਤੋਂ ਵੱਧ ਲੋਕ ਮਾਰੇ ਗਏ। ਰਿਪੋਰਟ ਵਿੱਚ ਇਹ ਵੀ ਖੁਲਾਸਾ ਹੋਇਆ ਕਿ 55 ਪ੍ਰਤੀਸ਼ਤ ਸੜਕੀ ਹਾਦਸੇ ਅਤੇ ਇਹਨਾਂ ਹਾਦਸਿਆਂ ਦੌਰਾਨ ਹੋਣ ਵਾਲੀਆਂ 56 ਪ੍ਰਤੀਸ਼ਤ ਮੌਤਾਂ ਦਾ ਕਾਰਣ ਡਰਾਈਵਰਾਂ ਵੱਲੋਂ ਤੇਜ਼ ਰਫਤਾਰ ਵਿੱਚ ਗੱਡੀਆਂ ਚਲਾਉਣਾ ਹੁੰਦਾ ਹੈ। ਇਸੇ ਤਰ੍ਹਾਂ 5 ਫੀਸਦੀ ਹਾਦਸਿਆਂ ਦਾ ਕਾਰਣ ਨਸ਼ਾ ਕਰਕੇ ਗੱਡੀ ਚਲਾਉਣਾ ਹੁੰਦਾ ਹੈ ਜਿਸ ਵਿੱਚ 6.8 ਫੀਸਦੀ ਮੌਤਾ ਹੁੰਦੀਆਂ ਹਨ। ਇਸ ਤੋਂ ਇੱਕ ਗੱਲ ਸਪੱਸ਼ਟ ਹੁੰਦੀ ਹੈ ਕਿ ਜੇਕਰ ਸੜਕਾਂ ਉੱਚ ਪਾਏ ਦੀਆਂ ਹਨ ਤਾਂ ਤੇਜ਼ ਰਫਤਾਰੀ ਅਤੇ ਲਾਪਰਵਾਈ ਕਾਰਣ ਹਾਦਸੇ ਵਾਪਰਦੇ ਹਨ ਅਤੇ ਦੂਜੇ ਪਾਸੇ ਜੇਕਰ ਸੜਕਾਂ ਮਾੜੀਆਂ ਹਨ, ਜਾਂ ਸਾਈਨ ਬੋਰਡ, ਆਵਾਜਾਈ ਸਬੰਧੀ ਸਿਗਨਲ ਅਤੇ ਟਰੈਫਿਕ ਪੁਲਿਸ ਨਾ ਹੋਣ ਕਰਕੇ ਸਾਲ 2014 ਵਿੱਚ 2 ਲੱਖ 13 ਹਜ਼ਾਰ 32 ਹਾਦਸੇ ਵਾਪਰੇ ਹਨ ਅਤੇ ਬਿਨ੍ਹਾਂ ਸੂਚਨਾ ਬੋਰਡਾਂ ਤੋਂ ਸੜਕ ਉੱਤੇ ਬਣਾਏ ਗਏ ਸਪੀਡ ਬਰੇਕਰ ਕਾਰਣ ਵੀ 11008 ਹਾਦਸੇ ਵਾਪਰੇ ਹਨ ਜਿਨ੍ਹਾਂ ਵਿੱਚ 3633 ਦੇ ਕਰੀਬ ਮੌਤਾਂ ਹੋਈਆਂ ਹਨ।  ਹੋ ਸਕਦਾ ਹੈ ਕਿ ਗ਼ੈਰ ਸਰਕਾਰੀ ਸਰਵੇਖਣਾਂ ਵਿੱਚ ਇਸਦੀ ਗਿਣਤੀ ਦੁਗੱਣੀ ਜਾਂ ਵੱਧ ਹੋਵੇ।

ਹਾਲਾਤ ਐਸੇ ਬਣੇ ਹੋਏ ਹਨ ਜਿਵੇਂ ਕਿ ਸੜਕੀ ਹਾਦਸੇ ਸਾਡੀ ਜਿੰਦਗੀ ਦਾ ਅਟੁੱਟ ਹਿੱਸਾ ਬਣ ਚੁੱਕੇ ਹੋਣ, ਕਿਉਂਕਿ ਇੱਕ ਵੀ ਦਿਨ ਐਸਾ ਨਹੀਂ, ਜਿਸ ਦਿਨ ਹਾਦਸਾ ਨਾ ਵਾਪਰਿਆ ਹੋਵੇ ਅਤੇ ਕੋਈ ਮੋਤ ਨਾ ਹੋਈ ਹੋਵੇ। ਅਸੀਂ ਸਾਰੇ ਇਸ ਮਾਮਲੇ ਪ੍ਰਤੀ ਚਿੰਤਤ ਤਾਂ ਹਾਂ, ਪਰ ਇਸਦਾ ਹੱਲ ਕੱਢਣ ਨੂੰ ਤਿਆਰ ਨਹੀਂ ਹਾਂ। ਮੇਰੇ ਵਿਚਾਰਾਂ ਅਨੁਸਾਰ ਸੱਭ ਤੋਂ ਪਹਿਲਾਂ ਪ੍ਰਸ਼ਾਸਨ ਇਸ ਪ੍ਰਤੀ ਗੰਭੀਰ ਅਤੇ ਸੰਜੀਦਾ ਹੋਵੇ ਅਤੇ ਪੂਰੀ ਸਖਤੀ ਵਰਤਣੀ ਸ਼ੁਰੂ ਕਰੇ ਤਾਂ ਸ਼ਾਇਦ ਇਸ ਸੜਕੀ ਹਾਦਸਿਆਂ ਤੇ ਰੋਕ ਲੱਗ ਸਕਦੀ ਹੈ। ਮਿਸਾਲ ਦੇ ਤੌਰ ਤੇ ਅੰਮ੍ਰਿਤਸਰ ਸਾਹਿਬ ਜਦੋਂ ਅਸੀਂ ਭੰਡਾਰੀ ਪੁੱਲ ਤੋਂ ਐਲੀਵੇਟਿਡ ਪੁੱਲ ਤੇ ਚੜ੍ਹਦੇ ਹਾਂ ਤਾਂ ਕੋਈ ਵੀ ਮੋਟਰ ਗੱਡੀ, ਕਾਰ, ਜਾਂ ਕੋਈ ਵੀ ਵਾਹਨ ਵੱਡਾ ਜਾਂ ਛੋਟਾ ਹੋਵੇ ਉਸਦੀ ਗਤੀ 50 ਕਿਲੋਮੀਟਰ ਪ੍ਰਤੀ ਘੰਟਾ ਤੋਂ ਇੱਕ ਪੁਆਇੰਟ ਵੀ ਉੱਪਰ ਨਹੀਂ ਹੁੰਦੀ, ਇਸ ਦਾ ਮਤਲਬ ਇਹ ਨਹੀਂ ਕਿ ਇੱਥੇ ਲੋਕ ਸੜਕੀ ਨਿਯਮਾਂ ਪ੍ਰਤੀ ਜਾਗਰੂਕ ਹਨ, ਇਸ ਦਾ ਕਾਰਣ ਇਹ ਹੈ ਕਿ ਪੁੱਲ ਦੇ ਅੱਧ ਵਿੱਚ ਟ੍ਰੈਫਿਕ ਪੁਲਿਸ ਵਾਲੇ ਵੱਡੀ ਤਦਾਦ ਵਿੱਚ ਬੈਰੀਗੇਟ ਲਗਾ ਕੇ ਖੜ੍ਹੇ ਹੁੰਦੇ ਹਨ ਅਤੇ ਰਾਡਾਰ ਤੇ ਕੈਮਰਿਆਂ ਦੀ ਮੱਦਦ ਨਾਲ ਭੰਡਾਰੀ ਪੁੱਲ ਤੋਂ ਐਲੀਵੇਟਿਡ ਪੁੱਲ ਵੱਲ ਆਉਣ ਵਾਲੀਆਂ ਗੱਡੀਆਂ ਉੱਤੇ ਬਾਜ਼ ਅੱਖ ਰੱਖੀ ਬੈਠੇ ਹੁੰਦੇ ਹਨ। ਜਿਸ ਕਰਕੇ ਚਲਾਣ ਦੇ ਡਰ ਤੋਂ ਲੋਕ ਵੀ ਆਵਾਜਾਈ ਸਬੰਧੀ ਨਿਰਧਾਰਤ ਗਤੀ ਦੇ ਨਿਯਮ ਨੂੰ ਪੂਰੀ ਤਰ੍ਹਾਂ ਅਪਣਾ ਲੈਂਦੇ ਹਨ। ਜੇ ਐਸਾ ਹਰ ਜਗ੍ਹਾ ਹਰ ਪਾਸੇ ਹੋਵੇ ਤਾਂ ਵੱਡੇ ਪੱਧਰ ਤੇ ਸੜਕੀ ਹਾਦਸੇ ਰੋਕੇ ਜਾ ਸਕਦੇ ਹਨ।

ਇਸ ਤੋਂ ਇਲਾਵਾ ਕੀ ਕੀਤਾ ਜਾਵੇ ਜਾਂ ਕੀ ਹੋਣਾ ਚਾਹੀਦਾ ਹੈ ਤਾਂ ਸੱਭ ਤੋਂ ਪਹਿਲਾਂ ਟ੍ਰੈਫਿਕ ਪੁਲਿਸ ਸਖਤੀ ਵਰਤੇ, ਇੱਕ ਜਾਂ ਦੋ ਵਾਰ ਚਿਤਾਵਨੀ ਤੋਂ ਬਾਅਦ ਲਾਇੰਸਸ ਧਾਰਕ ਦਾ ਲਾਇਸੰਸ ਰੱਦ ਕਰ ਦਿੱਤਾ ਜਾਵੇ। ਬਿਨ੍ਹਾਂ ਡਰਾਈਵਿੰਗ ਟੈਸਟ ਪਾਸ ਕੀਤੇ ਲਾਇਸੰਸ ਜਾਰੀ ਕਰਨੇ ਮੁਕੰਮਲ ਰੂਪ ਵਿੱਚ ਸਖਤੀ ਨਾਲ ਬੰਦ ਹੋਣ। ਲੋਕ ਆਪਣੀ ਜਾਨ ਦੇ ਨਾਲ ਦੂਜਿਆਂ ਦੀਆਂ ਜਾਨਾਂ ਦੀ ਕੀਮਤ ਨੂੰ ਸਮਝਣ। ਟ੍ਰੈਫਿਕ ਨਿਯਮਾਂ ਦਾ ਪੂਰਾ ਪੂਰਾ ਗਿਆਨ ਹੋਵੇ। ਗੱਡੀਆਂ ਦੀ ਰਫਤਾਰ ਤੈਅ ਕੀਤੀ ਗਈ ਗਤੀ ਤੋਂ ਵਧੇਰੇ ਨਾ ਕੀਤੀ ਜਾਵੇ। ਸੜਕ ਪਾਰ ਕਰਨ ਵਾਲੇ ਪੂਰੀ ਚੇਤਨਤਾ ਨਾਲ ਸੜਕ ਪਾਰ ਕਰਨ ਵੇਲੇ ਦੋਨੋਂ ਪਾਸਿਉਂ ਸੁਰੱਖਿਆ ਯਕੀਨੀ ਬਣਾ ਲਈ ਜਾਵੇ। ਗਲੀਆਂ, ਬਾਜ਼ਾਰਾਂ ਵਿੱਚ ਦੋ ਪਹੀਆ ਵਾਹਨਾਂ ਦੀ ਗਤੀ ਧੀਮੀ ਹੋਵੇ ਉੱਥੇ ਹਰ ਮੋੜ ਤੇ ਹਾਰਨ ਦੀ ਵਰਤੋਂ ਯਕੀਨੀ ਬਣਾਈ ਜਾਵੇ ਤਾਂ ਕਿ ਗਲੀ ਮੋੜ ਤੋਂ ਨਿਕਲਣ ਵਾਲਾ ਰਾਹਗੀਰ ਸੁਚੇਤ ਹੋ ਸਕੇ। ਬੱਚਿਆਂ ਨੂੰ ਮੋਟਰਸਾਈਕਲ ਜਾਂ ਕਾਰਾਂ ਦੀ ਵਰਤੋਂ ਬਿਲਕੁਲ ਨਾ ਕਰਨ ਦਿੱਤੀ ਜਾਵੇ। ਸਕੂਲਾਂ ਵਿੱਚ ਅਕਸਰ ਛੁੱਟੀ ਵੇਲੇ ਵਿਦਿਆਰਥੀ ਆਪਣੇ ਤਿੰਨ ਚਾਰ ਦੋਸਤਾਂ ਨੂੰ ਇੱਕੋ ਹੀ ਮੋਟਸਾਈਕਲ ਉੱਤੇ ਬਿਠਾ ਲੈਂਦੇ ਹਨ, ਇਸ ਉੱਤੇ ਸਕੂਲ ਪ੍ਰਬੰਧਕ ਸਖਤੀ ਨਾਲ ਰੋਕ ਲਗਾਉਣ। ਆਵਾਜਾਈ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਚਲਾਣ ਜ਼ਰੂਰੀ ਅਤੇ ਵੱਡੀ ਰਕਮ ਵਿੱਚ ਵਸੂਲਿਆ ਜਾਵੇ। ਓਵਰਟੇਕ ਕਰਨ ਵੇਲੇ ਮੁਕੰਮਲ ਰੂਪ ਵਿੱਚ ਇਹਤੀਆਤ ਵਰਤੀ ਜਾਵੇ।

ਯਾਦ ਰੱਖੋ ਕਾਹਲੀ ਵਿੱਚ ਜਾਂ ਆਰਾਮ ਨਾਲ ਦੁਨੀਆਂ ਦੇ ਸਾਰੇ ਕੰਮ ਹੁੰਦੇ ਹੀ ਰਹਿਣ ਨੇ, ਸਾਡੇ ਜਿਉਂਦਿਆਂ ਵੀ ਅਤੇ ਸਾਡੇ ਮਗਰੋਂ ਵੀ। ਇਸ ਲਈ ਜ਼ਰੂਰੀ ਕਿ ਆਪਣੇ ਸਮੇਤ ਦੂਜਿਆਂ ਦੀਆਂ ਜਿੰਦਗੀਆਂ ਦੀ ਸੁਰੱਖਿਆ ਬਾਰੇ ਜ਼ਰੂਰ ਸੋਚਿਆ ਜਾਵੇ, ਕਿਉਂਕਿ ਘਰ ਕਦੇ ਵੀ ਨਾ ਪਹੁੰਚਣ ਨਾਲੋਂ ਕਿਤੇ ਚੰਗਾ ਹੈ ਕਿ ਘਰ ਜ਼ਰਾ ਮਾਸਾ ਦੇਰੀ ਨਾਲ ਪਹੁੰਚਿਆ ਜਾਵੇ। ਦੂਜਿਆਂ ਨੂੰ ਦੋਸ਼ ਦੇਣ ਦੇ ਨਾਲ ਅਸੀਂ ਆਪ ਵੀ ਨਿਯਮਾਂ ਦੀ ਪਾਲਣਾ ਕਰਨਾ ਸ਼ੁਰੂ ਕਰ ਦੇਈਏ ਤਾਂ ਕਈ ਬੇਸ਼ਕਿਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ। ਆਮੀਨ!


ਸੁਤੰਤਰਤਾ ਦਿਵਸ ਤੇ ਵਿਸ਼ੇਸ਼

$
0
0

ਇੱਕ ਲੰਮੇ ਸਮੇਂ ਦੀ ਅੰਗਰੇਜ਼  ਹਕੂਮਤ ਦੀ ਗੁਲਾਮੀ ਤੋਂ ਬਾਅਦ 15 ਅਗਸਤ 1947 ਨੂੰ ਭਾਰਤ ਆਜ਼ਾਦ ਹੋ ਗਿਆ। ਭਾਰਤ ਦੇ ਸੁਤੰਤਰਤਾ ਸੰਗਰਾਮ ਵਿੱਚ ਸਾਰੇ ਧਰਮਾਂ ਦੇ ਲੋਕਾਂ ਨੇ ਬਿਨ੍ਹਾਂ ਕਿਸੇ ਭੇਦ-ਭਾਵ ਦੇ ਅੰਗਰੇਜ਼ਾਂ ਵਿਰੁੱਧ  ਰਲ-ਮਿਲ ਕੇ ਭਾਗ ਲਿਆ ਪਰ ਇਸ ਆਜ਼ਾਦੀ ਦੇ ਨਾਲ ਹੀ ਸਦੀਆਂ ਤੋਂ ਇੱਕਠੇ ਰਹਿ ਰਹੇ ਵੱਖ-ਵੱਖ ਧਰਮਾਂ ਦੇ ਲੋਕ (ਕਈ ਹਿੰਦੂ ਅਤੇ ਮੁਸਲਿਮ ਨੇਤਾਵਾਂ ਦੀ ਰਾਜਨੀਤਿਕ ਸ਼ਕਤੀ ਪ੍ਰਾਪਤ ਕਰਨ ਦੀ ਲਾਲਸਾ ਰੱਖਣ ਵਾਲੇ ਲੀਡਰਾਂ ਦੀ ਗੰਦੀ ਰਾਜਨੀਤੀ ਦੀ ਭੇਟ ਚੜ੍ਹ ਕੇ) ਇੱਕ ਦੂਜੇ ਦੇ ਖੂਨ ਦੇ ਪਿਆਸੇ ਹੋ ਗਏ ਜਿਸ ਦੇ ਨਤੀਜੇ ਵਜੋਂ ਭਾਰਤ ਦੋ ਹਿੱਸਿਆਂ ਪਾਕਿਸਤਾਨ ਅਤੇ ਭਾਰਤ ਵਿੱਚ ਵੰਡਿਆ ਗਿਆ। ਪਾਕਿਸਤਾਨ ਵਿੱਚ 14 ਅਗਸਤ ਨੂੰ ਅਤੇ ਭਾਰਤ ਵਿੱਚ 15 ਅਗਸਤ ਨੂੰ ਸੁਤੰਤਰਤਾ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਹਰੇਕ ਸਾਲ 15 ਅਗਸਤ ਨੂੰ ਭਾਰਤ ਵਿੱਚ ਰਾਸ਼ਟਰੀ ਪੱਧਰ ਤੇ ਆਜ਼ਾਦੀ ਦੇ ਉਤਸਵ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ।

ਆਜ਼ਾਦੀ ਦੇ ਜਸ਼ਨਾਂ ਵਿੱਚ ਭਾਰਤ ਦੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਆਪਣੀ-ਆਪਣੀ ਦੇਸ਼ ਭਗਤੀ ਦਾ ਖੁੂਬ ਢਿੰਡੋਰਾ ਪਿਟਦੀਆਂ ਹਨ। ਨੇਤਾਵਾਂ ਦੁਆਰਾ ਲੰਬੇ-ਚੋੜ੍ਹੇ ਭਾਸ਼ਣਾ ਰਾਹੀ ਲੋਕਾਂ ਨੂੰ ਸਬਜ਼ਬਾਗ ਦਿਖਾ ਕੇ ਭਰਮਾਉਣ ਦਾ ਯਤਨ ਕੀਤਾ ਜਾਂਦਾ ਹੈ ਤਾਂ ਕਿ ਲੋਕ-ਮੱਤ ਨੂੰ ਆਪਣੇ ਪੱਖ ਵਿੱਚ ਕਰਕੇ ਸੱਤਾ ਦਾ ਸੁੱਖ ਭੋਗਿਆ ਜਾ ਸਕੇ। ਲੋਕਾਂ ਨੂੰ ਮਨੋਵਿਗਿਆਨਕ ਤੌਰ ਤੇ ਆਰਥਿਕ, ਸਮਾਜਿਕ ਅਤੇ ਰਾਜਨੀਤੀਕ ਨਿਆਂ ਦਿੱਤਾ ਜਾਂਦਾ ਹੈ। ਅਗਲੇ ਦਿਨ ਪਰਨਾਲਾ ਉੱਥੇ ਦਾ ੳੁੱਥੇ ਹੀ ਹੁੰਦਾ ਹੈ। ਇੱਕ ਗੱਲ ਜੋ  ਹਮੇਸ਼ਾ ਸੋਚਣ ਲਈ ਮਜਬੂਰ ਕਰਦੀ ਹੈ ਕਿ ਜਿਨ੍ਹਾਂ ਨੇ ਆਜ਼ਾਦੀ ਦੇ ਲਈ ਕੁਰਬਾਨੀਆਂ ਦਿੱਤੀਆ ਸਨ। ਉਹ ਲੋਕ ਖੁਦ (ਜੋ ਅਜੇ ਜਿਊਂਦੇ ਹਨ) ਅਤੇ ਉਹਨਾਂ ਦੇ ਪਰਿਵਾਰ ਅੱਜ-ਕੱਲ ਕਿੱਥੇ ਹਨ। ਉਹ ਕਿਸ ਤਰ੍ਹਾਂ ਦਾ ਜੀਵਨ ਬਤੀਤ ਕਰ ਰਹੇ ਹਨ? ਉਹਨਾਂ ਦੀ ਆਰਥਿਕ ਹਾਲਤ ਕਿਸ ਤਰ੍ਹਾਂ ਦੀ ਹੈ? ਇਸ ਵੱਲ ਆਜ਼ਾਦੀ ਦੇ ਜਸ਼ਨਾਂ ਅਤੇ ਆਮ ਦਿਨਾਂ ਵਿੱਚ ਵੀ ਸੁਤੰਤਰ ਭਾਰਤ ਦੀਆਂ ਸਰਕਾਰਾਂ ਵੱਲੋਂ ਬਹੁਤਾ ਧਿਆਨ ਨਹੀਂ ਦਿੱਤਾ ਜਾਂਦਾ, ਕਦੇ-ਕਦੇ ਕਿਸੇ ਅਖਬਾਰ ਦੀ ਖਬਰ ਰਾਹੀ ਕਿਸੇ ਸੁੰਤਤਰਤਾ ਸੈਨਾਨੀ ਦੀ ਆਪਣੀ ਹਾਲਤ ਜਾਂ ਉਸਦੇ ਪਰਿਵਾਰ ਦੀ ਆਰਥਿਕ ਮੰਦਹਾਲੀ ਦਾ ਜ਼ਿਕਰ ਸੁਨਣ ਨੂੰ ਜਰੂਰ ਮਿਲ ਜਾਂਦਾ ਹੈ ਪਰ ਇਸ ਆਰਥਿਕ ਮੰਦਹਾਲੀ ਵਿੱਚੋਂ ਇਨ੍ਹਾਂ ਪਰਿਵਾਰਾਂ ਨੂੰ ਕੱਢਣ ਲਈ ਕਿਸੇ ਦੁਆਰਾ ਕੀਤਾ ਕੁੱਝ ਨਹੀਂ ਜਾਂਦਾ। ਸਿਆਸੀ ਸ਼ਕਤੀ ਦਾ ਲਾਹਾ ਲੈਣ ਵਾਲੇ ਵਰਤਮਾਨ ਲੀਡਰਾਂ ਦੀ ਦੇਸ਼ ਭਗਤੀ ਅਤੇ ਕੌਮ ਪ੍ਰਸਤੀ ਸਿਰਫ ਭਾਸਣਾ ਤੱਕ ਹੀ ਸੀਮਿਤ ਨਜ਼ਰ ਆਉਂਦੀ ਹੈ। ਇਸ ਤਰ੍ਹਾਂ ਹੀ ਦੋ ਦੇਸ਼ਾਂ ਦੇ ਬਨਣ ਕਾਰਨ ਜੋ ਧਾਰਮਿਕ ਆਧਾਰ ਤੇ ਫਿਰਕਾਪ੍ਰਸਤੀ ਦੀ ਹਨੇਰੀ ਚੱਲੀ ਉਸ ਵਿੱਚ ਲੱਖਾਂ ਭਾਰਤੀਆਂ ਨੂੰ ਸਮੇਂ ਤੋਂ ਪਹਿਲਾਂ ਇਸ ਦੁਨੀਆਂ ਨੂੰ ਅਲਵਿਦਾ ਕਹਿਣਾ ਪਿਆ। ਲੱਖਾਂ ਲੋਕ ਘਰੋਂ-ਬੇਘਰ ਹੇਏ, ਕਾਰੋਬਾਰ ਤਬਾਹ ਹੋ ਗਏ, ਸ਼ਰਾਰਤੀ ਅਤੇ ਮਨੁੱਖਤਾ ਦੇ ਦੁਸਮਣਾਂ ਹੱਥੋ ਜਿੰਨ੍ਹਾਂ ਧੀਆਂ-ਭੈਣਾਂ  ਦੀਆਂ ਇੱਜਤਾਂ ਦੀ ਬੇਹੁਰਮਤੀ ਹੋਈ ਉਨ੍ਹਾਂ ਨੂੰ ਕਦੇ ਕਿਸੇ ਨੇ ਵੀ ਸ਼ਰਧਾਜਲੀ ਦੇਣ ਕੋਸ਼ਿਸ ਨਹੀਂ ਕੀਤੀ। ਅੱਜ ਕਿੱਥੇ ਹਨ ਉਹ ਲੋਕ ਜੋ ਮਨੁੱਖਾਂ ਅਤੇ ਜਾਨਵਰਾਂ ਦੇ ਹੱਕਾਂ ਦਾ ਰਾਗ ਅਲਾਪਦੇ ਨਹੀਂ ਥੱਕਦੇ। ਇਹ ਅਸੀਂ ਕਿਸ ਤਰ੍ਹਾਂ ਦੇ ਵਿਕਾਸ ਵੱਲ ਨੂੰ ਜਾ ਰਹੇ ਹਾਂ ਕਿ ਲੱਖਾਂ ਲੋਕਾਂ ਦੀ ਬਰਬਾਦੀ ਦੇ ਦਿਨ ਨੂੰ ਜਸਨਾਂ ਦੇ ਰੂਪ ਵਿੱਚ ਮਨਾ ਰਹੇ ਹਾਂ।

ਅਸਲ ਵਿੱਚ ਇਸ ਦੁਖਾਂਤ ਦੇ ਦੁੱਖ-ਦਰਦ ਦਾ ਅਹਿਸਾਸ ਸਿਰਫ ਉਹਨਾਂ ਲੋਕਾਂ ਨੂੰ ਹੀ ਹੋ ਸਕਦਾ ਹੈ ਜਿੰਨਾਂ ਨੇ ਇਸ ਦੁਖਾਂਤ ਦੀ ਤਰਾਸਦੀ ਨੂੰ ਆਪਣੇ ਉੱਪਰ ਸਹਿਣ ਕੀਤਾ ਹੈ, ਮਨੁੱਖਤਾ ਦੇ ਹੇਠਲੇ ਪੱਧਰ ਨੂੰ ਦੇਖਿਆ ਸੀ। ਇਸ ਦੁਖਾਂਤ ਦਾ ਅਹਿਸਾਸ ਰਾਜਸੀ ਸ਼ਕਤੀ ਦੀ ਪ੍ਰਾਪਤੀ ਲਈ ਚੱਲ ਰਹੇ ਸੰਘਰਸ਼ ਵਿੱਚ ਹਰ ਹਰਬਾ ਵਰਤਣ ਲਈ ਤਿਆਰ ਬੈਠੇ, ਮਨੁੱਖੀ ਅਹਿਸਾਸ ਅਤੇ ਕਦਰਾਂ-ਕੀਮਤਾਂ ਤੋਂ ਵਿਹੂਣੇ ,ਨਿੱਜੀ ਹਿੱਤਾਂ ਲਈ ਕੁਝ ਵੀ ਕਰ ਗੁਜ਼ਰਨ ਵਾਲੇ ਨੇਤਾਵਾਂ ਨੂੰ ਹਰਗਿਜ਼ ਵੀ ਨਹੀਂ ਹੋ ਸਕਦਾ। ਉਂਝ ਵੀ ਜੇ ਅਸੀਂ ਅੱਜ ਦੇ ਭਾਰਤ ਦੀ ਮੌਜੂਦਾ ਸਥਿਤੀ ਨੂੰ ਦੇਖਦੇ ਹਾਂ ਜਿੱਥੇ ਅਖੌਤੀ ਧਰਮਾਂ ਦੇ ਨਾਮ ਤੇ ਆਪਣੇ ਪਾਰਟੀ ਅਤੇ ਨਿੱਜੀ ਹਿੱਤਾਂ ਨੂੰ ਪੂਰਾ ਕਰਨ ਲਈ ਨਿੱਤ-ਰੋਜ਼ ਅਣਗਿਣਤ ਬੇਗੁਨਾਹ ਲੋਕਾਂ ਦਾ ਕਤਲ ਇੱਕ ਆਮ ਜਿਹੀ ਗੱਲ ਬਣ ਚੁੱਕਾ ਹੈ, ਜਿੱਥੇ ਅਮਲੀ ਰੂਪ ਵਿੱਚ ਸੁਤੰਤਰਤਾਂ ਦਾ ਅਨੰਦ ਦੇਸ਼ ਦੇ ਵਿਸ਼ਸਟ ਵਰਗ ਦੇ ਲੋਕ ਹੀ ਮਾਨ ਰਹੇ ਹਨ, ਜਿੱਥੇ ਲੋਕ ਹੁਣ ਫਿਰ ਇਹ ਮਹਿਸੂਸ ਕਰਨ ਲੱਗ ਪਏ ਹਨ ਕਿ ਸ਼ਾਇਦ ਅੱਜ ਅਸੀਂ ਆਜ਼ਾਦ ਨਹੀਂ ਰਹੇ, ਸਗੋਂ ਆਪਣੇ ਹੀ ਚੁਣੇ ਹੋਏ ਪ੍ਰਤੀਨਿਧਾਂ ਦੇ ਤਾਨਾਸ਼ਾਹੀ ਸਾਸ਼ਨ ਵਿੱਚ ਰਹੇ ਹਾਂ, ਜਿੱਥੇ ਧਰਮ, ਜਾਤ ਆਦਿ ਦੇ ਨਾਮ ਤੇ ਹਰ ਰੋਜ ਕਿੰਨੇ ਹੀ ਲੋਕਾਂ ਦਾ ਕਤਲ ਕਰ ਦਿੱਤਾ ਜਾਂਦਾ ਹੈ, ਜਿੱਥੇ ਕਰੋੜਾਂ ਲੋਕ ਅੱਜ ਵੀ ਕੁਪੋਸ਼ਣ ਦਾ ਸ਼ਿਕਾਰ ਹਨ ਜਦੋਂ ਕਿ ਲੱਖਾਂ ਟੱਨ ਆਨਾਜ਼ ਗੁਦਾਮਾਂ ਵਿੱਚ ਪਿਆ ਗਲ ਸੜ ਰਿਹਾ ਹੈ,  ਜਿੱਥੇ ਆਮ ਆਦਮੀ ਨੂੰ ਤਾਂ ਚਿੰਤਾ ਰੋਜ਼ੀ-ਰੋਟੀ ਕਮਾ ਕੇ ਆਪਣਾ ਅਤੇ ਪਰਿਵਾਰ ਦਾ ਪੇਟ ਭਰਨ ਦੀ ਲੱਗੀ ਰਹਿੰਦੀ ਹੈ, ਜਿੱਥੇ ਜੇਕਰ ਕੋਈ ਆਮ ਵਿਅਕਤੀ ਹੱਕ ਅਤੇ ਸੱਚ ਦੀ ਆਵਾਜ਼ ਉਠਾਉਂਦਾ ਹੈ ਤਾਂ ਗੰਦੀ ਰਾਜਨੀਤੀ ਦੇ ਠੇਕੇਦਾਰਾਂ ਵੱਲੋਂ ਅਜਿਹੇ ਵਿਅਕਤੀ ਨੂੰ ਜਾਂ ਤਾਂ ਮਾਰ ਦਿੱਤਾ ਜਾਂਦਾ ਹੈ ਜਾਂ ਫਿਰ ਝੂਠੇ ਕੇਸਾਂ ਵਿੱਚ ਫਸਾ ਕੇ ਮੀਡੀਆ ਦੀ ਵਰਤੋਂ ਕਰਕੇ ਉਸਨੂੰ ਮੁਜਰਿਮ ਸਿੱਧ ਕਰਕੇ ਜਿੱਲਤ ਦੀ ਮੌਤ ਮਰਨ ਲਈ ਜੇਲ੍ਹ ਵਿੱਚ ਸੁੱਟ ਦਿੱਤਾ ਜਾਂਦਾ ਹੈ, ਜਿੱਥੋਂ ਦਾ ਅੰਨਦਾਤਾ ਖੁਦਕਸ਼ੀਆਂ ਕਰਨ ਲਈ ਮਜ਼ਬੂਰ ਹੋਵੇ, ਜਿੱਥੇ ਪੜ੍ਹੇ-ਲਿਖੇ ਦੇਸ਼ ਦੇ ਨੌਜਵਾਨ ਬੇਰੁਜ਼ਗਾਰੀ ਦੇ ਕਾਰਨ ਨਸ਼ਿਆਂ ਦੇ ਆਦਿ ਹੋ ਰਹੇ ਹੋਣ, ਜਿੱਥੇ ਹਰ ਰੋਜ ਇੱਕ ਸਾਲ ਤੱਕ ਦੀਆਂ ਜਾਂ ਇਸ ਤੋਂ ਵੀ ਘੱਟ ਉਮਰ ਦੀਆਂ ਨੰਨੀਆਂ ਮੁੰਨੀਆਂ ਮਾਸੂਮ ਬਾਲੜੀਆਂ ਤੋਂ ਲੈ ਕੇ 70 ਸਾਲਾਂ ਜਾਂ ਇਸ ਤੋਂ ਵੀ ਵੱਧ ਉਮਰ ਤੱਕ ਦੀਆਂ ਔਰਤਾਂ ਨਾਲ ਜਬਰ ਜਿਨਾਹ ਦੀਆਂ ਅਨੇਕਾਂ ਘਟਨਾਵਾਂ ਦੇਖਣ ਨੂੰ ਮਿਲਦੀਆਂ ਹੋਣ, ਜਿੱਥੇ ਭ੍ਰਿਸ਼ਟਾਚਾਰ ਨੂੰ ਇੱਕ ਨੈਤਿਕ ਸਿਧਾਂਤ  ਦੇ ਰੂਪ ਵਿੱਚ ਮਾਨਤਾ ਮਿਲ ਗਈ ਹੋਵੇ ਆਦਿ ਨੂੰ ਦੇਸ਼ ਲਈ ਜਾਨਾਂ ਕੁਰਬਾਨ ਕਰਨ ਵਾਲੇ ਵੱਖ-ਵੱਖ ਧਰਮਾਂ ਦੇ ਸ਼ਹੀਦਾਂ ਨੂੰ ਦੇਖਣ ਦਾ ਕਦੇ ਮੌਕਾ ਮਿਲ ਜਾਵੇ ਤਾਂ ਉਹਨਾਂ ਨੂੰ ਵੀ ਆਪਣੇ ਭਾਰਤ ਦੀ ਸੁੰਤਤਰਤਾਂ ਲਈ ਕੀਤੇ ਸੰਘਰਸ਼ ਅਤੇ ਉਸ ਲਈ ਆਪਣੀਆਂ ਜਾਨਾਂ ਵਾਰਨ ਪਰਿਵਾਰਾਂ ਤੋਂ ਵਿਛੜਨ ਆਦਿ ਕਾਰਜ ਕਰਨ ਤੇ ਪਛਤਾਵਾ ਹੀ ਹੋਵੇਗਾ ਕਿ ਜੇਕਰ ਸੁੰਤਤਰਤ ਭਾਰਤ ਦੀ ਤਸਵੀਰ ਇਸ ਤਰ੍ਹਾਂ ਦੀ ਹੀ ਹੋਣੀ ਸੀ ਤਾਂ ਅਸੀਂ ਇਹ ਸਭ ਕੁਝ ਕਿਉਂ ਕੀਤਾ?

ਅੰਤ ਵਿੱਚ ਇਹ ਹੀ ਕਿਹਾ ਜਾ ਸਕਦਾ ਹੈ ਕਿ ਸੁਤੰਤਰਤਾ ਦਾ ਭਾਵ ਵਿਸ਼ਸਟ ਵਰਗ ਦੇ ਲੋਕਾਂ ਦੀ ਸੁਤੰਤਰਤਾ ਨਹੀਂ ਸਗੋਂ ਦੇਸ਼ ਦੇ ਸਾਰੇ ਨਾਗਰਿਕਾਂ ਦੀ ਧਾਰਮਿਕ, ਰਾਜਨੀਤਿਕ, ਸਮਾਜਿਕ ਆਦਿ ਸੁਤੰਤਰਤਾ ਹੈ। ਜਿਸ ਵਿੱਚ ਹਰੇਕ ਵਰਗ ਦੇ ਲੋਕ ਬਿਨ੍ਹਾਂ ਕਿਸੇ ਭੇਦ ਭਾਵ ਦੇ ਸ਼ਾਤੀ ਪੂਰਵਕ ਰਹਿ ਸਕਣ। ਉਨ੍ਹਾਂ ਦੀਆਂ ਮੁੱਢਲੀਆਂ ਜਰੂਰਤਾਂ ਦੀ ਪੂਰਤੀ ਹੋਵੇ ਇਸ ਤਰ੍ਹਾਂ ਦੇ ਵਾਤਾਵਰਨ ਵਿੱਚ ਹੀ ਸੱਚੇ ਅਰਥਾਂ ਵਿੱਚ ਆਜ਼ਾਦੀ ਦਾ ਨਿੱਘ ਮਾਣਿਆ ਜਾ ਸਕਦਾ ਹੈ ਤੇ ਸੱਚੇ ਲੋਕਤੰਤਰ ਦੀ ਸਥਾਪਨਾ ਹੋ ਸਕਦੀ ਹੈ।

ਸਰੀਰ ਵਿੱਚ ਆਤਮਾ ਨਹੀਂ, ਤਾਲਮੇਲ ਪ੍ਰਣਾਲੀ ਕਾਰਜ ਕਰਦੀ ਹੈ

$
0
0

ਅੱਜ ਆਪਾਂ ਦੁਨੀਆਂ ਦੇ ਸਭ ਤੋਂ ਵੱਡੇ ਲੁੱਟ ਦੇ ਹਥਿਆਰ ‘ਆਤਮਾ’ ਬਾਰੇ ਗੱਲਬਾਤ ਕਰਾਂਗੇ। ਇਸ ਸਵਾਲ ਨਾਲ ਹੋਰ ਬਹੁਤ ਸਾਰੇ ਅੰਧਵਿਸ਼ਵਾਸ਼ ਜੁੜੇ ਹੋਏ ਹਨ। ਜਿਵੇਂ ਮੁਕਤੀ, ਭੂਤਾਂ, ਪ੍ਰੇਤਾਂ,  ਯਮਦੂਤ, ਧਰਮਰਾਜ, ਸਵਰਗ-ਨਰਕ, ਪੁਨਰ ਜਨਮ ਆਦਿ ਜੁੜੇ ਹੁੰਦੇ ਹਨ। ਧਰਮ ਦੇ ਨਾਂ ’ਤੇ ਜਿਹੜੀ ਲੁੱਟ-ਖਸੁੱਟ ਹੁੰਦੀ ਹੈ, ਉਸ ਵਿੱਚ ਆਤਮਾ ਦਾ ਵੱਡਾ ਰੋਲ ਹੈ। ਕਹਿੰਦੇ ਹਨ ਕਿ ਆਤਮਾ ਏਨੀ ਸ਼ਕਤੀਸ਼ਾਲੀ ਹੁੰਦੀ ਹੈ ਕਿ ਕੋਈ ਤਲਵਾਰ ਇਸਨੂੰ ਕੱਟ ਨਹੀਂ ਸਕਦੀ।  ਜਿੱਥੋਂ ਤੱਕ ਮੁਕਤੀ ਦਾ ਸਵਾਲ ਹੈ, ਕਰੋੜਾਂ ਲੋਕ ਮੁਕਤੀ ਭਾਲਦੇ ਹਨ ਅਤੇ ਮਰਨ ਕਿਨਾਰੇ ਹੋ ਕੇ ਡਾਕਟਰਾਂ ਕੋਲ ਜਾ ਕੇ ਉਮਰ ਵਧਾਉਣਾ ਲੋਚਦੇ ਹਨ।  ਮੁਕਤ ਹੋਣਾ ਕੋਈ ਨਹੀਂ ਚਾਹੁੰਦਾ। ਮੁਕਤੀ ਲੱਭਣ ਵਾਲਿਆਂ ਦਾ ਜੇ 10 ਪ੍ਰਤੀਸ਼ਤ ਬੰਦਾ ਵੀ ਜਿੰਨਾ ਸਮਾਂ ਮੁਕਤੀ ਭਾਲਣ ਲਈ ਲਾਉਂਦਾ ਹੈ, ਓਨਾ ਸਮਾਂ ਨਿਜ਼ਾਮ ਬਦਲਣ ਲਈ ਤਿਆਰ ਹੋ ਜਾਵੇ ਤਾਂ ਗਲੇ-ਸੜੇ ਪ੍ਰਬੰਧ ਤੋਂ ਚਾਰ- ਪੰਜ ਸਾਲਾਂ ਵਿੱਚ ਹੀ ਮੁਕਤੀ ਪ੍ਰਾਪਤ ਕੀਤੀ ਜਾ ਸਕਦੀ ਹੈ।  ਆਓ ਵੇਖੀਏ ਕਿ ਕੀ ਸਰੀਰ ਵਿੱਚ ਆਤਮਾ ਹੁੰਦੀ ਹੈ? ਜੇ ਹੁੰਦੀ ਹੈ ਤਾਂ ਇਹ ਕਿੱਥੇ ਰਹਿੰਦੀ ਹੈ?

ਬਹੁਤ ਸਾਰੇ ਵਿਅਕਤੀ ਕਹਿੰਦੇ ਹਨ ਕਿ ਇਹ ਪੂਰੇ ਸਰੀਰ ਵਿੱਚ ਹੁੰਦੀ ਹੈ। ਜਿੰਨ੍ਹਾਂ ਵਿਅਕਤੀਆਂ ਦੀਆਂ ਲੱਤਾਂ ਬਾਹਾਂ ਪੂਰੀ ਤਰ੍ਹਾਂ ਕਟ ਜਾਂਦੀਆਂ ਹਨ, ਕੀ ਉਹਨਾਂ ਦੀ ਆਤਮਾ ਅੱਧੀ ਰਹਿ ਜਾਂਦੀ ਹੈ। ਸਟੀਫਨ ਹਾਕਿੰਗ ਆਪਣੀ ਜ਼ਿੰਦਗੀ ਦੇ ਜ਼ਿਆਦਾ ਵਰ੍ਹੇ  ਅਪੰਗ ਰਿਹਾ। ਕੀ ਉਸ ਵਿੱਚ ਵਿਚਾਰ ਨਹੀਂ ਸਨ? ਕੀ ਉਹ ਸਰੀਰ ਵਿੱਚ ਆਤਮਾ ਦੀ ਹੋਂਦ ਨੂੰ ਸਵੀਕਾਰ ਨਹੀਂ ਸੀ ਕਰਦਾ? ਪਰ ਫਿਰ ਵੀ ਉਸਨੇ ਦੁਨੀਆਂ ਨੂੰ ਸਾਇੰਸ ਦੇ ਬਹੁਤ ਸਾਰੇ ਪੱਖਾਂ ਤੋਂ ਅਮੀਰ ਕੀਤਾ। ਹੁਣ ਜੇ ਇਹ ਸਾਰੇ ਸਰੀਰ ਵਿੱਚ ਨਹੀਂ ਰਹਿੰਦੀ ਤਾਂ ਕਈਆਂ ਦਾ ਵਿਚਾਰ ਹੈ ਕਿ ਇਹ ਦਿਲ ਵਿੱਚ ਰਹਿੰਦੀ ਹੈ। ਹਰ ਰੋਜ਼ ਹਜ਼ਾਰਾਂ ਵਿਅਕਤੀਆਂ ਦੇ ਦਿਲਾਂ ਦੇ ਓਪਰੇਸ਼ਨ ਧਰਤੀ ਉ¤ਪਰ ਹੁੰਦੇ ਹਨ। ਜਿਉਂਦੇ ਵਿਅਕਤੀਆਂ ਦੇ ਖਰਾਬ ਹੋਏ ਦਿਲ ਕੱਢ ਕੇ ਬਾਹਰ ਸੁੱਟ ਦਿੱਤੇ ਜਾਂਦੇ ਹਨ ਅਤੇ ਮਰੇ ਹੋਏ ਵਿਅਕਤੀਆਂ ਦੇ ਦਿਲ ਰੱਖ ਦਿੱਤੇ ਜਾਂਦੇ ਹਨ। ਤਾਂ ਕੀ ਅਜਿਹੇ ਆਦਮੀਆਂ ਦੀ ਆਤਮਾ ਬਦਲ ਜਾਂਦੀ ਹੈ। ਕੁੱਝ ਵਿਅਕਤੀਆਂ ਦਾ ਵਿਚਾਰ ਹੈ ਕਿ ਇਹ ਦਿਮਾਗ ਵਿੱਚ ਰਹਿੰਦੀ ਹੈ।  ਪਰ ਦਿਮਾਗਾਂ ਦੇ ਵੀ ਹਜ਼ਾਰਾਂ ਓਪਰੇਸ਼ਨ ਦੁਨੀਆਂ ਦੇ ਵੱਖ ਵੱਖ ਦੇਸ਼ਾਂ ਵਿੱਚ ਹਰ ਰੋਜ਼ ਕੀਤੇ ਜਾਂਦੇ ਹਨ। ਕਦੇ ਵੀ ਕਿਸੇ ਡਾਕਟਰ ਨੂੰ ਆਤਮਾ ਦੇ ਦਰਸ਼ਨ ਨਹੀਂ ਹੋਏ। ਅੱਜ ਤਾਂ ਪੂਰੇ ਸਿਰ ਨੂੰ ਹੀ ਟਰਾਂਸਪਲਾਂਟ ਕਰਨ ਦੇ ਯਤਨ ਸਫ਼ਲਤਾ ਦੇ ਨੇੜੇ ਹਨ। ਕੀ ਅਜਿਹੇ ਵਿਅਕਤੀਆਂ ਦੀ ਆਤਮਾ ਬਦਲ ਜਾਵੇਗੀ? ਕਦੇ ਕਿਸੇ ਡਾਕਟਰ ਨੇ ਕਿਸੇ ਆਤਮਾ ਦਾ ਭਾਰ, ਰੰਗ ਰੂਪ ਅਤੇ ਆਕਾਰ ਨਹੀਂ ਦੱਸਿਆ। ਵਿਗਿਆਨ ਵਿੱਚ ਮਾਦੇ ਦੀ ਪਰਿਭਾਸ਼ਾ ਹੈ, ਜੋ ਰੰਗ ਰੂਪ ਰਖਦਾ ਹੋਵੇ, ਆਕਾਰ ਹੋਵੇ, ਭਾਰ ਰੱਖਦਾ ਹੋਵੇ, ਉਹ ਹੀ ਪਦਾਰਥ ਹੋ ਸਕਦਾ ਹੈ। ਇਸ ਲਈ ਆਤਮਾ ਪਦਾਰਥਕ ਵਸਤੂ ਨਹੀਂ ਹੋ ਸਕਦੀ। ਜੇ ਇਹ ਪਦਾਰਥ ਹੁੰਦਾ ਤਾਂ ਡਾਕਟਰਾਂ ਨੇ ਸਰੀਰ ਵਿੱਚੋਂ ਨਿਕਲਣ ਸਮੇਂ ਇਸ (ਆਤਮਾ) ਨੂੰ ਫੜ ਲਿਆ ਹੁੰਦਾ ਅਤੇ ਮੁੜ ਸਰੀਰ ਵਿੱਚ ਰੱਖ ਕੇ ਵਿਅਕਤੀਆਂ ਨੂੰ ਜੀਵਿਤ ਕਰ ਲਿਆ ਹੁੰਦਾ। ਪਰ ਅਜਿਹਾ ਨਹੀਂ ਹੈ। ਆਤਮਾ ਨੂੰ ਰੂਹ ਵੀ ਕਿਹਾ ਜਾਂਦਾ ਹੈ। ਕਦੇ ਕਿਸੇ ਨੇ ਦੱਸਿਆ ਕਿ ਇਹ ਰੂਹ ਬੱਚੇ ਵਿੱਚ ਕਦੋਂ ਦਾਖ਼ਲ ਹੁੰਦੀ ਹੈ ਅਤੇ ਇਨ੍ਹਾਂ ਆਤਮਾਵਾਂ ਦਾ ਟਿਕਾਣਾ ਕਿੱਥੇ ਹੁੰਦਾ ਹੈ? ਅੱਜ ਵਿਗਿਆਨਕਾਂ ਦੀਆਂ ਦੂਰਬੀਨਾਂ ਅਰਬਾਂ ਖਰਬਾਂ ਕਿਲੋਮੀਟਰਾਂ ਤੱਕ ਝਾਤੀ ਮਾਰ ਆਈਆਂ ਹਨ ਅਤੇ ਮਾਰ ਰਹੀਆਂ ਹਨ। ਕਿਸੇ ਨੂੰ ਇਨ੍ਹਾਂ ਦਾ ਟਿਕਾਣਾ ਨਹੀਂ ਮਿਲਿਆ ਅਤੇ ਨਾ ਹੀ ਇਨ੍ਹਾਂ ਦੇ ਗਤੀ ਕਰਨ ਦੀ ਸਪੀਡ ਕਿਸੇ ਮਹਾਤਮਾ ਵਰਗ ਨੇ ਦੱਸੀ ਹੈ।  ਸਿਰਫ਼ ਇਹ ਹੀ ਕਿਹਾ ਜਾਂਦਾ ਹੈ ਕਿ ਸਰੀਰ ਵਿੱਚ ਆਤਮਾ ਦਾ ਵਾਸਾ ਹੁੰਦਾ ਹੈ।

ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਜੇ ਇਹ ਬੱਚੇ ਵਿੱਚ ਦਾਖਲ ਹੁੰਦੀ ਹੈ ਤਾਂ ਇਸਦਾ ਦਾਖਲਾ ਕਦੋਂ ਹੁੰਦਾ ਹੈ? ਗਰਭ ਦੇ ਪਹਿਲੇ ਦਿਨ ਸੈ¤ਲਾਂ ਦੇ  ਜੁੜਨ ਸਮੇਂ ਇਹ ਸੈਲ ਦੋ ਭਾਗਾਂ ਵਿੱਚ ਟੁੱਟ ਜਾਂਦੇ ਹਨ। ਕੀ ਉਨ੍ਹਾਂ ਬੱਚਿਆਂ ਦੀ ਆਤਮਾ ਵੀ ਦੋ ਭਾਗਾਂ ਵਿੱਚ ਟੁੱਟ ਜਾਂਦੀ ਹੈ? 1998 ਵਿੱਚ ਅਮਰੀਕਾ ਦੇ ਸ਼ਹਿਰ ਟੈਕਸਾ ਵਿੱਚ ਇੱਕ ਔਰਤ ਨੇ ਇਕੱਠੇ ਅੱਠ ਬੱਚਿਆਂ ਨੂੰ ਜਨਮ ਦਿੱਤਾ। ਇਸਤਰੀ-ਪੁਰਸ਼ ਦੇ ਜੁੜਨ ਵਾਲੇ ਸੈ¤ਲ ਜੁੜਨ ਤੋਂ ਬਾਅਦ ਅੱਠ ਭਾਗਾਂ ਵਿੱਚ ਟੁੱਟ ਗਏ। ਉਨ੍ਹਾਂ ਅੱਠਾਂ ਵਿੱਚ ਮਾਂ ਪਿਓ ਦੇ ਗੁਣ ਤਾਂ ਡੀ ਐਨ ਏ ਰਾਹੀਂ ਪ੍ਰਵੇਸ਼ ਕਰ ਗਏ ਪਰ ਕੀ ਉਨ੍ਹਾਂ ਦੀ ਆਤਮਾ ਅੱਠ ਭਾਗਾਂ ਵਿੱਚ ਟੁੱਟ ਗਈ ਸੀ ਜਾਂ ਅੱਠ ਆਤਮਾਵਾਂ ਉਨ੍ਹਾਂ ਵਿੱਚ ਇੱਕੋ ਸਮੇਂ ਦਾਖਲ ਹੋ ਗਈਆਂ? ਕਹਿੰਦੇ ਹਨ ਕਿ ਆਤਮਾ ਬੱਚੇ ਦੇ ਸਰੀਰ ਵਿੱਚ ਦਿਲ ਦੀ ਧੜਕੜ ਨਾਲ ਦਾਖਲ ਹੋ ਜਾਂਦੀ ਹੈ। ਦਿਲ ਤਾਂ ਭਰੂਣ ਦੇ 23ਵੇ ਦਿਨ ਹੀ ਧੜਕਣਾ ਸ਼ੁਰੂ ਕਰ ਦਿੰਦਾ ਹੈ। ਛੇ ਮਹੀਨੇ ਬਾਅਦ ਡਾਕਟਰ ਅਕਸਰ ਹੀ ਬੱਚੇ ਨੂੰ ਬਚਾ ਲੈਂਦੇ ਹਨ। ਦੋ ਚਾਰ ਕੇਸਾਂ ਵਿੱਚ  ਡਾਕਟਰਾਂ ਨੇ ਓਪਰੇਸ਼ਨ ਰਾਹੀਂ ਪੇਟ ਵਿੱਚੋਂ ਬੱਚਾ ਚੁੱਕ ਕੇ ਬਾਹਰ ਕੱਢ ਲਿਆ ਅਤੇ ਉਸ ਦੇ ਦਿਲ ਦਾ ਓਪਰੇਸ਼ਨ ਕਰ ਕੇ ਉਸ ਨੂੰ ਮੁੜ ਪੇਟ ਵਿੱਚ ਰੱਖ ਦਿੱਤਾ। ਕੀ ਇਨ੍ਹਾਂ ਦੀ ਆਤਮਾ ਪੇਟ ‘ਚੋਂ ਬੱਚਾ ਬਾਹਰ ਕੱਢਣ ਸਮੇਂ ਬਾਹਰ ਨਿਕਲ ਗਈ ਸੀ?  ਪੇਟ ਵਿੱਚ ਦੁਬਾਰਾ ਰੱਖਣ ਤੇ ਦੁਬਾਰਾ ਚਲ ਗਈ ਸੀ ਅਤੇ ਜਨਮ ਲੈਣ ਸਮੇਂ ਫਿਰ ਵਾਪਸ ਆ ਗਈ ਸੀ? ਦੁਨੀਆਂ ਵਿੱਚ ਅਜਿਹੀਆਂ ਬਹੁਤ ਸਾਰੀਆਂ ਉਦਾਹਰਣਾਂ ਹਨ – ਜਨਮ ਸਮੇਂ ਪੇਟ ਵਿੱਚੋਂ ਦੋ ਜੁੜਵੇਂ ਬੱਚੇ ਨਿਕਲ ਆਉਂਦੇ ਹਨ ਅਤੇ ਸਾਰੀ ਜ਼ਿੰਦਗੀ ਇੱਕ ਦੂਜੇ ਨਾਲ ਜੁੜੇ ਰਹਿੰਦੇ ਹਨ। ਇਨ੍ਹਾਂ ਨੂੰ ਸ਼ਿਆਮੀ ਬੱਚੇ ਕਿਹਾ ਜਾਂਦਾ ਹੈ। ਕੀ ਇਨ੍ਹਾਂ ਵਿੱਚ ਇੱਕੋ ਆਤਮਾ ਹੁੰਦੀ ਹੈ, ਜੋ ਜੁੜੀ ਹੁੰਦੀ ਹੈ? ਜਾਂ ਦੋ ਆਤਮਾਵਾਂ ਹੁੰਦੀਆਂ ਹਨ? ਜਿਸ ਸਰੀਰ ਵਿੱਚ ਆਤਮਾ ਹੁੰਦੀ ਹੈ, ਕੀ ਇਹ ਮੌਤ ਸਮੇਂ ਬਾਹਰ ਨਿਕਲ ਜਾਂਦੀ ਹੈ?  ਪਰ ਅਸੀਂ ਵੇਖਿਆ ਹੈ ਕਿ ਡਾਕਟਰ ਮੌਤ ਹੋਣ ਤੋਂ ਬਾਅਦ ਵੀ ਬਹੁਤ ਸਾਰੇ ਬੰਦਿਆਂ ਨੂੰ ਬਚਾ ਲੈਂਦੇ ਹਨ। ਉਨ੍ਹਾਂ ਦੇ ਸਰੀਰਾਂ ਨੂੰ ਵੈਂਟੀਲੇਟਰ ’ਤੇ ਰੱਖਿਆ ਜਾਂਦਾ ਹੈ। ਬਣਾਵਟੀ ਸਾਹ ਪ੍ਰਣਾਲੀ ਅਤੇ ਖੂਨ ਗੇੜ ਪ੍ਰਣਾਲੀ ਰਾਹੀਂ ਜੀਵਿਤ ਰੱਖਿਆ ਜਾਂਦਾ ਹੀ ਨਹੀਂ ਜਾਂਦਾ, ਜੀਵਿਤ ਕਰਨ ਦੀਆਂ ਉਦਾਹਰਣਾਂ ਵੀ ਸਾਡੇ ਕੋਲ ਮੌਜੂਦ ਹਨ।

ਹੁਣ ਅਗਲਾ ਸੁਆਲ ਖੜ੍ਹਾ ਹੁੰਦਾ ਹੈ ਕਿ ਜਿੰਨ੍ਹਾਂ ਵਿਅਕਤੀਆਂ ਨੂੰ ਬੇਹੋਸ ਕਰਕੇ ਅਪਰੇਸ਼ਨ ਕੀਤੇ ਜਾਂਦੇ ਹਨ, ਕੀ ਉਨ੍ਹਾਂ ਵਿੱਚ ਉਸ ਸਮੇਂ ਉਨ੍ਹਾਂ ਦੀ ਆਤਮਾ ਨੂੰ ਛੁੱਟੀ ’ਤੇ ਭੇਜ ਦਿੱਤਾ ਜਾਂਦਾ ਹੈ? 27 ਨਵੰਬਰ 1973 ਨੂੰ (24 ਸਾਲ ਦੀ ਉਮਰ ਵਿੱਚ) ਇੱਕ ਹਸਪਤਾਲ ਵਿੱਚ ਹਸਪਤਾਲ ਦੇ ਹੀ ਇੱਕ ਲੜਕੇ ਨੇ ਅਰੁਣਾ ਸ਼ਾਨਬਾਗ ਨਾਲ ਬਲਾਤਕਾਰ ਕੀਤਾ। ਅਜਿਹੀ ਸੱਟ ਮਾਰੀ ਕਿ ਉਹ ਉਸੇ ਦਿਨ ਕੌਮਾ ਵਿੱਚ ਚਲੀ ਗਈ ਤੇ 42 ਸਾਲ ਕੌਮਾਂ ਵਿੱਚ ਰਹਿ 18 ਮਈ 2015 ਨੂੰ ਉਸ ਦੀ ਮੌਤ ਹੋ ਗਈ। ਕੀ ਇਸ ਔਰਤ ਦੀ ਆਤਮਾ ਉਸ ਸਮੇਂ ਦੌਰਾਨ ਉਸ ਦੇ ਸਰੀਰ ਵਿੱਚ ਰਹੀ? ਕੀ ਆਤਮਾ ਕਿਸੇ ਦੂਸਰੇ ਦੀ ਮਰਜ਼ੀ ਨਾਲ ਸਰੀਰ ਵਿੱਚੋਂ ਬਾਹਰ ਕੱਢੀ ਜਾ ਸਕਦੀ ਹੈ? ਜੇ ਕੋਈ ਵਿਅਕਤੀ ਇਸ ਸਬੰਧੀ ਨਾਂਹ ਕਹਿੰਦਾ ਹੈ ਤਾਂ ਉਹ ਇੱਕ ਤਜ਼ਰਬਾ ਕਰਕੇ ਦੇਖ ਸਕਦਾ ਹੈ।

ਸਾਇਆਨਾਈਡ ਦੀ ਇੱਕ ਗੋਲੀ ਉਸ ਦੀ ਆਤਮਾ ਨੂੰ ਉਸ ਤੋਂ ਸਦਾ ਲਈ ਮੁਕਤ ਕਰ ਦੇਵੇਗੀ। ਦੋ ਵਾਰ ਮੇਰੀ ਮੁਲਾਕਾਤ ਕੁੱਝ ਅਜਿਹੇ ਵਿਅਕਤੀਆਂ ਨਾਲ ਵੀ ਹੋ ਚੁੱਕੀ ਹੈ, ਜਿਹੜੇ ਕਹਿੰਦੇ ਹਨ ਕਿ ਆਤਮਾਵਾਂ ਧਰਤੀ ਰਾਹੀਂ ਆਪਣੀ ਹੋਂਦ ਦੇ ਸਿਗਨਲ ਦਿੰਦੀਆਂ ਹਨ ਅਤੇ ਭੂਤਵਾੜਿਆਂ ਵਿੱਚੋਂ ਭੂਤਾਂ ਦੁਆਰਾ ਛੱਡੇ ਗਏ ਸਿਗਨਲ ਫੜਦੇ ਹਨ। ਅਸਲ ਵਿੱਚ ਉਹ ਬੜੀ ਚਲਾਕ ਕਿਸਮ ਦੇ ਲੋਕ ਹਨ। ਉਹ ਨਵੀਂ ਕਿਸਮ ਦੇ ਬਾਬੇ ਪੈਦਾ ਹੋ ਰਹੇ ਹਨ। ਉਹ ਲੋਕਾਂ ਦੀ ਨਵੇਂ ਢੰਗ ਨਾਲ ਲੁੱਟ ਕਰ ਰਹੇ ਹਨ। ਉਨ੍ਹਾਂ ਕੋਲ ਕੁੱਝ ਅਜਿਹੇ ਯੰਤਰ ਰੱਖੇ ਹੁੰਦੇ, ਜਿਹੜੇ ਆਵਾਜ਼ ਜਾਂ ਪ੍ਰਕਾਸ਼ ਦੀਆਂ ਤਰੰਗਾਂ ਨੂੰ ਜਾਂ ਸੂਰਜ ਤੋਂ ਉਠਣ ਵਾਲੀਆਂ ਬਿਜਲੀ ਚੁੰਬਕੀ ਤਰੰਗਾਂ ਦੇ ਸਿਗਨਲਾਂ ਨੂੰ ਫੜ ਲੈਂਦੇ ਹਨ ਅਤੇ ਉਨ੍ਹਾਂ ਦੇ ਯੰਤਰਾਂ ਵਿੱਚ ਅਜਿਹੇ ਸਿਗਨਲ ਆ ਵੀ ਜਾਂਦੇ ਹਨ।

ਅਸੀਂ ਜਾਣਦੇ ਹਾਂ ਕਿ ਸਾਡੀ ਧਰਤੀ ਦੇ ਗਰਭ ਵਿੱਚ ਬੇਸ਼ੁਮਾਰ ਤਰਲ ਪਦਾਰਥ ਭਰੇ ਹੋਏ ਹਨ। ਧਰਤੀ ਦੀਆਂ ਗਤੀਆਂ ਕਾਰਨ ਹਰ ਰੋਜ਼ ਸੈਂਕੜੇ ਛੋਟੇ ਵੱਡੇ ਭੂਚਾਲ ਧਰਤੀ ’ਤੇ ਆਉਂਦੇ ਹੀ ਰਹਿੰਦੇ ਹਨ। ਇਨ੍ਹਾਂ ਦੁਆਰਾ ਛੱਡੀਆਂ ਗਈਆਂ ਕਿਰਨਾਂ ਅਜਿਹੇ ਯੰਤਰਾਂ ਦੇ ਸਿਗਨਲ ਵਿੱਚ ਆ ਜਾਂਦੀਆਂ ਹਨ। ਸੂਰਜ ਤੋਂ ਵੀ ਸੂਰਜੀ ਤੂਫਾਨ ਉ¤ਠਦੇ ਰਹਿੰਦੇ ਹਨ ਅਤੇ ਇਸ ਤਰ੍ਹਾਂ ਹੀ ਧਰਤੀ ਦੇ ਚੁੰਬਕੀ ਧਰੁਵ ਅਜਿਹੇ ਵਿਕਿਰਨ ਪੈਦਾ ਕਰਦੇ ਹਨ।

ਹੁਣ ਅਗਲਾ ਸੁਆਲ ਖੜ੍ਹਾ ਹੁੰਦਾ ਹੈ ਕਿ ਜਿਹੜੇ ਵਿਅਕਤੀ ਆਪਣੇ ਸਰੀਰ ਦਾਨ ਜਾਂ ਅੰਗ ਦਾਨ ਕਰ ਦਿੰਦੇ ਹਨ ਤਾਂ ਕੀ ਉਹਨਾਂ ਦੀ ਆਤਮਾ ਮੁਕਤ ਨਹੀਂ  ਹੁੰਦੀ? ਮੇਰੇ ਪਿਤਾ ਜੀ ਮੁਕਤੀ ਦੇ ਸੰਕਲਪ ਦੇ ਵਿਰੋਧ ਸਨ। 2006 ਵਿੱਚ ਉਨਾਂ ਨੇ ਦਿਆਨੰਦ ਮੈਡੀਕਲ ਕਾਲਜ ਦੇ ਵਿਦਿਆਰਥੀਆਂ ਨੂੰ ਖੋਜ਼ ਕਰਨ ਲਈ ਆਪਣਾ ਮ੍ਰਿਤਕ ਸਰੀਰ ਦਾਨ ਵਿੱਚ ਦੇ ਦਿੱਤਾ। ਉਸ ਤੋਂ ਬਾਅਦ ਤਾਂ ਸੈਂਕੜੇ ਵਿਅਕਤੀਆਂ ਨੇ ਹਸਪਤਾਲਾਂ ਨੂੰ ਆਪਣੇ ਸਰੀਰ ਦਾਨ ਵਿੱਚ ਦੇ ਦਿੱਤੇ। ਇਨ੍ਹਾਂ ਵਿਚਾਰਿਆਂ ਦੀਆਂ ਆਤਮਾਵਾਂ ਦਾ ਕੀ ਬਣਿਆਂ? ਕੀ ਇਨ੍ਹਾਂ ਦੀ ਮੁਕਤੀ ਹੋਊ ਜਾਂ ਨਹੀਂ?

ਮੈਨੂੰ ਬਹੁਤ ਸਾਰੇ ਵਿਅਕਤੀਆਂ ਨੇ ਪੱਛਿਆ ਹੈ ਕਿ ਜੇ ਸਰੀਰ ਵਿੱਚ ਆਤਮਾ ਨਹੀਂ ਹੁੰਦੀ ਤਾਂ ਸਰੀਰ ਵਿੱਚ ਬੋਲਦਾ ਕੀ ਹੈ? ਮੈਂ ਉਨ੍ਹਾਂ ਨੂੰ ਪੁੱਛ ਲੈਂਦਾ ਹਾਂ ਕਿ ਰੇਡੀਓ  ਅਤੇ ਟੈਲੀਵਿਜ਼ਨ ਵਿੱਚ ਬੋਲਣ ਵਾਲੀ ਕਿਹੜੀ ਚੀਜ਼ ਹੁੰਦੀ ਹੈ? ਉਨ੍ਹਾਂ ਦਾ ਜੁਆਬ ਹੁੰਦਾ ਹੈ ਕਿ ਇਹ ਤਾਂ ਮਸ਼ੀਨੀ ਯੰਤਰ ਹਨ। ਜੇ ਬੋਲਣੋ ਹਟ ਜਾਣ ਤਾਂ ਅਸੀਂ ਇਸ ਨੂੰ ਰਿਪੇਅਰ ਕਰਵਾ ਲੈਂਦੇ ਹਾਂ। ਪਰ ਮਕੈਨਿਕ ਇਨ੍ਹਾਂ ਵਿੱਚ ਆਤਮਾਵਾਂ ਤਾਂ ਮੁੜ ਦਾਖਲ ਨਹੀਂ ਕਰਦੇ। ਉਹ ਤਾਂ ਇਨ੍ਹਾਂ ਦੀਆਂ ਬਿਜਲੀ, ਚੁੰਬਕੀ ਅਤੇ ਪ੍ਰਕਾਸ਼ ਪੈਦਾ ਕਰਨ ਵਾਲੀਆਂ ਪ੍ਰਣਾਲੀਆਂ ਨੂੰ ਠੀਕ ਕਰਦੇ ਹਨ। ਸਾਡਾ ਸਰੀਰ ਵੀ ਠੀਕ ਇਸੇ ਤਰ੍ਹਾਂ ਦੀਆਂ ਪ੍ਰਣਾਲੀਆਂ ਦਾ ਬਣਿਆ ਹੋਇਆ ਹੁੰਦਾ ਹੈ। ਸਰੀਰ ਵਿੱਚ ਸੈ¤ਲ ਹੁੰਦੇ ਹਨ। ਸੈ¤ਲਾਂ ਦੇ ਸਮੂਹ ਨੂੰ ਅਸੀਂ ਅੰਗ ਆਖਦੇ ਹਾਂ। ਕੁੱਝ ਅੰਗ ਜੁੜਨ ਨਾਲ ਅੰਗ ਪ੍ਰਣਾਲੀ ਬਣ ਜਾਂਦੀ ਹੈ ਅਤੇ ਕਈ ਅੰਗ ਪ੍ਰਣਾਲੀਆਂ ਦਾ ਸਮੂਹ ਸਰੀਰ ਦੀ ਰਚਨਾ ਕਰਦਾ ਹੈ। ਜਿਵੇਂ ਮਨੁੱਖੀ ਸਰੀਰ ਵਿੱਚ ਪਿੰਜਰ ਪ੍ਰਣਾਲੀ, ਲਹੂ ਗੇੜ ਪ੍ਰਣਾਲੀ, ਭੋਜਨ ਪ੍ਰਣਾਲੀ, ਸੋਚ ਵਿਚਾਰ ਪ੍ਰਣਾਲੀ, ਸਾਹ ਪ੍ਰਣਾਲੀ ਆਦਿ ਹੁੰਦੀਆਂ ਹਨ। ਇਨ੍ਹਾਂ ਵਿੱਚ ਆਪਸੀ ਤਾਲੇਮਲ ਵੀ ਹੁੰਦਾ ਹੈ। ਜਿੰਨਾਂ ਚਿਰ ਸਾਡੀਆਂ ਅੰਗ ਪ੍ਰਣਾਲੀਆਂ ਠੀਕ ਰਹਿੰਦੀਆਂ  ਹਨ, ਓਨਾ ਚਿਰ ਸਾਡਾ ਸਰੀਰ ਸਮੂਹ ਕਿਰਿਆਵਾਂ ਕਰਦਾ ਰਹਿੰਦਾ ਹੈ। ਕਿਸੇ ਮਹੱਤਵਪੂਰਨ ਪ੍ਰਣਾਲੀ ਦੇ ਫੇਲ੍ਹ ਹੋ ਜਾਣ ਕਾਰਨ ਸਾਡਾ ਸਰੀਰ ਕੰਮ ਕਰਨਾ ਬੰਦ ਕਰ ਦਿੰਦਾ ਹੈ ਅਤੇ ਮੌਤ ਹੋ ਜਾਂਦੀ ਹੈ। ਜਿਵੇਂ ਦਿਲ ਸਾਡੇ ਸਰੀਰ ਦੀ ਮਹੱਤਵਪੂਰਨ ਪ੍ਰਣਾਲੀ ਹੈ। ਦਿਲ ਫੇਲ੍ਹ ਹੋ ਜਾਣ ਦੀ ਸੂਰਤ ਵਿੱਚ ਸਾਡਾ ਸਰੀਰ ਕੰਮ ਕਰਨਾ ਬੰਦ ਕਰ ਦਿੰਦਾ ਹੈ। ਪਰ ਕਈ ਵਾਰ ਡਾਕਟਰ ਦਿਲ ਨੂੰ ਮੁੜ ਚਾਲੂ ਕਰ ਲੈਂਦੇ ਹਨ ਤੇ ਸਰੀਰ ਮੁੜ ਕਾਰਜਸ਼ੀਲ ਹੋ ਜਾਂਦਾ ਹੈ।

ਸਰੀਰ ਨੇ ਚੱਲਣ ਫਿਰਨ, ਬੋਲਣ ਅਤੇ ਗਰਮੀ ਸਰਦੀ ਮਹਿਸੂਸ ਕਰਨ ਦਾ ਇਹ ਹੁਨਰ ਕਿੱਥੋਂ ਸਿੱਖਿਆ ਹੈ? ਮਨੁੱਖ ਦਾ ਇਤਿਹਾਸ ਅਰਬਾਂ ਵਰ੍ਹਿਆਂ ਦਾ ਹੈ।  ਲਗਭਗ ਤਿੰਨ ਸੌ ਕਰੋੜ ਵਰ੍ਹੇ ਪਹਿਲਾਂ ਅਮੀਬਾ ਹੋਂਦ ਵਿੱਚ ਆ ਗਿਆ ਸੀ। ਅਮੀਬੇ ਤੋਂ ਮਨੁੱਖੀ ਵਿਕਾਸ ਦੀ ਯਾਤਰਾ ਸ਼ੁਰੂ ਹੁੰਦੀ ਹੈ। ਇਹ ਮੱਛੀਆਂ, ਚੂਹਿਆਂ ਅਤੇ ਬਾਂਦਰਾਂ ਵਿੱਚੋਂ ਦੀ  ਹੁੰਦੀ ਹੋਈ ਮਨੁੱਖ ਤੱਕ ਪਹੁੰਚੀ ਹੈ। ਡਾਰਵਿਨ ਅਨੁਸਾਰ ਹਰੇਕ ਜੀਵ ਨੂੰ ਜਿਉਂਦੇ ਰਹਿਣ ਲਈ ਸੰਘਰਸ਼ ਕਰਨਾ ਪੈਂਦਾ ਹੈ। ਇਸ ਦੌਰਾਨ ਵਰਤੋਂ ਵਿੱਚ ਆੳਣ ਵਾਲੇ ਲੋੜੀਂਦੇ ਅੰਗ ਵਿਕਸਿਤ ਹੁੰਦੇ ਜਾਂਦੇ ਹਨ ਅਤੇ ਬੇਲੋੜੇ ਅੰਗ ਕਮਜ਼ੋਰ ਹੁੰਦੇ ਹੁੰਦੇ ਖ਼ਤਮ ਹੋ ਜਾਂਦੇ ਹਨ। ਅਸੀਂ ਅੱਜ ਵੀ ਜਾਣਦੇ ਹਾਂ ਕਿ ਜੇ ਚੂਨੇ ਵਿੱਚ ਪਾਣੀ ਪਾ ਦੇਈਏ ਤਾਂ ਉਹ ਕੁੱਝ ਸਮੇਂ ਬਾਅਦ ਗਰਮ ਹੋਣਾ, ਹਰਕਤ ਕਰਨੀ ਅਤੇ ਸੂੰ-ਸੂੰ ਦੀ ਆਵਾਜ਼ ਪੈਦਾ ਕਰਨ ਲੱਗ ਜਾਵੇਗਾ। ਇਸ ਤਰ੍ਹਾਂ ਮਨੁੱਖੀ ਸਰੀਰ ਵੀ ਵੱਖ-ਵੱਖ ਰਸਾਇਣਕ ਪਦਾਰਥਾਂ ਵਿੱਚ ਹੁੰਦੀਆਂ ਰਸਾਇਣਕ ਕਿਰਿਆਵਾਂ ਰਾਹੀਂ ਬਿਜਲੀ, ਚੁੰਬਕੀ ਤਰੰਗਾਂ ਅਤੇ ਰਸਾਇਣਿਕ ਗੁਣ ਪ੍ਰਾਪਤ ਕਰ ਗਿਆ। ਅੱਜ ਸਾਡੇ ਦਿਮਾਗ ਵਿੱਚ ਸੋਚ-ਵਿਚਾਰ ਦਾ ਕੰਮ ਕਰਦੀਆਂ ਇਹ ਬਿਜਲੀ, ਚੁੰਬਕੀ ਅਤੇ ਰਸਾਇਣਕ ਕਿਰਿਆਵਾਂ ਹੀ ਹਨ, ਜਿਹੜੀਆਂ ਸਾਡੀ ਯਾਦਾਸ਼ਤ ਨੂੰ ਕਾਇਮ ਰੱਖਦੀਆਂ ਹਨ। ਮਰਨ ਤੋਂ ਬਾਅਦ ਜਦੋਂ ਸਾਡੇ ਸਰੀਰ ਦੇ ਸਾਰੇ ਪਦਾਰਥ ਹੀ ਨਸ਼ਟ ਹੋ ਜਾਂਦੇ ਹਨ ਤਾਂ ਸਾਡੀਆਂ ਰਸਾਇਣੀ, ਬਿਜਲਈ ਅਤੇ ਚੁੰਬਕੀ ਕਿਰਿਆਵਾਂ ਦਾ ਵੀ ਖਾਤਮਾ ਹੋ ਜਾਂਦਾ ਹੈ ਅਤੇ ਵਿਚਾਰ ਵੀ ਖਤਮ ਹੋ ਜਾਂਦੇ ਹਨ। ਸੋ ਆਤਮਾ ਇੱਕ ਲੁੱਟ-ਖਸੁੱਟ ਦਾ ਸਾਧਨ ਹੀ ਹੈ, ਹੋਰ ਕੁੱਝ ਵੀ ਨਹੀਂ।

ਡਾਕਟਰ ਨੂੰ ਦੂਰ ਭਜਾਓ, ਹਰ ਰੋਜ਼ ਸੇਬ ਖਾਓ, ਪੂਰੀ ਸੱਚਾਈ ਨਹੀਂ

$
0
0

ਮੰਨਿਆ ਜਾਂਦਾ ਹੈ ਕਿ ਇਹ ਕਥਨ ਪਹਿਲੀ ਵਾਰ 1881 ਈ: ਨੂੰ ਵਰਤਿਆ ਗਿਆ, ਪ੍ਰੰਤੂ ਉਸ ਵੇਲੇ ਇਸ ਦੀ ਭਾਸ਼ਾ ਸੀ ਕਿ ‘ਸੌਣ ਤਕ ਹਰ ਰੋਜ਼ ਇਕ ਸੇਬ ਖਾਵੋ ਅਤੇ ਡਾਕਟਰ ਨੂੰ ਰੋਟੀ-ਰੋਜ਼ੀ ਕਮਾਉਣੀ ਔਖੀ ਹੋ ਜਾਵੇਗੀ। ਨਵਾਂ ਕਥਨ ਕਿ ‘ਡਾਕਟਰ ਤੁਹਾਡੇ ਕੋਲੋਂ ਦੂਰ ਰਹਿਣਗੇ, ਜੇ ਹਰ ਰੋਜ਼ ਇਕ ਸੇਬ ਖਾਵੋ’ ਉਸ ਸਮੇਂ ਸੇਬ ਬਹੁਤ ਲੋਕਪ੍ਰਿਯ ਫਲ ਸੀ। ਇਹ ਫਲ ਆਸਾਨੀ ਨਾਲ ਉਗਾਇਆ ਜਾ ਸਕਦਾ ਹੈ। ਇਹ ਘੱਟ ਦੇਖਭਾਲ ਮੰਗਦਾ ਹੈ। ਲਗਭਗ ਸੰਭਾਲ ਕੇ ਰੱਖਿਆ ਜਾ ਸਕਦਾ ਹੈ। ਇਸ ਦੀ ਪੋਸ਼ਟਿਕਤਾ ਕਾਫੀ ਦੇਰ ਨਸ਼ਟ ਨਹੀਂ ਹੁੰਦੀ ਖਾ ਕੇ ਵਿਅਕਤੀ ਰਜਿਆ ਰਜਿਆ ਮਹਿਸੂਸ ਕਰਦਾ ਹੈ। ਸਵਾਦ ਹੈ ਖੂਬਸੂਰਤ ਹੈ।

100 ਗ੍ਰਾਮ ਦੇ ਸੇਬ ਵਿਚ

1.    ਕੈਲੋਰੀਸ        54

2.    ਪਾਣੀ        85 ਗ੍ਰਾਮ

3.    ਕਾਰਬੋ        11.8 ਗ੍ਰਾਮ

4.    ਫਾਈਬਰ (ਰੇਸ਼ਾ)    2.4 ਗ੍ਰਾਮ

5.    ਖੰਡ        10.3

6.    ਫੈਟ        ਸਿਫਰ

7.    ਪ੍ਰੋਟੀਨ        26 ਗ੍ਰਾਮ

8.    ਪੋਟਾਸ਼ੀਅਮ    7 ਐਮ.ਜੀ

ਇਨ੍ਹਾਂ ਤੋਂ ਇਲਾਵਾ ਥੋੜੀ ਮਾਤਰਾ ਵਿਚ ਕੈਲਸ਼ੀਅਮ, ਆਇਰਨ, ਬੋਰੋਨ, ਵਿਟਾਮਿਨ ਏ, ਵਿਟਾਮਿਨ ਸੀ ਵੀ ਹੁੰਦੇ ਹਨ।

ਸੇਬ ਬਾਰੇ ਕਥਨ ਲਗਭਗ 100 ਸਾਲ ਪਹਿਲਾਂ ਹੋਂਦ ਵਿਚ ਆਇਆ। ਇਸ ਲੰਮੇ ਸਮੇਂ ਵਿਚ ਭੋਜਨ ਬਾਰੇ ਬਹੁਤ ਨਵਾਂ ਗਿਆਨ ਸਾਹਮਣੇ ਆਇਆ। ਨਵੇਂ-ਨਵੇਂ ਤੱਥ ਸਾਹਮਣੇ ਆਏ।

ਅਜੋਕੇ ਗਿਆਨ ਅਨੁਸਾਰ ਸਰੀਰ ਨੂੰ ਹਰ ਤਰ੍ਹਾਂ ਦੀਆਂ ਗਤੀਵਿਧੀਆਂ ਲਈ ਲਗਭਗ 50 ਲੋੜਾਂ ਹਨ। ਫੈਟ, ਪ੍ਰੋਟੀਨ, ਕਾਰਬੋ, ਰੇਸ਼ੇ, ਪਾਣੀ ਤੋਂ ਬਿਨਾ 13 ਕਿਸਮ ਦੇ ਵਿਟਾਮਿਨ, 20 ਕਿਸਮਾਂ ਦੇ ਮਿਨਰਲ, 8 ਅਮੀਨੋ ਐਸਿਡ, 2 ਫੈਟੀ ਐਸਿਡ, ਆਕਸੀਜਨ, ਧੁੱਪ ਹਨ, ਪ੍ਰੰਤੂ ਸੇਬ ਵਿਚ ਵਧ ਤੋਂ ਵੱਧ 13 ਅੰਸ਼ ਹਨ। ਇਨ੍ਹਾਂ ਵਿੱਚੋਂ ਬਹੁਤੇ ਤਾਂ ਬਹੁਤ ਹੀ ਘੱਟ ਹਨ।  13 ਅੰਸ਼ਾਂ ਵਾਲੇ ਸੇਬ ਸਰੀਰ ਨੂੰ ਤੰਦਰੁਸਤ ਨਹੀਂ ਰਖ ਸਕਦਾ। ਸਾਰੀਆਂ ਲੋੜਾਂ ਪੂਰੀਆਂ ਕਰਨ ਲਈ ਬਹੁਤ ਕੁਝ ਜ਼ੂਰੀ ਹੈ। ਇਹ ਠੀਕ ਹੈ ਕਿ ਸੇਬ ਸੁਪਰ ਫਰੂਟ ਹੈ, ਪਰ ਇਕੱਲੇ ਸੇਬ ਉਤੇ ਨਿਰਭਰ ਨਹੀਂ ਹੋਇਆ ਜਾ ਸਕਦਾ।

1.    ਸੇਬ ਕਈਆਂ ਨੂੰ ਐਲਰਜ਼ੀ ਕਰਦਾ ਹੈ।

2.    ਕੁਝ ਵਿਅਕਤੀਆਂ ਦੀ ਵੱਧ ਰੇਸ਼ਾ ਹੋਣ ਕਰਕੇ ਪੇਟ ਵਿਚ ਮੁਸ਼ਕਲ ਆ ਸਕਦੀ ਹੈ।

3.    ਜਿਥੇ ਸੇਬ ਦੰਦਾਂ ਲਈ ਬੁਰਸ਼ ਦਾ ਕੰਮ ਕਰਦਾ ਹੈ। ਉਸ ਦੇ ਨਾਲ-ਨਾਲ ਇਸ ਦਾ ਤੇਜ਼ਾਬੀ ਗੁਣ ਦੰਦਾਂ ਦੇ ਅਨੋਮਲ ਉਤੇ ਮਾਰੂ ਅਸਰ ਕਰਦਾ ਹੈ। ਮਾਹਰ ਸੇਬ ਖਾਣ ਤੋਂ ਬਾਅਦ ਕੁਰਲੀਆਂ ਕਰਨ ਦਾ ਸੁਝਾਅ ਦਿੰਦੇ ਹਨ।

4.    ਚਾਹੇ ਸੇਬ ਦੇ ਬੀਜ਼ ਖਾਦੇ ਨਹੀਂ ਜਾਂਦੇ, ਪਰ ਬੀਜ਼ ਜ਼ਹਿਰੀਲੇ ਹੁੰਦੇ ਹਨ।

5.    ਵਿਸ਼ਵ ਦੇ ਬਹੁਤ ਖੇਤਰਾਂ ਵਿਚ ਸੇਬ ਦਾ ਫੁਲ ਆਉਂਦੇ ਹੀ ਕੀਟਨਾਸ਼ਕ ਦਵਾਈਆਂ ਦਾ ਸਪਰੇਅ ਸ਼ੁਰੂ ਕਰ ਦਿੰਦੇ ਹਨ।

6.    ਸੇਬ ਨੂੰ ਚਮਕੀਲਾ ਅਤੇ ਖੂਬਸੂਰਤ ਬਨਾਉਣਾ ਸੇਬ ਉਤੇ ਮੋਮ ਦੀ ਪਰਤ ਚੜਾਈ ਜਾਂਦੀ ਹੈ, ਮੋਮ ਹਜ਼ਮ ਨਹੀਂ ਹੁੰਦਾ।

ਤੰਦਰੁਸਤੀ ਲਈ ਪੋਸ਼ਟਿਕ ਅਤੇ ਸੰਤੁਲਨ ਭੋਜਨ, ਕਾਰਜਸ਼ੀਲਤਾ ਅਤੇ ਚੰਗੀ ਜੀਵਨ ਸ਼ੈਲੀ ਹੀ ਅਹਿਮ ਭੁਮਿਕਾ           ਨਿਭਾਉਂਦੇ ਹਨ।

ਬਕਰੀਦ ਤੇ ਵਿਸ਼ੇਸ਼

$
0
0

ਇਸਲਾਮ ਧਰਮ ਨੂੰ ਮੰਨਣ ਵਾਲੇ ਭਾਵ ਮੁਸਲਿਮ ਭਾਈਚਾਰੇ ਦੇ ਲੋਕ ਦੋ ਤਿਉਹਾਰਾਂ ਨੂੰ ਬਹੁਤ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਉਂਦੇ ਹਨ। ਪਹਿਲਾ ਤਿਉਹਾਰ ਈਦ-ਉਲ-ਫਿਤਰ ਰਮਜ਼ਾਨ ਦੇ ਪਵਿੱਤਰ ਮਹੀਨੇ ਦੇ ਖਤਮ ਹੁੰਦੇ ਹੀ ਸ਼ਵਾਲ ਮਹੀਨੇ ਦੀ ਪਹਿਲੀ ਤਾਰੀਖ ਨੂੰ ਮਨਾਇਆ ਜਾਂਦਾ ਹੈ ਕਿਉਂਕਿ ਇੱਕ ਮੁਸਲਮਾਨ ਰਮਜਾਨ ਦੇ ਪਵਿੱਤਰ ਮਹੀਨੇ ਵਿੱਚ ਆਪਣੇ ਨਫਸ(ਇੱਛਾਵਾਂ), ਜਰੂਰਤਾਂ ਆਦਿ ਦੀ ਕੁਰਬਾਨੀ ਦਿੰਦੇ ਹੋਏ ਰੱਬ ਦੇ ਹੁਕਮ ਨੁੰ ਪੂਰਾ ਕਰਨ ਦੀ ਹਰ ਸੰਭਵ ਕੋਸ਼ਿਸ ਕਰਦਾ ਹੋਇਆ ਵੱਧ ਤੋਂ ਵੱਧ ਆਪਣੇ ਰੱਬ ਦੀ ਬੰਦਗੀ ਕਰਨ ‘ਚ ਸਮਾਂ ਗੁਜਾਰਦਾ ਹੈ। ਬੰਦੇ ਦੀ ਭਗਤੀ ਅਤੇ ਪਰਹੇਜ਼ਗਾਰੀ ਤੋ ਖੁਸ਼ ਹੋ ਕਿ ਰੱਬ ਵੱਲੋਂ ਉਸਨੂੰ ਇਨਾਮ ਵਜੋਂ ਈਦ ਦੇ ਰੂਪ ਵਿੱਚ ਖੁਸ਼ੀ ਅਤੇ ਜਸ਼ਨ ਦਾ ਦਿਨ ਦਿੱਤਾ ਗਿਆ ਹੈ। ਈਦ-ਏ-ਕੁਰਬਾਨੀ ਜਾਂ ਈਦ-ਉਲ-ਜ਼ੁਹਾ ਮੁਸਲਮਾਨ ਭਾਈਚਾਰੇ ਦਾ ਈਦ-ਉਲ-ਫਿਤਰ ਤੋਂ ਬਾਅਦ ਦੁਜਾ ਵੱਡਾ ਤਿਉਹਾਰ ਹੈ।ਸਾਰੇ ਮੁਸਲਮਾਨਾਂ ਲਈ ਕੁਰਬਾਨੀ ਦਾ ਹੁਕਮ ਸਨ. 2 ਹਿਜ਼ਰੀ ਵਿੱਚ ਦਿੱਤਾ ਗਿਆ ਅਤੇ ਇਸੇ ਸਾਲ ਜ਼ਕਾਤ ਅਤੇ ਸਦਕਾ-ਏ-ਫਿਤਰ ਦਾ ਹੁਕਮ ਵੀ ਜਾਰੀ ਹੋਇਆ। ਇਹ ਤਿਉਹਾਰ ਅੱਜ ਤੋਂ ਲਗਭਗ ਸਾਢੇ-ਪੰਜ ਹਜਾਰ ਸਾਲ ਪਹਿਲਾਂ ਮੈਸੋਪਟਾਮੀਆ (ਇਰਾਕ) ਦੀ ਧਰਤੀ ਤੇ ਜਨਮੇਂ ਪੈਗੰਬਰ ਹਜ਼ਰਤ ਇਬਰਾਹੀਮ (ਅਲਹੈ.) ਅਤੇ ਅਰਬ ਦੀ ਧਰਤੀ ਤੇ ਰਹਿੰਦੀ ਉਹਨਾਂ ਦੀ ਛੋਟੀ ਪਤਨੀ ਹਜਰਤ ਹਾਜਰਾਂ ਦੀ ਕੁੱਖੋਂ ਜਨਮੇ ਸਪੁੱਤਰ ਹਜ਼ਰਤ ਇਸਮਾਇਲ (ਅਲਹੈ.) ਦੇ ਦਰਮਿਆਨ ਵਾਪਰੀ ਉਸ ਘਟਨਾ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ ਜਿਸ ਵਿੱਚ ਹਜ਼ਰਤ ਇਬਰਾਹੀਮ (ਅਲਹੈ.) ਨੇ ਆਪਣੇ ਚਹੇਤੇ ਅਤੇ ਵੱਡੇ ਪੁੱਤਰ ਇਸਮਾਇਲ ਦੀ ਕੁਰਬਾਨੀ ਆਪਣੇ ਰੱਬ ਨੂੰ ਖੁਸ਼ ਕਰਨ ਲਈ ਕਰਨੀ ਕਬੂਲ ਕਰ ਲਈ ਸੀ। ਵਿਸਥਾਰ ਪੂਰਵਕ ਘਟਨਾ ਇਸ ਪ੍ਰਕਾਰ ਹੈ ਕਿ ਇਬਰਾਹੀਮ (ਅਲਹੈ.) ਇਰਾਕ ਤੋਂ ਹਿਜ਼ਰਤ ਕਰਕੇ ਮੌਜੂਦਾ ਸੀਰੀਆ ਵਿਖੇ ਆਪਣੀ ਰਿਹਾਇਸ਼ ਕਰ ਚੁੱਕੇ ਸਨ। ਜਿੱਥੇ ਉਹਨਾਂ ਦੀ ਤੀਜੀ ਅਤੇ ਛੋਟੀ ਪਤਨੀ ਹਾਜਰਾਂ ਜੀ ਦੀ ਕੁੱਖੋਂ ਉਹਨਾਂ ਦੇ ਵੱਡੇ ਪੁੱਤਰ ਇਸਮਾਇਲ ਦਾ ਜਨਮ ਹੋਇਆ। ਰੱਬ ਵੱਲੋਂ ਮਿਲੇ ਹੁਕਮ ਅਨੁਸਾਰ ਉਹਨਾਂ ਅਪਣੀ ਪਤਨੀ ਹਾਜਰਾਂ ਅਤੇ ਲਗਭਗ ਇੱਕ ਸਾਲ ਦੇ ਪੁੱਤਰ ਇਸਮਾਇਲ ਨੂੰ ਅਰਬ ਦੇ ਤਪਦੇ ਮਾਰਥੂਲ (ਅੱਜ ਦਾ ਮੱਕਾ) ਵਿੱਚ ਛੱਡ ਕੇ ਚਲੇ ਗਏ ਸਨ। ਬਾਅਦ ਵਿੱਚ ਉਹਨਾਂ ਦੀ ਵੱਡੀ ਪਤਨੀ ਸਾਇਰਾ ਜੀ ਦੀ ਕੁੱਖੋ ਉਹਨਾਂ ਦੇ ਦੂਜੇ ਪੁੱਤਰ ਇਸਹਾਕ ਦਾ ਜਨਮ ਹੋਇਆ। ਇਬਰਾਹੀਮ (ਅਲਹੈ.) ਨੂੰ ਆਪਣੇ ਵੱਡੇ ਪੁੱਤਰ ਨਾਲ ਇਸ ਕਰਕੇ ਜਿਆਦਾ ਮੋਹ ਸੀ ਕਿਉਂਕਿ ਉਹ ਅਰਬ ਦੇ ਤਪਦੇ ਮਾਰੂਥਲ ਵਿੱਚ ਇੱਕਲੀ ਮਾਂ ਕੋਲ ਪਰਵਰਿਸ਼ ਪਾ ਰਿਹਾ ਸੀ। ਉਹ ਸਾਲ–ਛੇ ਮਹੀਨਿਆਂ ਮਗਰੋਂ ਆਪਣੀ ਪਤਨੀ ਅਤੇ ਬੱਚੇ ਨੂੰ ਮਿਲਣ ਲਈ ਮੱਕੇ ਜਾਇਆ ਕਰਦੇ ਸਨ। ਇਸਮਾਇਲ ਦਸ ਸਾਲ ਦਾ ਹੋ ਚੁੱਕਾ ਸੀ। ਇੱਕ ਵਾਰ ਇਬਰਾਹੀਮ (ਅਲਹੈ.) ਮੱਕਾ ਵਿਖੇ ਆਏ ਹੋਏ ਸਨ। ਰਾਤੀ ਸੌਂਦੇ ਸਮੇਂ ਉਹਨਾਂ ਨੂੰ ਸੁਪਨੇ ਵਿੱਚ ਰੱਬ ਵੱਲੋਂ ਹੁਕਮ ਹੁੰਦਾਂ ਹੈ ਕਿ, “ ਐ ਇਬਰਾਹੀਮ .. ਆਪਣੀ ਸਭ ਤੋਂ ਪਿਆਰੀ ਚੀਜ ਮੇਰੇ ਲਈ ਕੁਰਬਾਨ ਕਰ ਦਿਓ” ਅਗਲੇ ਦਿਨ ਇਬਰਾਹੀਮ (ਅਲਹੈ.) 100 ਊਠ ਕੁਰਬਾਨ ਕਰ ਦਿੰਦੇ ਹਨ। ਦੂਸਰੀ ਰਾਤ ਸੌਂਦੇ ਸਮੇਂ ਉਹਨਾਂ ਨੂੰ ਉਹੀ ਸੁਪਨਾ ਫਿਰ ਆਉਂਦਾ ਹੈ। ਦਿਨ ਚੜ੍ਹਦਾ ਹੈ ਤਾਂ ਇਬਰਾਹੀਮ (ਅਲਹੈ.) 100 ਊਠ ਹੋਰ ਕੁਰਬਾਨ ਕਰ ਦਿੰਦੇ ਹਨ ਪਰ ਤੀਸਰੀ ਰਾਤ ਸੌਂਦੇ ਸਮੇਂ ਸੁਪਨੇ ਦਾ ਸਿਲਸਿਲਾ ਬੰਦ ਨਹੀਂ ਹੁੰਦਾਂ। ਸਵੇਰੇ ਉੱਠ ਕਿ ਇਬਰਾਹੀਮ (ਅਲਹੈ.) ਉਦਾਸ ਬੈਠੇ ਸੋਚ ਰਹੇ ਸਨ। ਇਸਮਾਇਲ ਆਪਣੇ ਬੁੱਢੇ ਬਾਪ ਦੀ ਪ੍ਰੇਸ਼ਾਨੀ ਜਾਨਣ ਦੀ ਜਿੱਦ ਕਰਦਾ ਹੈ ਤਾਂ ਇਬਰਾਹੀਮ (ਅਲਹੈ.) ਤਿਨੋਂ ਰਾਤਾਂ ਦੇ ਆਏ ਸੁਪਨੇ ਦਾ ਹਾਲ ਦੱਸਦੇ ਹਨ। “ ਮੇਰਾ ਰੱਬ ਮੇਰੀ ਸਭ ਤੋਂ ਪਿਆਰੀ ਚੀਜ ਦੀ ਕੁਰਬਾਨੀ ਮੰਗਦਾ ਹੈ” ਦੱਸਦਿਆਂ ਬਾਪ (ਇਬਰਾਹੀਮ) ਦੀਆਂ ਅੱਖਾਂ ਭਰ ਆਉਦੀਂਆਂ ਹਨ। ਹੋਣਹਾਰ ਪੁੱਤਰ ਆਪਣੇ ਬੁੱਢੇ ਬਾਪ ਦੀਆਂ ਅੱਖਾਂ ਸਾਫ ਕਰਦਾ ਹੋਇਆ ਕਹਿੰਦਾਂ ਹੈ। “ ਅੱਬਾ ਜੀ (ਬਾਪੂ ਜੀ) ਮੈਂ ਆਪਣੇ ਰੱਬ ਅਤੇ ਆਪਣੇ ਬਾਪ ਦੀ ਖੁਸ਼ੀ ਲਈ ਹਾਜਰ ਹਾਂ, ਮੈਨੂੰ ਲੈ ਚਲੋ ਅਤੇ ਮੇਰੀ ਕੁਰਬਾਨੀ ਕਰਕੇ ਆਪਣਾ ਫਰਜ਼ ਪੂਰਾ ਕਰੋ ਕਿਉਂਕਿ ਮੈਨੂੰ ਪਤਾ ਹੈ ਕਿ ਮੈ ਹੀ ਤੁਹਾਡੀ ਸਭ ਤੋਂ ਪਿਆਰੀ ਚੀਜ ਹਾਂ”। ਇਬਰਾਹੀਮ (ਅਲਹੈ.) 10 ਸਾਲਾਂ ਦੇ ਆਪਣੇ ਲਾਡਲੇ ਸਪੁੱਤਰ ਨੂੰ ਲੈ ਕੇ ਤੁਰਦੇ ਹਨ ਅਤੇ ਮੱਕੇ ਤੋਂ 5 ਮੀਲ ਦੂਰ ਮੀਨਾਹ ਨਾਮੀ ਜਗ੍ਹਾ ਤੇ ਇੱਕ ਪਹਾੜੀ ਦੇ ਉੱਪਰ ਚੜ੍ਹ ਕੇ ਇੱਕ ਸਖਤ ਚਟਾਨ ਤੇ ਇਸਮਾਇਲ ਨੂੰ ਲਿਟਾ ਲੈਂਦੇ ਹਨ ਤੇ ਤੇਜ਼ ਧਾਰ ਛੁਰੀ ਹੱਥ ਵਿੱਚ ਫੜ ਲੈਂਦੇ ਹਨ। ਇਸਮਾਇਲ ਕਹਿੰਦਾਂ ਹੈ ਕਿ ਪਿਤਾ ਜੀ , ਆਪਣੀਆਂ ਅੱਖਾਂ ਉੱਪਰ ਕੱਪੜਾ ਬੰਨ ਲਵੋ, ਕਿਤੇ ਅਜਿਹਾ ਨਾ ਹੋਵੇ ਕਿ ਮੇਰਾ ਚੇਹਰਾ ਦੇਖ ਕਿ ਤੁਹਾਡੇ ਹੱਥ ਕੰਬ ਜਾਣ ਅਤੇ ਖੁਦਾ ਦੇ ਹੁਕਮ ਦੀ ਨਾਫਰਮਾਨੀ ਹੋ ਜਾਵੇ। ਇਬਰਾਹੀਮ (ਅਲਹੈ.) ਦੁਆਰਾ ਅੱਖਾਂ ਤੇ ਕੱਪੜਾ ਬੰਨ ਕਿ ਆਪਣੇ ਬੇਟੇ ਦੀ ਗਰਦਨ ਤੇ ਛੁਰੀ ਚਲਾਈ ਗਈ ,ਪਰ ਰੱਬ ਦੇ ਹੁਕਮ ਦੇ ਨਾਲ ਫਰਿਸਤੇ ਨੇ ਛੁਰੀ ਹੇਠੋਂ ਇਸਮਾਈਲ ਨੂੰ ਹਟਾ ਕੇ ਦੁੰਬਾ ਲਿਟਾ ਦਿੱਤਾ ਅਤੇ ਰੱਬ ਵੱਲੋਂ ਹੁਕਮ ਹੁੰਦਾ ਹੈ ਕਿ ਐ ਇਬਰਾਹੀਮ…ਤੇਰੀ ਅਤੇ ਤੇਰੇ ਪੁੱਤਰ ਦੀ ਕੁਰਬਾਨੀ ਕਬੂਲ ਕਰ ਲਈ ਗਈ ਹੈ। ਅੱਜ ਹਜ਼ਾਰਾਂ ਸਾਲ ਬਾਅਦ ਪੂਰੀ ਦੁਨੀਆਂ ਦੇ ਮੁਸਲਮਾਨ ਇਬਰਾਹੀਮ ਅਤੇ ਉਹਨਾਂ ਦੇ ਪੁੱਤਰ ਇਸਮਾਈਲ ਦੀ ਕੁਰਬਾਨੀ ਦੀ ਯਾਦ ਵਿੱਚ ਇਸਲਾਮੀ ਕੈਲੰਡਰ ਦੇ ਬਾਹਰਵੇਂ  ਮਹੀਨੇ ਦੀ ਦਸਵੀਂ, ਗਿਆਰਵੀਂ ਅਤੇ ਬਾਰਵੀਂ ਤਾਰੀਖ ਨੂੰ ਚੋਪਈ ਜਾਨਵਰ ਦੀ ਕੁਰਬਾਨੀ ਕਰਦੇ ਹਨ। ਵਰਣਨ ਯੋਗ ਹੈ ਕਿ ਚੋਪਈ ਜਾਨਵਰ ਕੇਵਲ ਉਹ ਜਿਹੜੇ ਇਸਲਾਮੀ ਨਿਯਮਾਂ ਅਨੁਸਾਰ ਹਲਾਲ ਹਨ, ਭਾਵ ਭੇਡ, ਬੱਕਰਾ, ਦੁਮਬਾ, ਮੈਸ, ਊਠ ਆਦਿ। ਕੁਰਬਾਨੀ ਕਰਨਾ ਹਰ ਮਾਲਦਾਰ ਮੁਸਲਮਾਨ ਲਈ ਜ਼ਰੂਰੀ ਹੈ ਕਿਉਂਕਿ ਕੁਰਾਨ ਦੀ ਸੂਰਤ (ਚੈਪਟਰ) ਨੰ: 108 ਦੀ ਆਇਤ ਨੰ: 2 ਵਿੱਚ ਅਲਾੱਹ ਹੁਕਮ ਦਿੰਦਾ ਹੈ ਕਿ “ਹੇ ਬੰਦੇ ਤੂੰ ਆਪਣੇ ਪਾਲਣਹਾਰ ਲਈ ਨਮਾਜ਼ ਪੜ੍ਹ ਅਤੇ ਕੁਰਬਾਨੀ ਕਰ”। ਇਸੇ ਪ੍ਰਕਾਰ ਹਜ਼ਰਤ ਅਨਸ ਰਜਿ: ਬਿਆਨ ਕਰਦੇ ਹਨ ਕਿ ਹਜ਼ਰਤ ਮੁਹੰਮਦ (ਸ) ਨੇ ਦੋ ਭੇਡੂ ਸਿੰਗਾਂ ਵਾਲ ਖਰੀਦੇ ਅਤੇ ਆਪਣੇ ਹੱਥੀਂ ਕੁਰਬਾਨੀ ਕੀਤੀ’।ਈਦ-ਉਲ-ਅਜਹਾ ਵਾਲੇ ਦਿਨ ਲੋਕ ਆਪਣੀ ਹੈਸੀਅਤ ਦੇ ਅਨੁਸਾਰ ਨਵੇਂ ਕੱਪੜੇ ਪਾ ਕੇ ਈਦ ਦੀ ਨਮਾਜ਼ ਪੜ੍ਹਦੇ ਹਨ। ਇਸ ਤੋਂ ਬਾਅਦ ਜਿਨ੍ਹਾਂ ਨੇ ਕੁਰਬਾਨੀ ਕਰਨੀ ਹੁੰਦੀ ਹੈ ਉਹ ਈਦ ਦੇ ਤਿੰਨੋਂ ਦਿਨਾਂ ‘ਚ ਕਿਸੇ ਵੀ ਦਿਨ ਕੁਰਬਾਨੀ ਕਰ  ਸਕਦੇ ਹਨ। ਕੁਰਬਾਨੀ ਦੇ ਗੋਸ਼ਤ ਦੇ ਤਿੰਨ ਬਰਾਬਰ ਹਿੱਸੇ ਕੀਤੇ ਜਾਂਦੇ ਹਨ ਇੱਕ ਹਿੱਸਾ ਕੁਰਬਾਨੀ ਕਰਨ ਵਾਲੇ ਲਈ, ਇੱਕ ਹਿੱਸਾ ਗਰੀਬਾਂ ਲਈ ਅਤੇ ਇੱਕ ਹਿੱਸਾ ਰਿਸ਼ਤੇਦਾਰਾਂ ਲਈ ਰੱਖਿਆ ਜਾਂਦਾ ਹੈ। ਕੁਰਬਾਨੀ ਕੀਤੇ ਜਾਨਵਰ ਦੀ ਖੱਲ੍ਹ ਜੇਕਰ ਘਰ ਵਿੱਚ ਨਹੀਂ ਵਰਤੀ ਜਾਂਦੀ ਤਾਂ ਉਸ ਨੂੰ ਵੇਚ ਕੇ ਉਸ ਦੀ ਪ੍ਰਾਪਤ ਕੀਤੀ ਕੀਮਤ ਕਿਸੇ ਵਿਧਵਾ, ਯਤੀਮ ਜਾਂ ਕਿਸੇ .ਗਰੀਬ ਨੂੰ ਦਿੱਤੀ ਜਾਂਦੀ ਹੈ। ਕੁਰਬਾਨੀ ਦੇ ਗੌਸ਼ਤ ਦਾ ਇੱਕ ਹਿੱਸਾ ਗਰੀਬਾਂ ਲਈ ਰਾਖਵਾਂ ਰੱਖ ਕਿ ਗਰੀਬਾਂ, ਯਤੀਮਾਂ, ਵਿਧਵਾਵਾਂ ਆਦਿ ਨੂੰ ਵੀ ਈਦ ਦੀ ਖੁਸ਼ੀ ਵਿੱਚ ਸ਼ਾਮਿਲ ਕੀਤਾ ਗਿਆ ਹੈ। ਇੱਥੇ ਇਹ ਗੱਲ ਧਿਆਨ ਵਾਲੀ ਹੈ ਕਿ ਰੱਬ ਕਹਿੰਦਾਂ ਹੈ ਕਿ ਮੇਰੇ ਤੱਕ ਨਾ ਤਾਂ ਕੁਰਬਾਨੀ ਦਾ ਗੋਸ਼ਤ ਪਹੁੰਚਦਾ ਹੈ, ਨਾ ਹੀ ਪਸ਼ੂ ਦਾ ਖੁੂਨ ਅਤੇ ਨਾ ਹੀ ਖੱਲ੍ਹ ਆਦਿ ਸਗੋਂ ਮੇਰੇ ਤੱਕ ਤਾਂ ਕੁਰਬਾਨੀ ਕਰਨ ਵਾਲੇ ਦੀ ਨਿਯਤ, ਤਕਬਾ (ਡਰ) ਪਹੁੰਚਦਾ ਹੈ ਇਸਦਾ ਭਾਵ ਇਹ ਹੈ ਕਿ ਕੁਰਬਾਨੀ ਆਪਣੇ ਰੱਬ ਨੂੰ ਖੁਸ਼ ਕਰਨ ਲਈ ਹੋਣੀ ਚਾਹੀਦੀ ਹੈ ਨਾ ਕਿ ਲੋਕ ਦਿਖਾਵੇ ਲਈ।

ਕਿੰਨਾ ਚੰਗਾ ਹੋਵੇ ਜੇ ਅੱਜ ਦਾ ਮੁਸਲਮਾਨ ਕੁਰਬਾਨੀ ਦੇ ਇਸ ਹੁਕਮ ਨੂੰ ਪੂਰਾ ਕਰਨ ਦੇ ਨਾਲ-ਨਾਲ ਆਪਣੇ ਝੂਠੇ ਹੰਕਾਰ, ਨਫਸ ਅਤੇ ਅਜਿਹੇ ਸੋੜ੍ਹੇ ਨਿੱਜੀ ਹਿੱਤਾਂ ਦੀ ਕੁਰਬਾਨੀ ਵੀ ਦੇਵੇ ਜਿਸ ਨਾਲ ਕੌਮ , ਦੇਸ਼ ਅਤੇ ਸਮਾਜ ਨੂੰ ਨੁਕਸਾਨ ਪੁੱਜਦਾ ਹੋਵੇ। ਗਰੀਬਾਂ, ਵਿਧਵਾਵਾਂ, ਯਤੀਮਾਂ ਅਤੇ ਹੋਰ ਲੋੜਮੰਦਾਂ ਲਈ ਆਪਣੀਆਂ ਜਰੂਰਤਾਂ ਦੀ ਕੁਰਬਾਨੀ  ਦੇਣ ਲਈ ਹਰ ਵਕਤ ਤਿਆਰ ਰਹੇ। ਇਸ ਤਰ੍ਹਾਂ ਕਰਕੇ ਹੀ ਕੁਰਬਾਨੀ ਦੀ ਅਸਲ ਰੂਹ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ।  ਅੰਤ ਵਿੱਚ ਮੈ ਇਹ ਹੀ ਕਹਾਗਾਂ ਕਿ ਤੁਹਾਡੇ ਲਈ ਉਹ ਹਰ ਦਿਨ ਈਦ, ਦੀਵਾਲੀ, ਗੁਰਪੂਰਬ , ਕ੍ਰਿਸਮਿਸ ਡੇ ਆਦਿ ਹੈ ਜਦੋਂ ਤੁਹਾਨੂੰ ਅੰਦਰੂਨੀ ਖੁਸ਼ੀ ਦਾ ਅਹਿਸਾਸ ਹੋਵੇ। ਇਸ ਤਰਾਂ ਦੀ ਸਦੀਵੀ ਖੁਸ਼ੀ ਤਾਂ ਨਿਆਸਰਿਆਂ ਦੀ ਸੇਵਾ ਅਤੇ ਸਹਾਇਤਾ ਕਰਕੇ ਹੀ ਮਿਲ ਸਕਦੀ ਹੈ ਤੇ ਜਿੱਥੋਂ ਤੱਕ ਅੱਜ ਦੇ ਭਾਰਤੀ ਸਮਾਜ ਦੇ ਲੋਕਾਂ ਦਾ ਇਸ ਭਾਵਨਾ ਨਾਲ (ਭਾਵੇ ਉਹ ਕਿਸੇ ਵੀ ਧਰਮ ਨੂੰ ਮੰਨਣ ਵਾਲੇ ਹੀ ਕਿਉਂ ਨਾ ਹੋਣ)  ਸਬੰਧ ਹੈ ਇਹ ਭਾਵਨਾ ਤਾਂ ਲੋਕਾਂ ਤੋਂ ਕੋਹਾ ਦੂਰ ਹੁੰਦੀ ਜਾ ਰਹੀ ਜਾਪਦੀ ਹੈ । ਅਸਲ ਵਿੱਚ ਅੱਜ ਦਾ ਮਨੁੱਖ ਪਦਾਰਥਵਾਦ ਦੇ ਪ੍ਰਭਾਵ ਕਾਰਨ ਸਮੂਹਿਕ ਹਿੱਤਾਂ ਦੇ ਨਾਲੋਂ ਨਿੱਜੀ ਹਿੱਤਾਂ ਨੂੰ ਪ੍ਰਮੁੱਖਤਾ ਦੇਣ ਲੱਗਾ ਹੈ। ਇਸੀ ਨਿੱਜਤਾ ਦੇ ਕਾਰਨ ਹੀ ਚਿੰਤਾਵਾਂ ਵਿੱਚ ਗ੍ਰਹਿਸਤ ਹੋ ਕਿ ਅਨੇਕਾਂ ਬੀਮਾਰੀਆਂ ਨੂੰ ਲਗਾ ਬੈਠਾ ਹੈ। ਮਨੁੱਖ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਅਸਲ ਖੁਸ਼ੀ ਦਾ ਅਹਿਸਾਸ ਤਿਉਹਾਰਾਂ ਨੂੰ ਰਲ-ਮਿਲਕੇ ਮਨਾਉਣ ਵਿੱਚ ਹੀ ਹੈ।ਇਸ ਲਈ ਸਾਨੂੰ ਚਾਹੀਦਾ ਹੈ ਕਿ ਅਸੀਂ ਤਿਉਹਾਰਾਂ ਨੂੰ ਮਨਾਉਂਦੇ ਸਮੇਂ ਫਜੂਲ ਖਰਚਿਆਂ ਨੂੰ ਛੱਡ ਕਿ ਉਹੀ ਪੈਸਾ ਦੀਨ-ਦੁਖੀਆਂ, ਬੇਸਹਾਰਾ ਲੋਕਾਂ ਤੇ ਲਗਾ ਕਿ ਸੱਚੀ ਖੁਸ਼ੀ ਨੂੰ ਮਹਿਸੂਸ ਕਰੀਏ। ਕਹਿੰਦੇ ਹਨ ਆਪਣੇ ਲਈ ਤਾਂ ਹਰ ਕੋਈ ਜਿਉਂਦਾ ਹੈ ਪਰ ਦੁਨੀਆ ਉਹਨਾਂ ਲੋਕਾਂ ਨੂੰ ਯਾਦ ਰੱਖਦੀ ਹੈ ਜਿਹੜੇ ਆਪਣਾ ਸਮੁੱਚਾ ਜੀਵਨ ਦੂਜਿਆਂ ਦੇ ਮਦੱਦ ਅਤੇ ਸੇਵਾ ਕਰਨ ਦੇ ਲੇਖੇ ਲਗਾ ਦਿੰਦੇ ਹਨ।

ਲੋਕ ਕਵੀ ਬਾਬਾ ਨਜ਼ਮੀ

$
0
0

ਪ੍ਰਸਿੱਧ ਲੋਕ ਕਵੀ ਬਾਬਾ ਨਜ਼ਮੀ ਜੀ ਨੂੰ ਮੈਂ ਬਹੁਤ ਵਾਰੀ ਔਨ ਲਾਈਨ ਤੇ ਕਈ ਵੈੱਬ ਸਾਈਟਾਂ ਵੱਲੋਂ ਪਾਈਆਂ ਗਈਆਂ ਯੂ ਟਿਊਬਾਂ ਵਿੱਚ ਤਾਂ ਸੁਣਿਆ ਸੀ। ਪਰ ਉਸ ਨੂੰ ਕਿਸੇ ਸਟੇਜ ਤੇ ਸੁਣਨ ਦੀ ਤਾਂਘ  ਚਿਰਾਂ ਤੋਂ ਸੀ । ਜੋ ਅੱਜ ਇੰਡੋ ਕੈਨੇਡੀਅਨ ਵਰਕਰਜ਼ ਐਸੋਸੀਏਸ਼ਨ ਆਫ ਕੈਨੇਡਾ ਦੇ ਉਪ੍ਰਾਲੇ ਸਦਕਾ ਮਿਤੀ 28 ਜੁਲਾਈ ਨੂੰ ਜਦੋਂ ਉਨ੍ਹਾਂ ਨੂੰ ਸ੍ਰੋਤਿਆਂ ਦੇ ਰੂਬਰੂ ਹੋ ਕੇ ਵੇਖਣ ਅਤੇ ਸੁਨਣ ਦਾ ਸੁਨਹਿਰੀ ਮੌਕਾ ਮਿਲਿਆ ।

ਇਸ ਦਾ ਸਬੱਬ ਮੇਰੇ ਇਟਲੀ ਤੋਂ ਕੈਨੇਡਾ ਆਉਣ ਤੇ ਇਸ ਤਰ੍ਹਾਂ ਬਣਿਆ ਕਿ ਇੱਕ ਦਿਨ ਸ਼ਾਮਾਂ ਨੂੰ ਸੜਕ ਕਿਨਾਰੇ ਬਜ਼ੁਰਗਾਂ ਦੇ ਬੈਠਣ ਤੇ ਗੱਪ ਸ਼ੱਪ ਕਰਨ ਲਈ ਬਣੀ ਝੌਪੜੀ ਹੇਠ ਕੁੱਝ ਸੱਜਣ ਬੈਠੇ ਹੋਏ ਸਨ। ਇੱਕ ਸਜਨ ਕੋਲੋਂ  ਅਖਬਾਰ” ਲੈ ਕੇ ਇਹ ਖ਼ਬਰ ਪੜ੍ਹੀ ਕਿ  ਬਾਬਾ ਨਜ਼ਮੀ ਜੀ ਮਿਤੀ 28 ਜੁਲਾਈ ਨੂੰ ਇੰਡੋ ਕੈਨੇਡੀਅਨ ਵਰਕਰ ਅਸੋਸੀਏਸ਼ਨ ਆਫ ਕੈਨੇਡਾ ਵੱਲੋਂ ਬਾਬਾ ਨਜਮੀ ਜੀ ਨੂੰ ਇੱਥੇ ਇੱਕ ਸੰਮੇਲਣ ਵਿੱਚ  ਸਨਮਾਨਿਤ ਕੀਤਾ ਜਾ ਰਿਹਾ ਹੈ। ਮੈਂ ਬੜੀ ਸ਼ਿੱਦਤ ਨਾਲ ਇੱਸ ਪ੍ਰੋਗ੍ਰਾਮ ਨੂੰ ਵੇਖਣਾ ਚਾਹੁੰਦਾ ਸਾਂ, ਪਰ ਇੱਥੇ ਨਵਾਂ ਆਇਆ ਹੋਣ ਕਰਕੇ ਮੇਰੀ ਵਾਕਫੀ ਨਾ ਹੋਣ ਕਰਕੇ ਇੱਸ ਪ੍ਰੋਗ੍ਰਾਮ ਨੂੰ ਵੇਖਣਾ ਮੇਰੇ ਲਈ ਬਹੁਤ ਮੁਸ਼ਕਲ ਜਾਪਦਾ ਸੀ। ਇੱਸੇ ਦੌਰਾਨ ਮੇਰੀ ਵਾਕਫੀ ਇੱਕ ਬੜੇ ਹੀ ਮਿਲਣ ਸਾਰ ਅਤੇ ਇੱਥੋਂ ਦੀ ਕਾਫੀ ਅਸਰ ਰਸੂਖ ਅਤੇ ਵਾਕਫੀ  ਰੱਖਣ ਵਾਲੀ ਸ਼ਖਸੀਅਤ ਸ। ਟਹਿਲ ਸਿੰਘ ਬ੍ਰਾੜ ਨਾਲ ਹੋਈ। ਅਤੇ ਉਨ੍ਹਾਂ ਨੇ ਮੈਨੂੰ ਇਸ ਪ੍ਰੋਗ੍ਰਾਮ ਨੂੰ ਵੇਖਣ ਲਈ ਆਪਣੇ ਨਾਲ ਲੈ ਕੇ ਜਾਣ ਦੀ ਜ਼ਿਮੇਵਾਰੀ ਵੀ ਲੈ ਲਈ।

ਅਸੀਂ  ਮਿਥੀ ਹੋਈ ਥਾਂ  ਮਿਥੇ ਹੋਏ ਸਮੇਂ ਅਨੁਸਾਰ  ਆਪਣੇ ਉਸ ਸੁਹਿਰਦ ਅਜ਼ੀਜ਼ ਮਿੱਤਰ ਨਾਲ  ਪਹੁੰਚ ਗਏ। ਉਨ੍ਹਾਂ ਨੇ ਮੈਨੂੰ ਇੱਥੇ ਆਏ ਕਈ ਲੇਖਕਾਂ  ਨਾਲ ਵਾਕਫੀ ਕਰਵਾਈ। ਕੈਨੇਡਾ ਵਿੱਚ ਪੰਜਾਬੀ ਮਾਂ ਬੋਲੀ ਨਾਲ ਪਿਆਰ ਕਰਨ ਵਾਲੇ ਸਾਹਿਤਕਾਰਾਂ  ਦੀ ਬਹੁ ਗਿਣਤੀ ਵੇਖ ਕੇ ਕੈਨੇਡਾ ਦੀ ਇੱਸ ਸੁਹਣੀ ਧਰਤੀ ਨੂੰ ਸਲਾਮ ਕਰਨ ਨੂੰ ਮਨ ਕਰਦਾ  ਹੈ। ਵੇਖਦੇ ਵੇਖਦੇ ਝੱਟ ਸਾਰਾ ਹਾਲ ਦਰਸ਼ਕਾਂ ਨਾਲ ਖਚਾ ਖਚ ਭਰ ਗਿਆ  ਇਸ ਪ੍ਰਗ੍ਰਾਮ ਵਿੱਚ ਸ੍ਰੋਤਿਆਂ ਦੇ ਬੈਠਣ ਲਈ ਕੁਰਸੀਆਂ ਦੀ ਬਜਾਏ  ਬੈਠਣ ਲਈ ਗੋਲ ਟੇਬਲਾਂ ਦੁਆਲੇ ਕੁਰਸੀਆਂ ਤੇ ਬੈਠ ਕੇ ਇਸ ਪ੍ਰੋਗਾਮ ਨੂੰ ਵੇਖਣ ਸੁਨਣ ਦਾ ਵਧੀਆਂ ਪ੍ਰਬੰਧ ਸੀ। ਸਟੇਜ ਤੇ ਬਹੁਤੇ ਮੁੱਖ ਮਹਿਮਾਨ ਨਹੀਂ ਸਨ। ਪ੍ਰੋਗ੍ਰਾਮ ਵੀ ਨੀਯਤ ਸਮੇਂ ਤੇ ਸ਼ੁਰੂ ਹੋ ਗਿਆ।

ਪ੍ਰੋਗ੍ਰਾਮ ਦਾ ਅਰੰਭ ਇੱਕ  ਗਇਕ ਦੀ ਸੁਰੀਲੀ ਆਵਾਜ਼ ਨਾਲ ਹੋਇਆ। ਬਹੁਤ ਸਾਰੇ ਗਾਇਕਾਂ ਨੇ ਬਾਬਾ ਨਜ਼ਮੀ ਦੀਆਂ ਲਿਖੀਆਂ ਰਚਨਾਵਾਂ ਨੂੰ  ਬੜੀ ਹੀ ਸੁੰਦਰ ਅਦਾ ਨਾਲ ਪੇਸ਼ ਕੀਤਾ। ਬਾਬਾ ਨਜਮੀ ਜੀ ਦੀ ਇੰਤਜ਼ਾਰ ਸਟੇਜ ਤੇ ਆਉਣ ਦੀ ਹੋ ਰਹੀ ਸੀ।ਇਵੇਂ ਲੱਗ ਰਿਹਾ ਸੀ ਜਿਵੇਂ ਸ੍ਰੋਤੇ ਉਨ੍ਹਾਂ ਵੇਖਣ ਤੇ ਸੁਨਣ ਲਈ ਬੜੇ ਉਤਾਵਲੇ ਹੋ ਰਹੇ ਹਨ ਜਿਨ੍ਹਾਂ ਵਿੱਚੋਂ ਹੱਥਲੇ ਲੇਖ ਦਾ ਲੇਖਕ ਤਾਂ ਸ਼ਾਇਦ ਸੱਭ ਤੋਂ ਵੱਧ ਨਜ਼ਮੀ ਜੀ ਨੂੰ ਵੇਖਣ ਲਈ ਉਤਾਵਲਾ ਸੀ। ਆਖਿਰ ਸਟੇਜ ਸਕੱਤਰ ਨੇ ਉਨ੍ਹਾਂ ਦੇ ਸਟੇਜ ਤੇ ਆਉਣ ਲਈ ਜਦੋਂ ਐਨਾਊਂਸ ਮੈਂਟ ਕੀਤੀ ਤਾਂ ਸਾਰਾ ਹਾਲ ਤਾਲੀਆਂ ਨਾਲ ਗੂੰਜ ਉਠਿਆ।

ਥੋੜ੍ਹੀ ਦੇਰ ਪਿੱਛੋਂ ਬਾਬਾ ਨਜ਼ਮੀ ਜੀ ਕੁੱਝ  ਸਾਥੀਆਂ ਨਾਲ ਜਦ ਸਟੇਜ ਤੇ ਆਏ ਤਾਂ ਹਾਲ ਵਿੱਚ ਬੈਠੇ ਹੋਏ ਸ੍ਰੋਤੇ ਉਨ੍ਹਾਂ ਦੇ  ਸੁਆਗਤ ਲਈ ਉੱਠ ਖੜੇ ਹੋਏ। ਸਾਰਾ ਹਾਲ ਇੱਕ ਵਾਰ ਫਿਰ ਤਾਲੀਆਂ ਨਾਲ ਗੂੰਜਿਆ ।ਸਾਰਿਆਂ ਦਾ ਸਤਿਕਾਰ ਕਰਦੇ ਹੋਏ ਉਹ ਆ ਕੇ ਆਪਣੀ ਥਾਂ ਤੇ ਬੈਠ ਗਏ।  ਕਾਲੇ ਰੰਗ ਦਾ ਕੋਟ,ਪਜਾਮਾ, ਮੋਢਿਆ ਤੱਕ ਪਿੱਛੇ ਨੂੰ ਸੁੱਟੇ ਚਿੱਟੇ ਦੁੱਧ ਬਰਫ ਰੰਗੇ ਵਾਲ,ਕੱਦ ਮਧਰਾ ਪਰ ਫੁਰਤੀਲਾ ਸਰੀਰ, ਚਿਹਰੇ ਨਾਲ ਜੱਚਦੀਆਂ ਸਾਦੀਆਂ ਕਾਤਰਵੀਆਂ ਮੁੱਛਾਂ, ਪੈਰੀਂ  ਲੰਮੀ ਨੋਕ ਵਾਲੀ ਦੇਸੀ ਜੁੱਤੀ ਤੋਂ ਉਨ੍ਹਾਂ ਦੀ ਸਾਦ ਮੁਰਾਦੇ ਪਹਿਰਾਵੇ ਦਾ ਪੂਰਾ ਪ੍ਰਭਾਵ ਦੇ ਰਹੀ ਜਾਪਦੀ ਸੀ। ਉਮਰ ਦੇ 75 ਵਰ੍ਹੇ ਦੇ ਹੋਣ ਤੇ ਵੀ ਉਹ ਪੂਰੀ ਤਰ੍ਹਾਂ ਸਿਹਤ ਪੱਖੋਂ ਠੀਕ ਤੇ ਚੁਸਤ ਲੱਗ ਰਹੇ ਸਨ।

ਛੇਤੀ ਉਨ੍ਹਾਂ ਦੀਆਂ ਕਵਿਤਾਵਾਂ ਪੜ੍ਹਨ ਦਾ ਦੌਰ ਸ਼ੁਰੂ ਹੋ ਗਿਆ,ਜਿਨ੍ਹਾਂ ਉਨ੍ਹਾਂ ਵਿੱਚੋਂ ਉਨ੍ਹਾਂ ਦੀਆਂ ਬਹੁਤ ਸਾਰੀਆਂ ਕਵਿਤਾਵਾਂ ਭਾਂਵੇਂ ਮੈਂ ਪਹਿਲਾਂ ਵੀ ਵੱਖ ਵੱਖ ਯੂ ਟਿਊਬਾਂ ਤੇ ਸੁਣੀਆ ਪਰ ਉਨ੍ਹਾਂ ਨੂੰ ਸਟੇਜ ਤੇ ਪਹਿਲੀ ਵਾਰ ਉਨ੍ਹਾਂ ਦੇ ਮੂੰਹੋਂ ਜਦੋਂ ਸੁਣੀਆਂ ਤਾਂ ਉਹ ਨਜ਼ਾਰਾ ਕੁੱਝ ਹੋਰ ਹੀ ਸੀ। ਉਨ੍ਹਾਂ ਦੀ ਆਵਾਜ਼ ਵਿੱਚ ਲੋਹੜੇ ਦਾ ਦਮ ਹੈ। ਬੜਾ ਹੀ ਨਿਧੜਕ ਹੋ ਕੇ ਗਰਜਵੀਂ ਆਵਾਜ਼ ਵਿੱਚ ਬੋਲਦੇ ਹਨ।ਸਮਾਜ ਦੀਆਂ ਡਿਗਦੀਆਂ ਕਦਰਾਂ ਕੀਮਤਾਂ ਨੂੰ  ਆਪਣੇ ਵੱਖਰੇ ਅੰਦਾਜ਼ ਵਿੱਚ ਬਿਆਨ ਕਰਦੇ ਹਨ। ਕਾਮਿਆਂ ਮਜ਼ਦੂਰਾਂ, ਜ਼ਾਤ ਪਾਤ ਦੀਆਂ ਪਾਈਆਂ ਵੰਡੀਆਂ ਨੂੰ ਆਪਣੀ ਜੋਸ਼ੀਲੀ ਆਵਾਜ਼ ਵਿੱਚ ਆਪਣੀ ਕਵਿਤਾ ਰਾਹੀਂ ਜਦੋਂ ਝੰਜੋੜਦੇ ਹਨ ਤਾਂ ਕਦੇ ਤਾੜੀਆਂ ਦੀ ਆਵਾਜ਼ ਗੂੰਜਦੀ ਹੈ। ਕਦੇ ਸ਼੍ਰੋਤੇ ਸੁਣਦੇ ਸੁੰਨ ਜਿਹੇ ਹੋ ਜਾਂਦੇ ਹਨ। ਗਰੀਬ ਮਾਪਿਆਂ ਦੇ ਧੀਆਂ ਵਿਆਹੁਣ ਦੇ ਧੁੰਦਲੇ ਸੁਪਣੇ ਜਦੋਂ ਆਪਣੀ ਕਿਸੇ ਕਵਿਤਾ ਨੂੰ ਸੁਣਾ ਰਿਹਾ ਸੀ ਤਾਂ ਮੇਰੇ ਨਾਲ ਬੈਠਾ ਮੇਰਾ ਸਾਥੀ ਭਾਵੁਕ ਹੋ ਕੇ ਆਪਣੇ ਹੰਝੂ ਐਨਕ ਉਤਾਰ ਕੇ ਆਪਣੇ ਰੁਮਾਲ ਨਾਲ ਪੂੰਝ ਰਿਹਾ ਸੀ।ਸਰਬ ਸਾਂਝੀਵਾਲਤਾ ਦੀ  ਨਜ਼ਮ ਪੜ੍ਹਦਿਆਂ ਉਹ ਜਦ  ਉਂਗਲੀ ਦਾ ਇਸ਼ਾਰਾ ਕਰਦਿਆਂ ਜਿਵੇਂ ਉਹ ਸੱਭ ਨੂੰ ਸੁਵਾਲ ਕਰਦ ਜਾਪਦਾ ਸੀ,ਜਿਵੇਂ ਉਹ ਸੱਭ ਨੂੰ ਇੱਸ ਦਾ ਜੁਵਾਬ ਪੁੱਛ ਰਿਹਾ ਹੋਵੇ।

ਇੱਕੋ ਤੇਰਾ ਮੇਰਾ ਪਿਉ,
ਇੱਕੋ ਤੇਰੀ ਮੇਰੀ ਮਾਂ,
ਇੱਕੋ ਸਾਡੀ ਜੰਮਣ ਭੌਂ,
ਤੂੰ ਸਰਦਾਰ ਮੈਂ ਕੰਮੀ ਕਿਉਂ।

ਉਦੋਂ ਸ੍ਰੋਤੇ ਵੀ ਇੱਸ ਸੁਵਾਲ ਦਾ ਜੁਵਾਬ ਇਧਰ ਉਧਰ ਝਾਕ ਕੇ ਜਿਵੇਂ ਇਕ ਦੂਜੇ ਤੋਂ ਪੁੱਛਦੇ ਜਾਪਦੇ ਹਨ। ਭੈੜੀ ਸੋਚ ਵਾਲੇ ਰੀਜਨੀਤਕ ਨੀਯਤ ਵਾਲੇ ਆਗੂਆਂ ਤੇ  ਧਰਮ ਦੇ ਠੇਕੇਦਾਰਾਂ ਨੂੰ ਉਹ ਮਿਲਕੇ ਲੈਂਦਾ ਹੈ। ਲੋਕਾਂ ਨੂੰ ਆਪਣੀ ਨਜ਼ਮ” ਗੰਦੇ ਅੰਡੇ ਇਧਰ ਵੀ ਨੇ ਉਧਰ ਵੀ ਨੇ” ਦੇਸ਼ ਦੀ ਵੰਡ ਤੋਂ ਬਾਅਦ ਦੋਹਾਂ ਦੇਸ਼ਾ ਦੀ ਤ੍ਰਾਸਦੀ ਦੀ ਗੱਲ ਉਹ ਆਪਣੀ ਇਸ ਨਜ਼ਮ ਰਾਹੀਂ ਜਦ ਬਿਆਨ ਕਰਦਾ ਹੈ ਤਾਂ ਦੋਹਾਂ ਪਾਸਿਆਂ ਦੀ  ਸਿਆਸਤ ਦੀ ਬਦਤਰ ਹੋਈ ਹਾਲਤ ਬਿਆਨ ਕਰਨ ਵਿੱਚ ਉਹ ਸ੍ਰੋਤਿਆਂ ਦੇ ਮਨਾਂ ਅੰਦਰ ਧੁਰ ਤੱਕ ਲਹਿੰਦਾ ਜਾਪਦਾ ਹੈ। ਉਸ ਦੀਆਂ ਉੱਸ ਦਿਨ ਤੇ ਉੱਸ ਦੀਆਂ ਪੜ੍ਹ ਕੇ ਸੁਣਾਈਆਂ ਬਹੁਪੱਖੀ ਕਵਿਤਾਵਾਂ ਦਾ ਹਵਾਲਾ ਦੇਣ ਲੱਗਿਆਂ ਤਾਂ ਮੇਰਾ ਇਹ ਲੇਖ ਸੂਰਜ ਨੂੰ ਦੀਵਾ ਵਿਖਾਉਣ ਵਾਂਗ ਹੀ ਹੋਵੇਗਾ।

ਉਸ ਨੂੰ ਸੁਣ ਕੇ ਤੇ ਵੇਖ ਕੇ ਇਵੇਂ ਲੱਗਿਆ ਜਿਵੇਂ  ਬਾਬੇ ਨਜ਼ਮੀ ਦਾ ਕੱਦ ਕਾਠ ਤਾਂ ਬੇਸ਼ੱਕ ਛੋਟਾ ਹੈ ਪਰ ਉੱਸ ਦਾ ਸਾਹਿਤਕ ਕੱਦ ਅਸਮਾਨ ਦੀਆਂ ਸਿਖਰਾਂ ਨੂੰ ਛੁਹੰਦਾ ਜਾਪਦਾ ਹੈ। ਬਾਬਾ ਨਜਮੀ ਵਾਕਈ ਲੋਕਾਂ ਦੀ ਹਰ ਵੇਦਨਾ,ਦੁੱਖਾਂ ਦਰਦਾਂ ਪੀੜਾਂ ਨੂੰ ਸਮਝਣ ਵਾਲਾ ਅਤੇ ਲੋਕਾਂ ਨੂੰ ਤੱਗੜੇ  ਤੇ ਇੱਕ ਮੁੱਠ ਹੋ ਕੇ ਉਨ੍ਹਾਂ ਨਾਲ ਹਰ ਤਰ੍ਹਾਂ ਦੇ ਕੀਤੇ ਜਾਂਦੇ ਵਿਤਕਰਿਆਂ ਦੇ ਵਿਰੁਧ ਆਪ ਵੀ ਉਨ੍ਹਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਹੱਕ ਅਤੇ ਨਾ ਇਨਸਾਫ ਵਿਰੁਧ ਜੂਝਣ ਲਈ ਪ੍ਰੇਰਣਾ ਦੇਣ ਵਾਲਾ ਸਹੀ ਅਰਥਾਂ ਵਿੱਚ ਲੋਕ ਕਵੀ ਹੈ। ਉੱਸ ਦਾ ਜਿੰਨਾ ਵੀ ਮਾਣ ਸਤਿਕਾਰ ਕੀਤਾ ਜਵੇ ਥੋੜ੍ਹਾ ਹੈ।

ਆਖਿਰ ਆਪਣੇ ਸਮੇਂ ਸਿਰ ਅੱਜ ਦਾ ਬਾਬੇ ਨਜ਼ਮੀ ਜੀ ਦਾ ਇਹ ਯਾਦਗਾਰੀ ਸਾਹਿਤਕ ਸੰਮੇਲਣ ਖਤਮ ਹੋ ਗਿਆ। ਮੈਂ ਵੇਖਿਆ ਕਿ ਬਾਬਾ ਨਜਮੀ ਜੀ ਦੇ  ਆਟੋ ਗ੍ਰਾਫ ਲੈਣ ਲਈ  ਉੱਸ ਦੇ ਪ੍ਰਸ਼ੰਸਕਾਂ ਦੀ ਲੰਮੀ ਲਾਈਨ ਲੱਗੀ ਹੋਈ ਸੀ। ਅਤੇ ਮੈਂ ਸੋਚ ਰਿਹਾ ਸਾਂ ਕਿ ਮੇਰੀ ਇੱਟਲੀ ਤੋਂ ਕੈਨੇਡਾ ਆਉਣ ਦੀ ਯਾਤ੍ਰਾ ਵੀ ਅੱਜ ਦਾ ਇਹ ਪ੍ਰਗ੍ਰਾਮ ਵੇਖ ਕੇ ਸਫਲ ਹੋ ਗਈ ਹੈ। ਉਨ੍ਹਾਂ ਪ੍ਰਤੀ ਆਪਣੇ ਵਿਚਾਰਾਂ ਨੂੰ ਕਾਵਿਕ ਰੂਪ ਦੇ ਕੇ ਮੈਂ ਬਾਬਾ ਨਜ਼ਮੀ ਜੀ ਨੂੰ ਸੁਣ ਕੇ ਇਹ ਸਤਰਾਂ ਮੈਂ ਉਨ੍ਹਾਂ ਨੂੰ ਸਮ੍ਰਪਿਤ ਕਰ ਰਿਹਾ ਹਾਂ।

ਜਦ ਮੈਂ ਸੁਣਿਆ ਆਉਣਾ ਬਾਬੇ ਨਜਮੀ ਨੇ,
ਇਟਲੀ ਤੋਂ ਚੱਲ ਆਇਆ ਵਿੱਚ ਕੈਨੇਡਾ ਮੈਂ,
ਸੱਟੀਆਂ ਪਰ੍ਹਾਂ ਵਗਾਹ ਕੇ ਲੋੜਾਂ ਥੋੜਾਂ ਨੂੰ,
ਕਰਕੇ ਆਪਣਾ ਜੇਰਾ ਪਰਬਤ ਜੇਡਾ ਮੈਂ ।

ਵੇਖ ਲਿਆ ਤੇ ਸੁਣ ਲਿਆ ਬਾਬੇ ਨਜ਼ਮੀ ਨੂੰ,
ਯਾਰੋ ਸੱਚੀਂ ਕਿਸਮਤ ਵਾਲਾ ਕੇਡਾ ਮੈਂ
ਸੂਰਜ ਸਾਹਵੇਂ ਇੱਸ ਦੀਵੇ ਨੇ ਕੀ ਬਲਣਾ,
ਉੱਸ ਦੇ ਅੱਗੇ ਲੱਗਾਂ ਨਿਰਾ ਛਲੇਡਾ ਮੈਂ।

ਕਲਮ ਮੇਰੀ ਦੀ ਉਮਰ ਤਾਂ ਅਜੇ ਨਿਆਣੀ ਏਂ,
ਖਾ ਨਾ ਜਾਵਾਂ ਕਿਧਰੇ ਧੱਕਾ ਠੇਡਾ ਮੈਂ।
ਤੱਕ ਲਿਆ ਬੈਠ ਸਾਮ੍ਹਣੇ ਬਾਬੇ ਨਜਮੀਂ ਨੂੰ,
ਇਟਲੀ ਵਿੱਚੋਂ ਆਕੇ ਵਿੱਚ ਕੈਨੇਡਾ ਮੈਂ।

ਲੰਮੀ ਉਮਰ ਹੰਢਾਵੇ,ਬਾਬਾ ਨਜ਼ਮੀ ਜੀ,
ਕਦੇ ਨਾ ਤੁਰਦਾ  ਵੇਖਾਂ ਵਿੰਗਾ ਟੇਢਾ ਮੈਂ।

ਕੀ ਨਵਜੋਤ ਸਿੰਘ ਸਿੱਧੂ ਨੇ ਪਾਕਿ ਸੈਨਾ ਮੁੱਖੀ ਨੂੰ ਜੱਫੀ ਪਾਕੇ ਗੁਨਾਹ ਕੀਤਾ ?

$
0
0

ਪੰਜਾਬ ਭਾਰਤ ਦੀ ਖੜਗਭੁਜਾ ਹੈ। ਜੇਕਰ ਪਾਕਿਸਤਾਨ ਵੱਲੋਂ ਠੰਡੀ ਹਵਾ ਦਾ ਬੁਲਾ ਆਵੇਗਾ ਤਾਂ ਪੰਜਾਬ ਵਿਚ ਸ਼ਾਂਤੀ ਰਹੇਗੀ ਪ੍ਰੰਤੂ ਜੇਕਰ ਗਰਮ ਹਵਾ ਆਵੇਗੀ ਤਾਂ ਪੰਜਾਬ ਦੀ ਧਰਤੀ ਜੰਗ ਦਾ ਅਖਾੜਾ ਬਣੇਗੀ। ਨੁਕਸਾਨ ਦੇਸ਼ ਨੂੰ ਤਾਂ ਹੋਵੇਗਾ ਹੀ ਪ੍ਰੰਤੂ ਸਭ ਤੋਂ ਜ਼ਿਆਦਾ ਜਾਨੀ ਤੇ ਮਾਲੀ ਨੁਕਸਾਨ ਪੰਜਾਬੀਆਂ ਦਾ ਹੋਵੇਗਾ। ਪਾਕਿਸਤਾਨ ਦੇ ਨਵੇਂ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਸਹੁੰ ਚੁੱਕ ਸਮਾਗਮ ਵਿਚ ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਦਾ ਇੱਕ ਦੋਸਤ ਦੇ ਤੌਰ ਤੇ ਸ਼ਾਮਿਲ ਹੋਣਾ ਬਿਨਾ ਵਜਾਹ ਵਾਦਵਿਵਾਦ ਅਤੇ ਚੁੰਝ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

ਮੁੱਦਤ ਬਾਅਦ ਪਾਕਿਸਤਾਨ ਵੱਲੋਂ ਠੰਡੀ ਹਵਾ ਆਉਣ ਦੀ ਉਮੀਦ ਜਾਗੀ ਹੈ। ਨਵਜੋਤ ਸਿੰਘ ਸਿੱਧੂ ਵਿਰੁਧ ਰਾਮ ਰੌਲਾ ਪਾਉਣ ਵਾਲੇ ਭਾਰਤੀ ਜਨਤਾ ਪਾਰਟੀ ਦੇ ਨੇਤਾ ਅਤੇ ਵਰਕਰ ਹੀ ਹਨ। ਜਿਨ੍ਹਾਂ ਨੇ ਤਾਂ ਦੇਸ਼ ਦੀ ਵੰਡ ਦਾ ਸੰਤਾਪ ਹੰਢਾਇਆ ਅਤੇ ਝੱਲਿਆ ਹੈ ਅਤੇ ਨਾ ਹੀ ਉਨ੍ਹਾਂ ਨੂੰ ਸਿੱਖਾਂ ਦੀ ਭਾਵਨਾਵਾਂ ਦੀ ਕਦਰ ਅਤੇ ਸਮਝ ਹੈ। ਉਹ ਅਜਿਹੇ ਬਿਆਨ ਦੇ ਕੇ ਸਿੱਖ ਮਾਨਸਿਕਤਾ ਨੂੰ ਠੋਕਰ ਮਾਰ ਰਹੇ ਹਨ। ਜੇਕਰ ਨਵਜੋਤ ਸਿੰਘ ਸਿੱਧੂ ਨੂੰ ਕੇਂਦਰ ਅਤੇ ਪੰਜਾਬ ਸਰਕਾਰ ਨੇ ਇਜ਼ਜਾਤ ਦਿੱਤੀ ਤਾਂ ਹੀ ਉਹ ਪਾਕਿਸਤਾਨ ਜਾ ਸਕਿਆ ਹੈ। ਜਦੋਂ ਉਥੇ ਜਾਣ ਦੀ ਪ੍ਰਵਾਨਗੀ ਕੇਂਦਰ ਸਰਕਾਰ ਨੇ ਦੇ ਦਿੱਤੀ ਤਾਂ ਉਥੇ ਗਏ ਨੂੰ ਤਾਂ ਸਮਾਗਮ ਵਿਚ ਕੋਈ ਵੀ ਵਿਅਕਤੀ ਮਿਲ ਸਕਦਾ ਹੈ। ਮੌਕੇ ਤੇ ਮਿਲਣ ਵਾਲੇ ਵਿਅਕਤੀਆਂ ਨੂੰ ਉਹ ਜਵਾਬ ਥੋੜ੍ਹੇ ਦੇ ਸਕਦਾ ਸੀ। ਇਹ ਤਾਂ ਸ਼ਿਸ਼ਟਾਚਾਰ ਅਤੇ ਸਲੀਕੇ ਦੀ ਗੱਲ ਹੁੰਦੀ ਹੈ। ਜੇਕਰ ਦੁਸ਼ਮਣ ਵੀ ਅਚਾਨਕ ਤੁਹਾਨੂੰ ਮਿਲ ਜਾਵੇ ਤੇ ਉਹ ਤੁਹਾਡੇ ਨਾਲ ਪਿਆਰ ਦਾ ਹੱਥ ਵਧਾ ਲਵੇ ਤਾਂ ਹੱਥ ਮਿਲਾਉਣਾ ਕੋਈ ਗ਼ਲਤ ਗੱਲ ਨਹੀਂ ਹੁੰਦੀ ਕਿਉਂਕਿ ਹੱਥ ਮਿਲਾਉਣ ਨਾਲ ਸਦਭਾਵਨਾ ਦਾ ਮਾਹੌਲ ਬਣ ਸਕਦਾ ਹੈ। ਨਾਲੇ ਪਾਕਿਸਤਾਨ ਦੀ ਫ਼ੌਜ ਦੇ ਮੁੱਖੀ ਜਨਰਲ ਕਮਰ ਜੁਵੈਦ ਬਾਜਵਾ ਤਾਂ ਨਵਜੋਤ ਸਿੰਘ ਸਿੱਧੂ ਦੇ ਕੋਲ ਆਪ ਚਲਕੇ ਆਇਆ ਸੀ। ਨਵਜੋਤ ਸਿੰਘ ਸਿੱਧੂ ਉਸਨੂੰ ਵਿਸ਼ੇਸ ਤੌਰ ਤੇ ਮਿਲਣ ਨਹੀਂ ਗਿਆ। ਜਦੋਂ ਜਨਰਲ ਬਾਜਵਾ ਨੇ ਸਿੱਧੂ ਨੂੰ ਇਹ ਕਿਹਾ ਕਿ ਪਾਕਿਸਤਾਨ ਸਰਕਾਰ ਕਰਤਾਰਪੁਰ ਲਾਂਘਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਦਿਵਸ ਦੇ ਮੌਕੇ ਤੇ ਖੋਹਲਣ ਬਾਰੇ ਵਿਚਾਰ ਕਰ ਰਹੀ ਹੈ ਤਾਂ ਸਿੱਧੂ ਭਾਵਕ ਹੋ ਗਿਆ ਅਤੇ ਉਸਤੋਂ ਰਿਹਾ ਨਹੀਂ ਗਿਆ। ਇਹ ਹੈ ਵੀ ਕੁਦਰਤੀ ਕਿ ਜਦੋਂ ਪਿਛਲੇ ਲੰਮੇ ਸਮੇਂ ਦੀ ਸਿੱਖਾਂ ਦੀ ਮੰਗ ਪੂਰੀ ਹੋਣ ਜਾ ਰਹੀ ਹੋਵੇ ਤਾਂ ਇਕ ਸਿੱਖ ਦੀ ਖ਼ੁਸ਼ੀ ਦਾ ਕੋਈ ਟਿਕਾਣਾ ਨਹੀਂ ਹੁੰਦਾ। ਸਿੱਧੂ ਇਸ ਖ਼ੁਸ਼ੀ ਨੂੰ ਕਾਬੂ ਨਹੀਂ ਕਰ ਸਕਿਆ। ਜਦੋਂ ਦੋ ਦੇਸ਼ਾਂ ਦੇ ਹਿੱਤਾਂ ਅਤੇ ਸਬੰਧਾਂ ਦਾ  ਮਸਲਾ ਹੋਵੇ ਤਾਂ ਕਿਸੇ ਵੀ ਸਿਆਸੀ ਨੇਤਾ ਨੂੰ ਬਿਆਨ ਨਹੀਂ ਦੇਣਾ ਚਾਹੀਦਾ। ਕੂਟਨੀਤਕ ਸਬੰਧਾਂ ਬਾਰੇ ਤਾਂ ਅਧਿਕਾਰਤ ਅਧਿਕਾਰੀਆਂ ਨੂੰ ਹੀ ਬੋਲਣਾ ਬਣਦਾ ਹੈ। ਸਿਆਸੀ ਪਾਰਟੀਆਂ ਨੂੰ ਦੇਸ਼ ਦੀ ਏਕਤਾ ਤੇ ਅਖੰਡਤਾ ਦਾ ਧਿਆਨ ਰੱਖਦਿਆਂ ਦੂਸ਼ਣਬਾਜ਼ੀ ਨਹੀਂ ਕਰਨੀ ਚਾਹੀਦੀ। ਸਿਆਸੀ ਲੋਕਾਂ ਨੂੰ ਸਿਆਸਤ ਕਰਨ ਲਈ ਹੋਰ ਬਥੇਰੇ ਮੌਕੇ ਹੁੰਦੇ ਹਨ। ਏਥੇ ਨਵਜੋਤ ਸਿੰਘ ਸਿੱਧੂ ਥੋੜ੍ਹੀ ਗ਼ਲਤੀ ਕਰ ਗਿਆ, ਉਸਨੂੰ ਇਤਨੀ ਜਲਦੀ ਜਨਰਲ ਬਾਜਵਾ ਨਾਲ ਹੋਈ ਗੱਲ ਨੂੰ ਪ੍ਰੈਸ ਵਿਚ ਦੱਸਣਾ ਨਹੀਂ ਬਣਦਾ ਸੀ। ਜੇ ਉਹ ਪ੍ਰੈਸ ਨੂੰ ਨਾ ਦਸਦਾ ਤਾਂ ਇਹ ਰਾਮ ਰੌਲਾ ਪੈਣਾ ਹੀ ਨਹੀਂ ਸੀ। ਅਜਿਹਾ ਬਿਆਨ ਤਾਂ ਦੋਵੇਂ ਸਰਕਾਰਾਂ ਦੇ ਮਨੋਨੀਤ ਅਧਿਕਾਰੀਆਂ ਵੱਲੋਂ ਆਉਣਾ ਚਾਹੀਦਾ ਸੀ। ਅਸਲ ਵਿਚ ਨਵਜੋਤ ਸਿੰਘ ਸਿੱਧੂ ਖ਼ੁਸ਼ੀ ਦੇ ਆਲਮ ਵਿਚ  ਜਲਦੀ ਕਰ ਗਿਆ ਕਿਉਂਕਿ ਇਹ ਕਰਤਾਰਪੁਰ ਦੇ ਲਾਂਘੇ ਦੀ ਤਾਂ ਚਿਰੋਕਣੀ ਮੰਗ ਲਟਕਦੀ ਆ ਰਹੀ ਸੀ।ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੇ ਇਸ ਸੰਬੰਧੀ ਪਹਿਲਾਂ ਹੀ ਚਿੱਠੀਆਂ ਲਿਖੀਆਂ ਸਨ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਵਾਜ ਸ਼ਰੀਫ ਦੇ ਜਨਮ ਦਿਨ ਤੇ ਬਿਨ ਬੁਲਾਏ ਵਧਾਈ ਦੇਣ ਅਤੇ ਬਰਿਆਨੀ ਖਾਣ ਲਈ ਪਾਕਿਸਤਾਨ ਪਹੁੰਚ ਗਏ ਸਨ। ਉਦੋਂ ਤਾਂ ਭਾਰਤੀ ਜਨਤਾ ਪਾਰਟੀ ਨੇ ਪ੍ਰਧਾਨ ਮੰਤਰੀ ਦੇ ਪਾਕਿਸਤਾਨ ਜਾ ਕੇ ਨਵਾਜ ਸ਼ਰੀਫ ਨੂੰ ਜੱਫੀ ਪਾਉਣ ਨੂੰ ਸਦਭਾਵਨਾ ਦਾ ਵਾਤਾਵਰਨ ਪੈਦਾ ਕਰਨ ਦੀ ਗੱਲ ਕਹੀ ਸੀ। ਹੁਣ ਕਿਹੜੀ ਬਿੱਲੀ ਛਿੱਕ ਮਾਰ ਗਈ। ਸਿੱਧੂ ਵੀ ਸਦਭਾਵਨਾ ਲਈ ਹੀ ਗਿਆ ਸੀ। ਅਟਲ ਬਿਹਾਰੀ ਵਾਜਪਾਈ ਸਾਜਗਾਰ ਸਬੰਧ ਬਣਾਉਣ ਦੇ ਇਰਾਦੇ ਨਾਲ ਆਪ  ਬੱਸ ਲੈ ਕੇ ਲਾਹੌਰ ਗਏ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਕਿਸਤਾਨ ਦੇ ਨਵੇਂ ਪ੍ਰਧਾਨ ਮੰਤਰੀ ਜਨਾਬ ਇਮਰਾਨ ਖ਼ਾਨ ਨੂੰ ਚਿੱਠੀ ਲਿਖਕੇ  ਗੁਆਂਢੀਆਂ ਨਾਲ ਸਾਰਥਕ ਤੇ ਉਸਾਰੂ ਗੱਲਬਾਤ ਦਾ ਸੱਦਾ ਦਿੱਤਾ ਹੈ, ਜਿਸਦਾ ਖੁਲਾਸਾ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮੁਹੰਮਦ ਕੁਰੈਸ਼ੀ ਨੇ ਕੀਤਾ ਹੈ। ਇਮਰਾਨ ਖਾਨ ਨੇ ਵੀ ਕਿਹਾ ਹੈ ਕਿ ਨਵਜੋਤ ਸਿੱਧੂ ਸ਼ਾਂਤੀ ਦਾ ਦੂਤ ਬਣਕੇ ਆਇਆ ਸੀ, ਜਿਹੜੇ ਲੋਕ ਸਿੱਧੂ ਬਾਰੇ ਵਾਵਰੋਲਾ ਖੜ੍ਹਾ ਕਰਕੇ ਨਿੰਦਿਆ ਕਰ ਰਹੇ ਹਨ, ਉਹ ਲੋਕ ਇਸ ਖਿੱਤੇ ਦੀ ਸ਼ਾਂਤੀ ਦੇ ਦੁਸ਼ਮਣ ਹਨ ਕਿਉਂਕਿ ਸ਼ਾਂਤੀ ਤੋਂ ਬਿਨਾਂ ਵਿਕਾਸ ਨਹੀਂ ਹੋ ਸਕਦਾ। ਪੰਜਾਬੀਆਂ ਨੂੰ ਯਾਦ ਹੋਵੇਗਾ ਕਿ ਉਨ੍ਹਾਂ ਨੇ ਅਸ਼ਾਂਤ ਵਾਤਾਵਰਨ ਦਾ ਸੇਕ ਹੰਢਾਇਆ ਹੈ। ਇੱਥੇ ਹੀ ਬਸ ਨਹੀਂ ਜਦੋਂ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਸਮੇਂ ਦਸੰਬਰ 1999 ਦੇ ਅਖੀਰ ਵਿਚ ਭਾਰਤੀ ਵਿਦੇਸ ਮੰਤਰੀ ਜਸਵੰਤ ਸਿੰਘ ਭਾਰਤੀ ਜੇਲ੍ਹਾਂ ਵਿਚ ਬੰਦ ਤਿੰਨ ਖੂੰਖਾਰ ਅਤਵਾਦੀਆਂ ਮੌਲਾਨਾ ਮਸੂਦ ਅਜਹਰ, ਸ਼ੇਖ਼ ਉਮਰ ਅਤੇ ਮੁਸ਼ਤਾਕ ਜਰਗਰ ਨੂੰ ਵਿਸ਼ੇਸ਼ ਜਹਾਜ ਲੈ ਕੇ ਕੰਧਾਰ ਛੱਡਣ ਗਿਆ ਸੀ ਅਤੇ ਵੱਡੀ ਰਕਮ ਵੀ ਦਿੱਤੀ ਸੀ। ਉਦੋਂ ਤਾਂ ਕਿਸੇ ਨੇਤਾ ਨੂੰ ਕੋਈ ਪੀੜ ਨਹੀਂ ਹੋਈ। ਹੁਣ ਤਾਂ ਭਾਰਤੀ ਜਨਤਾ ਪਾਰਟੀ ਦੇ ਨੇਤਾ ਬਾਤ ਦਾ ਬਤੰਗੜ ਬਣਾ ਰਹੇ ਹਨ। ਨਵਜੋਤ ਸਿੰਘ ਸਿੱਧੂ ਤਾਂ ਭਾਈਚਾਰਕ ਤੌਰ ਤੇ ਗਿਆ ਸੀ। ਸਿੱਧੂ ਨੂੰ ਤਾਂ ਬੁਲਾਇਆ ਗਿਆ ਸੀ। ਭਾਰਤੀ ਜਨਤਾ ਪਾਰਟੀ ਦੇ ਨੇਤਾ ਤਾਂ ਬਿਨ ਬੁਲਾਏ ਮਹਿਮਾਨ ਬਣਦੇ ਰਹੇ। ਅਸਲ ਵਿਚ ਨਵਜੋਤ ਸਿੰਘ ਸਿੱਧੂ ਦੀ ਭਾਰਤੀਆਂ, ਪੰਜਾਬੀਆਂ ਅਤੇ ਖਾਸ ਕਰਕੇ ਪੰਜਾਬ ਦੇ ਸਿੱਖਾਂ ਵਿਚ ਵਾਅਵਾ ਸ਼ਾਹਵਾ ਹੋ ਗਈ। ਇਹ ਪ੍ਰਸੰਸਾ ਭਾਰਤੀ ਜਨਤਾ ਪਾਰਟੀ ਨੂੰ ਪਚਦੀ ਨਹੀਂ। ਨਵਜੋਤ ਸਿੰਘ ਸਿੱਧੂ ਭਾਰਤੀ ਜਨਤਾ ਪਾਰਟੀ ਨੂੰ ਛੱਡਕੇ ਕਾਂਗਰਸ ਪਾਰਟੀ ਦਾ ਪੱਲਾ ਫੜ ਬੈਠਾ, ਜਿਸ ਕਰਕੇ ਉਹ ਬੁਖਲਾਏ ਹੋਏ ਹਨ, ਭਾਵੇਂ ਬਹੁਤ ਸਾਰੇ ਲੋਕ ਸਿੱਧੂ ਨੂੰ ਮੌਕਾ ਪ੍ਰਸਤ ਕਹਿ ਰਹੇ ਹਨ। ਇਸ ਵਿਚ ਥੋੜ੍ਹੀ ਸਚਾਈ ਵੀ ਹੈ ਪ੍ਰੰਤੂ ਸਿਆਸਤਦਾਨ ਹੁੰਦੇ ਹੀ ਮੌਕਾ ਪ੍ਰਸਤ ਹਨ। ਸਿਆਸਤ ਤਾਂ ਤਿਗੜਬਾਜ਼ੀ ਦਾ ਦੂਜਾ ਨਾਮ ਹੈ। ਹਰ ਸਿਆਸੀ ਵਿਅਕਤੀ ਆਪਣੇ ਅੰਦਰ ਝਾਤੀ ਮਾਰਕੇ ਵੇਖੇ ਕਿ ਉਹ ਸਿਆਸਤ ਵਿਚ ਕੁਰਸੀ ਕਰਕੇ ਹੀ ਆਉਂਦਾ ਹੈ। ਸਿੱਧੂ ਤੇ ਖਾਮਖਾਹ ਕਿੰਤੂ ਪ੍ਰੰਤੂ ਕਰਨ ਦੀ ਲੋੜ ਨਹੀਂ।

ਕਰਤਾਰਪੁਰ ਸਾਹਿਬ ਦਾ ਗੁਰਦੁਆਰਾ ਸਿੱਖ ਸੰਗਤਾਂ ਲਈ ਸੱਭ ਤੋਂ ਮੁਕੱਦਸ ਅਤੇ ਪਵਿੱਤਰ ਸਥਾਨ ਹੈ, ਜਿਥੇ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ 17 ਸਾਲ ਰਹੇ, ਖੇਤੀ ਕੀਤੀ, ਨਾਮ ਜਪੋ, ਕਿਰਤ ਕਰੋ ਅਤੇ ਵੰਡਕੇ ਛੱਕੋ ਦਾ ਸਿਧਾਂਤ ਦਿੱਤਾ ਅਤੇ ਉਥੇ ਹੀ ਜੋਤੀ ਜੋਤ ਸਮਾਏ। ਇਹ ਗੁਰੂ ਘਰ ਗੁਰਦਾਸਪੁਰ ਜਿਲ੍ਹੇ ਵਿਚ ਬਾਬਾ ਬਕਾਲਾ ਦੇ ਕੋਲ ਰਾਵੀ ਦਰਿਆ ਦੇ ਕੰਢੇ ਤੇ ਭਾਰਤ ਪਾਕਿ ਸਰਹੱਦ ਤੋਂ ਪਾਕਿਸਤਾਨ ਵਾਲੇ ਪਾਸੇ 4 ਕਿਲੋਮੀਟਰ ਦੂਰ ਹੈ। ਸਿੱਖ ਸੰਗਤਾਂ ਹਿੰਦ ਪਾਕਿ ਸਰਹੱਦ ਤੋਂ ਖੜ੍ਹਕੇ ਇਸ ਗੁਰੂ ਘਰ ਦੇ ਦਰਸ਼ਨ ਕਰਦੀਆਂ ਹਨ। ਇਸ ਦੀ ਮਹੱਤਤਾ ਨੂੰ ਵੇਖਕੇ ਬਾਰਡਰ ਸਕਿਉਰਿਟੀ ਫੋਰਸ ਨੇ 6 ਮਈ 2001 ਨੂੰ ਬਾਬਾ ਨਾਨਕ ਸੈਕਟਰ ਵਿਚ ਕੰਡਿਆਲੀ ਤਾਰ ਦੇ ਨਜ਼ਦੀਕ ‘‘ਕਰਤਾਰਪਰ ਦਰਸ਼ਨ ਅਸਥਾਨ ’’ ਬਣਾ ਦਿੱਤਾ, ਜਿਥੋਂ ਖੜ੍ਹਕੇ ਗੁਰਦੁਆਰਾ ਸਾਹਿਬ ਕਰਤਾਰਪੁਰ ਦੇ ਦਰਸ਼ਨ ਹੋ ਸਕਣ। ਹਰ ਮੱਸਿਆ, ਪੁੰਨਿਆਂ ਅਤੇ ਸੰਗਰਾਂਦ ਵਾਲੇ ਦਿਨ ਸੰਗਤਾਂ ਕਰਤਾਰਪੁਰ ਦਰਸ਼ਨ ਅਸਥਾਨ ਤੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਇਥੇ ਖੜ੍ਹਕੇ ਦਰਸ਼ਨ ਕਰਨ ਆਉਂਦੀਆਂ ਹਨ। ਗੁਰਦੁਆਰਾ ਕਰਤਾਰਪੁਰ ਲਾਂਘੇ ਦੀ ਮੰਗ ਨੇ 2001ਵਿਚ ਉਦੋਂ ਜ਼ੋਰ ਫੜਨਾ ਸ਼ੁਰੂ ਕੀਤਾ ਜਦੋਂ ਅਕਾਲੀ ਲੀਡਰ ਸਵਰਗਵਾਸੀ ਕੁਲਦੀਪ ਸਿੰਘ ਵਡਾਲਾ ਨੇ ‘‘ ਕਰਤਾਰਪੁਰ ਰਾਵੀ ਦਰਸ਼ਨ ਅਭਿਲਾਖੀ ਸੰਸਥਾ’’ ਬਣਾਕੇ ਉਦੋਂ ਤੋਂ ਹੁਣ ਤੱਕ ਲਗਾਤਾਰ ਕਰਤਾਰਪੁਰ ਲਾਂਘਾ ਖੋਲ੍ਹਣ ਦੀ ਅਰਦਾਸ ਇਸ ਥਾਂ ਤੇ ਆ ਕੇ ਕਰਨੀ ਸ਼ੁਰੂ ਕਰ ਦਿੱਤੀ। ਹਰ ਗੁਰਦੁਆਰਾ ਸਾਹਿਬ ਵਿਚ ਅਰਦਾਸ ਸਮੇਂ ਭਾਰਤ ਤੋਂ ਬਾਹਰ ਰਹਿ ਗਏ, ਇਨ੍ਹਾਂ ਗੁਰਧਾਮਾਂ ਦੇ ਦਰਸ਼ਨ ਦੀਦਾਰ ਦੀ ਅਰਦਾਸ ਕੀਤੀ ਜਾਂਦੀ ਹੈ। ਜਦੋਂ ਇਹ ਅਰਦਾਸ ਪੂਰੀ ਹੋਣ ਤੇ ਆਈ ਤਾਂ ਭਾਰਤੀ ਜਨਤਾ ਪਾਰਟੀ ਨੇ ਅੜਿਕਾ ਅਟਕਾਉਣਾ ਸ਼ੁਰੂ ਕਰ ਦਿੱਤਾ। ਪੰਜਾਬ ਅਤੇ  ਪਾਕਿਸਤਾਨ ਦੇ ਲੋਕ ਖਾਸ ਤੌਰ ਤੇ ਸਾਹਿਤਕ ਸਮਾਜਿਕ  ਸਭਿਆਚਾਰਕ ਅਤੇ ਸਵੈ ਇੱਛਤ ਸੰਸਥਾਵਾਂ ਜਿਨ੍ਹਾਂ ਵਿਚ ਹਿੰਦ ਪਾਕਿ ਦੋਸਤੀ ਮੰਚ, ਫੋਕ ਲੋਰ ਰਿਸਰਚ ਅਕਾਡਮੀ ਅੰਮ੍ਰਿਤਸਰ, ਪਾਕਿਸਤਾਨ ਇੰਡੀਆ ਪੀਪਲਜ਼ ਫੋਰਮ ਪੀਸ ਐਂਡ ਡੈਮੋਕਰੇਸੀ ਅਤੇ ਪੰਜਾਬ ਜਾਗ੍ਰਤੀ ਮੰਚ ਭਾਰਤ ਪਾਕਿ ਵਿਚ ਸਦਭਾਵਨਾ ਪੈਦਾ ਕਰਨ ਲਈ ਉਪਰਾਲੇ ਕਰ ਰਹੇ ਹਨ। ਉਨ੍ਹਾਂ ਸਿੱਧੂ ਦੇ ਇਸ ਕਦਮ ਦਾ ਸਵਾਗਤ ਵੀ ਕੀਤਾ ਹੈ। ਹਿੰਦ ਪਾਕਿ ਦੋਸਤੀ ਮੰਚ ਤਾਂ ਹਰ ਸਾਲ ਸਰਹੱਦ ਤੇ ਸਾਹਿਤਕਾਰਾਂ ਅਤੇ ਪਤਵੰਤੇ ਲੋਕਾਂ ਨਾਲ ਜਾ ਕੇ ਮੋਮਬੱਤੀਆਂ ਜਲਾ ਕੇ ਦੋਸਤੀ ਦਾ ਸੰਦੇਸ ਦਿੰਦਾ ਹੈ।

ਮੈਂ ਨਵਜੋਤ ਸਿੰਘ ਸਿੱਧੂ ਨੂੰ ਬਚਪਨ ਤੋਂ ਜਾਣਦਾ ਹਾਂ ਜਦੋਂ ਉਹ ਬਾਰਾਂਦਰੀ ਬਾਗ ਪਟਿਆਲਾ ਦੇ ਕਰਿਕਟ ਸਟੇਡੀਅਮ ਵਿਚ ਪ੍ਰੈਕਟਿਸ ਕਰਦਾ ਹੁੰਦਾ ਸੀ। ਉਹ ਭਾਵਨਾਵਾਂ ਵਿਚ ਵਹਿਣ ਵਾਲਾ, ਦਿਲ ਦਾ ਸੱਚਾ ਸੁੱਚਾ, ਪਟਿਆਲਵੀਆਂ ਦਾ ਸ਼ੈਰੀ ਅਤੇ ਖਿਡਾਰੀ ਸਪਿਰਟ ਨਾਲ ਹਰ ਕੰਮ ਕਰਨ ਵਾਲਾ ਹੈ। ਭਾਰਤੀਓ ਭਾਵੇਂ ਨਵਜੋਤ ਸਿੰਘ ਸਿੱਧੂ ਦੀ ਸਿਆਸਤ ਨਾਲ ਸਹਿਮਤ ਹੋਵੋ ਭਾਵੇਂ ਨਾ ਹੋਵੋ ਪ੍ਰੰਤੂ ਜਿਹੜਾ ਸੁਖਦ ਸੁਨੇਹਾ ਉਹ ਸਿੱਖ ਜਗਤ ਲਈ ਪਾਕਿਸਤਾਨ ਤੋਂ ਲੈ ਕੇ ਆਇਆ ਹੈ, ਘੱਟੋ ਘੱਟ ਉਸਦਾ ਸਵਾਗਤ ਕਰਨਾ ਹਰ ਭਾਰਤੀ, ਪੰਜਾਬੀ ਅਤੇ ਖਾਸ ਤੌਰ ਤੇ ਸਿੱਖ ਦਾ ਬਣਦਾ ਹੈ। ਉਸਨੇ ਭਾਵੇਂ ਹੁਣ ਤੱਕ ਸਿਆਸਤ ਵਿਚ ਜਿਤਨੀਆਂ ਵੀ ਗਲਤੀਆਂ ਕੀਤੀਆਂ ਹੋਣ ਪ੍ਰੰਤੂ ਉਸਦੇ ਇਸ ਕਦਮ ਨੇ ਉਹ ਸਾਰੀਆਂ ਧੋ ਦਿੱਤੀਆਂ ਹਨ ਅਤੇ ਸਿੱਖਾਂ ਦੇ ਦਿਲ ਜਿੱਤ ਲਏ ਹਨ। ਜੇਕਰ ਸਰਹੱਦ ਤੇ ਸ਼ਾਂਤੀ ਰਹੇਗੀ ਤਾਂ ਫੌਜੀ ਪਰਿਵਾਰ ਸੁਖ ਦਾ ਸਾਹ ਲੈਂਦੇ ਰਹਿਣਗੇ। ਜੇ ਉਹ ਪਰਿਵਾਰ ਸੁਖੀ ਰਹਿਣਗੇ ਤਾਂ ਦੇਸ਼ ਅਤੇ ਪੰਜਾਬ ਵਿਕਾਸ ਦੇ ਰਾਹ ਤੇ ਚਲਦਾ ਰਹੇਗਾ। ਰਹੀ ਗੱਲ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਿੱਧੂ ਦੀ ਜਨਰਲ ਬਾਜਵਾ ਨਾਲ ਜੱਫੀ ਦੀ ਆਲੋਚਨਾ ਵਾਰੇ, ਉਨ੍ਹਾਂ ਨੇ ਵਿਦੇਸ਼ ਮੰਤਰੀ ਸ਼ੁਸ਼ਮਾ ਸਵਰਾਜ ਨੂੰ ਕਰਤਾਰਪੁਰ ਲਾਂਘਾ ਖੋਲ੍ਹਣ ਦੀ ਚਿੱਠੀ ਲਿਖਕੇ ਇੱਕ ਕਿਸਮ ਨਾਲ ਸਿੱਧੂ ਦੀ ਸਪੋਰਟ ਕਰ ਦਿੱਤੀ ਹੈ।

ਪੰਜਾਬ ਪ੍ਰਦੇਸ ਕਾਂਗਰਸ ਦੇ ਪ੍ਰਧਾਨ ਸੁਨੀਲ ਕੁਮਾਰ ਜਾਖੜ ਅਤੇ ਲੁਧਿਆਣਾ ਤੋਂ ਲੋਕ ਸਭਾ ਦੇ ਮੈਂਬਰ ਰਵਨੀਤ ਸਿੰਘ ਬਿੱਟੂ ਸਿੱਧੂ ਦੀ ਸਪੋਰਟ ਪਹਿਲਾਂ ਹੀ ਕਰ ਚੁੱਕੇ ਹਨ। ਸਵਾਲ ਇਹ ਪੈਦਾ ਹੁੰਦਾ ਹੈ ਕਿ ਜੇ ਅਟਲ ਬਿਹਾਰੀ ਵਾਜਪਾਈ, ਨਰਿੰਦਰ ਮੋਦੀ, ਜਸਵੰਤ ਸਿੰਘ ਅਤੇ ਪਾਕਿਸਤਾਨ ਤੋਂ ਤੋਹਫੇ ਵਿਚ ਭੇਡੂ ਲੈਣ ਵਾਲੇ ਪਰਕਾਸ਼ ਸਿੰਘ ਬਾਦਲ ਦੇਸ਼ ਧਰੋਹੀ ਨਹੀਂ ਤਾਂ ਨਵਜੋਤ ਸਿੰਘ ਸਿੱਧੂ ਕਿਵੇਂ ਦੇਸ਼ ਧਰੋਹੀ ਬਣ ਗਿਆ। ਭਾਰਤੀ ਜਨਤਾ ਪਾਰਟੀ ਨੇ ਹਮੇਸ਼ਾ ਅਜਿਹੇ ਧਾਰਮਿਕ ਮਸਲਿਆਂ ਤੇ ਪੰਜਾਬੀਆਂ ਦਾ ਵਿਰੋਧ ਕੀਤਾ ਹੈ। ਭਾਵੇਂ ਬਲਿਊ ਸਟਾਰ ਅਪ੍ਰੇਸ਼ਨ ਹੋਵੇ ਤੇ ਭਾਵੇਂ ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਥਾਪਨਾ ਮੌਕੇ ਗੁਰੂ ਨਾਨਕ ਦੇਵ ਦੇ ਨਾਂ ਤੇ ਯੂਨੀਵਰਸਿਟੀ ਦਾ ਨਾਮ ਰੱਖਣ ਦਾ ਮਸਲਾ ਹੋਵੇ। ਯੂਨੀਵਰਸਿਟੀ ਦੇ ਨਾਮ ਰੱਖਣ ਕਰਕੇ ਉਦੋਂ ਪਰਕਾਸ਼ ਸਿੰਘ ਬਾਦਲ ਦੀ ਸਰਕਾਰ ਵਿਚੋਂ ਭਾਰਤੀ ਜਨਤਾ ਪਾਰਟੀ ਦੇ ਮੰਤਰੀਆਂ ਨੇ ਅਸਤੀਫੇ ਦੇ ਦਿੱਤੇ ਸਨ। ਵਿਰੋਧ ਦੇ ਕਰਕੇ ਵਿਰੋਧ ਨਹੀਂ ਸਗੋਂ ਅਸੂਲਾਂ ਤੇ ਵਿਰੋਧ ਕਰਨਾ ਚਾਹੀਦਾ ਹੈ। ਆਸ ਕਰਦੇ ਹਾਂ ਕਿ ਪਾਕਿਸਤਾਨ ਸਰਕਾਰ ਦਾ ਨਵਾਂ ਪ੍ਰਧਾਨ ਮੰਤਰੀ ਜਨਾਬ ਇਮਰਾਨ ਖ਼ਾਨ ਖੇਡ ਸਪਿਰਟ ਵਿਖਾਉਂਦਾ ਹੋਇਆ ਪੰਜਾਬੀਆਂ ਅਤੇ ਖਾਸ ਤੌਰ ਤੇ ਸਿੱਖਾਂ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹੋਏ ਸ੍ਰੀ ਗੁਰੂ ਨਾਨਕ ਦੇਵ ਜੀ ਦੇ  550 ਸਾਲਾ ਪ੍ਰਕਾਸ਼ ਉਤਸਵ ਦੇ ਮੌਕੇ ਤੇ ਕਰਤਾਰਪੁਰ ਲਾਂਘਾ ਖੋਲ੍ਹਕੇ ਪੰਜਾਬੀਆਂ ਦੇ ਦਿਲ ਜਿੱਤ ਲਵੇਗਾ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ

ਭਾਰ ਘੱਟ ਜਾਂ ਕਾਬੂ ਰੱਖਣ ਲਈ ਭੁੱਖੇ ਰਹਿਣ ਦੀ ਲੋੜ ਨਹੀਂ

$
0
0

ਵਿਸ਼ਵ ਵਿਚ ਮੋਟਾਪਾ ਇਕ ਮਹਾਂਮਾਰੀ ਦਾ ਰੂਪ ਲੈ ਰਿਹਾ ਹੈ। ਮੋਟਾਪੇ ਕਾਰਨ ਸਿਹਤ ਸਹੂਲਤਾਂ ਉਤੇ ਖਰਚਾ ਅਤੇ ਕੰਮ ਕਾਜ ਵਿਚ ਘਾਟਾ ਲਗਭਗ ਨਸ਼ਿਆਂ, ਅੱਤਵਾਦ ਅਤੇ ਤਬਾਕੂਨੋਸ਼ੀ ਜਿੰਨਾ ਨੁਕਸਾਨ ਹੋ ਰਿਹਾ ਹੈ। ਵਿਸ਼ਵ ਵਿਚ ਲਗਭਗ 30 ਪ੍ਰਤੀਸ਼ਤ ਵਸੋਂ ਮੈਟੀਰੋਲ ਭਾਰਤ ਵਿਚ ਪੰਜਾਬੀਆਂ ਦੀਆਂ ਗੋਗੜਾਂ ਪਹਿਲੇ ਸਥਾਨ ਉ¤ਤੇ ਹਨ, ਜਿਥੇ 30 ਪ੍ਰਤੀਸ਼ਤ ਪੁਰਸ਼ ਅਤੇ 37 ਪ੍ਰਤੀਸ਼ਤ ਔਰਤਾਂ ਮੋਟੇ ਹਨ। ਚਾਹੇ ਮੋਟਾਪੇ ਦੇ ਕਈ ਕਾਰਨ ਹਨ ਪ੍ਰੰਤੂ ਲੋੜ ਤੋਂ ਵੱਧ ਕੈਲੋਰੀਜ਼ ਦੇ ਸੇਵਨ ਮੁੱਖ ਦੋਸ਼ੀ ਹੈ। ਵਾਧੂ ਕੈਲੋਰੀਜ਼ ਸਰੀਰ ਵਿਚ ਚਰਬੀ ਦਾ ਰੂਪ ਲੈ ਲੈਂਦੀਆਂ ਹਨ ਅਤੇ ਭਾਰ ਵਧ ਜਾਂਦਾ ਹੈ।

ਮਾਹਿਰ ਭਾਰ ਉਤੇ ਕਾਬੂ ਪਾਉਣ ਲਈ ਤਰ੍ਹਾਂ-ਤਰ੍ਹਾਂ ਦੇ ਢੰਗ ਦਸਦੇ ਹਨ। ਉਨ੍ਹਾਂ ਵਿਚ ਭੋਜਨ ਦੀ ਚੋਣ ਅਹਿਮ ਭੂਮਿਕਾ ਨਿਭਾਉਂਦੀ ਹੈ।

ਭੋਜਨ ਦੀ ਚੋਣ ਬਾਰੇ ਇਕ ਆਧੁਨਿਕ ਖੋਜ ਪ੍ਰਕਾਸ਼ਿਤ ਹੋਈ ਹੈ, ਜਿਸ ਅਨੁਸਾਰ ਸਰੀਰ ਵਿਚ ਤਾਕਤ ਘਟ ਹੋਣ ਸਮੇਂ ਭੁੱਖ ਮਹਿਸੂਸ ਹੁੰਦੀ ਹੈ। ਭੋਜਨ ਖਾਣ ਦੀ ਲੋੜ ਪੈਦਾ ਹੁੰਦੀ ਹੈ। ਭੁੱਖ ਕੇਵਲ ਭੋਜਨ ਖਾਣ ਨਾਲ ਹੀ ਖਤਮ ਹੁੰਦੀ ਹੈ। ਤਾਕਤਵਰ ਅਤੇ ਨਰੋਆ ਵਿਅਕਤੀ ਕਈ ਹਫਤੇ ਤੋਂ ਬਿਨਾਂ ਰਹਿ ਸਕਦਾ ਹੈ।

ਸਰੀਰ ਵਿਚ ਤ੍ਰਿਪਤੀ ਵੱਖੋ-ਵੱਖ ਭੋਜਨ ਅਲਗ-ਅਲਗ ਦਿੰਦੇ ਹਨ। ਇਸ ਮਹੱਤਵਪੂਰਨ ਵਿਸ਼ੇ ਉ¤ਤੇ ਅਸਟਰੇਲੀਆ ਦੇਸ਼ ਦੀ ਸਿਡਨੀ ਯੂਨੀਵਰਸਿਟੀ ਵਿਚ ਡਾਕਟਰ ਸੁਸ਼ਾਨਾ ਹੋਲਟ ਅਤੇ ਸਾਥੀਆਂ ਨੇ 1995 ਵਿਚ ਖੋਜ ਪ੍ਰਕਾਸ਼ਿਤ ਕੀਤੀ। ਖੋਜ ਵਿਚ ਵੱਖੋ-ਵੱਖ ਭੋਜਨਾਂ ਦਾ ਪੇਟ ਵਿਚ ਸਮਾਂ ਬਤੀਤ ਕਰਨਾ ਅਤੇ ਤ੍ਰਿਪਤੀ ਪ੍ਰਦਾਨ ਕਰਨ ਦਾ ਵਿਸ਼ਾ ਸੀ।

ਇਕ ਸਿਲੈਕਟ ਗਰੁੱਪ ਨੂੰ 240 ਕੈਲੋਰੀਜ਼ ਵਾਲੇ 38 ਭੋਜਨ ਖਿਲਾਏ ਗਏ ਅਤੇ ਉਨ੍ਹਾਂ ਦੇ ਸਮੇਂ-ਸਮੇਂ ਤ੍ਰਿਪਤੀ ਬਾਰੇ ਪ੍ਰਤੀਕਰਮ ਲਏ ਗਏ। ਖੋਜ ਖਤਮ ਹੋਣ ਉ¤ਤੇ ਭੋਜਨਾਂ ਨੂੰ ਤ੍ਰਿਪਤੀ ਅੰਕ (ਸੋਟਾਈਟੀ ਇੰਡੈਕਸ਼ਨ) ਨਿਸ਼ਚਿਤ ਕੀਤੇ ਗਏ।

ਤ੍ਰਿਪਤੀ ਅੰਕ  (ਸੋਟਾਈਟੀ ਇੰਡੈਕਸ਼ਨ)

ਚਿੱਟੀ ਡਬਲ ਰੋਟੀ

(240 ਕੈਲੋਰੀਜ਼) ਨੂੰ ਆਧਾਰ ਬਣਾਇਆ ਗਿਆ ਅਤੇ 100 ਅੰਕ ਪ੍ਰਦਾਨ ਕੀਤਾ ਗਿਆ।

ਨੰ:    ਭੋਜਨ        ਅੰਕ

1.    ਕੇਕ        65

2.    ਕੈਂਡੀਬਾਰ    70

3.    ਮੂੰਗਫਲੀ        84

4.    ਕੁਕੀ        120

ਖੋਜ ਅਤੇ ਅੰਕੜਿਆਂ ਤੋਂ ਸਿੱਟਾ ਨਿਕਲਿਆ ਕਿ (ਸੋਟਾਈਟੀ ਅੰਕ) ਤ੍ਰਿਪਤੀ ਅੰਕ ਹੇਠ ਲਿਖੇ ਕਾਰਨਾ ਉ¤ਤੇ ਨਿਰਭਰ ਕਰਦਾ ਹੈ।

1.    ਪ੍ਰੋਟੀਨ :- ਜ਼ਿਆਦਾ ਪ੍ਰੋਟੀਨ ਵਾਲੇ ਭੋਜਨ ਤ੍ਰਿਪਤੀ ਨਾਲ ਸਬੰਧਤ ਹਾਰਮੋਨਾ ਉ¤ਤੇ ਪ੍ਰਭਾਵ ਪਾਉਂਦੇ ਹਨ ਅਤੇ ਜ਼ਿਆਦਾ ਦੇਰ ਤਕ ਰੱਜਿਆਂ-ਰੱਜਿਆਂ ਮਹਿਸੂਸ ਕਰਵਾਉਂਦੇ ਹਨ।

2.    ਫਾਈਬਰ :- ਜ਼ਿਆਦਾ ਫਾਈਬਰ (ਰੇਸ਼ੇ) ਵਾਲੇ ਭੋਜਨ ਹੋਲੀ ਹਜੂਮ ਹੁੰਦੇ ਹਨ ਅਤੇ ਜਲਦੀ ਭੁੱਖ ਮਹਿਸੂਸ ਨਹੀਂ ਲਗਦੀ।

3.    ਜ਼ਿਆਦਾ ਪਾਣੀ ਜਾਂ ਹਵਾ ਵਾਲੇ ਭੋਜਨ ਤ੍ਰਿਪਤੀ ਜ਼ਿਆਦਾ ਦਿੰਦੇ ਹਨ।

4.    ਖੰਡ ਅਤੇ ਸੁਧਰੇ ਕਾਰਬੋ ਨੂੰ ਛੱਡ ਕੇ ਬਾਕੀ ਕਾਰਬੋ ਜਲਦੀ ਭੁੱਖ ਮਹਿਸੂਸ ਨਹੀਂ ਹੋਣ ਦਿੰਦੇ।

5.    ਉਹ ਭੋਜਨ ਜਿਨ੍ਹਾਂ ਵਿਚ ਭਾਰ ਦੇ ਮੁਕਾਬਲੇ ਘੱਟ ਕੈਲੋਰੀਜ਼ ਹੁੰਦੀਆਂ ਹਨ।

6.    ਫੈਟ : ਤ੍ਰਿਪਤੀ ਲਈ ਇਨ੍ਹਾਂ ਦੀ ਕੋਈ ਭੂਮਿਕਾ ਨਹੀਂ ਹੈ।

ਭੋਜਨ ਤੋਂ ਤ੍ਰਿਪਤੀ ਲੈਣ ਲਈ ਖੁਸ਼ਬੋ, ਸਵਾਦ, ਦਿਖ, ਖਾਣ ਸਮੇਂ ਵਾਤਾਵਰਣ, ਮਾਨਸਿਕ ਸਥਿਤੀ ਆਦਿ ਪ੍ਰਭਾਵ ਪਾਉਂਦੇ ਹਨ, ਪ੍ਰੰਤੂ ਤ੍ਰਿਪਤੀ ਅੰਕ ਦੀ ਮਦਦ ਨਾਲ ਯੋਗ ਭੋਜਨ ਦੀ ਚੋਣ ਲਈ ਅੰਦਾਜੇ ਲਗਾਏ ਜਾ ਸਕਦੇ ਹਨ।

ਜ਼ਿਆਦਾ ਅੰਕ ਵਾਲੇ ਭੋਜਨ ਜ਼ਿਆਦਾ ਸਮਾਂ ਰਜਿਆ ਰਖਦੇ ਹਨ। ਜਲਦੀ-ਜਲਦੀ ਭੁੱਖ ਨਹੀਂ ਲਗਦੀ।

ਜਿਨ੍ਹਾਂ ਭੋਜਨ ਦਾ ਇਹ ਅੰਕ ਘਟ ਹੋਵੇ ਉਹ ਕੈਲੋਰੀਜ਼ ਤਾਂ ਦਿੰਦੇ ਹਨ, ਪ੍ਰੰਤੂ ਤ੍ਰਿਪਤੀ ਨਹੀਂ ਦਿੰਦੇ, ਅਰਥਾਤ ਭੁੱਖ ਦੂਰ ਨਹੀਂ ਕਰਦੇ। ਇਹੋ ਜਿਹੇ ਭੋਜਨਾਂ ਤੋਂ ਖਾਧੀਆਂ ਕੈਲੋਰੀਜ਼ ਕੇਵਲ ਸਰੀਰ ਵਿਚ ਫੈਟ ਬਣਦੀਆਂ ਹਨ ਅਤੇ ਭਾਰ ਵਿੱਚ ਵਾਧਾ ਕਰਦੀਆਂ ਹਨ। ਇਸ ਨੁਕਤੇ ਨੂੰ ਹੋਰ ਸਪੱਸ਼ਟ ਕਰਨ ਲਈ ਕੁਝ ਉਦਾਹਰਨਾਂ ਪੇਸ਼ ਹਨ।

240 ਕੈਲੋਰੀਜ਼ ਵਾਲੇ ਉਬਲੇ ਆਲੂਆਂ ਦਾ (ਸਭ ਤੋਂ ਵੱਧ) ਅੰਕ 323 ਹੈ। ਬਾਕੀ ਭੋਜਨ ਤੋਂ ਇੰਨੀ ਤ੍ਰਿਪਤੀ ਲੈਣ ਲਈ ਕੈਲੋਰੀਜ਼ ਦੀ ਮਾਤਰਾ ਹੇਠ ਲਿਖੇ ਅਨੁਸਾਰ ਲੈਣੀ ਹੋਵੇਗੀ।

1.    ਕੇਕ ਦਾ ਇਹ ਅੰਕ 65 ਹੈ। ਇਨ੍ਹਾਂ ਕੇਕ ਖਾਣਾ ਹੋਵੇਗਾ ਜੋ 1220 ਕੈਲੋਰੀਜ਼ ਦੇਵੇ।

2.    ਮੂੰਗਫਲੀ ਦਾ ਅੰਕ 840 ਇੰਨੀ ਮੂੰਗਫਲੀ ਖਾਣੀ ਹੋਵੇਗੀ ਜੋ 940 ਕੈਲੋਰੀਜ਼।

3.    ਚਿੱਟੀ ਡਬਲ ਰੋਟੀ ਦਾ ਅੰਕ 100 ਹੈ। ਕੈਲੋਰੀਜ਼ 740 ਦੀ ਲੋੜ

4.    ਅੰਡੇ ਦਾ ਅੰਕ 150 ਹੈ। ਕੈਲੋਰੀਜ਼ 520 ਸੰਗਤਰੇ ਦਾ ਅੰਕ 202 ਹੈ। ਕੇਲੇ ਨਾਲੋਂ ਲਗਭਗ ਦੁਗਣੀ ਸੰਤੁਸ਼ਟੀ ਦਿੰਦਾ ਹੈ।
ਡਾਈਟਿੰਗ ਕਰਕੇ ਭਾਰ ਘਟ/ਕਾਬੂ ਰੱਖਣ ਨਾਲੋਂ ਜ਼ਿਆਦਾ ਅੰਕ ਵਾਲੇ ਭੋਜਨ ਖਾਣ ਵਿਚ ਸਿਆਣਪ ਹੈ।


ਬੁਰਾਰੀ (ਦਿੱਲੀ) ਵਿਖੇ ਭੈਅ ਦੇ ਮਾਹੌਲ ਦੀ ਸਿਰਜਣਾ ਕਿਵੇਂ ਹੋਈ?

$
0
0

ਪਰਿਵਾਰ ਦੀ ਜਾਣ-ਪਹਿਚਾਣ : ਦਿੱਲੀ ਦਾ ਬੁਰਾਰੀ ਕਿਸੇ ਸਮੇਂ ਇੱਕ ਪਿੰਡ ਹੁੰਦਾ ਸੀ। ਪਰ ਅੱਜ ਦਿੱਲੀ ਵਿੱਚ ਇਹ ਇੱਕ ਸ਼ਹਿਰ ਬਣ ਗਿਆ ਹੈ। ਇੱਥੇ ਰਾਜਸਥਾਨ ਤੋਂ ਆ ਕੇ ਭਾਟੀਆ ਪਰਿਵਾਰ ਰਹਿੰਦਾ ਸੀ। ਪਰਿਵਾਰ ਦੀ ਮੁਖੀ ਨਰਾਇਣੀ ਜੀ ਦੇ ਦੋ ਬੇਟੇ ਭੁਪਿੰਦਰ ਅਤੇ ਲਲਿਤ ਆਪਣੀਆਂ ਪਤਨੀਆਂ ਅਤੇ ਪੰਜ ਬੱਚਿਆਂ ਸਮੇਤ ਇੱਕੋ ਘਰ ਵਿੱਚ ਰਹਿੰਦੇ ਸਨ। ਉਨ੍ਹਾਂ ਦੇ ਨਾਲ ਉਨ੍ਹਾਂ ਦੀ ਇੱਕ ਵਿਧਵਾ ਭੈਣ ਵੀ ਰਹਿੰਦੀ ਸੀ। ਇਹ ਪਰਿਵਾਰ ਬਹੁਤ ਚੰਗਾ ਪਰਿਵਾਰ ਸੀ। ਗਲੀ-ਗੁਆਂਢ ਵਿੱਚ ਕਦੇ ਕਿਸੇ ਨੂੰ ਉ¤ਚਾ ਨਹੀਂ ਸੀ ਬੋਲਿਆ।  ਬੁਰਾਰੀ ਦੇ ਲੋਕ ਦਸਦੇ ਹਨ ਕਿ ਇਹਨਾਂ ਦਾ ਵੱਡਾ ਬੇਟਾ ਭੁਪਿੰਦਰ ਆਪਣੀ ਦੁਕਾਨ ’ਤੇ ਇੱਕ ਫੱਟਾ ਲਟਕਾ ਕੇ ਰੱਖਦਾ ਸੀ ਅਤੇ ਉਸ ਉ¤ਪਰ ਰੋਜ਼ ਨਵਾਂ ਵਿਚਾਰ ਲਿਖਦਾ ਸੀ। ਪਰਿਵਾਰ ਦੇ ਦੋ ਮੈਂਬਰ ਵਿਦਿਆਰਥੀਆਂ ਨੂੰ ਟਿਊਸ਼ਨਾਂ ਵੀ ਪੜ੍ਹਾਉਂਦੇ ਸਨ। ਇੱਕ ਬੇਟੀ ਮਲਟੀਨੈਸ਼ਨਲ ਕੰਪਨੀ ਵਿੱਚ ਮੁਲਾਜ਼ਮ ਸੀ। ਪਰਿਵਾਰ ਨੂੰ ਇਸ ਕਰਕੇ ਚੰਗਾ ਮੰਨਿਆਂ ਜਾਂਦਾ ਸੀ ਕਿ ਅੱਜ ਦੇ  ਜ਼ਮਾਨੇ ਵਿੱਚ ਪਿਛਲੇ 30 ਵਰ੍ਹਿਆਂ ਤੋਂ ਸਾਰਾ ਪਰਿਵਾਰ ਇਕੱਠਾ ਰਹਿ ਰਿਹਾ ਸੀ। ਇਸ ਪਰਿਵਾਰ ਦੇ 11 ਮੈਂਬਰਾਂ ਨੇ ਛੱਤ ਦੀਆਂ ਗਰਿੱਲਾਂ ਨਾਲ ਲਮਕਾਈਆਂ ਰੱਸੀਆਂ ਨਾਲ ਲਟਕ ਕੇ ਆਪਣੀ ਜੀਵਨ ਲੀਲ੍ਹਾ ਖ਼ਤਮ ਕਰ ਲਈ।

ਇਹ ਘਟਨਾ ਕਿਵੇਂ ਵਾਪਰੀ? : ਪਰਿਵਾਰ ਦੇ 45 ਸਾਲਾ ਬੇਟੇ ਲਲਿਤ ਨੂੰ ‘ਆਕਾਸ਼ਬਾਣੀ’ ਹੁੰਦੀ ਸੀ। ਉਸ ਦਾ 10 ਸਾਲ ਪਹਿਲਾਂ ਮਰਿਆ ਪਿਤਾ ਉਸ ਵਿੱਚ ਆ ਕੇ ਉਸ ਨੂੰ ਕੁੱਝ ਆਦੇਸ਼ ਦਿੰਦਾ ਸੀ। ਇਹਨਾਂ ਆਦੇਸ਼ਾਂ ਅਧੀਨ ਪਰਿਵਾਰ ਦੇ ਮੈਂਬਰ ਲਲਿਤ ਦਾ ਕਹਿਣਾ ਮੰਨਦੇ ਸਨ। ਕੋਈ ਵੀ ਪਰਿਵਾਰਕ ਮੈਂਬਰ ਕਿੰਤੂ-ਪ੍ਰੰਤੂ ਨਹੀਂ ਸੀ ਕਰਦਾ।  ਕੁੱਝ ਸਮੇਂ ਤੋਂ ਲਲਿਤ ਪਰਿਵਾਰ ਵਿੱਚ ਇਹ ਕਹਿ ਰਿਹਾ ਸੀ ਕਿ ਮੈਨੂੰ ਆਕਾਸ਼ਬਾਣੀ ਹੋਈ ਹੈ। ਪਰਿਵਾਰ ਦੇ ਸਾਰੇ ਜੀਆਂ ਨੇ ਗਲਾਂ ਵਿੱਚ ਰੱਸੇ ਪਾ ਕੇ ਲਟਕ ਜਾਣਾ ਹੈ। ਇਸ ਤਰ੍ਹਾਂ ਸਾਨੂੰ ਸਾਰਿਆਂ ਨੂੰ ਮੁਕਤੀ ਮਿਲ ਜਾਵੇਗੀ। ਨਿਸਚਿਤ ਸਮੇਂ ’ਤੇ ਆ ਕੇ ਪਿਤਾ ਜੀ ਨੇ ਸਾਡੀਆਂ ਰੱਸੀਆਂ ਖੋਲ੍ਹ ਦੇਣੀਆਂ ਹਨ ਅਤੇ ਅਸੀਂ ਮੁੜ ਜੀਵਿਤ ਹੋ ਜਾਵਾਂਗੇ। ਪਹਿਲੀ ਜੁਲਾਈ 2018 ਦੀ ਰਾਤ ਨੂੰ ਠੀਕ ਅਜਿਹਾ ਹੀ ਵਾਪਰ ਗਿਆ।

ਇਹ ਘਟਨਾ ਕਿਉਂ ਵਾਪਰੀ? :  ਤਰਕਸ਼ੀਲ ਲਹਿਰ ਵਿੱਚ ਕੰਮ ਕਰਦਿਆਂ ਖ਼ੁਦਕੁਸ਼ੀ ਜਾਂ ਕਤਲਾਂ ਦੀਆਂ ਬਹੁਤ ਸਾਰੀਆਂ ਘਟਨਾਵਾਂ ਧਾਰਮਿਕ ਪ੍ਰਭਾਵ ਹੇਠ ਵਾਪਰੀਆਂ ਵੇਖੀਆਂ ਹਨ। ਜਦੋਂ ਕੋਈ ਵਿਅਕਤੀ ਜ਼ਿਆਦਾ ਧਾਰਮਿਕ ਹੋ ਜਾਵੇ ਤਾਂ ਧਰਮ ਦਾ ਇਹ ਨਸ਼ਾ ਉਸ ਦੇ ਦਿਮਾਗ ਨੂੰ ਚੜ੍ਹ ਜਾਂਦਾ ਹੈ। ਉਸ ਨੂੰ ਆਲੇ -ਦੁਆਲੇ ਦੀ ਸੁਧ ਨਹੀਂ ਰਹਿੰਦੀ। ਕੁੱਝ ਹਾਲਤਾਂ ਵਿੱਚ ਉਹ ਮਾਨਸਿਕ ਤਵਾਜ਼ਨ ਵੀ ਖੋ ਬੈਠਦੇ ਹਨ।  ਜਿਵੇਂ ਕੋਈ ਵਿਅਕਤੀ ਸੁੱਖਾ ਖਾ ਲੈਂਦਾ ਹੈ, ਉਸਨੂੰ ਆਪਣਾ ਸਰੀਰ ਹਵਾ ਵਿੱਚ ਉ¤ਡਦਾ ਨਜ਼ਰ  ਆਉਂਦਾ ਹੈ ਅਤੇ ਉਸਨੂੰ ਹੋਰ ਵਿਚਾਰ ਵੀ ਆਉਣੇ ਸ਼ੁਰੂ ਹੋ ਜਾਂਦੇ ਹਨ। ਮਾਨਸਿਕ ਰੋਗਾਂ ਦੇ ਹਸਪਤਾਲਾਂ ਵਿੱਚ ਵੀ ਅਸੀਂ ਦੇਖਿਆ ਹੈ ਕਿ ਮਾਨਸਿਕ ਰੋਗੀਆਂ ਨੂੰ ਅਕਸਰ ਹੀ ਅਜਿਹੇ ਭਰਮ ਪੈਦਾ ਹੋਣੇ ਸ਼ੁਰੂ ਹੋ ਜਾਂਦੇ ਹਨ। ਕਿਸੇ ਨੂੰ ਕੋਈ ਚੀਜ਼ ਵਿਖਾਈ ਦੇਣੀ ਸ਼ੁਰੂ ਹੋ ਜਾਂਦੀ ਹੈ, ਕਿਸੇ ਨੂੰ ਉਲਟੀਆਂ ਸਿੱਧੀਆਂ ਗੱਲਾਂ ਵਿਚਾਰਾਂ ਰਾਹੀਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ। ਠੀਕ ਇਸ ਤਰ੍ਹਾਂ ਹੀ ਬੁਰਾਰੀ ਦੇ 45 ਸਾਲਾ ਲਲਿਤ ਨਾਲ ਹੋਇਆ। ਉਸ ਵਿੱਚ ਉਸ ਦੇ ਮ੍ਰਿਤਕ ਪਿਤਾ ਦੀ ‘ਆਤਮਾ’ ਆਉਣੀ ਸ਼ੁਰੂ ਹੋ ਗਈ। ਉਹ ਪਰਿਵਾਰਿਕ ਜੀਆਂ ਨੂੰ ਆਦੇਸ਼ ਦੇਣ ਲੱਗ ਪਿਆ। ਕਿਉਂਕਿ ਇਹ ਸਿਲਸਿਲਾ ਪਿਛਲੇ ਦਸ ਸਾਲ ਤੋਂ ਚੱਲ ਰਿਹਾ ਸੀ। ਹੌਲੀ-ਹੌਲੀ ਪਰਿਵਾਰਕ ਮੈਂਬਰਾਂ ਨੇ ਲਲਿਤ ਨੂੰ ਕਿੰਤੂ ਪੰ੍ਰਤੂ ਕਰਨਾ ਛੱਡ ਦਿੱਤਾ। ਘਰ ਵਿੱਚ ਤੰਗ ਨਜ਼ਰੀ ਦਾ ਮਾਹੌਲ ਪੈਦਾ ਹੋ ਗਿਆ। ਘਟਨਾ ਤੋਂ ਕੁੱਝ ਦਿਨ ਪਹਿਲਾਂ ਲਲਿਤ ਨੇ ਆਦੇਸ਼ ਦੇਣੇ ਸ਼ੁਰੂ ਕਰ ਦਿੱਤੇ। ਰੱਸੀਆਂ ਅਤੇ ਸਟੂਲ ਖਰੀਦ ਕੇ ਲਿਆਉਣ ਲਈ ਵੱਖ-ਵੱਖ ਮੈਂਬਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ। ਇੱਕ-ਦੂਜੇ ਦੇ ਹੱਥ ਬੰਨ੍ਹਣ ਲਈ ਮੈਂਬਰਾਂ ਦੀ ਨਿਯੁਕਤੀ ਕੀਤੀ ਗਈ। ਕਿਸੇ ਹੀਲ-ਹੁੱਜਤ ਤੋਂ ਵਗੈਰ ਪਰਿਵਾਰ ਦੇ ਸਾਰੇ ਮੈਂਬਰ ਰੱਸੀਆਂ ਪਾ ਕੇ  ਲਟਕ ਗਏ।

ਇਹ ਘਟਨਾਵਾਂ ਕਿਵੇਂ ਰੁਕ ਸਕਦੀਆਂ ਸਨ? : ਬਿਨਾਂ ਸ਼ੱਕ ਇਹ ਪਰਿਵਾਰ ਬਹੁਤ ਚੰਗਾ ਸੀ। ਪਰ ਇਸ ਪਰਿਵਾਰ ਵਿੱਚ ਇੱਕ ਵੱਡਾ ਨੁਕਸ਼ ਸੀ। ੳਹ ਨੁਕਸ ਇਹ ਸੀ ਕਿ ਇਸ ਪਰਿਵਾਰ ਨੇ ਆਪਣੇ ਪਰਿਵਾਰਕ ਜੀਆਂ ਨੂੰ ਘਰ ਵਿੱਚ ਵਿਚਾਰ ਚਰਚਾ ਕਰਨ ’ਤੇ ਰੋਕ ਲਗਾ ਦਿੱਤੀ ਸੀ। ਵਿਗਿਆਨਕ ਨਜ਼ਰੀਏ ਦੀ ਘਾਟ ਸੀ।  ਸਕੂਲੀ ਸਿਲੇਬਸਾਂ ਵਿੱਚ ਵਿਦਿਆਰਥੀਆਂ ਨੂੰ ਪੜ੍ਹਾਈ ਜਾਂਦੀ ਵਿਗਿਆਨ ਨੂੰ ਆਪਣੇ ਅਮਲੀ ਜੀਵਨ ਵਿੱਚ ਅਪਨਾਉਣ ਦੀ ਸਿੱਖਿਆ ਨਾ ਹੀ ਦਿੱਤੀ ਗਈ ਅਤੇ ਨਾ ਹੀ ਘਰ ਵਿੱਚ ਪੁੱਜੀ। ਵਿਦਿਆਰਥੀਆਂ ਅਤੇ ਬਾਕੀ ਪਰਿਵਾਰਕ ਮੈਂਬਰਾਂ ਨੂੰ ਲਾਈਲੱਗ ਬਣ ਕੇ ਇੱਕ ਵਿਅਕਤੀ ਦੇ ਪਿੱਛੇ ਚੱਲਣ ਦੀ ਸਿੱਖਿਆ ਦਿੱਤੀ ਗਈ। ਅਜਿਹੇ ਤੰਗ ਨਜ਼ਰੀਏ ਮਾਹੌਲ ਵਿੱਚ ਅਜਿਹਾ ਕੁੱਝ ਵਾਪਰ ਜਾਣਾ ਸੁਭਾਵਿਕ ਹੀ ਹੁੰਦਾ ਹੈ। ਜੇ ਤੁਹਾਡੇ ਘਰ ਵਿੱਚ ਕਿਸੇ ਨੁਕਤੇ ’ਤੇ ਵਿਚਾਰਾਂ ਦਾ ਆਦਾਨ-ਪ੍ਰਦਾਨ ਨਹੀਂ ਹੁੰਦਾ ਤਾਂ ਮੈਂ ਸਮਝਦਾ ਹਾਂ ਤਾਂ ਉਹ ਘਰ ਕਿਸੇ ਨਰਕ ਤੋਂ ਘੱਟ ਨਹੀਂ ਹੈ।

ਹੋਰ ਘਟਨਾਵਾਂ ਕਿੱਥੇ-ਕਿੱਥੇ ਵਾਪਰੀਆਂ : ਅਮਰੀਕਾ ਵਿੱਚ ਇੱਕ ਅਜਿਹੀ ਧਾਰਮਿਕ ਸੰਸਥਾ ਪੀਪਲਜ਼ ਟੈਂਪਲ ਸੀ, ਜਿਸ ਦੇ 918 ਮੈਂਬਰਾਂ ਨੇ ਸਾਇਆਨਾਈਡ ਪੀ ਕੇ ਖ਼ੁਦਕੁਸ਼ੀ  ਕਰ ਲਈ ਸੀ। ਇਸ ਤਰ੍ਹਾਂ ਸੋਲ੍ਹਰ ਟੈਂਪਲ ਨਾਂ ਦੀ ਇੱਕ ਸੰਸਥਾ ਦੇ 78 ਮੈਂਬਰਾਂ ਨੇ ਆਪਣੇ ਆਪ ਨੂੰ ਮਾਰ ਮੁਕਾ ਲਿਆ। ਕੁੱਝ ਦਿਨ ਪਹਿਲਾਂ ਹੀ ਜਾਪਾਨ ਵਿੱਚ ਇੱਕ ਧਾਰਮਿਕ ਆਗੂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ। ਉਸ ਨੇ ਰੇਲਗੱਡੀ  ਅਤੇ ਚੌਰਸਤਿਆਂ ਵਿੱਚ ਗੈਸ ਛੱਡ ਕੇ ਲੋਕਾਂ ਨੂੰ ਮਾਰ ਮੁਕਾਉਣ ਦਾ ਯਤਨ ਕੀਤਾ ਸੀ। ਸਾਡੇ ਦੇਸ਼ ਵਿੱਚ ਅਜਿਹੀਆਂ ਧਾਰਮਿਕ ਸੰਸਥਾਵਾਂ ਹਨ, ਜਿਹੜੀਆਂ ਕਹਿੰਦੀਆਂ ਹਨ ਕਿ ਦੁਨੀਆਂ ਨਸ਼ਟ ਹੋ ਜਾਵੇਗੀ, ਇਸ ਤਾਰੀਕ ਨੂੰ ਮੁਰਦੇ ਜਿਉਂਦੇ ਹੋ ਜਾਣਗੇ। ਅਜਿਹੀਆਂ ਸੰਸਥਾਵਾਂ ਆਪਣੇ ਵਿਚਾਰਾਂ ਨੂੰ ਹਕੀਕੀ ਰੂਪ ਦੇਣ ਲਈ ਕਈ ਵਾਰ ਯਤਨ ਵੀ ਕਰਦੀਆਂ ਹਨ।

ਬੁਰਾਰੀ ਵਿੱਚ ਡਰ ਦਾ ਮਾਹੌਲ ਕਿਵੇਂ ਸਿਰਜਿਆ ਗਿਆ? : ਦਿੱਲੀ ਵਿੱਚ ਕੰਮ ਕਰਦੇ ਬਹੁਤ ਸਾਰੇ ਨਿੱਜੀ ਚੈਨਲਾਂ ਨੇ ਲੋਕਾਂ ਨੂੰ ਵਾਰ-ਵਾਰ ਉਹੀ ਘਰ ਵਿਖਾਇਆ ਕਿ ਇਸ ਘਰ ਵਿੱਚ ਕੁੱਝ ਬੁਰੀਆਂ ਆਤਮਾਵਾਂ ਅੱਜ ਵੀ ਮੌਜੂਦ ਨੇ। ਉਹ ਆਤਮਾਵਾਂ ਬਾਰੇ ਕਲਪਿਤ ਕਿੱਸੇ ਕਹਾਣੀਆਂ ਵਾਰ-ਵਾਰ ਸੁਣਾ-ਸੁਣਾ ਕੇ ਲੋਕਾਂ  ਨੂੰ ਡਰਾਉਣਾ ਸ਼ੁਰੂ ਕਰ ਦਿੱਤਾ। ਗੈਰਵਿਗਿਆਨਕ ਘਟਨਾਵਾਂ ਦਾ ਪ੍ਰਚਾਰ ਅਤੇ ਪ੍ਰਸਾਰ ਕਰਨ ’ਤੇ ਇਸ ਦੇਸ਼ ਵਿੱਚ ਕੋਈ ਪਾਬੰਦੀ ਨਹੀਂ। ਲੱਖਾਂ-ਕਰੋੜਾਂ ਲੋਕਾਂ ਨੂੰ ਅੰਧਵਿਸ਼ਵਾਸ਼ ਦੀ ਦਲਦਲ ਵਿੱਚ ਧੱਕਣ ਵਾਲੇ ਅਪਰਾਧੀਆਂ ਨੂੰ ਅਪਰਾਧੀ ਮੇਰੇ ਦੇਸ਼ ਵਿੱਚ ਨਹੀਂ ਗਿਣਿਆਂ ਜਾਂਦਾ। ਇੱਕ ਨਵੀ ਕਿਸਮ ਦੇ ਬਾਬਿਆਂ ਨੂੰ ਚੈਨਲਾਂ ਤੇ ਵਾਰ-ਵਾਰ ਵਿਖਾਇਆ ਜਾਂਦਾ ਹੈ। ਵਾਰ-ਵਾਰ ਦਿਖਾਈਆਂ ਗਈਆਂ ਅਜਿਹੀਆਂ ਘਟਨਾਵਾਂ ਲੋਕਾਂ ਵਿੱਚ ਡਰ ਦਾ ਮਾਹੌਲ ਸਿਰਜ ਹੀ ਦਿੰਦੀਆਂ ਹਨ। ਇਸ ਲਈ ਦਿੱਲੀ ਦੇ ਲੋਕਾਂ ਨੂੰ ਮੁਜ਼ਾਹਰੇ ਵੀ ਕਰਨੇ ਪਏ। ਪਰ ਸਰਕਾਰ ਦੇ ਕੰਨ੍ਹਾਂ ਉਪਰ ਜੂੰ ਤੱਕ ਨਹੀਂ ਸਰਕੀ। ਇਸ ਭੈਅ ਦੇ ਮਾਹੌਲ ਨੂੰ ਦੂਰ ਕਰਨ ਲਈ ਸਾਨੂੰ ਤਰਕਸ਼ੀਲਾਂ ਨੂੰ ਵੀ ਦਿੱਲੀ ਬੁਲਾਇਆ ਗਿਆ। ਇੱਕ ਚੈਨਲ ਤੇ ਮੇਰਾ ਵਿਚਾਰ-ਵਟਾਂਦਰਾਂ ਇੱਕ ਨਵੀਂ ਕਿਸਮ ਦੇ ਬਾਬੇ ਨਾਲ ਹੋ ਗਿਆ। ਇਹ ਅਖੌਤੀ ਬਾਬਾ ਭਾਵੇਂ ਇੱਕ ਨੌਜਵਾਨ ਲੜਕਾ ਹੀ ਸੀ। ਉਹ ਇੱਕ ਪੈਰਾਨਾਰਮਲ ਨਾਂ ਦੀ ਸੰਸਥਾ ਦਾ ਕਰਤਾ-ਧਰਤਾ ਸੀ। ਇਨ੍ਹਾਂ ਨਾਲ ਸਾਡਾ ਵਾਹ ਪਹਿਲਾਂ ਵੀ ਪਿਆ ਹੈ। ਗੌਰਵ ਤਿਵਾੜੀ ਨਾਂ ਦਾ ਵਿਅਕਤੀ ਇਸ ਸੰਸਥਾ ਦਾ ਮੋਢੀ ਸੀ। ਕੁੱਝ ਸਮਾਂ ਪਹਿਲਾਂ ਕਿਸੇ ਚੈਨਲ ਤੇ ਹੋਏ ਬਹਿਸ-ਵਟਾਦਰੇ ਵਿੱਚ ਉਹ ਆਪਣੇ ਦੁਆਰਾ ਲਿਆਂਦੇ ਗਏ ਯੰਤਰਾਂ ਨੂੰ ਆਤਮਾਵਾਂ ਦੀ ਹੋਂਦ ਮਾਪਣ ਵਾਲੇ ਨੂੰ ਵਿਗਿਆਨਕ ਯੰਤਰ ਸਿੱਧ ਨਾ ਕਰ ਸਕਿਆ। ਆਪਣੀਆਂ ਪਰਿਵਾਰਕ ਉਲਝਣਾਂ ਵਿੱਚ ਉਲਝ ਕੇ ਇਸ ਵਿਅਕਤੀ ਨੇ ਆਪਣੀ ਜੀਵਨ ਲੀਲ੍ਹਾ ਖ਼ਤਮ ਕਰ ਲਈ। ਮੈਂ ਪੈਰਾਨਾਰਮਲ ਸੁਸਾਇਟੀ ਦੇ ਮੌਜੂਦਾ ਕਰਤਾ-ਧਰਤਾ ਨੂੰ ਪੁੱਛਿਆ ਕਿ ਤੇਰੇ ਯੰਤਰ ਭੂਤਾਂ ਵਾਲੇ ਘਰਾਂ ਵਿੱਚੋਂ ਭੂਤਾਂ ਨੂੰ ਕਿਵੇਂ ਤਲਾਸ਼ਦੇ ਹਨ? ਉਹ ਕਹਿਣ ਲੱਗਿਆ ਕਿ ਭੂਤਾਂ-ਪ੍ਰੇਤਾਂ ਦੀਆਂ ਆਤਮਾਵਾਂ ਜਿਸ ਥਾਂ ’ਤੇ ਰਹਿੰਦੀਆਂ ਹਨ, ਤਾਂ ਉਹ ‘ਵੇਵਜ ਸਿਗਨਲਜ’ ਛੱਡਦੀਆਂ ਹਨ। ਮੇਰੇ ਯੰਤਰ ਉਨ੍ਹਾਂ ਨੂੰ ਮਾਪ ਕੇ ਦੱਸ ਸਕਦੇ ਹਨ ਕਿ ਕਿਹੜੇ ਘਰ ਵਿੱਚ ਭੂਤਾਂ ਦਾ ਵਾਸਾ ਹੈ। ਬੁਰਾਰੀ ਕਾਂਡ ਤੋਂ ਪਿੱਛੋਂ 30 ਦੇ ਕਰੀਬ ਚੈਨਲਾਂ ਨੇ ਇਸ ਪੈਰਾਨਾਰਮਲ ਸੁਸਾਇਟੀ ਵਾਲਿਆਂ ਨੂੰ ਖਾਸ ਤੌਰ ’ਤੇ ਬੁਲਾਇਆ ਗਿਆ। ਮੇਰਾ ਅਗਲਾ ਸੁਆਲ ਉਸ ਨੂੰ ਇਹ ਸੀ ਕਿ ਕੀ ਭੂਤ-ਪ੍ਰੇਤ ਹੁੰਦੇ ਹਨ? ਉਹ ਕਹਿਣ ਲੱਗਿਆ ਕਿ ‘‘ਉਂਝ ਤਾਂ ਮੈਂ ਭੂਤਾਂ-ਪ੍ਰੇਤਾਂ ਅਤੇ ਅੰਧਵਿਸ਼ਵਾਸ਼ਾਂ ਦਾ ਵਿਰੋਧੀ ਹਾਂ। 96 ਪ੍ਰਤੀਸ਼ਤ ਕੇਸਾਂ ਵਿੱਚ ਸਾਨੂੰ ਮਿਲਦਾ ਵੀ ਕੁੱਝ ਨਹੀਂ। ਪਰ 4 ਚਾਰ ਪ੍ਰਤੀਸ਼ਤ ਕੇਸਾਂ ਵਿੱਚ ਉਨ੍ਹਾਂ ਦੀ ਮੌਜੂਦਗੀ ਦਾ ਅਹਿਸਾਸ ਹੁੰਦਾ ਹੈ।’’ ਇਸ ਤਰ੍ਹਾਂ ਕਹਿਣ ਨੂੰ  ਅਜਿਹੇ ਲੋਕ ਅੰਧਵਿਸ਼ਵਾਸ਼ਾਂ ਦੇ ਵਿਰੋਧੀ ਹੁੰਦੀ ਹਨ ਪਰ ਇਹ ਅੰਧਵਿਸ਼ਵਾਸ਼ ਪੈਦਾ ਕਰਨ ਦਾ ਵੱਡਾ ਵਸੀਲਾ ਬਣਦੇ ਹਨ। ਅਸੀਂ ਜਾਣਦੇ ਹਾਂ ਕਿ ਜਿਸ ਧਰਤੀ ’ਤੇ ਅਸੀਂ ਰਹਿੰਦੇ ਹਾਂ, ਇਸ ਧਰਤ ਦੇ ਅੰਦਰ ਖਰਬਾਂ ਟਨ ਲੋਹਾ ਅਤੇ ਹੋਰ ਪਦਾਰਥ ਪਿਘਲੀ ਹੋਈ ਹਾਲਤ ਵਿੱਚ ਹਨ।  ਧਰਤੀ ਦੀਆਂ ਗਤੀਆਂ ਕਾਰਨ ਇਸ ਵਿੱਚੋਂ ਕੁੱਝ ਤਰਲ ਪਦਾਰਥ ਇੱਧਰ-ਉ¤ਧਰ ਦੀ ਗਤੀ ਕਰਦਾ ਰਹਿੰਦਾ ਹੈ। ਇਸ ਗਤੀ ਕਾਰਨ  ਕੁੱਝ ਬਿਜਲੀ ਚੁੰਬਕੀ ਤਰੰਗਾਂ ਅਤੇ ਧੁਨੀ ਤਰੰਗਾਂ ਪੈਦਾ ਹੁੰਦੀਆਂ ਹੀ ਰਹਿੰਦੀਆਂ ਹਨ। ਇਸ ਤਰ੍ਹਾਂ ਹੀ ਸਾਡੇ ਬ੍ਰਹਿਮੰਡ ਵਿੱਚੋਂ ਅਤੇ ਸਾਡੇ ਸੂਰਜ ਵਿੱਚੋਂ ਕਦੇ ਨਾ ਕਦੇ ਕੁੱਝ ਆਵਾਜ਼ਾਂ ਵਿਗਿਆਨਕਾਂ ਦੁਆਰਾ ਬਣਾਏ ਯੰਤਰਾਂ ਦੀ ਪਕੜ ਵਿੱਚ ਆ ਜਾਂਦੀਆਂ ਹਨ।  ਇਨ੍ਹਾਂ ਤਰੰਗਾਂ ਦੇ ਨਾਂ ’ਤੇ  ਇਹ ਪੈਰਾਨਾਰਮਲ ਸੁਸਾਇਟੀ ਵਾਲੇ ਲੋਕਾਂ ਨੂੰ ਭਰਮ-ਭੁਲੇਖਿਆਂ ਵਿੱਚ ਪਾ ਰਹੇ ਹਨ। ਸਧਾਰਨ ਲੋਕਾਂ ਨੂੰ ਇਹ ਨਹੀਂ ਪਤਾ ਕਿ ਧਰਤੀ ’ਤੇ ਹਰ ਸਮੇਂ ਕਿਸੇ ਨਾ ਕਿਸੇ ਕੋਨੇ ਵਿੱਚ ਭੂਚਾਲ ਆਉਂਦਾ ਹੀ ਰਹਿੰਦਾ ਹੈ। ਇਨ੍ਹਾਂ ਦੁਆਰਾ ਛੱਡੀਆਂ ਕੁੱਝ ਆਵਾਜ਼ਾਂ ਜਾਂ ਵੇਵਜ਼ ਸਿਗਨਲਜ਼ ਵਿਗਿਆਨਕ ਯੰਤਰਾਂ ਦੀ ਪਕੜ ਵਿੱਚ ਆ ਹੀ ਜਾਂਦੇ ਹਨ। ਪਰ ਇਸ ਚੈਨਲ ’ਤੇ ਮੇਰਾ ਜ਼ੋਰ ਇਹ ਸਿੱਧ ਕਰਨ ’ਤੇ  ਹੀ ਸੀ ਕਿ ਸਰੀਰ ਵਿੱਚ ਆਤਮਾ ਦੀ ਕੋਈ ਹੋਂਦ ਨਹੀਂ ਹੁੰਦੀ। ਇਹ ਸਿੱਧ ਵੀ ਹੋ ਚੁੱਕਿਆ ਹੈ ਕਿ ਆਤਮਾ ਨਾ ਤਾਂ ਪੂਰੇ ਸਰੀਰ ਵਿੱਚ ਰਹਿੰਦੀ ਹੈ। ਕਿਉਂਕਿ ਜਿੰਨ੍ਹਾਂ ਵਿਅਕਤੀਆਂ ਦੇ ਅੰਗ ਪੈਰ ਕਟ ਜਾਂਦੇ ਹਨ ਤਾਂ ਕੀ ਉਨ੍ਹਾਂ ਦੀ ਆਤਮਾ ਕੱਟਵੱਢ ਹੋ ਜਾਂਦੀ ਹੈ? ਧਰਤੀ ’ਤੇ ਲੱਖਾਂ ਵਿਅਕਤੀਆਂ ਦੇ ਦਿਲਾਂ ਦੇ ਆਪਰੇਸ਼ਨ ਹਰ ਰੋਜ਼ ਹੁੰਦੇ ਹਨ। ਪੁਰਾਣੇ ਦਿਲ ਕੱਢਕੇ ਹੋਰ ਦਿਲ ਪਾ ਦਿੱਤੇ ਜਾਂਦੇ ਹਨ, ਤਾਂ ਕੀ ਉਨ੍ਹਾਂ ਦੀਆਂ ਆਤਮਾਵਾਂ ਬਦਲ ਜਾਂਦੀਆਂ ਹਨ। ਇਸ ਤਰ੍ਹਾਂ ਹੀ ਦਿਮਾਗਾਂ ਦਾ ਹੁੰਦਾ ਹੈ। ਦਿਮਾਗਾਂ ਵਿੱਚ ਵੀ ਇਹ ਨਹੀਂ ਹੁੰਦੀਆਂ। ਲੱਖਾਂ ਵਿਅਕਤੀਆਂ ਦੇ ਦਿਮਾਗਾਂ ਦੇ ਆਪਰੇਸ਼ਨ ਹਰ ਰੋਜ਼ ਕੀਤੇ ਜਾਂਦੇ ਹਨ। ਕਿਸੇ ਡਾਕਟਰ ਨੂੰ ਕਿਸੇ ਆਤਮਾ ਦੇ ਕਦੇ ਵੀ ਦਰਸ਼ਨ ਨਹੀਂ ਹੋਏ। ਜੇ ਆਤਮਾ ਕੋਈ ਪਦਾਰਥ ਹੁੰਦੀ ਤਾਂ ਡਾਕਟਰਾਂ ਨੇ ਇਸ ਨੂੰ ਨਿਕਲਣ ਸਮੇਂ ਹੀ ਪਕੜ ਲਿਆ ਹੁੰਦਾ ਅਤੇ ਮੁੜ ਸਰੀਰ ਵਿੱਚ ਪਾ ਦਿੱਤਾ ਹੁੰਦਾ। ਕਿਸੇ ਡਾਕਟਰ ਨੇ ਅੱਜ ਤੱਕ ਇਸ ਦਾ ਭਾਰ ਨਹੀਂ ਦੱਸਿਆ। ਇਸ ਦਾ ਸਿੱਧਾ ਜਿਹਾ ਮਤਲਬ ਹੈ ਕਿ ਆਤਮਾ ਦੀ ਕੋਈ ਹੋਂਦ ਨਹੀਂ ਹੁੰਦੀ। ਜਿਸ ਤਰ੍ਹਾਂ ਟੈਲੀਵਿਜ਼ਨਾਂ ਦੀਆਂ ਵੱਖ-ਵੱਖ ਪ੍ਰਣਾਲੀਆਂ ਕੰਮ ਕਰਦੀਆਂ ਹਨ। ਇਸ ਤਰ੍ਹਾਂ ਹੀ ਸਾਡੇ ਸਰੀਰ ਵਿੱਚ ਭੋਜਨ ਪ੍ਰਣਾਲੀ, ਲਹੂ ਗੇੜ ਪ੍ਰਣਾਲੀ, ਸਾਹ ਪ੍ਰਣਾਲੀ, ਸੁਨੇਹਾ ਲਿਆੳਣ ਅਤੇ ਭੇਜਣ ਵਾਲੀ ਪ੍ਰਣਾਲੀ, ਪਿੰਜਰ ਪ੍ਰਣਾਲੀ ਅਤੇ ਹੋਰ ਕਈ ਪ੍ਰਣਾਲੀਆਂ ਹੁੰਦੀਆਂ। ਹਨ। ਕਿਸੇ ਮਹੱਤਵਪੂਰਨ ਪ੍ਰਣਾਲੀ ਦੇ ਕਾਰਜ ਰੁਕ ਜਾਣ ਕਾਰਨ ਸਾਡੇ ਸਰੀਰ ਦੀ ਮੌਤ ਹੋ ਜਾਂਦੀ ਹੈ। ਕੁੱਝ ਹਾਲਤਾਂ ਵਿੱਚ ਡਾਕਟਰ ਅੰਗਪ੍ਰਣਾਲੀਆਂ ਨੂੰ ਠੀਕ ਕਰਕੇ ਮੁੜ ਚਾਲੂ ਕਰ ਲੈਂਦੇ ਹਨ।

ਅਸੀਂ ਬੁਰਾਰੀ ਵਿਖੇ ਗਏ : ਅਸੀਂ ਬੁਰਾਰੀ ਵਿਖੇ ਇੱਕ ਸਕੂਲ ਵਿੱਚ ਸਥਾਨਕ 50-60 ਇਸਤਰੀਆਂ ਅਤੇ ਪੁਰਸ਼ਾਂ ਦਾ ਇਕੱਠ ਕੀਤਾ ਅਤੇ ਉਨ੍ਹਾਂ ਨੂੰ ਆਤਮਾਵਾਂ ਦੀ ਅਣਹੋਂਦ ਬਾਰੇ ਦੱਸਿਆ। ਇਸ ਦੇ ਨਾਲ ਹੀ ਇਹ ਜਾਣਕਾਰੀ ਵੀ ਦਿੱਤੀ ਗਈ ਕਿ ਤੁਹਾਨੂੰ ਡਰ ਦੇ ਮਾਹੌਲ ਵਿੱਚੋਂ ਬਾਹਰ ਆਉਣ ਲਈ ਹਰ ਘਰ ਵਿੱਚ ਵਿਚਾਰ-ਵਟਾਂਦਰੇ ਦਾ ਮਾਹੌਲ ਪੈਦਾ ਕਰਨਾ ਪਵੇਗਾ। ਸਥਾਨਕ ਲੋਕਾਂ ਦਾ ਕਹਿਣਾ ਸੀ ਕਿ ਜੇ ਤੁਸੀਂ ਬੁਰਾਰੀ ਦੇ ਸਾਰੇ ਸਕੂਲਾਂ ਵਿੱਚ ਅਜਿਹੇ ਫੰਕਸ਼ਨ ਕਰਕੇ ਲੋਕਾਂ ਨੂੰ ਸਮਝਾਓਗੇ ਤਾਂ ਬਣਿਆ ਭੈਅ ਦਾ ਮਾਹੌਲ ਖਤਮ ਕੀਤਾ ਜਾ ਸਕਦਾ ਹੈ। ਕਿਉਂਕਿ ਅਸੀਂ ਕੁੜਕੁੜ ਦੂਮਾਂ (ਦਿੱਲੀ) ਦੀ ਅਦਾਲਤ ਦੇ ਕੰਪਲੈਕਸ ਵਿੱਚ ਇਕੱਠੇ ਹੋਏ ਵਕੀਲਾਂ ਨਾਲ ਵੀ ਇਸੇ ਵਿਸ਼ੇ ’ਤੇ ਗੱਲਾਂਬਾਤਾਂ ਕਰਨੀਆਂ ਸਨ। ਸੋ ਅਸੀਂ ਵਕੀਲਾਂ ਰਾਹੀਂ ਬੁਰਾਰੀ ਦੇ ਲੋਕਾਂ ਨੂੰ ਸੁਨੇਹਾ ਦੇਣ ਲਈ ਤੁਰ ਪਏ।

2001 ਵਿੱਚ ਮੈਨੂੰ ਚੀਨ ਦੇ ਸਰਕਾਰੀ ਟੈਲਵਿਜ਼ਨ ਦਾ ਸੱਦਾ ਆਇਆ ਕਿ ਤੁਸੀਂ ਬੀਜਿੰਗ ਆਓ। ਉਥੇ ਤੁਹਾਡੇ ਨਾਲ ਕੁੱਝ ਜ਼ਰੂਰੀ ਗੱਲਾਂ ਕਰਨੀਆਂ ਹਨ। ਉਥੇ ਪਹੁੰਚਣ ਤੇ ਸਾਨੂੰ ਪਤਾ ਲੱਗਿਆ ਕਿ ਕੁੱਝ ਦਿਨ ਪਹਿਲਾਂ ਚੀਨ ਦੀ ਰਾਜਧਾਨੀ ਤਿਆਨ ਮਿਨ ਚੌਂਕ ਵਿੱਚ ਚਾਰ ਵਿਅਕਤੀ ਆਪਣੇ ਆਪ ਨੂੰ ਅੱਗ ਲਾ ਕੇ ਮੱਚ ਗਏ ਸਨ। ਇਨ੍ਹਾਂ ਵਿੱਚੋਂ ਤਿੰਨ ਦੀ ਮੌਕੇ ਤੇ ਹੀ ਮੌਤ ਹੋ ਗਈ ਸੀ। ਇੱਕ 14 ਸਾਲਾ ਲੜਕੀ ਜੋ ਅਜੇ ਸਹਿਕਦੀ ਸੀ, ਨੂੰ ਹਸਪਤਾਲ ਪਹੁੰਚਾਇਆ ਗਿਆ। ਡਾਕਟਰਾਂ ਨੇ ਉਸ ਨੂੰ ਪੁੱਛਿਆ ਕਿ ਤੂੰ ਅੱਗ ਕਿਉਂ ਲਾਈ? ਉਹ ਕਹਿਣ ਲੱਗੀ ਕਿ ‘‘ਮੇਰੇ ਗੁਰੂ ਜੀ ਨੇ ਕਿਹਾ ਸੀ ਕਿ ਜਿਹੜੇ ਤਿਆਨ ਮਿਨ ਚੌਕ ਵਿੱਚ ਅੱਗ ਲਾ ਕੇ ਮੱਚਣਗੇ ਉਹ ਸਵਰਗਾਂ ਨੂੰ ਜਾਣਗੇ।’’ ਡਾਕਟਰਾਂ ਨੇ ਅੱਗੋ ਪੁੱਛਿਆ ਕਿ ਸਵਰਗ ਵਿੱਚ ਕੀ ਹੈ? ਤਾਂ ਉਹ ਕਹਿਣ ਲੱਗੀ ਕਿ ‘‘ਸਵਰਗ ਵਿੱਚ ਸੋਨੇ ਦੀਆਂ ਇੱਟਾਂ ਅਤੇ ਸੜਕਾਂ ਨੇ।’’ ਇਹ ਕਹਿ ਕੇ ਉਹ ਲੜਕੀ ਮਰ ਗਈ ਪਰ ਚੀਨ ਸਰਕਾਰ ਲਈ ਇੱਕ ਸਵਾਲ ਖੜ੍ਹਾ ਕਰ ਗਈ ਕਿ ਮੰਡੀ ਖੋਲ੍ਹਣ ਨਾਲ ਪੱਛਮੀ ਦੇਸ਼ਾਂ ਦੇ ਅੰਧਵਿਸ਼ਵਾਸ਼ ਉਸ ਦੇਸ਼ ਵਿੱਚ ਆਉਣੇ ਸ਼ੁਰੂ ਹੋ ਗਏ। ਅੰਧਵਿਸ਼ਵਾਸਾਂ ਨੂੰ ਰੋਕਣ ਲਈ ਉਨ੍ਹਾਂ ਨੇ ਕੁੱਝ ਪ੍ਰੋਗਰਾਮ ਉਲੀਕੇ।  ਇਨ੍ਹਾਂ ਵਿੱਚੋਂ ਪਹਿਲਾ ਪ੍ਰੋਗਰਾਮ ਇਹ ਸੀ ਕਿ ਦੁਨੀਆਂ ਦੇ ਵੱਖ-ਵੱਖ ਦੇਸ਼ਾਂ ਦੇ ਤਰਕਸ਼ੀਲਾਂ ਨੂੰ ਬੁਲਾਇਆ ਜਾਵੇ ਅਤੇ ਊਨ੍ਹਾਂ ਨੂੰ ਟੈਲੀਵਿਜ਼ਨ ਰਾਹੀਂ ਆਮ ਲੋਕਾਂ ਸਾਹਮਣੇ ਪੇਸ਼ ਕੀਤਾ ਜਾਵੇ। ਉਨ੍ਹ੍ਹਾਂ ਨੇ ਸਰਕਾਰੀ ਤੌਰ ’ਤੇ ਅੰਧਵਿਸ਼ਵਾਸ਼ੀ ਵਿਰੋਧੀ ਅਤੇ ਵਿਗਿਆਨਕ ਸੋਚ ਵਾਲੀਆਂ ਸੰਸਥਾਵਾਂ ਦਾ ਗਠਨ ਕਰਨ ਦੀ ਡਿਊਟੀ ਲਾ ਦਿੱਤੀ। ਉਨ੍ਹਾਂ ਨੇ ਉਸ ਦੇਸ਼ ਵਿੱਚ ਕੰਮ ਕਰਦੀਆਂ ਅੰਧਵਿਸ਼ਵਾਸ਼ੀ ਸੰਸਥਾਵਾਂ ਨੂੰ ਕੁਚਲਣ ਦਾ ਫੈਸਲਾ ਕੀਤਾ। ਜੇ ਚੀਨ ਸਰਕਾਰ ਚਾਰ ਵਿਅਕਤੀਆਂ ਦੇ ਖੁਦਕੁਸ਼ੀ ਕਰਨ ਤੇ ਅਜਿਹੇ ਕਦਮ ਉਠਾ ਸਕਦੀ ਹੈ ਤਾਂ ਭਾਰਤ ਸਰਕਾਰ ਨੂੰ ਗਿਆਰਾਂ ਮੈਂਬਰਾਂ ਦੀ ਖੁਦਕੁਸ਼ੀ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਅਤੇ ਵਿਗਿਆਨਕ ਸੋਚ ਦਾ ਪ੍ਰਚਾਰ ਅਤੇ ਪ੍ਰਸਾਰ ਕਰਨਾ ਚਾਹੀਦਾ ਹੈ।

ਖਾਲਸਾ ਏਡ ਮਿਸ਼ਨ ਸੰਸਥਾ

$
0
0

ਸਿੱਖ ਰਹੇ ਚਾਹੇ ਨਾ ਰਹੇ ਪ੍ਰੰਤੂ ਸਿੱਖੀ ਨੂੰ ਆਂਚ ਨਹੀਂ ਆਉਣੀ ਚਾਹੀਦੀ। ਸਿੱਖੀ ਅਤੇ ਸਿੱਖ ਵਿਚਾਰਧਾਰਾ ਦਾ ਸੰਸਾਰ ਵਿਚ ਬੋਲਬਾਲਾ ਹੋਣਾ ਚਾਹੀਦਾ ਹੈ। ਇਹੋ ਮੰਤਵ ਹੈ ਖਾਲਸਾ ਏਡ ਮਿਸ਼ਨ ਸੰਸਥਾ ਦੇ ਕਾਰਕੁਨਾ ਦਾ। ਇਸ ਸੰਸਥਾ ਦੇ ਕਰਤਾਧਰਤਾ ਅਤੇ ਰੂਹੇ ਰਵਾਂ ਰਵੀ ਸਿੰਘ ਸਿੱਖ ਸੇਵਾ ਦਾ ਸੰਸਾਰ ਵਿਚ ਪ੍ਰਤੀਕ ਬਣ ਚੁੱਕਾ ਹੈ। ਨਾਮ ਜਪੋ, ਕਿਰਤ ਕਰੋ ਅਤੇ ਵੰਡਕੇ ਛੱਕੋ ਦੀ ਵਿਚਾਰਧਾਰਾ ਸਿੱਖ ਜਗਤ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਦਿੱਤੀ ਸੀ। ਸਿੱਖੀ ਸਰੂਪ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਨੇ 13 ਅਪ੍ਰੈਲ 1666 ਨੂੰ ਦਿੱਤਾ। ਉਸ ਦਿਨ ਤੋਂ ਅੱਜ ਤੱਕ ਸਿੱਖ ਜਗਤ ਗੁਰੂਆਂ ਦੇ ਪਾਏ ਪੂਰਨਿਆਂ ਤੇ ਚਲਣ ਦੀ ਕੋਸਿਸ਼ ਕਰ ਰਿਹਾ ਹੈ।

ਗੁਰੂ ਨਾਨਕ ਦੇ ਕੁਝ ਅਨੁਆਈ ਗੁਰਮੁੱਖ ਸੰਸਾਰ ਵਿਚ ਉਨ੍ਹਾਂ ਦੀ ਵਿਚਾਰਧਾਰਾ ਦਾ ਪ੍ਰਚਾਰ ਤੇ ਪ੍ਰਸਾਰ ਕਰ ਰਹੇ ਹਨ। ਇਨ੍ਹਾਂ ਗੁਰਮੁੱਖਾਂ ਵਿਚੋਂ ਰਵੀ ਸਿੰਘ ਇੱਕ ਅਜਿਹਾ ਸਿੱਖ ਹੈ ਜਿਹੜਾ ਗੁਰੂ ਦੇ ਦੱਸੇ ਮਾਰਗ ਤੇ ਚਲਕੇ ਦੀਨ ਦੁਖੀਆਂ ਦੀ ਸੇਵਾ ਕਰ ਰਿਹਾ ਹੈ। ਸਿੱਖ ਸੇਵਾ ਦੀ ਵਿਰਾਸਤ ਤੇ ਪਹਿਰਾ ਦੇ ਕੇ ਰਵੀ ਸਿੰਘ ਨੇ ਦੁਨੀਆਂ ਵਿਚ ਸਿੱਖਾਂ ਦੇ ਅਕਸ ਨੂੰ ਉਭਾਰਿਆ ਹੈ। ਸਿੱਖ ਆਪਣੀ ਫਰਾਕਦਿਲੀ, ਮਿਹਨਤੀ ਪ੍ਰਵਿਰਤੀ ਅਤੇ ਉਸਾਰੂ ਸੋਚ ਕਰਕੇ ਦੁਨੀਆਂ ਵਿਚ ਨਾਮਣਾ ਖੱਟ ਚੁੱਕੇ ਹਨ ਕਿਉਂਕਿ ਸਿੱਖ ਆਪਣੇ ਧਰਮ ਪ੍ਰਤੀ ਬਚਨਵੱਧ ਹਨ। ਧਰਮ ਇੱਕ ਸਿੱਖ ਲਈ ਜ਼ਿੰਦਗੀ ਹੈ। ਉਹ ਆਪਣੇ ਧਰਮ ਦੀ ਰੱਖਿਆ ਲਈ ਕੁਰਬਾਨੀ ਦੇਣ ਤੋਂ ਵੀ ਨਹੀਂ ਝਿਜਕਦਾ। ਸਿੱਖ ਧਰਮ ਸੰਸਾਰ ਵਿਚ ਸਾਰੇ ਧਰਮਾ ਵਿਚੋਂ ਆਧੁਨਿਕ ਸਮਾਜਿਕ ਬਰਾਬਰੀ, ਸਰਬੱਤ ਦਾ ਭਲਾ ਕਰਨ ਵਾਲਾ, ਮਨੁੱਖੀ ਹੱਕਾਂ ਦਾ ਰਖਵਾਲਾ ਅਤੇ ਜਾਤ ਪਾਤ ਦੇ ਬੰਧਨਾ ਤੋਂ ਮੁਕਤ ਗਿਣਿਆਂ ਜਾਂਦਾ ਹੈ। ਹਰ ਇਨਸਾਨ ਦੇ ਦੁੱਖ ਸੁੱਖ ਦਾ ਪਹਿਰੇਦਾਰ ਹੈ। ਗ਼ਰੀਬ ਤੇ ਗਊ ਦੀ ਰੱਖਿਆ ਕਰਨ ਵਿਚ ਵੀ ਮੋਹਰੀ ਦੀ ਭੂਮਿਕਾ ਨਿਭਾਉਂਦਾ ਹੈ। ਜਦੋਂ ਵੀ ਕਿਸੇ ਇਨਸਾਨ ਤੇ ਕੋਈ ਭੀੜ ਪੈਂਦੀ ਹੈ ਤਾਂ ਸਿੱਖ ਧਰਮ ਦੇ ਅਨੁਆਈ ਉਸਦੀ ਮਦਦ ਕਰਨ ਲਈ ਹਮੇਸ਼ਾ ਬਿਨਾ ਕਿਸੇ ਭੇਦ ਭਾਵ ਦੇ ਤੱਤਪਰ ਰਹਿੰਦੇ ਹਨ। ਸਿੱਖ ਧਰਮ ਵਿਚ ਸੇਵਾ ਦੀ ਭਾਵਨਾ ਦਾ ਪ੍ਰੇਰਨਾ ਸਰੋਤ ਭਾਈ ਘਨ੍ਹਈਆ ਹੈ, ਜਿਹੜਾ ਮੁਗ਼ਲਾਂ ਨਾਲ ਦਸ਼ਮੇਸ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਦੀ ਲੜਾਈ ਵਿਚ ਬਿਨਾ ਭੇਦ ਭਾਵ ਦੋਹਾਂ ਧਿਰਾਂ ਦੇ ਜਖ਼ਮੀਆਂ ਨੂੰ ਪਾਣੀ ਪਿਲਾਉਣ ਦੀ ਸੇਵਾ ਕਰਦਾ ਰਿਹਾ ਹੈ। ਇਸੇ ਪਰੰਪਰਾ ਤੇ ਪਹਿਰਾ ਦਿੰਦਿਆਂ ਗੁਰਦੁਆਰਾ ਸਾਹਿਬਾਨ ਵਿਚ ਲੰਗਰ ਪ੍ਰਥਾ ਸੰਗਤ ਤੇ ਪੰਗਤ ਦੇ ਰੂਪ ਵਿਚ ਚਾਲੂ ਹੈ। ਪੰਗਤ ਵਿਚ ਬੈਠਣ ਦਾ ਭਾਵ ਹੈ ਕਿ ਸਾਰੇ ਅਮੀਰ ਗ਼ਰੀਬ ਅਤੇ ਹਰ ਇਨਸਾਨ ਬਰਾਬਰ ਦਾ ਹੱਕ ਰੱਖਦਾ ਹੈ। ਕਿਸੇ ਨਾਲ ਕੋਈ ਭੇਦ ਭਾਵ ਨਹੀਂ। ਇਸੇ ਵਿਚਾਰਧਾਰਾ ਤੇ ਗੁਰੂ ਦੇ ਸੇਵਕ ਉਦੋਂ ਤੋਂ ਹੀ ਪਹਿਰਾ ਦਿੰਦੇ ਆ ਰਹੇ ਹਨ।

ਸਿੱਖ ਧਰਮ ਦੀ ਵਿਚਾਰਧਾਰਾ ਨਾ ਕੋਈ ਵੈਰੀ ਨਾ ਬਿਗਾਨਾ ਦੀ ਪਰੰਪਰਾ ਤੇ ਚਲਦੀ ਹੋਈ ਮਨੁਖਤਾ ਦੇ ਜਮਹੂਰੀ ਹੱਕਾਂ ਉਪਰ ਪਹਿਰਾ ਦੇ ਕੇ ਸਰਬੱਤ ਦੇ ਭਲੇ ਨੂੰ ਮੁੱਖ ਰੱਖਕੇ ਗੁਰੂ ਦੇ ਅਨੁਆਈ ਸੰਸਾਰ ਵਿਚ ਇਨਸਾਨੀਅਤ ਦੀ ਸੇਵਾ ਵਿਚ ਜੁੱਟੇ ਹੋਏ ਹਨ। ਸਿੱਖ ਵਿਚਾਰਧਾਰਾ ਦਾ ਸੰਕਲਪ ਕਲਿਆਣਕਾਰੀ ਰਾਜ ਦਾ ਹੈ। ਕਲਿਆਣਕਾਰੀ ਪ੍ਰਵਿਰਤੀ ਹੋਣ ਕਰਕੇ ਹੀ ਸਿੱਖ ਸੰਗਤ ਇਹ ਸੇਵਾ, ਉਹ ਆਪਣੀ ਦਸਾਂ ਨਹੁੰਆਂ ਦੀ ਕ੍ਰਿਤ ਕਮਾਈ ਵਿਚੋਂ ਦਸੌਂਧ ਕੱਢਕੇ ਕਰਦੀ ਹੈ। ਗੁਰੂ ਘਰ ਵਿਚ ਕੋਈ ਵੀ ਵਿਅਕਤੀ ਭਾਵੇਂ ਉਹ ਕਿਸੇ ਵੀ ਜ਼ਾਤ, ਧਰਮ ਜਾਂ ਨਸਲ ਦਾ ਹੋਵੇ ਤਾਂ ਉਸਨੂੰ ¦ਗਰ ਛੱਕਾਇਆ ਜਾਂਦਾ ਹੈ। ਜਦੋਂ ਵੀ ਸਮਾਜ ਵਿਚ ਕੋਈ ਕੁਦਰਤੀ ਆਫਤ ਆਉਂਦੀ ਹੈ, ਜਿਸ ਨਾਲ ਇਨਸਾਨੀਅਤ ਨੂੰ ਕੋਈ ਨੁਕਸਾਨ ਪਹੁੰਚਦਾ ਹੈ, ਉਸ ਸਮੇਂ ਸਿੱਖ ਧਰਮ ਦੇ ਵਾਰਸ ਸਹਾਇਤਾ ਲਈ ਸਭ ਤੋਂ ਪਹਿਲਾਂ ਪਹੁੰਚਦੇ ਹਨ। ਭਾਵੇਂ ਕਿਤਨੇ ਹੀ ਮੁਸ਼ਕਲ ਹਾਲਾਤ ਹੋਣ ਪ੍ਰੰਤੂ ਗੁਰੂ ਦਾ ਸਿੱਖ ਹਰ ਹਾਲਤ ਵਿਚ ਉਥੇ ਪਹੁੰਚਕੇ ਮਦਦ ਕਰਦਾ ਹੈ। ਬਹੁਤ ਸਾਰੀਆਂ ਸਿੱਖ ਸੰਸਥਾਵਾਂ ਅਜਿਹੇ ਭਲਾਈ ਦੇ ਕਾਰਜਾਂ ਵਿਚ ਸੰਸਾਰ ਦੇ ਵੱਖ-ਵੱਖ ਦੇਸਾਂ ਵਿਚ ਲੱਗੀਆਂ ਹੋਈਆਂ ਹਨ। ਜਿਸ ਕਰਕੇ ਸਿੱਖ ਧਰਮ ਦੀ ਮਾਣਤਾ, ਪਛਾਣ ਅਤੇ ਵਕਾਰ ਵਿਚ ਵਾਧਾ ਹੋ ਰਿਹਾ ਹੈ। ਸਿੱਖਾਂ ਦੀ ਜਿਹੜੀ ਪਛਾਣ ਦੀ ਸਮੱਸਿਆ ਵਿਦੇਸ਼ਾਂ ਵਿਚ ਪੈਦਾ ਹੋਈ ਹੈ, ਉਸਨੂੰ ਦੂਰ ਕਰਨ ਵਿਚ ਅਜਿਹੀ ਇੱਕ ਸਵੈ ਸੇਵੀ  ਨਿਰਸਵਾਰਥ ਸੰਸਥਾ ਨਾਨਕ ਨਾਮ ਲੇਵਾ ਭਾਈ ਰਾਵਿੰਦਰ ਸਿੰਘ, ਜਿਸਨੂੰ ਰਵੀ ਸਿੰਘ ਦੇ ਨਾਮ ਨਾਲ ਦੁਨੀਆਂ ਵਿਚ ਜਾਣਿਆਂ ਜਾਂਦਾ ਹੈ, ਨੇ ਇੰਗਲੈਂਡ ਦੇ ਸਲੋਹ ਸ਼ਹਿਰ ਵਿਚ ਖਾਲਸਾ ਦੀ ਸਾਜਨਾ ਦੇ 300ਵੇਂ ਵਰ੍ਹੇ 1999 ਵਿਚ ਖਾਲਸਾ ਏਡ ਮਿਸ਼ਨ ਸਥਾਪਤ ਕੀਤੀ ਸੀ। ਇਸ ਖਾਲਸਾ ਏਡ ਮਿਸ਼ਨ ਟਰੱਸਟ ਦੇ 6 ਟਰੱਸਟੀ ਹਨ। ਰਾਵਿੰਦਰ ਸਿੰਘ ਇਸਦੇ ਮੁੱਖੀ ਹਨ। ਇਹ ਸੰਸਥਾ ਇੰਗਲੈਂਡ ਦੇ ਚੈਰਿਟੀ ਕਮਿਸ਼ਨ ਅਧੀਨ ਰਜਿਸਟਰਡ ਕੀਤੀ ਗਈ ਹੈ। ਭਾਰਤ ਵਿਚ ਇਹ ਗੈਰਸਰਕਾਰੀ ਸੰਸਥਾ 2012 ਵਿਚ ਰਜਿਸਟਰ ਹੋਈ ਹੈ। ਭਾਰਤ ਵਿਚ ਇਸਦੇ 9 ਟਰੱਸਟੀ ਹਨ। ਇਸਦੇ ਭਾਰਤ ਦੇ ਡਾਇਰੈਕਟਰ ਅਮਰਜੀਤ ਸਿੰਘ ਹਨ। ਸੰਸਾਰ ਵਿਚ ਇਸ ਸੰਸਥਾ ਦੇ 18000 ਵਾਲੰਟੀਅਰ ਹਨ। ਇਹ ਸੰਸਥਾ ਸੰਸਾਰ ਵਿਚ ਕਿਸੇ ਵੀ ਥਾਂ ਤੇ ਕੋਈ ਭੀੜ ਪਵੇ, ਜੰਗ, ਤੂਫ਼ਾਨ, ਭੁਚਾਲ, ਸੁਨਾਮੀ, ਹੜ੍ਹ, ਭੁੱਖਮਰੀ ਜਾਂ ਕੋਈ ਵੀ ਹੋਰ ਕੁਦਰਤੀ ਆਫਤ ਆਈ ਹੋਵੇ, ਉਥੇ ਇਸਦੇ ਵਾਲੰਟੀਅਰ ਰਾਸ਼ਣ ਪਾਣੀ ਲੈ ਕੇ ਪਹੁੰਚ ਜਾਂਦੇ ਹਨ। ਮਾਨਵਤਾ ਦੀ ਸੇਵਾ ਇਸ ਸੰਸਥਾ ਦਾ ਮੁੱਖ ਕੰਮ ਹੈ। ਜਿਥੇ ਸਰਕਾਰਾਂ ਹੱਥ ਖੜ੍ਹੇ ਕਰ ਦਿੰਦੀਆਂ ਹਨ, ਉਥੇ ਇਸ ਸੰਸਥਾ ਦੇ ਵਾਲੰਟੀਅਰ ਸੇਵਾਦਾਰ ਪਹੁੰਚਕੇ ਇਨਸਾਨੀਅਤ ਦੀ ਸੇਵਾ ਕਰਦੇ ਹਨ। ਹੁਣ ਤੱਕ ਸੰਸਾਰ ਦੇ ਪੱਚੀ ਦੇਸਾਂ ਵਿਚ ਇਸਨੇ ਮਾਨਵਤਾ ਦੀ ਸੇਵਾ ਕੀਤੀ ਹੈ। ਇਸ ਸੰਸਥਾ ਨੇ ਆਪਣੇ ਵਾਲੰਟੀਅਰ ਵਿਦੇਸ਼ਾਂ ਵਿੱਚ ਬਣਾ ਲਏ ਹਨ, ਜਿਹੜੇ ਆਪਣੀ ਹੱਕ ਸੱਚ ਦੀ ਕਮਾਈ ਦਾ ਦਸਵਾਂ ਹਿੱਸਾ, ਜਿਸਨੂੰ ਸਿੱਖ ਧਰਮ ਦੀ ਮਰਿਆਦਾ ਅਨੁਸਾਰ ਦਸਵੰਦ ਕਿਹਾ ਜਾਂਦਾ ਹੈ, ਇਸ ਮਿਸ਼ਨ ਨੂੰ ਦਾਨ ਦਿੰਦੇ ਹਨ। ਜਿਸਦੇ ਨਾਲ ਇਹ ਸੰਸਥਾ ਮਾਨਵਤਾ ਦੀ ਸੇਵਾ ਕਰਦੀ ਹੈ।

ਇਸ ਸੰਸਥਾ ਨੇ ਸੰਸਾਰ ਵਿਚ ਮਨੁੱਖਤਾ ਦੀ ਸੇਵਾ ਵਿਚ ਪਹਿਲ ਕਰਕੇ ਨਾਮਣਾ ਖੱਟਿਆ ਹੈ। ਇਸ ਸੰਸਥਾ ਵੱਲੋਂ ਪਿਛਲੇ 18 ਸਾਲਾਂ ਵਿਚ ਕੀਤੇ ਗਏ ਲੋਕ ਭਲਾਈ ਦੇ ਕੰਮਾਂ ਦਾ ਲੇਖਾ ਜੋਖਾ ਦੇਣ ਦੀ ਕੋਸਿਸ਼ ਕਰਾਂਗਾ ਜੋ ਸੰਖੇਪ ਵਿਚ ਇਸ ਪ੍ਰਕਾਰ ਹਨ-ਸਭ ਤੋਂ ਪਹਿਲਾਂ ਇਸ ਸੰਸਥਾ ਨੇ ਅਪ੍ਰੈਲ 1999 ਵਿਚ ਯੋਗੋਸਲਾਵੀਆ ਵਿਚ ਅਲਵਾਨੀਆਂ ਦੇ ਸਥਾਨ ਤੇ ਕੋਸੋਵ ਮਿਸ਼ਨ ਦੇ ਨਾਂ ਤੇ ਖ਼ੂਨੀ ਲੜਾਈ ਵਿਚ ਬੇਘਰ ਹੋਏ ਸ਼ਰਨਾਰਥੀਆਂ ਨੂੰ ਮੁਫ਼ਤ ਖਾਣਾ, ਜਿਸਨੂੰ ਸਿੱਖ ਧਰਮ ਦੀ ਮਰਿਆਦਾ ਅਨੁਸਾਰ ¦ਗਰ ਕਿਹਾ ਜਾਂਦਾ ਹੈ, ਟਰੱਕਾਂ ਵਿਚ ਲਿਜਾਕੇ ਖਿਲਾਇਆ। ਕਿਸੇ ਵੀ ਵਿਅਕਤੀ ਨੂੰ ਭੁੱਖਾ ਨਹੀਂ ਰਹਿਣ ਦਿੱਤਾ। ਜੰਗ ਦੌਰਾਨ ਭਾਈ ਘਨ੍ਹਈਆ ਦੀ ਤਰ੍ਹਾਂ ਸੇਵਾ ਕੀਤੀ। ਕਪੜਾ ਲੀੜਾ ਤਨ ਢੱਕਣ ਲਈ ਜਿਹੜਾ ਜ਼ਰੂਰੀ ਸੀ ਉਹ ਦਿੱਤਾ ਗਿਆ। ਅਗਸਤ 1999 ਵਿਚ ਤੁਰਕੀ ਵਿਚ ਭੁੱਚਾਲ ਆ ਗਿਆ ਜਿਸ ਵਿਚ ਅਨੇਕਾਂ ਲੋਕ ਘਰੋਂ ਬੇਘਰ ਹੋ ਗਏ। ਉਥੇ ਵੀ ਖਾਲਸਾ ਏਡ ਦੇ ਵਾਲੰਟੀਅਰ ਰਵੀ ਸਿੰਘ ਦੀ ਅਗਵਾਈ ਵਿਚ ਪਹੁੰਚੇ ਅਤੇ ਲੋੜਮੰਦਾਂ ਨੂੰ ਖਾਣ ਪੀਣ ਤੋਂ ਇਲਾਵਾ ਹਰ ਲੋੜੀਂਦਾ ਕਪੜਾ ਲੀੜਾ ਦਿੱਤਾ। ਦਸੰਬਰ 1999 ਵਿਚ ਭਾਰਤ ਵਿਚ ਉੜੀਸਾ ਵਿਚ ਸੁਨਾਮੀ ਆ ਗਈ ਜਿਸਨੇ ਇਨਸਾਨੀਅਤ ਨੂੰ ਵਖਤ ਪਾ ਦਿੱਤਾ। ਬਹੁਤ ਸਾਰਾ ਜਾਨੀ ਤੇ ਮਾਲੀ ਨੁਕਸਾਨ ਹੋਇਆ। ਖਾਲਸਾ ਏਡ ਦੇ ਵਾਲੰਟੀਅਰ ਉਥੇ ਪਹੁੰਚੇ ਅਤੇ ਲੰਗਰ ਲਗਾਕੇ ਲੋਕਾਂ ਨੂੰ ਖਾਣਾ ਲਗਾਤਾਰ ਖਲਾਉਂਦੇ ਰਹੇ। ਇਥੋਂ ਤੱਕ ਕਿ ਘਰ ਵੀ ਬਣਾਕੇ ਦਿੱਤੇ। ਇਸ ਤੋਂ ਬਾਅਦ ਲਗਾਤਾਰ ਸਮੁੱਚੇ ਸੰਸਾਰ ਵਿਚ ਇਹ ਸਿਲਸਿਲਾ ਚਲਦਾ ਆ ਰਿਹਾ ਹੈ। ਜਨਵਰੀ 2002 ਵਿਚ ਕਾਂਗੋ ਤੇ ਰਵਾਂਡਾ ਵਿਚ ਜਵਾਲਾਮੁੱਖੀ ਫੱਟਣ ਨਾਲ ਆਫਤ ਆ ਗਈ। ਖਾਲਸਾ ਏਡ ਨੇ ਉਥੇ ਪਹੁੰਚਕੇ ਖਾਣਾ ਅਤੇ ਹੋਰ ਸਾਜੋ ਸਾਮਾਨ ਸਪਲਾਈ ਕੀਤਾ। ਜੁਲਾਈ 2003 ਵਿਚ ਕਾਬੁਲ ਦੇ ਸ਼ਰਨਾਰਥੀਆਂ ਦੀ ਮਦਦ ਕੀਤੀ। ਦਸੰਬਰ 2004 ਵਿਚ ਭਾਰਤ ਦੇ ਅੰਡੇਮਾਨ ਟਾਪੂ ਵਿਚ ਸੁਨਾਮੀ ਆ ਗਈ ਇਥੇ ਵੀ ਵਾਲੰਟੀਅਰਾਂ ਨੇ ਜਾ ਕੇ ਲੰਗਰ ਲਾਇਆ ਅਤੇ ਕਪੜੇ ਲੀੜੇ ਦਿੱਤੇ।

ਮਾਰਚ 2005 ਵਿਚ ਪਾਕਿਸਤਾਨ ਵਿਚ ਭੁਚਾਲ ਆ ਗਿਆ। ਇਸ ਮੌਕੇ ਵੀ ਖਾਲਸਾ ਏਡ ਨੇ ਖਾਣਾ ਪਹੁੰਚਾਇਆ ਅਤੇ ਲੋਕਾਂ ਦੇ ਮੁੜਵਸੇਬੇ ਵਿਚ ਮਦਦ ਕੀਤੀ। ਇਸੇ ਤਰ੍ਹਾਂ ਅਗਸਤ 2007 ਪੰਜਾਬ ਦੇ ਹੜ੍ਹਾਂ, ਜਨਵਰੀ 2010 ਵਿਚ ਹੈਤੀ ਭੁਚਾਲ, ਮਾਰਚ 2011 ਲਿਬੀਆ ਅਤੇ ਸੀਰੀਆ, 2013 ਵਿਚ ਉਤਰਾਖੰਡ ਹੜ੍ਹਾਂ ਦੌਰਾਨ, ਸਤੰਬਰ 2013 ਵਿਚ ਮੁਜ਼ੱਫਰਪੁਰ ਦੰਗੇ, ਸਤੰਬਰ 2014 ਜਮੂੰ ਕਸ਼ਮੀਰ ਹੜ੍ਹਾਂ ਦੌਰਾਨ, ਜੁਲਾਈ 2015 ਯਮਨ ਗ੍ਰਹਿ ਯੁੱਧ, ਮਈ 2016 ਗ੍ਰੀਸ ਸ਼ਰਨਾਰਥੀ ਅਤੇ 2017 ਅਗਸਤ ਰੋਹਿੰਗੀਆ ਮਿਸ਼ਨ ਵਿਚ ¦ਗਰ ਕਪੜਾ ਲੀੜਾ ਅਤੇ ਹੋਰ ਸਾਮਾਨ ਉਪਲਭਧ ਕਰਵਾਇਆ। ਜਨਵਰੀ 2014 ਵਿਚ ਇੰਗਲੈਂਡ ਦੇ ਸਮਰਸੈਟ ਅਤੇ ਬਰਕਸ਼ਾਇਰ ਇਲਾਕਿਆਂ ਦੇ ਪਿੰਡਾਂ ਵਿਚ ਭਿਆਨਕ ਹੜ੍ਹ ਆ ਗਿਆ। ਹੜ੍ਹ ਇਤਨਾ ਜ਼ਿਆਦਾ ਸੀ ਕਿ ਘਰਾਂ ਦੇ ਘਰ ਰੋੜ੍ਹ ਕੇ ਲੈ ਗਿਆ। ਹਜ਼ਾਰਾਂ ਟਨ ਕੂੜਾ ਘਰਾਂ ਵਿਚ ਇਕੱਠਾ ਹੋ ਗਿਆ। ਉਥੋਂ ਦਾ ਪ੍ਰਬੰਧ ਵੀ ਬੇਬਸ ਹੋ ਗਿਆ। ਖਾਲਸਾ ਏਡ ਦੇ 50 ਵਾਲੰਟੀਅਰ ਉਥੇ ਪਹੁੰਚ ਗਏ, ਜਿਨ੍ਹਾਂ ਉਥੋਂ ਦੇ ਬੇਘਰ ਹੋਏ ਨਿਵਾਸੀਆਂ ਲਈ ਰਹਿਣ ਦਾ ਪ੍ਰਬੰਧ ਕੈਂਪਿੰਗ ਰਾਹੀਂ ਕੀਤਾ ਅਤੇ ਖਾਣ ਪੀਣ ਲਈ ਲੰਗਰ ਅਤੇ ਪਾਣੀ ਲਗਾਤਾਰ ਦਿੰਦੇ ਰਹੇ, ਜਿਤਨੀ ਦੇਰ ਤੱਕ ਉਨ੍ਹਾਂ ਦਾ ਸਥਾਈ ਪ੍ਰਬੰਧ ਨਹੀਂ ਹੋ ਗਿਆ। ਖਾਲਸਾ ਏਡ ਦੇ ਵਾਲੰਟੀਅਰਾਂ ਨੇ 1500 ਘੰਟੇ ਲਗਾਤਾਰ ਕੰਮ ਕਰਕੇ 1ਲੱਖ 600 ਟਨ ਕੂੜ ਕਬਾੜ ਦੇ ਬੈਗ ਢੋਅ ਕੇ ਘਰਾਂ ਵਿਚੋਂ ਬਾਹਰ ਸੁੱਟੇ। ਜੇਕਰ ਇਹ ਗੰਦ ਮੰਦ ਢੋਅ ਕੇ ਬਾਹਰ ਨਾ ਲਿਜਾਂਦੇ ਤਾਂ ਬਿਮਾਰੀਆਂ ਫੈਲਣ ਦਾ ਡਰ ਸੀ। ਖਾਲਸਾ ਏਡ ਦੀ ਸੇਵਾ ਭਾਵਨਾ ਵੇਖ ਕੇ ਸਥਾਨਕ ਗੋਰੇ ਵੀ ਵਾਲੰਟੀਅਰ ਬਣ ਗਏ। ਰਵੀ ਸਿੰਘ ਦੀ ਸੇਵਾ ਤੋਂ ਗੋਰੇ ਇਤਨੇ ਪ੍ਰਭਾਵਤ ਹੋਏ ਕਿ ਉਨਾਂ ਨੇ ਉਥੋਂ ਦੇ ‘‘ਸਰਪ੍ਰਾਈਜ਼ ਸਰਪ੍ਰਾਈਜ਼’’ ਟੈਲੀਵਿਜ਼ਨ ਸ਼ੋ ਵਿਚ ਰਵੀ ਸਿੰਘ ਨੂੰ ਬੁਲਾਕੇ ਵਿਸ਼ੇਸ ਤੌਰ ਤੇ ਸਨਮਾਨਤ ਕੀਤਾ ਅਤੇ ਉਸਦੀ ਪੁਰਾਣੀ ਕਬਾੜ ਹੋਈ ਕਾਰ ਦੀ ਮੁਰੰਮਤ ਕਰਵਾਕੇ ਦਿੱਤੀ। ਅਪ੍ਰੈਲ 2015 ਵਿਚ ਨੇਪਾਲ ਭੁਚਾਲ ਦੇ ਸਮੇਂ ਹਰ ਰੋਜ਼ 10 000 ਲੋਕਾਂ ਨੂੰ ਦੋ ਮਹੀਨੇ ਲਗਾਤਾਰ ਲੰਗਰ ਛਕਾਉਂਦੇ ਰਹੇ। ਇਸ ਤੋਂ ਇਲਾਵਾ ਕਪੜਾ ਲੀੜਾ ਦਿੱਤਾ ਅਤੇ 1200 ਘਰ ਨਵੇਂ ਉਸਾਰਕੇ ਦਿੱਤੇ। ਸੀਰੀਆ ਵਿਖੇ ਸ਼ਰਨਾਰਥੀਆਂ ਨੂੰ ਪਿਛਲੇ ਚਾਰ ਸਾਲ ਤੋਂ ਖਾਣਾ ਦੇ ਰਹੇ ਹਨ। ਹੁਣੇ ਕੇਰਲਾ ਵਿਚ ਹੜ੍ਹ ਆਏ ਹਨ ਜਿਥੇ  ਤੋਂ ਵੁਪਰ ਜਾਨੀ ਨੁਕਸਾਨ ਹੋਇਆ ਹੈ ਅਤੇ ਹਜਜ਼ਜਾਾਂ ਲੋਕ ਘਰੋਂ ਬੇਘਰ ਹੋ ਗਏ। ਇਥੇ ਵੀ ਖਾਲਸਾ ਏਡ ਦੇ ਵਾਲੰਟੀਅਰ ਪਹੁੰਚਕੇ ਲੰਗਰ ਲਗਾ ਰਹੇ ਹਨ।

ਰਵੀ ਸਿੰਘ ਮਹਿਸੂਸ ਕਰ ਰਿਹਾ ਹੈ ਕਿ ਲੋਕਾਂ ਵਿਚ ਜਾਗ੍ਰਤੀ ਲਿਆਉਣ ਲਈ ਪੜ੍ਹਾਈ ਬਹੁਤ ਜ਼ਰੂਰੀ ਹੈ। ਇਸ ਦੇ ਨਾਲ ਹੀ ਉਹ ਸਿਹਤ ਬਾਰੇ ਵੀ ਚਿੰਤਾਤੁਰ ਹੈ। ਇਸ ਲਈ ਉਸਨੇ ਆਪਣੇ ਵਾਲਟੀਅਰਜ਼ ਦੀ ਮਦਦ ਨਾਲ ਪੰਜਾਬ ਵਿਚ ਸਿਖਿਆ ਅਤੇ ਸਿਹਤ ਸਹੂਲਤਾਂ ਦੇਣ ਦਾ ਪ੍ਰੋਗਰਾਮ ਬਣਾਇਆ ਹੈ। ਇਸ ਮੰਤਵ ਲਈ ਉਨ੍ਹਾਂ ਪੰਜਾਬ ਵਿਚ ਦੋ ਸਕੂਲ ਇਕ ਪਟਿਆਲਾ ਵਿਖੇ ਭਾਈ ਲਾਲੋ ਮਿਡਲ ਸਕੂਲ ਭਾਈ ਘਨ੍ਹਈਆ ਚੈਰੀਟੇਬਲ ਟਰੱਸਟ ਅਤੇ ਦੂਜਾ ਸੰਗਰੂਰ ਜਿਲ੍ਹੇ ਵਿਚ ਭਵਾਨੀਗੜ੍ਹ ਵਿਖੇ ਖਾਲਸਾ ਏਡ ਦਸ਼ਮੇਸ ਸਕੂਲ ਜੋ ਕਾਕੜਾ ਪਿੰਡ ਦੇ ਨਜ਼ਦੀਕ ਚੁਣੇ ਹਨ। ਇਨ੍ਹਾਂ ਸਕੂਲਾਂ ਦੇ 1500 ਬੱਚਿਆਂ ਦੀ ਪੜ੍ਹਾਈ ਦਾ ਖ਼ਰਚਾ ਖਾਲਸਾ ਏਡ ਮਿਸ਼ਨ ਕਰ ਰਿਹਾ ਹੈ। ਖਾਲਸਾ ਦੀ ਪਛਾਣ ਬਰਕਰਾਰ ਰੱਖਣ ਵਿਚ ਇਸ ਸੰਸਥਾ ਦਾ ਯੋਗਦਾਨ ਵਿਲੱਖਣ ਹੈ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ

ਅਧਿਆਪਕ ਦਿਵਸ ਤੇ ਵਿਸ਼ੇਸ਼

$
0
0

ਅੱਜ ਮੁਕਾਬਲੇ ਦੇ ਪਦਾਰਥੀਵਾਦੀ ਯੁੱਗ ਵਿੱਚ ਜਦੋਂ ਇੱਕ-ਦੂਜੇ ਨੂੰ ਪਛਾੜਣ ਅਤੇ ਆਪਣੇ ਹਿੱਤਾਂ ਦੀ ਪੂਰਤੀ ਲਈ ਦੂਜੇ ਨੂੰ ਨੁਕਸਾਨ ਪਹੁੰਚਾਉਣ ਤੋਂ ਜਰ੍ਹਾ ਵੀ ਗੁਰੇਜ ਨਹੀਂ ਕੀਤਾ ਜਾਂਦਾ ਅਜਿਹੇ ਸਮੇਂ ਚ’ ਕੇਵਲ ਅਧਿਆਪਕ ਹੀ ਇੱਕ ਅਜਿਹਾ ਵਿਅਕਤੀ ਹੈ ਜੋ ਕਿ ਦੂੁਸਰਿਆਂ ਨੂੰ ਪੜ੍ਹਾ ਲਿਖਾ ਕੇ ਇੱਕ ਚੰਗਾ ਇਨਸਾਨ ਬਣਾਉਣ ਦੇ ਨਾਲ-ਨਾਲ ਉੱਚ ਅਹੁਦਿਆਂ ਤੇ ਪਹੁੰਚਦਾ ਦੇਖ ਕੇ ਖੁਸ਼ੀ ਮਹਿਸੂਸ ਕਰਦਾ ਹੈ। ਅਧਿਆਪਕ ਦਾ ਕਿੱਤਾ ਦੁਨੀਆਂ ਦੇ ਸਭ ਕੰਮਾਂ ਦੇ ਨਾਲੋਂ ਚੰਗਾ, ਉੱਤਮ ਅਤੇ ਸਤੀਕਾਰ ਵਾਲਾ ਹੈ। ਇਸ ਕਰਕੇ ਪੈਸਾ ਕਮਾਉਣ ਜਾ ਰੋਜ਼ੀ-ਰੋਟੀ ਦਾ ਜੁਗਾੜ੍ਹ ਕਰਨ ਲਈ ਇਸ ਕਿੱਤੇ ਨੂੰ ਅਪਣਾਉਣ ਵਾਲੇ ਲੋਕਾਂ ਨੂੰ ਦੇਸ਼ ਅਤੇ ਸਮਾਜ ਦੇ ਵਡੇਰੇ ਹਿੱਤਾਂ ਲਈ ਇਸ ਕਿੱਤੇ ਤੋਂ ਦੂਰ ਰਹਿਣਾ ਚਾਹੀਦਾ ਹੈ। ਇਸ ਕਿੱਤੇ ਵਿੱਚ ਕੇਵਲ ਇਸ ਤਰ੍ਹਾਂ ਦੇ ਲੋਕਾਂ ਨੂੰ ਹੀ ਆਉਣਾ ਚਾਹੀਦਾ ਹੈ ਜੋ ਪੜ੍ਹਾਉਣ ਨੂੰ ਇੱਕ ਕੰਮ ਨਾ ਸਮਝ ਕੇ ਇੱਕ ਮਿਸ਼ਨ ਦੇ ਰੂਪ ਵਿੱਚ ਲੈਣ ਕਿਉਂਕਿ ਮਿਸ਼ਨ ਨੂੰ ਪੂਰਾ ਕਰਨ ਲਈ ਆਉਣ ਵਾਲੀਆਂ ਰਸਤੇ ਦੀਆਂ ਰੁਕਾਵਟਾਂ ਨੂੰ ਮਨੁੱਖ ਹੱਸਦੇ ਹੱਸਦੇ ਸਹਾਰਦਾ ਹੋਇਆ ਆਪਣੇ ਉਦੇਸ਼ ਨੂੰ ਪ੍ਰਾਪਤ ਕਰਨ ਲਈ ਅੱਗੇ ਵੱਧਦਾ ਜਾਂਦਾ ਹੈ। ਅਧਿਆਪਕ ਦੇ ਕਿੱਤੇ ਦੀ ਮਹੱਤਤਾ ਨੂੰ ਸਮਝਦੇ ਹੋਏ ਵਿਸ਼ਵ ਦੇ ਬਹੁਤੇ ਵਿਕਸਤ ਰਾਸ਼ਟਰਾਂ ਵਿੱਚ ਅੱਜ ਵੀ ਅਧਿਆਪਕ ਨੂੰ ਦੇਸ਼ ਦੇ ਮਹੱਤਵਪੂਰਨ ਵਿਅਕਤੀ ਵਿੱਚ ਸ਼ਾਮਿਲ ਕਰਕੇ ਉਸਨੂੰ ਸਨਮਾਨ ਦਿੱਤਾ ਜਾ ਰਿਹਾ ਹੈ ਪਰ ਅਫਸੋਸ ਅੱਜ ਭਾਰਤ ਵਿੱਚ ਇਸ ਕਿੱਤੇ ਨਾਲ ਸਬੰਧਤ ਵਿਅਕਤੀ ਨੂੰ ਲੋਕਤੰਤਰੀ ਸਰਕਾਰਾਂ ਦੇ ਰਹਿਨੁਮਾਵਾਂ ਵੱਲੋਂ ਇੱਕ ਵਿਹਲੜ ਜਿਹਾ ਵਿਅਕਤੀ ਸਮਝਿਆ ਜਾ ਰਿਹਾ ਹੈ ਜੋ ਕੇ ਦੇਸ਼ ਦੇ ਪ੍ਰਾਚੀਨ ਉੱਚ ਸੱਭਿਆਚਾਰ ਅਤੇ ਨੈਤਿਕ ਕਦਰਾਂ ਕੀਮਤਾਂ ਦੇ ਪਤਨ ਦੀ ਮੂੰਹ ਬੋਲਦੀ ਤਸਵੀਰ ਹੈ।

ਅੰਤਰਰਾਸ਼ਟਰੀ ਪੱਧਰ ਤੇ ਅਧਿਆਪਕ ਦਿਵਸ 1994 ਤੋਂ ਹਰ ਸਾਲ 5 ਅਕਤੂਬਰ ਨੂੰ ਬਹੁਤ ਹੀ ਉਤਸ਼ਾਹ, ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਜਾਂਦਾ ਹੈ ਇਸ ਦਾ ਮੁੱਖ ਮੰਤਵ ਹੈ ਅਧਿਆਪਕ ਵਰਗ ਨੂੰ ਸਹਿਯੋਗ ਅਤੇ ਉੱਚਿਤ ਸਨਮਾਨ ਦੇਣਾ ਹੈ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਚੰਗੇ ਨਾਗਰਿਕ ਬਣਾਇਆ ਜਾ ਸਕੇ। ਭਾਵੇਂ ਕਿ ਯੁਨੈਸਕੋ ਨੇ ਅਧਿਆਪਕ ਦਿਵਸ ਲਈ 5 ਅਕਤੂਬਰ ਦਾ ਦਿਨ ਨਿਸਚਿਤ ਕੀਤਾ ਹੈ ਪਰ ਕਈ ਦੇਸ਼ਾ ਦੁਆਰਾ ਅਲੱਗ ਅਲੱਗ ਦਿਨ ਇਹ ਦਿਵਸ ਮਨਾਇਆ ਜਾਂਦਾ ਹੈ ਤੇ ਇਸੀ ਕਾਰਨ ਭਾਰਤ ਵਿੱਚ ਭਾਰਤ ਦੇ ਸਾਬਕਾ ਰਾਸ਼ਟਰਪਤੀ ਸਰਵਪਲੀ ਡਾ. ਰਾਧਾ ਕ੍ਰਿਸ਼ਨਨ ਜੀ ਦੇ ਜਨਮ ਦਿਨ ਭਾਵ 5 ਸਤੰਬਰ ਨੂੰ ਅਧਿਆਪਕ ਦਿਵਸ ਦੇ ਰੂਪ ਵਿੱਚ (ਉਨ੍ਹਾਂ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਸਮਾਜ ਲਈ ਕੀਤੇ ਗਏ ਕੰਮਾਂ ਨੂੰ ਸ਼ਰਧਾਂਜਲੀ ਦੇਣ ਲਈ ਇੱਕ ਚਿੰਨ ਦੇ ਰੂਪ ‘ਚ) ਮਨਾਇਆ ਜਾਂਦਾ ਹੈ। ਡਾ. ਰਾਧਾ ਕ੍ਰਿਸ਼ਨਨ ਸਿੱਖਿਆ ਦੇ ਕੱਟੜ ਸਮਰਥੱਕ, ਉੱਚ ਕੋਟੀ ਦੇ ਵਿਦਵਾਨ, ਚੰਗੇ ਲੇਖਕ, ਇਮਾਨਦਾਰ ਰਾਜਸੀ ਨੇਤਾ, ਮਹਾਨ ਸੁਤੰਤਰਤਾ ਸੈਨਾਨੀ ਅਤੇ ਇੱਕ ਆਦਰਸ਼ ਅਧਿਆਪਕ ਸਨ। ਉਨ੍ਹਾਂ ਦੇ ਅਧਿਆਪਕ ਦੇ ਕਿੱਤੇ ਨਾਲ ਬੇਹੱਦ ਲਗਾਓ ਦੇ ਕਾਰਨ ਹੀ ਉਹਨਾਂ ਦੇ ਜਨਮ ਦਿਨ ਨੂੰ ਅਧਿਆਪਕ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਮਾਂ-ਬਾਪ ਮਿਲਕੇ ਬੱਚੇ ਨੂੰ ਅਰਸ਼ ਤੋਂ ਫਰਸ਼ ਤੱਕ ਲਿਆਉਣ ਦਾ ਸਫਰ ਤੈਅ ਕਰਵਾਉਂਦੇ ਹਨ ਤੇ ਇੱਕ ਅਧਿਆਪਕ ਆਪਣੀ ਯੋਗਤਾ, ਸਮਰੱਥਾ, ਲਗਨ ਅਤੇ ਸਮਰਪਣ ਦੇ ਨਾਲ ਬੱਚੇ ਨੂੰ ਫਰਸ਼ ਤੋਂ ਅਰਸ਼ ਤੱਕ ਪਹੁੰਚਾੳਣ ਦੀ ਜਿੰਮੇਵਾਰੀ ਨਿਭਾਉਂਦਾ ਹੈ। ਅਧਿਆਪਕ ਹੀ ਹਰੇਕ ਵਿਦਿਆਰਥੀ ਦੀ ਯੋਗਤਾ ਨੂੰ ਸਮਝ ਕੇ ਉਸਦੀ ਯੋਗਤਾ ਅਤੇ ਸਮਰੱਥਾ ਦੇ ਅਨੁਸਾਰ ਉਸਦੇ ਹੁਨਰ ਨੂੰ ਸ਼ਿਲਪਕਾਰ ਦੀ ਮਨਮੋਹਣੀ ਮੂਰਤ ਅਤੇ ਘੁੰਮਹਾਰ ਦੇ ਭਾਂਡੇ ਦੀ ਤਰ੍ਹਾਂ ਤਰਾਸ਼ ਕੇ ਉਸ ਨੂੰ ਹੀਰਾ ਬਣਾ ਦਿੰਦਾ ਹੈ । ਇਸ ਕਰਕੇ ਹੀ ਕਿਹਾ ਜਾਂਦਾ ਹੈ  ਕਿ ਇੱਕ ਚੰਗਾ ਅਧਿਆਪਕ ਚੰਗੀ ਸਿੱਖਿਅਕ ਪ੍ਰਣਾਲੀ ਦੀ ਨੀਂਹ ਹੈ ਜਿਸ ਤੋਂ ਬਿਨ੍ਹਾਂ ਮਿਆਰੀ ਸਿੱਖਿਆ ਦੇਣ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ ਪਰ ਜੇ ਧਿਆਨ ਨਾਲ ਦੇਖਿਆ ਜਾਵੇ ਤਾਂ ਅੱਜ ਇਸ ਤਰ੍ਹਾਂ ਦੇ  ਚੰਗੇ ਅਧਿਆਪਕਾਂ ਦੀ ਦੇਸ਼ ਵਿੱਚ ਕਾਫੀ ਕਮੀ ਮਹਿਸੂਸ ਕੀਤੀ ਜਾ ਰਹੀ ਹੈ। ਹੁਣ ਇੰਝ ਮਹਿਸੂਸ ਕੀਤਾ ਜਾਣ ਲੱਗ ਪਿਆ ਹੈ ਕਿ ਚੰਗੇ ਅਧਿਆਪਕ ਵੀ ਮਾੜੀ  ਰਾਜਨੀਤਿਕ ਅਤੇ ਸਿੱਖਿਆ ਪ੍ਰਣਾਲੀ ਦੀ ਭੇਂਟ ਚੜ੍ਹ ਗਏ ਜਾਪਦੇ ਹਨ। ਇਸੀ ਕਾਰਨ ਤਾਂ ਭਾਰਤ ਅਨੇਕਾਂ ਸਮੱਸਿਆਵਾਂ ਦਾ ਸ਼ਿਕਾਰ ਹੋ ਚੁੱਕਾ ਹੈ।

ਪ੍ਰਾਚੀਨ ਸਮੇਂ ਤੋਂ ਹੀ ਭਾਰਤ ‘ਚ ਗੁਰੂੁ ਜਾਂ ਅਧਿਆਪਕ  ਦਾ ਬਹੁਤ ਸਨਮਾਨ ਕੀਤਾ ਜਾਂਦਾ ਰਿਹਾ ਹੈ। ਇਸ ਕਾਰਨ ਹੀ ਕਿਹਾ ਜਾਂਦਾ ਸੀ ਕਿ “ਰਾਜਾ ਜਨਤਾ ਤੇ ਸ਼ਾਸਨ ਕਰਦਾ ਹੈ ਤੇ ਗੁਰੂ ਰਾਜੇ ਤੇ”। ਪ੍ਰਾਚੀਨ ਧਾਰਮਿਕ ਅਤੇ ਇਤਿਹਾਸਕ ਗ੍ਰੰਥਾਂ ਵਿੱਚ ਅਸੀਂ ਦੇਖਦੇ ਹਾਂ ਕਿ ਕਿਸ ਤਰ੍ਹਾਂ ਸਮਾਜ ਦਾ ਹਰੇਕ ਮਨੁੱਖ ਗੁਰੂ ਦਾ ਸਨਮਾਨ ਕਰਦਾ ਸੀ, ਇਥੋਂ ਤੱਕ ਕਿ ਰਾਜੇ ਮਹਾਰਾਜੇ ਵੀ ਗੁਰੂ ਦੇ ਸਨਮਾਨ ਵਿਚ ਆਪਣਾ ਸਿਰ ਝੁਕਾ ਦਿੰਦੇ ਸਨ ਪਰ ਜੇ ਅਸੀਂ ਅੱਜ ਦੇ ਭਾਰਤ ਦੀ ਗੱਲ ਕਰੀਏ ਤਾਂ ਅਧਿਆਪਕ ਨੂੰ ਦੇਸ਼ ਦੇ ਨਿਰਮਾਤਾ ਆਦਿ ਦੇ ਲਕਵ ਨਾਲ ਸਨਮਾਨਿਆਂ ਤਾ ਜਾਂਦਾ ਹੈ ਪਰ ਅਸਲ ਸਥਿਤੀ ਬਹੁਤ ਖਰਾਬ ਹੈ। ਨਿੱਤ ਰੋਜ ਦੇਸ਼ ਦੇ ਨਿਰਮਾਤਾਵਾਂ ਉੱਪਰ ਦੇਸ਼ ਦੀਆਂ ਲੋਕਤੰਤਰੀ ਸਰਕਾਰਾਂ ਵੱਲੋਂ ਲਾਠੀ ਚਾਰਜ ਕੀਤਾ ਜਾ ਰਿਹਾ ਹੈ, ਅਥਰੂ ਗੈਸ ਦੇ ਗੋਲੇ ਸੁੱਟੇ ਜਾ ਰਹੇ ਹਨ, ਪਾਣੀ ਦੀਆਂ ਬੁਛਾਰਾਂ ਮਾਰੀਆਂ ਜਾ ਰਹੀਆਂ ਹਨ। ਦੇਸ਼ ਦੇ ਨਿਰਮਾਤਾ ਨੂੰ ਇੱਕ ਵਾਧੂ ਜਿਹਾ ਇਨਸਾਨ ਸਮਝਿਆ ਜਾ ਰਿਹਾ ਹੈ। ਅੱਜ ਦੇਸ਼ ਦੇ ਨਿਰਮਾਤਾ ਨੂੰ ਠੇਕੇ ਤੇ ਨਿਗੂਣੀਆਂ ਤਨਖਾਹਾਂ (ਮਜਦੂਰਾਂ ਨਾਲੋਂ ਵੀ ਘੱਟ) ਤੇ ਭਰਤੀ ਕਰਨ ਦੇ ਕਾਰਨ ਉਹ ਖੁਦ ਹੀ ਆਰਥਿਕ ਜਰੂਰਤਾਂ ਨੂੰ ਪੂਰਾ ਕਰਨ ਦੀ ਘੁੰਮਨ-ਘੇਰੀ ਵਿੱਚ ਫਸਿਆ ਮਹਿਸੂਸ ਕਰ ਰਿਹਾ ਹੈ। ਜੇਕਰ ਅਸੀਂ ਅਧਿਆਪਕ ਨੂੰ ਦੇਸ਼ ਜਾਂ ਸਮਾਜ ਦਾ ਨਿਰਮਾਤਾ ਕਹਿ ਕੇ ਫੋਕਾ ਸਨਮਾਨ ਦੇਣ ਦੀ ਬਜਾਏ ਉਸ ਦੀਆਂ ਜਾਇਜ਼ ਸਮੱਸਿਆਵਾਂ ਨੂੰ ਹੱਲ ਕਰਕੇ ਉਸ ਨੂੰ ਆਰਥਿਕ ਅਤੇ ਮਾਨਸਿਕ ਤੌਰ ਤੇ ਸਤੁੰਸ਼ਟ ਕਰਨ ਦੀ ਕੋਸ਼ਿਸ ਕਰੀਏ ਤਾਂ ਦੇਸ਼ ਦੀਆਂ ਕਈ ਸਮੱਸਿਆਵਾਂ ਹੱਲ ਹੋ ਸਕਦੀਆਂ ਹਨ ਕਿਉਂਕਿ ਇੱਕ ਸਤੁੰਸ਼ਟ ਵਿਅਕਤੀ ਆਪਣੇ ਕਿੱਤੇ ਦੇ ਪ੍ਰਤੀ ਸਮਰਪਿੱਤ ਹੋ ਸਕਦਾ ਹੈ ਅਤੇ ਸਤੁੰਸ਼ਟ ਨਾਗਰਿਕ ਪੈਦਾ ਕਰਕੇ, ਦੇਸ਼ ਦੇ ਵਿਕਾਸ ਵਿੱਚ ਯੋਗਦਾਨ ਪਾ ਸਕਦਾ ਹੈ। ਇਸ ਲਈ ਸਕੂਲਾਂ ਵਿੱਚ ਭਰਤੀ ਦੀ ਠੇਕਾ ਪ੍ਰਣਾਲੀ ਨੂੰ ਖਤਮ ਕਰਕੇ ਰੈਗੂਲਰ ਭਰਤੀ ਕੀਤੀ ਜਾਵੇ, ਅਧਿਆਪਕ–ਵਿਦਿਆਰਥੀ ਅਨੁਪਾਤ ਨੂੰ ਠੀਕ ਕੀਤਾ ਜਾਵੇ ਤਾਂ ਜੋ ਅਧਿਆਪਕ ਆਪਣੇ ਵਿਦਿਆਰਥੀਆਂ ਦੀ ਮਾਨਸਿਕਤਾ ਨੂੰ ਸਮਝ ਸਕੇ ਅਤੇ ਉਹਨਾਂ ਨਾਲ ਭਾਵਨਾਤਮਕ ਲਗਾਓ ਬਣਾ ਸਕੇ। ਅਧਿਆਪਕ ਵਰਗ ਨੂੰ ਵੀ ਚਾਹੀਦਾ ਹੈ ਕਿ ਉਹ ਵੀ ਆਪਣੇ ਆਪ ਨੂੰ ਡਾ. ਰਾਧਾ ਕ੍ਰਿਸ਼ਨਨ ਦੀ ਤਰ੍ਹਾਂ ਅਮਲੀ ਰੂਪ ਵਿੱਚ ਦੇਸ਼ ਦਾ ਨਿਰਮਾਤਾ ਬਣਾਉਣ ਲਈ ਹਰ ਤਰ੍ਹਾਂ ਦਾ ਬਲੀਦਾਨ ਦੇਣ ਲਈ ਹਰ ਸਮੇਂ ਤਿਆਰ ਰੱਖੇ। ਆਪਣੇ ਨਿੱਜੀ ਹਿੱਤਾਂ ਦਾ ਦੇਸ਼ ਦੇ ਹਿੱਤਾਂ ਲਈ ਤਿਆਗ ਕਰਨ। ਆਪਣੇ ਆਪ ਨੂੰ ਸਮਾਜਿਕ ਬੁਰਾਈਆਂ ਤੋਂ ਦੂਰ ਰੱਖਦੇ ਹੋਏ ਵਿਦਿਆਰਥੀਆਂ ਲਈ ਅਤੇ ਸਮਾਜ ਲਈ ਰੋਲ ਮਾਡਲ ਬਣ ਕੇ ਦਿਖਾਉਣ। ਜਿਸ ਤਰ੍ਹਾਂ ਮੋਮਬੱਤੀ ਖੁਦ ਜਲ ਕਿ ਦੂਜਿਆਂ ਨੂੰ ਰੌਸ਼ਨੀ ਦੇ ਕੇ ਹੋਰਨਾਂ ਲਈ ਪ੍ਰੇਰਣਾ ਸਰੋਤ ਬਣਦੀ ਆ ਰਹੀ ਹੈ ਉਸੇ ਤਰ੍ਹਾਂ ਅਧਿਆਪਕ ਵਰਗ ਨੂੰ ਵੀ ਆਪਣੀਆਂ ਸੁੱਖ ਸੁਵੀਧਾਵਾਂ, ਆਪਣੀਆਂ ਇੱਛਾਵਾਂ, ਆਪਣੇ ਨਿੱਜੀ ਹਿੱਤਾਂ ਆਦਿ ਨੂੰ ਦੇਸ਼ ਅਤੇ ਸਮਾਜ ਦੇ ਵਡੇਰੇ ਹਿੱਤਾਂ ਲਈ ਕੁਰਬਾਨ ਕਰਨ ਲਈ ਹਮੇਸ਼ਾ ਤਿਆਰ ਰਹਿਣਾ ਚਾਹੀਦਾ ਹੈ। ਅੰਤ ਵਿੱਚ ਇਹੀ ਕਿਹਾ ਜਾ ਸਕਦਾ ਹੈ ਕਿ ਭਾਰਤ ਨੂੰ ਵਿਕਸਤ ਰਾਸ਼ਟਰ ਬਣਾਉਣ, ਦੇਸ਼ ਵਿੱਚ ਅਮਨ-ਸ਼ਾਂਤੀ ਲਿਆਉਣ, ਫਿਰਕੂ ਸਦਭਾਵਨਾ ਬਣਾ ਕੇ ਰੱਖਣ , ਭਾਰਤੀ ਅਮੀਰ ਸੱਭਿਆਚਾਰ ਅਤੇ ਕਦਰਾਂ-ਕੀਮਤਾਂ ਤੋਂ ਲੋਕਾਂ ਨੂੰ ਜਾਣੂ ਕਰਵਾਉਣ ਆਦਿ ਲਈ ਜਰੂਰੀ ਹੈ ਕਿ ਅਧਿਆਪਕ ਦੇ ਮਾਣ-ਸਨਮਾਨ ਨੂੰ ਬਹਾਲ ਕੀਤਾ ਜਾਵੇ। ਇਸਦੇ ਨਾਲ ਹੀ ਅਧਿਆਪਕ ਨੂੰ ਵੀ ਚਾਹੀਦਾ ਹੈ ਕਿ ਉਹ ਇਸ ਕਿੱਤੇ ਦੀ ਪਵਿਤੱਰਤਾ ਨੂੰ ਸਮਝੇ, ਇਸ ਨੂੰ ਕੇਵਲ ਇੱਕ ਪੇਸ਼ੇ ਦੇ ਰੂਪ ਵਿੱਚ ਨਾ ਅਪਣਾ ਕੇ ਸਗੋਂ ਦੇਸ਼ ਨਿਰਮਾਣ ਵਿੱਚ ਨਵੀਂ ਸੋਚ ਬਣ ਕੇ ਇਸ ਨੂੰ ਇੱਕ ਮਿਸ਼ਨ ਦੇ ਰੂਪ ਵਿੱਚ ਅਪਣਾਏ।

ਸੋਸ਼ਲ- ਮੀਡੀਆ : ਵਰ ਜਾਂ ਸਰਾਪ

$
0
0

ਅਜੋਕਾ ਯੁਗ ਤਕਨੀਕ ਦਾ ਯੁਗ ਹੈ। ਹਰ ਪਾਸੇ ਵਿਗਿਆਨਕ ਕਾਢਾਂ ਦੀ ਝੰਡੀ ਹੈ। ਖ਼ਾਸ ਗੱਲ ਇਹ ਹੈ ਕਿ ਅੱਜ ਦੇ ਸਮੇਂ ਵਿਚ ਵਿਗਿਆਨਕ ਕਾਢਾਂ ਤੋਂ ਬਿਨਾਂ ਮਨੁੱਖੀ ਜੀਵਨ ਦੀ ਕਲਪਣਾ ਵੀ ਨਹੀਂ ਕੀਤੀ ਜਾ ਸਕਦੀ। ਮਨੁੱਖ ਦਾ ਜੀਵਨ ਇਹਨਾਂ ਵਿਗਿਆਨਕ ਕਾਢਾਂ ਉੱਪਰ ਨਿਰਭਰ ਹੋ ਗਿਆ ਹੈ। ਇਹਨਾਂ ਕਾਢਾਂ ਵਿੱਚੋਂ ਹੀ ਇੱਕ ਕਾਢ ਹੈ ਮੋਬਾਈਲ। ਮੋਬਾਈਲ ਤੋਂ ਬਾਅਦ ਇੰਟਰਨੈੱਟ ਅਤੇ ਇੰਟਰਨੈੱਟ ਤੋਂ ਮਗਰੋਂ ਸੋਸ਼ਲ- ਮੀਡੀਆ। ਸੋਸ਼ਲ- ਮੀਡੀਆ ਦਾ ਪ੍ਰਯੋਗ ਕਰਨਾ ਅੱਜ ਦੇ ਵਕਤ ਵਿਚ ਹਰ ਮਨੁੱਖ ਲਈ ਲਾਜ਼ਮੀ ਹੋ ਗਿਆ ਹੈ। ਸ਼ਾਇਦ ਇਸੇ ਕਰਕੇ ਨਿੱਕੇ ਜੁਆਕਾਂ ਤੋਂ ਲੈ ਕੇ ਬਜ਼ੁਰਗਾਂ ਤੱਕ ਸਭ ਸੋਸ਼ਲ- ਮੀਡੀਆ ਦੀ ਵਰਤੋਂ ਕਰਦੇ ਆਮ ਹੀ ਦੇਖੇ ਜਾ ਸਕਦੇ ਹਨ। ਇੱਕ ਹੱਦ ਤੱਕ ਇਹ ਕਾਰਜ ਵਰਦਾਨ ਦਾ ਰੂਪ ਲੱਗਦਾ ਹੈ ਪਰ ਹੱਦੋਂ ਵੱਧ ਇਹ ‘ਵਰਦਾਨ’ ਵੀ ਸਰਾਪ ਦਾ ਰੂਪ ਧਾਰਨ ਕਰਨ ਲੱਗਦਾ ਹੈ। ਸਾਡੇ ਹੱਥਲੇ ਲੇਖ ਦਾ ਮੂਲ ਮਨੋਰਥ ਸੋਸ਼ਲ- ਮੀਡੀਆ ਦੇ ਨਫ਼ੇ ਅਤੇ ਨੁਕਸਾਨ ਦੀ ਗੱਲ ਕਰਨਾ ਹੈ। ਇਸ ਲਈ ਲੇਖ ਦੀ ਸੰਖੇਪਤਾ ਨੂੰ ਦੇਖਦਿਆਂ ਵਿਚਾਰ- ਚਰਚਾ ਨੂੰ ਸੰਖੇਪ ਸ਼ਬਦਾਂ ਵਿਚ ਬਿਆਨ ਕੀਤਾ ਜਾਵੇਗਾ ਤਾਂ ਕਿ ਲੇਖ ਨੂੰ ਸਹੀ ਆਕਾਰ ਵਿਚ ਸਮਾਪਤ ਕੀਤਾ ਜਾ ਸਕੇ।

ਸੋਸ਼ਲ- ਮੀਡੀਆ ਰਾਹੀਂ ਇੱਕੋ ਸਮੇਂ ਬਹੁਤ ਸਾਰੇ ਲੋਕਾਂ ਨਾਲ ਸੰਪਰਕ ਸਥਾਪਿਤ ਕੀਤਾ ਜਾ ਸਕਦਾ ਹੈ। ਸਮੁੱਚੀ ਦੁਨੀਆਂ ਵਿਚ ਰਹਿੰਦੇ ਲੋਕਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ/ ਸਮੁੱਚੀ ਦੁਨੀਆਂ ਦੀਆਂ ਖ਼ਬਰਾਂ ਤੋਂ ਜਾਣੂ ਹੋਇਆ ਜਾ ਸਕਦਾ ਹੈ। ਸੋਸ਼ਲ- ਮੀਡੀਆ ਹੀ ਇੱਕ ਅਜਿਹਾ ਜ਼ਰੀਆ ਹੈ ਜਿਸ ਦੁਆਰਾ ਆਪਣੀ ਆਵਾਜ਼ ਨੂੰ ਦੂਜੇ ਲੋਕਾਂ ਤੱਕ ਆਸਾਨੀ ਨਾਲ ਪਹੁੰਚਾਇਆ ਜਾ ਸਕਦਾ ਹੈ। ਅੱਜ ਕੱਲ ਦੇਖਣ ਵਿਚ ਆ ਰਿਹਾ ਹੈ ਕਿ ਬਹੁਤ ਸਾਰੇ ਲੋਕ ਆਪਣੇ ਕਾਰੋਬਾਰ ਨੂੰ ਸੋਸ਼ਲ- ਮੀਡੀਆ ਦੇ ਰਾਹੀਂ ਪ੍ਰਚਾਰਿਤ ਕਰਦੇ ਹਨ/ ਪ੍ਰਫੁਲਿਤ ਕਰਦੇ ਹਨ। ਅੱਜ ਦੇ ਜ਼ਮਾਨੇ ਵਿਚ ਲੋਕਾਂ ਕੋਲ ਵਕਤ ਦੀ ਘਾਟ ਹੈ ਇਸ ਲਈ ਸੋਸ਼ਲ- ਮੀਡੀਆ ਦੇ ਰਾਹੀਂ ਇੱਕ- ਦੂਜੇ ਦੀ ਜਾਣਕਾਰੀ ਮਿਲਦੀ ਰਹਿੰਦੀ ਹੈ। ਖ਼ਾਸ ਗੱਲ ਇਹ ਹੈ ਕਿ ਅੱਜ ਦੇ ਦੌਰ ਵਿਚ ਇੱਕ- ਦੂਜੇ ਦੇ ਸੁੱਖ- ਦੁੱਖ ਦੀ ਜਾਣਕਾਰੀ ਵੀ ਸੋਸ਼ਲ- ਮੀਡੀਏ ਦੇ ਜ਼ਰੀਏ ਹੀ ਮਿਲ ਜਾਂਦੀ ਹੈ। ਵਤਨੋਂ ਦੂਰ ਗਏ ਪਿਆਰਿਆਂ ਦੀ ਖ਼ੈਰ- ਸੁਖ ਵੀ ਇਸ ‘ਵਰਦਾਨ’ ਦੇ ਰਾਹੀਂ ਬਹੁਤ ਆਸਾਨੀ ਨਾਲ ਪ੍ਰਾਪਤ ਹੋ ਜਾਂਦੀ ਹੈ। ਕਿਸੇ ਬੰਦੇ ਕੋਲ ਜੇਕਰ ਕੋਈ ਖ਼ਾਸ ਗੁਣ ਹੈ; ਜਿਵੇਂ ਗਾਉਣਾ, ਗੀਤਕਾਰੀ, ਪੇਂਟਿੰਗ, ਕਵਿਤਾ ਅਤੇ ਹੋਰ ਕੋਈ ਰੱਬੀ ਸੁਗਾਤ ਤਾਂ ਉਹ ਸੋਸ਼ਲ- ਮੀਡੀਏ ਰਾਹੀਂ ਆਪਣੀ ਆਵਾਜ਼ ਨੂੰ ਸਮੁੱਚੀ ਦੁਨੀਆਂ ਦੇ ਲੋਕਾਂ ਤੱਕ ਪਹੁੰਚਾ ਸਕਦਾ ਹੈ। ਸੋਸ਼ਲ- ਮੀਡੀਆ ਆਮ ਲੋਕਾਂ ਲਈ ਬਹੁਤ ਵੱਡਾ ‘ਮੰਚ’ ਬਣ ਕੇ ਉੱਭਰਿਆ ਹੈ ਜਿਸ ਦੇ ਰਾਹੀਂ ਆਮ ਗ਼ਰੀਬ ਲੋਕਾਂ ਨੂੰ ਮੌਕਾ ਮਿਲ ਸਕਦਾ ਹੈ। ਲੰਘੇ ਸਮੇਂ ਬਹੁਤ ਸਾਰੀਆਂ ਅਜਿਹੀਆਂ ਮਿਸਾਲਾਂ ਦੇਖਣ ਨੂੰ ਮਿਲੀਆਂ ਹਨ ਜਿਹਨਾਂ ਵਿਚ ਕੋਈ ਬੰਦਾ ਰਾਤੋ- ਰਾਤ ਦੁਨੀਆਂ ਦੀ ਨਜ਼ਰਾਂ ਵਿਚ ਸਟਾਰ ਬਣ ਕੇ ਉੱਭਰਿਆ ਹੈ। ਇਹ ਸਭ ਸੋਸ਼ਲ- ਮੀਡੀਆ ਕਰਕੇ ਹੀ ਸੰਭਵ ਹੋਇਆ ਹੈ।

ਸੋਸ਼ਲ- ਮੀਡੀਆ ਜਿੱਥੇ ਮਨੁੱਖ ਨੂੰ ਸਹੂਲਤ ਦੇਣ ਲਈ ਆਪਣੀ ਜਿੰ਼ਮੇਵਾਰੀ ਬਹੁਤ ਵਧੀਆ ਢੰਗ ਨਾਲ ਨਿਭਾ ਰਿਹਾ ਹੈ ਉੱਥੇ ਮਨੁੱਖ ਦੀ ਅਣਗਹਿਲੀ ਕਰਕੇ ਇਹ ਇੱਕ ਸਰਾਪ ਦਾ ਰੂਪ ਵੀ ਧਾਰਨ ਕਰਦਾ ਜਾ ਰਿਹਾ ਹੈ। ਇੰਟਰਨੈੱਟ ਦੀ ਹੱਦੋਂ ਵੱਧ ਵਰਤੋਂ ਨੇ ਮਨੁੱਖ ਨਾਲੋਂ ਮਨੁੱਖ ਨੂੰ ਤੋੜ ਕੇ ਰੱਖ ਦਿੱਤਾ ਹੈ। ਮਨੁੱਖ ਇਕਲਾਪੇ ਦਾ ਸਿ਼ਕਾਰ ਹੋ ਗਿਆ ਹੈ। ਨਿੱਕੇ ਬੱਚਿਆਂ ਤੋਂ ਲੈ ਕੇ ਵੱਡੀ ਉਮਰ ਦੇ ਲੋਕਾਂ ਤੱਕ ਇਸਦੇ ਵੱਸ ਵਿਚ ਹਨ/ ਪ੍ਰਭਾਵ ਵਿਚ ਹਨ। ਸੋਸ਼ਲ- ਮੀਡੀਆ ਦੀ ਦੁਰਵਰਤੋਂ ਕਰਕੇ ਦੇਸ਼ ਦੀ ਸੁਰੱਖਿਆ ਨਾਲ ਜੁੜੇ ਕਈ ਦਸਤਾਵੇਜ਼ ਲੀਕ ਕੀਤੇ ਜਾ ਚੁਕੇ ਹਨ। ਦੁਸ਼ਮਣ ਮੁਲਕਾਂ ਦੇ ਖੁਫ਼ੀਆਂ ਅਫ਼ਸਰ ਸੋਸ਼ਲ- ਮੀਡੀਏ ਦੇ ਰਾਹੀਂ ਨੌਜਵਾਨਾਂ ਨੂੰ ਆਪਣੇ ਜਾਲ਼ ਵਿਚ ਫਸਾਉਂਦੇ ਹਨ ਅਤੇ ਦੇਸ਼ ਦੀਆਂ ਖੁਫ਼ੀਆਂ ਜਾਣਕਾਰੀਆਂ ਹਾਸਿਲ ਕਰਨ ਦੀਆਂ ਕੋਸਿ਼ਸ਼ਾਂ ਕਰਦੇ ਹਨ। ਕਈ ਵਾਰ ਭੋਲੇ- ਭਾਲੇ ਨੌਜਵਾਨ ਇਹਨਾਂ ਦੀਆਂ ਚਾਲਾਂ ਦਾ ਸਿ਼ਕਾਰ ਹੋ ਜਾਂਦੇ ਹਨ।

ਸੋਸ਼ਲ- ਮੀਡੀਆ ਉੱਪਰ ਸਰਗਰਮ ਲੋਕ ਸਰੀਰਕ ਕੰਮਾਂ ਨੂੰ ਲਗਭਗ ਭੁੱਲ ਹੀ ਜਾਂਦੇ ਹਨ। ਉਹ ਲੋਕ ਦਿਨ- ਰਾਤ ਮੋਬਾਈਲ ਦੀ ਟੱਚ ਉੱਪਰ ਆਪਣੇ ਸਮੇਂ ਨੂੰ ਬਤੀਤ ਕਰਦੇ ਹਨ। ਇਸ ਕਰਕੇ ਕਈ ਪ੍ਰਕਾਰ ਦੀਆਂ ਬੀਮਾਰੀਆਂ ਨੇ ਅਜਿਹੇ ਲੋਕਾਂ ਨੂੰ ਘੇਰਾ ਪਾ ਗਿਆ ਹੈ। ਅੱਖਾਂ ਦੀ ਨਿਗਾਹ ਕਮਜ਼ੋਰ ਹੋ ਗਈ ਹੈ, ਮੋਟਾਪੇ ਦੇ ਸਿ਼ਕਾਰ ਹੋ ਗਏ ਹਨ ਅਤੇ ਇਕਲਾਪੇ ਕਰਕੇ ਮਾਨਸਿਕ ਰੋਗੀ ਵੀ ਬਣਦੇ ਜਾ ਰਹੇ ਹਨ। ਅੱਜ ਕੱਲ ਖੁਦਕੁਸ਼ੀਆਂ ਦਾ ਰੁਝਾਨ ਬਹੁਤ ਵੱਧ ਗਿਆ ਹੈ। ਮਾਨਸਿਕ ਰੋਗੀਆਂ ਦੀ ਗਿਣਤੀ ਦਿਨੋਂ- ਦਿਨ ਵੱਧਦੀ ਜਾ ਰਹੀ ਹੈ। ਇਹਨਾਂ ਦਾ ਮੂਲ ਕਾਰਨ ਹੈ ‘ਸੋਸ਼ਲ- ਮੀਡੀਆ ਦੀ ਹੱਦੋਂ ਵੱਧ ਵਰਤੋਂ’ ਮਨੁੱਖ ਦੇ ਕੋਲ ਆਪਣੇ ਦੁੱਖ- ਸੁੱਖ ਨੂੰ ਦੱਸਣ ਲਈ ਵਕਤ ਹੀ ਨਹੀਂ ਹੈ। ਇਸ ਲਈ ਉਹ ਪੂਰਾ ਦਿਨ ਇੰਟਰਨੈੱਟ ਦੀ ਦੁਨੀਆਂ ਵਿਚ ਗੁਆਚਿਆ ਰਹਿੰਦਾ ਹੈ। ਇਸ ਕਰਕੇ ਉਹ ਆਪਣੇ ਆਸ- ਪਾਸ ਦੀ ਅਸਲ ਦੁਨੀਆਂ ਤੋਂ ਟੁੱਟ ਜਾਂਦਾ ਹੈ ਅਤੇ ਕਲਪਣਾ ਦੇ ਸੰਸਾਰ ਵਿਚ ਗੁਆਚ ਜਾਂਦਾ ਹੈ। ਇਸ ਕਲਪਣਾ ਦੇ ਸੰਸਾਰ ਕਰਕੇ ਉਹ ਕਈ ਤਰ੍ਹਾਂ ਦੀ ਬੀਮਾਰੀਆ ਦਾ ਸਿ਼ਕਾਰ ਹੋ ਜਾਂਦਾ ਹੈ। ਹੈਰਾਨੀ ਤਾਂ ਉਦੋਂ ਹੁੰਦੀ ਹੈ ਜਦੋਂ ਨਿੱਕੇ ਬੱਚੇ ਵੀ ਖੁਦਕੁਸ਼ੀ ਵਰਗੇ ਸਖ਼ਤ ਕਦਮ ਚੁੱਕ ਲੈਂਦੇ ਹਨ। ਅੱਜ ਕੱਲ ਅਖ਼ਬਾਰਾਂ ਵਿਚ ਆਮ ਹੀ ਖ਼ਬਰਾਂ ਪੜ੍ਹਨ ਨੂੰ ਮਿਲਦੀਆਂ ਹਨ ਕਿ ਦੱਸਵੀਂ ਦੇ ਇਮਤਿਹਾਨ ਵਿਚੋਂ ਫੇਲ ਹੋਏ ਵਿਦਿਆਰਥੀ ਨੇ ਆਤਮ- ਹੱਤਿਆ ਕਰ ਲਈ। ਅਸਲ ਵਿਚ ਉਹ ਵਿਦਿਆਰਥੀ ਜਾਂ ਉਸ ਵਿਦਿਆਰਥੀ ਦੇ ਮਾਂ- ਬਾਪ ਇੰਟਰਨੈੱਟ ਦੀ ਦੁਨੀਆਂ ਵਿਚ ਅਜਿਹੇ ਗੁਆਚੇ ਹੁੰਦੇ ਹਨ ਕਿ ਉਹ ਆਪਣੇ ਬੱਚੇ ਦੀਆਂ ਤੰਗੀਆਂ- ਖੂਬੀਆਂ ਨੂੰ ਦੇਖ ਹੀ ਨਹੀਂ ਪਾਉਂਦੇ। ਦੂਜੇ ਪਾਸੇ ਬੱਚਾ ਵੀ ਇੰਟਰਨੈੱਟ ਦੇ ਜਾਲ਼ ਵਿਚ ਫੱਸਿਆ ਹੁੰਦਾ ਹੈ ਉਹ ਆਪਣੀ ਮਨੋ- ਸਥਿਤੀ ਨੂੰ ਆਪਣੇ ਮਾਪਿਆਂ ਸਾਹਮਣੇ ਬਿਆਨ ਹੀ ਨਹੀਂ ਕਰ ਪਾਉਂਦਾ। ਇਸ ਦੇ ਨਤੀਜੇ ਵੱਜੋਂ ਆਤਮ- ਹੱਤਿਆ ਵਰਗੀ ਘਟਨਾ ਵਾਪਰ ਜਾਂਦੀ ਹੈ। ਇਹ ਬਹੁਤ ਮੰਦਭਾਗਾ ਰੁਝਾਨ ਹੈ। ਇਸ ਤੋਂ ਬਚਣ ਦੀ ਲੋੜ ਹੈ।

ਸੋਸ਼ਲ- ਮੀਡੀਆ ਦੇ ਮੰਦੇ ਪ੍ਰਭਾਵਾਂ ਤੋਂ ਬਚਣ ਲਈ ਇਸਦਾ ਪ੍ਰਯੋਗ ਸੀਮਤ ਸਮੇਂ ਲਈ ਕਰੋ ਭਾਵ ਦਿਨ ਵਿਚ ਕੁਝ ਵਕਤ ਮਿੱਥ ਲਓ ਕਿ ਇਸ ਸਮੇਂ ਦੇ ਦੌਰਾਨ ਹੀ ਸੋਸ਼ਲ- ਮੀਡੀਏ ਉੱਪਰ ਸਰਗਰਮ ਹੋਣਾ ਹੈ, ਬਾਕੀ ਪੂਰਾ ਦਿਨ ਆਪਣੇ ਪਰਿਵਾਰ ਨਾਲ ਸਮਾਂ ਬਿਤਾਓ। ਸੋਸ਼ਲ- ਮੀਡੀਏ ਉੱਪਰ ਵਾਧੂ ਦੀਆਂ ਕਾਰਵਾਈਆਂ ਤੋਂ ਬਚੋ ਭਾਵ ਜਿਹੜੀ ਚੀਜ਼ ਤੁਹਾਡੇ ਨਾਲ ਸੰਬੰਧਿਤ ਹੈ ਉਸ ਨੂੰ ਦੇਖੋ ਜਾਂ ਕਰੋ। ਵਾਧੂ ਦੀਆਂ ਚੀਜ਼ਾਂ ਉੱਪਰ ਆਪਣੇ ਧਿਆਨ ਨੂੰ ਕੇਂਰਦਿਤ ਨਾ ਕਰੋ। ਵਿਅਕਤੀਗਤ ਜਾਣਕਾਰੀ ਘੱਟ ਤੋਂ ਘੱਟ ਸਾਂਝੀ ਕਰੋ। ਆਪਣੇ ਬਾਰੇ, ਆਪਣੇ ਪਰਿਵਾਰ ਬਾਰੇ ਅਤੇ ਆਪਣੇ ਕਾਰੋਬਾਰ ਬਾਰੇ। ਸੋਸ਼ਲ- ਮੀਡੀਆ ਉੱਪਰ ਉੱਡਦੀਆਂ ਅਫ਼ਵਾਹਾਂ ਤੋਂ ਬਚੋ ਅਤੇ ਅਫ਼ਵਾਹਾਂ ਨੂੰ ਫੈਲਾਉਣ ਤੋਂ ਗੁਰੇਜ਼ ਕਰੋ। ਜਿਸ ਗੱਲ ਦਾ ਤੁਹਾਨੂੰ ਪੱਕਾ ਯਕੀਨ ਨਹੀਂ ਉਸ ਨੂੰ ਅੱਗੇ ਭੇਜਣ ਤੋਂ ਸੰਕੋਚ ਕਰੋ। ਕਈ ਵਾਰ ਬਹੁਤ ਸਾਰੀਆਂ ਝੂਠੀਆਂ ਖ਼ਬਰਾਂ ਵੀ ਲੋਕਾਂ ਨੂੰ ਗੁੰਮਰਾਹ ਕਰਨ ਲਈ ਫੈਲਾਈਆਂ ਜਾਂਦੀਆਂ ਹਨ ਤਾਂ ਕਿ ਸਮਾਜਿਕ ਮਾਹੌਲ ਨੂੰ ਵਿਗਾੜਿਆ ਜਾ ਸਕੇ। ਇਸ ਲਈ ਅਫ਼ਵਾਹਾਂ ਨੂੰ ਫੈਲਾਉਣ ਵਿਚ ਹਿੱਸੇਦਾਰ ਨਾ ਬਣੋ। ਇਸ ਤਰ੍ਹਾਂ ਉੱਪਰ ਕੀਤੀ ਗਈ ਵਿਚਾਰ- ਚਰਚਾ ਦੇ ਆਧਾਰ ਤੇ ਕਿਹਾ ਜਾ ਸਕਦਾ ਹੈ ਕਿ ਸੀਮਤ ਸਮੇਂ ਲਈ ਕੀਤਾ ਗਿਆ ਸੋਸ਼ਲ- ਮੀਡੀਆ ਦਾ ਪ੍ਰਯੋਗ ਵਰਦਾਨ ਸਿੱਧ ਹੁੰਦਾ ਹੈ ਪਰ, ਹੱਦੋਂ ਵੱਧ ਕੇ ਇਸੇਤਿਮਾਲ ਸਰਾਪ ਦਾ ਰੂਪ ਧਾਰਨ ਕਰ ਜਾਂਦਾ ਹੈ। ਇਸ ਲਈ ਸੋਸ਼ਲ- ਮੀਡੀਆ ਦਾ ਪ੍ਰਯੋਗ ਕਰੋ ਪਰ, ਸੀਮਤ ਸਮੇਂ ਲਈ ਲਈ ਜਾਂ ਸਮਾਂ ਮਿੱਥ ਕੇ। ਇਸ ਨਾਲ ਸੋਸ਼ਲ- ਮੀਡੀਆ ਵਰਦਾਨ ਸਿੱਧ ਹੋਵੇਗਾ।

ਐਸਜੀਪੀਸੀ ਪੰਥ ਦੀ ਵਿਰਾਸਤ ਮਲਿਆਮੇਟ ਕਰਾਉਣ ਦੀ ਥਾਂ ਸੰਭਾਲੇ

$
0
0

ਪੁਰਾਤਨ ਇਮਾਰਤਾਂ ਮਹਿਜ ਇੱਟਾਂ ਗਾਰਿਆਂ ਦਾ ਸੁਮੇਲ ਹੀ ਨਹੀਂ ਹਨ  ਸਗੋਂ ਇਹ ਵਿਚਾਰਧਾਰਾ ਨਾਲ ਵੀ ਅਟੁਟ ਰਿਸ਼ਤਿਆਂ ‘ਚ ਬਝਾ ਹੋਇਆ ਹੁੰਦਾ ਹੈ। ਹਾਲ ਹੀ ਵਿਚ ਇਕ ਮੁਸਲਮਾਨ ਨਾਇਬ ਤਸੀਲਦਾਰ ਵਲੋਂ ਗੁਰੂ ਪ੍ਰਤੀ ਸ਼ਰਧਾ ਅਤੇ ਸਤਿਕਾਰ ਸਹਿਤ ਉਸਾਰੀ ਗਈ ਗੁਰਦਵਾਰਾ ਸ੍ਰੀ ਦਰਬਾਰ ਸਾਹਿਰ ਤਰਨ ਤਾਰਨ ਦੀ 200 ਸਾਲ ਤੋਂ ਵੱਧ ਪੁਰਾਤਨ ਦਰਸ਼ਨੀ ਡਿਉੜੀ ਨੂੰ ਮੁਰੰਮਤ ਦੇ ਨਾਮ ‘ਤੇ ਢਾਹੇ ਜਾਣ ਦੀ ਖਬਰ ਨੇ ਸਿਖਾਂ ਦੇ ਸੁਚੇਤ ਵਰਗ ਨੁੰ ਇਕ ਵਾਰ ਫਿਰ ਝੰਜੋਰ ਕੇ ਰਖ ਦਿਤਾ ਹੈ। ਬੇਸ਼ਕ ਸਥਾਨਕ ਸਿਖ ਸੰਗਤ ਦੇ ਸਖਤ ਵਿਰੋਧ ਤੇ ਰੋਸ ਨੂੰ ਦੇਖਦਿਆਂ ਸ੍ਰੋਮਣੀ ਕਮੇਟੀ ਵਲੋਂ ਦਰਸ਼ਨੀ ਡਿਉੜੀ ਨੂੰ ਢਾਹੁਣ ਦਾ ਕਾਰਜ ਰੋਕ ਦਿਤਾ ਗਿਆ। ਉਕਤ ਅਨਰਥ ਹੋਣ ਅਤੇ ਪੰਥਕ ਵਿਰਸਤ ਨੁੰ ਬਚਾਉਣ ਲਈ ਸੁਚੇਤ ਤੌਰ ‘ਤੇ ਵਿਰੋਧ ਕਰਨ ਵਾਲੀਆਂ ਸਥਾਨਕ ਸਿਖ ਸੰਗਤਾਂ ਵਧਾਈ ਦੇ ਪਾਤਰ ਹਨ।

ਕਾਰਸੇਵਾ ਦੇ ਨਾਮ ‘ਤੇ ਨਿਤ ਦਿਨ ਦੀ ਵਿਰਾਸਤੀ ਧਰੋਹਰਾਂ ਨਾਲ ਕੀਤੀਆਂ ਜਾ ਰਹੀਆਂ ਛੇੜਖਾਨੀਆਂ ਕਾਰਨ ਕੌਮ ਇਹ ਸੋਚਣ ਲਈ ਮਜਬੂਰ ਹੈ ਕਿ ਸ੍ਰੋਮਣੀ ਕਮੇਟੀ ਕਦੋ ਆਪਣੀ ਬੁਨਿਆਦੀ ਜਿਮੇਵਾਰੀ ਨੂੰ ਹਕੀਕੀ ਰੂਪ ‘ਚ ਸਮਝੇਗੀ? ਸਮੇਂ ਦਾ ਹਾਣੀ ਬਣ ਇਨਾਂ ਮਾਮਲਿਆਂ ਨੁੰ ਕਦੋਂ ਗੰਭੀਰਤਾ ਨਾਲ ਲਵੇਗੀ? ਇਹ ਪਹਿਲੀਵਾਰ ਨਹੀਂ ਹੋਇਆ ਕਿ ਸ੍ਰੋਮਣੀ ਕਮੇਟੀ ਨੇ ਆਪਣੇ ਫਰਜਾਂ ਪ੍ਰਤੀ ਕੋਤਾਈ ਵਰਤੀ ਹੋਵੇ। ਬੇਸ਼ਕ ਸ੍ਰੋਮਣੀ ਕਮੇਟੀ ਦਾ ਕਾਰਜ ਖੇਤਰ ਬਹੁਤ ਵਿਸ਼ਾਲ ਹੈ, ਵਿਦਿਅਕ ਤੇ ਮੈਡੀਕਲ ਸੰਸਥਾਵਾਂ, ਸਮਾਜ ਸੇਵੀ ਕਾਰਜਾਂ ਤੋਂ ਇਲਾਵਾ ਸਿੱਖ ਪੰਥ ਦੀ ਪ੍ਰਤੀਨਿਧ ਸੰਸਥਾ ਹੋਣ ਕਾਰਨ ਦੇਸ਼ ਵਿਦੇਸ਼ ‘ਚ ਵਿਚਰ ਰਹੇ ਸਿਖਭਾਈਚਾਰੇ ਨੂੰ ਦਰਪੇਸ਼ ਮਸਲਿਆਂ ਨੁੰ ਸੁਲਝਾਉਣ ਦੀ ਜਿਮੇਵਾਰੀ ਵੀ ਇਸ ‘ਤੇ ਆਇਦ ਹੁੰਦੀ ਆਈ ਹੈ। ਪਰ ਬੁਨਿਆਦੀ ਜਿਮੇਵਾਰੀ ਜੋ ਕਿ ਗੁਰਧਾਮਾਂ ਦੀ ਸੇਵਾ ਸੰਭਾਲ ਤੋਂ ਕਿਨਾਰਾ ਜਾਂ ਅਵੇਸਲਾਪਨ ਦਿਖਾਉਣਾ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਜਿਸ ਪ੍ਰਤੀ ਕਮੇਟੀ ਨੂੰ ਵਿਸ਼ੇਸ਼ ਤਵਜੋਂ ਦੇਣ ਦੀ ਲੋੜ ਹੈ।

ਸ੍ਰੋਮਣੀ ਕਮੇਟੀ ਦੇ ਪ੍ਰਬੰਧ ਅਧੀਨ ਗੁਰਦਵਾਰਾ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਦੀ ਪੁਰਾਤਨ ਦਰਸ਼ਨੀ ਡਿਉੜੀ, ਜਿਸ ਦੀ ਕਾਰਸੇਵਾ ਬਾਬਾ ਜਗਤਾਰ ਸਿੰਘ ਤਰਨ ਤਾਰਨ ਨੂੰ ਸੌਪੀ ਗਈ ਸੀ, ਨੂੰ ਕਲ ਮਿਤੀ 14 ਸਤੰਬਰ 2018 ਨੁੰ ਕਾਰਸੇਵਾ ਦੀ ਆਰੰਭਤਾ ਸਮੇਂ ਸ੍ਰੋਮਣੀ ਕਮੇਟੀ ਜਨਰਲ ਸਕਤਰ ਅਤੇ ਮੈਬਰਾਂ ਮੌਜੂਦਗੀ ‘ਚ ਢਾਹਿਆ ਜਾਣ ਲਗਾ ਤਾਂ ਮੌਕੇ ‘ਤੇ ਮੌਜੂਦ ਸੰਗਤ ਨੇ ਸਖਤ ਵਿਰੋਧ ਜਤਾਇਆ। ਸੰਗਤ ਦੇ ਰੋਸ ਅਤੇ ਰੋਹ ਨੂੰ ਦੇਖਦਿਆਂ ਸ੍ਰੋਮਣੀ ਕਮੇਟੀ ਨੇ ਉਕਤ ਡਿਉੜੀ ਨੂੰ ਢਾਹੁਣ ‘ਤੇ ਰੋਕ ਲਗਾ ਦਿਤੀ। ਸ੍ਰੋਮਣੀ ਕਮੇਟੀ ਦੇ ਮੁਖ ਸੱਕਤਰ ਅਨੁਸਾਰ ਉਕਤ ਕਾਰਜ ਲਈ ਲੋਕਲ ਜਾਇਦਾਦ ਕਮੇਟੀ ਨੇ ਮਤਾ ਪਾ ਕੇ ਨਵੀਂ ਇਮਾਰਤ ਬਣਾਉਣ ਬਾਰੇ ਸ੍ਰੋਮਣੀ ਕਮੇਟੀ ਨੁੰ ਅਰਜੀ ਭੇਜੀ ਸੀ, ਜਿਸ ਨੁੰ ਸ੍ਰੋਮਣੀ ਕਮੇਟੀ ਵਲੋਂ ਮੰਨਜੂਰ ਕਰ ਲਿਆ ਗਿਆ। ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਸ੍ਰੋਮਣੀ ਕਮੇਟੀ ਉਕਤ ਪੁਰਾਤਨ ਵਿਰਸਤੀ ਦਰਸ਼ਨੀ ਡਿਉੜੀ ਦੀ ਮਹਾਨਤਾ ਤੋਂ ਅਣਜਾਣ ਸੀ? ਕੀ ਸ੍ਰੋਮਣੀ ਕਮੇਟੀ ਨੇ ਉਕਤ ਡਿਉੜੀ ਦੀ ਹਾਲਤ ਬਾਰੇ ਮਾਹਿਰਾਂ ਤੋਂ ਕੋਈ ਨਿਰੀਖਣ ਕਰਾਇਆ? ਕਿ ਕੀ ਉਸ ਨੂੰ ਢਾਹ ਕੇ ਨਵ ਉਸਾਰੀ ਦੀ ਲੋੜ ਹੈ ਸੀ? ਡਿਉੜੀ ਕੁਝ ਹੱਦ ਤੱਕ ਖਸਤਾ ਜਰੂਰ ਹੈ ਜਿਸ ਲਈ ਸ੍ਰੋਮਣੀ ਕਮੇਟੀ ਨੇ ਅਜ ਤੋਂ 5 ਮਹੀਨੇ ਪਹਿਲਾਂ ਉਸ ਨੂੰ ਮੁਰੰਮਤ ਕਰਨ ਲਈ ਇਕ ਮਤੇ ਰਾਹੀ ਕਾਰਸੇਵਾ ਬਾਬਾ ਜਗਤਾਰ ਸਿੰਘ ਨੁੰ ਸੋਪੀ ਸੀ ਤਾਂ ਉਹਨਾਂ ਉਥੇ ਬਾਂਸ ਆਦਿ ਖੜੇ ਕਰਦਿਆਂ ਕਾਰਸੇਵਾ ਸ਼ੁਰੂ ਕਰਦੇਣ ਦਾ ਵਿਖਾਵਾ ਕਰੀ ਰਖਿਆ, ਬੇਸ਼ਕ ਉਸ ਕਾਰਨ ਸ਼ਰਧਾਲੂਆਂ ਨੁੰ ਆਉਣ ਜਾਣ ‘ਚ ਔਖ ਵੀ ਹੁੰਦੀ ਰਹੀ। ਪਰ ਅਚਾਨਕ ਮੁਰੰਮਤ ਦੀ ਥਾਂ ਲੋਕਲ ਜਾਇਦਾਦ ਕਮੇਟੀ ਤੋਂ ਨਵ ਉਸਾਰੀ ਬਾਰੇ ਮਤਾ ਭੇਜਿਆ ਜਾਣਾ ਕਈ ਸ਼ੰਕੇ ਖੜੇ ਕਰ ਰਹੇ ਹਨ। ਕੀ ਅਜਿਹਾ ਕਾਰਸੇਵਾ ਵਾਲਿਆਂ ਦੀ ਤਰਫੋਂ ਸ੍ਰੋਮਣੀ ਕਮੇਟੀ ਦੇ ਮੈਬਰਾਂ ਅਤੇ ਅਧਿਕਾਰੀਆਂ ਦੀ ਮਿਲੀ ਭੁਗਤ ਨਾਲ ਕੀਤਾ ਗਿਆ? ਸ੍ਰੋਮਣੀ ਕਮੇਟੀ ਵਲੋਂ ਪਹਿਲੇ ਦਿਤੇ ਗਏ ਹੁਕਮਾਂ ਦੇ ਉਲਟ ਬਿਨਾ ਪੜਤਾਲ ਦੇ ਨਵ ਉਸਾਰੀ ਨੂੰ ਕਿਵੇਂ ਤੇ ਕਿਉ ਮੰਨਜੂਰੀ ਦੇ ਦਿਤੀ ਗਈ? ਕੀ ਇਸ ‘ਚ ਕੋਈ ਸਿਆਸੀ ਦਬਾਅ ਕਾਰਜਸ਼ੀਲ ਸੀ? ਪਰ ਇਸ ਸਭ ਨਾਲੋ ਵਧ ਅਫਸੋਸ ਦੀ ਗਲ ਤਾਂ ਸ੍ਰੋਮਣੀ ਕਮੇਟੀ ਦੇ ਪ੍ਰਧਾਨ ਵਲੋਂ ਉਕਤ ਸਭ ਕਾਸੇ ਤੋਂ ਪੂਰੀ ਤਰਾਂ ਅਣਜਾਣਤਾ ਪ੍ਰਗਟਾਉਣਾ ਹੈ।  ਫਿਰ ਕੀ ਇਹ ਸਭ ਮਨਜੂਰੀਆਂ ਪ੍ਰਧਾਨ ਦੇ ਧਿਆਨ ਤੋਂ ਬਾਹਰ ਸਨ? ਅਜੇਹੇ ਵਿਰਾਸਤੀ ਧਰੋਹਰਾਂ ਨੂੰ ਨਸ਼ਟ ਕਰਨ ਜਾਂ ਨੁਕਸਾਨ ਪਹੁੰਚਾਏ ਜਾਣ ਤੋਂ ਪ੍ਰਧਾਨ ਸਾਹਿਬ ਅਣਜਾਣ ਹਨ ਤਾਂ ਪ੍ਰਧਾਨ ਦੀ ਕਾਬਲੀਅਤ ‘ਤੇ ਹੀ ਸਵਾਲਿਆਂ ਨਿਸ਼ਾਨ ਲਗ ਜਾਣਾ ਸੁਭਾਵਕ ਹੈ। ਮਾਹਿਰਾਂ ਅਨੁਸਾਰ ਉਕਤ ਡਿਉੜੀ ਦੀ ਨਵ ਉਸਾਰੀ ਦੀ ਥਾਂ ਸਿਰਫ ਮੁਰੰਮਤ ਦੀ ਹੀ ਲੋੜ ਹੈ। ਸਿੱਖ ਵਿਰਾਸਤ ਨੂੰ ਖਤਮ ਕਰਨਾ ਕੋਈ ਸੇਵਾ ਨਹੀਂ ਹੈ। ਮੌਜੂਦਾ ਸਮੇਂ ਪੁਰਾਤਨ ਇਮਾਰਤਾਂ ਨੂੰ ਸੰਭਾਲਣਾ ਅਤਿ ਜਰੂਰੀ ਹੈ। ਇਤਿਹਾਸਕ ਧਰੋਹਨਾਂ ਨੁੰ ਨਸ਼ਟ ਕਰਨਾ ਸਮਝਦਾਰੀ ਨਹੀਂ ਹੈ। ਸ਼ਾਨਦਾਰ ਇਮਾਰਤਾਂ ਆਪਣੇ ਆਪ ‘ਚ ਇਕ ਪ੍ਰਾਪਤੀ ਤਾਂ ਹੋ ਸਕਦੀਆਂ ਹਨ, ਪਰ ਇਤਿਹਾਸਕ ਧਰੋਹਰਾਂ ਸਾਹਮਣੇ ਸਭ ਫਿਕੇ ਹਨ। ਇਤਿਹਾਸਕ ਮਹੱਤਤਾ ਨੂੰ ਮੁਖ ਰਖ ਕੇ ਪ੍ਰਾਚੀਨਤਾ ਅਤੇ ਪੁਰਾਤਨਤਾ ਵਾਲੇ ਵਿਰਾਸਤੀ ਧਰੋਹਰਾਂ ਦੀ ਆਉਣ ਵਾਲੀਆਂ ਪੀੜੀਆਂ ਅਤੇ ਨਸਲਾਂ ਲਈ ਸੰਭਾਲ ਕੇ ਰੱਖਣਾ ਸਾਡਾ ਸਭ ਦਾ ਫ਼ਰਜ਼ ਹੈ। ਕਾਰਸੇਵਾ ਆਪਣੇ ਆਪ ‘ਚ ਇਕ ਬਹੁਤ ਵਡਾ ਮਹਾਨ ਕਾਰਜ ਹੈ ਪਰ ਜਾਣੇ ਅਨਜਾਣੇ ‘ਚ ਕਾਰਸੇਵਾ ਦੇ ਨਾਮ ‘ਤੇ ਅਸੀ ਉਹ ਕੁੱਝ ਨਸ਼ਟ ਕਰ ਚੁਕੇ ਹਨ ਜਿਨ੍ਹਾਂ ਦੀ ਭਰਪਾਈ ਹੋ ਹੀ ਨਹੀਂ ਸਕਦੀ। ਸਾਰੇ ਹੀ ਵਿਸ਼ਵ ਦੇ ਧਰਮਾਂ ਨੇ ਆਪਣੇ ਪੁਰਾਤਨ ਸਥਾਨਾਂ ਨੁੰ ਆਉਣ ਵਾਲੀਆਂ ਪੀੜੀਆਂ ਲਈ ਸਾਂਭ ਕੇ ਰਖਿਆ ਹੋਇਆ ਹੈ। ਪਰ ਇਸ ਦੇ ਉਲਟ ਸਿੱਖ ਪੰਥ ਕਾਰਸੇਵਾ ਦੇ ਨਾਮ ‘ਤੇ ਬਾਬਿਆਂ ਰਾਹੀਂ ਇਕ ਇਕ ਕਰਕੇ ਇਤਿਹਾਸ ਮੁਕਾਊ ਅਤੇ ਵਿਰਾਸਤ ਢਾਊ ਕਾਰਜ ‘ਚ ਲਗਾ ਹੋਇਆ ਪ੍ਰੀਤੀ ਹੁੰਦਾ ਹੈ।  ਕੁਝ ਦਿਨ ਪਹਿਲਾਂ ਇਤਿਹਾਸਕ ਗੁਰਦਵਾਰਾ ਸ੍ਰੀ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਦੀ ਇਮਾਰਤ ਡੇਗ ਦਿਤੀ ਗਈ, ਜਿਸ ਨੁੰ ਬਚਾਇਆ ਜਾ ਸਕਦਾ ਸੀ। ਇਸੇ ਤਰਾਂ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸੁਸ਼ੋਬਿਤ ਗੁਰੂਕਾਲ ਅਤੇ ਗੁਰੂ ਕੇ ਪੁਰਾਤਨ ਸ਼ਸਤਰਾਂ ਆਦਿ ਦੀ ਸੇਵਾ ਦੇ ਨਾਮ ‘ਤੇ ਸੋਨਾ ਚੜਾ ਕੇ ਪੁਰਾਤਨਤਾ ਖਤਮ ਕਰ ਦਿਤੀ ਗਈ,  ਸੁਲਤਾਨਪੁਰ ਲੋਧੀ ਦੀ ਉਹ ਮਸੀਤ ਜਿੱਥੇ ਗੁਰੂ ਨਾਨਕ ਸਾਹਿਬ ਨੂੰ ਨਮਾਜ਼ ਪੜਣ ਲਈ ਲਿਜਾਇਆ ਗਿਆ,  ਹੁਣ ਨਹੀਂ ਰਹੀ, ਸੁਲਤਾਨ ਪੁਰ ਵਿਖੇ ਬੇਬੇ ਨਾਨਕੀ ਜੀ ਦਾ ਅਸਥਾਨ ਅਤੇ ਜਿਥੇ ਗੁਰੂ ਸਾਹਿਬ ਨੇ ਤੇਰਾਂ ਤੇਰਾ ਕਰਕੇ ਤੋਲਣਾ ਕੀਤਾ ਅਜ ਨਹੀਂ ਰਹੀਆਂ, ਜਿਸ ਨੂੰ ਬਚਾਉਣ ਲਈ ਸਥਾਨਕ ਸੰਗਤਾਂ ਤਿੰਨ ਮਹੀਨੇ ਤਕ ਧਰਨੇ ‘ਤੇ ਬੈਠੀਆਂ ਰਹੀਆਂ ਪਰ ਕਿਸੇ ਪ੍ਰਵਾਰ ਨਾ ਕੀਤੀ ਤੇ ਵਿਰਾਸਤੀ ਧਰੋਹਰਾਂ ਜਬਰੀ ਖਤਮ ਕਰਦਿਤੀਆਂ ਗਈਆਂ। ਅੰਮ੍ਰਿਤਸਰ ਵਿਖੇ ਮੌਜੂਦ ਗੁਰੂ ਅਰਜਨ ਦੇਵ ਜੀ ਦਾ ਨਿਵਾਸ ਅਸਥਾਨ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਜਨਮ ਲਿਆ ਉਹ ਛੋਟੀਆਂ ਇੱਟਾਂ ਵਾਲੀਆਂ ਕੋਠੜੀਆਂ ਹੁਣ ਕਿਥੇ ਰਹੀਆਂ? ਇਸ ਤਰਾਂ ਸਰਹੰਦ ਦਾ ਠੰਢਾ ਬੁਰਜ, ਚਮਕੌਰ ਦੀ ਕੱਚੀ ਗੜੀ, ਅਨੰਦਪੁਰ ਸਾਹਿਬ ਦੇ ਕਈ ਅਣਮੋਲ ਇਤਿਹਾਸਕ ਅਸਥਾਨ ਅਜ ਘਾਇਬ ਹੋ ਚੁਕੀਆਂ ਹਨ।  ਸਾਨੂੰ ਇਤਿਹਾਸਕ ਵਿਰਾਸਤੀ ਧਰੋਹਰਾਂ ਦੀ ਕਦਰ ਕਰਨੀ ਚਾਹੀਦੀ ਹੈ। ਉਨ੍ਹਾਂ ਦੀ ਅਸੀਮ ਕੀਮਤ ਪ੍ਰਤੀ ਗਿਆਨ ਹੋਣਾ ਚਾਹੀਦਾ ਹੈ। ਚੱਪੇ ਚੱਪੇ ਖਿੱਲਰੇ ਆਪਣੇ ਅਮੀਰ ਇਤਿਹਾਸਕ ਵਿਰਾਸਤ ਨੂੰ ਸੰਗਮਰਮਰੀ ਕਾਰਸੇਵਾ ਦੇ ਹਵਾਲੇ ਨਾਲ ਨਸ਼ਟ ਕਰਨ ਦੀ ਥਾਂ ਇਨ੍ਹਾਂ ਦੀ ਸਾਂਭ ਸੰਭਾਲ ਪ੍ਰਤੀ ਸੁਚੇਤ ਹੋਈਏ।  ਇਸ ਸੰਬੰਧੀ  ਪ੍ਰਤੀਕਰਮ ਪ੍ਰਗਟ ਕਰਦਿਆਂ ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਦਾ ਕਹਿਣਾ ਹੈ ਕਿ ਸਾਨੂੰ ਪੁਰਾਤਨ ਤੇ ਇਤਿਹਾਸਕ ਧਰੋਹਰਾਂ ਨੂੰ ਖ਼ਤਮ ਕਰਨ ਦੀ ਥਾਂ ਨਵੀ ਪੀੜੀ ਲਈ ਇਹਨਾਂ ਨੂੰ ਸੰਭਾਲ ਕੇ ਰਖਣ ਦੀ ਲੋੜ ਹੈ । ਲੋੜ ਪੈਣ ‘ਤੇ ਇਹਨਾਂ ਅਸਥਾਨਾਂ ਦੀ ਮੁਰੰਮਤ ਕੀਤੀ ਜਾ ਸਕਦੀ ਹੈ, ਇਹਨਾਂ ਨੂੰ ਨਸ਼ਟ ਕਰ ਦੇਣਾ ਕੋਈ ਸਮਝਦਾਰੀ ਨਹੀਂ ਹੈ। ਸੋ ਇਹ ਕਿਹਾ ਜਾਣਾ ਕੁਥਾਂ ਨਹੀਂ ਹੋਵੇਗਾ ਕਿ ਸ੍ਰੋਮਣੀ ਕਮੇਟੀ ਪੰਥ ਦੀ ਵਿਰਾਸਤ ਸੰਭਾਲਣ ਦੀ ਜਿਮੇਵਾਰੀ ਵਲ ਵਿਸ਼ੇਬ ਧਿਆਨ ਦੇਵੇ ਨਾ ਕਿ ਮਲਿਆਮੇਟ ਕਰਨ ਵਲ।

ਭੀਖ ਮੰਗਣਾ

$
0
0

ਇਹ ਕੋਈ ਅੱਤਕੱਥਨੀ ਨਹੀਂ ਕਿ ਸਾਡਾ ਦੇਸ਼ ਸਮੱਸਿਆਵਾਂ ਦੇ ਟਿੱਲੇ ਉਪੱਰ ਹੈ ਅਤੇ ਇਹਨਾਂ ਸਮੱਸਿਆਵਾਂ ਵਿੱਚੋਂ ਇੱਕ ਭੱਖਦੀ ਸਮੱਸਿਆ ਹੈ ਭਿਖਾਰੀ ਜਾਂ ਭੀਖ ਮੰਗਣਾ। ਪਿੰਡਾਂ ਸ਼ਹਿਰਾਂ ਦੇ ਗਲੀ-ਮੁਹੱਲਿਆਂ, ਧਾਰਮਿਕ ਸਥਾਨਾਂ, ਮੇਲਿਆਂ, ਬੱਸ ਅੱਡਿਆਂ, ਬੱਤੀਆਂ-ਚੌਂਕਾਂ, ਭੀੜ ਵਾਲੇ ਸਥਾਨਾਂ, ਰੇਲਵੇ ਸਟੇਸ਼ਨਾਂ, ਰੇਲ ਗੱਡੀਆਂ ਅਤੇ ਹੋਰ ਜਿੱਥੇ ਲੋਕਾਂ ਦਾ ਆਉਣ ਜਾਣ ਵੱਧ ਹੋਵੇ ਭੀਖ ਮੰਗਣ ਵਾਲੇ ਆਮ ਵੇਖੇ ਜਾਂਦੇ ਹਨ ਅਤੇ ਲੋਕ ਤਰਸ ਤੇ ਆਧਾਰ ਤੇ ਭੀਖ ਦੇ ਦਿੰਦੇ ਹਨ। ਦਿਨ-ਬ-ਦਿਨ ਭਿਖਾਰੀਆਂ ਦੀ ਗਿੱਣਤੀ ਵਿੱਚ ਵਾਧਾ ਹੋ ਰਿਹਾ ਹੈ ਅਤੇ ਭੀਖ ਮੰਗਣ ਪਿੱਛੇ ਮਜ਼ਬੂਰੀ ਜਾਂ ਪੇਸ਼ਾ ਕੁਝ ਵੀ ਕਾਰਨ ਹੋ ਸਕਦਾ ਹੈ।

16 ਮਈ 2018 ਨੂੰ ਭੀਖ ਮੰਗਣ ਨੂੰ ਅਪਰਾਧ ਦੇ ਦਾਇਰੇ ਤੋਂ ਬਾਹਰ ਕੱਢਣ ਸਬੰਧੀ ਜਨਹਿੱਤ ਜਾਚਿਕਾ ਤੇ ਸੁਣਵਾਈ ਕਰਦੇ ਹੋਏ ਦਿੱਲੀ ਹਾਈਕੋਰਟ ਨੇ ਇੱਕ ਅਹਿਮ ਟਿੱਪਣੀ ਵਿੱਚ ਕਿਹਾ ਕਿ ਜੇਕਰ ਸਰਕਾਰ ਲੋਕਾਂ ਨੂੰ ਨੌਕਰੀ ਅਤੇ ਖਾਣਾ ਨਹੀਂ ਦੇ ਸਕਦੀ ਤਾਂ ਉਹਨਾਂ ਦਾ ਭੀਖ ਮੰਗਣਾ ਅਪਰਾਧ ਨਹੀਂ ਹੈ। ਉੱਚ ਅਦਾਲਤ ਦੀ ਇਹ ਟਿੱਪਣੀ ਸਰਕਾਰਾਂ ਦੀ ਸਬੰਧਤ ਸਮੱਸਿਆ ਨੂੰ ਨਿਜੱਠਣ ਸੰਬੰਧੀ ਨੀਤੀਆਂ ਦੀ ਅਸਫ਼ਲਤਾ ਨੂੰ ਨਿਸ਼ਾਨਦੇਹੀ ਕਰਦੀ ਹੈ।

ਭੀਖ ਮੰਗਣ ਸਬੰਧੀ ਅਜੇ ਕੋਈ ਕੇਂਦਰੀ ਕਾਨੂੰਨ ਨਹੀਂ ਹੈ। ਇਸ ਸੰਬੰਧੀ ਮਾਮਲਿਆਂ ਵਿੱਚ ਜਿਆਦਾਤਰ ਸੂਬੇ ਬੰਬੇ ਪ੍ਰੀਵੈਂਸ਼ਨ ਆੱਫ਼ ਬੈਗਿੰਗ ਐਕਟ 1959 ਦਾ ਅਨੁਸਰਣ ਕਰਦੇ ਹਨ। ਪਹਿਲੀ ਵਾਰ ਭੀਖ ਮੰਗਦੇ ਫੜੇ ਜਾਣ ਤੇ ਇੱਕ ਸਾਲ ਅਤੇ ਦੂਜੀ ਵਾਰ ਭੀਖ ਮੰਗਦੇ ਫੜੇ ਜਾਣ ਤੇ ਤਿੰਨ ਤੋਂ ਦਸ ਸਾਲ ਤੱਕ ਕੈਦ ਦੀ ਸਜ਼ਾ ਹੋ ਸਕਦੀ ਹੈ।

ਭੀਖ ਮੰਗਣੀ ਅਤੇ ਭੀਖ ਲਈ ਪ੍ਰੋਤਸਾਹਿਤ ਕਰਨਾ ਗੈਰ ਕਾਨੂੰਨੀ ਹੈ। ਪੰਜਾਬ ਪ੍ਰੀਵੈਨਸ਼ਨ ਆੱਫ਼ ਬੈਗਰੀ ਐਕਟ, 1971 ਅਤੇ ਜੁਵੇਨਾਈਲ ਜਸਟਿਸ (ਕੇਅਰ ਐਂਡ ਪ੍ਰੋਟੈਕਸ਼ਨ ਆੱਫ਼ ਚਿਲਡਰਨ) ਐਕਟ 2015 ਅਧੀਨ ਭੀਖ ਮੰਗਣ ਵਾਲਾ ਅਤੇ ਭੀਖ ਲਈ ਪ੍ਰੋਤਸਾਹਿਤ ਕਰਨ ਵਾਲੇ ਨੂੰ 3 ਮਹੀਨੇ ਤੋਂ 5 ਸਾਲ ਤੱਕ ਦੀ ਸਜ਼ਾ ਅਤੇ ਇੱਕ ਲੱਖ ਤੱਕ ਦਾ ਜ਼ੁਰਮਾਨਾ ਵੀ ਹੋ ਸਕਦਾ ਹੈ।
ਬਿਹਤਰ ਪ੍ਰਸ਼ਾਸਨ ਅਤੇ ਸੰਬੰਧਤ ਸਮੱਸਿਆ ਨੂੰ ਨਿੰਯਤ੍ਰਣ ਕਰਨ ਲਈ ਸਰਕਾਰਾਂ ਨੂੰ ਯੋਗ ਨੀਤੀ ਨੂੰ ਅਮਲੀ ਰੂਪ ਦੇਣਾ ਚਾਹੀਦਾ ਹੈ ਤਾਂ ਜੋ ਭੀਖ ਅਤੇ ਭਿਖਾਰੀ ਤੋਂ ਭਾਰਤੀ ਸਮਾਜ ਨੂੰ ਮੁਕਤ ਕੀਤਾ ਜਾ ਸਕੇ। ਸੱਭਿਅਕ ਸਮਾਜ ਦੀ ਸਿਰਜਣਾ ਵਿੱਚ ਲੋਕ ਆਪਣੀ ਜ਼ਿੰਮੇਵਾਰੀ ਨੂੰ ਪਛਾਣਦੇ ਹੋਏ ਕਿਸੇ ਜ਼ਰੂਰਤਮੰਦ ਨੂੰ ਖਾਣਾ, ਕੱਪੜੇ ਜਾਂ ਹੋਰ ਯੋਗ ਸਾਧਨ ਰਾਹੀਂ ਸਹਾਇਤਾ ਕਰ ਸਕਦੇ ਹਨ ਪਰੰਤੂ ਭੀਖ ਮੰਗਣ ਵਾਲਿਆਂ ਨੂੰ ਵਿੱਤੀ ਮੱਦਦ ਕਰਨ ਤੋਂ ਸੰਕੋਚ ਕਰਨ ਕਿਉਂਕਿ ਇਹ ਮੂਰਖਤਾ ਹੈ ਅਤੇ ਤੁਹਾਡੇ ਦੁਆਰਾ ਦਿਖਾਈ ਦਿਆਨਤਦਾਰੀ ਜਾਂ ਮੂਰਖਤਾ ਕਰਕੇ ਬਹੁਤੇ ਭੀਖ ਮੰਗਣ ਜਾਂ ਮੰਗਵਾਉਣ ਨੂੰ ਆਪਣੀ ਕਮਾਈ ਦਾ ਸਾਧਨ ਬਣਾ ਲੈਂਦੇ ਹਨ।

ਖੱਟੇ-ਮਿੱਠੇ ਤੱਥ

$
0
0

ਪਤੀ-ਪਤਨੀ ਦਾ ਰਿਸ਼ਤਾ ਸਾਰੇ ਸਮਾਜਿਕ ਰਿਸ਼ਤਿਆਂ ਦੀ ਚੂਲ ਹੈ। ਇਸ ਵਿਚੋਂ ਬਾਕੀ ਸਾਰੇ ਰਿਸ਼ਤੇ ਨਿਕਲਦੇ ਹਨ। ਇਸ ਰਿਸ਼ਤੇ ਨੂੰ ਮਰਿਆਦਾ ਵਿਚ ਰਹਿ ਕੇ ਹੀ ਨਿਭਾਇਆ ਜਾ ਸਕਦਾ ਹੈ ਤਾਂ ਕਿ ਪਰਿਵਾਰਕ ਸੁੱਖ-ਸ਼ਾਂਤੀ ਬਣੀ ਰਹੇ।

ਇਸ ਵਿਚ ਕੋਈ ਸ਼ੱਕ ਨਹੀਂ ਕਿ ਪਤੀ-ਪਤਨੀ ਦੀ ਆਪਣੀ ਪਹਿਚਾਣ ਅਤੇ ਹੈਸੀਅਤ ਹੈ। ਦੋਵਾਂ ਦੇ ਸੋਚਣ ਦਾ ਢੰਗ ਅਤੇ ਆਦਤਾਂ ਸਮਾਨ ਨਹੀਂ ਹੋ ਸਕਦੀਆਂ। ਕਈ ਵਾਰ ਨਿੱਕੇ-ਮੋਟੇ ਕਾਰਨ ਦੋਵਾਂ ਵਿਚਕਾਰ ਬੇ-ਸੁਆਦੀ ਪੈਦਾ ਕਰ ਸਕਦੇ ਜਿਵੇਂ :

*    ਘਰ ਵਿਚ ਅੰਦਰ ਆਉਣ ਸਮੇਂ ਜੁਰਾਬਾਂ/ਬੂਟ ਨਿਰਧਾਰਤ ਥਾਂ ਉੱਤੇ ਨਹੀਂ ਰੱਖਦੇ।

*    ਜੇ ਬਾਹਰ ਇਕੱਠੇ ਜਾ ਰਹੇ ਹੋ ਆਪਣੀ ਰਫਤਾਰ ਦੂਜੇ ਦੇ ਸਮਾਨ ਨਹੀਂ ਰਖਦੇ।

*    ਜੇ ਪਲੇਟ ਵਿਚ ਆਪਣੀ ਲੋੜ ਅਨੁਸਾਰ ਭੋਜਨ ਪਾਇਆ ਹੈ ਅਤੇ ਫਿਰ ਵੀ ਜੂਠਾ ਛੱਡਦੇ ਹੋ।

*    ਚਾਹ ਦਾ ਕੱਪ ਜਾਂ ਕੋਲਡ ਡਰਿੰਕਸ ਦੀ ਬੋਤਲ ਉਚਿਤ ਥਾਂ ਉਤੇ ਰੱਖਣ ਦੀ ਥਾਂ ਫਰਸ਼ ਉੱਤੇ ਰਖਦੇ ਹੋ।

*    ਜੇ ਘਰ ਵਿਚ ਕੋਈ ਪਾਰਟੀ ਕੀਤੀ ਗਈ ਹੈ। ਪਤੀ ਕਲੀਨ ਅੱਪ ਕਰਵਾਉਣ ਵਿਚ ਮਦਦ ਨਹੀਂ ਕਰਦਾ।

*    ਜੇ ਪੁਰਸ਼ ਵੱਲੋਂ ਖਰੀਦੀ ਸਬਜ਼ੀ ਬਹੀ ਜਾਂ ਖਰਾਬ ਹੋਵੇ ਤਦ ਪਤਨੀ ਨੂੰ ਗੁੱਸਾ ਆਵੇਗਾ।

*    ਜੇ ਘਰ ਵਿਚ ਰੰਗ/ਰੋਗਨ ਕਰਾਉਣ ਸਮੇਂ ਰੰਗਾਂ ਦੀ ਚੋਣ ਲਈ ਮਤਭੇਦ ਹੋ ਸਕਦਾ ਹੈ।

*    ਜੇ ਖਾਣੇ ਦੇ ਮੇਜ਼ ਉੱਤੇ ਮੋਬਾਈਲ ਫੋਨ ਉੱਤੇ ਕਾਲਾਂ ਚੈਕ ਕਰਦੇ ਹੋ।

*    ਇਕ ਵਲੋਂ ਕੋਈ ਵਸਤੂ ਅਰਥਾਤ ਚਾਬੀ/ਬਟੂਆ ਆਦਿ ਰੱਖੇ ਨੂੰ ਦੂਜੇ ਬਿਨਾ ਦੱਸੇ ਥਾਂ ਬਦਲ ਦੇਵੇ।

*    ਜਦੋਂ ਪੁਰਸ਼/ਪਤੀ/ਬੱਚਿਆਂ ਨੇ ਕਿਸੇ ਪਾਰਟੀ ਉੱਤੇ ਜਾਣਾ ਹੈ ਤਦ ਅਣਬਣ ਹੋਣੀ ਪੱਕੀ ਹੈ ਕਿਉਂ ਜੋ ਪਤਨੀ ਤਿਆਰ ਹੋਣ  ਵਿੱਚ ਜ਼ਿਆਦਾ ਸਮਾਂ ਲਵੇਗੀ।

*    ਵਿਆਹ ਸਮੇਂ ਹੋਈ ਕੋਈ ਕੁਤਾਹੀ ਨੂੰ ਵਾਰ-ਵਾਰ ਮੇਹਣਾ ਮਾਰਨਾ।

*    ਟੁੱਥ ਪੇਸਟ ਕੱਢਣ ਤੋਂ ਬਾਅਦ ਟਿਯੂਬ ਨੂੰ ਢੱਕਣ ਨਾ ਲਾਉਣਾ।

*    ਇਕ ਦੂਜੇ ਦੇ ਮਹਿਮਾਨ ਨੂੰ ਬਣਦਾ ਸਤਿਕਾਰ ਨਾ ਦੇਣਾ।

*    ਜੇ ਇਕ ਧਿਰ ਆਪਣੇ ਮਾਂ-ਬਾਪ ਦਾ ਜ਼ਿਆਦਾ ਪੱਖ ਪੂਰਦੀ ਹੈ।

*    ਜੇ ਇਕ ਦੂਜੇ ਦੀ ਪ੍ਰਾਪਤੀ ਉਤੇ ਜਸ਼ਨ ਨਹੀਂ ਮਨਾਉਂਦੇ।

*    ਜੇ ਕੋਈ ਦੂਜੇ ਦਾ ਜਨਮ ਦਿਨ ਦੀ ਤਰੀਕ ਭੁੱਲ ਗਿਆ ਹੈ।

*    ਜੇ ਵਰਤਣ ਤੋਂ ਬਾਅਦ ਟਾਇਲਟ ਸੀਟ ਦਾ ਕਵਰ ਖੁੱਲਾ ਰਹਿਣ ਦਿੱਤਾ ਹੈ।

*    ਜੇ ਸ਼ੇਵ ਕਰਨ ਵੇਲੇ ਵਾਲ ਸ਼ੈਂਕ ਵਿਚ ਪਏ ਰਹਿਣ ਦਿੰਦਾ ਹੈ।

*    ਫਰਸ਼ ਉੱਤੇ ਪੋਚੇ ਦਿੰਦੇ ਸਮੇਂ ਜੋ ਪੁਰਸ਼ ਜੁੱਤਿਆਂ ਸਮੇਤ ਲੰਘੇ ਤਦ ਉਸ ਦੀ ਧੁਲਾਈ ਹੋਣੀ ਨਿਸ਼ਚਿਤ ਹੈ।

*    ਜੇ ਪੁਰਸ਼ ਨੇ ਸ਼ਾਨਦਾਰ ਮੋਬਾਈਲ ਫੋਨ ਖਰੀਦਣ ਦਾ ਵਾਅਦਾ ਪੂਰਾ ਨਹੀਂ ਕੀਤਾ ਤਦ ਪਤਨੀ ਦੀ ਨਰਾਜ਼ਗੀ ਵਾਜਿਬ ਹੈ।

*    ਜੇ ਇਕ ਨੇ ਦੂਜੇ ਨੂੰ ਅਪੋਜਿਟ ਸੈਕਸ ਵਾਲੇ ਨਾਲ ਹੱਸਦੇ ਗੱਲਾਂ ਕਰਦੇ ਵੇਖ ਲਿਆ ਹੋਵੇ।

*    ਜੇ ਦੋਵੇਂ ਬਿਸਤਰ ਉਤੇ ਅਰਾਮ ਕਰ ਰਹੇ ਹੋਣ ਤਦ ਉਠ ਕੇ ਲਾਈਟ ਬੰਦ ਕੌਣ ਕਰੇ।

*    ਜੇ ਕੋਈ ਬੋਤਲ/ਸ਼ੀਸ਼ੀਆਂ ਵਿਚੋਂ ਦਵਾਈ/ਤਰਲ ਕੱਢਣ ਤੋਂ ਬਾਅਦ ਢੱਕਣ ਨਾ ਲਾਵੇ।

*    ਟੀ.ਵੀ. ਵੇਖਦੇ ਸਮੇਂ ਪ੍ਰੋਗਰਾਮ ਦੀ ਚੋਣ ਨਾ ਕਰਨਾ ਮੁਸੀਬਤ ਬਣ ਸਕਦੀ ਹੈ।

*    ਜੇ ਪੁਰਸ਼ ਉਤਾਰੇ ਹੋਏ ਬਿਸਤਰ ਕੁਰਸੀ ਜਾਂ ਫਰਸ਼ ਉੱਤੇ ਰਖ ਦੇਵੇ।

*    ਕਮਰੇ ਨੂੰ ਏ.ਸੀ. ਦੁਆਰਾ ਕਿੰਨਾ ਠੰਡਾ ਰਖਣਾ ਹੈ।

*    ਫਰਿਜ਼ ਵਿਚ ਠੰਡਾ ਪਾਣੀ/ਬਰਫ ਕੱਢਣ ਤੋਂ ਬਾਅਦ ਦੁਬਾਰਾ ਬਰਤਨ ਭਰੇ ਨਹੀਂ।

*    ਜੇ ਇਕ ਨੇ ਦੂਜੇ ਦੇ ਕੱਪ ਬੋਰਡ ਵਿੱਚੋਂ ਬਿਨਾਂ ਪੁੱਛੇ ਹੈਂਗਰ ਕੱਢ ਲਏ ਹਨ ਅਤੇ ਆਪਣੇ ਵਿਚ ਰੱਖ ਲਏ ਹਨ।

*    ਜੇ ਸਕਰਬਰ ਨੂੰ ਵਰਤਣ ਤੋਂ ਬਾਅਦ ਬਿਨਾਂ ਨਿਚੋੜੇ ਸਿੰਕ ਵਿਚ ਰੱਖ ਦਿੱਤਾ ਹੈ।

*    ਪਾਣੀ ਦੇ ਫਿਲਟਰ ਨੂੰ ਖਾਲੀ ਕਰਨ ਮਗਰੋਂ ਪਾਣੀ ਨਾਲ ਨਹੀਂ ਭਰਿਆ।

*    ਟਾਇਲਟ ਸੀਟ ਨੇੜੋਂ ਟਾਇਲਟ ਪੇਪਰ ਖਤਮ ਕੀਤਾ ਹੈ ਅਤੇ ਨਵਾਂ ਰੋਲ ਨਹੀਂ ਲਗਾਇਆ।

*    ਟੁੱਥ ਪੇਸਟ ਟਿਊਬ ਵਿਚੋਂ ਪੇਸਟ ਕੱਢਣ ਲਈ ਅਗਲੇ ਹਿੱਸੇ ਤੋਂ ਸ਼ੁਰੂ ਕਰਦੇ ਹੋ।

*    ਕਿਸੇ ਇਕ ਦਾ ਦੂਜੇ ਬਾਹਰਲੇ ਨਾਲ ਮੁਕਾਬਲਾ ਕਰਨਾ।

*    ਜੇ ਗੱਲਬਾਤ ਕਰਦੇ ਸਮੇਂ ਇਕ ਬੇਧਿਆਨੀ ਅਤੇ ਅਣਸੁਣੀ ਕਰੇ।

*    ਜੇ ਪਤੀ ਹਰ ਰੋਜ਼ ਸ਼ਰਾਬ ਪੀ ਕੇ ਘਰ ਆਉਂਦਾ ਹੈ ਜਾਂ ਘਰ ਵਿਚ ਹਰ ਰੋਜ਼ ਬੋਤਲ ਖੋਲ੍ਹ ਲੈਂਦਾ ਹੈ।

*    ਜੇ ਪਤੀ ਨੂੰ ਗੱਡੀ ਚਲਾਉਣ ਸਮੇਂ ਪਤਨੀ ਹਦਾਇਤਾਂ ਕਰਦੀ ਰਹੇ।

*    ਮੇਜ਼ ਵਿਚਲੇ ਡਰਾਅ ਨੂੰ ਪੂਰਾ ਬੰਦ ਨਾ ਕਰਨਾ।

*    ਜੇ ਬਾਹਰ ਖਾਣ ਦਾ ਪ੍ਰੋਗਰਾਮ ਬਣਿਆ ਹੈ ਤਦ ਰੈਸਟੋਰੈਂਟ ਦੀ ਚੋਣ ਕਰਨਾ ਸਮੱਸਿਆ ਹੈ।

*    ਗੀਤ/ਸੰਗੀਤ ਸਮੇਂ ਅਾਵਾਜ਼ ਵੱਲ ਧਿਆਨ ਨਾ ਦੇਣਾ।

*    ਜੇ ਇਕ ਧਿਰ ਸੇਲ ਵਿਚ ਵਾਧੂ ਸਮਾਨ ਖਰੀਦੇ।

*    ਜੇ ਘਰ ਵਿਚ ਬੱਚੇ ਹਨ ਤਦ ਮਨ ਮਟਾਓ ਦੇ ਮੌਕੇ ਮਿਲਣੇ ਸੁਭਾਵਿਕ ਹਨ।

*    ਜੇ ਇਕ ਧਿਰ ਬਹੁਤ ਕੰਜੂਸ ਹੈ, ਵਹਿਮੀ ਹੈ, ਨਾ-ਪੱਖੀ ਹੈ, ਤਦ ਅਕਸਰ ਅਣਬਣ ਹੁੰਦੀ ਰਹੇਗੀ।

*    ਘਰ ਵਿਚ ਪਾਲਤੂ ਜਾਨਵਰ ਝਗੜਿਆਂ ਦੀ ਜੜ੍ਹ ਹੈ।

ਉਪਰ ਲਿਖੇ ਕਈ ਕਾਰਨ ਹਾਸੋ ਹੀਣੇ ਹਨ। ਇਨ੍ਹਾਂ ਦੇ ਮਾੜੇ ਪ੍ਰਭਾਵਾਂ ਤੋਂ ਬਚਣ ਲਈ ਆਪਸੀ ਸਹਿਯੋਗ ਦੀ ਭਾਵਨਾ ਬਹੁਤ ਜ਼ਰੂਰੀ ਹੈ। ਹਰ ਇਕ ਨੂੰ ਅਸਹਿਮਤੀ ਵਿਚ ਸਹਿਮਤੀ, ਦੀ ਭਾਨਾ ਹੋਣੀ ਚਾਹੀਦੀ ਹੈ, ਜੇ ਇਕ ਨੂੰ ਗੁੱਸਾ ਆਇਆ ਹੋਇਆ, ਤਦ ਦੂਜੇ ਦਾ ਚੁੱਪ ਰਹਿਣਾ ਇਕ ਜਾਦੂ ਦਾ ਕੰਮ ਕਰਦਾ ਹੈ। ਇੱਟ ਦਾ ਪੱਥਰ ਵਿਚ ਜਵਾਬ ਦੇਣਾ ਘਾਤਕ ਹੋ ਸਕਦਾ ਹੈ।


ਅੰਧਵਿਸ਼ਵਾਸ਼ੀਆਂ ਦੇ ਕਿੱਸੇ

$
0
0

ਆਪਣਾ ਭਾਰਤ ਦੁਨੀਆਂ ਵਿੱਚ ਸਭ ਤੋਂ ਪਛੜੇ ਹੋਏ ਮੁਲਕਾਂ ਵਿੱਚੋਂ ਇੱਕ ਹੈ। ਇਸਦੇ ਦੋ ਕਾਰਨ ਹਨ। ਪਹਿਲਾ ਇੱਥੋਂ ਦੇ ਲੋਕ ਬਹੁਤ ਹੀ ਅੰਧਵਿਸ਼ਵਾਸੀ ਹਨ। ਦੂਸਰਾ, ਇਸ ਦੀ ਆਬਾਦੀ ਬਹੁਤ ਜ਼ਿਆਦਾ ਹੈ। ਇੱਥੇ ਸਮੇਂ-ਸਮੇਂ ਰਹੀਆਂ ਸਰਕਾਰਾਂ ਇਹਨਾਂ ਕਾਰਨਾਂ ਨੂੰ ਦੂਰ ਕਰਨ ਦੀ ਕੋਈ ਕੋਸ਼ਿਸ਼ ਨਹੀਂ ਕਰਦੀਆਂ। ਜੇ ਉਹ ਲੋਕਾਂ ਦੇ ਅੰਧਵਿਸ਼ਵਾਸਾਂ ਨੂੰ ਦੂਰ ਕਰਨ ਦਾ ਯਤਨ ਕਰਦੇ ਹਨ ਤਾਂ ਲੋਕਾਂ ਨੇ ਜਾਗ ਪੈਣਾ ਹੈ। ਲੋਕਾਂ ਦੇ ਜਾਗਣ ਦਾ ਇਸ਼ਾਰਾ ਵੀ ਹਾਕਮਾਂ ਨੂੰ ਕੰਬਣੀਆਂ ਛੇੜ ਦਿੰਦਾ ਹੈ। ਜੇ ਆਬਾਦੀ ਵੱਧ ਹੋਵੇਗੀ, ਅਨਪੜ੍ਹਤਾ ਤੇ ਅੰਧਵਿਸ਼ਵਾਸ ਤਾਂ ਰਹਿਣਗੇ ਹੀ। ਸੋ ਮੌਕਾਪ੍ਰਸਤ ਸਰਕਾਰਾਂ ਨੇ ਤਾਂ ਹਰ ਕੰਮ ਲੋਕ ਵਿਰੋਧੀ ਹੀ ਕਰਨਾ ਹੁੰਦਾ ਹੈ। ਲੋਕਾਂ ਦੀ ਅੰਧਵਿਸ਼ਵਾਸੀ ਦਾ ਅੰਦਾਜ਼ਾ ਤੁਹਾਨੂੰ ਹੇਠ ਲਿਖੀਆਂ ਘਟਨਾਵਾਂ ਤੋਂ ਹੀ ਲੱਗ ਜਾਂਦਾ ਹੈ।

ਕਲਕੱਤੇ ਦੇ ਨਜ਼ਦੀਕੀ ਸ਼ਹਿਰ ਦੇ ਜੈ ਪ੍ਰਕਾਸ਼ ਤਿਵਾੜੀ ਨੂੰ ਸੁਪਨੇ ਵਿੱਚ ‘ਮਾਂ ਸ਼ੇਰਾਂਵਾਲੀ’ ਦੇ ਦਰਸ਼ਨ ਹੋ ਗਏ। ਤਿਵਾੜੀ ਨੇ ਕਿਹਾ ਹੈ, ‘‘ਜੇ ਮੈਂ ਸ਼ੇਰ ਦੇ ਗਲ਼ ਵਿੱਚ ਹਾਰ ਪਾ ਕੇ ਤੇ ਉਸਦੀ ਪਿੱਠ ’ਤੇ ਸਵਾਰੀ ਕਰਕੇ ਬੰਸਰੀ ਵਜਾਵਾਂ ਤਾਂ ਮੈਨੂੰ ਚਮਤਕਾਰੀ ਸ਼ਕਤੀਆਂ ਪ੍ਰਾਪਤ ਹੋ ਜਾਣਗੀਆਂ।’’ ਉਸਦੇ ਬਾਪ ਨੇ ਉਸਨੂੰ ਰੋਕਣ ਲਈ ਖ਼ੁਦਕੁਸ਼ੀ ਕਰਨ ਦੀ ਧਮਕੀ ਤੱਕ ਦਿੱਤੀ। ਉਹ ਕਹਿਣ ਲੱਗਿਆ ‘‘ਤੇਰਾ ਸਸਕਾਰ ਮੈਂ ਆ ਕੇ ਹੀ ਕਰਾਂਗਾ’’ ਇਸ ਤਰ੍ਹਾਂ  ਆਪਣੀ ਪਤਨੀ ਤੇ ਬੱਚਿਆਂ ਨੂੰ ਠੋਕਰ ਮਾਰ ਕੇ ਉਹ ਆਪਣੇ ਦੋਸਤ ਨੂੰ ਨਾਲ ਲੈ ਕੇ ਅਲੀਗੜ੍ਹ ਚਿੜੀਆ ਘਰ ਵਿੱਚ ਪਹੁੰਚ ਗਿਆ। ਚਿੜੀਆ ਘਰ ਦੇ ਪ੍ਰਬੰਧਕਾਂ ਨੇ ਸ਼ੇਰ ਦੇ ਪਿੰਜਰੇ ਦੇ ਆਲੇ-ਦੁਆਲੇ ਪਾਣੀ ਦੀ ਇੱਕ ਡੂੰਘੀ ਖਾਈ ਤੇ ਲੋਹੇ ਦਾ  ਉਚਾ ਜੰਗਲਾ ਬਣਾਇਆ ਹੋਇਆ ਸੀ। ਇੱਕ ਬੋਹੜ ਦੇ ਦਰੱਖਤ ਦੀਆਂ ਟਾਹਣੀਆਂ ਫੜ ਕੇ ਦੋਵੇਂ ਜਣੇ ਸ਼ੇਰ ਦੇ ਪਿੰਜਰੇ ਦੇ ਕੋਲ ਪੁੱਜ ਗਏ। ਸ਼ੇਰ ਆਦਮ ਖੋਰ ਨਹੀਂ ਸੀ। ਉਥੇ ਹਾਜ਼ਰ ਲੋਕਾਂ ਅਨੁਸਾਰ ਸ਼ੇਰ ਨੇ ਉਹਨਾਂ ਨੂੰ ਵਾਪਸ ਜਾਣ ਦੇ ਕਈ ਮੌਕੇ ਦਿੱਤੇ। ਪਰ ਜਦੋਂ ਉਹ ਨਾ ਹਟੇ ਤਾਂ ਸ਼ੇਰ ਨੇ ਅਜਿਹਾ ਝਪਟਾ ਮਾਰਿਆ ਕਿ ਤਿਵਾੜੀ ਜੀ ਤਾਂ ਉਥੇ ਹੀ ਦਮ ਤੋੜ ਗਏ ਤੇ ਉਸਦਾ ਮਿੱਤਰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਜਾ ਪੁੱਜਾ।

ਪੰਜਾਬ ਦੇ ਲੋਕ ਕਿਹੜਾ ਘੱਟ ਅੰਧਵਿਸ਼ਵਾਸੀ ਨੇ? ਇੱਥੋਂ ਦੇ ਪਸ਼ੂ ਵਿਕਸਿਤ ਦੇਸ਼ਾਂ ਦੇ ਪਸ਼ੂਆਂ ਦੇ ਮੁਕਾਬਲੇ ਤੀਸਰਾ ਹਿੱਸਾ ਦੁੱਧ ਹੀ ਦਿੰਦੇ ਹਨ ਕਿਉਂਕਿ ਦੇਸ਼ ਦੇ ਨਾਗਰਿਕਾਂ ਦਾ ਧਿਆਨ ਪਸ਼ੂਆਂ ਦੇ ਦੁੱਧ ਵਧਾਉਣ ਵਾਲੀਆਂ ਖ਼ੁਰਾਕਾਂ, ਨਸਲਾਂ ਜਾਂ ਵਾਤਾਵਰਣ ਦੀਆਂ ਹਾਲਤਾਂ ਵੱਲ ਨਹੀਂ, ਸਗੋਂ ਧਿਆਨ ਇਸ ਗੱਲ ਵੱਲ ਹੈ ਕਿ ਉਹਨਾਂ ਨੇ ਆਪਣੇ ਗਾਹਕਾਂ ਦੀਆਂ ਜੇਬ੍ਹਾਂ ਅਤੇ ਸਿਹਤਾਂ ਨੂੰ ਨੁਕਸਾਨ ਕਿਵੇਂ ਪਹੁੰਚਾਉਣਾ ਹੈ। ਦੁੱਧ ਉਤਾਰਨ ਲਈ ਪਸ਼ੂਆਂ ਦੇ ਟੀਕਿਆਂ ਦੀ ਬੇਥਾਹ ਵਰਤੋਂ ਕੀਤੀ ਜਾਂਦੀ ਹੈ। ਇਹ ਦਵਾਈਆਂ ਮਨੁੱਖਾਂ ਦੇ ਸਰੀਰਾਂ ਵਿੱਚ ਦੁੱਧ ਰਾਹੀਂ ਪੁੱਜ ਜਾਂਦੀਆਂ ਹਨ।

ਦੁਰਾਹੇ ਦੇ ਨਜ਼ਦੀਕ ਪਿੰਡ ਘੁਡਾਣੀ ਖੁਰਦ ਦੇ ਭਿੰਦਰ ਨੇ ਪੰਦਰਾਂ ਹਜ਼ਾਰ ਖ਼ਰਚ ਕੇ ਨਵੀਂ ਮੱਝ ਖਰੀਦ ਲਈ। ਅੰਧਵਿਸ਼ਵਾਸੀ ਲੋਕ ਸੋਚਦੇ ਨੇ ਕਿ ਜੇ ਮੱਝ ਦੇ ਅੱਗੇ ਸ਼ਗਨ ਵਜੋਂ ਸੋਨਾ ਰੱਖਿਆ ਜਾਵੇ ਤਾਂ ਮੱਝ ਘਰ ਨੂੰ ਰੰਗ ਭਾਗ ਲਾ ਦਿੰਦੀ ਹੈ। ਇਹ ਸੋਚ ਕੇ ਉਸਨੇ ਆਪਣਾ ਢਾਈ ਤੋਲੇ ਦਾ ਸੋਨੇ ਦਾ ਕੜਾ ਗੁੜ ਦੇ ਨਾਲ ਹੀ ਮੱਝ ਅੱਗੇ ਰੱਖ ਦਿੱਤਾ। ਮੱਝ ਨੇ ਗੁੜ ਤਾਂ ਖਾਣਾ ਹੀ ਸੀ ਤੇ ਕੜਾ ਵੀ ਅੰਦਰ ਲੰਘਾ ਗਈ। ਪਰਿਵਾਰ ਦੇ ਮੈਂਬਰ ਕਾਫ਼ੀ ਦਿਨ ਮੱਝ ਦੇ ਦੁੱਧ ਦੀ ਬਜਾਏ ਗੋਹੇ ਵੱਲ ਜ਼ਿਆਦਾ ਧਿਆਨ ਦੇ ਰਹੇ ਸਨ। ਮੱਝ ਨੂੰ ਲਿਜਾ ਕੇ ਐਕਸਰੇ ਕਰਵਾਉਣਾ ਉਹਨਾਂ ਦੀ ਸਮਰੱਥਾ ਤੋਂ ਬਾਹਰ ਸੀ।

ਮੇਰੇ ਦੇਸ਼ ਦੇ ਲੋਕ ਇਹ ਨਹੀਂ ਜਾਣਦੇ ਕਿ ਮਕਾਨ ਇੱਟਾਂ ਪੱਥਰਾਂ ਨਾਲ ਨਹੀਂ ਬਣਦਾ, ਸਗੋਂ ਘਰ ਵਿੱਚ ਰਹਿਣ ਵਾਲੇ ਜੀਆਂ ਨਾਲ ਬਣਦਾ ਹੈ। ਜੇ ਘਰ ਵਿੱਚ ਰਹਿਣ ਵਾਲੇ ਜੀਆਂ ਵਿੱਚ ਪਿਆਰ ਤੇ ਵਿਸ਼ਵਾਸ ਹੋਵੇ ਤਾਂ ਕੁੱਲੀ ਵੀ ਮਹਿਲ ਬਣ ਜਾਂਦੀ ਹੈ, ਨਹੀਂ ਤਾਂ ਸ਼ਾਹੀ ਮਹਿਲ ਵੀ ਸੂਰਾਂ ਦੇ ਵਾੜੇ ਹੀ ਹੋ ਨਿਬੜਦੇ ਹਨ। ਜਿਵੇਂ ਨੇਪਾਲ ਦੇ ਸ਼ਾਹੀ ਮਹਿਲ ਦੀ ਉਦਾਹਰਣ ਤੁਹਾਡੇ ਸਾਹਮਣੇ ਹੈ। 1 ਜੂਨ 2001 ਨੂੰ ਮਹਿਲ ਵਿੱਚ ਰਾਜ ਕੁਮਾਰ ਨੇ ਪਰਿਵਾਰ ਦੇ ਦਸ ਮੈਂਬਰਾਂ ਨੂੰ ਗੋਲੀ ਮਾਰਕੇ ਖ਼ੁਦ ਨੂੰ ਵੀ ਗੋਲੀ ਮਾਰ ਲਈ ਸੀ।

ਲੁਧਿਆਣੇ ਦੀ ਇੱਕ ਅਮੀਰ ਬਸਤੀ ਵਿੱਚ ਇੱਕ ਅਮੀਰਜ਼ਾਦੇ ਨੇ ਕਰੋੜਾਂ ਰੁਪਏ ਖ਼ਰਚ ਕੇ ਨਵੀਂ ਕੋਠੀ ਪੁਆਈ। ਲਾਈਲੱਗ ਵਿਅਕਤੀ ਕਿਸੇ ਪੰਡਤ ਜੀ ਕੋਲ ਮਹੂਰਤ ਕਢਵਾਉਣ ਚਲਿਆ ਗਿਆ। ਪੰਡਤ ਜੀ ਕਹਿਣ ਲੱਗੇ, ‘‘ਗ੍ਰਹਿ ਪ੍ਰਵੇਸ਼ ਤੋਂ ਪਹਿਲਾਂ ਗਊ ਮਾਤਾ ਦਾ ਪ੍ਰਵੇਸ਼ ਕਰਵਾਉ ਤੇ ਘਰ ਨੂੰ ਨਜ਼ਰ ਤੋਂ ਬਚਾਉਣ ਲਈ ਉਸਦਾ ਗੋਹਾ ਤੇ ਮੂਤਰ ਕੋਠੀ ਵਿੱਚ ਕਰਵਾਉ।’’ ਗਊ ਨੇ ਪੇਸ਼ਾਬ ਤਾਂ ਸਹਿਜੇ ਹੀ ਕਰ ਦਿੱਤਾ, ਪਰ ਗੋਹਾ ਨਾ ਕੀਤਾ। ਤਾਂ ਗਊ ਮਾਲਕ ਨੇ ਸੋਚਿਆ ਪੂਰੇ ਪੈਸੇ ਤਾਂ ਤਦ ਹੀ ਮਿਲਣਗੇ ਜੇ ਗਾਂ ਗੋਹਾ ਕਰੇਗੀ। ਸਿੱਟੇ ਵਜੋਂ ਉਸਨੇ ਗਾਂ ਦੀ ਕੁੱਟ ਮਾਰ ਸ਼ੁਰੂ ਕਰ ਦਿੱਤੀ। ਅਜੀਬ ਮਾਹੌਲ ਵਿੱਚ ਗਾਂ ਅਜਿਹਾ ਤ੍ਰਬਕੀ ਕਿ ਉਸਨੇ ਡਰਾਇੰਗ ਰੂਮ ਦੇ ਦਰਵਾਜ਼ੇ ਤੇ ਖਿੜਕੀਆਂ ਚਕਨਾ ਚੂਰ ਕਰ ਦਿੱਤੀਆਂ। ਲੋਕ ਪਰਿਵਾਰ ਵਾਲਿਆਂ ਨੂੰ ਤਸੱਲੀ ਦੇ ਰਹੇ ਸਨ ਕਿ ਇਹ ਸ਼ਗਨ ਵੀ ਚੰਗਾ ਹੀ ਹੋਇਆ ਹੈ।

ਠੱਗਾਂ ਦੀ ਵੀ ਇਸ ਦੇਸ਼ ਵਿੱਚ ਕਮੀ ਨਹੀਂ। ਅਰਬਾਂ ਰੁਪਏ ਦੇ ਮਾਲਕ ਵੀ ਵੱਡੀਆਂ-ਵੱਡੀਆਂ ਠੱਗੀਆਂ ਮਾਰ ਰਹੇ ਹਨ। ਦੂਜੇ ਪਾਸੇ, ਤੁਹਾਨੂੰ ਕੁਝ ਗ਼ਰੀਬ ਵਿਅਕਤੀ ਵੀ ਆਪਣੇ ਪੇਟ ਦੀ ਖ਼ਾਤਰ ਲੋਕਾਂ ਦੀਆਂ ਜੇਬਾਂ ਕੁਤਰਦੇ ਨਜ਼ਰ ਪੈਣਗੇ। ਸਾਈ ਬਾਬੇ ਦੀ ਉਦਾਹਰਣ ਹੀ ਲੈ ਲਵੋ। ਜੇ ਉਸਦੇ ਟਰੱਸਟ ਦੀ ਸੰਪਤੀ ਵੇਚਣੀ ਹੋਵੇ ਤਾਂ ਪੰਜਾਬ ਦੇ ਸਾਢੇ ਬਾਰਾਂ ਹਜ਼ਾਰ ਪਿੰਡਾਂ ਨੂੰ ਚਾਰ-ਚਾਰ ਕਰੋੜ ਰੁਪਏ ਦੀ ਰਾਸ਼ੀ ਆ ਜਾਵੇਗੀ। ਜਿਸ ਨਾਲ ਹਰ ਪਿੰਡ ਵਿੱਚ ਹਸਪਤਾਲ, ਸਕੂਲ ਤੇ ਕਮਿਊਨਿਟੀ ਸੈਂਟਰ ਬਣ ਸਕਦੇ ਹਨ ਤੇ ਹਰ ਪਿੰਡ ਵਧੀਆ ਸੜਕਾਂ ਨਾਲ ਜੁੜਿਆ ਹੋਵੇਗਾ।

ਸਾਈ ਬਾਬੇ ਨੇ ਆਪਣੇ ਬਚਪਨ ਵਿੱਚ ਹੀ ਆਪਣੇ ਚਾਚੇ ਰਾਜੂ ਤੋਂ ਕੁਝ ਅਜਿਹੇ ਟਰਿੱਕ ਸਿੱਖ ਲਏ, ਜਿੰਨ੍ਹਾਂ ਦੀ ਵਰਤੋਂ ਕਰਕੇ ਉਹ ਕਰੋੜਾਂ ਚੇਲਿਆਂ ਤੇ ਅਰਬਾਂ ਦੀ ਸੰਪਤੀ ਦਾ ਮਾਲਕ ਬਣ ਗਿਆ। ਉਸਦੇ ਰਹਿ ਚੁੱਕੇ ਵਿਦੇਸ਼ੀ ਚੇਲਿਆਂ ਨੇ ਉਸਦੀਆਂ ਸਮ¦ਿਗਕ ਰੁਚੀਆਂ ਨੂੰ ਆਪਣੀਆਂ ਕਿਤਾਬਾਂ ਵਿੱਚ ਉਜਾਗਰ ਕੀਤਾ ਹੈ। ਉਸਦੀਆਂ ਕਈ ਚਲਾਕੀਆਂ ਤਰਕਸ਼ੀਲਾਂ ਨੇ ਅਨੇਕਾਂ ਵਾਰ ਫੜੀਆਂ ਹਨ। ਆਪਣੀਆਂ ਚਲਾਕੀਆਂ ਦੇ ਉਜਾਗਰ ਹੋਣ ਕਰਕੇ ਹੀ ਉਸਨੇ ਬੈ¤ਡ ਰੂਮ ਵਿੱਚ ਪੰਜ ਵਿਅਕਤੀਆਂ ਨੂੰ ਗੋਲੀਆਂ ਮਾਰਕੇ ਹਲਾਕ ਕਰ ਦਿੱਤਾ ਸੀ। ਪਰ ਭਾਰਤ ਸਰਕਾਰ ਰਾਹੀਂ ਅਦਾਲਤੀ ਕਾਰਵਾਈਆਂ ਵਿੱਚ ਆਪਣਾ ਜ਼ੋਰ ਹੋਣ ਕਰਕੇ ਕੋਈ ਵੀ ਉਸਦਾ ਕੱਖ ਨਾ ਵਿਗਾੜ ਸਕਿਆ।

ਉਸਦੇ ਬਹੁਤ ਸਾਰੇ ਚੇਲੇ ਅੱਜ ਦੇ ਵਿਗਿਆਨਕ ਯੁੱਗ ’ਚ ਵੀ ਉਸ ਵਿੱਚ ਅਟੁੱਟ ਵਿਸ਼ਵਾਸ ਰੱਖਦੇ ਹਨ ਤੇ ਸਮਝਦੇ ਹਨ ਕਿ ਉਸਦੀ ਫੋਟੋ ਵਿੱਚੋਂ ਰਾਖ ਪ੍ਰਗਟ ਹੁੰਦੀ ਹੈ। ਮੈਂ ਆਪਣੀ ਰਿਸ਼ਤੇਦਾਰੀ ਵਿੱਚੋਂ ਉਸਦੇ ਇੱਕ ਭਗਤ ਨੂੰ ਇਹ ਰਾਖ ਪ੍ਰਗਟ ਕਰਕੇ ਵੀ ਵਿਖਾਈ ਸੀ। ਅਸਲ ਵਿੱਚ ਮਰਕਿਊਰਿਕ ਕਲੋਰਾਈਡ ਇੱਕ ਅਜਿਹਾ ਪਦਾਰਥ ਹੈ, ਜਿਸਨੂੰ ਕਿਸੇ ਐਲੂਮੀਨੀਅਮ ਦੇ ਫੋਟੋ ਫਰੇਮ ’ਤੇ ਲਾ ਦਿੱਤਾ ਜਾਵੇ ਤਾਂ ਇਸ ਵਿੱਚੋਂ ਰਾਖ ਨਿਕਲਣੀ ਸ਼ੁਰੂ ਹੋ ਜਾਂਦੀ ਹੈ। ਅੰਧਵਿਸ਼ਵਾਸੀ ਇਸਨੂੰ ਬਾਬੇ ਦੀ ਕਰਾਮਾਤ ਹੀ ਸਮਝਦੇ ਹਨ।

ਆਪਣੀ ਸਕੂਲੀ ਪੜ੍ਹਾਈ ਵਿੱਚ ਬਹੁਤਿਆਂ ਨੇ ਪੜ੍ਹਿਆ ਹੋਵੇਗਾ ਕਿ ਜੇ ਆਬਨੂਸ ਦੇ ਡੰਡੇ ਨੂੰ ਬਿੱਲੀ ਦੀ ਖੱਲ ਨਾਲ ਰਗੜਿਆ ਜਾਵੇ ਜਾਂ ਕੰਚ ਦੇ ਡੰਡੇ ਨੂੰ ਰੇਸ਼ਮੀ ਰੁਮਾਲ ਨਾਲ ਰਗੜਿਆ ਜਾਵੇ ਤਾਂ ਇਹਨਾਂ ਸਾਰੀਆਂ ਚੀਜ਼ਾਂ ਵਿੱਚ ਰਗੜ ਬਿਜਲੀ ਪੈਦਾ ਹੋ ਜਾਂਦੀ ਹੈ। ਤੁਸੀਂ ਇਹ ਘਰੇ ਵੀ ਕਰਕੇ ਦੇਖ ਸਕਦੇ ਹੋ। ਪੈ¤ਨ ਲੈ ਕੇ ਇਸਨੂੰ ਆਪਣੇ ਸਿਰ ਦੇ ਵਾਲਾਂ ਨਾਲ ਰਗੜਨ ਤੇ ਵੇਖੋਗੇ ਕਿ ਪੈ¤ਨ ਕਾਗਜ਼ ਦੇ ਛੋਟੇ-ਛੋਟੇ ਟੁਕੜਿਆਂ ਨੂੰ ਆਪਣੇ ਵੱਲ ਖਿੱਚਣ ਲੱਗ ਜਾਵੇਗਾ। ਇਹ ਹੋਰ ਕੁਝ ਨਹੀਂ ਤੁਹਾਡੇ ਹੱਥਾਂ ਦੀ ਊਰਜਾ ਨੇ ਪੈਨ ਵਿੱਚ ਰਗੜ ਬਿਜਲੀ ਪੈਦਾ ਕਰ ਦਿੱਤੀ ਹੈ। ਮੇਰੇ ਦੇਸ਼ ਦੇ ਲੋਕ ਅਜਿਹੀਆਂ ਗੱਲਾਂ ਤੋਂ ਡਰ ਰਹੇ ਸਨ। ਪੰਜਾਬ ਵਿੱਚ ਕਈ ਥਾਈਂ ਸਾਨੂੰ ਸਾਧਾਂ-ਸੰਤਾਂ ਦੁਆਰਾ ਅਜਿਹੇ ਲੋਕਾਂ ਤੋਂ ਲੁੱਟੇ ਹੋਏ ਪੈਸੇ ਵੀ ਵਾਪਸ ਕਰਵਾਉਣੇ ਪਏ ਹਨ।

ਬਰਨਾਲੇ ਦੀ ਦਾਣਾ ਮੰਡੀ ਤੋਂ ਥੋੜ੍ਹਾ ਜਿਹਾ ਅਗਾਂਹ ਇੱਕ ਗਰੀਬ ਕਿਸਾਨ ਨੇ ਖੇਤਾਂ ਵਿੱਚ ਆਪਣਾ ਘਰ ਬਣਾਇਆ ਹੋਇਆ ਸੀ। ਉਸਦੀ ਪਤਨੀ ਜਾਂ ਬੇਟੀ ਜਦੋਂ ਵੀ ਆਟਾ ਛਾਣਦੀਆਂ ਤਾਂ ਪਰਾਂਤ ਵਿੱਚੋਂ ਚੰਗਿਆੜੀਆਂ ਨਿਕਲਣੀਆਂ ਸ਼ੁਰੂ ਹੋ ਜਾਂਦੀਆਂ। ਬਰਨਾਲੇ ਦੇ ਇੱਕ ਫੂਡ ਕਾਰਪੋਰੇਸ਼ਨ ਦੇ ਮੁਲਾਜ਼ਮ ਰਾਹੀਂ ਉਸ ਪਰਿਵਾਰ ਨੂੰ ਮੇਰੇ ਨਾਲ ਮਿਲਾਇਆ ਗਿਆ। ਉਸ ਪਰਿਵਾਰ ਨੇ ਹਜ਼ਾਰਾਂ ਰੁਪਏ ਪਰਾਂਤ ਵਿੱਚੋਂ ਭੂਤ ਕੱਢਣ ਦੇ ਕਾਰਨ ਸਾਧਾਂ ਸੰਤਾਂ ਨੂੰ ਖੁਆ ਦਿੱਤੇ ਸਨ। ਜਦੋਂ ਮੈਂ ਜਾ ਕੇ ਉਸ ਪਰਿਵਾਰ ਦੀ ਵਿਥਿਆ ਸੁਣੀ ਤਾਂ ਮੈਂ ਪਰਾਂਤ ਹੇਠਾਂ ਰੱਖੀ ਹੋਈ ਪਲਾਸਟਿਕ ਦੀ ਪੀਪੀ ਨੂੰ ਚੁਕਵਾ ਕੇ ਪਰਾਂਤ ਨੂੰ ਹੇਠਾਂ ਜ਼ਮੀਨ ਤੇ ਰਖਵਾ ਦਿੱਤਾ ਤੇ ਪਰਾਂਤ ਵਿੱਚੋਂ ਚੰਗਿਆੜੀਆਂ ਨਿਕਲਣੀਆਂ ਤੁਰੰਤ ਹੀ ਬੰਦ ਹੋ ਗਈਆਂ। ਗੱਲ ਕੀ ਸੀ? ਛਾਨਣੀ ਨਾਲ ਆਟਾ ਛਾਣਦਿਆਂ ਆਟਾ ਰਗੜ ਖਾਂਦਾ- ਖਾਂਦਾ ਚਾਰਿਜਤ ਹੋ ਜਾਂਦਾ, ਹੇਠਾਂ ਪਲਾਸਟਿਕ ਦੀ ਪੀਪੀ ਰੱਖੀ ਹੋਣ ਕਾਰਨ ਉਹ ਕਰੰਟ ਜ਼ਮੀਨ ਵਿੱਚ ਨਾ ਜਾਂਦਾ। ਹੁਣ ਸਾਡੇ ਪੀਪੀ ਚੁਕਵਾ ਦੇਣ ਕਾਰਨ ਪਰਾਂਤ ਵਿੱਚੋਂ ਇਕੱਠੀ ਹੋਈ ਰਗੜ ਬਿਜਲੀ ਜ਼ਮੀਨ ਵਿੱਚ ਜਾਣ ਲੱਗ ਪਈ।

ਇਸ ਤਰ੍ਹਾਂ ਹੀ ਇੱਕ ਦਿਨ ਮੈਂ ਬੱਸ ਵਿੱਚ ਸਫ਼ਰ ਕਰ ਰਿਹਾ ਸਾਂ। ਇੱਕ ਵਿਅਕਤੀ ਦੰਦਾਂ ਦਾ ਘਰੇ ਬਣਾਇਆ ਹੋਇਆ ਮੰਜਣ ਹੀ ਲੋਕਾਂ ਨੂੰ ਵੇਚਣ ਦੀ ਖ਼ਾਤਰ ਦੰਦਾਂ ਵਿੱਚੋਂ ਕੀੜੇ ਕੱਢ ਕੇ ਵਿਖਾ ਰਿਹਾ ਸੀ। ਉਹ ਜਦੋਂ ਵੀ ਕਿਸੇ ਵਿਅਕਤੀ ਦੇ ਮੂੰਹ ਵਿੱਚ ਇੱਕ ਸਿਲਾਈ ਪਾਉਂਦਾ ਤਾਂ ਉਸ ਨਾਲ ਦੋ ਕੀੜੇ ਚਿੰਬੜੇ ਹੁੰਦੇ। ਇਹਨਾਂ ਕੀੜਿਆਂ ਦੇ ਕਈ ਟੰਗਾਂ ਵੀ ਖੜ੍ਹੀਆਂ ਨਜ਼ਰ ਆਉਂਦੀਆਂ। ਮੈਨੂੰ ਇਸ ਗੱਲ ਦਾ ਪਤਾ ਸੀ ਕਿ ਦੰਦਾਂ ਵਿੱਚ ਟੰਗਾਂ ਵਾਲੇ ਕੀੜੇ ਨਹੀਂ ਹੁੰਦੇ, ਸਗੋਂ ਇਹ ਤਾਂ ਬੈਕਟੀਰੀਆਂ ਹੁੰਦਾ ਹੈ ਜੋ ਨੰਗੀ ਅੱਖ ਨਾਲ ਨਜ਼ਰ ਆ ਹੀ ਨਹੀਂ ਸਕਦਾ। ਮੈਂ ਉਸ ਬੱਸ ਵਿੱਚ ਸਫ਼ਰ ਕਰਦੇ ਲੋਕਾਂ ਨੂੰ ਦੱਸਿਆ ਤੇ ਦਿਖਾਇਆ ਕਿ ਉਹ ਸਿਲਾਈਆਂ ਨਾਲ ਉਟਾਕਨ ਦੇ ਬੀਜ ਚੰਬੇੜ ਲੈਂਦਾ ਹੈ ਤੇ ਇਹਨਾਂ ਬੀਜਾਂ ਦੀ ਇਹ ਸਿਫ਼ਤ ਹੁੰਦੀ ਹੈ ਕਿ ਗਿੱਲਾ ਹੋਣ ਨਾਲ ਇਹਨਾਂ ਬੀਜਾਂ ਦਾ ਮੂੰਹ ਖੁੱਲ੍ਹ ਜਾਂਦਾ ਹੈ ਇਸ ਵਿੱਚ ਨਿੱਕੇ-ਨਿੱਕੇ ਵਾਲ ਖੜ੍ਹੇ ਹੋ ਜਾਂਦੇ ਹਨ, ਜੋ ਟੰਗਾਂ ਵਾਲੇ ਕੀੜੇ ਦੀ ਤਰ੍ਹਾਂ ਨਜ਼ਰ ਆਉਂਦੇ ਹਨ। ਉਟਾਕਨ ਦੇ ਬੀਜ ਪਨਸਾਰੀ ਦੀ ਦੁਕਾਨ ਤੋਂ ਆਮ ਹੀ ਮਿਲ ਜਾਂਦੇ ਹਨ।  ਕੁੱਝ ਸਮਾਂ ਪਹਿਲਾਂ ਸਾਡੀ ਸੁਸਾਇਟੀ ਦੇ ਬਜ਼ੁਰਗ ਆਗੂ ਆਰ.ਪੀ. ਗਾਂਧੀ ਨੂੰ ਅਜਿਹੇ ਹੀ ਇੱਕ ਸੰਤ ਦਾ ਸਾਹਮਣਾ ਕਰਨਾ ਪਿਆ, ਜਿਹੜਾ ਉਪਰੋਕਤ ਬੀਜਾਂ ਨਾਲ ਹੀ ਲੋਕਾਂ ਦੀ ਲੁੱਟ-ਖਸੁੱਟ ਕਰ ਰਿਹਾ ਸੀ।

ਤਰਕਸ਼ੀਲ ਲਹਿਰ ਦੇ ਤੇਤੀ ਵਰ੍ਹਿਆਂ ਦੌਰਾਨ ਮੈਂ ਅਜਿਹੇ ਅਨਪੜ੍ਹ ਲੋਕਾਂ ਨੂੰ ਵੀ ਵੇਖਿਆ ਹੈ, ਜਿਨ੍ਹਾਂ ਨੇ ਵਿਗਿਆਨਕ ਸੋਚ ਅਪਣਾ ਕੇ ਹਰ ਖੇਤਰ ਵਿੱਚ ਵੱਡੀਆਂ ਪੁਲਾਂਘਾਂ ਪੁੱਟੀਆਂ ਹਨ ਅਤੇ ਮੈਂ ਪੜ੍ਹੇ-ਲਿਖੇ ਲੋਕਾਂ ਨੂੰ ਵੀ ਬੇਵਕੂਫ਼ ਬਣਦਿਆਂ ਤੱਕਿਆ ਹੈ। ਇਸ ਦੀ ਤਾਜ਼ਾ ਉਦਾਹਰਣ ਹਰਿਆਣਾ ਦੀ ਤਹਿਸੀਲ ਗੂਹਲਾ ਦੇ ਐਸ. ਡੀ. ਐਮ. ਹਨ। ਇਹ ਵਿਅਕਤੀ ਬਾਰਾਂ ਅਗਸਤ ਦੀ ਰਾਤ ਨੂੰ 9 ਵਜੇ ਆਪਣੇ ਇੱਕ ਨਜ਼ਦੀਕੀ ਰਿਸ਼ਤੇਦਾਰ ਨੂੰ ਨਾਲ ਲੈ ਕੇ ਪਿੰਡ ਧੀਡਲ ਵਿਖੇ ਨੰਗੇ ਪੈਰੀਂ ਪਹੁੰਚਿਆ ਅਤੇ ਮੰਤਰ ਪੜ੍ਹਨ ਲੱਗਿਆ। ਇਸ ਤੋਂ ਬਾਅਦ ਉਸ ਨੇ ਕੱਪੜੇ ਵਿੱਚ ਲਪੇਟੀਆਂ ਸੱਤ ਪੱਤਰੀਆਂ, 400 ਗ੍ਰਾਮ ਨਿੰਬੂ ਅਤੇ ਖੰਮਣੀ ਵਿੱਚ ਲਪੇਟਿਆ ਹੋਇਆ ਇੱਕ ਨਾਰੀਅਲ ਖੂਹ ਵਿੱਚ ਸੁੱਟ ਦਿੱਤਾ। ਉਸ ਨੂੰ ਇਹ ਕਾਰਾ ਕਰਦੇ ਹੋਏ ਕੁਝ ਪੇਂਡੂ ਲੋਕਾਂ ਨੇ ਵੇਖ ਲਿਆ। ਦੇਖਦੇ ਹੀ ਦੇਖਦੇ ਸੈਂਕੜੇ ਲੋਕ ਇਕੱਠੇ ਹੋ ਗਏ ਤਾਂ ਉਹਨਾਂ ਨੇ ਇਸ ਅਧਿਕਾਰੀ ਨੂੰ ਘੇਰ ਲਿਆ ਅਤੇ ਪੁਲਿਸ ਵੀ ਬੁਲਾ ਲਈ ਗਈ। ਪੇਂਡੂ ਲੋਕਾਂ ਦਾ ਕਹਿਣਾ ਸੀ ਕਿ ਇਸ ਅਧਿਕਾਰੀ ਨੇ ਖੂਹ ਦਾ ਪਾਣੀ ਅਸ਼ੁੱਧ ਕਰ ਦਿੱਤਾ ਹੈ। ਕੁਝ ਲੋਕਾਂ ਦਾ ਖ਼ਿਆਲ ਹੈ ਕਿ ਇਹ ਐਸ. ਡੀ. ਐਮ. ਹਰਿਆਣਾ ਸਿਵਲ ਸਰਵਿਸ ਤੋਂ ਤਰੱਕੀ ਪਾ ਕੇ ਇੰਡੀਅਨ ਐਡਮਿਨਸਟ੍ਰੇਸ਼ਨ ਸਰਵਿਸਿਜ਼ ਦੀ ਤਰੱਕੀ ਪਾਉਣਾ ਚਾਹੁੰਦਾ ਸੀ। ਇਸ ਲਈ ਉਸ ਨੇ ਇੱਕ ਤਾਂਤਰਿਕ ਦੇ ਕਹਿਣ ’ਤੇ ਅਜਿਹਾ ਕੀਤਾ। ਹੁਣ ਪਿੰਡ ਵਾਲੇ ਚਾਹੁੰਦੇ ਸਨ ਕਿ ਇਸ ਖੂਹ ਦਾ ਪਾਣੀ ਬਦਲਿਆ ਜਾਵੇ ਤੇ ਸਭ ਤੋਂ ਪਹਿਲਾਂ ਇਸੇ ਅਧਿਕਾਰੀ ਨੂੰ ਪਿਲਾਇਆ ਜਾਵੇ। ਟੂਣੇ ਦੀ ਨਾ ਤਾਂ ਇਹ ਪਹਿਲੀ ਘਟਨਾ ਹੈ ਤੇ ਨਾ ਹੀ ਆਖ਼ਰੀ। ਸੁਆਲ ਤਾਂ ਇਹ ਖੜ੍ਹਾ ਹੁੰਦਾ ਹੈ ਕਿ ਪੜ੍ਹੇ-ਲਿਖੇ ਇਨਸਾਨ ਨੂੰ ਕੁਝ ਤਾਂਤਰਿਕ ਬੇਵਕੂਫ਼ ਕਿਵੇਂ ਬਣਾ ਜਾਂਦੇ ਹਨ? ਇਸ ਅਧਿਕਾਰੀ ਨੇ ਇਹ ਬਿਲਕੁਲ ਵੀ ਨਾ ਸੋਚਿਆ ਕਿ ਖੂਹ ਵਿੱਚ ਸੁੱਟੀਆਂ ਹੋਈਆਂ ਕੁਝ ਚੀਜ਼ਾਂ ਉਸ ਦੀ ਤਰੱਕੀ ਕਿਵੇਂ ਕਰਵਾਉਣਗੀਆਂ?
ਤਰਕਸ਼ੀਲ ਸੁਸਾਇਟੀ ਦੇ ਕੁਝ ਮੈਂਬਰਾਂ ਨੂੰ ਰਾਜਸਥਾਨ ਵਿੱਚ ਇੱਕ ਅਜੀਬ ਕੇਸ ਦਾ ਸਾਹਮਣਾ ਵੀ ਕਰਨਾ ਪਿਆ। ਇੱਕ ਪਿੰਡ ਦੀਆਂ ਦੋ ਸਕੀਆਂ ਭੈਣਾਂ ਦੂਸਰੇ ਪਿੰਡ ਦੇ ਦੋ ਸਕੇ ਭਰਾਵਾਂ ਨਾਲ ਵਿਆਹੀਆਂ ਹੋਈਆਂ ਸਨ। ਛੋਟੇ ਭਰਾ ਨੇ ਸ਼ਰਾਬ ਪੀਣ ਲਈ ਕੁਝ ਬਹਾਨੇ ਬਣਾਉਣੇ ਸ਼ੁਰੂ ਕਰ ਦਿੱਤੇ। ਉਹ ਕਹਿਣ ਲੱਗਿਆ, ‘‘ਮੇਰੇ ਵਿੱਚ ‘ਕਾਕੋ ਜੀ’ (ਪਿਤਾ ਜੀ) ਦੀ ਰੂਹ ਆਉਂਦੀ ਹੈ। ਜੋ ਮੈਨੂੰ ਦਾਰੂ ਪੀਣ ਲਈ ਮਜ਼ਬੂਰ ਕਰਦੀ ਹੈ।’’ ਉਸਦਾ ਵੱਡਾ ਭਰਾ ਉਸ ਤੋਂ ਜ਼ਿਆਦਾ ਅੰਧਵਿਸ਼ਵਾਸੀ ਸੀ। ਉਸ ਵਿੱਚ ਵੀ ਵੇਖਾ-ਵੇਖੀ ‘ਕਾਕੋ ਜੀ’ ਦੀ ਰੂਹ ਆਉਣ ਲੱਗ ਪਈ। ਉਸਦੀ ਘਰਵਾਲੀ ਨੇ ਆਪਣੇ ਪਤੀ ਤੋਂ ਘੁੰਡ ਕੱਢਣਾ ਸ਼ੁਰੂ ਕਰ ਦਿੱਤਾ ਅਤੇ ਨਾਲ ਹੀ ਉਸਤੋਂ ਦੂਰ ਰਹਿਣ ਲੱਗੀ। ਘਰਵਾਲਾ ਜਦੋਂ ਉਸਨੂੰ ਆਪਣੇ ਕਮਰੇ ਵਿੱਚ ਸੌਣ ਲਈ ਆਖੇ ਤਾਂ ਉਹ ਕਹਿ ਦਿੰਦੀ, ‘‘ਥਾਰੇ ਮੇਂ ਕਾਕੋ ਜੀ ਆਵੈ, ਹਮੇ ਸ਼ਰਮ ਆਵੈ। ਹਮ ਕਿਆ ਕਰੇਂ।’’ ਇਸ ਤਰ੍ਹਾਂ ਸਥਿਤੀ ਹੋਰ ਵੀ ਗੰਭੀਰ ਹੋ ਗਈ। ਸੁਸਾਇਟੀ ਦੇ ਮੈਂਬਰਾਂ ਨੇ ਕਾਫੀ ਯਤਨ ਕਰਕੇ ਉਸ ਪਰਿਵਾਰ ਨੂੰ ਠੀਕ ਰਾਹ ’ਤੇ ਲਿਆਂਦਾ।

ਕਈ ਵਾਰ ਰੀਤੀ ਰਿਵਾਜਾਂ, ਧਾਰਮਿਕ ਮਾਨਤਾਵਾਂ ਅਤੇ ਵਿਆਹ ਸ਼ਾਦੀਆਂ ਦੇ ਮੌਕੇ ’ਤੇ ਲੜਕਾ-ਲੜਕੀ ਦੇ ਪਰਿਵਾਰ ਲਈ ਦੁਬਿਧਾ ਦੀ ਸਥਿਤੀ ਵੀ ਪੈਦਾ ਹੋ ਜਾਂਦੀ ਹੈ। ਅਜਿਹੀ ਹੀ ਇੱਕ ਦੁਵਿਧਾਪੂਰਨ ਸਥਿਤੀ ਦੇ ਹੂ-ਬ-ਹੂ ਮੁੰਬਈ ਵਿੱਚ ਇੱਕ ਵਿਆਹ ਵਿੱਚ ਸ਼ਾਮਲ ਹੋ ਕੇ ਪਰਤੇ ਪਰਿਵਾਰ ਦੇ ਇੱਕ ਮੈਂਬਰ ਨੇ ਦੱਸਿਆ ਕਿ ਮੁੰਬਈ ਦੇ ਇੱਕ ਉਪ ਨਗਰ ਵਿੱਚ ਲਗਨ ਮੰਡਪ ਵਿੱਚ ਬੈਠੇ ਲੜਕਾ-ਲੜਕੀ ਅਤੇ ਉਨ੍ਹਾਂ ਦੇ ਘਰ ਵਾਲਿਆਂ ਦੇ ਉਦੋਂ ਹੋਸ਼ ਉਡ ਗਏ ਜਦੋਂ ਪੰਡਤ ਜੀ ਨੇ ਇਨ੍ਹਾਂ ਨੂੰ ਫੇਰਿਆਂ ਤੋਂ ਪਹਿਲਾਂ ਲੜਕੀ ਦੇ ਹੱਥੋਂ ਗਊ ਦਾਨ ਦੀ ਰਸਮ ਅਦਾ ਕਰਨ ਨੂੰ ਕਿਹਾ। ਲੜਕਾ-ਲੜਕੀ ਪਰਿਵਾਰ ਨੇ ਗਊ ਦਾ ਪ੍ਰਬੰਧ ਕੀਤਾ ਹੋਇਆ ਸੀ। ਪਰ ਬਿਲਡਿੰਗ ਦੀ 7ਵੀਂ ਮੰਜ਼ਿਲ ’ਤੇ ਲਗਨ ਮੰਡਪ ਤੱਕ ਗਊ ਲਿਆਉਣਾ ਸੰਭਵ ਨਹੀਂ ਸੀ ਕਿਉਂਕਿ ਬਿਲਡਿੰਗ ਦੀ ਲਿਫ਼ਟ ਦਾ ਆਕਾਰ ਉਸ ਦੇ ਮਾਪ ਦਾ ਨਹੀਂ ਸੀ। ਵਿਆਹ ਵਿੱਚ ਸ਼ਾਮਿਲ ਸਾਰੇ ਰਿਸ਼ਤੇਦਾਰਾਂ ਲਈ ਅਸੁਵਿਧਾ ਦੀ ਸਥਿਤੀ ਬਣ ਗਈ ਕਿਉਂਕਿ ਹਿੰਦੂ ਮਾਨਵਤਾ ਅਨੁਸਾਰ ਇੱਕ ਵਾਰ ਲੜਕਾ-ਲੜਕੀ ਦੇ ਮੰਡਪ ਵਿੱਚ ਬੈਠਣ ਦੇ ਬਾਅਦ ਉਨ੍ਹਾਂ ਨੂੰ ਉਦੋਂ ਤੱਕ ਨਹੀਂ ਉਠਾਇਆ ਜਾ ਸਕਦਾ ਜਦੋਂ ਤੱਕ ਫੇਰਿਆਂ ਦੀ ਰਸਮ ਪੂਰੀ ਨਾ ਹੋ ਜਾਵੇ। ਇਸ ਦੁਵਿਧਾ ਵਿੱਚ ਇੱਕ ਰਿਸ਼ਤੇਦਾਰ ਨੇ ਸਮੱਸਿਆ ਦੇ ਹੱਲ ਲਈ ਰਾਹ ਕੱਢਦੇ ਹੋਏ ਤੁਰੰਤ ਗਊ ਦੀ ਹੇਠਾਂ ਜਾ ਕੇ ਮੋਬਾਈਲ ਨਾਲ ਫੋਟੋ ਖਿੱਚੀ ਅਤੇ ਪੰਡਤ ਦੇ ਸਾਹਮਣੇ ਰੱਖ ਦਿੱਤੀ। ਪੰਡਤ ਨੇ ਵੀ ਗਊ ਦਾਨ ਲੈ ਕੇ ਅਤੇ ਤਥਾਅਸਤੂ ਕਹਿੰਦੇ ਹੋਏ ਮੋਬਾਈਲ ਜ਼ੇਬ ਵਿੱਚ ਪਾ ਲਿਆ ਅਤੇ ਫੇਰੇ ਸੰਪੰਨ ਕਰਵਾਏ। ਇਸ ਦੇ ਬਾਅਦ ਪੰਡਤ ਜੀ ਮੋਬਾਈਲ ਵਿੱਚ ਫੋਟੋ ਅਤੇ ਗਊ ਲੈ ਕੇ ਚੱਲ ਪਏ। ਮੋਬਾਈਲ ਫੋਨ ਲੜਕੀ ਦੇ ਪੱਖ ਦੇ ਇੱਕ ਰਿਸ਼ਤੇਦਾਰ ਦਾ ਸੀ, ਜੋ ਕਿ ਕਾਫ਼ੀ ਮਹਿੰਗਾ ਸੀ। ਇਸ ਦੇ ਬਾਅਦ ਡੋਲੀ ਦੀ ਵਿਦਾਈ ਤੱਕ ਪੰਡਤ ਜੀ ਨੂੰ ਲੱਭਿਆ ਗਿਆ। ਪਰ ਉਹ ਦੂਸਰੇ ਉਪ ਨਗਰ ਤੋਂ ਆਏ ਸਨ, ਜਿਸ ਕਾਰਨ ਉਨ੍ਹਾਂ ਨੂੰ ਲੱਭ ਸਕਣਾ ਮੁਸ਼ਕਿਲ ਸੀ। ਇਸ ਲਈ ਲੜਕੀ ਪੱਖ ਨੂੰ ਮੋਬਾਈਲ ਦੀ ਕੀਮਤ ਵੀ ਅਦਾ ਕਰਨੀ ਪੈਣੀ ਸੀ।

ਭਾਰਤ ਦੇ ਲੋਕਾਂ ਨੂੰ ਅੰਧਵਿਸ਼ਵਾਸ਼ ਦੀ ਦਲਦਲ ਵਿੱਚੋਂ ਬਾਹਰ ਕੱਢਣ ਦੀ ਜ਼ਿੰਮੇਵਾਰੀ ਭਾਰਤ ਤੇ ਪੰਜਾਬ ਸਰਕਾਰ ਦੀ ਹੈ। ਪਰ ਇਹ ਦੋਵੇਂ ਸਰਕਾਰਾਂ ਹੀ ਟੈਲੀਵਿਜ਼ਨ ਰਾਹੀਂ ਲੋਕਾਂ ਨੂੰ ਅੰਧਵਿਸ਼ਵਾਸ਼ ਦੀਆਂ ਖੁੱਡਾਂ ਵਿੱਚ ਧੱਕ ਰਹੇ ਹਨ। ਜਿਸ ਦੇਸ਼ ਵਿੱਚ ਵਾੜ ਹੀ ਖੇਤ ਨੂੰ ਖਾ ਰਹੀ ਹੋਵੇ ਉਸ ਦੇਸ਼ ਦੇ ਵਿਕਾਸ ਦੀ ਆਸ ਕਿਵੇਂ ਰੱਖੀ ਜਾ ਸਕਦੀ ਹੈ?

ਸਵਾਲਾਂ ਹੇਠ ਹੈ ਮੀਡੀਏ ਦੀ ਭਰੋਸੇਯੋਗਤਾ

$
0
0

ਲੋਕਤੰਤਰ ਦੇ ਚਾਰ ਥੰਮਾਂ ਵਿੱਚੋਂ ਮੀਡੀਏ ਦੀ ਅਹਿਮ ਜਗ੍ਹਾ ਹੈ। ਇਸ ਦਾ ਮੁੱਖ ਕਾਰਨ ਇਹ ਹੈ ਕਿ ਮੀਡੀਆ ਆਮ ਲੋਕਾਂ ਦੀ ਆਵਾਜ਼ ਬਣ ਕੇ ਸਰਕਾਰਾਂ ਦੇ ਕੰਨਾਂ ਤੱਕ ਪਹੁੰਚਦਾ ਹੈ। ਆਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਹਕੂਮਤ ਤੱਕ ਪਹੁੰਚਾਉਂਦਾ ਹੈ ਤਾਂ ਕਿ ਲੋਕਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਿਆ ਜਾ ਸਕੇ। ਪਰ, ਪਿਛਲੇ ਕੁਝ ਵਰ੍ਹਿਆਂ ਤੋਂ ਮੀਡੀਏ ਦੀ ਭਰੋਸੇਯੋਗਤਾ ਉੱਪਰ ਸਵਾਲੀਆ ਨਿਸ਼ਾਨ ਲੱਗ ਗਿਆ ਹੈ। ਇਸ ਸਵਾਲੀਆ ਨਿਸ਼ਾਨ ਦੇ ਬਹੁਤ ਸਾਰੇ ਕਾਰਨ ਉੱਭਰ ਕੇ ਸਾਹਮਣੇ ਆ ਰਹੇ ਹਨ। ਇਸ ਲੇਖ ਵਿਚ ਇਹਨਾਂ ਕਾਰਨਾਂ ਦੀ ਸੰਖੇਪ ਰੂਪ ਵਿਚ ਵਿਚਾਰ- ਚਰਚਾ ਕੀਤੀ ਜਾ ਰਹੀ ਹੈ ਤਾਂ ਕਿ ਸਹੀ ਕਾਰਨਾਂ ਦੀ ਪੜਚੋਲ ਕੀਤੀ ਜਾ ਸਕੇ।

ਮੀਡੀਆ ਤੋਂ ਭਾਵ ਕੇਵਲ ਇਲੈਕਟਰੋਨਿਕ ਮੀਡੀਆ ਜਾਂ ਟੀ. ਵੀ. ਚੈਨਲ ਹੀ ਨਹੀਂ ਹਨ ਬਲਕਿ ਪ੍ਰਿੰਟ ਮੀਡੀਆ, ਸੋਸ਼ਲ- ਮੀਡੀਆ, ਇਸ਼ਤਿਹਾਰ ਮੀਡੀਆ, ਡਿਜੀਟਲ ਮੀਡੀਆ, ਪ੍ਰਕਾਸ਼ਿਤ ਮੀਡੀਆ (ਪੁਸਤਕ ਮੀਡੀਆ), ਮਾਸ- ਮੀਡੀਆ, ਰਿਕਾਡਿੰਗ ਮੀਡੀਆ ਅਤੇ ਪ੍ਰਸਾਰਨ ਮੀਡੀਆ ਸ਼ਾਮਲ ਹਨ। ਇਹਨਾਂ ਸਾਰੇ ਰੂਪਾਂ ਵਿਚ ਕਿਤੇ ਨਾ ਕਿਤੇ ਖਾਮੀਆਂ ਦੇਖੀਆਂ ਗਈਆਂ ਹਨ ਜਿਸ ਕਰਕੇ ਆਮ ਲੋਕਾਂ ਦਾ ਇਹਨਾਂ ਉੱਪਰ ਹੁਣ ਉਹ ਭਰੋਸਾ ਨਹੀਂ ਰਿਹਾ ਜੋ ਪਿਛਲੇ ਸਾਲਾਂ ਵਿਚ ਦੇਖਣ ਨੂੰ
ਮਿਲਦਾ ਸੀ। ਉਹ ਭਰੋਸਾ ਹੁਣ ਖੰਡਿਤ ਹੋ ਚੁੱਕਿਆ ਹੈ।

ਮੀਡੀਆ ਹਾਊਸ ਤੇ ਅਸਲ ਮਾਲਕ :- ਖ਼ਾਸ ਗੱਲ ਇਹ ਹੈ ਕਿ ਅੱਜ ਦੇ ਸਮੇਂ ਵਿਚ ਇਲੈਕਟਰੋਨਿਕ ਮੀਡੀਆ ਭਾਵ ਟੀ. ਵੀ. ਚੈਨਲਾਂ ਨੇ ਤਾਂ ਹੱਦੋਂ ਵੱਧ ਕੇ ਆਪਣੇ ਮਿਆਰ ਨੂੰ ਹੇਠਾਂ ਸੁੱਟ ਲਿਆ ਹੈ। ਇਸ ਦਾ ਮੁੱਖ ਕਾਰਨ ਇਹ ਹੈ ਕਿ ਬਹੁਤ ਸਾਰੇ ਟੀ. ਵੀ. ਚੈਨਲ ਰਾਜਨੀਤਕ ਪਾਰਟੀਆਂ ਦੇ ਲੋਕਾਂ ਦੇ ਨਿੱਜੀ ਚੈਨਲ ਹਨ। ਇਸ ਕਰਕੇ ਉਹ ਟੀ. ਵੀ. ਚੈਨਲ ਆਪਣੇ ਮਾਲਕ ਦੀ ਰਾਜਨੀਤਕ ਪਾਰਟੀ ਦੇ ਵਿਰੁੱਧ ਕੋਈ ਖ਼ਬਰ ਨਸ਼ਰ ਨਹੀਂ ਕਰਦਾ। ਉਂਝ, ਆਮ ਲੋਕਾਂ ਨੂੰ ਇਹਨਾਂ ਲੁਕੇ ਕਾਰਨਾਂ ਦਾ ਗਿਆਨ ਨਹੀਂ ਹੁੰਦਾ ਪਰ, ਹੁਣ ਸੋਸ਼ਲ- ਮੀਡੀਆ ਦੇ ਸਰਗਰਮੀ ਕਰਕੇ ਇਹ ਭੇਦ ਉਜਾਗਰ ਹੋਣੇ ਸ਼ੁਰੂ ਹੋ ਗਏ ਹਨ, ਜਿਸ ਦੇ ਸਿੱਟੇ ਵੱਜੋਂ ਲੋਕਾਂ ਦਾ ਭਰੋਸਾ ਲਗਭਗ ਟੁੱਟ ਗਿਆ ਹੈ। ਰਾਜਨੀਤਕ ਲੋਕਾਂ ਨੇ ਆਪਣੀ ਮਸ਼ਹੂਰੀ ਲਈ ਟੀ. ਵੀ. ਚੈਨਲ ਚਲਾ ਲਏ ਹਨ ਤਾਂ ਕਿ ਆਮ ਲੋਕਾਂ ਦੇ ਮਨਾਂ ਉੱਪਰ ਪ੍ਰਭਾਵ ਬਣਾਇਆ ਜਾ ਸਕੇ। ਇਸ ਕਰਕੇ ਉਹਨਾਂ ਦਾ ਆਪਣਾ ਟੀ. ਵੀ. ਆਪਣੇ ਮਾਲਕ ਦੇ ਖਿਲਾਫ਼ਕਦੇ ਕੋਈ ਖ਼ਬਰ ਨਸ਼ਰ ਨਹੀਂ ਕਰਦਾ।

ਮੀਡੀਆ ਅਤੇ ਇਸ਼ਤਿਹਾਰਾਂ ਦਾ ਬੰਦੋਬਸਤ :- ਮੀਡੀਆ ਨੂੰ ਆਪਣੀ ਸੰਸਥਾ ਚਲਾਉਣ ਲਈ ਇਸ਼ਤਿਹਾਰਾਂ ਦੀ ਸਖ਼ਤ ਲੋੜ ਹੁੰਦੀ ਹੈ ਕਿਉਂਕਿ ਮੀਡੀਆ ਵਿਚ ਕੰਮ ਕਰਕੇ ਲੋਕਾਂ ਨੂੰ ਤਨਖ਼ਾਹ ਦੇਣੀ ਹੁੰਦੀ ਹੈ। ਟੀ. ਵੀ. ਅਤੇ ਅਖ਼ਬਾਰ
ਚਲਾਉਣ ਲਈ ਪੈਸਾ ਖ਼ਰਚ ਕਰਨਾ ਪੈਂਦਾ ਹੈ। ਆਮ ਲੋਕਾਂ ਤੱਕ ਪਹੁੰਚ ਕਰਨ ਲਈ ਕਈ ਤਰ੍ਹਾਂ ਦੇ ਇਸ਼ਤਿਹਾਰ ਦੇਣੇ ਪੈਂਦੇ ਹਨ ਤਾਂ ਕਿਤੇ ਆਮ ਲੋਕਾਂ ਤੱਕ ਪਹੁੰਚ ਹੁੰਦੀ ਹੈ। ਇਹਨਾਂ ਸਾਰੇ ਖ਼ਰਚਿਆਂ ਨੂੰ ਕਰਨ ਲਈ ਮੀਡੀਆ ਹਾਊਸ ਨੂੰ ਪੈਸੇ ਦੀ ਲੋੜ ਹੁੰਦੀ ਹੈ ਅਤੇ ਇਹ ਪੈਸਾ ਰਾਜਨੀਤਕ ਪਾਰਟੀਆਂ, ਸਰਕਾਰਾਂ ਅਤੇ ਵੱਡੇ ਕਾਰੋਬਾਰੀਆਂ ਕੋਲੋਂ ਮਿਲਦਾ ਹੈ। ਇਸ ਲਈ
ਮੀਡੀਆ ਹਾਊਸ ਆਪਣੇ ਅੰਨਦਾਤਿਆਂ ਨੂੰ ਬਦਨਾਮ ਕਰਨ ਤੋਂ ਗੁਰੇਜ਼ ਕਰਦੇ ਹਨ ਭਾਵ ਜਿਸ ਸੰਸਥਾ ਨੇ ਮੀਡੀਆ ਹਾਊਸ ਨੂੰ ਮੋਟੀ ਰਕਮ ਇਸ਼ਤਿਹਾਰ ਵੱਜੋਂ ਦਿੱਤੀ ਹੁੰਦੀ ਹੈ ਉਸਨੂੰ ਬਦਨਾਮ ਕਰਨ ਵਾਲੀ ਕੋਈ ਖ਼ਬਰ ਚਲਾਉਣ ਤੋਂ ਸੰਕੋਚ ਕੀਤਾ ਜਾਂਦਾ ਹੈ। ਇਸ ਕਰਕੇ ਵੀ ਆਮ ਲੋਕਾਂ ਦੀਆਂ ਨਜ਼ਰਾਂ ਵਿਚ ਮੀਡੀਆ ਦੀ ਭਰੋਸੇਯੋਗਤਾ ਖ਼ਤਮ ਹੋ ਰਹੀ ਹੈ।

ਮੀਡੀਆ ਕਰਮਚਾਰੀਆਂ ਦੀ ਸ਼ਾਮੂਲੀਅਤ :- ਮੀਡੀਆ ਹਾਊਸ ਵਿਚ ਕੰਮ ਕਰਕੇ ਬਹੁਤ ਸਾਰੇ ਕਰਮਚਾਰੀ ਕਈ ਵਾਰ ਕਿਸੇ ਖ਼ਾਸ ਪਾਰਟੀ, ਸਰਕਾਰ ਜਾਂ ਕਾਰੋਬਾਰ ਵਿਚ ਸ਼ਾਮਲ ਹੁੰਦੇ ਹਨ। ਇਸ ਕਰਕੇ ਵੀ ਉਹ ਆਪਣੇ ਕਾਰੋਬਾਰ ਜਾਂ ਸਰਕਾਰ ਦੇ ਵਿਰੁੱਧ ਬੋਲਣ ਤੋਂ ਗੁਰੇਜ਼ ਕਰਦੇ ਹਨ। ਪਿਛਲੇ ਕੁਝ ਸਮੇਂ ਵਿਚ ਦੇਖਣ ਵਿਚ ਆਇਆ ਹੈ ਕਿ ਬਹੁਤ ਸਾਰੇ ਪੱਤਰਕਾਰਾਂ ਨੇ ਆਪਣੀ ਪੱਤਰਕਾਰੀ ਨੂੰ ਅਲਵਿਦਾ ਆਖ ਕੇ ਰਾਜਨੀਤਕ ਪਾਰਟੀਆਂ ਨੂੰ ਅਪਣਾ ਲਿਆ ਹੈ। ਉਹ ਰਾਜਨੇਤਾ ਬਣ ਗਏ ਹਨ। ਫੇਰ ਜਦੋਂ ਉਹ ਪੱਤਰਕਾਰ ਵੱਜੋਂ ਆਪਣਾ ਕੰਮ ਕਰ ਰਹੇ ਸਨ ਤਾਂ ਉਹਨਾਂ ਤੋਂ ਨਿਰਪੱਖ ਪੱਤਰਕਾਰੀ ਦੀ ਆਸ ਕਿਵੇਂ ਕੀਤੀ ਜਾ ਸਕਦੀ ਸੀ? ਅਜਿਹੇ ਮੀਡੀਆ ਕਰਮੀਆਂ ਨੇ ਤਾਂ ਆਪਣੇ ਕਾਰੋਬਾਰ ਜਾਂ ਸਰਕਾਰ ਨੂੰ ਮੁਨਾਫ਼ਾ ਪਹੁੰਚਾਉਣ ਲਈ ਆਪਣੀ ਪੱਤਰਕਾਰੀ ਦੇ ਕਿਤੇ ਦੀ ਵਰਤੋਂ ਕੀਤੀ ਹੋਣੀ ਹੈ। ਇਸ ਗੱਲ ਤੋਂ ਇਨਕਾਰੀ ਨਹੀਂ ਹੋਇਆ ਜਾ ਸਕਦਾ। ਮੀਡੀਆ ਹਾਊਸ ਕਈ ਵਾਰ ਵੱਡੇ ਨੇਤਾਵਾਂ ਨਾਲ ਸਬੰਧ ਬਣਾਉਣ ਲਈ ਵੀ ਉਹਨਾਂ ਦੀਆਂ ਤਾਰੀਫ਼ਾਂ ਦੀਆਂ ਝੂਠੀਆਂ ਖ਼ਬਰਾਂ ਨੂੰ ਪ੍ਰਸਾਰਿਤ ਕਰਦੇ ਹਨ ਤਾਂ ਕਿ ਝੂਠੀਆਂ ਤਾਰੀਫ਼ਾਂ ਦੀ ਇਵਜ ਵੱਜੋਂ ਵੱਡੇ ਰਾਜ ਨੇਤਾਵਾਂ ਨਾਲ ਨੇੜਤਾ ਹਾਸਿਲ
ਕੀਤੀ ਜਾ ਸਕੇ ਅਤੇ ਮੁਨਾਫ਼ਾ ਕਮਾਇਆ ਜਾ ਸਕੇ।

ਸਰਕਾਰੀ ਦਬਾਓ :- ਮੀਡੀਆ ਨੂੰ ਪੱਖਪਾਤੀ ਰਵੱਈਆ ਅਪਣਾਉਣ ਲਈ ਕਈ ਵਾਰ ਸਰਕਾਰਾਂ ਦਾ ਦਬਾਓ ਵੀ ਕੰਮ ਕਰਦਾ ਹੈ। ਅਸਲ ਵਿਚ ਸਰਕਾਰਾਂ ਨਹੀਂ ਚਾਹੁੰਦੀਆਂ ਕਿ ਉਹਨਾਂ ਦੀਆਂ ਨਾਕਾਮੀਆਂ ਨੂੰ ਲੋਕਾਂ ਦੇ ਸਾਹਮਣੇ ਨਸ਼ਰ ਕੀਤਾ ਜਾਵੇ। ਇਸ ਲਈ ਹਕੂਮਤਾਂ ਅਕਸਰ ਹੀ ਮੀਡੀਆ ਕਰਮੀਆਂ ਨੂੰ ਦਬਾਉਂਦੀਆਂ ਰਹਿੰਦੀਆਂ ਹਨ ਜਿਸ ਨਾਲ ਅਜਿਹੀ ਕੋਈ ਖ਼ਬਰ ਆਮ ਲੋਕਾਂ ਤੱਕ ਨਾ ਪਹੁੰਚੇ ਜਿਸ ਨਾਲ ਉਹਨਾਂ ਦੀ ਦਿੱਖ ਨੂੰ ਕੋਈ ਨੁਕਸਾਨ ਪਹੁੰਚੇ। ਇਸ ਦਬਾਓ ਦੇ ਨਤੀਜੇ ਵੱਜੋਂ ਸਰਕਾਰਾਂ ਦੀਆਂ ਗੱਲਤ ਕਾਰਗੁਜ਼ਾਰੀਆਂ ਆਮ ਲੋਕਾਂ ਦੀਆਂ ਨਜ਼ਰਾਂ ਤੋਂ ਬਚੀਆਂ ਰਹਿੰਦੀਆਂ ਹਨ। ਪਰ, ਮੀਡੀਆ ਦੀ
ਭਰੋਸੇਯੋਗਤਾ ਦਾਅ ਤੇ ਲੱਗ ਜਾਂਦੀ ਹੈ। ਪਿਛਲੇ ਕੁਝ ਵਰ੍ਹਿਆਂ ਵਿਚ ਦੇਖਿਆ ਗਿਆ ਹੈ ਕਿ ਬਹੁਤ ਸਾਰੇ ਮੀਡੀਆ ਘਰਾਂ ਉੱਪਰ ਹਮਲੇ ਕੀਤੇ ਗਏ ਹਨ ਤਾਂ ਕਿ ਉਹਨਾਂ ਨੂੰ ਡਰਾਇਆ ਜਾ ਸਕੇ। ਮੀਡੀਆ ਕਰਮੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ, ਮਾਰਿਆ ਗਿਆ ਹੈ ਤਾਂ ਕਿ ਉਹ ਸਰਕਾਰ ਦੇ ਵਿਰੁੱਧ ਬੋਲਣ ਤੋਂ ਡਰ ਜਾਣ। ਸਰਕਾਰੀ ਨਾਕਾਮੀਆਂ ਨੂੰ ਲੋਕਾਂ ਦੇ ਸਾਹਮਣੇ ਨਸ਼ਰ ਨਾ ਕਰਨ। ਇਸ ਕਰਕੇ ਵੀ ਕਈ ਵਾਰ ਖ਼ਬਰਾਂ ਨੂੰ ਰੋਕ ਲਿਆ ਜਾਂਦਾ ਹੈ।

ਖ਼ਬਰ ਪ੍ਰਾਪਤੀ ਦੇ ਵਿਭਿੰਨ ਸਾਧਨ :- ਮੀਡੀਆ ਦੀ ਭਰੋਸੇਯੋਗਤਾ ਨੂੰ ਖ਼ਤਰਾ ਇਸ ਲਈ ਵੀ ਪੈਦਾ ਹੋ ਗਿਆ ਹੈ ਕਿਉਂਕਿ ਅੱਜ ਦੇ ਦੌਰ ਵਿਚ ਲੋਕਾਂ ਕੋਲ ਖ਼ਬਰ ਪ੍ਰਾਪਤ ਕਰਨ ਦੇ ਬਹੁਤ ਸਾਰੇ ਸਾਧਨ ਮੌਜੂਦ ਹਨ। ਟੀ. ਵੀ. ਚੈਨਲਾਂ ਤੇ ਪ੍ਰਸਾਰਿਤ ਖ਼ਬਰ ਨੂੰ ਹੀ ਅੰਤਿਮ ਸੱਚ ਨਹੀਂ ਮੰਨਿਆ ਜਾਂਦਾ ਬਲਕਿ ਹੋਰ ਬਹੁਤ ਸਾਰੇ ਸਾਧਨਾਂ ਰਾਹੀਂ ਉਸ ਖ਼ਬਰ ਦੀ ਸੱਚਾਈ ਨੂੰ ਦੇਖਿਆ ਜਾਂਦਾ ਹੈ, ਸਮਝਿਆ ਜਾਂਦਾ ਹੈ ਅਤੇ ਫਿਰ ਮੰਨਿਆ ਜਾਂਦਾ ਹੈ। ਕੁਝ ਵਰ੍ਹੇ ਪਹਿਲਾਂ ਤੱਕ ਟੀ. ਵੀ. ਉੱਪਰ ਚੱਲੀ ਖ਼ਬਰ ਜਾਂ ਅਖ਼ਬਾਰ ਵਿਚ ਛੱਪੀ ਖ਼ਬਰ ਨੂੰ ਹੀ ਅੰਤਿਮ ਸੱਚ ਸਵੀਕਾਰ ਕਰ ਲਿਆ ਜਾਂਦਾ ਸੀ ਪਰ, ਹੁਣ ਜ਼ਮਾਨਾ ਬਦਲ ਗਿਆ ਹੈ। ਆਮ ਲੋਕ ਇੱਕੋ ਹੀ ਖ਼ਬਰ ਨੂੰ ਬਹੁਤ ਸਾਰੇ ਸਾਧਨਾਂ ਦੁਆਰਾ ਪਰਖ਼ਦੇ ਹਨ, ਸਮਝਦੇ ਹਨ ਅਤੇ ਫਿਰ ਮੰਨਦੇ ਹਨ। ਕਈ ਵਾਰ ਵੱਖ- ਵੱਖ ਟੀ. ਵੀ. ਚੈਨਲਾਂ ਉੱਪਰ ਇੱਕੋ ਹੀ ਖ਼ਬਰ ਨੂੰ ਵਿਭਿੰਨ ਪੱਖਾਂ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੁੰਦਾ ਹੈ। ਇੱਕ ਟੀ. ਵੀ. ਚੈਨਲ ਉਸ ਫੈਸਲਾ ਦੀ ਸ਼ਲਾਘਾ ਕਰ ਰਿਹਾ ਹੁੰਦਾ ਹੈ ਅਤੇ ਦੂਜਾ ਨੁਕਤਾਚੀਨੀ। ਇਸ ਕਰਕੇ ਵੀ ਮੀਡੀਏ ਦੀ ਭਰੋਸੇਯੋਗਤਾ ਨੂੰ ਖੋਰਾ ਲੱਗਾ ਹੈ।

ਅੰਤ ਵਿਚ :- ਇਸ ਤਰ੍ਹਾਂ ਉੱਪਰ ਕੀਤੀ ਗਈ ਵਿਚਾਰ- ਚਰਚਾ ਦੇ ਆਧਾਰ ‘ਤੇ ਕਿਹਾ ਜਾ ਸਕਦਾ ਹੈ ਕਿ ਮੀਡੀਆ
ਦੀ ਭਰੋਸੇਯੋਗਤਾ ਨੂੰ ਖੋਰਾ ਲਾਉਣ ਵਾਲਾ ਕੋਈ ਹੋਰ ਨਹੀਂ ਬਲਕਿ ਖ਼ੁਦ ਮੀਡੀਆ ਹੀ ਹੈ। ਇਸ ਦੇ ਕਾਰਨਾਂ ਦੀ ਪੜ•ਚੋਲ ਉੱਪਰ ਕੀਤੀ ਜਾ ਚੁਕੀ ਹੈ। ਮੀਡੀਆ ਲੋਕਤੰਤਰ ਦਾ ਚੌਥਾ ਥੰਮ ਹੈ ਇਸ ਲਈ ਮੀਡੀਏ ਨੂੰ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਹੋਣਾ ਚਾਹੀਦਾ ਹੈ ਅਤੇ ਨਿਰਪੱਖਤਾ ਨਾਲ ਆਪਣੀ ਮਹਤੱਵਪੂਰਨ ਜ਼ਿੰਮੇਵਾਰੀ ਨੂੰ ਨਿਭਾਉਣਾ ਚਾਹੀਦਾ ਹੈ ਤਾਂ ਕਿ ਆਮ ਲੋਕਾਂ ਵਿਚ ਮੀਡੀਏ ਦੀ ਭਰੋਸੇਯੋਗਤਾ ਨੂੰ ਮੁੜ ਸੁਰਜੀਤ ਕੀਤਾ ਜਾ ਸਕੇ।

ਪੱਕੇ ਕਰਨ ਦੇ ਨਾਮ ਤੇ 65% ਤਨਖਾਹ ਘਟਾਉਣਾ ਅਣ-ਮਨੁੱਖੀ ‘ਤੇ ਗੈਰ-ਕਾਨੂੰਨੀ ਵਰਤਾਰਾ

$
0
0

ਅਧਿਆਪਕ ਨੂੰ ਕੌਮ ਜਾਂ ਦੇਸ਼ ਦਾ ਨਿਰਮਾਤਾ ਕਿਹਾ ਜਾਂਦਾ ਹੈ, ਜਿਸ ਨੇ ਵਿਕਸਤ ਦੇਸ਼ ਦੀ ਨੀਂਹ ਰੱਖਣੀ ਹੈ, ਜਿਸ ਨੂੰ ਵਿਕਸਤ ਰਾਸ਼ਟਰਾਂ ਵਿੱਚ ਪੂਰਾ ਮਾਨ ਸਨਮਾਣ ਦੇ ਕੇ ਦੇਸ਼ ਦੇ ਸਭ ਤੋਂ ਮਹੱਤਵਪੂਰਨ ਲੋਕਾਂ ਦੀ ਸ਼੍ਰੇਣੀ ਵਿੱਚ ਸ਼ਾਮਿਲ ਕੀਤਾ ਜਾਂਦਾ ਹੈ। ਪਰ ਬਹੁਤ ਅਫਸੋਸ ਦੀ ਗੱਲ ਹੈ ਕਿ ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰੀ ਦੇਸ਼ ਵਿੱਚ ਅੱਜ ਅਧਿਆਪਕ ਦੀ  ਯੋਗਤਾ ਅਤੇ ਸਮਰੱਥਾ ਨੂੰ ਲੋਕਾਂ ਦੁਆਰਾ ਚੁਣੀਆਂ ਹੋਈਆਂ ਲੋਕਤੰਤਰੀ ਸਰਕਾਰਾਂ ਵਿੱਚ ਬੈਠੇ ਪ੍ਰਤੀਨਿਧੀਆਂ ਵੱਲੋਂ ਜਾਣ ਬੁੱਝ ਕੇ ਵਿਅਰਥ ਗਵਾਇਆ ਜਾ ਰਿਹਾ ਹੈ। ਜਿਸ ਸਮਰੱਥਾ ਅਤੇ ਯੋਗਤਾ ਦੀ ਵਰਤੋਂ ਦੇਸ਼ ਨੂੰ ਵਿਕਸਤ ਰਾਸ਼ਟਰ ਬਣਾਉਣ ਤੇ ਲੱਗਣੀ ਚਾਹੀਦੀ ਸੀ, ਉਹੀ ਆਪਣੇ ਰੋਜ਼ਗਾਰ ਨੂੰ ਬਚਾਉਣ, ਲਗਭਗ 65% ਤਨਖਾਹਾਂ ਜੋ ਪੰਜਾਬ ਸਰਕਾਰ ਨੇ ਪੱਕੇ ਕਰਨ ਦਾ ਤੋਹਫਾ ਦੇਣ ਦਾ ਨਾਮ ਦੇ ਕੇ ਕੱਟ ਲਗਾ ਦਿੱਤਾ ਹੈ, ਇਸ ਪਰੇਸ਼ਾਨੀ ਵਿੱਚੋਂ ਨਿਕਲਣ ਵਿੱਚ ਲੱਗ ਰਹੀ ਹੈ।

ਇਸ ਅਣ-ਮਨੁੱਖੀ, ਤਰਕ ਤੇ ਦਲੀਲ ਤੋਂ ਦੂਰ, ਸਮਾਜ, ਸਿੱਖਿਆ ਦਾ ਪੱਧਰ ਗਿਰਾਉਣ ਵਾਲੇ, ਦੇਸ਼ ਅਤੇ ਦੇਸ਼ ਦੇ ਨਿਰਮਾਤਾ ਵਿਰੋਧੀ ਵਤੀਰੇ ਨੂੰ ਕਿਸੇ ਵੀ ਕੀਮਤ ਤੇ ਉੱਚਿਤ ਨਹੀਂ ਠਹਿਰਾਇਆ ਜਾ ਸਕਦਾ। ਫਿਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਪੰਜਾਬ ਸਰਕਾਰ ਕੋਈ ਤਰਕ ਸੁਨਣ ਨੂੰ ਵੀ ਤਿਆਰ ਨਹੀਂ ਹੈ। ਇਸ ਫੈਸਲੇ ਨੇ ਤਾਂ “ਨਾ ਵਕੀਲ, ਨਾ ਅਪੀਲ, ਨਾ ਦਲੀਲ” ਜੋ ਕਿ ਫਿਰੰਗੀਆਂ ਦੀ ਨੀਤੀ ਸੀ ਦੀ ਯਾਦ ਦਿਲਾ ਦਿੱਤੀ ਹੈ। ਪਿੱਛਲ਼ੀ ਅਕਾਲੀ ਸਰਕਾਰ ਨੇ ਆਪਣੇ ਅੰਤਿਮ ਸਮੇਂ ਦੌਰਾਨ ਲਗਭੱਗ 27000 ਮੁਲਾਜ਼ਮ ਜੋ ਵੱਖ-ਵੱਖ ਵਿਭਾਗਾਂ ਵਿੱਚ ਕੱਚੇ ਰੂਪ ‘ਚ ਠੇਕੇ ਤੇ ਕੰਮ ਕਰ ਰਹੇ ਸਨ ਨੂੰ ਪੱਕਾ ਕਰਨ ਲਈ ਵਿਧਾਨ ਸਭਾ ਵਿੱਚ “ਮੁਲਾਜ਼ਮ ਭਲਾਈ ਕਾਨੂੰਨ” ਪਾਸ ਕੀਤਾ ਸੀ। ਇਸ ਕਾਨੂੰਨ ਅਧੀਨ ਮੁਲਾਜ਼ਮਾਂ ਨੂੰ ਪੱਕੇ ਕਰਨ ਉਪਰੰਤ ਪਰਖਕਾਲ ਸਮੇਂ ਦੌਰਾਨ ਬੇਸਿਕ ਤਨਖਾਹ ਦਿੱਤੇ ਜਾਣ ਦੀ ਵਿਵਸਥਾ ਕੀਤੀ ਗਈ ਸੀ ਪਰ ਨਾਲ ਹੀ ਇਹ ਵਿਵਸਥਾ ਵੀ ਕੀਤੀ ਗਈ ਸੀ ਕਿ ਜਿਹੜੇ ਮੁਲਾਜ਼ਮ ਬੇਸਿਕ ਪੇ ਤੋਂ ਪਹਿਲਾਂ ਹੀ ਵੱਧ ਲਏ ਰਹੇ ਹਨ ਉਨ੍ਹਾਂ ਨੂੰ ਉਸੀ ਤਨਖਾਹ ਤੇ ਪੱਕੇ ਕੀਤਾ ਜਾਵੇਗਾ ਭਾਵ ਉਨ੍ਹਾਂ ਦੀ ਪੇਅ ਪ੍ਰੋਟੈਕਟ ਕਰਕੇ ਉਨ੍ਹਾਂ ਨੂੰ ਪਰਖਕਾਲ ਦੇ ਸਮੇ ਦੌਰਾਨ ਪਹਿਲਾਂ ਵਾਲੀ ਤਨਖਾਹ ਹੀ ਮਿਲਣਯੋਗ ਹੋਵੇਗੀ । ਜਿਸਦਾ ਸਪਸ਼ਟ ਭਾਵ ਹੈ ਕਿ ਤਨਖਾਹ ਘਟਾਈ ਨਹੀਂ ਜਾਵੇਗੀ। ਉਹ ਕਾਨੂੰਨ ਅੱਜ ਵੀ ਮੌਜੂਦ ਹੈ।

ਹੁਣ ਪੰਜਾਬ ਮੰਤਰੀ ਮੰਡਲ ਨੇ 27000 ਮੁਲਾਜਮਾਂ ਵਿੱਚੋਂ 8886 (ਸਰਵ ਸਿੱਖਿਆ ਅਭਿਆਨ (ਐਸ.ਐਸ.ਏ.), ਰਮਸਾ, ਸੀ.ਐਸ.ਐਸ. ਉਰਦੂ, ਮਾਡਲ ਅਤੇ ਆਦਰਸ਼ ਸਕੂਲਾਂ ਦੇ) ਅਧਿਆਪਕਾਂ ਨੂੰ ਪੱਕਾ ਕਰਨ ਦਾ ਫੈਸਲਾ ਕੀਤਾ ਹੈ ਇਸ ਫੈਸਲੇ ਅਧੀਨ ਇਨ੍ਹਾਂ ਅਧਿਆਪਕਾਂ ਦੀ ਤਨਖਾਹ ਪ੍ਰੋਟੈਕਟ ਨਾ ਕਰਕੇ ਇਨ੍ਹਾਂ ਨੂੰ ਪੱਕੇ ਕਰਨ ਦੇ ਨਾਮ ਤੇ ਉਸ ਵਿੱਚ ਲਗਭਗ 65% ਦੀ ਕਟੌਤੀ ਕਰ ਦਿੱਤੀ ਗਈ ਹੈ ਜਿਸਦਾ ਬਕਾਇਦਾ ਤੌਰ ਤੇ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ ਜੋ ਕਿ ਵਿਧਾਨ ਸਭਾ ਦੁਆਰਾ ਬਣਾਏ ਕਾਨੂੰਨ ਦੀ ਸ਼ਰੇਆਮ ਉਲੰਘਣਾ ਕਰਦਾ ਹੈ ਅਤੇ ਵਿਧਾਨ ਸਭਾ ਦੇ ਮਾਨ ਸਨਮਾਨ ਨੂੰ ਠੇਸ ਪਹੁੰਚਾਦਾਂ ਨਜ਼ਰ ਆ ਰਿਹਾ ਹੈ । ਇਹ ਉਪਰੋਕਤ 8886 ਅਧਿਆਪਕ ਠੇਕੇਦਾਰੀ ਪ੍ਰਣਾਲੀ ਦਾ ਸੰਤਾਪ ਲਗਭਗ ਪਿਛਲੇ 9 ਸਾਲਾਂ ਤੋਂ ਭੋਗ ਰਹੇ ਹਨ ਜਿਨ੍ਹਾਂ ਦੀ ਭਰਤੀ ਵੀ  ਅਖਬਾਰੀ ਇਸ਼ਤਿਹਾਰ ਦੇ ਕੇ ਪੂਰੀ ਤਰ੍ਹਾਂ ਨਾਲ ਯੋਗ ਪ੍ਰਕਿਰਿਆ ਨਾਲ ਕੀਤੀ ਹੋਈ ਹੈ। ਜਦੋਂ ਕਿ ਪੰਜਾਬ ਸਰਕਾਰ ਦੀ ਹਰ ਮੁਲਾਜ਼ਮ ਨੂੰ 3 ਸਾਲ ਬਾਅਦ ਪੱਕਾ ਕਰਨ ਦੀ ਨੀਤੀ ਵੀ ਬਣਾਈ ਹੋਈ ਹੈ। ਸਮੇਂ ਸਮੇਂ ਤੇ ਵੱਖ-ਵੱਖ ਸਰਕਾਰਾਂ ਦੇ ਤਤਕਾਲੀ ਮੰਤਰੀਆਂ ਨੇ ਇਨ੍ਹਾਂ ਅਧਿਆਪਕਾਂ ਨੂੰ ਪੱਕੇ ਕਰਨ ਦੇ ਵਾਅਦੇ ਤਾਂ ਕੀਤੇ ਪਰ ਉਹ ਵਾਅਦੇ ਕਦੇ ਵਫਾ ਨਹੀਂ ਹੋਏ।

ਮੌਜੂਦਾ ਸਰਕਾਰ ਦੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਵੀ ਚੋਣਾਂ ਦੌਰਾਨ ਇਹਨਾਂ ਨੂੰ ਪੂਰੀ ਤਨਖਾਹ ਤੇ ਪੱਕਾ ਕਰਨ ਦਾ ਵਾਅਦਾ ਵਕਾਇਦਾ ਚੋਣ ਘੋਸ਼ਣਾ ਪੱਤਰ ਰਾਹੀ ਕੀਤਾ ਸੀ । ਪਰ ਹੁਣ ਸਰਕਾਰ ਇਸ ਨਵੇਂ ਨਾਦਰਸ਼ਾਹੀ ਅਤੇ ਤੁਗਲਕੀ ਫਰਮਾਨ ਰਾਹੀ ਇਨ੍ਹਾਂ 8886 ਅਧਿਆਪਕਾਂ ਦੀ ਤਨਖਾਹ ਤੇ 65% ਕੱਟ ਲਗਾ ਕੇ ਇਨ੍ਹਾਂ ਨੂੰ ਸਿੱਖਿਆ ਵਿਭਾਗ ਅਧੀਨ ਪੱਕਾ (ਰੈਗੁਲਰ) ਕਰ ਰਹੀ ਹੈ।ਇੱਥੇ ਇਹ ਗੱਲ ਸਮਝ ਤੋਂ ਬਾਹਰ ਹੈ ਕਿ ਸਰਕਾਰ ਇਨ੍ਹਾਂ ਨੂੰ ਪੱਕੇ ਕਰਨ ਦਾ ਤੋਹਫਾ ਦੇ ਰਹੀ ਹੈ ਜਾਂ ਸਜ਼ਾ ? ਵਿਸ਼ਵ ਦੇ ਇਤਿਹਾਸ ਵਿੱਚ ਇਸ ਤਰ੍ਹਾਂ ਦੀ ਘਟਨਾ ਕਦੇ ਵੀ ਦੇਖਣ ਨੂੰ ਨਹੀਂ ਮਿਲੀ ਅਤੇ ਨਾ ਹੀ ਸ਼ਾਇਦ ਮਿਲੇਗੀ ਜਦੋਂ ਤੋਹਫੇ ਦੇ ਰੂਪ ਵਿੱਚ ਲਗਭਗ 65% ਮਿਹਨਤਾਨੇ ਨੂੰ ਘੱਟ ਕੀਤਾ ਗਿਆ ਹੋਵੇ। ਤੋਹਫਾ ਦੇ ਕੇ ਤਾਂ ਖੁਸ਼ ਕੀਤਾ ਜਾਂਦਾ ਹੈ ਨਾ ਕਿ ਮਾਯੂਸੀ ਦੇ ਆਲਮ ਵਿੱਚ ਜ਼ਬਰਦਸਤੀ ਧੱਕਿਆ ਜਾਂਦਾ ਹੈ। ਕਈ ਮੁਲਾਜ਼ਮਾਂ ਨੇ ਘਰ ਆਦਿ ਬਣਾਉਣ ਲਈ ਬੈਂਕਾਂ ਤੋਂ ਲੋਨ ਲਏ ਹੋਏ ਹਨ, ਕਈਆਂ ਨੇ ਜੀਵਨ ਬੀਮਾਂ ਆਦਿ ਕਰਵਾਏ ਹੋਏ ਹਨ ਆਦਿ ਆਦਿ ਇਸ ਤਰ੍ਹਾਂ ਦੇ ਮੁਲਾਜ਼ਮ ਮਿਹਨਤਾਨਾਂ ਘਟਣ ਦੇ ਡਰ ਕਾਰਨ ਮਾਨਸਿਕ ਪਰੇਸ਼ਾਨੀ ਵਿੱਚੋਂ ਗੁਜ਼ਰ ਰਹੇ ਹਨ। ਇਸ ਪਰੇਸ਼ਾਨੀ ਦੇ ਚਲਦੇ ਉਹ ਆਪਣੇ ਕਿੱਤੇ ਨੂੰ ਸਮਰਪਿਤ ਕਿਸ ਤਰਾਂ ਹੋਣਗੇ। ਇਹ ਤਾਂ ਇਨ੍ਹਾਂ ਮੁਲਾਜ਼ਮਾਂ ਦਾ ਆਰਥਿਕ ਸੋਸ਼ਣ ਹੋਣ ਦੇ ਨਾਲ-ਨਾਲ ਦੇਸ਼ ਦੇ ਹਿੱਤਾਂ ਅਤੇ ਭਵਿੱਖ ਨਾਲ ਵੀ ਖਿਲਵਾੜ ਹੈ।

ਦੇਸ਼ ਦਾ ਅੰਨ ਦਾਤਾ ਸਮੇਂ ਸਮੇਂ ਦੀਆਂ ਸਰਕਾਰਾਂ ਦੀਆਂ ਗਲਤ ਨੀਤੀਆਂ ਤੋਂ ਮਜ਼ਬੂਰ ਹੋ ਕੇ,  ਆਰਥਿਕ ਮੰਦਹਾਲੀ ਅਤੇ ਕਰਜ਼ਿਆਂ ਦੇ ਭਾਰ ਹੇਠ ਦਬ ਕੇ ਪਹਿਲਾਂ ਹੀ ਖੁਦਕੁਸ਼ੀਆਂ ਦੇ ਰਾਹ ਪਿਆ ਹੋਇਆ ਹੈ ਹੁਣ ਇਸ ਫੈਸਲੇ ਨਾਲ ਅਧਿਆਪਕ ਵਰਗ ਵੀ ਇਸ ਰਾਹ ਤੇ ਤੁਰਨ ਲਈ ਮਜ਼ਬੂਰ ਹੋ ਜਾਵੇਗਾ ਜੋ ਕੇ ਦੇਸ਼ ਦੇ ਚੰਗੇ ਭਵਿੱਖ ਲਈ ਕਦੇ ਵੀ ਉੱਚਿਤ ਨਹੀਂ ਹੋ ਸਕਦਾ। ਇਸ ਸਥਿਤੀ ਤੋਂ ਬਚਣ ਲਈ ਪੰਜਾਬ ਦੀ ਮੌਜੂਦਾ ਸਰਕਾਰ ਨੂੰ ਸਾਰੇ ਪੱਖਾਂ ਤੇ ਵਿਚਾਰ ਕਰਕੇ ਜਮੀਨੀ ਸੱਚਾਇਆਂ ਨੂੰ ਧਿਆਨ ਵਿੱਚ ਰੱਖ ਕੇ ਵਿਸ਼ਵ ਦੇ ਸਭ ਤੋਂ ਸਨਮਾਣਯੋਗ ਅਤੇ ਪਵਿੱਤਰ ਕੀਤੇ ਨੂੰ ਕਰਨ ਵਾਲੇ ਦੇਸ਼ ਅਤੇ ਕੌਮ ਦੇ ਨਿਰਮਾਤਾਵਾਂ ਦੀਆਂ ਉੱਚਿਤ ਅਤੇ ਜਾਇਜ਼ ਮੰਗਾਂ ਨੂੰ ਪੂਰਾ ਕਰਨ ਵੱਲ ਧਿਆਨ ਦੇਣਾ ਚਾਹੀਦਾ ਹੈ। ਕਿਉਂਕਿ ਇੱਕ ਆਰਥਿਕ ਅਤੇ ਮਾਨਸਿਕ ਪੱਖ ਤੋਂ ਸੰਤੁਸ਼ਟ ਵਿਅਕਤੀ ਹੀ ਦੇਸ਼ ਨਿਰਮਾਣ ਵੱਲ ਧਿਆਨ ਦੇ ਸਕਦਾ । ਇਸ ਤਰ੍ਹਾਂ ਕਰਨ ਨਾਲ ਸੰਵਿਧਾਨ ਵਿੱਚ ਦਰਜ ਰਾਜ ਦੀ ਨੀਤੀ ਦੇ ਨਿਰਦੇਸ਼ਕ ਸਿਧਾਂਤ ਜਿਨ੍ਹਾਂ ਵਿੱਚ ਕਿਹਾ ਗਿਆ ਹੈ ਕਿ ਨਾਗਰਿਕਾਂ ਨੂੰ ਆਰਥਿਕ ਨਿਆਂ ਦੇਣ ਦੇ ਨਾਲ ਨਾਲ ਇੱਕੋ ਜਿਹੇ ਕੰਮ ਬਦਲੇ ਇੱਕੋ ਜਿਹਾ ਵੇਤਨ ਦਿੱਤਾ ਜਾਵੇਗਾ ਵੀ ਪੂਰਾ ਹੋ ਜਾਵੇਗਾ। ਉਂਝ ਵੀ ਅੱਜ ਲਗਭਗ ਸਮੁੱਚੇ ਵਿਸ਼ਵ ਦੇ ਦੇਸ਼ਾਂ ਵਿੱਚ ਜਿਨ੍ਹਾਂ ਵਿੱਚ ਭਾਰਤ ਵੀ ਸ਼ਾਮਿਲ ਹੈ ਕਲਿਆਣਕਾਰੀ ਸਰਕਾਰਾਂ ਕੰਮ ਕਰ ਰਹੀਆਂ ਹਨ ਜਿਨ੍ਹਾਂ ਦਾ ਮੁੱਖ ਮੰਤਵ ਲਾਭ ਕਮਾਉਣਾ ਨਾ ਹੋ ਕੇ ਸਰਵਜਨਕ ਭਲਾਈ ਹੁੰਦਾਂ ਹੈ।

ਸਿੱਖਿਆ ਅਤੇ ਸਿਹਤ ਵਿਭਾਗ ਲੋਕਾਂ ਨੂੰ ਸਰਵਜਨਕ ਸਹੂਲਤਾਂ ਦੇਣ ਲਈ ਹੀ ਚਲਾਏ ਜਾਂਦੇ ਹਨ। ਸੋ ਮੇਰੀ ਪੰਜਾਬ ਦੇ ਮਾਨਯੋਗ ਅਤੇ ਦੂਰਦ੍ਰਿਸ਼ਟਕ ਸੋਚ ਰੱਖਣ ਵਾਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਅਤੇ ਉਨ੍ਹਾਂ ਦੀ ਸਮੁੱਚੀ ਮੰਤਰੀ ਮੰਡਲ ਦੀ ਟੀਮ ਨੂੰ ਬਹੁਤ ਨਿਮਰਤਾ ਸਾਹਿਤ ਬੇਨਤੀ ਹੈ ਕਿ ਇਨ੍ਹਾਂ 8886 ਅਧਿਆਪਕਾਂ ਬਾਰੇ ਕੋਈ ਵੀ ਅੰਤਿਮ ਫੈਸਲਾ ਲੈਣ ਤੋਂ ਪਹਿਲਾਂ ਇਨ੍ਹਾਂ ਨੂੰ 65% ਤਨਖਾਹ ਘਟਾਉਣ ਨਾਲ ਆਉਣ ਵਾਲੀਆਂ ਆਰਥਿਕ, ਮਾਨਸਿਕ, ਸਮਾਜਿਕ ਅਤੇ ਪਰਿਵਾਰਕ ਸਮੱਸਿਆਵਾਂ ਨੂੰ ਇਨ੍ਹਾਂ ਦੇ ਪੱਧਰ ਤੇ ਜਾ ਕੇ ਇੱਕ ਵਾਰ ਸਮਝਣ ਦੀ ਕੋਸ਼ਿਸ਼ ਜਰੂਰ ਕਰ ਲੈਣਾ ਜੀ।ਇੱਥੇ ਇਹ ਵੀ ਵਿਸ਼ੇਸ਼ ਰੂਪ ‘ਚ ਵਰਨਣਯੋਗ ਹੈ ਕਿ ਹੁਣ ਇਹ 8886 ਅਧਿਆਪਕ ਪੰਜਾਬ ਸਰਕਾਰ ਦੇ ਮਾਰੂ ਫੈਸਲੇ ਵਿਰੁੱਧ ਰੋਸ ਪ੍ਰਗਟਾਉਣ ਅਤੇ ਆਪਣੀ ਮੰਗਾਂ ਦੀ ਪੂਰਤੀ ਲਈ ਮਰਨ ਵਰਤ ਤੇ ਪਿਛਲੇ 10 ਦਿਨਾਂ ਤੋ ਪਟਿਆਲਾ ਵਿਖੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੇ ਸਾਹਮਣੇ ਬੈਠੇ ਹਨ

ਸੁਖਾਵੀਂ ਨੀਂਦ ਦਾ ਮੂਲ ਮੰਤਰ

$
0
0

ਸਿਹਤ ਮਾਹਿਰਾਂ ਅਨੁਸਾਰ ਮਨੁੱਖੀ ਸਰੀਰ ਲਈ ਅੱਠ ਘੰਟੇ ਨੀਂਦ ਜ਼ਰੂਰੀ ਹੈ ਪਰ ਬੱਚਿਆਂ ਨੂੰ ਛੱਡ ਕੇ ਵਿਰਲੇ ਭਾਗਾਂ ਵਾਲੇ ਹੀ ਹੋਣਗੇ ਜੋ ਰੱਜਵੀਂ ਜਾਂ ਪੂਰੀ ਨੀਂਦ ਲੈਂਦੇ ਹੋਣਗੇ।ਕਿਸੇ ਦੀ ਸਵੇਰ ਦੀ ਉਡੀਕ ਕਰਦੇ ਦੀ ਚਾਅ ਚ ਅੱਖ ਨਹੀਂ ਲੱਗਦੀ ਤੇ ਬਹੁਤੇ ਕਿਸੇ ਡਰ ਜਾਂ ਦੁੱਖ ਕਰਕੇ ਸਵੇਰ ਹੋਣ ਦੇ ਡਰੋਂ ਇਹ ਰਾਤ ਕਦੇ ਨਾ ਮੁੱਕਣ ਦੀ ਲੋਚਦੇ ਰਹਿੰਦੇ ਹਨ।ਕਦੇ ਕਦਾਈਂ ਚਾਅ ਚ ਅੱਖ ਨਾ ਲੱਗਣਾ ਤਾਂ ਵਿਲੱਖਣ ਆਨੰਦ ਬਖਸ਼ਦੀ ਹੈ ਪਰੰਤੂ ਜੋ ਨੀਂਦ ਨੂੰ ਚਿੰਤਾ ਰੂਪੀ ਕਾਲ ਡੰਗਦਾ ਹੈ, ਉਹ ਨੁਕਸਾਨਦੇਹ ਹੈ। ਜਿਆਦਾਤਰ ਲੋਕ ਵੱਖੋ ਵੱਖਰੇ ਫ਼ਿਕਰਾਂ, ਸੰਸਿਆਂ ਦੇ ਮਾਰੇ ਚੈਨ ਦੀ ਨੀਂਦ ਤੋਂ ਵਾਂਝੇ ਰਹਿ ਰਹੇ ਹਨ ਅਤੇ ਇਹ ਸੰਸੇ ਸਾਡੀ ਜੀਵਨਸ਼ੈਲੀ ਪ੍ਰਤੀ ਗੈਰ ਸੰਵੇਦਨਸ਼ੀਲਤਾ ਦੇ ਸਿੱਟੇ ਹਨ ਜਿਨ੍ਹਾਂ ਨੂੰ ਠੁਕਰਾਇਆ ਨਹੀਂ ਜਾ ਸਕਦਾ।

ਇਹ ਦੁਖਾਂਤ ਹੈ ਕਿ ਹਰ ਕੋਈ ਇੱਕੋ ਸਾਹੇ ਪੈਸੇ ਪਿੱਛੇ ਭੱਜ ਰਿਹਾ ਹੈ ਅਤੇ ਪੈਸੇ ਦੀ ਲਾਲਸਾ ਘੱਟਣ ਜਾਂ ਸਥਿਰ ਹੋਣ ਦੀ ਬਜਾਏ ਦੁੱਗਣੀ-ਚੌਗੁਣੀ ਰਫ਼ਤਾਰ ਨਾਲ ਵੱਧ ਰਹੀ ਹੈ।ਸੰਸਾਰ ਵਿੱਚ ਵਿਚਰਣ ਲਈ ਪੈਸੇ ਦੀ ਆਪਣੀ ਮਹੱਤਤਾ ਹੈ, ਪਰੰਤੂ ਪੈਸਾ ਹੀ ਸਭ ਕੁਝ ਨਹੀਂ ਅਤੇ ਪੈਸਾ ਸਭ ਕੁਝ ਨਹੀਂ ਖਰੀਦ ਸਕਦਾ। ਕਿੱਕਰਾਂ ਦੇ ਬੀਜ ਬੋਅ ਕੇ ਕਦੇ ਗੁਲਾਬ ਦੇ ਫੁੱਲਾਂ ਦੀ ਆਸ ਨਹੀਂ ਰੱਖਣੀ ਚਾਹੀਦੀ ਸੋ ਠੱਗੀਆਂ ਠੋਰੀਆਂ ਮਾਰ ਕੇ ਕਮਾਇਆ ਪੈਸਾ ਤਾਂ ਉਂਝ ਹੀ ਰਾਤਾਂ ਦੀ ਨੀਂਦ ਲੈ ਬਹਿੰਦਾ ਹੈ। ਸੰਸਾਰ ਦਾ ਯਥਾਰਥ ਹੈ ਕਿ ਝੁੱਗੀਆਂ ਵਾਲੇ ਤਾਂ ਆਰਾਮ ਨਾਲ ਸੌਂ ਜਾਂਦੇ ਹਨ ਜਦਕਿ ਮਹਿਲਾਂ ਵਾਲਿਆਂ ਨੂੰ ਨੀਂਦ ਦੀਆਂ ਗੋਲੀਆਂ ਲੈ ਕੇ ਸੌਂਦੇ ਵੇਖਿਆ ਗਿਆ ਹੈ।

ਮਜ਼ਦੂਰ ਦੇ ਪਸੀਨੇ ਦੀ ਮਹਿਕ ਉਸਨੂੰ ਆਤਮਿਕ ਸੰਤੁਸ਼ਟੀ ਨਾਲ ਗੂੜੀ ਨੀਂਦ ਬਖਸ਼ਦੀ ਹੈ। ਸਾਦਾ ਜੀਵਨ ਬਤੀਤ ਕਰਨ ਵਾਲੇ ਜ਼ਿੰਦਗੀ ਪ੍ਰਤੀ ਜਿਆਦਾ ਆਸਵੰਦ ਨਜ਼ਰੀਆ ਰੱਖਦੇ ਹਨ ਅਤੇ ਚੈਨ ਦੀ ਨੀਂਦ ਉਹਨਾਂ ਨੂੰ ਆਪਣੇ ਕਲਾਵੇਂ ਵਿੱਚ ਲੈਂਦੀ ਹੈ।ਨੇਕ ਕਮਾਈ ਕਰਨ ਵਾਲੇ, ਆਪਣੀ ਚਾਦਰ ਵੇਖ ਕੇ ਪੈਰ ਪਸਾਰਣ ਅਤੇ ਸਰਬੱਤ ਦਾ ਭਲਾ ਚਾਹੁਣ ਵਾਲਿਆਂ ਦੇ ਮੱਥਿਆਂ ਤੇ ਚਮਕ ਆਪ ਮੁਹਾਰੇ ਚਮਕਦੀ ਹੈ ਜੋ ਉਹਨਾਂ ਦੀ ਸੁਖਾਵੀਂ ਨੀਂਦ ਦੀ ਪੁਸ਼ਟੀ ਕਰਦੀ ਹੈ। ਜ਼ਰੂਰੀ ਨਹੀਂ ਨੀਂਦ ਪਲੰਘਾਂ ਤੇ ਹੀ ਆਵੇ, ਇਹ ਭੁੰਝੇ ਵੀ ਸੁਰਗ ਦਾ ਝੂਟਾ ਦੇ ਸਕਦੀ ਹੈ ਤੇ ਪਲੰਗਾਂ ਤੇ ਵੀ ਕੰਢਿਆਂ ਦੀ ਸੇਜ ਵਿਛਾ ਸਕਦੀ ਹੈ, ਨਿਰਭਰ ਕਰਦਾ ਹੈ ਨੀਂਦ ਦੇ ਕਿਰਦਾਰ ਤੇ।

ਮਨੁੱਖੀ ਜੂਨ ਉੱਤਮਤਾ ਦਾ ਸਿਖ਼ਰ ਹੈ ਅਤੇ ਮਨੁੱਖਾਂ ਲਈ ਸੁਖਾਵੀਂ ਨੀਂਦ ਇੱਕ ਸੁਖਮਈ ਅਹਿਸਾਸ। ਜਿਸ ਨੂੰ ਸੁਖਾਵੀਂ ਨੀਂਦ ਨਹੀਂ ਆਉਂਦੀ, ਉਹ ਆਪਣੇ ਆਪ ਵਿੱਚ ਨਰਕ ਭੋਗ ਰਿਹਾ ਹੈ, ਚਾਹੇ ਦੁਨੀਆਂ ਤੇ ਉਸਦਾ ਡੰਕਾ ਕਿਉਂ ਨਾ ਵੱਜ ਰਿਹਾ ਹੋਵੇ।

ਸੁਖਾਵੀਂ ਨੀਂਦ ਦਾ ਅਸਲ ਮੂਲ ਮੰਤਰ ਸਮੇਂ ਦੀ ਵੰਨਗੀ ਵਿੱਚ ਮਸਤ ਰਹਿਣਾ ਹੈ ਅਤੇ ਇਸ ਯਥਾਰਥ ਨੂੰ ਮਨ ਦੀ ਫੱਟੀ ਤੇ ਲਿਖਣਾ ਕਿ ਜੇ ਸਦਾ ਚੰਗਾ ਸਮਾਂ ਨਹੀਂ ਰਹਿੰਦਾ ਤਾਂ ਕਦੇ ਸਦਾ ਮਾੜਾ ਸਮਾਂ ਵੀ ਨਹੀਂ ਰਹਿਣਾ। ਸੁਖਾਵੀਂ ਨੀਂਦ ਲਈ ਜ਼ਰੂਰੀ ਹੈ ਕਿ ਫਿਕਰਾਂ ਸੰਸਿਆਂ ਨੂੰ ਨਜਿੱਠਣ ਲਈ ਜੀਵਨਸ਼ੈਲੀ ਨੂੰ ਸਰਲ ਬਣਾਇਆ ਜਾਵੇ, ਸੁਭਾਅ ਵਿੱਚ ਨਿਮਰਤਾ, ਮਾਫ਼ ਕਰਨ ਅਤੇ ਅੱਗੇ ਵਧਣ ਦੀ ਆਦਤ ਦਾ ਸ਼ੁਮਾਰ ਹੋਵੇ।

‘ਮੀ ਟੂ’ਦਾ ਮਹੱਤਵ, ਪ੍ਰਭਾਵ ਅਤੇ ਭਰੋਸੇਯੋਗਤਾ ਕਿਥੋਂ ਤੱਕ ਸਹੀ?

$
0
0

‘ਮੀ ਟੂ’ ਦੋ ਧਾਰੀ ਤਲਵਾਰ ਹੈ। ਜੇਕਰ ਇਸਦਾ ਸਹੀ ਇਸਤੇਮਾਲ ਕੀਤਾ ਜਾਵੇ ਤਾਂ ਇਸਤਰੀ ਲਈ ਵਰਦਾਨ ਸਾਬਤ ਹੋਵੇਗੀ ਪ੍ਰੰਤੂ ਜੇਕਰ ਇਸਦਾ ਗ਼ਲਤ ਇਸਤੇਮਾਲ ਹੋ ਗਿਆ ਤਾਂ ਆਦਮੀ ਲਈ ਇਸਤੋਂ ਵੱਧ ਕੋਈ ਹਥਿਆਰ ਖ਼ਤਰਨਾਕ ਨਹੀਂ ਹੋ ਸਕਦਾ। ਇਹ ਇੱਜ਼ਤ ਦਾ ਪਹਿਰੇਦਾਰ ਅਤੇ ਇੱਜ਼ਤ ਨੂੰ ਮਿੱਟੀ ਵਿਚ ਮਿਲਾਉਣ ਵਾਲਾ ਸਾਬਤ ਹੋ ਸਕਦਾ ਹੈ। ਮੀ ਟੂ  ਇਸਤਰੀਆਂ ਦੇ ਹੋ ਰਹੇ ਸ਼ੋਸ਼ਣ ਦਾ ਪਰਦਾ ਫਾਸ਼ ਕਰਦਾ ਹੈ। ਇਹ ਅੱਜ ਕਲ੍ਹ ਖੁੰਡ ਚਰਚਾ ਦਾ ਵਿਸ਼ਾ ਬਣਿਆਂ ਹੋਇਆ ਹੈ। ਜੁਗਾਂ ਜੁਗਾਂਤਰ੍ਹਾਂ ਜਦੋਂ ਤੋਂ ਸ਼੍ਰਿਸ਼ਟੀ ਬਣੀ ਹੈ ਉਦੋਂ ਤੋਂ ਹੀ ਇਸਤਰੀਆਂ ਦਾ ਮਾਨਸਿਕ, ਸਮਾਜਿਕ ਅਤੇ ਸਰੀਰਕ ਸ਼ੋਸ਼ਣ ਹੋ ਰਿਹਾ ਹੈ।

ਮੀ ਟੂ  ਇਸਤਰੀਆਂ ਦੇ ਸਰੀਰਕ ਅਤੇ ਮਾਨਸਿਕ ਸ਼ੋਸ਼ਣ ਨੂੰ ਪ੍ਰਗਟਾਉਣ ਲਈ ਦਿੱਤਾ ਗਿਆ ਨਾਂ ਹੈ। ਇਸਦੀ ਪਹਿਲੀ ਵਾਰ ਵਰਤੋਂ 2006 ਵਿਚ ਅਮਰੀਕਾ ਦੀ ਸਮਾਜ ਸੇਵਿਕਾ ਨੇ ਕੀਤੀ ਸੀ। 2017 ਵਿਚ ਅਮਰੀਕਾ ਦੀ ਇੱਕ ਫਿਲਮ ਐਕਟਰੈਸ ਨੇ ਇੱਕ ਫਿਲਮ ਡਾਇਰੈਕਟਰ ਵੱਲੋਂ ਉਸ ਨਾਲ ਮਾੜਾ ਵਿਵਹਾਰ ਕਰਨ ਲਈ ਮੀ ਟੂ ਸ਼ਬਦ ਦੀ ਵਰਤੋਂ ਕੀਤੀ ਸੀ। ਭਾਰਤ ਵਿਚ ਵੀ ਇੱਕ ਐਕਟਰੈਸ ਤਨੂ ਸ਼੍ਰੀ ਦੱਤਾ ਨੇ 2008 ਵਿਚ ਨਾਨਾ ਪਾਟੇਕਰ ਵੱਲੋਂ ਇੱਕ ਫਿਲਮ ਦੀ ਸ਼ੂਟਿੰਗ ਦੌਰਾਨ ਉਸਨੂੰ ਗ਼ਲਤ ਢੰਗ ਨਾਲ ਛੂਹਣ ਕਰਕੇ 10 ਸਾਲ ਬਾਅਦ ਥੋੜ੍ਹੇ ਦਿਨ ਪਹਿਲਾਂ ਸਰੀਰਕ ਸ਼ੋਸ਼ਣ ਦਾ ਇਲਜ਼ਾਮ ਲਗਾ ਦਿੱਤਾ। ਉਸ ਦਿਨ ਤੋਂ ਬਾਅਦ ਤਾਂ ਹਰ ਦੂਜੇ ਦਿਨ ਕਿਸੇ ਨਾ ਕਿਸੇ ਮਹੱਤਵਪੂਰਨ ਵਿਅਕਤੀ ਉਪਰ ਇਲਜ਼ਾਮ ਲੱਗਣ ਦਾ ਸਿਲਸਿਲਾ ਲਗਾਤਾਰ ਜ਼ਾਰੀ ਹੈ। ਅੱਜ ਤੱਕ ਦਸ ਮਹੱਤਵਪੂਰਨ ਵਿਅਕਤੀਆਂ ਉਪਰ ਫਿਲਮ ਅਭੀਨੇਤਰੀਆਂ, ਮਾਡਲਾਂ ਅਤੇ ਪੱਤਰਕਾਰਾਂ ਨੇ ਮੀ ਟੂ ਰਾਹੀਂ ਸਰੀਰਕ ਅਤੇ ਮਾਨਸਿਕ ਸ਼ੋਸ਼ਣ ਦੇ ਇਲਜ਼ਾਮ ਲਗਾ ਦਿੱਤੇ ਹਨ। ਕੇਂਦਰੀ ਵਿਦੇਸ਼ ਰਾਜ ਮੰਤਰੀ ਐਮ ਜੇ ਅਕਬਰ ਨੂੰ ਆਪਣੀ ਕੁਰਸੀ ਤੋਂ ਹੱਥ ਧੋਣੇ ਪੈ ਗਏ ਹਨ। ਪੰਜਾਬ ਦੇ ਇਕ ਮੰਤਰੀ ਉਪਰ ਮੀ ਟੂ ਦੀ ਤਲਵਾਰ ਲਟਕ ਰਹੀ ਹੈ। ਜੇ ਇਹ ਸਿਲਸਿਲਾ ਏਸੇ ਤਰ੍ਹਾਂ ਚਲਦਾ ਰਿਹਾ ਤਾਂ ਬਹੁਤ ਸਾਰੇ ਧਮਾਕੇ ਪੈਣ ਦੀ ਉਮੀਦ ਹੈ ਕਿਉਂਕਿ ਬਿਨਾਂ ਸਬੂਤਾਂ ਦੇ ਅਜਿਹੇ ਇਲਜ਼ਾਮ ਲਗਾਏ ਜਾ ਰਹੇ ਹਨ। ਹੁਣ ਵੱਡੇ ਵਿਅਕਤੀਆਂ ਦੀ ਖ਼ੈਰ ਨਹੀਂ। ਉਨ੍ਹਾਂ ਨੂੰ ਕਿਸੇ ਵੀ ਸਮੇਂ ਕਟਹਿਰੇ ਵਿਚ ਖੜ੍ਹਾ ਕੀਤਾ ਜਾ ਸਕਦਾ ਹੈ। ਪ੍ਰਸਿੱਧ ਪੱਤਰਕਾਰ ਅਤੇ ਕੇਂਦਰੀ ਵਿਦੇਸ਼ ਰਾਜ ਮੰਤਰੀ ਉਪਰ ਲਗਪਗ 20 ਇਸਤਰੀਆਂ ਨੇ ਮੀ ਟੂ ਰਾਹੀਂ ਇਲਜ਼ਾਮ ਲਗਾਏ ਹਨ, ਜਿਸ ਕਰਕੇ ਉਸਨੂੰ ਅਸਤੀਫਾ ਦੇਣਾ ਪਿਆ ਹੈ। ਵੇਖਣ ਵਾਲੀ ਗੱਲ ਇਹ ਹੈ ਕਿ ਅਜਿਹੇ ਇਲਜ਼ਾਮਾ ਦੀ ਭਰੋਸੇਯੋਗਤਾ ਤੇ ਕਿਥੋਂ ਤੱਕ ਯਕੀਨ ਕੀਤਾ ਜਾ ਸਕਦਾ ਹੈ? ਇਹ ਤਾਂ ਗੱਲ ਪੱਕੀ ਹੈ ਕਿ ਭਵਿਖ ਵਿਚ ਇਸਦੇ ਸਾਰਥਿਕ ਨਤੀਜੇ ਆਉਣੇ ਸ਼ੁਰੂ ਹੋ ਜਾਣਗੇ ਕਿਉਂਕਿ ਲੋਕਾਂ ਵਿਚ ਡਰ ਪੈਦਾ ਹੋ ਜਾਵੇਗਾ ਕਿ ਉਨ੍ਹਾਂ ਦੀਆਂ ਹਰਕਤਾਂ ਦਾ ਕਦੀਂ ਵੀ ਭਾਂਡਾ ਫੋਟਿਆ ਜਾ ਸਕਦਾ ਹੈ। ਵਕਤੀ ਤੌਰ ਤੇ ਤਾਂ ਪ੍ਰਭਾਵਸ਼ਾਲੀ ਵਿਅਕਤੀ ਆਪਣਾ ਅਸਰ ਰਸੂਖ਼ ਵਰਤਕੇ ਇਸਤਰੀਆਂ ਲੜਕੀਆਂ ਦੇ ਮੂੰਹ ਬੰਦ ਕਰਵਾ ਦਿੰਦੇ ਸਨ ਪ੍ਰੰਤੂ ਹੁਣ ਸ਼ਾਇਦ ਇਹ ਸੰਭਵ ਨਹੀਂ ਹੋਵੇਗਾ ਕਿਉਂਕਿ ਲੜਕੀਆਂ ਦੇ ਪੜ੍ਹ ਲਿਖ ਜਾਣ ਨਾਲ ਜਾਗ੍ਰਤੀ ਆ ਗਈ ਹੈ।

ਦਫਤਰਾਂ ਵਿਚ ਕੰਮ ਕਰਨ ਵਾਲੀਆਂ ਇਸਤਰੀਆਂ ਸਭ ਤੋਂ ਵੱਧ ਇਸ ਪੀੜਾ ਦਾ ਸੇਕ ਹੰਢਾ ਰਹੀਆਂ ਹਨ। ਕਾਨੂੰਨੀ ਨੁਕਤੇ ਤੋਂ ਵੀ ਵੇਖਣਾ ਪਵੇਗਾ, ਨਿਰਾ ਅਖ਼ਬਾਰਾਂ ਵਿਚ ਬਿਆਨ ਦੇਣ, ਟਵੀਟ ਕਰਨ ਜਾਂ ਸ਼ੋਸ਼ਲ ਮੀਡੀਆ ਤੇ ਪਾਉਣ ਨਾਲ ਤਾਂ ਨਹੀਂ ਸਰਨਾ। ਕੋਈ ਸਬੂਤ ਦੇਣੇ ਪੈਣਗੇ। ਜਦੋਂ ਕੋਈ ਵੀ ਕਾਰਵਾਈ ਕਰਨੀ ਹੁੰਦੀ ਹੈ ਤਾਂ ਉਸਦੀ ਐਫ ਆਈ ਆਰ ਪਹਿਲਾਂ ਦਰਜ ਹੁੰਦੀ ਹੈ। ਫਿਰ ਉਸਦੀ ਪੜਤਾਲ ਕਰਕੇ ਚਲਾਣ ਪੇਸ਼ ਕੀਤਾ ਜਾਂਦਾ ਹੈ। ਅੰਤਮ ਫੈਸਲਾ ਕਚਹਿਰੀ ਦੇ ਹੱਥ ਹੁੰਦਾ ਹੈ। ਚਲਾਣ ਪੇਸ਼ ਕਰਨ ਲਈ ਸਬੂਤਾਂ ਦੀ ਲੋੜ ਹੁੰਦੀ ਹੈ। ਇਹ ਵੀ ਪਹਿਲੀ ਵਾਰ ਹੋ ਰਿਹਾ ਹੈ ਕਿ ਭਾਰਤ ਵਿਚ ਇਸਤਰੀਆਂ / ਲੜਕੀਆਂ ਅਜਿਹੀਆਂ ਹਰਕਤਾਂ ਬਾਰੇ ਸਾਹਮਣੇ ਆਉਣ ਲਈ ਤਿਆਰ ਹੋ ਗਈਆਂ ਹਨ। ਇਸ ਤੋਂ ਪਹਿਲਾਂ ਤਾਂ ਬਦਨਾਮੀ ਦੇ ਡਰ ਕਰਕੇ ਉਹ ਆਪਣੇ ਉਪਰ ਹੋ ਰਹੀਆਂ ਘਿਨਾਉਣੀਆਂ ਹਰਕਤਾਂ ਬਾਰੇ ਬੋਲਦੀਆਂ ਹੀ ਨਹੀਂ ਸਨ। ਇੰਜ ਵੀ ਸ਼ਹਿਰੀ ਖੇਤਰਾਂ ਦੀਆਂ ਪੜ੍ਹੀਆਂ ਲਿਖੀਆਂ ਇਸਤਰੀਆਂ ਹੀ ਦੱਸ ਰਹੀਆਂ ਹਨ। ਜੁਗਾਂ ਜੁਗਾਂਤਰਾਂ ਤੋਂ ਇਸਤਰੀਆਂ ਨਾਲ ਅਨਿਆਂ ਹੁੰਦਾ ਆ ਰਿਹਾ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਵੀ ਇਸਤਰੀਆਂ ਦੇ ਹੱਕ ਵਿਚ ਬੋਲਣਾ ਪਿਆ ਸੀ ਕਿਉਂਕਿ ਸਾਡੇ ਸਮਾਜ ਵਿਚ ਇਸਤਰੀ ਨੂੰ ਪੈਰ ਦੀ ਜੁੱਤੀ ਤੱਕ ਕਿਹਾ ਜਾਂਦਾ ਰਿਹਾ ਹੈ। ਅਜੇ ਤੱਕ ਵੀ ਇਸਤਰੀਆਂ ਨੂੰ ਕਈ ਧਾਰਮਿਕ ਸਥਾਨਾ ਵਿਚ ਜਾਣ ਦੀ ਇਜ਼ਾਜਤ ਨਹੀਂ ਹੈ। ਲੜਕੀਆਂ ਦੀ ਪੜ੍ਹਾਈ ਦਾ ਨਤੀਜਾ ਹੈ ਕਿ ਉਹ ਦਲੇਰ ਹੋ ਗਈਆਂ ਹਨ। ਬਰਾਬਰ ਦੇ ਹੱਕ ਲੈਣ ਲਈ ਇਸਤਰੀਆਂ ਦੀ ਦਲੇਰੀ ਬਹੁਤ ਜ਼ਰੂਰੀ ਹੈ ਪ੍ਰੰਤੂ ਇਹ ਵੀ ਵੇਖਣਾ ਪਵੇਗਾ ਕਿ ਇਸ ਦਲੇਰੀ ਅਤੇ ਅਜ਼ਾਦੀ ਨੂੰ ਨਜ਼ਾਇਜ ਨਾ ਵਰਤਿਆ ਜਾਵੇ।

ਇਹ ਮੀ ਟੂ ਦਾ ਪ੍ਰਭਾਵ ਬਹੁਤਾ ਉਚ ਅਹੁਦਿਆਂ ਉਪਰ ਬੈਠੇ ਲੋਕਾਂ ਤੇ ਪਵੇਗਾ ਕਿਉਂਕਿ ਅਜੇਹੇ ਇਲਜ਼ਾਮ ਲੱਗਣ ਤੇ ਉਨ੍ਹਾਂ ਨੂੰ ਅਸਤੀਫ਼ੇ ਦੇਣੇ ਪੈਂਦੇ ਹਨ ਅਤੇ ਉਨ੍ਹਾਂ ਦੇ ਅਕਸ ‘ਤੇ ਪ੍ਰਭਾਵ ਪੈਂਦਾ ਹੈ। ਸਿਆਸੀ ਲੋਕ ਅਜਿਹੇ ਮੌਕਿਆਂ ਦਾ ਲਾਭ ਉਠਾਕੇ ਆਪਣੇ ਸਿਆਸੀ ਵਿਰੋਧੀਆਂ ਨਾਲ ਆਪਣੀਆਂ ਦੁਸ਼ਮਣੀਆਂ ਵੀ ਕੱਢਕੇ ਸਿਆਸੀ ਰੋਟੀਆਂ ਸੇਕਣਗੇ। ਪਿਛੇ ਜਹੇ ਅਕਾਲੀ ਦਲ ਦੇ ਇਕ ਮਾਝੇ ਦੇ ਨੇਤਾ ਉਪਰ ਦੋਸ਼ ਲੱਗੇ ਸਨ, ਉਸਨੂੰ ਜੇਲ੍ਹ ਦੀ ਹਵਾ ਵੀ ਖਾਣੀ ਪਈ ਸੀ ਪ੍ਰੰਤੂ ਦੋਸ਼ ਲਾਉਣ ਵਾਲੀ ਇਸਤਰੀ ਕਚਹਿਰੀ ਵਿਚ ਬਿਆਨ ਦੇਣ ਸਮੇਂ ਮੁਕਰ ਗਈ। ਭਾਵੇਂ ਉਹ ਕੇਸ ਵਿਚੋਂ ਬਰੀ ਹੋ ਗਿਆ ਪ੍ਰੰਤੂ ਜਿਹੜੀ ਬਦਨਾਮੀ ਉਸਦੀ ਅਤੇ ਉਸ ਔਰਤ ਦੀ ਹੋ ਗਈ, ਉਸਦੀ ਭਰਪਾਈ ਨਹੀਂ ਹੋ ਸਕਦੀ। ਇਸ ਲਈ ਕੋਈ ਅਜਿਹਾ ਕਾਨੂੰਨ ਬਣਾਉਣਾ ਪਵੇਗਾ ਕਿ ਇਲਜ਼ਾਮ ਲਾਉਣ ਵਾਲਾ ਜੇਕਰ ਆਪਣੇ ਬਿਆਨਾ ਤੋਂ ਮੁਕਰੇ ਤਾਂ ਉਸਨੂੰ ਸਖ਼ਤ ਤੋਂ ਸਖ਼ਤ ਸਜਾ ਮਿਲੇ। ਜੇਕਰ ਇਲਜ਼ਾਮ ਝੂਠੇ ਸਾਬਤ ਹੋ ਜਾਣ ਤਾਂ ਵੀ ਸਜਾ ਹੋਣੀ ਚਾਹੀਦੀ ਹੈ। ਉਮੀਦ ਹੈ ਕਿ ਸ਼ਹਿਰਾਂ ਦੀਆਂ ਇਸਤਰੀਆਂ ਦੇ ਅੱਗੇ ਆਉਣ ਨਾਲ ਪਿੰਡਾਂ ਦੀਆਂ ਇਸਤਰੀਆਂ ਨੂੰ ਵੀ ਆਪਣੇ ਉਪਰ ਹੋ ਰਹੀਆਂ ਅਜਿਹੀਆਂ ਹਰਕਤਾਂ ਦਾ ਪਰਦਾ ਫਾਸ਼ ਕਰਨ ਦਾ ਉਤਸ਼ਾਹ ਮਿਲੇਗਾ ਕਿਉਂਕਿ ਸਭ ਨਾਲੋਂ ਜ਼ਿਆਦਾ ਉਹੀ ਜ਼ੁਲਮ ਭੁਗਤ ਰਹੀਆਂ ਹਨ। ਸਾਡੇ ਸਮਾਜ ਵਿਚ ਬਦਨਾਮੀ ਇਸਤਰੀ ਦੇ ਗਲ ਮੜ੍ਹੀ ਜਾਂਦੀ ਹੈ। ਆਦਮੀ ਭਾਵੇਂ ਕਿਤਨਾ ਵੀ ਗ਼ਲਤ ਕੰਮ ਕਰ ਲਵੇ, ਉਸਨੂੰ ਗ਼ਲਤ ਨਹੀਂ ਸਮਝਿਆ ਜਾਂਦਾ। ਹਾਲਾਂ ਕਿ ਕਸੂਰ ਦੋਹਾਂ ਦਾ ਬਰਾਬਰ ਹੁੰਦਾ ਹੈ। ਮੀ ਟੂ ਅਧੀਨ ਪ੍ਰਗਟਾਵਾ ਗ਼ੈਰ ਸਰਕਾਰੀ ਅਦਾਰਿਆਂ ਵਿਚ ਕੰਮ ਕਰਨ ਵਾਲੀਆਂ ਲੜਕੀਆਂ ਹੀ ਕਰ ਰਹੀਆਂ ਹਨ। ਸਰਕਾਰੀ ਖੇਤਰ ਵਿਚੋਂ ਵੀ ਅਜਿਹੇ ਕੇਸ ਆਉਣਗੇ। ਇੰਜ ਕਰਨ ਨਾਲ ਦਫਤਰਾਂ ਵਿਚ ਹੋ ਰਹੀ ਸ਼ੋਸ਼ਣਬਾਜੀ ਖ਼ਤਮ ਹੋਣ ਦੀ ਉਮੀਦ ਬੱਝੀ ਹੈ। ਇਸਦਾ ਕੰਮ ਕਾਰ ਤੇ ਵੀ ਅਸਰ ਪਵੇਗਾ ਕਿਉਂਕਿ ਇਥੇ ਵੀ ਡਰ ਅਧੀਨ ਲੜਕੀਆਂ ਨੂੰ ਕੰਮ ਕਾਰ ਲਈ ਕਹਿਣ ਤੋਂ ਵੀ ਝਿਜਕ ਰਹੇਗੀ। ਅਜੇ ਘਰਾਂ ਵਿਚ ਲੜਕੀਆਂ ਨਾਲ ਜੋ ਸ਼ੋਸ਼ਣ ਹੋ ਰਿਹਾ ਹੈ, ਉਸ ਬਾਰੇ ਨਿਖਰਕੇ ਕੋਈ ਲੜਕੀ ਅੱਗੇ ਨਹੀਂ ਆਈ।

ਸਭ ਤੋਂ ਜ਼ਿਆਦਾ ਸ਼ੋਸ਼ਣ ਤਾਂ ਘਰਾਂ ਵਿਚ ਹੀ ਨਜ਼ਦੀਕੀ ਰਿਸ਼ਤੇਦਾਰਾਂ ਵੱਲੋਂ ਹੋ ਰਿਹਾ ਹੈ। ਸਭ ਤੋਂ ਹੈਰਾਨੀ ਦੀ ਗੱਲ ਇਹ ਹੈ ਕਿ ਪੱਤਰਕਾਰਤਾ ਅਜਿਹਾ ਖੇਤਰ ਹੈ, ਜਿਸਨੇ ਕਿਸੇ ਕਿਸਮ ਦੇ ਵੀ ਹੋ ਰਹੇ ਸ਼ੋਸ਼ਣ ਦਾ ਪਰਦਾ ਫਾਸ਼ ਕਰਨਾ ਹੁੰਦਾ ਹੈ, ਉਸ ਵਿਚ ਹੀ ਸੀਨੀਅਰ ਪੱਤਰਕਾਰਾਂ ਬਾਰੇ ਸਨਸਨੀਖੇਜ ਖੁਲਾਸੇ ਹੋਏ ਹਨ, ਜੇਕਰ ਉਹ ਦੋਸ਼ ਸੱਚੇ ਹਨ ਤਾਂ ਇਸ ਤੋਂ ਵੱਡੀ ਸ਼ਰਮ ਦੀ ਹੋਰ ਕੀ ਗੱਲ ਹੋ ਸਕਦੀ ਹੈ। ਵੱਡੀ ਉਮਰ ਦੇ ਵਿਅਕਤੀਆਂ ਵੱਲੋਂ ਸ਼ੋਸ਼ਣ ਬਾਰੇ ਵੀ ਘੁਸਰ ਮੁਸਰ ਸ਼ੁਰੂ ਹੋ ਗਈ ਹੈ। ਕੁਝ ਵੀ ਹੋਵੇ ਹਰ ਗੱਲ ਦੇ ਲਾਭ ਤੇ ਹਾਨੀ ਦੇ ਦੋਵੇਂ ਪਹਿਲੂ ਹੁੰਦੇ ਹਨ। ਮੀ ਟੂ ਦਾ ਜਿਥੇ ਸਭ ਤੋਂ ਵੱਧ ਲਾਭ ਇਸਤਰੀਆਂ/ ਲੜਕੀਆਂ ਨੂੰ ਹੋਵੇਗਾ, ਉਥੇ ਨਾਲ ਹੀ ਉਨ੍ਹਾਂ ਦੀ ਜ਼ਿੰਮੇਵਾਰੀ ਵੀ ਵੱਧ ਗਈ ਹੈ ਕਿਉਂਕਿ ਉਨ੍ਹਾਂ ਨੂੰ ਸੰਜੀਦਗੀ ਦਾ ਪੱਲਾ ਫੜਨਾ ਪਵੇਗਾ। ਬਿਨਾ ਤੱਥਾਂ ਤੇ ਦੋਸ਼ ਨਹੀਂ ਲਾਉਣੇ ਚਾਹੀਦੇ। ਕਾਨੂੰਨੀ ਪੱਖ ਤਾਂ ਅਜੇ ਸ਼ਪੱਸਟ ਨਹੀਂ ਹੋਇਆ ਪ੍ਰੰਤੂ ਇਸਤਰੀਆਂ/ ਲੜਕੀਆਂ ਲਈ ਚੰਗਾ ਸਮਾਂ ਆਉਣ ਦੇ ਸੰਕੇਤ ਸਾਹਮਣੇ ਆ ਗਏ ਹਨ। ਵੇਖੋ ਊਂਟ ਕਿਸ ਕਰਵਟ ਬੈਠਦਾ ਹੈ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ

Viewing all 704 articles
Browse latest View live