Quantcast
Channel: Punjab News - Quami Ekta Punjabi Newspaper (ਕੌਮੀ ਏਕਤਾ) »ਲੇਖ
Viewing all 714 articles
Browse latest View live

ਸੋਚ ਵਿਗਿਆਨਕ ਕਿਵੇਂ ਬਣਾਈ ਜਾਵੇ?

$
0
0

ਸ਼ੂਗਰ ਦਾ ਮਰੀਜ਼ ਕਰਮ ਜ਼ਿੰਦਗੀ ਦੀ ਸਿਖਰ ਦੁਪਹਿਰ ਸਮੇਂ ਹੀ ਅਲਵਿਦਾ ਆਖ ਗਿਆ ਕਿਉਂਕਿ ਉਸ ਨੇ ਕਦੇ ਵੀ ਮਿੱਠੇ ਆਦਿ ਤੋਂ ਪਰਹੇਜ਼ ਨਹੀਂ ਸੀ ਕੀਤਾ। ਹਮੇਸ਼ਾ ਕਿਹਾ ਕਰਦਾ ਸੀ, ‘‘ਜ਼ਿੰਦਗੀ ਤਾਂ ਪ੍ਰਮਾਤਮਾ ਦੇ ਹੱਥ ਹੈ, ਉਸ ਨੇ ਜਿੰਨ੍ਹੇ ਸਾਹ ਬਖ਼ਸ਼ੇ ਨੇ ਓਨੇ ਹੀ ਲੈਣੇ ਨੇ, ਫਿਰ ਕਿਉਂ ਐਂਵੇਂ ਹੀ ਖਾਣ-ਪੀਣ ’ਤੇ ਬੰਦਸ਼ਾਂ ਲਾਈਆਂ ਜਾਣ।’’

ਰਾਜਵੰਤ ਵੀ ਆਪਣੀ ਨੌਜਵਾਨ ਪਤਨੀ ਅਤੇ ਪੁੱਤਰਾਂ ਨੂੰ ਵਿਲਕਦੇ ਛੱਡ ਧਰਤੀ ਵਿੱਚ ਸਮਾ ਗਿਆ। ਉਸ ਦੀ ਸੋਚ ਭਾਵੇਂ ਪਦਾਰਥਵਾਦੀ ਸੀ, ਪਰ ਉਸ ਨੇ ਆਪਣੀ ਸਿਹਤ ਪ੍ਰਤੀ ਲੋੜੀਂਦੀ ਚੌਕਸੀ ਨਹੀਂ ਵਰਤੀ। ਨਿੱਕੀ ਜਿਹੀ ਬਿਮਾਰੀ ਨੂੰ ਅਣਗੌਲਿਆ ਕਰ ਦਿੱਤਾ, ਜੋ ਉਸ ਲਈ ਜਾਨਲੇਵਾ ਸਿੱਧ ਹੋਈ। ਮੇਰੇ ਇਸ ਲੇਖ ਦਾ ਉਦੇਸ਼ ਲੰਮੀ ਤੇ ਸਿਹਤਮੰਦ ਜ਼ਿੰਦਗੀ ਬਤੀਤ ਕਰਨਾ ਹੈ।

ਜ਼ਿੰਦਗੀ ਨੂੰ ਸਮਝਣ ਤੋਂ ਪਹਿਲਾਂ ਸਾਨੂੰ ਮਨੁੱਖੀ ਸਰੀਰ ਬਾਰੇ ਇੱਕ ਸਮਝ ਬਣਾ ਲੈਣੀ ਚਾਹੀਦੀ ਹੈ। ਅਸੀਂ ਵੇਖਦੇ ਹਾਂ ਕਿ ਠੰਢੀ ਕਲੀ ਨੂੰ ਠੰਢੇ ਪਾਣੀ ਵਿੱਚ ਪਾਉਣ ਨਾਲ ਇਸ ਵਿਚ ਹਰਕਤ, ਆਵਾਜ਼ ਅਤੇ ਗਰਮਾਇਸ਼ ਆਦਿ ਪੈਦਾ ਹੋ ਜਾਂਦੇ ਹਨ। ਸਵਾਲ ਇਹ ਹੈ ਕਿ ਊਰਜਾ ਦੇ ਇਹ ਵੱਖ-ਵੱਖ ਰੂਪ ਕਿਵੇਂ ਪੈਦਾ ਹੋ ਗਏ? ਜੇ ਅਸੀਂ ਇਸ ਗੱਲ ਨੂੰ ਆਪਣੀ ਸਕੂਲੀ ਪੜ੍ਹਾਈ ਨਾਲ ਜੋੜ ਕੇ ਵੇਖੀਏ ਤਾਂ ਪਤਾ ਲੱਗਦਾ ਹੈ ਕਿ ਵੱਖ-ਵੱਖ ਪਦਾਰਥਾਂ ਨੂੰ ਮਿਲਾਉਣ ਨਾਲ ਕਈ ਅਜਿਹੀਆਂ ਰਸਾਇਣਕ ਕਿਰਿਆਵਾਂ ਵਾਪਰਦੀਆਂ ਹਨ, ਜਿਨ੍ਹਾਂ ਵਿੱਚ ਊਰਜਾ ਦੀਆਂ ਵੱਖ-ਵੱਖ ਕਿਸਮਾਂ ਪੈਦਾ ਹੁੰਦੀਆਂ ਹਨ। ਸਰੀਰ ਦਾ ਅਮੀਬੇ ਤੋਂ ਲੈ ਕੇ ਮਨੁੱਖ ਤੱਕ ਦਾ ਸਫ਼ਰ ਇਹਨਾਂ ਰਸਾਇਣਾਂ ਨਾਲ ਸੰਘਰਸ਼ ਦੀ ਵੱਡੀ ਗਾਥਾ ਹੈ। ਮਨੁੱਖ ਨੇ ਆਪਣੇ 250 ਕਰੋੜ ਵਰ੍ਹੇ ਦੇ ਸਫ਼ਰ ਦੌਰਾਨ ਵੱਡੇ ਤਜ਼ਰਬੇ ਕੀਤੇ ਹਨ। ਇਹਨਾਂ ਨਾਲ ਸੰਘਰਸ਼ ਕਰਦਿਆਂ ਉਸ ਨੇ ਆਪਣੇ ਸਰੀਰ ਨੂੰ ਬਹੁਤ ਸਾਰੇ ਰਸਾਇਣਾਂ ਅਨੁਸਾਰ ਢਾਲਿਆ ਹੈ। ਇਹਨਾਂ ਦੇ ਬਹੁਤ ਸਾਰੇ ਹਾਂ ਪੱਖੀ ਗੁਣਾਂ ਨੂੰ ਆਪਣੇ ਅੰਦਰ ਸਮੋਇਆ ਵੀ ਹੈ। ਜੇ ਅੱਜ ਮਨੁੱਖੀ ਸਰੀਰ ਵਿਚ ਗਰਮੀ, ਹਰਕਤ, ਆਵਾਜ਼, ਬਿਜਲੀ ਆਦਿ ਹਨ ਤਾਂ ਇਹ ਸਾਰਾ ਕੁੱਝ ਇਹਨਾਂ ਰਸਾਇਣਿਕ ਪਦਾਰਥਾਂ ਦੀ ਹੀ ਦੇਣ ਹਨ। ਕੀ ਇਸ ਸੰਘਰਸ਼ ਦੌਰਾਨ ਉਸ ਨੂੰ ਸਭ ਕੁੱਝ ਹਾਂ ਪੱਖੀ ਹੀ ਪ੍ਰਾਪਤ ਹੁੰਦਾ ਹੈ? ਨਹੀਂ, ਇਹ ਗੱਲ ਨਹੀਂ, ਬਹੁਤ ਸਾਰੇ ਅਜਿਹੇ ਪਦਾਰਥ ਵੀ ਸਰੀਰ ਵਿਚ ਦਾਖ਼ਲ ਹੋ ਜਾਂਦੇ ਹਨ, ਜਿਹੜੇ ਸਰੀਰ ਨੂੰ ਖੋਰਾ ਲਾਉਣਾ ਸ਼ੁਰੂ ਕਰ ਦਿੰਦੇ ਹਨ। ਇਸ ਅਧਿਆਇ ਦਾ ਮੁੱਖ ਮਕਸਦ ਲੋਕਾਂ ਵਿੱਚ ਅਜਿਹੀ ਸੋਚ ਨੂੰ ਪੈਦਾ ਕਰਨਾ ਹੈ, ਜਿਹੜੀ ਸਰੀਰਕ ਬਿਮਾਰੀਆਂ ਨੂੰ ਕੀ, ਕਿਉਂ, ਕਿਵੇਂ ਦੀ ਵਿਗਿਆਨਕ ਕਸੌਟੀ ’ਤੇ ਪਰਖ ਕੇ ਸਰੀਰ ਲਈ ਢੁੱਕਵੀਂਆਂ ਇਲਾਜ ਪ੍ਰਣਾਲੀਆਂ ਨੂੰ ਹੀ ਤਰਜੀਹ ਦੇਵੇ। ਜ਼ਿੰਦਗੀ ਜਿਉਣ ਦੇ ਦੋ ਢੰਗ ਹਨ। ਇੱਕ ਢੰਗ ਹੈ, ਜ਼ਿੰਦਗੀ ਨੂੰ ਵਿਗਿਆਨਕ ਢੰਗ ਨਾਲ ਸਵੈ-ਵਿਸ਼ਵਾਸ ਰਾਹੀਂ ਸੰਘਰਸ਼ ਕਰਦੇ ਹੋਏ ਹੱਸਦੇ-ਹੱਸਦੇ ਜਿਉਣਾ। ਦੂਜਾ ਢੰਗ ਹੈ, ਗ਼ੈਰ-ਵਿਗਿਆਨਕ ਢੰਗ ਨਾਲ ਰੋਂਦੇ ਹੋਏ ਡਰਪੋਕਪੁਣੇ ਵਿੱਚ ਦਿਨ ਕਟੀ ਕਰਨਾ। ਤੁਸੀਂ ਕਿਸ ਢੰਗ ਨਾਲ ਜ਼ਿੰਦਗੀ ਬਤੀਤ ਕਰਦੇ ਹੋ। ਇਹ ਤੁਹਾਡੇ ਉਪਰ ਨਿਰਭਰ ਕਰਦਾ ਹੈ।

ਅਸੀਂ ਆਪਣੇ ਰੋਜ਼ਾਨਾ ਜੀਵਨ ਵਿੱਚ ਦੋ ਢੰਗਾਂ ਨਾਲ ਬਣੀਆਂ ਵਸਤੂਆਂ ਵੇਖਦੇ ਹਾਂ। ਮੌਜੂਦਾ ਸਮੇਂ ਦੀ ਮਾਰੂਤੀ ਕਾਰ ਨੂੰ ਹੀ ਲੈ ਲਓ। ਵਿਗਿਆਨੀਆਂ ਦੀ ਸੈਂਕੜੇ ਸਾਲਾਂ ਦੀ ਮਿਹਨਤ ਨਾਲ ਇਸ ਦਾ ਹਰ ਮਾਡਲ ਪਹਿਲਾਂ ਨਾਲੋਂ ਵਧੀਆ ਰੂਪ ਵਿੱਚ ਸਾਡੇ ਸਾਹਮਣੇ ਆ ਰਿਹਾ ਹੈ। ਅੱਜ ਜੇ ਇਸ ਕਾਰ ਦੇ ਨਿਰਮਾਤਾ ਇਹ ਦਾਅਵਾ ਕਰਦੇ ਹਨ ਕਿ ਉਹਨਾਂ ਦੀ ਕਾਰ ਇੱਕ ਲੀਟਰ ਪੈਟਰੋਲ ਵਿੱਚ 22 ਕਿਲੋਮੀਟਰ ਦੀ ਦੂਰੀ ਤੈਅ ਕਰੇਗੀ ਤਾਂ ਇਸ ਕੰਪਨੀ ਦੀ ਬਣੀ ਹਰ ਇਸ ਕਿਸਮ ਦੀ ਕਾਰ ਲਗਭਗ ਐਨੀ ਹੀ ਦੂਰੀ ਤੈਅ ਕਰਦੀ ਹੈ। ਜੇ ਇਸ ਦੇ ਨਿਰਮਾਤਾ ਕਹਿੰਦੇ ਹਨ ਕਿ ਇਸ ਦਾ ਇੰਜਣ ਬਗ਼ੈਰ ਖੁੱਲ੍ਹੇ ਤੋਂ ਇੱਕ ਲੱਖ ਕਿਲੋਮੀਟਰ ਤੱਕ ਦਾ ਸਫ਼ਰ ਤੈਅ ਕਰੇਗਾ ਤਾਂ ਇਹ ਵੀ ਲਗਭਗ ਇੰਝ ਹੀ ਹੁੰਦਾ ਹੈ ਕਿਉਂਕਿ ਇਸ ਨੂੰ ਵਿਗਿਆਨਕ ਢੰਗ ਨਾਲ ਬਣਾਇਆ ਗਿਆ ਹੈ।

ਇਸ ਤਰ੍ਹਾਂ ਛੱਤ ਉਪਰ ਲਟਕ ਰਹੇ ਬਿਜਲੀ ਦੇ ਪੱਖਿਆਂ ਨੂੰ ਹੀ ਲੈ ਲਵੋ। ਮੇਰੇ ਘਰ ਵਿਚ ਚਾਲੀ ਸਾਲ ਪੁਰਾਣੇ ਪੱਖੇ ਅੱਜ ਤੱਕ ਕੰਮ ਦੇ ਰਹੇ ਹਨ। ਇਸ ਦਾ ਕਾਰਨ ਵੀ ਏਹੀ ਹੈ ਕਿ ਇਸ ਨੂੰ ਵਿਗਿਆਨਕ ਢੰਗ ਨਾਲ ਤਿਆਰ ਕੀਤਾ ਗਿਆ ਹੈ।
ਇਸੇ ਤਰ੍ਹਾਂ ਹੀ ਅਸੀਂ ਅੱਜ-ਕੱਲ੍ਹ ਦੀ ਅੰਗਰੇਜ਼ੀ ਦਵਾਈ ਪ੍ਰਣਾਲੀ ’ਤੇ ਨਜ਼ਰ ਮਾਰ ਸਕਦੇ ਹਾਂ। ਮੈਂ ਸੈਂਕੜੇ ਅਜਿਹੇ ਵਿਅਕਤੀਆਂ ਨੂੰ ਜਾਣਦਾ ਹਾਂ, ਜਿਹੜੇ ਟੀ.ਬੀ. ਦੇ ਵਿਸ਼ਾਣੂ ਦੀ ਜਕੜ ਵਿੱਚ ਆ ਕੇ ਬਿਮਾਰ ਹੋ ਗਏ ਸਨ। ਪਰ ਮੌਜੂਦਾ ਐਲੋਪੈਥਿਕ ਪ੍ਰਣਾਲੀ ਨੇ ਉਹਨਾਂ ਵਿੱਚੋਂ ਇਸ ਬਿਮਾਰੀ ਨੂੰ ਸਦਾ ਲਈ ਅਲੋਪ ਕਰ ਦਿੱਤਾ ਹੈ। ਅੱਜ ਤੋਂ ਸੱਠ ਕੁ ਸਾਲ ਪਹਿਲਾਂ ਦੇ ਬਹੁਤ ਸਾਰੇ ਵਿਅਕਤੀ ਤੁਹਾਨੂੰ ਅਜਿਹੇ ਮਿਲ ਜਾਣਗੇ, ਜਿਨ੍ਹਾਂ ਦੇ ਚਿਹਰਿਆਂ ਉ¤ਪਰ ਮਾਤਾ (ਚੇਚਕ) ਦੇ ਦਾਗ ਹੋਣਗੇ, ਪਰ ਉਸ ਤੋਂ ਬਾਅਦ ਦੀ ਉਮਰ ਦਾ ਕੋਈ ਵੀ ਵਿਅਕਤੀ ਤੁਹਾਨੂੰ ਇਸ ਕਿਸਮ ਦੇ ਦਾਗ਼ਾਂ ਵਾਲਾ ਨਹੀਂ ਮਿਲੇਗਾ ਕਿਉਂਕਿ ਭਾਰਤ ਵਿੱਚ ਇਸ ਬਿਮਾਰੀ ਦਾ ਇਲਾਜ ਇਸ ਦੀ ਖੋਜ ਤੋਂ ਲਗਭਗ 75 ਕੁ ਸਾਲ ਬਾਅਦ ਹੀ ਆਮ ਲੋਕਾਂ ਤੱਕ ਪਹੁੰਚ ਸਕਿਆ ਹੈ। ਕਹਿੰਦੇ ਹਨ ਕਿ ਚੇਚਕ ਦੇ ਟੀਕੇ ਦੇ ਖੋਜੀ ਐਡਵਰਡ ਜੈਨਰ ਨੇ ਗਵਾਲਿਨਾ ਨੂੰ ਇਹ ਕਹਿੰਦੇ ਸੁਣਿਆ ਸੀ, ‘‘ਤੈਨੂੰ ਚੇਚਕ ਤੋਂ ਡਰਨ ਦੀ ਲੋੜ ਨਹੀਂ, ਕਿਉਂਕਿ ਤੈਨੂੰ ਤਾਂ ਪਹਿਲਾਂ ਹੀ ਛੋਟੀ ਮਾਤਾ ਨਿਕਲੀ ਹੋਈ ਹੈ।’’ ਬੱਸ, ਇਹ ਸੁਣਦੇ ਹੀ ਜੈਨਰ ਕਿਸੇ ਅਜਿਹੇ ਟੀਕੇ ਦੀ ਖੋਜ ਵਿਚ ਜੁਟ ਗਿਆ, ਜੋ ਸਭ ਨੂੰ ਪਹਿਲਾਂ ਹੀ ਛੋਟੀ ਮਾਤਾ ਨਾਲ ਬਿਮਾਰ ਕਰ ਦੇਵੇ। ਅਖ਼ੀਰ ਉਸ ਨੇ ਇਕ ਮਰੀਜ਼ ਦੇ ਦਾਣਿਆਂ ਵਿਚੋਂ ਪਾਣੀ ਲਿਆ, ਜਿਸ ਦੇ ਪਹਿਲਾਂ ਹੀ ਛੋਟੀ ਮਾਤਾ ਨਿਕਲੀ ਹੋਈ ਸੀ ਅਤੇ ਇਸ ਨੂੰ ਇੱਕ ਅੱਠ ਸਾਲਾ ਬਾਲਕ ਜੇਮਜ਼ ਫ਼ਿਲਿਪਸ ਦੇ ਸਰੀਰ ’ਤੇ ਜ਼ਖ਼ਮ ਕਰਕੇ ਛਿੜਕ ਦਿੱਤਾ। ਬੱਸ ਫਿਰ ਕੀ ਸੀ, ਉਸ ਬਾਲਕ ਦੇ ਵੀ ਛੋਟੀ ਮਾਤਾ ਨਿਕਲ ਆਈ ਤੇ ਉਹ ਵੱਡੀ ਮਾਤਾ ਦੇ ਪ੍ਰਕੋਪ ਤੋਂ ਬਚ ਗਿਆ। ਇਸ ਤਰ੍ਹਾਂ 1876 ਵਿਚ ਇਸ ਚੇਚਕ ਵਿਰੋਧੀ ਟੀਕੇ ਦੀ ਖੋਜ ਹੋ ਗਈ। ਅੱਜ ਇਸ ਟੀਕੇ ਨੇ ਧਰਤੀ ਤੋਂ ਵੱਡੀ ਮਾਤਾ ਜਾਣੀ ਚੇਚਕ ਦਾ ਨਾਮ-ਨਿਸ਼ਾਨ ਹੀ ਮਿਟਾ ਦਿੱਤਾ ਹੈ।
ਅਜਿਹੀਆਂ ਸੈਂਕੜੇ ਹੀ ਬਿਮਾਰੀਆਂ ਦਾ ਜ਼ਿਕਰ ਕੀਤਾ ਜਾ ਸਕਦਾ ਹੈ, ਜਿਹੜੀਆਂ ਐਲੋਪੈਥਿਕ ਪ੍ਰਣਾਲੀ ਦੇ ਪ੍ਰਯੋਗ ਨਾਲ ਧਰਤੀ ਤੋਂ ਅਲੋਪ ਹੋ ਗਈਆਂ ਹਨ। ਇਸ ਪ੍ਰਣਾਲੀ ਦੀਆਂ ਬਹੁਤ ਸਾਰੀਆਂ ਖ਼ੂਬੀਆਂ ਹਨ ਕਿਉਂਕਿ ਕੋਈ ਵੀ ਦਵਾਈ ਪ੍ਰਮਾਣਿਤ ਕਰਨ ਤੋਂ ਪਹਿਲਾਂ ਇਸ ਦੀ ਪਰਖ ਜਾਨਵਰਾਂ ’ਤੇ ਕੀਤੀ ਜਾਂਦੀ ਹੈ।

ਪਹਿਲਾਂ ਬੀਮਾਰੀ ਦੀ ਰਸਾਇਣਕ ਪ੍ਰਕਿਰਿਆ ਦੀ ਜਾਂਚ ਹੁੰਦੀ ਹੈ, ਮਤਲਬ ਕਿਸੇ ਵੀ ਰੋਗ ਨੂੰ ਪੈਦਾ ਕਰਨ ਲਈ ਕਿਸ ਕਿਸਮ ਦਾ ਵਾਇਰਸ ਜ਼ੁੰਮੇਵਾਰ ਹੈ, ਇਸ ਵਾਇਰਸ ਨੂੰ ਨਸ਼ਟ ਕਰਨ ਲਈ ਕਿਹੜਾ ਰਸਾਇਣਕ ਪਦਾਰਥ ਜਾਂ ਵਾਇਰਸ ਵਰਤੋਂ ਵਿੱਚ ਲਿਆਂਦਾ ਜਾਵੇ। ਇਸ ਸਫਲਤਾ ਤੋਂ ਬਾਅਦ ਹੀ ਦਵਾਈ ਦੀ ਪਰਖ ਪਹਿਲਾਂ ਚੂਹੇ ਵਰਗੇ ਜੀਵਾਂ ’ਤੇ, ਫਿਰ ਬਾਂਦਰਾਂ ’ਤੇ ਕੀਤੀ ਜਾਂਦੀ ਹੈ। ਸਿੱਟੇ ਤੇ ਚਿੰਨ੍ਹ ਨੋਟ ਕੀਤੇ ਜਾਂਦੇ ਹਨ। ਜੇ ਸਿੱਟੇ ਉਤਸ਼ਾਹਜਨਕ ਹੋਣ ਤਾਂ ਉਸ ਤੋਂ ਬਾਅਦ ਮਨੁੱਖ ਅਤੇ ਮਨੁੱਖ ਦੇ ਗਰੁੱਪਾਂ ’ਤੇ ਪਰਖ ਹੁੰਦੀ ਹੈ। ਇਸ ਤੋਂ ਬਾਅਦ ਹੀ ਦਵਾਈ ਦੀ ਮਨਜ਼ੂਰੀ ਦਿੱਤੀ ਜਾਂਦੀ ਹੈ।

ਕਿਸੇ ਮਰੀਜ਼ ਨੂੰ ਬਾਕਾਇਦਾ ਦਵਾਈ ਸ਼ੁਰੂ ਕਰਨ ਤੋਂ ਪਹਿਲਾਂ ਉਸ ਦੀ ਬਿਮਾਰੀ ਦੀ ਲੈਬਾਰਟਰੀ ਜਾਂਚ ਕੀਤੀ ਜਾਂਦੀ ਹੈ। ਇਹ ਢੰਗ ਪੂਰੀ ਤਰ੍ਹਾਂ ਵਿਗਿਆਨਕ ਹੁੰਦਾ ਹੈ। ਮੰਨ ਲਉ ਮੈਨੂੰ ਸ਼ੂਗਰ ਦੀ ਬਿਮਾਰੀ ਹੈ। ਜੇ ਮੇਰਾ ਖ਼ੂਨ ਸੱਤ ਲੈਬਾਰਟਰੀਆਂ ਨੂੰ ਟੈਸਟ ਕਰਨ ਲਈ ਭੇਜਿਆ ਜਾਵੇਗਾ ਤਾਂ ਉਹਨਾਂ ਸੱਤ ਲੈਬਾਰਟਰੀਆਂ ਦੀ ਰਿਪੋਰਟ ਲਗਭਗ ਇੱਕੋ ਹੀ ਹੋਵੇਗੀ। ਇਸ ਤਰ੍ਹਾਂ ਹੀ ਵੱਖ-ਵੱਖ ਬਿਮਾਰੀਆਂ ਵਿਚ ਹੁੰਦਾ ਹੈ। ਸੋ, ਬਿਮਾਰੀ ਦੀ ਹਾਲਤ ਵਿੱਚ ਸਭ ਤੋਂ ਵਿਗਿਆਨਕ ਢੰਗ ਇਹ ਹੀ ਹੈ ਕਿ ਬਿਮਾਰੀ ਦਾ ਪੱਕਾ ਪਤਾ ਲਾਉਣ ਲਈ ਲੋੜੀਂਦੇ ਟੈਸਟ ਜ਼ਰੂਰ ਕਰਵਾਏ ਜਾਣ। ਅੱਜ-ਕੱਲ੍ਹ ਬਹੁਤ ਸਾਰੇ ਐਲੋਪੈਥੀ ਦੇ ਡਾਕਟਰ ਮਰੀਜ਼ਾਂ ਦੀ ਟੈਸਟਾਂ ਰਾਹੀਂ ਹੀ ਲੁੱਟ-ਖਸੁੱਟ ਕਰਨ ਲੱਗ ਪਏ ਹਨ। ਜੇ ਅੱਖਾਂ ਖੋਲ੍ਹ ਕੇ ਟੈਸਟ ਕਰਵਾਏ ਜਾਣ ਤਾਂ ਇਸ ਲੁੱਟ-ਖਸੁੱਟ ਤੋਂ ਵੀ ਬਚਿਆ ਜਾ ਸਕਦਾ ਹੈ। ਅਜਿਹੇ ਡਾਕਟਰਾਂ ਕੋਲ ਕਦੇ ਨਹੀਂ ਜਾਣਾ ਚਾਹੀਦਾ, ਜਿਹੜੇ ਬਿਮਾਰੀ ਨੂੰ ਬੁੱਝਣ ਲਈ ਟੈਸਟਾਂ ਦੀ ਵਰਤੋਂ ਹੀ ਨਹੀਂ ਕਰਦੇ।

ਆਓ ਵੇਖੀਏ ਕਿ ਬਿਮਾਰੀ ਦੀ ਹਾਲਤ ਵਿਚ ਬਹੁਤ ਸਾਰੇ ਲੋਕ ਗ਼ੈਰ-ਵਿਗਿਆਨਕ ਢੰਗ ਅਪਣਾ ਕੇ ਕਿਵੇਂ ਆਪਣੀ ਬਿਮਾਰੀ ਨੂੰ ਲਾਇਲਾਜ ਬਣਾ ਲੈਂਦੇ ਹਨ।

ਬਹੁਤ ਸਾਰੇ ਵਿਅਕਤੀ ਇਹ ਜਾਣਦੇ ਹਨ ਕਿ ਸ਼ੂਗਰ ਦੀ ਬਿਮਾਰੀ ਇਸ ਲਈ ਪੈਦਾ ਹੋ ਜਾਂਦੀ ਹੈ ਕਿ ਸਾਡੇ ਸਰੀਰ ਦਾ ਇਕ ਅੰਗ ਪੈਂਕਰੀਆ ਇੰਸੂਲੀਨ ਪੈਦਾ ਕਰਨੀ ਘਟਾ ਦਿੰਦਾ ਹੈ ਜਾਂ ਬੰਦ ਕਰ ਦਿੰਦਾ ਹੈ। ਜੇ ਲੋਕਾਂ ਨੂੰ ਇਸ ਗੱਲ ਦੀ ਜਾਣਕਾਰੀ ਹੋਵੇ ਕਿ ਸੰਸਾਰ ਵਿੱਚ ਅਜਿਹੀ ਕੋਈ ਖੋਜ ਨਹੀਂ ਹੋਈ, ਜੋ ਪੈਂਕਰੀਆ ਦੇ ਕੰਮ ਢੰਗ ਨੂੰ ਸੁਧਾਰ ਸਕੇ ਤਾਂ ਅਜਿਹੇ ਲੋਕ ਬਾਹਰੋਂ ਇੰਸੂਲੀਨ ਲੈਣ ਦੀ ਆਦਤ ਸਹਿਜੇ ਹੀ ਅਪਣਾ ਲੈਣਗੇ, ਪਰ ਇਸ ਜਾਣਕਾਰੀ ਦੇ ਹੀਣੇ ਲੋਕੀਂ ਸ਼ੂਗਰ ਦੇ ਇਲਾਜ ਲਈ ਸਾਧਾਂ-ਸੰਤਾਂ ਤੇ ਨੀਮਾਂ-ਹਕੀਮਾਂ ਦੇ ਦੁਆਲੇ ਚੱਕਰ ਕੱਟਣੇ ਸ਼ੁਰੂ ਕਰ ਦੇਣਗੇ। ਸਿੱਟੇ ਵਜੋਂ ਇੰਸੂਲੀਨ ਦੀ ਘਾਟ ਸਰੀਰ ਵਿੱਚ ਬਿਮਾਰੀ ਦੀ ਦਸ਼ਾ ਹੋਰ ਵਿਗਾੜ ਦੇਵੇਗੀ।

ਬੁੱਧੀਮਾਨ ਵਿਅਕਤੀ ਜਾਣਦੇ ਹਨ ਕਿ ਮਾਂ ਦੇ ਪੇਟ ਵਿਚਲੇ ਬੱਚੇ ਦੇ ਸੈਕਸ ਦਾ ਫ਼ੈਸਲਾ ਗਰਭਧਾਰਨ ਕਰਨ ਦੇ ਪਹਿਲੇ ਦਿਨ ਹੀ ਹੋ ਜਾਂਦਾ ਹੈ। ਇਸਤਰੀ ਵਿੱਚ ਤਾਂ ਕਰੋਮੋਸੋਮ 23 ਜੋੜੇ ਹੁੰਦੇ ਹਨ। ਸਾਰੇ ਹੀ ਣਣ  ਕਰੋਮੋਸੋਮ ਹੁੰਦੇ ਹਨ, ਪਰ ਮਰਦਾਂ ਵਿੱਚ 23ਵਾਂ ਜੋੜਾ ਣੇ ਕਰੋਮੋਸੋਮ ਹੁੰਦਾ ਹੈ। ਜੇਕਰ ਮਰਦ ਦੇ 23ਵੇਂ ਜੋੜੇ ਦਾ ਣ ਭਾਗ ਇਸਤਰੀ ਦੇ ਕਰੋਮੋਸੋਮ ਨਾਲ ਜੁੜਦਾ ਹੈ ਤਾਂ ਲੜਕੀ ਪੈਦਾ ਹੁੰਦੀ ਹੈ, ਪਰ ਜੇ ਮਰਦ ਦੇ 23ਵੇਂ ਜੋੜੇ ਦਾ ੇ ਭਾਗ ਇਸਤਰੀ ਦੇ 23ਵੇਂ ਜੋੜੇ ਣ ਨਾਲ ਜੁੜਦਾ ਹੈ ਤਾਂ ਪੈਦਾ ਹੋਣ ਵਾਲਾ ਬੱਚਾ ਲੜਕਾ ਹੋਵੇਗਾ। ਮਰਦ-ਇਸਤਰੀ ਕਰੋਮੋਸੋਮ ਦਾ ਮੇਲ ਤਾਂ ਸੰਭੋਗ ਦੇ 48 ਘੰਟੇ ਦੇ ਅੰਦਰ-ਅੰਦਰ ਹੋ ਜਾਂਦਾ ਹੈ। ਹੁਣ ਇਸ ਤੋਂ ਬਾਅਦ ਸਾਧਾਂ-ਸੰਤਾਂ ਦੀ ਰਾਖ ਜਾਂ ਪਾਣੀ ਅਤੇ ਵੈਦ-ਹਕੀਮਾਂ ਦੀਆਂ ਲਈਆਂ ਪੁੜੀਆਂ ਕੀ ਕੋਈ ਅਸਰ ਕਰ ਸਕਣਗੀਆਂ?

ਮੈਂ ਬਹੁਤ ਸਾਰੇ ਵਿਅਕਤੀਆਂ ਨੂੰ, ਜਿਨ੍ਹਾਂ ਵਿੱਚ ਬਰਨਾਲਾ ਦਾ ਇਕ ਅਖੌਤੀ ਤਰਕਸ਼ੀਲਵੀ ਹੈ ਇਹ ਕਹਿੰਦੇ ਸੁਣਿਆ ਹੈ ਕਿ ਉਹਨਾਂ ਦੇ ਘਰ ਜੋ ਇਕੋ-ਇਕ ਬੇਟੀ ਪੈਦਾ ਹੋਈ ਹੈ, ਉਹ ਕਾਲੇਕੇ ਵਾਲੇ ਸਾਧ ਦੀ ਕਿਰਪਾ ਨਾਲ ਹੋਈ ਹੈ। ਹੁਣ ਇਸ ਭੜੂਏ ਨੂੰ ਕੋਈ ਪੁੱਛੇ ਕਿ ਸਾਧ ਨੇ ਉਸ ਦੇ ਕਰੋਮੋਸੋਮ ਨੂੰ ਉਸ ਦੀ ਪਤਨੀ ਦੇ ਬੱਚੇਦਾਨੀ ਅੰਦਰ ਅੰਡੇ ਤੱਕ ਪੁੱਜਦਾ ਕਰਨ ਲਈ ਰਾਹ ਕਿਵੇਂ ਪੱਧਰਾ ਕੀਤਾ? ਮੈਂ ਹਜ਼ਾਰਾਂ ਅਜਿਹੇ ਵਿਅਕਤੀ ਵੇਖੇ ਹਨ, ਜਿਹੜੇ ਬਿਮਾਰੀਆਂ ਤੋਂ ਬਚਣ ਲਈ ਧਾਗੇ, ਤਵੀਤ ਕਰਵਾਉਂਦੇ ਰਹਿੰਦੇ ਹਨ, ਪਰ ਉਹਨਾਂ ਨੂੰ ਹੋਣ ਵਾਲੀ ਬਿਮਾਰੀ ਨੂੰ ਇਹ ਧਾਗੇ-ਤਵੀਤ ਕਿਵੇਂ ਰੋਕਦੇ ਹਨ। ਇਸ ਦਾ ਕਦੇ ਵੀ ਉਹ ਤਸੱਲੀਬਖ਼ਸ਼ ਜਵਾਬ ਨਹੀਂ ਦੇ ਸਕੇ।

ਲੋਕਾਂ ਦੀ ਇਸ ਪਿੱਛਲੱਗੂ ਸੋਚ ਦਾ ਫ਼ਾਇਦਾ ਹੀ ਸਾਧ-ਸੰਤ ਤੇ ਨੀਮ-ਹਕੀਮ ਉਠਾਉਂਦੇ ਹਨ। ਜਦੋਂ ਕੋਈ ਵਿਅਕਤੀ ਇਹਨਾਂ ਦੇ ਚੁੰਗਲ ਵਿਚ ਫਸ ਜਾਂਦਾ ਹੈ ਤਾਂ ਇਹ ਉਸ ਨੂੰ ਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਬੁਰੀ ਤਰ੍ਹਾਂ ਡਰਾ ਦਿੰਦੇ ਹਨ। ਡਰੇ ਹੋਏ ਵਿਅਕਤੀ ਨੂੰ ਦੋਵੇਂ ਹੱਥੀਂ ਲੁੱਟਣਾ ਸੁਖਾਲਾ ਹੁੰਦਾ ਹੈ।

ਕੁੱਝ ਦਿਨ ਪਹਿਲਾਂ ਪੰਜਾਬੀ ਅਖ਼ਬਾਰਾਂ ਵਿੱਚ ਇਹ ਖ਼ਬਰ ਵੀ ਪ੍ਰਕਾਸ਼ਤ ਹੋਈ ਕਿ ਗੁਜਰਾਤੀ ਵਿਗਿਆਨੀ ਹੱਡੀਆਂ ਦੇ ਕੈਂਸਰ ਦਾ ਮਰੀਜ਼ ਸੀ। ਉਸ ਨੇ ਸਿੱਖਾਂ ਦੇ ਸਭ ਤੋਂ ਵੱਡੇ ਧਾਰਮਿਕ ਸਥਾਨ ਸ੍ਰੀ ਹਰਿਮੰਦਰ ਸਾਹਿਬ ਵਿਖੇ ਗੁਰਬਾਣੀ ਸੁਣੀ ਤਾਂ ਉਸ ਦਾ ਹੱਡੀਆਂ ਦਾ ਕੈਂਸਰ ਸਦਾ ਲਈ ਠੀਕ ਹੋ ਗਿਆ। ਭਾਵੇਂ ਸਾਡੀ ਪੜਤਾਲ ਨੇ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਹੈ ਕਿ ਇਸ ਪੱਤਰਕਾਰ ਦੀ ਇਸੇ ਕੈਂਸਰ ਨਾਲ 2006 ਮੌਤ ਵਿੱਚ ਹੋ ਗਈ ਸੀ। ਜੇ ਇਸ ਕਿਸਮ ਦੇ ਗੰਭੀਰ ਰੋਗ ਇਸ ਤਰ੍ਹਾਂ ਹੀ ਠੀਕ ਹੋ ਜਾਂਦੇ ਹਨ ਤਾਂ ਸਿੱਖਾਂ ਦੇ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਤਰਨਤਾਰਨ ਵਿਖੇ ਕੋਹੜ ਦੇ ਇਲਾਜ ਦਾ ਦਵਾਖਾਨਾ ਖੋਲ੍ਹਣ ਦੀ ਕੀ ਲੋੜ ਸੀ? ਬਿਮਾਰੀਆਂ ਤਾਂ ਪਸ਼ੂਆਂ ਅਤੇ ਫ਼ਸਲਾਂ ਨੂੰ ਵੀ ਲੱਗ ਜਾਂਦੀਆਂ ਹਨ, ਫਿਰ ਤਾਂ ਇਹ ਵੀ ਇਸ ਢੰਗ ਨਾਲ ਠੀਕ ਕੀਤੀਆਂ ਜਾ ਸਕਦੀਆਂ ਹੋਣਗੀਆਂ? ਅਸਲ ਵਿੱਚ ਇਹ ਵਿਅਕਤੀ ਇਸ ਢੰਗ ਨਾਲ ਠੀਕ ਨਹੀਂ ਹੋਇਆ ਹੋਣਾ, ਭਰਪੂਰ ਅੰਗਰੇਜ਼ੀ ਦਵਾਈਆਂ ਦਾ ਪੂਰਾ ਇਲਾਜ ਕਰਵਾ ਕੇ ਠੀਕ ਹੋਇਆ ਹੋਵੇਗਾ। ਪਰ ਉਪਰੋਕਤ ਕਿਸਮ ਦੇ ਝੂਠੇ ਪ੍ਰਚਾਰ ਨੇ ਕੁੱਝ ਹੋਰ ਲੋਕਾਂ ਦੀਆਂ ਇਲਾਜ ਵਿਧੀਆਂ ਵਿਚਕਾਰੋਂ ਛੁਡਵਾ ਕੇ ਉਹਨਾਂ ਨੂੰ ਮੌਤ ਦੇ ਨੇੜੇ ਜ਼ਰੂਰ ਕਰ ਦਿੱਤਾ ਹੋਵੇਗਾ। ਭਾਵੇਂ ਅਜਿਹੇ ਵਿਅਕਤੀ ਨੈਤਿਕ ਪੱਖੋਂ ਸਜ਼ਾ ਦੇ ਹੱਕਦਾਰ ਹੁੰਦੇ ਹਨ, ਪਰ ਇੱਥੋਂ ਦੀਆਂ ਸਰਕਾਰਾਂ ਤਾਂ ਅੰਧਵਿਸ਼ਵਾਸਾਂ ਨੂੰ ਵਧਾਉਣ ਲਈ ਅਜਿਹੇ ਮੌਕਿਆਂ ਦੀ ਭਾਲ ਵਿਚ ਹੀ ਰਹਿੰਦੀਆਂ ਹਨ।

ਭਾਰਤੀ ਜਨਤਾ ਪਾਰਟੀ ਦੇ ਸਾਬਕਾ ਕੌਮੀ ਜਨਰਲ ਸਕੱਤਰ ਸ੍ਰੀ ਪ੍ਰਮੋਦ ਮਹਾਜਨ ਨੂੰ ਉਸ ਦੇ ਛੋਟੇ ਭਰਾ ਪ੍ਰਦੀਪ ਮਹਾਜਨ ਨੇ ਜਾਇਦਾਦ ਦੇ ਝਗੜੇ ਕਾਰਨ ਗੋਲੀਆਂ ਮਾਰ ਦਿੱਤੀਆਂ ਸਨ। ਇਕ ਪਾਸੇ ਤਾਂ ਸਭ ਤੋਂ ਵਧੀਆ ਡਾਕਟਰ ਜ਼ੋਰ ਲਾ ਰਹੇ ਸਨ, ਦੂਜੇ ਪਾਸੇ ਸਭ ਤੋਂ ਯੋਗ ਮੰਨੇ ਜਾਂਦੇ ਪੁਜਾਰੀ ਉਹਨਾਂ ਦੀ ਜਾਨ ਨੂੰ ਬਚਾਉਣ ਲਈ ਯੱਗਾਂ, ਹਵਨਾਂ ਰਾਹੀਂ ਅੱਡੀ-ਚੋਟੀ ਦਾ ਜ਼ੋਰ ਲਾ ਰਹੇ ਸਨ। ਡਾਕਟਰਾਂ ਦੀ ਮਿਹਰਬਾਨੀ ਸਦਕਾ ਜੇ ਮਹਾਜਨ ਬਚ ਜਾਂਦਾ ਤਾਂ ਇਸ ਦਾ ਸਾਰਾ ਸਿਹਰਾ ਇਥੋਂ ਦੇ ਅਧਿਆਤਮਵਾਦੀਆਂ ਨੂੰ ਦੇ ਦਿੱਤਾ ਜਾਣਾ ਸੀ। ਸੁਆਦ ਤਾਂ ਫਿਰ ਆਉਂਦਾ ਜੇ ਅਜਿਹੇ ਮੌਕੇ ਯੱਗਾਂ-ਹਵਨਾਂ ਦੀ ਸੱਚੀ ਸ਼ਕਤੀ ਦੀ ਪਰਖ ਹੀ ਕਰ ਲਈ ਜਾਂਦੀ।

ਬਹੁਤ ਸਾਰੇ ਵਿਗਿਆਨੀ ਅਜਿਹੇ ਵੀ ਹੁੰਦੇ ਹਨ, ਜਿਹੜੇ ਦਾਅਵਾ ਤਾਂ ਵਿਗਿਆਨਕ, ਤਰਕਸ਼ੀਲ ਜਾਂ ਨਾਸਤਿਕ ਹੋਣ ਦਾ ਕਰਦੇ ਹਨ, ਪਰ ਅਸਲ ਵਿਚ ਸਮੱਸਿਆ ਆਉਣ ’ਤੇ ਆਪਣੇ ਰਸਤੇ ਤੋਂ ਥਿੜ੍ਹਕ ਜਾਂਦੇ ਹਨ। ਮੈਂ ਕਈ ਅਜਿਹੇ ਵਿਗਿਆਨੀਆਂ ਬਾਰੇ ਵੀ ਜਾਣਕਾਰੀ ਰੱਖਦਾ ਹਾਂ, ਜਿਨ੍ਹਾਂ ਨੇ ਵਿਗਿਆਨ ਦੇ ਖੇਤਰ ਵਿੱਚ ਵੱਡੀਆਂ ਉਪਲੱਬਧੀਆਂ ਹਾਸਲ ਕੀਤੀਆਂ ਹਨ, ਪਰ ਉਹ ਹੁਡਨੀ ਦੀਆਂ ਜਾਦੂ ਦੀਆਂ ਸ਼ਕਤੀਆਂ ਤੋਂ ਪ੍ਰਭਾਵਤ ਹੋ ਕੇ ਉਸ ਦੇ ਜਾਦੂ ਨੂੰ ਹਕੀਕੀ ਸਮਝਦੇ ਰਹੇ ਹਨ। ਇਸ ਦਾ ਕਾਰਨ ਹੁੰਦਾ ਹੈ ਕਿ ਇੱਕ ਵਿਅਕਤੀ ਹਰ ਕਿਸਮ ਦੀ ਜਾਣਕਾਰੀ ਦਾ ਮਾਹਰ ਨਹੀਂ ਬਣ ਸਕਦਾ। ਕਿਸੇ ਨਾ ਕਿਸੇ ਖੇਤਰ ਵਿਚ ਉਹ ਊਣਾ ਰਹਿ ਹੀ ਜਾਂਦਾ ਹੈ। ਜੇ ਉਸ ਦੀ ਸੋਚ ਵਿਗਿਆਨਕ ਨਹੀਂ ਤਾਂ ਉਸ ਖੇਤਰ ਵਿੱਚ ਉਸ ਦਾ ਵਤੀਰਾ ਪਿੱਛਲੱਗੂਆਂ ਵਾਲਾ ਹੋ ਨਿਬੜਦਾ ਹੈ। ਉਂਝ ਤਾਂ ਜ਼ਿੰਦਗੀ ਦੇ ਹਰ ਪਹਿਲੂ ਵਿੱਚ ਹੀ ਵਿਗਿਆਨਕ ਸੋਚ ਅਪਣਾਉਣੀ ਚਾਹੀਦੀ ਹੈ, ਪਰ ਬਿਮਾਰੀ ਦੀ ਹਾਲਤ ਵਿਚ ਤਾਂ ਇਹ ਹੋਰ ਵੀ ਵੱਧ ਜ਼ਰੂਰੀ ਬਣ ਜਾਂਦੀ ਹੈ, ਕਿਉਂਕਿ ਇੱਥੇ ਤਾਂ ਸਵਾਲ ਹੀ ਜਾਨ ਦਾ ਹੁੰਦਾ ਹੈ। ਸੋ ਜ਼ਿੰਦਗੀ ਦੀ ਹਰ ਘਟਨਾ ਨੂੰ ਕੀ, ਕਿਉਂ ਤੇ ਕਿਵੇਂ ਦੀ ਕਸੌਟੀ ’ਤੇ ਪਰਖਣ ਦੀ ਆਦਤ ਜ਼ਰੂਰ ਪਾ ਹੀ ਲੈਣੀ ਚਾਹੀਦੀ ਹੈ। ਸੋ, ਜਿਵੇਂ ਅਸੀਂ ਲੀਰਾਂ ਦੀ ਖਿੱਦੋ ਨੂੰ ਉਧੇੜਨਾ ਸ਼ੁਰੂ ਕਰ ਦਿੰਦੇ ਹਾਂ ਤਾਂ ਉਸ ਵਿੱਚੋਂ ਪਰਤਾਂ ਖੁੱਲ੍ਹਦੀਆਂ ਜਾਂਦੀਆਂ ਹਨ ਤਾਂ ਇਸ ਤਰ੍ਹਾਂ ਜ਼ਿੰਦਗੀ ਵਿਚ ਵਾਪਰਣ ਵਾਲੀ ਹਰ ਘਟਨਾ ਦੀ ਜਾਂਚ-ਪੜਤਾਲ ਕਰਨ ਦੀ ਆਦਤ ਪਾ ਹੀ ਲੈਣੀ ਚਾਹੀਦੀ ਹੈ। ਸਾਡੇ ਆਲੇ-ਦੁਆਲੇ ਦਾ ਸੰਸਾਰ ਪੂਰੀ ਤਰ੍ਹਾਂ ਜਾਣਨਯੋਗ ਹੈ। ਕਰੋੜਾਂ ਵਿਅਕਤੀਆਂ ਦੀ ਦਿਨ-ਰਾਤ ਦੀ ਮਿਹਨਤ ਸਦਕਾ ਇਹ ਜਾਣਨਯੋਗ ਹੋਇਆ ਹੈ।

ਅਜਿਹੇ ਮੌਕੇ ਪਿੱਛੇ ਲੱਗ ਕੇ ਜ਼ਿੰਦਗੀ ਨੂੰ ਨਰਕ ਬਣਾ ਲੈਣਾ ਸਿਆਣਪ ਨਹੀਂ। ਆਓ। ਵਿਗਿਆਨਕ ਸੋਚ ਦੀ ਇੱਕ ਚਿਣਗ ਨਾਲ ਦੁਨਿਆਵੀ ਸਮੁੰਦਰ ਵਿੱਚੋਂ ਚਾਨਣ ਦੀਆਂ ਕੁੱਝ ਬੂੰਦਾਂ ਲੱਭੀਏ ਤੇ ਧਰਤੀ ਦੇ ਵਿਸ਼ਾਲ ਜਨਸਮੂਹਾਂ ਵਿੱਚ ਇਹਨਾਂ ਦੀਆਂ ਰਿਸ਼ਮਾਂ ਵਿਖੇਰੀਏ ਅਤੇ ਆਪਣੇ ਉਪਰ ਪਿਛਲੀਆਂ ਪੀੜ੍ਹੀਆਂ ਦੇ ਚੜ੍ਹੇ ਕਰਜ਼ ਨੂੰ ਉਤਾਰੀਏ।


ਕਿਵੇਂ ਪੜ੍ਹਨਗੇ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਦੇ ਬੱਚੇ ?

$
0
0

ਅੱਜ ਦੇ ਸਮੇਂ ਕੋਈ ਵਿਰਲਾ ਹੀ ਸਰਕਾਰੀ ਅਧਿਆਪਕ ਮਿਲਦਾ ਹੈ ਜਿਸਦੇ ਆਪਣੇ ਬੱਚੇ ਵੀ ਕਿਸੇ ਸਰਕਾਰੀ ਸਕੂਲ ਵਿੱਚ ਪੜ੍ਹਦੇ ਹੋਣ। ਇਸ ਤੋਂ ਆਮ ਲੋਕ ਇਹੀ ਸਮਝਦੇ ਹਨ ਕਿ ਸਰਕਾਰੀ ਅਧਿਆਪਕ ਚੰਗੀ ਤਰਾਂ ਪੜ੍ਹਾਉਂਦੇ ਨਹੀਂ ਹੋਣਗੇ, ਤਾਂ ਹੀ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਤੋਂ ਦੂਰ ਰੱਖਦੇ ਹੋਣਗੇ। ਨਤੀਜੇ ਵਜੋਂ ਹਰ ਸਰਕਾਰੀ ਅਧਿਆਪਕ ਨੂੰ ਹੀ ਕੰਮਚੋਰ ਅਤੇ ਵਿਹਲੜ ਸਮਝ ਲਿਆ ਜਾਂਦਾ ਹੈ ਜਿਵੇਂ ਕਿ ਉਹ ਮੁਫ਼ਤ ਦੀ ਹੀ ਤਨਖਾਹ ਲੈ ਰਿਹਾ ਹੋਵੇ। ਪਰ ਅਸਲੀਅਤ ਵਿੱਚ ਇਹ ਗੁੰਝਲ ਇੰਨੀ ਸਿੱਧੀ-ਸਾਦੀ ਨਹੀਂ ਹੈ। ਸਾਨੂੰ ਧਿਆਨ ਨਾਲ ਵੇਖਣ ਦੀ ਲੋੜ ਹੈ ਕਿ ਕੀ ਅਸੀਂ ਆਪਣੇ ਸਰਕਾਰੀ ਸਕੂਲਾਂ ਵਿੱਚ ਉਹ ਢਾਂਚਾ ਉਪਲਬਧ ਕਰਵਾ ਰਹੇ ਹਾਂ ਜਿਸ ਢਾਂਚੇ ਨਾਲ ਨਿੱਜੀ ਸਕੂਲ ਸਫਲ ਹੋ ਰਹੇ ਹਨ ? ਜਦੋਂ ਤੱਕ ਸਾਡੇ ਸਰਕਾਰੀ ਸਕੂਲ ਸਮੇਂ ਦੇ ਹਾਣ ਦੇ ਨਹੀਂ ਹੋਣਗੇ ਤਾਂ ਅਸੀਂ ਕਿਸੇ ਨੂੰ ਮਜ਼ਬੂਰ ਕਰਕੇ ਉੱਥੇ ਨਹੀਂ ਭੇਜ ਸਕਦੇ। ਇਸੇ ਕਾਰਨ ਅੱਜਕੱਲ ਅਮੀਰ ਲੋਕਾਂ ਦੇ ਨਾਲ-ਨਾਲ ਆਮ ਦਰਮਿਆਨੇ ਲੋਕ ਵੀ ਸਰਕਾਰੀ ਸਕੂਲਾਂ ਤੋਂ ਦੂਰ ਹੋ ਰਹੇ ਹਨ। ਪਰ ਸਾਡੀਆਂ ਸਰਕਾਰਾਂ ਆਪਣੀ ਗਲਤੀ ਮੰਨਣ ਦੀ ਥਾਂ ਅਧਿਆਪਕਾਂ ਨੂੰ ਦੋਸ਼ੀ ਠਹਿਰਾ ਕੇ ਹੀ ਸੁਰਖੁਰੂ ਹੋਣਾ ਚਾਹੁੰਦੀਆਂ ਹਨ। ਅਧਿਆਪਕਾਂ ਦੇ ਵੱਧ ਤੋਂ ਵੱਧ ਸਿਖਲਾਈ ਸੈਮੀਨਾਰ ਲਗਾ ਕੇ ਜਾਂ ਦੂਰ-ਦੁਰਾਡੇ ਬਦਲੀਆਂ ਕਰਕੇ ਸਕੂਲਾਂ ਵਿੱਚ ਸੁਧਾਰ ਨਹੀਂ ਹੋਣਾ ਕਿਉਂਕਿ ਸਮੱਸਿਆ ਦੀ ਜੜ੍ਹ ਕਿਤੇ ਹੋਰ ਹੈ।

  ਅਸਲ ਵਿੱਚ ਸਾਡਾ ਸਕੂਲੀ ਢਾਂਚਾ ਸਮੇਂ ਦੇ ਹਾਣ ਦਾ ਨਹੀਂ ਰਿਹਾ। ਜੇ ਅਸੀਂ ਅਜੇ ਵੀ ਇਸ ਪੁਰਾਣੇ ਢਾਂਚੇ ਨਾਲ ਹੀ ਚਿੰਬੜੇ ਰਹਾਂਗੇ ਤਾਂ ਸਮੱਸਿਆਵਾਂ ਸਾਨੂੰ ਇੰਜ ਹੀ ਚਿੰਬੜੀਆਂ ਰਹਿਣਗੀਆਂ। ਅੱਜ ਤੋਂ 30-40 ਸਾਲ ਪਹਿਲਾਂ ਇਹ ਮਾਨਤਾ ਹੁੰਦੀ ਸੀ ਕਿ ਹਰ ਪਿੰਡ ਵਿੱਚ ਇੱਕ ਆਪਣਾ ਸਕੂਲ ਹੋਣਾ ਹੀ ਚਾਹੀਦਾ ਹੈ। ਇਸ ਦਾ ਕਾਰਨ ਇਹ ਸੀ ਕਿ ਉਦੋਂ ਆਵਾਜਾਈ ਦੇ ਆਧੁਨਿਕ ਸਾਧਨ ਨਹੀਂ ਹੁੰਦੇ ਸਨ ਅਤੇ ਬੱਚਿਆਂ ਨੂੰ ਦੂਰ-ਦੁਰਾਡੇ ਦੇ ਸਕੂਲਾਂ ਵਿੱਚ ਪਹੁੰਚਣ ਵਿੱਚ ਮੁਸ਼ਕਲ ਹੁੰਦੀ ਸੀ। ਪਰ ਅੱਜ ਦੇ ਸਮੇਂ ਜਦੋਂ ਪ੍ਰਾਈਵੇਟ ਸਕੂਲਾਂ ਵਾਲੇ  ਤਾਂ 50-50 ਕਿਲੋਮੀਟਰ ਤੋਂ ਬੱਚਿਆਂ ਨੂੰ ਆਪਣੀਆਂ ਵੈਨਾਂ ਵਿੱਚ ਬਿਠਾ ਕੇ ਲਿਜਾ ਸਕਦੇ ਹਨ ਤਾਂ ਸਰਕਾਰੀ ਸਕੂਲਾਂ ਵਿੱਚ ਇਹ ਢਾਂਚਾ ਕਿਉਂ ਨਾ ਵਿਕਸਤ ਕੀਤਾ ਜਾਵੇ ? ਹੁਣ ਸਾਡੀ ਕੀ ਮਜ਼ਬੂਰੀ ਹੈ ਕਿ ਹਰ ਛੋਟੇ ਜਿਹੇ ਪਿੰਡ ਵਿੱਚ 20-30 ਬੱਚਿਆਂ ਵਾਸਤੇ ਸਹੂਲਤਾਂ ਵਿਹੂਣੇ ਛੋਟੇ-ਛੋਟੇ ਸਕੂਲ ਖੋਲ੍ਹੇ ਜਾਣ ? ਕਿਉਂ ਨਾ 5-7 ਪਿੰਡਾਂ ਨੂੰ ਜੋੜ ਕੇ ਵੱਡੇ ਅਤੇ ਪੂਰੀਆਂ ਸਹੂਲਤਾਂ ਵਾਲੇ ਸਰਕਾਰੀ ਸਕੂਲ ਖੋਲ੍ਹੇ ਜਾਣ ?  ਉਹਨਾਂ ਸਕੂਲਾਂ ਵਿੱਚ ਵੱਡੇ ਪਬਲਿਕ ਸਕੂਲਾਂ ਵਾਂਗੂੰ ਹਰ ਕੰਮ ਲਈ ਵੱਖਰੇ-ਵੱਖਰੇ ਕਰਮਚਾਰੀ ਹੋਣ ਜਿਵੇਂ ਕਿ ਪ੍ਰਿੰਸੀਪਲ, ਵਿਸ਼ਾ ਅਧਿਆਪਕ, ਕਲਰਕ, ਨਿਰਮਾਣ ਅਧਿਕਾਰੀ, ਸਿਹਤ ਅਧਿਕਾਰੀ, ਕੰਪਿਊਟਰ ਚਾਲਕ, ਖੇਡ ਕੋਚ, ਮਾਲੀ, ਸਫਾਈ ਸੇਵਕ, ਰਸੋਈਏ, ਚੌਕੀਦਾਰ ਆਦਿ। ਸਕੂਲਾਂ ਵਿੱਚ ਵਿਸ਼ਵ ਪੱਧਰ ਦੀਆਂ ਸਹੂਲਤਾਂ ਹੋਣ ਜਿਵੇਂ ਕਿ ਆਡੀਓ-ਵਿਜ਼ੂਅਲ ਸਹੂਲਤਾਂ ਵਾਲੇ ਜਮਾਤ ਕਮਰੇ, ਖੇਡ ਮੈਦਾਨ, ਸਾਇੰਸ ਲੈਬੋਰਟਰੀਆਂ ਅਤੇ ਲਾਇਬ੍ਰੇਰੀਆਂ ਆਦਿ। ਦੂਰ ਦੇ ਬੱਚਿਆਂ ਨੂੰ ਲਿਆਉਣ ਲਈ ਚੰਗੇ ਟਰਾਂਸਪੋਰਟ ਦੇ ਸਾਧਨ ਹੋਣ ਜਿਵੇਂ ਕਿ ਪ੍ਰਾਈਵੇਟ ਸਕੂਲਾਂ ਦੇ ਹੁੰਦੇ ਹਨ। ਸਾਰੇ ਬੱਚੇ ਸੋਹਣੀਆਂ ਵਰਦੀਆਂ ਪਾ ਕੇ ਅਤੇ ਪੂਰੀ ਤਰਾਂ ਤਿਆਰ ਹੋ ਕੇ ਸਕੂਲ ਪਹੁੰਚਣ ਤਾਂ ਕਿ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿਚਲਾ ਫਰਕ ਮਾਪਿਆਂ ਨੂੰ ਮਹਿਸੂਸ ਹੀ ਨਾ ਹੋਵੇ। ਸਾਰੇ ਅਧਿਆਪਕ ਰੈਗੂਲਰ ਹੋਣ, ਬਰਾਬਰ ਅਤੇ ਉੱਚ ਗ੍ਰੇਡ ਦੀਆਂ ਤਨਖਾਹਾਂ ਲੈਂਦੇ ਹੋਣ ਅਤੇ ਉਹਨਾਂ ਨੂੰ ਪੜ੍ਹਾਈ ਤੋਂ ਇਲਾਵਾ ਇੱਕ ਵੀ ਫਾਲਤੂ ਕੰਮ ਨਾ ਦਿੱਤਾ ਜਾਵੇ।

ਛੋਟੇ ਸਕੂਲਾਂ ਦੀਆਂ ਛੋਟੀਆਂ ਜਮਾਤਾਂ ਵਿੱਚ ਤਾਂ ਇਹ ਹੁੰਦਾ ਹੈ ਕਿ ਇੱਕ ਹੀ ਅਧਿਆਪਕ ਨੂੰ ਕਈ-ਕਈ ਜਮਾਤਾਂ ਪੜ੍ਹਾਉਣੀਆਂ ਪੈਂਦੀਆਂ ਹਨ। ਅਧਿਆਪਕ ਭਾਗ ਦੇ ਸਵਾਲ ਕਰਵਾ ਰਿਹਾ ਹੁੰਦਾ ਹੈ ਪਰ ਕੁਝ ਬੱਚਿਆਂ ਨੂੰ ਘਟਾਉ ਅਤੇ ਗੁਣਾ ਵੀ ਨਹੀਂ ਆਉਂਦੇ ਹੁੰਦੇ ਅਤੇ ਉਹ ਬੱਸ ਮੂੰਹ ਵੱਲ ਹੀ ਵੇਖਦੇ ਰਹਿੰਦੇ ਹਨ। ਜੇਕਰ ਅਧਿਆਪਕ ਕਮਜ਼ੋਰ ਬੱਚਿਆਂ ਵੱਲ ਵੱਧ ਧਿਆਨ ਦਿੰਦਾ ਹੈ ਤਾਂ ਹੁਸ਼ਿਆਰ ਬੱਚੇ ਆਪਣੀ ਵਾਰੀ ਨੂੰ ਉਡੀਕਦੇ ਰਹਿੰਦੇ ਹਨ। ਪਰ ਜੇਕਰ ਸਕੂਲ ਵੱਡੇ ਹੋਣ ਤਾਂ ਹਰ ਜਮਾਤ ਦੇ ਸੈਕਸ਼ਨ ਵੀ ਵੱਖ-ਵੱਖ ਪੱਧਰਾਂ ਮੁਤਾਬਕ ਹੀ ਬਣਾਏ ਜਾ ਸਕਦੇ ਹਨ। ਅਧਿਆਪਕ ਨੂੰ ਪਤਾ ਹੋਵੇ ਕਿ ਉਹ ਕਿਹੜੇ ਪੱਧਰ ਵਾਲੇ ਸੈਕਸ਼ਨ ਵਿੱਚ ਜਾ ਰਿਹਾ ਹੈ ਅਤੇ ਉਥੇ ਕੀ-ਕੀ ਪੜ੍ਹਾਉਣ ਦੀ ਲੋੜ ਹੈ। ਉਹ ਜਿਹੜੇ ਵੀ ਸੈਕਸ਼ਨ ਵਿੱਚ ਜਾਵੇ ਉਸ ਸੈਕਸ਼ਨ ਦੇ ਪੱਧਰ ਮੁਤਾਬਕ ਹੀ ਪੜ੍ਹਾਵੇ ਅਤੇ ਉਸ ਸੈਕਸ਼ਨ ਦੇ ਸਾਰੇ ਬੱਚੇ ਉਸ ਨੂੰ ਸਮਝਣ ਦੇ ਸਮਰੱਥ ਵੀ ਹੋਣ। ਕਿਸੇ ਵੀ ਅਧਿਆਪਕ ਕੋਲ ਜਮਾਤ ਵਿੱਚ ਕੋਈ ਮੋਬਾਈਲ ਫੋਨ ਨਾ ਹੋਵੇ ਕਿਉਂਕਿ ਉਸ ਨੂੰ ਕਿਸੇ ਡਾਕ ਆਦਿ ਦੀ ਕੋਈ ਫਿਕਰ ਹੀ ਨਾ ਹੋਵੇ। ਹਰ ਤਰਾਂ ਦੀ ਡਾਕ ਅਤੇ ਰਿਕਾਰਡ ਦਾ ਕੰਮ ਸਿਰਫ ਕਲਰਕਾਂ ਅਤੇ ਪ੍ਰਬੰਧਕਾਂ ਨੇ ਹੀ ਕਰਨਾ ਹੋਵੇ। ਅਧਿਆਪਕਾਂ ਨੇ ਆਪਣਾ ਪੂਰਾ ਸਮਾਂ ਸਿਰਫ ਆਪਣੀਆਂ ਜਮਾਤਾਂ ਵਿੱਚ ਹੀ ਗੁਜ਼ਾਰਨਾ ਹੋਵੇ। ਉਸ ਤੋਂ ਬਾਅਦ ਹਰ ਅਧਿਆਪਕ ਤੋਂ ਨਤੀਜਾ ਮੰਗਿਆ ਜਾਵੇ ਜਿਸ ਨੂੰ ਵੱਖ-ਵੱਖ ਤਰਾਂ ਦੇ ਮਾਹਰਾਂ ਵੱਲੋਂ ਚੈੱਕ ਕੀਤਾ ਜਾਵੇ। ਵਧੀਆ ਨਤੀਜਾ ਸਿਰਫ ਲਿਖਤੀ ਪੇਪਰਾਂ ਵਿੱਚੋਂ ਪ੍ਰਾਪਤ ਅੰਕਾਂ ਨੂੰ ਹੀ ਨਾ ਮੰਨਿਆ ਜਾਵੇ ਸਗੋਂ ਇਹ ਵੇਖਿਆ ਜਾਵੇ ਕਿ ਬੱਚਿਆਂ ਨੂੰ ਭਵਿੱਖ ਦੇ ਕਿਹੋ ਜਿਹੇ ਨਾਗਰਿਕ ਬਣਾਇਆ ਜਾ ਰਿਹਾ ਹੈ। ਜੋ ਵੀ ਅਧਿਆਪਕ ਸਾਰਥਕ ਨਤੀਜੇ ਦੇਣ ਤੋਂ ਅਸਮਰੱਥ ਹੋਵੇ ਉਸ ਨੂੰ ਜਾਂ ਤਾਂ ਘਰ ਭੇਜ ਦਿੱਤਾ ਜਾਵੇ ਅਤੇ ਜਾਂ ਫਿਰ ਕਿਸੇ ਹੋਰ ਵਿਭਾਗ ਵਿੱਚ ਬਦਲ ਦਿੱਤਾ ਜਾਵੇ।

ਜਦੋਂ ਅਸੀਂ ਇੱਕ ਹੀ ਕਰਮਚਾਰੀ ਨੂੰ ਵੀਹ ਤਰਾਂ ਦੇ ਕੰਮ ਸੌਂਪ ਦਿਆਂਗੇ ਤਾਂ ਉਹ ਕਿਸੇ ਵੀ ਕੰਮ ਨੂੰ ਪੂਰਾ ਨਹੀਂ ਕਰੇਗਾ ਅਤੇ ਹਰ ਕੰਮ ਦੀ ਅਪੂਰਨਤਾ ਲਈ ਆਪਣੇ ਦੂਸਰੇ ਕੰਮਾਂ ਨੂੰ ਜ਼ਿੰਮੇਵਾਰ ਠਹਿਰਾਏਗਾ।  ਜੇਕਰ ਉਹ ਇਮਾਨਦਾਰ ਵੀ ਹੋਏਗਾ ਫਿਰ ਵੀ ਉਹ ਸਾਰੇ ਕੰਮਾਂ ਨਾਲ ਇਨਸਾਫ਼ ਨਹੀਂ ਕਰ ਸਕੇਗਾ। ਮਿਸਾਲ ਦੇ ਤੌਰ ਤੇ, ਅੱਜ ਸਾਡੇ ਪ੍ਰਾਇਮਰੀ ਸਕੂਲਾਂ ਦੇ ਅਧਿਆਪਕਾਂ  ਉੱਤੇ ਇੱਕ ਹੀ ਸਮੇਂ ਬੱਚਿਆਂ ਨੂੰ ਪੜ੍ਹਾਉਣ, ਖਾਣੇ ਦਾ ਪ੍ਰਬੰਧ ਕਰਨ, ਖੇਡਾਂ ਦਾ ਪ੍ਰਬੰਧ ਕਰਨ, ਸਾਰੇ ਦਫ਼ਤਰੀ ਕੰਮ, ਈ-ਪੰਜਾਬ ਦਾ ਆਨਲਾਈਨ ਰਿਕਾਰਡ ਬਣਾਉਣ, ਵਜ਼ੀਫੇ ਦੇ ਆਨਲਾਈਨ ਫਾਰਮ ਭਰਨ, ਬੱਚਿਆਂ ਦੇ ਖਾਤੇ ਖੁਲਵਾਉਣ, ਆਧਾਰ ਕਾਰਡ ਨੂੰ ਖਾਤਿਆਂ ਨਾਲ ਜੋੜਨ, ਗ੍ਰਾਂਟਾਂ ਖਰਚਣ, ਉਸਾਰੀ ਆਦਿ ਦਾ ਸਮਾਨ ਖਰੀਦਣ, ਗ੍ਰਾਂਟਾਂ ਦਾ ਰਿਕਾਰਡ ਬਣਾਉਣ, ਟੁੱਟ-ਭੱਜ ਦੀ ਮੁਰੰਮਤ ਕਰਨ, ਵੋਟਾਂ ਬਣਾਉਣ, ਮਰਦਮਸ਼ੁਮਾਰੀ ਕਰਨ ਅਤੇ ਕਈ ਤਰਾਂ ਦੇ ਸਰਵੇਖਣ ਕਰਨ ਦੀਆਂ ਜ਼ਿੰਮੇਵਾਰੀਆਂ ਪਈਆਂ ਹੋਈਆਂ ਹਨ। ਉਹ ਖ਼ੁਦ ਹੀ ਸਫਾਈ ਸੇਵਕ, ਚੌਂਕੀਦਾਰ, ਮਾਲੀ, ਕਲਰਕ, ਡਾਕੀਆ, ਕੰਪਿਊਟਰ ਆਪਰੇਟਰ ਅਤੇ ਹੋਰ ਪਤਾ ਨਹੀਂ ਕੀ-ਕੀ ਬਣੇ ਰਹਿੰਦੇ ਹਨ। ਕੀ ਇੰਨੇ ਕੰਮ ਕਰਨ ਤੋਂ ਬਾਅਦ ਕੋਈ ਪੜ੍ਹਾਉਣ ਦੇ ਕਾਬਲ ਰਹਿ ਸਕਦਾ ਹੈ ? ਇਸ ਦਾ ਸਭ ਤੋਂ ਵੱਧ ਘਾਟਾ ਬੱਚਿਆਂ ਨੂੰ ਹੀ ਪੈਂਦਾ ਹੈ ਕਿਉਂਕਿ ਅਫ਼ਸਰਸ਼ਾਹੀ ਤਾਂ ਅਧਿਆਪਕਾਂ ਤੋਂ ਧੱਕੇ ਨਾਲ ਵੀ ਆਪਣੇ ਕੰਮ ਪੂਰੇ ਕਰਵਾ ਲੈਂਦੀ ਹੈ ਪਰ ਬੱਚੇ ਤਾਂ ਅਧਿਆਪਕ ਨੂੰ ਉਡੀਕਦੇ ਹੀ ਰਹਿ ਜਾਂਦੇ ਹਨ। ਇੰਜ ਇੱਕ ਇਮਾਨਦਾਰ ਅਧਿਆਪਕ ਤਾਂ ਬੁਰੀ ਤਰਾਂ ਨਪੀੜਿਆ ਜਾਂਦਾ ਹੈ  ਅਤੇ ਪਰੇਸ਼ਾਨ ਰਹਿਣ ਲੱਗਦਾ ਹੈ, ਇੱਕ ਔਸਤ ਅਧਿਆਪਕ ਬਾਕੀ ਕੰਮ ਤਾਂ ਕਰ ਲੈਂਦਾ ਹੈ ਪਰ ਪੜ੍ਹਾਈ ਉੱਤੇ ਪੂਰਾ ਸਮਾਂ ਨਹੀਂ ਦੇ ਸਕਦਾ ਅਤੇ ਇੱਕ ਕੰਮਚੋਰ ਅਧਿਆਪਕ ਕਿਸੇ ਵੀ ਕੰਮ ਨੂੰ ਸਹੀ ਢੰਗ ਨਾਲ ਨਹੀਂ ਕਰਦਾ ਕਿਉਂਕਿ ਉਸ ਕੋਲ ਬਹੁਤ ਸਾਰੇ ਬਹਾਨੇ ਹੁੰਦੇ ਹਨ। ਇੰਜ ਇਹ ਤਿੰਨੇ ਹੀ ਕਿਸਮ ਦੇ ਕਰਮਚਾਰੀ ਮਿਆਰੀ ਨਤੀਜੇ ਨਹੀਂ ਦੇ ਸਕਦੇ।

ਸਾਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਜੇਕਰ ਸਾਡੇ ਸਾਰੇ ਅਧਿਆਪਕ ਇਮਾਨਦਾਰ ਨਹੀਂ ਤਾਂ ਸਾਰੇ ਕੰਮਚੋਰ ਵੀ ਨਹੀਂ ਹੋਣਗੇ। ਅਸਲ ਵਿੱਚ ਬਹੁਤੇ ਅਧਿਆਪਕ ਤਾਂ ਮਿਹਨਤੀ ਅਤੇ ਨਿਸ਼ਠਾਵਾਨ ਹੀ ਹੁੰਦੇ ਹਨ ਪਰ ਉਹ ਉੱਚ ਅਧਿਕਾਰੀਆਂ ਤੋਂ ਡਰਦੇ ਹੋਣ ਕਾਰਨ ਸਿਰਫ਼ ਦਫ਼ਤਰੀ ਕੰਮਾਂ ਨੂੰ ਹੀ ਪਹਿਲ ਦੇ ਆਧਾਰ ਉੱਤੇ ਕਰਦੇ ਹਨ। ਇੰਜ ਇਹ ਦਫ਼ਤਰੀ ਕੰਮ ਹੀ ਪੜ੍ਹਾਈ ਦੇ ਸਭ ਤੋਂ ਵੱਡੇ ਦੁਸ਼ਮਣ ਬਣ ਜਾਂਦੇ ਹਨ। ਛੋਟੇ ਸਕੂਲਾਂ ਵਿੱਚ ਇਹ ਸਮੱਸਿਆ ਕਦੇ ਹੱਲ ਹੋ ਹੀ ਨਹੀਂ ਸਕਣੀ ਕਿਉਂਕਿ 20-30 ਬੱਚਿਆਂ ਵਾਸਤੇ ਇੰਨੇ ਕਰਮਚਾਰੀ ਦਿੱਤੇ ਹੀ ਨਹੀਂ ਜਾ ਸਕਦੇ। ਇਸ ਦਾ ਇੱਕੋ-ਇੱਕ ਹੱਲ ਵੱਡੇ ਸਕੂਲ ਹੀ ਹਨ। ਸਾਡੇ ਕੋਲ ਕਾਬਲ ਅਧਿਆਪਕਾਂ ਦੀ ਕੋਈ ਘਾਟ ਨਹੀਂ ਹੈ ਪਰ ਉਹਨਾਂ ਦੀ ਕਾਬਲੀਅਤ ਉਦੋਂ ਹੀ ਭਵਿੱਖ ਸਿਰਜ ਸਕਦੀ ਹੈ ਜਦੋਂ ਉਹ ਸਭ ਪਾਸਿਉਂ ਧਿਆਨ ਹਟਾ ਕੇ ਕੇਵਲ ਆਪਣੇ ਵਿਦਿਆਰਥੀਆਂ ਨੂੰ ਹੀ ਸਮਾਂ ਦੇਣ।

ਅਸਲ ਵਿੱਚ ਸਾਡੇ ਕੋਲ ‘ਬੁੱਲਟ ਟ੍ਰੇਨ’ ਤਾਂ ਹੈ ਪਰ ਅਸੀਂ ਉਸ ਨੂੰ ਟੁੱਟੀਆਂ-ਭੱਜੀਆਂ ਪੁਰਾਣੀਆਂ ਰੇਲਵੇ ਲਾਈਨਾਂ ਉੱਤੇ ਚਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਸਾਨੂੰ ਆਪਣੀਆਂ ਰੇਲਵੇ ਲਾਈਨਾਂ ਨੂੰ ਬੁੱਲਟ ਟ੍ਰੇਨ ਦੇ ਕਾਬਲ ਬਣਾਉਣ ਦੀ ਲੋੜ ਹੈ ਅਰਥਾਤ ਸਾਨੂੰ ਆਪਣੇ ਸਕੂਲੀ ਢਾਂਚੇ ਨੂੰ ਮੁੜ ਤੋਂ ਵਿਉਂਤਣ ਦੀ ਲੋੜ ਹੈ। ਇਸ ਨਾਲ ਸਰਕਾਰੀ ਸਕੂਲਾਂ ਉੱਤੇ ਲੋਕਾਂ ਦਾ ਭਰੋਸਾ ਬੱਝੇਗਾ ਅਤੇ ਉਹ ਮਹਿੰਗੇ ਪ੍ਰਾਈਵੇਟ ਸਕੂਲਾਂ ਵੱਲ ਨਹੀਂ ਭੱਜਣਗੇ ? ਫਿਰ ਸਰਕਾਰੀ ਅਧਿਆਪਕਾਂ ਦੇ ਬੱਚੇ ਤਾਂ ਕੀ, ਵੱਡੇ-ਵੱਡੇ ਅਫਸਰਾਂ, ਅਮੀਰ ਲੋਕਾਂ ਅਤੇ ਅਤੇ ਸਿਆਸਤਦਾਨਾਂ ਦੇ ਬੱਚੇ ਵੀ ਸਰਕਾਰੀ ਸਕੂਲਾਂ ਵਿੱਚ ਹੀ ਪੜ੍ਹਨ ਲਈ ਆਉਣਗੇ। ਪਰ ਹੁਣ ਵੇਖਣਾ ਇਹ ਹੈ ਕਿ ਕੀ ਸਾਡੀ ਸਰਕਾਰ ਸੱਚਮੁੱਚ ਹੀ ਇਸ ਮਾਮਲੇ ਵਿੱਚ ਗੰਭੀਰ ਹੈ। ਕਿਉਂਕਿ ਅਜੇ ਤੱਕ ਤਾਂ ਸਰਕਾਰ ਜੰਗਲ ਦੀ ਅੱਗ ਨੂੰ ਫੂਕਾਂ ਮਾਰ ਕੇ ਬੁਝਾਉਣ ਦੀ ਕੋਸ਼ਿਸ਼ ਹੀ ਕਰ ਰਹੀ ਹੈ।

ਮੁਹੰਮਦ ਸਾਹਿਬ (ਸਲ.) ਦੇ ਜਨਮ ਅਤੇ ਜੋਤੀ-ਜੋਤ ਸਮਾਉਣ ਤੇ ਵਿਸ਼ੇਸ਼

$
0
0

ਕੁਦਰਤ ਦਾ ਇਹ ਇੱਕ ਅਟੱਲ ਸਿਧਾਂਤ ਹੈ ਕਿ ਧਰਤੀ ਦੇ ਕਿਸੇ ਵੀ ਖੇਤਰ ਤੇ ਜਦੋਂ ਵੀ ਮਜ਼ਲੂਮਾਂ ਤੇ ਜੁਲਮ, ਜਿਆਦਤੀਆਂ, ਅੰਧ ਵਿਸ਼ਵਾਸ਼, ਅੱਤਿਆਚਾਰ, ਆਦਿ ਵੱਧ ਜਾਂਦੇ ਹਨ ਤਾਂ ਰੱਬ ਵੱਲੋਂ ਉਸ ਖੇਤਰ ਤੇ ਕਿਸੇ ਪੈਗੰਬਰ, ਅਵਤਾਰ ਆਦਿ ਨੂੰ ਭੇਜਿਆ ਜਾਂਦਾ ਹੈ ਤਾਂ ਕਿ ਧਰਤੀ ਤੋਂ ਜੁਲਮਾਂ ਦਾ ਖਾਤਮਾ ਕਰਕੇ ਲੋਕਾਂ ਤੇ ਹੁੰਦੇ ਅੱਤਿਆਚਾਰਾਂ ਨੂੰ ਖਤਮ ਕੀਤਾ ਜਾ ਸਕੇ। ਸੰਨ 571 ਈ. ਤੋਂ ਪਹਿਲਾਂ ਅਰਬ ਦੀ ਧਰਤੀ ਤੇ ਰਹਿਣ ਵਾਲੇ ਲੋਕ ਮਨੁੱਖੀ ਰੂਪ ਵਿੱਚ ਜਾਨਵਰ ਹੀ ਸਨ। ਛੋਟੀਆਂ-ਛੋਟੀਆਂ ਗੱਲਾਂ ਤੇ ਕਬੀਲਿਆਂ ਵਿਚਕਾਰ ਸ਼ੁਰੂ ਹੋਈ ਲੜਾਈ ਪੀੜ੍ਹੀ ਦਰ ਪੀੜ੍ਹੀ ਸਦੀਆਂ ਤੱਕ ਚਲਦੀ ਰੱਖਣ ਦੀ ਪਰੰਪਰਾ ਪ੍ਰਚਲਿਤ ਸੀ। ਉਹਨਾਂ ਵਿੱਚ ਸਮਾਜਿਕ ਬੁਰਾਈਆਂ ਜਿਵੇਂ ਕਿ ਜਬਰ ਜ਼ਿਨਾਹ, ਸੂਦਖੋਰੀ, ਕੁੜੀਆਂ ਨੂੰ ਜਨਮ ਸਮੇਂ ਹੀ ਮਾਰ ਦੇਣਾ ਆਦਿ ਆਮ ਪਾਈਆਂ ਜਾਂਦੀਆਂ ਸਨ। ਮਨੁੱਖ ਮਨੁੱਖੀ ਖੁੂਨ ਤੱਕ ਪੀਣ ਨੂੰ ਬੁਰਾਈ ਨਹੀਂ ਸਮਝਦਾ ਸੀ। ਇਹਨਾਂ ਕਾਰਨਾਂ ਕਰਕੇ ਅਰਬ ਦੇ ਕਬੀਲਿਆਂ/ਲੋਕਾਂ ਤੇ ਕੋਈ ਵੀ ਸਾਸ਼ਕ ਰਾਜ ਕਰਨ ਨੂੰ ਵੀ ਤਿਆਰ ਨਹੀਂ ਸੀ। ਇਸ ਸਥਿਤੀ ਦੇ ਸਨਮੁੱਖ ਰੱਬ ਨੇ ਮੱਕਾ ਸ਼ਹਿਰ ਨੂੰ ਆਬਾਦ ਕਰਨ ਵਾਲੇ ਪੈਗੰਬਰ ਹਜ਼ਰਤ ਇਸਮਾਇਲ (ਅਲੈ.) ਦੀ ਚੱਲੀ ਆ ਰਹੀ ਜੱਦ ਦੇ ਇੱਕ ਕਬੀਲੇ ‘ਬਨੀ ਹਾਸ਼ਿਮ’ ਵਿੱਚ 20 ਅਪ੍ਰੈਲ 571 ਈ. (ਅਰਬੀ ਕੈਲੰਡਰ ਦੇ ਤੀਜੇ ਮਹੀਨੇ ਰਬੀ-ਉਲ-ਅੱਵਲ ਦੀ 12 ਤਾਰੀਖ ਦਿਨ ਸੋਮਵਾਰ) ਨੂੰ ਸਵ. ਅਬਦੁੱਲਾ ਦੀ ਸੁਪਤਨੀ ਬੀਬੀ ਆਮਨਾ ਦੀ ਕੁੱਖੋਂ ਇੱਕ ਬੱਚੇ ਨੂੰ ਪੈਦਾ ਕੀਤਾ। ਜਿਸ ਦਾ ਨਾਮ ਉਨ੍ਹਾਂ ਦੇ ਚਾਚਾ ਅਬੂ ਤਾਲਿਬ ਨੇ ‘ਮੁਹੰਮਦ’ ਰੱਖਿਆ। ਇਸ ਬਾਲਕ ਨੂੰ ਹੀ ਵੱਡਾ ਹੋ ਕਿ ਇਸਲਾਮ ਧਰਮ ਦੇ ਆਖਰੀ ਪੈਗੰਬਰ ਹੋਣ ਦਾ ਮਾਨ ਪ੍ਰਾਪਤ ਹੋਇਆ। ਆਪ 2 ਸਾਲ ਦੇ ਸਨ ਜਦੋਂ ਮਾਂ ਦਾ ਸਾਇਆ ਸਿਰ ਤੋਂ ਉੱਠ ਗਿਆ। ਤਦ ਆਪ ਦੀ ਪਰਵਰਿਸ਼ ਦਾ ਜਿੰਮਾ ਆਪ ਦੇ ਦਾਦਾ ਅਬਦੁਲ ਮੁਤਲਿਬ ਨੇ ਸੰਭਾਲਿਆ ਪਰ ਕੁਦਰਤ ਨੂੰ ਕੁਝ ਹੋਰ ਹੀ ਮੰਨਜ਼ੂਰ ਸੀ। ਜਦੋਂ ਆਪ ਦੀ ਉਮਰ 6 ਸਾਲ ਦੀ ਹੋਈ ਤਾਂ ਆਪ ਦੇ ਦਾਦਾ ਜੀ ਵੀ ਰੱਬ ਨੂੰ ਪਿਆਰੇ ਹੋ ਗਏ। ਅੱਗੇ ਆਪ ਜੀ ਦੀ ਪਰਵਰਿਸ਼ ਚਾਚੇ ਅਬੂ ਤਾਲਿਬ ਨੇ ਕੀਤੀ। ਆਪ ਬਚਪਨ ਤੋਂ ਹੀ ਸੱਚ ਬੋਲਣ, ਬਜ਼ੁਰਗਾਂ/ਬੇਸਹਾਰਾ/ਅੰਗਹੀਣਾਂ ਆਦਿ ਦੀ ਸੇਵਾ ਕਰਨ, ਕਿਸੇ ਨੂੰ ਧੋਖਾ ਨਾ ਦੇਣ, ਅਮਾਨਤ ਵਿੱਚ ਖਿਆਨਤ ਨਾ ਕਰਨ ਆਦਿ ਗੁਣਾਂ ਦੇ ਧਾਰਨੀ ਸਨ। ਜਿਸ ਕਰਕੇ ਸਾਰੇ ਮੱਕਾ ਵਾਸੀ ਆਪ ਨੂੰ ਅਮੀਨ (ਅਮਾਨਤਦਾਰ) ਅਤੇ ਸਾਦਿਕ (ਸੱਚ ਬੋਲਣ ਵਾਲਾ) ਮੰਨਦੇ ਸਨ। 20 ਸਾਲ ਦੀ ਉਮਰ ਵਿੱਚ ਆਪ ਵਪਾਰ ਕਰਨ ਦੇ ਮਕਸਦ ਨਾਲ ਸ਼ਾਮ (ਸੀਰੀਆ), ਇਰਾਕ, ਯਮਨ ਆਦਿ ਦੇਸ਼ਾਂ ਵਿੱਚ ਗਏ। ਸੱਚਾਈ, ਇਮਾਨਦਾਰੀ, ਦਿਆਨਤਦਾਰੀ ਨਾਲ ਵਪਾਰ ਕਰਨ ਕਾਰਨ ਆਪ ਪੂਰੇ ਅਰਬ ਵਿੱਚ ਪ੍ਰਸਿਧ ਹੋ ਗਏ। 25 ਸਾਲ ਦੀ ਉਮਰ ਵਿੱਚ ਆਪ ਦਾ ਨਿਕਾਹ ਬੀਬੀ ਖਦੀਜਾ (ਜੋ ਕਿ ਇੱਕ ਵਿਧਵਾ ਔਰਤ ਸੀ) ਨਾਲ ਹੋਇਆ। ਉਸ ਸਮੇਂ ਬੀਬੀ ਖਦੀਜਾ ਦੀ ਉਮਰ 40 ਸਾਲ ਦੀ ਸੀ। ਹਜ਼ਰਤ ਮੁਹੰਮਦ (ਸਲ.) ਅਕਸਰ ਰੱਬ ਦੀ ਭਗਤੀ ਕਰਨ ਅਤੇ ਸਮਾਜ ਵਿੱਚ ਪ੍ਰਚਲਿਤ ਬੁਰਾਈਆਂ ਨੂੰ ਖਤਮ ਕਰਨ ਲਈ ਸੋਚ-ਵਿਚਾਰ ਕਰਨ ਲਈ ਮੱਕੇ ਤੋਂ 3 ਕਿ.ਮੀ. ਦੀ ਦੂਰੀ ਤੇ ਸਥਿਤ ਇੱਕ ਗੁਫਾ (ਜਿਸਦਾ ਨਾਮ ਹਿਰਾ ਹੈ) ਵਿੱਚ ਜਾ ਬੈਠਦੇ ਸਨ। ਇੱਥੇ ਹੀ 40 ਸਾਲ ਦੀ ਉਮਰ ਵਿੱਚ ਰੱਬ ਵੱਲੋਂ ਆਪਣੇ ਫਰਿਸ਼ਤੇ ਜ਼ਿਬਰਾਇਲ (ਅਲੈ.) ਰਾਹੀਂ ਆਪ ੳੁੱਪਰ  ਪਹਿਲੀ  ਬਹੀ (ਰੱਬੀ ਸੰਦੇਸ਼) ਨਾਜ਼ਿਲ (ਉਤਾਰੀ ਗਈ) ਕੀਤੀ ਗਈ ਤੇ ਆਪ ਨੂੰ ਪੈਗੰਬਰੇ ਇਸਲਾਮ ਹੋਣ ਦੀ ਖੁਸ਼ਖਬਰੀ ਦਿੱਤੀ ਗਈ। ਇਸ ਸੰਦੇਸ਼ ਦੇ ਪ੍ਰਾਪਤ ਹੋਣ ਤੋਂ ਬਾਅਦ ਆਪ ਜੀ ਨੇ ਨਿਰੰਤਰ 23 ਸਾਲ ਬਹੁਤ ਹੀ ਯੋਜਨਾਪੂਰਨ ਢੰਗ ਨਾਲ, ਅਰਬ ਦੇ ਲੋਕਾਂ ਦੁਆਰਾ ਦਿੱਤੀਆਂ ਪ੍ਰੇਸ਼ਾਨੀਆਂ ਨੂੰ ਸਹਾਰਦੇ  ਹੋਏ ਇਸਲਾਮ ਧਰਮ ਨੂੰ ਮੁਕੰਮਲ ਤੌਰ ਤੇ ਲੋਕਾਂ ਤੱਕ ਪਹੁੰਚਾਇਆ ਤੇ ਲੋਕਾਂ ਨੂੰ ਇੱਕ ਰੱਬ ਦੀ ਬੰਦਗੀ ਕਰਨ ਵੱਲ ਪ੍ਰੇਰਿਤ ਕੀਤਾ। ਆਪ ਜੀ ਦੀ ਮਿਹਨਤ ਅਤੇ ਉੱਚੇ ਚਰਿੱਤਰ ਸਦਕਾ ਲੋਕ ਧੜ੍ਹਾ-ਧੜ੍ਹ ਇਸਲਾਮ ਵਿੱਚ ਸ਼ਾਮਿਲ ਹੋਏ ਜਿਸ ਕਰਕੇ ਇਸਲਾਮ ਧਰਮ ਅੱਜ ਦੁਨੀਆਂ ਦਾ ਦੂਜਾ ਸਭ ਤੋਂ ਵੱਡਾ ਧਰਮ ਹੈ। ਆਪ ਜੀ ਦੇ ਪ੍ਰਚਾਰ ਸਦਕਾ ਪਹਿਲੇ ਹੀ ਦਿਨ ਆਪ ਦੇ ਦੋਸਤ ਅਬੂ-ਵਕਰ ਸਿਦੀਕ, ਆਪ ਦੀ ਪਤਨੀ ਬੀਬੀ ਖਦੀਜਾ ਅਤੇ ਉਹਨਾਂ ਦੇ ਚਚੇਰੇ ਭਰਾ ਅਲੀ ਨੂੰ ਇਸਲਾਮ ਵਿੱਚ ਸ਼ਾਮਿਲ ਹੋਣ ਦਾ ਮਾਣ ਪ੍ਰਾਪਤ ਹੋਇਆ।ਇਸ ਤੋਂ ਬਾਅਦ ਤੌਹੀਦ ਪ੍ਰਸਤਾਂ (ਰੱਬ ਨੂੰ ਇੱਕ ਮੰਨਣ ਵਾਲੇ) ਦੀ ਗਿਣਤੀ ਵੱਧਦੀ ਗਈ। ਜਿਸ ਕਾਰਨ ਮੱਕੇ ਦੇ ਪਰੰਪਰਿਕ ਧਰਮਾਂ ਨੂੰ ਮੰਨਣ ਵਾਲੇ ਲੋਕ ਆਪ ਜੀ ਦੇ ਅਤੇ ਆਪ ਜੀ ਦੇ ਸਾਥੀਆਂ ਦੇ ਦੁਸ਼ਮਣ ਬਣ ਗਏ। ਆਪ ਜੀ ਨੂੰ ਲਗਭਗ 13 ਸਾਲ ਤੱਕ ਹਰ ਹਰਬਿਆਂ ਰਾਹੀਂ ਤੰਗ-ਪ੍ਰੇਸ਼ਾਨ ਕੀਤਾ ਗਿਆ। ਇਥੋਂ ਤੱਕ ਕਿ ਇੱਕ ਦਿਨ ਆਪ ਨੂੰ ਕਤਲ ਕਰਨ ਦੀ ਯੋਜਨਾ ਬਣਾਈ ਗਈ।ਜਿਸ ਕਾਰਨ ਰੱਬ ਦੁਆਰਾ ਬਹੀ ਦੇ ਰਾਹੀਂ ਪ੍ਰਾਪਤ ਹੋਏ ਹੁਕਮ ਅਨੁਸਾਰ ਆਪ ਆਪਣੇ ਸਾਥੀਆਂ ਸਮੇਤ ਮੱਕੇ ਤੋਂ ਹਿਜ਼ਰਤ ਕਰਕੇ ਮਦੀਨੇ ਚਲੇ ਗਏ। ਇਸੀ ਸਾਲ ਤੋਂ ਹਿਜ਼ਰੀ ਸੰਨ ਦਾ ਆਰੰਭ ਹੋਇਆ। ਮਦੀਨੇ ਜਾ ਕੇ ਆਪ ਨੇ ਇਸਲਾਮ ਧਰਮ ਦਾ ਪ੍ਰਚਾਰ ਜੋਰ-ਸ਼ੋਰ ਨਾਲ ਆਰੰਭ ਕਰ ਦਿੱਤਾ। ਜਿਸ ਕਾਰਨ ਇਸਲਾਮ ਧਰਮ ਮਦੀਨੇ ਦੇ ਬਾਹਰਲੇ ਇਲਾਕਿਆਂ ਤੱਕ ਵੀ ਫੈਲਣਾ ਸ਼ੁਰੂ ਹੋ ਗਿਆ। ਜਿਸ ਤੋਂ ਖਫਾ ਹੋ ਕਿ ਮੱਕੇ ਦੇ ਲੋਕਾਂ ਨੇ ਇਸਲਾਮ ਦੇ ਵੱਧਦੇ ਪ੍ਰਭਾਵ ਨੂੰ ਰੋਕਣ ਲਈ ਮਦੀਨੇ ਤੇ ਹਮਲਾ ਕਰਨ ਦੀ ਯੋਜਨਾ ਬਣਾਈ। ਮੁਹੰਮਦ (ਸਲ.) ਨੇ ਵਿਰੋਧੀਆਂ ਨਾਲ ਸਮਝੌਤਾ ਕਰਨ ਅਤੇ ਮੇਲ-ਮਿਲਾਪ ਵਧਾਉਣ ਦਾ ਕਈ ਵਾਰ ਯਤਨ ਕੀਤਾ ਪਰ ਸਫਲ ਨਾ ਹੋਏ। ਅੰਤ ਵਿੱਚ ਆਤਮ ਰੱਖਿਆ ਲਈ ਆਪ ਜੀ ਨੂੰ ਕਈ ਵਾਰ ਯੁੱਧ ਦੇ ਮੈਦਾਨ ਵਿੱਚ ਉੱਤਰਨਾ ਪਿਆ। ਪੈਗੰਬਰੇ ਇਸਲਾਮ ਨੇ ਜੰਗ ਲਈ ਵੀ ਮਾਨਵਤਾ ਪੂਰਨ ਨਿਯਮ ਬਣਾਏ। ਅਸੱਭਿਅਤਾ ਦੇ ਯੁੱਗ ਵਿੱਚ ਵੀ ਮਨੁੱਖੀ ਕਦਰਾਂ-ਕੀਮਤਾਂ ਨੂੰ ਜੰਗ ਦੇ ਮੈਦਾਨ ਵਿੱਚ ਵੀ ਲਾਗੂ ਕਰ ਕੇ ਅਨੋਖੀ ਮਿਸਾਲ ਪੇਸ਼ ਕੀਤੀ। ਆਪ ਨੇ ਆਪਣੇ ਸਾਥੀਆਂ ਨੂੰ ਜੰਗ ਸਬੰਧੀ ਸਖਤ ਨਿਯਮ ਅਪਣਾਉਣ ਦੇ ਆਦੇਸ਼ ਦਿੱਤੇ। ਆਪ ਨੇ ਕਿਹਾ ਕਿ ਯੁੱਧ ਦੇ ਮੈਦਾਨ ਵਿੱਚ ਕਿਸੇ ਲਾਸ਼ ਦੇ ਅੰਗ ਨਾ ਕੱਟੇ ਜਾਣ, ਕਿਸੇ ਨੂੰ ਧੋਖੇ ਜਾਂ ਵਿਸ਼ਵਾਸ਼ਘਾਤ ਨਾਲ ਕਤਲ ਨਾ ਕੀਤਾ ਜਾਵੇ, ਬੱਚੇ/ਬੁੱਢੇ/ਔਰਤਾਂ ਆਦਿ ਨੂੰ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਾ ਪਹੁੰਚਾਇਆ ਜਾਵੇ, ਖਜ਼ੂਰਾਂ ਅਤੇ ਹੋਰ ਫਲਦਾਰ ਦਰਖਤਾਂ ਨੂੰ ਨਾ ਕੱਟਿਆ ਜਾਵੇ ਅਤੇ ਨਾ ਹੀ ਜਲਾਇਆ ਜਾਵੇ, ਸੰਸਾਰ ਤਿਆਗੀ ਪੀਰਾਂ, ਫਕੀਰਾਂ ਅਤੇ ਰੱਬ ਦੀ ਇਬਾਦਤ ਕਰਨ ਵਾਲੇ ਲੋਕਾਂ ਨੂੰ ਤੰਗ ਨਾ ਕੀਤਾ ਜਾਵੇ, ਕਿਸੇ ਵੀ ਧਰਮ ਦੇ ਪੂਜਾ ਸਥਾਨਾਂ ਨੂੰ ਨੁਕਸਾਨ ਨਾ ਪਹੁੰਚਾਇਆ ਜਾਵੇ ਆਦਿ। ਮੁਹੰਮਦ (ਸਲ.) ਨੇ ਹਮੇਸ਼ਾ ਹੀ ਸ਼ਰਨ ਵਿੱਚ ਆਏ ਕੱਟੜ ਤੋਂ ਕੱਟੜ ਦੁਸ਼ਮਣ ਨਾਲ ਵੀ ਚੰਗਾ ਵਿਵਹਾਰ ਕੀਤਾ ਜੋ ਕਿ ਅੱਜ ਦੇ ਸੱਭਿਅਕ ਸਮਾਜ ਵੱਲੋਂ ਵੀ ਦੁਸ਼ਮਣ ਨਾਲ ਨਹੀਂ ਕੀਤਾ ਜਾਂਦਾ। ਇਥੋਂ ਤੱਕ ਆਪਣੀ ਜਨਮ ਭੂਮੀ ਮੱਕਾ ਨੂੰ ਬਿਨ੍ਹਾਂ ਖੂਨ ਦਾ ਇੱਕ ਵੀ ਕਤਰਾ ਬਹਾਏ ਫਤਿਹ ਕੀਤਾ ਤੇ ਆਪ ਜੀ ਅਤੇ ਆਪ ਜੀ ਦੇ ਸਾਥੀਆਂ ੳੁੱਪਰ ਜ਼ੁਲਮ ਕਰਨ ਵਾਲੇ ਮੱਕਾ ਵਾਸੀਆਂ ਨੂੰ ਪੂਰਨ ਤੌਰ ਤੇ ਮਾਫ ਕਰ ਦਿੱਤਾ। ਆਪ ਨੇ ਐਲਾਨ ਕੀਤਾ ਕਿ ਐ ਮੱਕਾ ਵਾਸੀਓ “ ਅੱਜ ਤੁਹਾਡੇ ਉੱਪਰ ਕੋਈ ਦੋਸ਼ ਨਹੀਂ ਤੇ ਤੁਸੀਂ ਸਾਰੇ ਆਜ਼ਾਦ ਹੋ”। ਆਪ ਜੀ ਦੇ ਇਸ ਤਰ੍ਹਾਂ ਦੇ ਚਰਿੱਤਰ ਨੂੰ ਦੇਖ ਕੇ ਇਸਲਾਮ ਦੇ ਦੁਸ਼ਮਣ ਲਗਭਗ ਸਾਰੇ ਮੱਕਾ ਵਾਸੀ ਇਸਲਾਮ ਦੇ ਪੈਰੋਕਾਰ ਬਣ ਗਏ। ਜਿਹੜਾ ਕੰਮ ਤਲਵਾਰ ਨਾਲ ਨਹੀਂ ਕੀਤਾ ਜਾ ਸਕਦਾ ਉਸ ਨੂੰ ਸੱਚੇ-ਸੁੱਚੇ ਚਰਿੱਤਰ ਨਾਲ ਨੇਪਰੇ ਚੜ੍ਹਾਇਆ।

ਅਸਲ ਅਰਥਾਂ ਵਿੱਚ ਮੁਹੰਮਦ (ਸਲ.) ਨੂੰ ਅੰਤਰ-ਰਾਸ਼ਟਰੀ ਭਾਈਚਾਰਕ ਸਾਂਝ, ਮਨੁੱਖੀ ਸਮਾਨਤਾ, ਲੋਕਤੰਤਰੀ ਸਿਧਾਂਤਾ ਆਦਿ ਨੂੰ ਅਮਲੀ ਰੂਪ ਵਿੱਚ ਲਾਗੂ ਕਰਨ ਵਾਲਾ ਮੰਨਿਆ ਜਾ ਸਕਦਾ ਹੈ। ਇਹਨਾਂ ਸਿਧਾਂਤਾਂ ਨੂੰ ਪੱਛਮੀ ਦੇਸ਼ਾਂ ਨੇ ਬਹੁਤ ਬਾਅਦ ਵਿੱਚ ਅਪਣਾਇਆ ਹੈ। ਇਸਲਾਮ ਦੇ ਇਸੇ ਦ੍ਰਿਸ਼ਟੀਕੋਣ ਬਾਰੇ ਸੁਤੰਤਰ ਭਾਰਤ ਦੀ ਪਹਿਲੀ ਮਹਿਲਾ ਮਾਨਯੋਗ ਰਾਜਪਾਲ ਸਰੋਜਨੀ ਨਾਇਡੂ ਨੇ ਕਿਹਾ ਸੀ ਕਿ “ ਇਸਲਾਮ ਹੀ ਪਹਿਲਾ ਧਰਮ ਸੀ ਜਿਸਨੇ ਲੋਕਤੰਤਰ ਦੀ ਸਿੱਖਿਆ ਦਿੱਤੀ ਅਤੇ ਉਸਨੂੰ ਵਿਵਹਾਰਕ ਰੂਪ ਦਿੱਤਾ।ਉਹਨਾਂ ਕਿਹਾ ਕਿ ਇਸਲਾਮ ਧਰਮ ਨੂੰ ਮੰਨਣ ਵਾਲੇ ਦਿਨ ਵਿੱਚ 5 ਵਾਰ ਮਸਜਿਦ ‘ਚ ਨਮਾਜ਼ ਪੜ੍ਹਨ ਸਮੇਂ ਬਿਨ੍ਹਾ ਕਿਸੇ ਭੇਦ-ਭਾਵ ਅਮੀਰ-ਗਰੀਬ, ਗੋਰੇ-ਕਾਲੇ ਆਦਿ ਨੂੰ ਭੁਲਾ ਕੇ ਮੋਢੇ ਨਾਲ ਮੋਢਾ ਜੋੜ ਕੇ ਇੱਕ ਲਾਇਨ ਵਿੱਚ ਖੜ੍ਹੇ ਹੁੰਦੇ ਹਨ। ਮੈ ਇਸਲਾਮ ਦੀ ਇਸ ਨਾ ਵੰਡੀ ਜਾਣ ਵਾਲੀ ਏਕਤਾ ਨੂੰ ਦੇਖ ਕੇ ਬਹੁਤ ਪ੍ਰਭਾਵਿਤ ਹੋਈ ਹਾਂ”। ਇਸੀ ਤਰ੍ਹਾਂ ਇਸਲਾਮ ਨੂੰ ਮੰਨਣ ਵਾਲੇ ਹਰ ਸਾਲ ਹੱਜ ਮੌਕੇ ਰੰਗ, ਨਸਲ, ਗੋਰੇ-ਕਾਲੇ ਆਦਿ ਦੇ ਭੇਦ-ਭਾਵ ਤੋਂ ਉੱਪਰ ਉੱਠ ਕੇ ਸਾਰੇ ਦੇਸ਼ਾਂ ਦੇ ਮੁਸਲਮਾਨ ਹੱਜ ਦੇ ਅਹਿਮ ਫਰਜ਼ ਨੂੰ ਪੂਰਾ ਕਰਦੇ ਹਨ ਜੋ ਕਿ ਅੰਤਰ-ਰਾਸ਼ਟਰੀ ਭਰਾਤਰੀ ਭਾਵ ਦਾ ਪ੍ਰਤੀਕ ਹੈ।ਇਸ ਕਰਕੇ ਹੀ ਪੋ. ਹਰਗਰੋਨਜ਼ ਨੇ ਕਿਹਾ ਸੀ ਕਿ “ ਪੈਗੰਬਰੇ ਇਸਲਾਮ ਦੁਆਰਾ ਸਥਾਪਤ ਰਾਸ਼ਟਰ ਸੰਘ  ਨੇ ਅੰਤਰ-ਰਾਸ਼ਟਰੀ  ਏਕਤਾ ਅਤੇ ਮਨੁੱਖੀ ਭਾਈਚਾਰੇ ਦੇ ਨਿਯਮਾਂ ਨੂੰ ਅਜਿਹੇ ਸਰਵਜਨਕ ਪੱਧਰ ਤੇ ਸਥਾਪਤ ਕੀਤਾ ਹੈ ਜੋ ਦੂਸਰੇ ਰਾਸ਼ਟਰਾਂ ਨੂੰ ਰਸਤਾ ਦਿਖਾਉਂਦੇ ਰਹਿਣਗੇ”।ਇਸ ਤਰ੍ਹਾਂ ਆਪ ਦੀ ਸਖਸ਼ੀਅਤ ਅਤੇ ਗੁਣਾਂ ਦੇ ਕਾਰਨ ਆਪ ਦਾ ਨਾਮ ਵਿਸ਼ਵ ਦੇ ਇਤਿਹਾਸ ਨੂੰ ਸਭ ਤੋਂ ਵੱਧ ਪ੍ਰਭਾਵਿਤ ਕਰਨ ਵਾਲੇ ਵਿਅਕਤੀਆਂ ਵਿੱਚ ਸ਼ਾਮਿਲ ਹੈ । ਅੱਜ ਵੀ ਉਹਨਾਂ ਵੱਲੋਂ ਬਿਤਾਇਆ ਸੱਚਾ-ਸੁੱਚਾ, ਸਾਦਗੀ ਭਰਪੂਰ, 10 ਲੱਖ ਮੀਲ ਤੋਂ ਵੀ ਵੱਧ ਖੇਤਰ ਦੇ ਰਾਜਨੀਤਿਕ ਅਤੇ ਧਾਰਮਿਕ ਆਗੂ ਹੋਣ ਦੇ ਬਾਵਜੂਦ ਹੱਥੀ ਕੀਰਤ ਕਰਕੇ ਖਾਣ ਵਾਲੇ, ਉੱਚ ਸੈਨਾ ਨਾਇਕ, ਸਮਾਜ ਸੁਧਾਰਕ, ਅਮਾਨਤਦਾਰੀ ਨਾਲ ਵਪਾਰ ਕਰਨ ਵਾਲੇ, ਅਸੱਭਿਅਕ ਲੋਕਾਂ ਨੂੰ ਸੱਭਿਅਕ ਬਣਾਉਣ ਵਾਲੇ, ਦੀਨ-ਦੁਖੀਆਂ ਦੀ ਸੇਵਾ ਕਰਨ ਵਾਲਾ ਆਦਰਸ਼ਕ ਜੀਵਨ ਲੋਕਾਂ ਲਈ ਰਾਹ ਦਰਸਾਉ ਹੈ। ਅੱਜ ਵਿਸ਼ਵ ਵਿੱਚ ਫੈਲੇ ਭ੍ਰਿਸ਼ਟਾਚਾਰ, ਨਸਲਕੁਸ਼ੀ, ਮਨੁੱਖੀ ਕਦਰਾਂ-ਕੀਮਤਾਂ ਵਿੱਚ ਗਿਰਾਵਟ, ਕਾਲੇ ਧਨ ਆਦਿ ਦੀ ਸਮੱਸਿਆ ਨੂੰ ਆਪ ਦੁਆਰਾ ਅਮਲੀ ਰੂਪ ਵਿੱਚ ਅਪਣਾਏ ਸਿਧਾਂਤਾ ਨਾਲ ਖਤਮ ਕੀਤਾ ਜਾ ਸਕਦਾ ਹੈ।
ਸੰਨ 10 ਹਿਜਰੀ ਨੂੰ ਆਪ ਨੇ ਆਪਣੇ 125000 ਸਹਾਬਾ (ਸਾਥੀਆਂ) ਨਾਲ ਆਪਣੀ ਜਿੰਦਗੀ ਦਾ ਆਖਰੀ ਹੱਜ ਕੀਤਾ। ਇਸ ਮੌਕੇ ਆਪ ਨੇ ਆਪਣੇ ਸਾਥੀਆਂ ਨੂੰ ਖੁਤਬੇ (ਭਾਸ਼ਣ) ਰਾਹੀਂ ਕੁਝ ਸੰਦੇਸ਼ ਦਿੱਤੇ ਜਿਨ੍ਹਾਂ ਵਿੱਚੋਂ ਕੁਝ ਇਸ ਪ੍ਰਕਾਰ ਸਨ;- “ਮੁਸਲਮਾਨੋਂ ਤੁਸੀਂ ਸਾਰੇ ਆਦਮ ਦੀ ਔਲਾਦ ਹੋ ਅਤੇ ਆਦਮ ਮਿੱਟੀ ਵਿੱਚੋਂ ਪੈਦਾ ਕੀਤਾ ਗਿਆ ਸੀ। ਤੁਹਾਡੇ ਲਈ ਇੱਕ ਦੂਜੇ ਦਾ ਖੁਨ ਵਹਾਉਣਾ, ਇੱਕ ਦੂਸਰੇ ਦਾ ਮਾਲ ਹੜੱਪਣਾ, ਇੱਕ ਦੂਸਰੇ ਦੀ ਇੱਜ਼ਤ ਨਾਲ ਖੇਡਣਾ ਹਰਾਮ ਹੈ”।

ਇਸ ਹੱਜ ਤੋਂ ਬਾਅਦ ਆਪ ਮਦੀਨੇ ਵਾਪਸ ਚਲੇ ਗਏ ਅਤੇ ਕੁਝ ਸਮੇਂ ਬਾਅਦ ਬੁਖਾਰ ਕਾਰਨ ਰਬੀ-ਉਲ-ਅੱਵਲ ਦੀ 12 ਤਾਰੀਖ ਦਿਨ ਸੋਮਵਾਰ ਨੂੰ ਆਪ ਇਸ ਦੁਨੀਆਂ ਤੋਂ 63 ਸਾਲ ਦੀ ਉਮਰ ਵਿੱਚ ਕਿਨਾਰਾ ਕਰ ਗਏ।ਇੱਥੇ ਇਹ ਗੱਲ ਵਿਸ਼ੇਸ਼ ਰੂਪ ਵਿਚ ਧਿਆਨ ਦੇਣ ਯੋਗ ਹੈ ਕਿ ਮੁਹੰਮਦ (ਸਲ.) ਦਾ ਜਨਮ ਅਤੇ ਵਫਾਤ ਭਾਵ ਮੌਤ ਦਾ ਦਿਨ ਮਹੀਨਾ ਇੱਕੋ ਹੀ ਹੈ। ਰਬੀ-ਉਲ-ਅੱਵਲ ਦੀ 12 ਤਾਰੀਖ ਦਿਨ ਸੋਮਵਾਰ ਨੂੰ ਹੀ ਜਨਮ ਤੇ ਇਸੀ ਦਿਨ ਅਤੇ ਮਹੀਨੇ ਵਿੱਚ ਵਫਾਤ ਭਾਵ ਮੌਤ ਦਾ ਦਿਨ ਹੈ।

ਸਿੱਖ ਧਰਮ ਵਿੱਚ ਔਰਤ ਦਾ ਸਥਾਨ

$
0
0

ਸਿੱਖ ਧਰਮ ਦੇ ਹੋਂਦ ਵਿੱਚ ਆਉਣ ਤੋਂ ਪਹਿਲਾਂ, ਭਾਰਤ ਵਰਸ਼ ਵਿੱਚ ਦੋ ਮੁੱਖ ਧਰਮ ਪ੍ਰਚਲਿਤ ਸਨ- ਇੱਕ ਸਨਾਤਨ ਮੱਤ ਭਾਵ ਹਿੰਦੂ ਮੱਤ ਤੇ ਦੂਜਾ ਇਸਲਾਮ। ਜੇ ਆਪਾਂ ਉਸ ਸਮੇਂ ਦੀ ਔਰਤ ਦੀ ਹਾਲਤ ਤੇ ਨਜ਼ਰ ਮਾਰੀਏ ਤਾ ਪਤਾ ਲਗਦਾ ਹੈ ਕਿ- ਦੋਹਾਂ ਮੱਤਾਂ ਵਿੱਚ ਔਰਤ ਨੂੰ ਇੱਕ ਵਸਤੂ ਤੋਂ ਵੱਧ ਕੁੱਝ ਨਹੀਂ ਸੀ ਸਮਝਿਆ ਜਾਂਦਾ। ਹਿੰਦੂ ਧਰਮ ਦੇ ਰਾਮਾਇਣ ਵਰਗੇ ਪਵਿੱਤਰ ਗ੍ਰੰਥ ਵਿੱਚ ਤੁਲਸੀਦਾਸ ਨੇ ਤਾਂ ਔਰਤ ਦੀ ਤੁਲਨਾ ਪਸ਼ੂਆਂ ਨਾਲ ਕੀਤੀ ਹੋਈ ਹੈ। ਇਸ ਤੋਂ ਬਿਨਾ ਔਰਤਾਂ ਨੂੰ, ਪੂਜਾ ਪਾਠ ਕਰਨ ਜਾਂ ਮੰਦਰਾਂ ਵਿੱਚ ਜਾਣ ਦਾ ਅਧਿਕਾਰ ਨਹੀਂ ਸੀ। ਬਿਨਾ ਸ਼ੱਕ- ਹਿੰਦੁਸਤਾਨ ਦੇ ਕਈ ਵੱਡੇ ਮੰਦਰਾਂ ਵਿੱਚ ਤਾਂ ਅੱਜ ਤੱਕ ਵੀ ਔਰਤਾਂ ਦੇ ਜਾਣ ਦੀ ਮਨਾਹੀ- ਉਸੇ ਤਰ੍ਹਾਂ ਕਾਇਮ ਹੈ। ਔਰਤ ਨੂੰ ਪਰਦੇ ਵਿੱਚ ਰੱਖਣ ਖਾਤਿਰ, ਮਰਦਾਂ ਤੋਂ ਘੁੰਡ ਕੱਢਣ ਦਾ ਰਿਵਾਜ ਪੈਦਾ ਹੋਇਆ।

ਇਸਲਾਮ ਮੱਤ ਵਿੱਚ ਵੀ, ਔਰਤਾਂ ਨੂੰ ਬੁਰਕਾ ਪਹਿਨਣ ਲਈ ਮਜਬੂਰ ਕੀਤਾ ਜਾਂਦਾ। ਅਜੇ ਤੱਕ ਵੀ ਕਿਸੇ ਮਸਜਿਦ ਵਿੱਚ ਔਰਤਾਂ ਆਦਮੀਆਂ ਦੇ ਸਾਹਮਣੇ ਨਹੀਂ ਬੈਠ ਸਕਦੀਆਂ ਤੇ ਨਾ ਹੀ ਕੋਈ ਧਾਰਮਿਕ ਪ੍ਰਵਚਨ ਸੁਣ ਸਕਦੀਆਂ ਹਨ- ਸਗੋਂ ਉਹਨਾਂ ਨੂੰ ਕਮਰੇ ਅੰਦਰ ਪਰਦਾ ਕਰਕੇ, ਓਹਲੇ ਬਿਠਾਇਆ ਜਾਂਦਾ ਹੈ। ਦੋਹਾਂ ਧਰਮਾਂ ਦੇ ਲੋਕ, ਔਰਤ ਦੀ ਪੜ੍ਹਾਈ ਲਿਖਾਈ ਦੇ ਵਿਰੁੱਧ ਸਨ। ਦੋਹਾਂ ਧਰਮਾਂ ਵਿੱਚ ਔਰਤ ਸਦੀਆਂ ਤੱਕ ਗੁਲਾਮੀ ਵਾਲਾ ਜੀਵਨ ਬਸਰ ਕਰਦੀ ਰਹੀ। ਕਿਸੇ ਮਰਦ ਦਾ ਇੱਕ ਔਰਤ ਤੋਂ ਮਨ ਭਰ ਜਾਂਦਾ ਤਾਂ ਉਹ ਜਦ ਮਰਜ਼ੀ ਦੂਸਰੀ ਨਾਲ ਵਿਆਹ ਕਰ ਲੈਂਦਾ। ਪਰ ਇਸ ਦੇ ਉਲਟ ਕਿਸੇ ਔਰਤ ਨੂੰ, ਪਤੀ ਦੀ ਮੌਤ ਤੋਂ ਬਾਅਦ ਵੀ ਦੂਜੇ ਵਿਆਹ ਦੀ ਆਗਿਆ ਨਹੀਂ ਸੀ- ਸਗੋਂ ਉਸ ਨੂੰ ਜਿਉਂਦੇ ਜੀਅ ਪਤੀ ਦੇ ਨਾਲ ਸਤੀ ਕਰ ਦਿੱਤਾ ਜਾਂਦਾ। ਔਰਤ ਨੂੰ ਮਰਦ ਦੀ ਦਾਸੀ ਜਾਂ ਇੱਕ ਭੋਗ-ਵਿਲਾਸ ਦੀ ਵਸਤੂ ਤੋਂ ਵੱਧ ਕੁੱਝ ਨਹੀਂ ਸੀ ਸਮਝਿਆ ਜਾਂਦਾ? ਭਗਤ ਛੱਜੂ ਨੇ ਤਾਂ ਇੱਥੋਂ ਤੱਕ ਵੀ ਕਿਹਾ ਸੀ ਕਿ-‘ਇਸਤਰੀ ਕਾਗਜ਼ ਦੀ ਵੀ ਬਣੀ ਹੋਵੇ ਤਾਂ ਉਸ ਤੋਂ ਦੂਰ ਹੀ ਰਹੋ’। ਪਤੀ ਕਿੰਨਾ ਵੀ ਦੁਰਾਚਾਰੀ ਹੋਵੇ, ਨਸ਼ਈ ਹੋਵੇ- ਉਹ ਉਸ ਦਾ ਮਾਲਕ ਹੈ ਤੇ ਪਤਨੀ ਨੇ ਉਸ ਦੀ ਸੇਵਾ ਹੀ ਕਰਨੀ ਹੈ। ਔਰਤ ਦੇ ਦੈਵੀ ਗੁਣਾਂ- ਸੰਜਮ, ਸੇਵਾ, ਪਿਆਰ, ਪਰਉਪਕਾਰ, ਸਹਿਨਸ਼ੀਲਤਾ, ਮਮਤਾ, ਮਿਹਨਤੀ ਸੁਭਾਅ ਆਦਿ ਵੱਲ ਕਿਸੇ ਦਾ ਕਦੇ ਧਿਆਨ ਹੀ ਨਹੀਂ ਸੀ ਗਿਆ।

ਅਜੇਹੇ ਭਿਆਨਕ ਸਮੇਂ, ਪੰਦਰਵੀਂ ਸਦੀ ਦੇ ਅੱਧ ਤੋਂ ਬਾਅਦ, ਮਨੁੱਖਤਾ ਦੇ ਰਹਿਬਰ, ਸਾਹਿਬ ਸ੍ਰੀ ਗੁਰੂੁ ਨਾਨਕ ਦੇਵ ਜੀ ਨੇ ਅਵਤਾਰ ਧਾਰਿਆ- ਜੋ ਔਰਤ ਜ਼ਾਤ ਲਈ ਇੱਕ ਮਸੀਹਾ ਬਣ ਕੇ ਆਏ। ਉਹਨਾਂ ਔਰਤ ਮਰਦ ਦੀ ਬਰਾਬਰਤਾ ਤੇ, ਸਿੱਖ ਧਰਮ ਦੀ ਨੀਂਹ ਰੱਖੀ। ਉਹਨਾਂ ਔਰਤ ਦੇ ਹੱਕ ਵਿੱਚ ਆਵਾਜ਼ ਉਠਾਉਂਦਿਆਂ ਹੋਇਆਂ ਰਾਜਿਆਂ ਤੇ ਧਰਮ ਦੇ ਠੇਕੇਦਾਰਾਂ ਨੂੰ ਸੁਆਲ ਕੀਤਾ-

ਸੋ ਕਿਉ ਮੰਦਾ ਆਖੀਅਹਿ ਜਿਤ ਜੰਮਹਿ ਰਾਜਾਨੁ॥ (ਅੰਗ 473)

ਉਹ ਆਪਣੇ ਮਾਤਾ ਤ੍ਰਿਪਤਾ ਜੀ ਦਾ ਵੀ ਪੂਰਾ ਆਦਰ ਸਨਮਾਨ ਕਰਦੇ। ਜਦ ਅੱਠ ਕੁ ਸਾਲ ਦੀ ਉਮਰ ਵਿੱਚ, ਹਿੰਦੂ ਮੱਤ ਅਨੁਸਾਰ ਉਹਨਾਂ ਦੇ ਜਨੇਊ ਪਾਉਣ ਦੀ ਰਸਮ ਲਈ ਪੰਡਤ ਹਰਦਿਆਲ ਜੀ ਨੂੰ ਬੁਲਾਇਆ ਗਿਆ ਤਾਂ ਉਹਨਾਂ ਸੁਆਲ ਕੀਤਾ ਕਿ- ‘ਮੇਰੀ ਵੱਡੀ ਭੈਣ ਬੇਬੇ ਨਾਨਕੀ ਦੇ ਪਹਿਲਾਂ ਜਨੇਊ ਕਿਉਂ ਨਹੀਂ ਪਾਇਆ?’ ਉਹਨਾਂ ਦਾ ਇਹ ਪ੍ਰਸ਼ਨ ਅਸਲ ਵਿੱਚ ਔਰਤ ਦੀ ਬਰਾਬਰਤਾ ਲਈ ਚੁੱਕਿਆ ਪਹਿਲਾ ਕਦਮ ਸੀ। ਬੇਬੇ ਨਾਨਕੀ ਦਾ ਸਤਿਕਾਰ ਆਪਣੇ ਪੇਕੇ ਘਰ ਹੀ ਨਹੀਂ ਸਗੋਂ ਸਹੁਰੇ ਪਰਿਵਾਰ ਵਿੱਚ ਵੀ ਪੂਰਾ ਸੀ। ਉਹਨਾਂ ਦੇ ਪਤੀ ਜੈ ਰਾਮ ਜੀ ਵੀ ਉਸ ਤੋਂ ਪੁੱਛੇ ਬਿਨਾ ਕੋਈ ਕੰਮ ਨਾ ਕਰਦੇ। ਬਾਬਾ ਨਾਨਕ ਵੀ ਭੈਣ ਦੀ ਕਹੀ ਗੱਲ ਮੋੜ ਨਾ ਸਕਦੇ। ਜਦ ਬੇਬੇ ਨਾਨਕੀ ਨੇ ਸੁਲਤਾਨਪੁਰ ਜਾਣ ਕਈ ਉਹਨਾਂ ਨੂੰ ਕਿਹਾ ਤਾਂ ਉਹ ਨਾਂਹ ਨਹੀਂ ਕਰ ਸਕੇ। ਭੈਣ ਦੇ ਕਹਿਣ ਤੇ ਮੋਦੀਖਾਨੇ ਵਿੱਚ ਨੌਕਰੀ ਵੀ ਕੀਤੀ। ਉਸ ਤੋਂ ਪਿੱਛੋਂ ਜਦੋਂ ਗੁਰੂੁ ਸਾਹਿਬ ਉਦਾਸੀਆਂ ਤੇ ਜਾਂਦੇ, ਤਾਂ ਆਪਣੀ ਭੈਣ ਨਾਨਕੀ ਨੂੰ ਮਾਤਾ ਸੁਲੱਖਣੀ ਅਤੇ ਆਪਣੇ ਬੱਚਿਆਂ ਦੀ ਸੇਵਾ ਸੰਭਾਲ ਵੀ ਜ਼ਿੰਮੇਵਾਰੀ ਵੀ ਸੌਂਪ ਕੇ ਜਾਂਦੇ। ਇਹ ਸਭ ਗੁਰੂ ਘਰ ਵਿੱਚ ਔਰਤ ਦੇ ਸਤਿਕਾਰ ਦੀਆਂ ਹੀ ਮਿਸਾਲਾਂ ਹਨ।

ਦਸ ਜਾਮਿਆਂ ਵਿੱਚ, ਉਹਨਾਂ ਦੁਆਰਾ ਉਚਾਰੀ ਗਈ ਬਾਣੀ ਵਿੱਚ ਵੀ, ਮਰਦ ਤੇ ਔਰਤ ਨੂੰ ਇੱਕ ਸਮਾਨ ਸਮਝ ਕੇ, ਕੇਵਲ ਦੋਹਾਂ ਦੀ ਆਤਮਾ ਨੂੰ ਜੀਵ-ਆਤਮਾ ਨਾਲ ਸੰਬੋਧਨ ਕੀਤਾ ਗਿਆ ਹੈ- ਜੋ ਪ੍ਰਭੂ ਪਤੀ ਦੇ ਮਿਲਾਪ ਲਈ ਤੜਪਦੀ ਹੈ- ਤੇ ਜਿਸ ਨੇ ਉਸੇ ਵਿੱਚ ਸਮਾ ਜਾਣਾ ਹੈ। ਗੁਰਬਾਣੀ ਅਨੁਸਾਰ- ਸਾਰੇ ਜਗਤ ਦਾ ਪਤੀ ਪ੍ਰਮੇਸ਼ਰ ਹੈ ਤੇ ਸਾਰੇ ਮਰਦ- ਔਰਤਾਂ, ਉਸੇ ਦੀਆਂ ਇਸਤਰੀਆਂ ਹਨ। ਇਸ ਤਰ੍ਹਾਂ, ਗੁਰੂੁ ਸਾਹਿਬਾਂ ਨੇ ਬਾਣੀ ਵਿੱਚ ਸ਼ਿੰਗਾਰ ਰਸ ਭਰ ਕੇ, ਅਧਿਆਤਮਕ ਪ੍ਰੇਮ ਨੂੰ, ਲੋਕਾਂ ਦੇ ਦਿਲਾਂ ਤੱਕ ਸਰਲਤਾ ਨਾਲ ਪੁਚਾ ਦਿੱਤਾ। ਨਾਲ ਹੀ ਗੁਰੂ ਸਾਹਿਬਾਂ ਨੇ, ਸਿੱਖ ਧਰਮ ਵਿੱਚ ਲੰਗਰ ਦੀ ਪਰੰਪਰਾ ਸ਼ੁਰੂ ਕਰਕੇ ਵੀ, ਹਰ ਮਾਈ ਭਾਈ ਨੂੰ ਬਰਾਬਰਤਾ ਦਾ ਅਹਿਸਾਸ ਕਰਵਾਇਆ। ਉਹਨਾਂ ਉਸ ਸਮੇਂ ਦੇ- ਮੁੱਲਾਂ, ਮੁਲਾਣਿਆਂ, ਕਾਜੀਆਂ ਹਾਜੀਆਂ, ਪੰਡਤਾਂ, ਵਿਦਵਾਨਾਂ, ਨਾਥਾਂ, ਜੋਗੀਆਂ ਤੇ ਧਾਰਮਿਕ ਜਾਂ ਰਾਜਸੀ ਆਗੂਆਂ ਦੀ, ਔਰਤ ਪ੍ਰਤੀ ਨੀਵੀਂ ਸੋਚ ਦੀ ਖੁਲ੍ਹ ਕੇ ਨਿੰਦਾ ਕੀਤੀ ਤੇ ਇਨਸਾਨੀਅਤ ਦਾ ਸੱਚਾ- ਸੁੱਚਾ ਮਾਰਗ ਦਰਸਾਇਆ। ਉਹ ਆਪਣੇ ਸਮੇਂ ਦੇ ਪਹਿਲੇ ਕ੍ਰਾਂਤੀਕਾਰੀ ਸਮਾਜ ਸੁਧਾਰਕ ਸਨ ਜਿਹਨਾਂ ਧਾਰਮਿਕ ਆਗੂਆਂ ਦੀਆਂ ਅੱਖਾਂ ਖੋਲ੍ਹਦੇ ਹੋਏ, ਨਗਾਰੇ ਦੀ ਚੋਟ ਤੇ ਕਿਹਾ ਕਿ- ਜਿਸ ਔਰਤ ਤੋਂ ਜਨਮ ਲੈਂਦੇ ਹੋ- ਤੇ ਜਿਸ ਬਿਨਾ ਕੋਈ ਸਮਾਜਿਕ ਜਾਂ ਭਾਈਚਾਰਕ ਕੰਮ ਨਹੀਂ ਚਲ ਸਕਦਾ- ਉਸ ਦੀ ਨਿਰਾਦਰੀ ਕਰਨਾ ਕਿਥੋਂ ਦੀ ਸਿਆਣਪ ਹੈ?-

ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵੀਆਹੁ॥
ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ॥ (ਅੰਗ 473)

ਸ਼੍ਰੀ ਗੁਰੂ ਨਾਨਕ ਦੇਵ ਜੀ ਜਿੱਥੇ ਵੀ ਜਾਂਦੇ- ਉਥੇ ਮਰਦ ਤੇ ਔਰਤਾਂ ਨੂੰ ਇੱਕੱਠੇ ਬਿਠਾ, ਇੱਕੋ ਜਿਹਾ ਉਪਦੇਸ਼ ਦਿੰਦੇ। ਵੈਸੇ ਵੀ ਸਿੱਖ ਧਰਮ ਦਾ ਸਿਧਾਂਤ- ‘ਕਿਰਤ ਕਰੋ, ਨਾਮ ਜਪੋ, ਵੰਡ ਛਕੋ’ ਇੰਨਾ ਸਰਲ ਸੀ ਕਿ- ਹਰੇਕ ਮੱਤ ਦੇ ਲਿਤਾੜੇ ਹੋਏ, ਮਰਦ ਔਰਤਾਂ ਵੱਡੀ ਗਿਣਤੀ ਵਿੱਚ, ਇਸ ਮੱਤ ਨੂੰ ਧਾਰਨੀ ਹੋ ਗਏ।

ਦੂਸਰੇ ਪਾਤਸ਼ਾਹ ਸ੍ਰੀ ਗੁਰੂੁ ਅੰਗਦ ਦੇਵ ਜੀ ਨੇ ਤਾਂ, ਆਪਣੇ ਮਹਿਲ ਮਾਤਾ ਖੀਵੀ ਜੀ ਨੂੰ, ਖਡੂਰ ਸਾਹਿਬ ਵਿਖੇ ਲੰਗਰਾਂ ਦੀ ਸੇਵਾ ਦੇ ਇੰਚਾਰਜ ਥਾਪ ਦਿੱਤਾ। ਜਿਸ ਕਾਰਨ ਉਹ, ਸੰਗਤ ਵਿੱਚ ਜਿਸ ਮਾਣ ਸਤਿਕਾਰ ਦੇ ਪਾਤਰ ਬਣੇ- ਉਹ ਆਪਣੇ ਆਪ ਵਿੱਚ ਔਰਤ ਦੇ ਸਨਮਾਨ ਦੀ ਅਦੁੱਤੀ ਮਿਸਾਲ ਹੈ। ਮਾਤਾ ਖੀਵੀ ਜੀ, ਨਾਮ ਸਿਮਰਨ ਵਿੱਚ ਰੰਗੀ ਹੋਈ ਐਸੀ ਰੱਬੀ ਰੂਹ ਸਨ ਕਿ- ਉਹ ਦੂਰੋਂ ਨੇੜਿਉਂ ਆਈ ਸੰਗਤ ਦੀ ਆਓ ਭਗਤ ਵਿੱਚ ਕੋਈ ਕਸਰ ਨਾ ਛੱਡਦੇ। ਉਹਨਾਂ ਦੀ ਆਪਣੇ ਹੱਥੀਂ ਬਣਾਈ ਖੀਰ ਦੀ ਮਿਠਾਸ ਤਾਂ ਦੂਰ ਦੂਰ ਤੱਕ ਪਹੁੰਚ ਜਾਂਦੀ। ਆਪ ਜੀ ਦੀ ਜਾਣਕਾਰੀ ਹਿੱਤ ਇਹ ਵੀ ਦੱਸ ਦਿਆਂ ਕਿ- ਪੰਜਾਬ ਯੂਨੀਵਰਸਿਟੀ, ਚੰਡੀਗੜ ਦੇ ਪ੍ਰੋਫੈਸਰ ਪੰਡਿਤ ਰਾਓ ਧਰੇਨਵਰ ਜੋ ਕਰਨਾਟਕਾ ਤੋਂ ਹਨ- ਨੇ ਮਾਤਾ ਖੀਵੀ ਦੇ ਜੀਵਨ ਤੋਂ ਪ੍ਰਭਾਵਤ ਹੋ ਕੇ, ਆਪਣੀ ਬੇਟੀ ਦਾ ਨਾਮ ਵੀ ‘ਖੀਵੀ’ ਰੱਖਿਆ ਹੈ, ਅਤੇ ਉਹ ਉਸਦੇ ਜਨਮ ਦਿਨ ਤੇ ਖੀਰ ਦਾ ਲੰਗਰ ਵੀ ਲਾਉਂਦੇ ਹਨ। ਕਾਸ਼! ਅਸੀਂ ਵੀ ਇਹਨਾਂ ਸਨਮਾਨਯੋਗ ਸਿੱਖ ਔਰਤਾਂ ਨੂੰ ਆਪਣੀਆਂ ਬੱਚੀਆਂ ਦੇ ਰੋਲ ਮਾਡਲ ਬਣਾ ਸਕੀਏ!
ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਕਦਮ ਚਿੰਨ੍ਹਾਂ ਤੇ ਚਲਦੇ ਹੋਏ, ਤੀਸਰੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਅਮਰ ਦਾਸ ਜੀ ਨੇ ਵੀ, ਔਰਤ ਦੀ ਸਥਿਤੀ ਸੁਧਾਰਨ ਲਈ ਕਈ ਮਹੱਤਵਪੂਰਨ ਕਦਮ ਚੁੱਕੇ। ਉਹਨਾਂ ਔਰਤ ਜ਼ਾਤ ਦੇ ਮੱਥੇ ਦਾ ਕਲੰਕ ਬਣ ਚੁੱਕੀ, ਸਤੀ ਦੀ ਪ੍ਰਥਾ ਦਾ ਵਿਰੋਧ ਕਰਦਿਆਂ ਹੋਇਆਂ ਫੁਰਮਾਇਆ-

ਸਤੀਆ ਏਹਿ ਨ ਆਖੀਅਨਿ ਜੋ ਮੜਿਆ ਲਗਿ ਜਲੰਨਿ॥
ਨਾਨਕ ਸਤੀਆ ਜਾਣੀਅਨਿ ਜਿ ਬਿਰਹੇ ਚੋਟ ਮਰੰਨਿ॥ (ਅੰਗ 787)

ਉਹਨਾਂ ਨੇ ਅਕਬਰ ਬਾਦਸ਼ਾਹ ਨੂੰ ਕਹਿ ਕੇ, ਸਤੀ ਪ੍ਰਥਾ ਬੰਦ ਕਰਵਾਉਣ ਲਈ ਕਨੂੰਨ ਬਣਵਾਇਆ। ਗੁਰੂੁ ਸਾਹਿਬਾਂ ਨੇ ਇਹ ਵੀ ਕਿਹਾ ਕਿ- ਜੇ ਮਰਦ ਦੂਜਾ ਵਿਆਹ ਕਰਾ ਸਕਦਾ ਹੈ ਤਾ ਔਰਤ ਕਿਉਂ ਨਹੀਂ? ਸੋ ਉਹਨਾਂ ਵਿਧਵਾ ਵਿਆਹ ਦੀ ਰੀਤ ਵੀ ਸ਼ੁਰੂ ਕੀਤੀ। ਔਰਤਾਂ ਨੂੰ ਪਰਦੇ ਵਿੱਚ ਰਹਿਣ ਦੀ ਹਿਦਾਇਤ ਸਦਕਾ- ਬੀਬੀਆਂ ਸੰਗਤ ਵਿੱਚ ਵੀ ਘੁੰਡ ਕੱਢ ਕੇ ਆਉਂਦੀਆਂ। ਗੁਰੂ ਸਾਹਿਬ ਨੇ ਐਲਾਨ ਕੀਤਾ ਕਿ- ਕੋਈ ਵੀ ਔਰਤ ਸੰਗਤ ਵਿੱਚ ਪਰਦਾ ਕਰਕੇ ਨਾ ਆਵੇ। ਸੋ ਇਸ ਤਰ੍ਹਾਂ ਔਰਤਾਂ ਨੂੰ ਘੁੰਡ ਤੋਂ ਛੁਟਕਾਰਾ ਮਿਲ ਗਿਆ। ਉਹਨਾਂ ਨੇ ਸਿੱਖੀ ਦੇ ਪ੍ਰਚਾਰ ਲਈ ਬਾਈ ਮੰਜੀਆਂ ਥਾਪੀਆਂ- ਭਾਵ ਬਾਈ ਸਿੱਖਾਂ ਨੂੰ ਵੱਖ ਵੱਖ ਥਾਵਾਂ ਤੇ ਪ੍ਰਚਾਰਕ ਨਿਯੁਕਤ ਕੀਤਾ- ਜਿਹਨਾਂ ਵਿੱਚੋਂ ਦੋ ਮੰਜੀਆਂ ਬੀਬੀਆਂ ਨੂੰ ਸੌਂਪੀਆਂ। ਉਹਨਾਂ ਦੀ ਪੁੱਤਰੀ ਬੀਬੀ ਭਾਨੀ ਜੀ- ਜੋ ਚੌਥੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਰਾਮ ਦਾਸ ਜੀ ਦੇ ਮਹਿਲ, ਤੇ ਪੰਚਮ ਪਾਤਸ਼ਾਹ ਸ੍ਰੀ ਗੁਰੂੁ ਅਰਜਨ ਦੇਵ ਜੀ ਦੇ ਮਾਤਾ ਜੀ ਸਨ- ਦਾ ਨਾਮ ਵੀ ਸਿੱਖ ਇਤਿਹਾਸ ਵਿੱਚ ਬੜੇ ਸਤਿਕਾਰ ਨਾਲ ਲਿਆ ਜਾਂਦਾ ਹੈ।

ਛੇਵੇਂ ਪਾਤਸ਼ਾਹ ਨੇ ਵੀ, ਗੁਜਰਾਤ ਵਿੱਚ ਫਕੀਰ ਸ਼ਾਹਦੌਲਾ ਦੇ ਪ੍ਰਸ਼ਨਾਂ ਦਾ ਉੱਤਰ ਦਿੰਦਿਆਂ ‘ਔਰਤ ਈਮਾਨ’ ਕਹਿ- ਔਰਤ ਨੂੰ ਵਡਿਆਇਆ। ਉਹਨਾਂ ਦੇ ਇਹ ਵੀ ਬਚਨ ਸਨ ਕਿ- ਹਰ ਮਾਂ ਕੋਲ ਇੱਕ ਬੇਟੀ ਜਰੂਰ ਹੋਣੀ ਚਾਹੀਦੀ ਹੈ-
ਸੀਲ ਖਾਨ ਕੰਨਿਆ ਇਕ ਹੋਵੈ।

ਨਹੀਂ ਤੋ ਮਾ ਗ੍ਰਹਿਸਤ ਵਿਗੋਵੈ। (ਗੁਰਬਿਲਾਸ ਪਾਤਸ਼ਾਹੀ ਛੇਵੀਂ)

ਸਿੱਖ ਧਰਮ ਵਿੱਚ ਗ੍ਰਹਿਸਤ ਆਸ਼ਰਮ ਨੂੰ ਵਡਿਆਇਆ ਗਿਆ ਹੈ। ਕਿਤੇ ਵੀ ਔਰਤ ਜਾਂ ਗ੍ਰਹਿਸਤ ਨੂੰ ਤਿਆਗ ਕੇ ਭਗਤੀ ਕਰਨ ਦੀ ਗੱਲ ਨਹੀਂ ਕੀਤੀ ਗਈ।

ਗੁਰਮਤਿ ਵਿੱਚ – ਔਰਤ ਨੂੰ ਮਰਦ ਦੀ ਕਮਜ਼ੋਰੀ ਨਹੀਂ, ਸਗੋਂ ਤਾਕਤ ਦਰਸਾਇਆ ਗਿਆ ਹੈ। ਇਹੀ ਕਾਰਨ ਹੈ ਕਿ ਸਿੱਖ ਇਤਿਹਾਸ ਵਿੱਚ- ਬੇਬੇ ਨਾਬਕੀ, ਬੀਬੀ ਅਮਰੋ, ਬੀਬੀ ਭਾਨੀ, ਮਾਤਾ ਗੁਜਰੀ, ਮਾਤਾ ਸੁੰਦਰੀ, ਮਾਤਾ ਸਾਹਿਬ ਕੌਰ, ਤੋਂ ਬਿਨਾ ਮਾਈ ਭਾਗੋ, ਮਹਾਂਰਾਣੀ ਸਦਾ ਕੌਰ ਤੇ ਰਾਣੀ ਜਿੰਦਾਂ ਵਰਗੀਆਂ ਅਨੇਕ ਸੂਰਬੀਰ ਔਰਤਾਂ ਦੀ ਮਹਾਨਤਾ ਕਿਸੇ ਤੋਂ ਲੁਕੀ ਛਿਪੀ ਨਹੀਂ। ਮਾਈ ਭਾਗੋ ਵਰਗੀਆਂ ਇੱਕ ਦਿਨ ‘ਚ ਨਹੀਂ ਮੈਦਾਨੇ ਜੰਗ ਵਿੱਚ, ਚਾਲ਼ੀ ਸਿੰਘਾਂ ਦੀ ਅਗਵਾਈ ਕਰਨ ਦੇ ਯੋਗ ਹੋ ਗਈਆਂ। ਉਹਨਾਂ ਨੂੰ ਬਚਪਨ ਵਿੱਚ ਹੀ ਘੋੜ ਸਵਾਰੀ ਤੇ ਤਲਵਾਰ ਦੇ ਜੌਹਰ ਸਿੱਖਣ ਦੇ ਅਵਸਰ ਪ੍ਰਦਾਨ ਹੋਏ ਸਨ। ਇਸ ਤੋਂ ਜ਼ਾਹਿਰ ਹੈ ਕਿ- ਸਿੱਖ ਪਰਿਵਾਰਾਂ ਵਿੱਚ ਬੱਚੀਆਂ ਨੂੰ, ਮਰਦਾਂ ਦੇ ਬਰਾਬਰ ਹੀ ਸ਼ਸਤਰ ਵਿਦਿਆ ਤੇ ਘੋੜ ਸਵਾਰੀ ਸਿੱਖਣ ਦੀ ਖੁਲ੍ਹ ਸੀ। ਇਸੇ ਤਰ੍ਹਾਂ ਮਾਤਾ ਸਾਹਿਬ ਕੌਰ ਤੇ ਮਾਤਾ ਸੁੰਦਰੀ ਜੀ ਵੀ  ਗੁਰੂ ਸਾਹਿਬ ਤੋਂ ਬਾਅਦ ਸਿੱਖ ਸੰਗਤਾਂ ਨੂੰ ਹੁਕਮਨਾਮੇ ਭੇਜ ਕੇ, ਕੌਮ ਦੀ ਅਗਵਾਈ ਕਰਦੀਆਂ ਰਹੀਆਂ। ਦਸ਼ਮੇਸ਼ ਪਿਤਾ ਵਲੋਂ, ਮਾਤਾ ਸਾਹਿਬ ਕੌਰ ਨੂੰ ਖਾਲਸੇ ਦੀ ਮਾਤਾ ਹੋਣ ਦਾ ਖਿਤਾਬ ਦੇਣਾ- ਔਰਤ ਦੇ ਸਨਮਾਨ ਦੀ ਸਿਖਰ ਹੈ।

ਇਥੇ ਹੀ ਬੱਸ ਨਹੀਂ- ਸਿੱਖ ਧਰਮ ਵਿੱਚ ਤਾਂ, ਔਰਤ ਆਪਣੇ ਪਰਿਵਾਰ ਦੀ ਮੈਂਬਰ ਹੋਵੇ ਜਾਂ  ਪਰਾਈ- ਸਭ ਦਾ ਹੀ ਬਰਾਬਰ ਸਤਿਕਾਰ ਕਰਨ ਦੀ ਹਿਦਾਇਤ ਹੈ। ਭਾਈ ਗੁਰਦਾਸ ਜੀ ਅਨੁਸਾਰ-

ਦੇਖਿ ਪਰਾਈਆ ਚੰਗੀਆ ਮਾਵਾਂ ਭੈਣਾਂ ਧੀਆਂ ਜਾਣੈ।

ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵੀ, ਖਾਲਸਾ ਪੰਥ ਦੀ ਸਾਜਨਾ ਕਰਕੇ, ਮਨੁੱਖਤਾ ਨੂੰ ਇੱਕ ਉੱਚੇ ਸੁੱਚੇ ਕਿਰਦਾਰ ਵਾਲਾ, ਸੰਪੂਰਨ ਖ਼ਾਲਸ ਇਨਸਾਨ, ਦੇਣ ਦਾ ਮਹਾਨ ਕਾਰਜ ਕੀਤਾ। ਇਹੀ ਕਾਰਨ ਸੀ ਕਿ- ਪਿਤਾ ਦਸ਼ਮੇਸ਼ ਦਾ ਹੁਕਮ ਮੰਨ ਕੇ ਸਾਹਿਬਜ਼ਾਦਾ ਅਜੀਤ ਸਿੰਘ 14 ਸਾਲ ਦੀ ਛੋਟੀ ਜਿਹੀ ਉਮਰੇ, ਪੰਡਤ ਦੇਵ ਦਾਸ ਦੀ ਬ੍ਰਾਹਮਣੀ ਨੂੰ ਮੁਗਲਾਂ ਹੱਥੋਂ ਛੁਡਾ ਲਿਆਉਂਦਾ ਹੈ। ਇਤਿਹਾਸ ਗਵਾਹ ਹੈ ਕਿ- ਖਾਲਸੇ ਨੇ ਦੁਸ਼ਮਣਾਂ ਦੀਆਂ ਔਰਤਾਂ ਨਾਲ ਵੀ ਕਦੇ ਦੁਰਵਿਹਾਰ ਨਹੀਂ ਕੀਤਾ। ਜਦੋਂ ਅਬਦਾਲੀ ਵਰਗੇ ਹਿੰਦੁਸਤਾਨ ਤੇ ਹਮਲੇ ਕਰਦੇ- ਤਾਂ ਉਹ ਲੁੱਟ ਦੇ ਮਾਲ ਦੇ ਨਾਲ ਨਾਲ ਹਿੰਦੂ ਔਰਤਾਂ ਨੂੰ ਵੀ ਬੰਦੀ ਬਣਾ ਕੇ ਲੈ ਜਾਂਦੇ। ਪਰ ਉਸ ਵੇਲੇ ਹਿੰਦੂ ਕੌਮ ਤਾਂ ਇੰਨੀ ਨਿਤਾਣੀ ਹੋ ਚੁੱਕੀ ਸੀ ਕਿ- ਉਹ ਆਪਣੀਆਂ ਔਰਤਾਂ ਨੂੰ ਛੁਡਾਉਣ ਦੀ ਜੁਰਅਤ ਨਹੀਂ ਸੀ ਕਰ ਸਕਦੀ। ਪਰ ਅੱਧੀ ਰਾਤ ਵੇਲੇ, ਜਦੋਂ ਧਾੜਵੀ ਨਸ਼ਿਆਂ ਵਿੱਚ ਧੁੱਤ ਹੋ ਕੇ ਸੌਂ ਜਾਂਦੇ- ਤਾਂ ਅਜੇਹੇ ਸਮੇਂ ਇਹ ਖਾਲਸਾ ਹੀ ਸੀ, ਜੋ ਰਾਤ ਦੇ ਬਾਰਾਂ ਵਜੇ ਮੈਦਾਨ ‘ਚ ਨਿੱਤਰਦਾ- ਤੇ ਉਹਨਾਂ ਲਾਚਾਰ ਔਰਤਾਂ ਨੂੰ ਛੁਡਾ, ਘਰੋ ਘਰੀ ਪੁਚਾ ਕੇ ਆਉਂਦਾ।

ਸਾਰੀ ਗੁਰਬਾਣੀ ਵਿੱਚ ਵੀ, ਪਤੀ-ਪਤਨੀ ਦੇ ਆਪਸੀ ਪ੍ਰੇਮ, ਇੱਕਰੂਪਤਾ, ਵਿਸ਼ਵਾਸ ਤੇ ਬਰਾਬਰਤਾ ਦੀ ਗੱਲ ਕੀਤੀ ਗਈ ਹੈ ਜਿਵੇਂ-

ਧਨ ਪਿਰ ਏਹਿ ਨ ਆਖੀਅਨਿ ਬਹਨਿ ਇਕਠੇ ਹੋਇ॥
ਏਕ ਜੋਤਿ ਦੋਇ ਮੂਰਤੀ ਧਨ ਪਿਰ ਕਹੀਐ ਸੋਇ॥ (ਅੰਗ 788)

ਅੱਜ ਅਸੀਂ ਉਦੋਂ ਭਰੂਣ ਹੱਤਿਆ ਦੀ ਦੁਹਾਈ ਦੇਣ ਲੱਗੇ ਹਾਂ- ਜਦ ਕੁੜੀਆਂ ਦਾ ਅਨੁਪਾਤ ਮੁੰਡਿਆਂ ਦੇ ਮੁਕਾਬਲੇ ਹਜ਼ਾਰ ਪਿੱਛੇ ਸੱਤ ਸੌ ਰਹਿ ਗਿਆ- ਪਰ ਗੁਰਮਤਿ ਵਿੱਚ ਤਾਂ ਅੱਜ ਤੋਂ ਪੰਜ ਸਦੀਆਂ ਪਹਿਲਾਂ ਹੀ, ਕੰਨਿਆਂ ਨੂੰ ਮਾਰਨਾ ਮਹਾਂ ਪਾਪ ਗਿਣਿਆਂ ਗਿਆ ਹੈ-

ਬ੍ਰਾਹਮਣ ਕੈਲੀ ਘਾਤੁ ਕੰਜਕਾ ਅਣਚਾਰੀ ਕਾ ਧਾਨੁ॥
ਫਿਟਕੁ ਫਿਟਕਾ ਕੋੜੁ ਬਦੀਆ ਸਦਾ ਸਦਾ ਅਭਿਮਾਨੁ॥ (ਅੰਗ 1413)

ਗੁਰਮਤਿ ਵਿੱਚ ਕੁੜੀਮਾਰ ਨਾਲ ਰੋਟੀ ਬੇਟੀ ਦੀ ਸਾਂਝ ਰੱਖਣ ਤੋਂ ਮਨਾਹੀ ਕੀਤੀ ਗਈ ਹੈ। ਰਹਿਤ ਨਾਮੇ ਅਨੁਸਾਰ-

ਕੁੜੀ ਮਾਰ ਆਦਿਕ ਹੈ ਜੇਤੇ।
ਮਨ ਤੇ ਦੂਰ ਤਿਆਗੋ ਤੇਤੇ।

ਸ੍ਰੀ ਅਕਾਲ ਤਖਤ ਸਾਹਿਬ ਤੋਂ ਵੀ ਭਰੂਣ ਹੱਤਿਆ ਤੇ ਪਾਬੰਦੀ ਲਈ ਹੁਕਮਨਾਮਾ ਜਾਰੀ ਕੀਤਾ ਹੋਇਆ ਹੈ। ਭਾਵੇਂ ਇਸ ਸਬੰਧ ਵਿੱਚ ਕਨੂੰਨ ਵੀ ਬਣੇ ਹੋਏ ਹਨ- ਪਰ ਸਾਡੇ ਲੋਕ ਚੋਰ ਮੋਰੀਆਂ ਰਾਹੀਂ, ਅਜੇ ਵੀ ਇਹ ਪਾਪ ਕਰੀ ਜਾ ਰਹੇ ਹਨ। ਸਾਥੀਓ- ਜੇ ਅਜੋਕੇ ਸਮੇਂ ਦੀ ਗੱਲ ਕਰੀਏ ਤਾਂ ਤੁਸੀਂ ਆਪ ਹੀ ਦੱਸੋ ਕਿ- ਕਿੰਨੇ ਕੁ ਪੁੱਤਰ ਮਾਪਿਆਂ ਦੀ ਸੇਵਾ ਕਰਦੇ ਹਨ ਭਲਾ? ਮੈਂ ਵਿਦੇਸ਼ ‘ਚ ਦੇਖਦੀ ਹਾਂ ਕਿ ਬਹੁਤੇ ਮਾਪੇ, ਧੀਆਂ ਨੇ ਹੀ ਮੰਗਵਾਏ ਹਨ ਤੇ ਧੀਆਂ ਪਾਸ ਹੀ ਰਹਿ ਰਹੇ ਹਨ- ਭਾਵੇਂ ਕਿ ਉਸੇ ਸ਼ਹਿਰ ਵਿੱਚ ਪੁੱਤਰ ਵੀ ਰੰਗੀਂ ਵੱਸਦਾ ਹੋਵੇ। ਹਾਂ- ਜਦੋਂ ਬੱਚੇ ਸਾਂਭਣ ਲਈ ਲੋੜ ਹੁੰਦੀ ਹੈ ਤਾਂ ਉਦੋਂ ਜਰੂਰ ਪੁੱਤ ਆਪਣਾ ਹੱਕ ਜਤਾ ਦਿੰਦੇ ਹਨ। ਪਤਾ ਨਹੀਂ ਫਿਰ ਵੀ, ਕਿਉਂ ਸਾਡੇ ਲੋਕਾਂ ਅੰਦਰੋਂ ਪੁੱਤਰ ਦੀ ਲਾਲਸਾ ਜਾਂਦੀ ਨਹੀਂ?

ਮੁੱਕਦੀ ਗੱਲ ਤਾਂ ਇਹ ਹੈ ਕਿ- ਜੋ ਆਦਰ ਸਨਮਾਨ ਔਰਤ ਨੂੰ ਸਿੱਖ ਧਰਮ ਨੇ ਦਿੱਤਾ ਹੈ, ਉਹ ਹੋਰ ਕਿਧਰੇ ਦੇਖਣ ਨੂੰ ਨਹੀਂ ਮਿਲਦਾ। ਫੇਰ ਇਹ ਗੁਰਮਤਿ ਦਾ ਗਿਆਨ ਤਾਂ ਕੁੱਲ ਮਨੁੱਖਤਾ ਲਈ ਕਲਿਆਣਕਾਰੀ ਹੈ। ਜੇ ਇਸ ਤੇ ਅਮਲ ਕੀਤਾ ਜਾਵੇ ਤਾਂ- ਭਰੂਣ ਹੱਤਿਆ ਤੇ ਬਲਾਤਕਾਰ ਵਰਗੀਆਂ ਘਟਨਾਵਾਂ- ਜੋ ਸਖਤ ਕਨੂੰਨਾਂ ਦੇ ਬਾਵਜੂਦ ਵੀ ਨਹੀਂ ਰੁਕ ਰਹੀਆਂ- ਤੇ ਸਹਿਜੇ ਹੀ ਕਾਬੂ ਪਾਇਆ ਜਾ ਸਕਦਾ ਹੈ। ਦੇਖਣ ਵਿੱਚ ਆਇਆ ਹੈ ਕਿ- ਅੱਜ ਮੁੰਡਿਆਂ ਦੇ ਮੁਕਾਬਲੇ, ਕੁੜੀਆਂ ਹਰ ਖੇਤਰ ਵਿੱਚ ਮੱਲਾਂ ਮਾਰ ਰਹੀਆਂ ਹਨ। ਸੋ ਇਸ ਤੋਂ ਤੁਸੀਂ ਆਪ ਹੀ ਅੰਦਾਜ਼ਾ ਲਾ ਸਕਦੇ ਹੋ ਕਿ- ਔਰਤ ਦੇ ਅੰਦਰ ਪ੍ਰਮਾਤਮਾ ਨੇ ਕਿੰਨੀ ਅਥਾਹ ਸ਼ਕਤੀ ਭਰੀ ਹੋਈ ਹੈ। ਜੇ ਉਸ ਨੂੰ ਬਰਾਬਰ ਦੇ ਮੌਕੇ ਦਿੱਤੇ ਜਾਣ- ਤਾਂ ਉਹ ਕੀ ਨਹੀਂ ਕਰ ਸਕਦੀ? ਫਿਰ ਵੀ ਉਸ ਦਾ ਨਿਰਾਦਰ ਕਿਉਂ?

ਅੱਜ ਭਾਵੇਂ ਸਰਕਾਰੀ ਕਨੂੰਨ ਜਾਂ ਮੀਡੀਆ ਲੋਕਾਂ ਨੂੰ ਜਾਗਰਿਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ- ਪਰ ਮੈਂਨੂੰ ਲਗਦਾ ਕਿ ਮਨੁੱਖੀ ਮਨ ਦੀ ਸਥਾਈ ਚੇਤਨਾ ਜਗਾਉਣ ਵਿੱਚ ਗੁਰਮਤਿ ਕਾਫੀ ਹੱਦ ਤੱਕ ਸਹਾਈ ਹੋ ਸਕਦੀ ਹੈ। ਜੇ ਆਪਾਂ ਆਪਣੇ ਬੱਚੇ ਬੱਚੀਆਂ ਨੂੰ, ਅੱਜ ਦੇ ਯੁੱਗ ਵਿੱਚ, ਗੁਰਮਤਿ ਦੇ ਪ੍ਰਸੰਗ ਦੁਆਰਾ, ਔਰਤ ਮਰਦ ਦੀ ਬਰਾਬਰਤਾ ਦਾ ਅਹਿਸਾਸ ਕਰਵਾ ਕੇ- ਇੱਕ ਦੂਜੇ ਦਾ ਸਨਮਾਨ ਕਰਨਾ ਸਿਖਾ ਦੇਈਏ- ਤਾਂ ਇਹ ਸਾਡੀ ਸਭ ਤੋਂ ਵੱਡੀ ਪ੍ਰਾਪਤੀ ਹੋਏਗੀ!

ਪੰਜਾਬੀਓ ਸੰਜੀਦਗੀ ਤੋਂ ਕੰਮ ਲੈਣਾ ਬਹਿਕਾਵੇ ‘ਚ ਨਾ ਆਇਓ

$
0
0

ਪੰਜਾਬੀਓ ਸੰਜੀਦਗੀ ਤੋਂ ਕੰਮ ਲੈਣਾ, ਬਹਿਕਾਵੇ ਵਿੱਚ ਨਾ ਆਇਓ, ਸੁਰੱਖਿਆ ਫੋਰਸਾਂ ਅਤੇ ਗੁਪਤਚਰ ਏਜੰਸੀਆਂ ਤਾਂ ਤੁਹਾਡੀਆਂ ਭਾਵਨਾਵਾਂ ਨਾਲ ਖੇਡਣ ਲਈ ਤਿਆਰ ਹੀ ਬੈਠੀਆਂ ਹਨ। ਉਹ ਤਾਂ ਤੁਹਾਡੇ ਉਪਰ ਸ਼ਿਕੰਜਾ ਕਸਣ ਲਈ ਬਹਾਨਾ ਹੀ ਭਾਲਦੀਆਂ ਹਨ। ਤੁਸੀਂ ਬੜਾ ਸੰਤਾਪ ਭੋਗਿਆ ਹੈ। ਅਦਲੀਵਾਲ ਵਾਲੀ ਘਟਨਾ ਵੀ ਤੁਹਾਡੇ ਭਾਈਚਾਰਕ ਸਬੰਧਾਂ ਵਿੱਚ ਫੁੱਟ ਪਾਉਣ ਲਈ ਕੀਤੀ ਗਈ ਹੈ। ਇਸ ਘਟਨਾ ਤੋਂ ਬਾਅਦ ਪੰਜਾਬੀਆਂ ਦੀ ਫੜੋ ਫੜੀ ਵੀ ਉਨ੍ਹਾਂ ਦਾ ਮੰਤਵ ਦਰਸਾ ਰਹੀ ਹੈ ਕਿ ਤੁਹਾਡੀ ਢਿੰਬਰੀ ਕਸਣ ਦੇ ਢੰਗ ਤਰੀਕੇ ਲੱਭੇ ਜਾ ਰਹੇ ਹਨ। ਭਾਰਤ ਦੀ ਫ਼ੌਜ ਦੇ ਮੁੱਖੀ ਜਨਰਲ ਬਿਪਿਨ ਰਾਵਤ ਦਾ 3 ਨਵੰਬਰ ਨੂੰ ਦਿੱਲੀ ਵਿਖੇ ਭਾਰਤ ਵਿਚ ਅੰਦਰੂਨੀ ਸੁਰੱਖਿਆ ਦੀ ਬਦਲਦੀ ਰੂਪ ਰੇਖਾ, ਰੁਝਾਨ ਤੇ ਜਵਾਬ ਦੇ ਵਿਸ਼ੇ ਤੇ ‘‘ ਸੈਂਟਰ ਫਾਰ ਲੈਂਡ ਐਂਡ ਵਾਰ ਅਫ਼ੇਅਰ ਸਟੱਡੀਜ਼’’ ਵੱਲੋਂ ਆਯੋਜਤ ਇਕ ਸੈਮੀਨਾਰ ਵਿਚ ਫ਼ੌਜ ਦੇ ਸੀਨੀਅਰ ਅਧਿਕਾਰੀਆਂ, ਰੱਖਿਆ ਮਾਹਿਰਾਂ ਅਤੇ ਸਰਕਾਰ ਤੇ ਪੁਲਿਸ ਦੇ ਸਾਬਕਾ ਅਧਿਕਾਰੀਆਂ ਨੂੰ ਸੰਬੋਧਨ ਕਰਦਿਆਂ ਇਹ ਕਹਿਣਾ ਕਿ  ਪੰਜਾਬ ਵਿਚ ਬਾਹਰੀ ਤਾਕਤਾਂ ਵੱਲੋਂ ਅਤਵਾਦ ਮੁੜ ਪੈਦਾ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਸ਼ੁਭ ਸੰਕੇਤ ਨਹੀਂ ਹਨ।

ਜਿਸਦਾ ਰੂਪ 18 ਜਨਵਰੀ ਨੂੰ ਅੰਮ੍ਰਿਤਸਰ ਜਿਲ੍ਹੇ ਦੇ ਰਾਜਾਸਾਂਸੀ ਇਲਾਕੇ ਦੇ ਪਿੰਡ ਅਦਲੀਵਾਲ ਦੇ ਨਿਰੰਕਾਰੀ ਭਵਨ ਵਿਚ ਦੋ ਵਿਅਕਤੀਆਂ ਵੱਲੋਂ ਸੁੱਟੇ ਹੈਂਡ ਗਰਨੇਡ ਨਾਲ 3 ਵਿਅਕਤੀਆਂ ਦੇ ਮਾਰੇ ਜਾਣ ਅਤੇ 2 ਦਰਜਨ ਤੋਂ ਵੱਧ ਜ਼ਖ਼ਮੀ ਹੋਣ ਨਾਲ ਸਾਹਮਣੇ ਆ ਗਿਆ ਹੈ। ਅਜੇ ਥੋੜ੍ਹੇ ਦਿਨ ਪਹਿਲਾਂ ਹੀ ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਸੀ ਕਿ ਪੰਜਾਬ ਵਿਚ ਸ਼ਾਂਤੀ ਹੈ, ਸ਼ਹਿਰੀਆਂ ਨੂੰ ਕੋਈ ਖ਼ਤਰਾ ਨਹੀਂ। ਹੁਣ ਮੁੱਖ ਮੰਤਰੀ ਕਹਿ ਰਹੇ ਹਨ ਕਿ ਇਸ ਘਟਨਾ ਪਿਛੇ ਪਾਕਿਸਤਾਨ ਦੇ ਹੱਥ ਹੋਣ ਦੀ ਸੰਭਾਵਨਾ ਹੈ। ਫ਼ੌਜ ਮੁੱਖੀ ਨੇ ਇਹ ਵੀ ਕਿਹਾ ਕਿ ਜੇ ਕੋਈ ਕਾਰਵਾਈ ਨਾ ਕੀਤੀ ਤਾਂ ਦੇਰੀ ਹੋ ਜਾਵੇਗੀ, ਇਕ ਕਿਸਮ ਨਾਲ ਇਸ਼ਾਰਾ ਕੀਤਾ ਸੀ ਕਿ ਹਾਲਾਤ ਖ਼ਤਰਨਾਕ ਸਾਬਤ ਹੋ ਸਕਦੇ ਹਨ। ਇਹ ਸੰਸਥਾ ਜਿਸ ਨੇ ਇਹ ਸੈਮੀਨਾਰ ਆਯੋਜਤ ਕੀਤਾ ਸੀ, ਇਸਦਾ ਸਰਪਰਸਤ ਫ਼ੌਜ ਦਾ ਮੁੱਖੀ ਜਨਰਲ ਬਿਪਿਨ ਰਾਵਤ ਖ਼ੁਦ ਹੈ। ਹੋ ਸਕਦਾ ਹੈ ਕਿ ਫ਼ੌਜ ਮੁੱਖੀ ਕੋਲ ਗੁਪਤਚਰ ਏਜੰਸੀਆਂ ਰਾਹੀਂ ਇਹ ਜਾਣਕਾਰੀ ਆਈ ਹੋਵੇ ਪ੍ਰੰਤੂ ਅਜਿਹੇ ਸੰਜੀਦਾ ਮਸਲੇ ਬਾਰੇ ਇਹ ਬਿਆਨ ਪ੍ਰੈਸ ਵਿਚ ਨਹੀਂ ਆਉਣਾ ਚਾਹੀਦਾ ਸੀ। ਇਸਦਾ ਸਿੱਧਾ ਭਾਵ ਇਹ ਹੈ ਕਿ ਇਸ ਸੈਮੀਨਾਰ ਰਾਹੀਂ ਫ਼ੌਜ ਮੁੱਖੀ ਇਹ ਸੰਦੇਸ਼ ਪੰਜਾਬੀਆਂ ਖਾਸ ਤੌਰ ਤੇ ਸਿੱਖਾਂ ਨੂੰ ਦੇਣਾ ਚਾਹੁੰਦੇ ਹਨ ਕਿ ਪੰਜਾਬ ਵਿਚ ਕਿਸੇ ਸਮੇਂ ਹਾਲਾਤ ਖ਼ਤਰਨਾਕ ਹੋ ਸਕਦੇ ਹਨ। ਪਹਿਲੀ ਗੱਲ ਤਾਂ ਇਹ ਹੈ ਕਿ ਫ਼ੌਜ ਮੁੱਖੀ ਕੋਈ ਸਿਆਸਤਦਾਨ ਨਹੀਂ ਹੈ। ਉਸ ਵੱਲੋਂ ਅਜਿਹਾ ਬਿਆਨ ਆਉਣਾ ਖ਼ਤਰਨਾਕ ਝੁਕਾਆ ਦਾ ਸੰਕੇਤ ਹੈ। ਅਜਿਹਾ ਬਿਆਨ ਦੇਣ ਦੇ ਸਮਰੱਥ 2 ਵਿਅਕਤੀ ਹਨ। ਇਕ ਕੇਂਦਰ ਦੇ ਗ੍ਰਹਿ ਮੰਤਰੀ ਦੂਜੇ ਕੇਂਦਰੀ ਵਿਦੇਸ਼ ਮੰਤਰੀ ਜਾਂ ਸਰਕਾਰ ਵੱਲੋਂ ਅਧਿਕਾਰਤ ਵਿਅਕਤੀ।

ਫ਼ੌਜ ਮੁੱਖੀ ਦਾ ਅਹੁਦਾ ਦੇਸ਼ ਵਿਚ ਸ਼ਾਨ ਮੱਤਾ, ਸੰਵਿਧਾਨਿਕ ਅਤੇ ਸਰਵਉਚ ਹੁੰਦਾ ਹੈ। ਇਸ ਰੁਤਬੇ ਦੀ ਮਾਣ ਮਰਿਆਦਾ ਹੁੰਦੀ ਹੈ, ਜਿਸਨੂੰ ਬਰਕਰਾਰ ਰੱਖਣਾ ਅਹੁਦੇ ਤੇ ਨਿਯੁਕਤ ਵਿਅਕਤੀ ਦਾ ਕੰਮ ਹੁੰਦਾ ਹੈ। ਇਸ ਦੇ ਹੱਥ ਦੇਸ਼ ਦੀ ਬਾਹਰੀ ਸੁਰੱਖਿਆ ਦੀ ਡੋਰ ਹੁੰਦੀ ਹੈ ਪ੍ਰੰਤੂ ਫ਼ੌਜ ਮੁੱਖੀ ਇਕ ਕਾਇਦੇ ਕਾਨੂੰਨ ਅਨੁਸਾਰ ਚੁਣੀ ਹੋਈ ਸਰਕਾਰ ਦੇ ਹੁਕਮਾ ਦੀ ਪਾਲਣਾ ਕਰਦਾ ਹੈ। ਇਹ ਬਿਨਾ ਸਬੂਤਾਂ ਤੇ ਕਹਿਣਾ ਵੀ ਯੋਗ ਨਹੀਂ ਕਿ ਸਰਕਾਰ ਨੇ ਇਹ ਬਿਆਨ ਦੇਣ ਲਈ ਉਨ੍ਹਾਂ ਨੂੰ ਅਧਿਕਾਰਤ ਕੀਤਾ ਹੋਵੇ ਕਿਉਂਕਿ ਅਜਿਹੇ ਬਿਆਨ ਅਧਿਕਾਰਤ ਅਧਿਕਾਰੀ ਹੀ ਦਿੰਦੇ ਹਨ। ਇਹ ਅੰਦਰੂਨੀ ਸੁਰੱਖਿਆ ਨਾਲ ਸੰਬੰਧਤ ਮਸਲਾ ਹੈ। ਫ਼ੌਜ ਦਾ ਕੰਮ ਬਾਹਰੀ ਸੁਰੱਖਿਆ ਨਾਲ ਸੰਬੰਧਤ ਹੁੰਦਾ ਹੈ ਬਸ਼ਰਤੇ ਕਿ ਹਾਲਾਤ ਐਸੇ ਬਣ ਜਾਣ ਜਿਨ੍ਹਾਂ ਦੇ ਹੁੰਦਿਆਂ ਦੇਸ਼ ਦੀ ਸੁਰੱਖਿਆ ਨੂੰ ਖ਼ਤਰਾ ਹੋਵੇ, ਜਿਵੇਂ ਜੰਮੂ ਕਸ਼ਮੀਰ ਵਿਚ ਹੈ ਅਤੇ 80ਵਿਆਂ ਵਿਚ ਪੰਜਾਬ ਵਿਚ ਵੀ ਰਿਹਾ ਹੈ। ਉਨ੍ਹਾਂ ਲਈ ਵੀ ਸਰਕਾਰ ਹੁਕਮ ਕਰਦੀ ਹੈ। ਫ਼ੌਜ ਮੁੱਖੀ ਬਾਰੇ ਕਿੰਤੂ ਪ੍ਰੰਤੂ ਕਰਨਾ ਵੀ ਜਾਇਜ ਨਹੀਂ ਕਿਉਂਕਿ ਉਹ ਸੰਵਿਧਾਨਿਕ ਅਹੁਦੇ ਤੇ ਤਾਇਨਾਤ ਹਨ ਪ੍ਰੰਤੂ ਇਹ ਬਿਆਨ ਹੀ ਅਜਿਹਾ ਹੈ, ਜਿਸ ਨਾਲ ਪੰਜਾਬ ਦੇ ਬੁੱਧੀਜੀਵੀ ਵਰਗ ਵਿਚ ਹੰਦੇਸ਼ਾ ਖੜ੍ਹਾ ਹੋ ਗਿਆ ਹੈ। ਕਈ ਵਾਰ ਅਜਿਹੇ ਹਾਸੋਹੀਣੇ ਬਿਆਨ ਰਾਜਾਂ ਦੇ ਸਿਆਸਤਦਾਨ ਵੀ ਦੇ ਜਾਂਦੇ ਹਨ। ਫ਼ੌਜ ਮੁੱਖੀ ਤਾਂ ਬਹੁਤ ਹੀ ਜ਼ਿੰਮੇਵਾਰ ਅਧਿਕਾਰੀ ਹੁੰਦਾ ਹੈ। ਇਸ ਲਈ ਇਸ ਬਿਆਨ ਨੇ ਕਈ ਸ਼ੰਕੇ ਖੜ੍ਹੇ ਕਰ ਦਿੱਤੇ ਹਨ। ਇਸ ਬਿਆਨ ਤੋਂ ਇਕ ਗੱਲ ਤਾਂ ਸਾਫ ਵਿਖਾਈ ਦੇ ਰਹੀ ਹੈ ਕਿ ਕੇਂਦਰ ਸਰਕਾਰ ਫ਼ੌਜ ਮੁੱਖੀ ਰਾਹੀਂ ਆਪਣੀ ਮਨਸ਼ਾ ਜ਼ਾਹਿਰ ਕਰ ਰਹੀ ਹੈ। ਪ੍ਰੰਤੂ ਇਸ ਬਿਆਨ ਨੂੰ ਪਿਛਲੀਆਂ ਘਟਨਾਵਾਂ ਨਾਲ ਜੋੜ ਕੇ ਨਹੀਂ ਵੇਖਣਾ ਚਾਹੀਦਾ।

ਪੰਜਾਬ ਸਰਕਾਰ, ਪੰਜਾਬ ਦੀ ਪੁਲਿਸ ਅਤੇ ਗੁਪਤਚਰ ਏਜੰਸੀਆਂ ਨੇ ਕਦੀਂ ਵੀ ਅਜਿਹੀ ਸ਼ੰਕਾ ਜ਼ਾਹਿਰ ਨਹੀਂ ਕੀਤੀ। ਫਿਰ ਫ਼ੌਜ ਮੁੱਖੀ ਨੂੰ ਇਹ ਬਿਆਨ ਦੇਣ ਦੀ ਕਿਉਂ ਲੋੜ ਪੈ ਗਈ? ਇਸ ਬਿਆਨ ਦੇ ਪਿਛੇ ਕੇਂਦਰ ਸਰਕਾਰ ਦਾ ਸਿਆਸੀ ਮੰਤਵ ਹੋ ਸਕਦਾ ਹੈ । ਜਿਵੇਂ 1984 ਵਿਚ ਸ੍ਰੀ ਹਰਿਮੰਦਰ ਸਾਹਿਬ ਵਿਚ ਪੁਲਿਸ ਭੇਜਣ ਤੋਂ ਬਾਅਦ ਕਾਂਗਰਸ ਸਰਕਾਰ ਨੇ ਸਮੁੱਚੇ ਭਾਰਤ ਵਿਚ ਚੋਣਾਂ ਜਿੱਤੀਆਂ ਸਨ, ਇਸੇ ਤਰ੍ਹਾਂ ਭਾਰਤੀ ਜਨਤਾ ਪਾਰਟੀ ਮਈ 2019 ਦੀਆਂ ਲੋਕ ਸਭਾ ਦੀਆਂ ਚੋਣਾਂ ਪੰਜਾਬ ਵਿਚ ਅਤਵਾਦ ਦੇ ਨਾਂ ਤੇ ਸਿੱਖਾਂ ਵਿਰੁੱਧ ਕਾਰਵਾਈ ਕਰਕੇ ਜਿੱਤਣਾ ਚਾਹੁੰਦੀ ਹੈ। ਹੈਰਾਨੀ ਇਸ ਗੱਲ ਦੀ ਹੈ ਕਿ ਜਦੋਂ ਪੰਜਾਬ ਵਿਚ ਭਾਰਤੀ ਜਨਤਾ ਪਾਰਟੀ ਦੀ ਭਾਈਵਾਲ ਅਕਾਲੀ ਦਲ ਪੰਜਾਬ ਵਿਚ ਰਾਜ ਕਰ ਰਿਹਾ ਸੀ, ਉਦੋਂ ਪੰਜਾਬ ਦੇ ਹਾਲਾਤ ਬਦ ਤੋਂ ਬਦਤਰ ਸਨ। ਅਮਨ ਕਾਨੂੰਨ ਦੀ ਹਾਲਤ ਬਹੁਤ ਮਾੜੀ ਸੀ। ਸ਼ਰੇਆਮ ਪੁਲਿਸ ਆਮ ਲੋਕਾਂ ਨਾਲ ਜ਼ਿਆਦਤੀਆਂ ਕਰ ਰਹੀ ਸੀ। ਲੜਕੀਆਂ ਨਾਲ ਬਲਾਤਕਾਰ ਹੋ ਰਹੇ ਸਨ। ਉਦੋਂ ਤਾਂ ਕਿਸੇ ਨੇ ਅਜਿਹਾ ਕੋਈ ਬਿਆਨ ਨਹੀਂ ਦਿੱਤਾ। ਹੁਣ ਜਦੋਂ ਲੋਕ ਸਭਾ ਦੀਆਂ ਚੋਣਾਂ ਨੇੜੇ ਆ ਰਹੀਆਂ ਹਨ ਤਾਂ ਅਜਿਹੇ ਬਿਆਨ ਆਉਣੇ ਸ਼ੁਰੂ ਹੋ ਗਏ ਹਨ। ਭਾਰਤੀ ਜਨਤਾ ਪਾਰਟੀ ਦੇ ਨੇਤਾ ਲਾਲ ਕਿਸ਼ਨ ਅਡਵਾਨੀ ਨੇ ਆਪਣੀ ਪੁਸਤਕ ਮਾਈ ਇੰਡੀਆ ਵਿਚ ਸਾਫ ਤੌਰ ਤੇ ਲਿਖਿਆ ਹੈ ਕਿ ਇੰਦਰਾ ਗਾਂਧੀ ਸ੍ਰੀ ਹਰਿਮੰਦਰ ਸਾਹਿਬ ਤੇ ਕਾਰਵਾਈ ਕਰਨਾ ਨਹੀਂ ਚਾਹੁੰਦੀ ਸੀ। ਭਾਰਤੀ ਜਨਤਾ ਪਾਰਟੀ ਨੇ ਜ਼ੋਰ ਦੇ ਕੇ ਕਾਰਵਾਈ ਕਰਵਾਈ ਸੀ। ਸ੍ਰੀ ਅੰਮ੍ਰਿਤਸਰ ਆ ਕੇ ਉਨ੍ਹਾਂ ਅਤੇ ਅਟਲ ਬਿਹਾਰੀ ਵਾਜਪਾਈ ਨੇ ਪ੍ਰੈਸ ਕਾਨਫਰੰਸ ਵਿਚ ਵੀ ਕਿਹਾ ਸੀ ਕਿ ਇਹ ਕਾਰਵਾਈ ਪਹਿਲਾਂ ਹੋਣੀ ਚਾਹੀਦੀ ਸੀ। ਹੁਣ ਪੰਜਾਬ ਵਿਚ ਹਲਾਤ ਬਿਲਕੁਲ ਆਮ ਵਰਗੇ ਹਨ। ਪਿਛਲੇ ਲਗਪਗ 6 ਮਹੀਨੇ ਤੋਂ ਬਰਗਾੜੀ ਵਿਖੇ ਧਰਨਾ ਦਿੱਤਾ ਜਾ ਰਿਹਾ ਹੈ, ਉਹ ਬਾਦਲ ਪਰਿਵਾਰ ਤੇ ਕਾਰਵਾਈ ਕਰਨ ਲਈ ਹੈ। ਇਹ ਧਰਨਾ ਬਿਲਕੁਲ ਸ਼ਾਂਤਮਈ ਹੈ। ਕੇਂਦਰ ਸਰਕਾਰ ਕਿਤੇ ਇਸ ਧਰਨੇ ਨੂੰ ਉਠਾਉਣ ਲਈ ਇਹ ਬਹਾਨਾ ਤਾਂ ਨਹੀਂ ਬਣਾ ਰਹੀ ਤਾਂ ਜੋ ਬਾਦਲ ਪਰਿਵਾਰ ਨੂੰ ਬਚਾਇਆ ਜਾ ਸਕੇ।

ਨਿਰੰਕਾਰੀ ਭਵਨ ਵਿਚ ਹੋਈ ਇਸ ਘਟਨਾ ਤੋਂ ਸਿਆਸਤਦਾਨ ਆਪਣੀਆਂ ਰੋਟੀਆਂ ਸੇਕ ਰਹੇ ਹਨ ਜੋ ਜਾਇਜ ਨਹੀਂ। ਸੁਖਬੀਰ ਸਿੰਘ ਬਾਦਲ ਸਿੱਧਾ ਪੰਜਾਬ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਂਦਾ ਹੈ। ਬਰਗਾੜੀ ਮੋਰਚੇ ਵਾਲੇ ਸੁਖਬੀਰ ਬਾਦਲ ਤੇ ਨਿਸ਼ਾਨਾ ਸੇਧ ਰਹੇ ਹਨ। ਇਹ ਬਿਆਨ ਪੰਜਾਬ ਦੇ ਲੋਕਾਂ ਵਿਚ ਡਰ ਅਤੇ ਸਹਿਮ ਦਾ ਵਾਤਾਵਰਨ ਪੈਦਾ ਕਰਨ ਲਈ ਯੋਗਦਾਨ ਪਾ ਰਹੇ ਹਨ ਤਾਂ ਜੋ ਲੋਕ 1978 ਅਤੇ 1984 ਵਾਲੇ ਹਾਲਾਤਾਂ ਨੂੰ ਮੁੱਖ ਰਖਕੇ ਘਬਰਾਹਟ ਵਿਚ ਆ ਜਾਣ। ਪੰਜਾਬ ਨੇ ਪਹਿਲਾਂ ਹੀ ਸੰਤਾਪ ਭੋਗਿਆ ਹੈ। ਹੁਣ ਵੀ ਨਿਰੰਕਰੀ ਭਵਨ ਤੇ ਹੋਏ ਹਮਲੇ ਤੋਂ ਬਾਅਦ ਪੰਜਾਬ ਦੇ ਲੋਕਾਂ ਨੂੰ ਹੰਦੇਸ਼ਾ ਹੈ ਕਿ ਮੁੜ ਪੰਜਾਬ ਦੀ ਸਦਭਾਵਨਾ ਅਤੇ ਸ਼ਾਂਤੀ ਨੂੰ ਖ਼ਤਰਾ ਪੈਦਾ ਹੋ ਸਕਦਾ ਹੈ। ਪੰਜਾਬ ਦੇ ਲੋਕਾਂ ਨੂੰ ਅਜਿਹੀਆਂ ਹਿੰਸਕ ਘਟਨਾਵਾਂ ਤੋਂ ਘਬਰਾਉਣ ਦੀ ਲੋੜ ਨਹੀਂ ਸਗੋਂ ਆਪਸੀ ਭਾਈਚਾਰਾ ਬਣਾਕੇ ਸ਼ਾਜਸ਼ ਰਚਣ ਵਾਲੀਆਂ ਸ਼ਕਤੀਆਂ ਨੂੰ ਮੂੰਹ ਤੋੜ ਜਵਾਬ ਦੇਣ ਵਿਚ ਸਹਿਯੋਗ ਦੇਣਾ ਚਾਹੀਦਾ ਹੈ ਤਾਂ ਜੋ ਪੰਜਾਬ ਦੇ ਵਿਕਾਸ ਦੀ ਰਫਤਾਰ ਵਿਚ ਰੁਕਾਵਟ ਨਾ ਆਵੇ। ਅਜਿਹੀਆਂ ਘਟਨਾਵਾਂ ਪੰਜਾਬ ਵਿਚ ਹਿੰਸਾ ਕਰਵਾਉਣ ਦੇ ਇਰਾਦੇ ਨਾਲ ਕਰਵਾਈਆਂ ਜਾ ਰਹੀਆਂ ਹਨ।

ਪੰਜਾਬ ਦੇ ਵਸਨੀਕ ਵਿਦੇਸ਼ੀ ਤਾਕਤਾਂ ਦੀਆਂ ਚਾਲਾਂ ਨੂੰ ਚੰਗੀ ਤਰ੍ਹਾਂ ਸਮਝਦੇ ਹਨ। ਇਸ ਲਈ ਉਹ ਕਿਸੇ ਵੀ ਬਹਿਕਾਵੇ ਵਿਚ ਨਹੀਂ ਆਉਣਗੇ। ਇਸ ਵਿਚ ਸਮੂਹ ਪੰਜਾਬੀਆਂ ਦੇ ਹਿਤਾਂ ਦੀ ਰੱਖਿਆ ਹੋਵੇਗੀ। ਅਜਿਹੀਆਂ ਘਟਨਾਵਾਂ ਕਰਨ ਵਾਲੇ ਤਾਂ ਪੰਜਾਬ ਨੂੰ ਅੱਗ ਦੀ ਭੱਠੀ ਵਿਚ ਸੁੱਟਣਾ ਚਾਹੁੰਦੇ ਹਨ, ਜਿਨ੍ਹਾਂ ਤੋਂ ਪੰਜਾਬੀਆਂ ਨੂੰ ਸੁਚੇਤ ਰਹਿਣਾ ਹੋਵੇਗਾ।  ਅੱਗ ਲਗਾਈ ਡੱਬੂ ਕੰਧ ਉਪਰ ਵਾਲੀ ਕਹਾਵਤ ਕਰਨ ਵਾਲਿਆਂ ਨੂੰ ਕਦੀਂ ਵੀ ਮੁਆਫ ਨਹੀਂ ਕੀਤਾ ਜਾਵੇਗਾ। ਅਜੇ ਇਸ ਘਟਨਾ ਦੀ ਪੜਤਾਲ ਕੀਤੀ ਜਾ ਰਹੀ ਹੈ। ਸੁਰੱਖਿਆ ਨਾਲ ਸੰਬੰਧਤ ਰਾਜ ਸਰਕਾਰ ਅਤੇ ਕੇਂਦਰ ਦੀਆਂ ਏਜੰਸੀਆਂ ਆਪਣਾ ਕੰਮ ਕਰ ਰਹੀਆਂ ਹਨ ਇਸ ਲਈ ਪੰਜਾਬ ਦੇ ਲੋਕਾਂ ਨੂੰ ਸ਼ਾਂਤੀ ਕਾਇਮ ਰੱਖਣੀ ਚਾਹੀਦੀ ਹੈ। ਸਗੋਂ ਸਰਕਾਰੀ ਏਜੰਸੀਆਂ ਨੂੰ ਪੜਤਾਲ ਵਿਚ ਸਹਿਯੋਗ ਦੇਣਾ ਚਾਹੀਦਾ ਹੈ।

ਚੂਲੇ ਟੁੱਟਣ ਦੀ ਪੀੜ ਉਮਰ ਕੈਦ ਤੋਂ ਘੱਟ ਨਹੀਂ

$
0
0

ਸਰੀਰ ਨੂੰ ਤੰਦਰੁਸਤ ਰੱਖਣ ਲਈ ਲਗਭਗ 50 ਲੋੜਾਂ ਹਨ। ਉਨ੍ਹਾਂ ਵਿਚੋਂ ਧਾਤੂ ਕੈਲਸ਼ੀਅਤ ਵੀ ਅਤੀ ਜ਼ਰੂਰੀ ਹੈ। ਇਹ ਹੱਡੀਆਂ ਦਾ ਨਿਰਮਾਣ ਕਰਦੀ ਹੈ। ਜੋੜਾਂ ਅਤੇ ਮਾਸਪੇਸ਼ੀਆਂ ਲਈ ਵਰਦਾਨ ਹੈ।

ਖਾਧੇ ਜਾ ਰਹੇ ਭੋਜਨ ਵਿੱਚੋਂ ਜਿੱਥੇ ਨਵੀਆਂ ਹੱਡੀਆਂ ਦਾ ਨਿਰਮਾਣ ਹੁੰਦਾ ਹੈ, ਉਥੇ ਪੁਰਾਣੀਆਂ ਹੱਡੀਆਂ ਟੁੱਟਦੀਆਂ ਰਹਿੰਦੀਆਂ ਹਨ। ਇਹ ਦੋਵੇਂ ਕ੍ਰਿਆਵਾਂ ਨਾਲ-ਨਾਲ ਚਲਦੀਆਂ ਰਹਿੰਦੀਆਂ ਹਨ। ਪਹਿਲੇ 25 ਤੋਂ 30 ਸਾਲ ਤਕ ਨਵੀਆਂ ਹੱਡੀਆਂ ਜ਼ਿਆਦਾ ਬਣਦੀਆਂ ਹਨ ਅਤੇ ਟੁੱਟਦੀਆਂ ਘੱਟ ਹਨ। ਫਲਸਰੂਪ ਹੱਡੀਆਂ ਨਰੋਈਆਂ ਅਤੇ ਸਿਹਤਮੰਦ ਹੁੰਦੀਆਂ ਹਨ। ਇਸ ਤੋਂ ਬਾਅਦ ਨਵੀਆਂ ਹੱਡੀਆਂ ਬਣਨ ਦੀ ਕ੍ਰਿਆ ਮਧਮ ਹੋ ਜਾਂਦੀ ਜਾਂਦੀ ਹੈ ਅਤੇ ਹੱਡੀਆਂ ਟੁੱਟਣ ਦੀ ਕ੍ਰਿਆ ਤੇਜ਼ ਹੋ ਜਾਂਦੀ ਹੈ। ਹੱਡੀਆਂ ਕਮਜ਼ੋਰ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ, ਜੇ ਹੱਡੀਆਂ ਵਿਚ ਹੋ ਰਹੀ ਕੈਲਸ਼ੀਅਮ ਦੀ ਘਾਟ ਨੂੰ ਪੂਰਾ ਨਾ ਕੀਤਾ ਜਾਵੇ ਤਦ ਹੱਡੀਆਂ ਕਮਜ਼ੋਰ, ਭੁਰਭੁਰੀਆਂ ਅਤੇ ਖੋਖਲੀਆਂ ਹੋ ਜਾਂਦੀਆਂ ਹਨ। ਹੱਡੀਆਂ ਦਾ ਚੂਲਾ ਸ਼ਹਿਦ ਦੀਆਂ ਮੱਖੀਆਂ ਦੇ ਪਰਛੱਤੇ ਵਰਗਾ ਹੋ ਜਾਂਦਾ ਹੈ। ਇਸ ਰੋਗ ਨੂੰ ਓਸਟੀਓਪਰੋਸਿਸ ਕਹਿੰਦੇ ਹਨ। ਇਸ ਰੋਗ ਨੂੰ ਚੁਪ ਚਪੀਤਾ ਰੋਗ ਵੀ ਆਖਦੇ ਹਨ। ਕੈਲਸ਼ੀਅਮ ਦੀ ਕਮੀ ਲਈ ਉਮਰ, ¦ਿਗ, ਨਸਲ, ਸਰੀਰ ਦਾ ਪਤਲਾ ਢਾਂਚਾ,  ਘੱਟ ਭਾਰ (ਔਰਤਾਂ ਵਿਚ ਐਸਟਰਜਨ ਹਾਰਮੋਨ ਅਤੇ ਪੁਰਸ਼ ਵਿਚ ਐਂਡਰੋਜ਼ਨ ਦੀ ਕਮੀ ਆਦਿ ਵੀ ਭੂਮਿਕਾ ਨਿਭਾਉਂਦੇ ਹਨ)।

ਸੰਕੇਤ :- ਚਾਹੇ ਇਹ ਮੰਨਿਆ ਜਾਂਦਾ ਹੈ ਕਿ ਇਹ ਬਿਮਾਰੀ ਕੋਈ ਸੰਕੇਤ ਨਹੀਂ ਦਿੰਦੀ, ਪ੍ਰੰਤੂ ਅਗਿਆਨਤਾ ਅਤੇ ਲਾਪ੍ਰਵਾਹੀ ਕਾਰਨ ਇਸ ਦੇ ਸੰਕੇਤਾਂ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾਂਦਾ। ਇਹ ਰੋਗ ਵਿਚ 1 ਸਭ ਤੋਂ ਪਹਿਲਾ ਸੰਕੇਤ ਹੈ ਕਿ ਮਸੂੜੇ ਛੋਟੇ ਹੁੰਦੇ ਹਨ, 2 ਹੱਡੀਆਂ ਅਤੇ ਮਾਸਪੇਸ਼ੀਆਂ ਵਿਚ ਦਰਦ, 3 ਪਿੱਠ ਦਰਦ, 4 ਕੁੱਬ ਨਿਕਲਣਾ, 5 ਹਾਈਟ ਘਟਣ, 6 ਰੀੜ ਦੀ ਹੱਡੀ ਦੇ ਮਣਕਿਆਂ ਦਾ ਫਿਸਲਨਾ, 7 ਜਲਦੀ ਥੱਕ ਜਾਣਾ, 8 ਨਹੁੰ ਭੁਰਭਰੇ ਅਤੇ ਕਮਜ਼ੋਰ, 9 ਸਿੱਧਾ ਖੜਨ ਵਿਚ ਔਕੜ, 10 ਕਮਜ਼ੋਰ ਪਕੜ।

ਇਹ ਰੋਗ ਵੱਡੀ ਉਮਰ ਦਾ ਹੈ। ਡਿੱਗਣ ਕਾਰਨ ਚੂਲਾ  ਜਾਂ ਹੋਰ ਹੱਡੀਆਂ ਦੇ ਟੁੱਟਣ ਦਾ ਖਤਰਾ ਹੁੰਦਾ ਹੈ। ਲਗਭਗ 90 ਪ੍ਰਤੀਸ਼ਤ ਫਰੈਕਚਰ ਡਿੱਗਣ ਕਾਰਨ ਹੀ ਹੁੰਦੇ ਹਨ। ਇਕ ਜਾਣਕਾਰੀ ਅਨੁਸਾਰ 50 ਸਾਲ ਦੀ ਉਮਰ ਤੋਂ ਬਾਅਦ ਹਰ ਤਿੰਨਾਂ ਔਰਤਾਂ ਪਿਛੇ ਇਕ ਅਤੇ ਹਰ ਪੰਜ ਪੁਰਸ਼ਾਂ ਪਿੱਛੇ ਇਕ ਦੀਆਂ ਹੱਡੀਆਂ ਕਮਜ਼ੋਰ ਹੁੰਦੀਆਂ ਹਨ 75-79 ਉਮਰ ਗੁਟ ਵਿਚ ਜ਼ਿਆਦਾ ਫਰੈਕਚਰ ਹੁੰਦੇ ਹਨ।

ਔਰਤਾਂ ਅਤੇ ਹਿਪ ਟੁੱਟਣਾ : ਹਿਪ ਟੁੱਟਣ ਵਿਚ ਔਰਤਾਂ ਪੁਰਸ਼ਾਂ ਤੋਂ ਵੱਧ ਸ਼ਿਕਾਰ ਹੁੰਦੀਆਂ ਹਨ। ਇਸ ਦਾ ਮੁਖ ਕਾਰਨ ਹੈ ਕਿ ਔਰਤਾਂ ਵਿਚ ਮਹਾਵਾਰੀ ਬੰਦ ਹੋਣ ਕਾਰਨ ਹਾਰਮੋਨ ਐਸਟਰੋਜਨ ਘੱਟ ਪੈਦਾ ਹੁੰਦੇ ਹਨ। ਇਹ ਹਾਰਮੋਨ ਹੱਡੀਆਂ ਨੂੰ ਮਜ਼ਬੂਤ ਅਤੇ ਸਿਹਤਮੰਦ ਰਖਦੇ ਹਨ।  50 ਕੁ ਸਾਲ ਦੀ ਉਮਰ ਤੋਂ ਬਾਅਦ ਹੱਡੀਆਂ ਕਮਜ਼ੋਰ ਹੋਣ ਲਗਦੀਆਂ ਹਨ। ਅੰਕੜਿਆਂ ਅਨੁਸਾਰ (1) 60 ਸਾਲ ਦੀ ਉਮਰ ਤਕ ਹਰ 10 ਔਰਤਾਂ ਵਿਚੋਂ ਇਕ (2) 70 ਸਾਲ ਤਕ ਹਰ 4 ਜਾਂ ਇਕ (3) 80 ਸਾਲ ਹਰ ਪੰਜਾਂ ਵਿਚ ਦੋ (4) 90 ਸਾਲ ਵਿਚ ਹਰ ਤਿੰਨਾ ਵਿਚੋਂ ਦੋ ਦੀਆਂ ਹੱਡੀਆਂ ਜ਼ਿਆਦਾ ਕਮਜ਼ੋਰ ਹੁੰਦੀਆਂ ਹਨ।  ਚੂਲਾ ਟੁੱਟਣ ਦੇ ਕੇਸ 75 ਪ੍ਰਤੀਸ਼ਤ ਔਰਤਾਂ ਦੇ ਹੁੰਦੇ ਹਨ।  80 ਸਾਲ ਤਕ ਔਰਤ ਵਿਚ ਹੱਡੀਆਂ ਦੀ ਘਣਤਾ ਇਹ ਤਿਹਾਈ ਘਟ ਜਾਂਦੀ ਹੈ।

ਰੋਗ ਤੋਂ ਕਿਵੇਂ ਬਚੀਏ :- ਇਸ ਰੋਗ ਦੀ ਰੋਕਥਾਮ ਲਈ ਜੀਵਨ ਸ਼ੈਲੀ ਵਿਚ ਤਬਦੀਲੀ ਕਰਨੀ ਚਾਹੀਦੀ ਹੈ ਅਤੇ ਹੇਠ ਲਿਖੇ ਦਵਾਈਆਂ ਅਤੇ ਭੋਜਨ ਖਾਣੇ ਚਾਹੀਦੇ ਹਨ।

1.    ਕੈਲਸ਼ੀਅਮ :- ਡਾਕਟਰ ਦੀ ਸਲਾਹ ਨਾਲ ਕੈਲਸ਼ੀਅਮ ਦੀ ਘਾਟ ਪੂਰੀ ਕਰਨ ਲਈ ਹਰ ਰੋਜ਼ 1500 ਮਿਲੀਗ੍ਰਾਮ ਕੈਲਸ਼ੀਅਮ ਲੈਣਾ ਚਾਹੀਦਾ ਹੈ।

2.    ਵਿਟਾਮਿਨ ਡੀ :- ਹੱਡੀਆਂ ਲਈ ਕੈਲਸ਼ੀਅਮ ਅਤੇ ਵਿਟਾਮਿਨ-ਡੀ ਇਕ ਦੂਜੇ ਦੇ ਸਾਥੀ ਹਨ। ਚਾਹੇ ਧੁੱਪ ਵਿਚ ਬੈਠਣ ਨਾਲ ਇਹ ਵਿਟਾਮਿਨ ਮਿਲ ਸਕਦਾ ਹੈ, ਪ੍ਰੰਤੂ ਮਾਹਰਾਂ  ਅਨੁਸਾਰ 600 ਤੋਂ 800 ਆਈ.ਯੂ. ਵਿਟਾਮਿਨ ਖਾਣ ਦੀ ਸਿਫਾਰਸ਼ ਕਰਦੇ ਹਨ। ਭਾਰਤ ਵਰਗੇ ਦੇਸ਼ ਵਿਚ ਜਿੱਥੇ ਸੂਰਜ ਦੀ ਰੋਸ਼ਨੀ ਦੀ ਕਮੀ ਨਹੀਂ ਹੈ, ਪ੍ਰੰਤੂ 79 ਪ੍ਰਤੀਸ਼ਤ ਵਸੋਂ ਵਿਚ ਵਿਟਾਮਿਨ ਡੀ ਦੀ ਘਾਟ ਹੈ।

3.    ਬੋਸਟਨ ਯੂਨੀਵਰਸਿਟੀ ਦੀਆਂ ਖੋਜਾਂ ਅਨੁਸਾਰ ਮੈਗਨੀਸ਼ੀਅਮ, ਜ਼ਿੰਕ, ਬੀ-12 ਵੀ ਅਤੀ ਜ਼ਰੂਰੀ ਹਨ।

4.    ਪ੍ਰੋਟੀਨ : ਪ੍ਰੋਟੀਨ ਦੀ ਕਮੀ ਪੂਰੀ ਕਰਨ ਲਈ ਮੱਛੀ, ਅੰਡਾ ਦਾ ਨਟਸ ਆਦਿ ਦਾ ਸੇਵਨ ਕਰੋ।

5.    ਕਸਰਤ :- ਹੱਡੀਆਂ ਦੀ ਮਜ਼ਬੂਰਤੀ ਲਈ ਕਸਰਤ ਦੀ ਅਹਿਮ ਭੂਮਿਕਾ ਹੈ, ਹਰ ਰੋਜ਼ 30 ਮਿੰਟ ਬੈਠਕਾਂ ਕੱਢਣੀਆਂ, ਬਾਈਸਾਈਕਲ, ਭਾਰ ਚੁੱਕਣਾ, ਟਰੇਡ ਮਿਲ, ਕਰਸ ਬਾਹ, ਥੋੜਾ ਭਾਰ ਚੁੱਕ ਕੇ ਹਰ ਇਕ ਜੋੜ ਦੀ ਕਸਰਤ ਆਦਿ ਕਰੋ।

6.    ਖ਼ੁਰਾਕ :- ਘਟ ਚਿਕਨਾਈ ਵਾਲੀ ਡੇਅਰੀ, ਹਰੀਆਂ ਸਬਜ਼ੀਆਂ, ਫਲ, ਸੁੱਕੇ ਮੇਵੇ, ਫਲੀਆਂ, ਰੇਸ਼ੇ ਵਾਲੇ ਭੋਜਨ, ਬਰਾਉਨ ਬਰੈਡ ਆਦਿ ਦਾ ਸੇਵਨ ਕਰੋ।

7.    ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥ :- ਕੈਲਸ਼ੀਅਮ ਦੀ ਕਮੀ ਨੂੰ ਪੂਰਾ ਕਰਨ ਲਈ ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥਾਂ ਦੇ ਸੇਵਨ ਨੂੰ ਬਹੁਤ ਪਹਿਲ ਦਿੱਤੀ ਜਾ ਰਹੀ ਹੈ, ਪ੍ਰੰਤੂ ਕੁੱਝ ਮਾਹਰਾਂ ਅਨੁਸਾਰ ਇਨ੍ਹਾਂ ਵਿਚਲਾ ਕੈਲਸ਼ੀਅਮ ਹੱਡੀਆਂ ਵਿਚ ਜ਼ਜਬ ਨਹੀਂ ਹੁੰਦਾ। ਸਬੂਤ ਵਜੋਂ ਕਿਹਾ ਜਾਂਦਾ ਹੈ ਕਿ-

1.    ਮਨੁੱਖ ਤੋਂ ਬਿਨਾ ਕੋਈ ਜੀਵ ਸਾਰੀ ਉਮਰ ਦੁੱਧ ਨਹੀਂ ਪੀਂਦੇ, ਕਿਸੇ ਹੋਰ ਜੀਵ ਦੀਆਂ ਹੱਡੀਆਂ ਕਮਜ਼ੋਰ ਨਹੀਂ ਹਨ।
2.    ਕੁਝ ਦੇਸ਼ਾਂ ਜਿਵੇਂ ਯੂ.ਐਸ.ਏ., ਸਵੀਡਨ ਆਦਿ ਵਿਚ ਦੁੱਧ ਦਾ ਸੇਵਨ ਬਹੁਤ ਹੈ, ਪ੍ਰੰਤੂ ਜ਼ਿਆਦਾ ਵਸੋਂ ਦੀਆਂ ਹੱਡੀਆਂ ਕਮਜ਼ੋਰ ਹਨ।
3.    ਚੀਨ, ਥਾਈਲੈਂਡ ਵਿਚ ਸੇਵਨ ਘੱਟ ਹੈ, ਜ਼ਿਆਦਾ ਵਸੋਂ ਦੀਆਂ ਹੱਡੀਆਂ ਕਮਜ਼ੋਰ ਨਹੀਂ ਹਨ।
4.    ਕਈ ਮਾਹਰ ਦੁੱਧ ਵਿਚਲਾ ਐਸਿਡ ਕੈਲਸ਼ੀਅਮ ਲਈ ਘਾਤਕ ਹੈ।
ਚੂਲੇ ਟੁੱਟਣ ਦੀ ਪੀੜਾ ਉਮਰ ਕੈਦ ਦੀ ਪੀੜਾ ਤੋਂ ਘੱਟ ਨਹੀਂ ਹੈ, ਕਿਉਂਕਿ :-
1.    ਨਿਰਭਰ ਹੋ ਜਾਂਦੇ ਹਨ
2.    ਕੇਵਲ ਬਿਸਤਰਾ ਹੀ ਸਾਥੀ ਬਣ ਜਾਣਾ
3.    ਨਿਕੰਮੇ ਪੈ ਜਾਂਦੇ ਹਨ।
4.    ਕਿਸੇ ਕੰਮ ਕਰਨ ਦੇ ਯੋਗ ਨਹੀਂ ਰਹਿੰਦਾ
5.    ਸਮਾਜ ਨਾਲ ਕੱਟੇ ਜਾਂਦੇ ਹਨ
6.    ਕਿਸੇ ਤਰ੍ਹਾਂ ਦੀ ਆਸ ਨਜ਼ਰ ਨਹੀਂ ਆਉਂਦੀ
7.    37 ਪ੍ਰਤੀਸ਼ਤ ਪੁਰਸ਼ ਅਤੇ 28 ਪ੍ਰਤੀਸ਼ਤ ਔਰਤਾਂ ਇਕ ਸਾਲ ਵਿਚ ਹੀ ਦਮ ਤੋੜ ਜਾਂਦੇ ਹਨ।

ਸੰਤ ਕਬੀਰ ਜੀ

$
0
0

ਸਮੇਂ ਸਮੇਂ ਤੇ ਸੰਸਾਰ ਵਿੱਚ ਵੱਖੋ ਵੱਖਰੇ ਖੇਤਰਾਂ ਵਿੱਚ ਅਜਿਹੀਆਂ ਸ਼ਖਸੀਅਤਾਂ ਦਾ ਜਨਮ ਹੁੰਦਾ ਹੈ ਜਿਹਨਾਂ ਦਾ ਜੀਵਨ ਅਤੇ ਕਰਮ ਮਨੁੱਖ ਜਾਤੀ ਲਈ ਅਨਮੋਲ ਤੋਹਫਾ ਹੋ ਨਿਬੜਦਾ ਹੈ, ਅਜਿਹੇ ਹੀ ਮਹਾਨ ਸ਼ਖਸੀਅਤ ਦੇ ਧਨੀ ਸਨ ਕਬੀਰ ਦਾਸ। ਕਬੀਰ ਇੱਕ ਰਹੱਸਵਾਦੀ ਕਵੀ ਅਤੇ ਉੱਚ ਕੋਟੀ ਦੇ ਸੰਤ ਹੋਏ ਹਨ। ਕਬੀਰ ਜੀ ਦੇ ਜਨਮ ਬਾਰੇ ਮਤਭੇਦ ਹਨ ਅਤੇ ਉਹਨਾਂ ਦਾ ਜਨਮ 1398 ਈ। ਵਿੱਚ ਮੰਨਿਆ ਜਾਂਦਾ ਹੈ। ਲੋਕ ਮਾਨਤਾ ਅਨੁਸਾਰ ਕਬੀਰ ਇੱਕ ਬ੍ਰਾਹਮਣ ਵਿਧਵਾ ਦੀ ਕੁੱਖੋਂ ਪੈਦਾ ਹੋਏ ਅਤੇ ਉਹ ਲੋਕਲਾਜ ਲਈ ਉਹਨਾਂ ਨੂੰ ਕਾਸ਼ੀ (ਵਾਰਾਣਸੀ) ਦੇ ਲਹਿਰਤਾਰਾ ਤਲਾਬ ਕੋਲ ਰੱਖ ਗਈ ਜਿਸ ਵਿੱਚ ਕਮਲ ਦੇ ਫੁੱਲ ਹੋਇਆ ਕਰਦੇ ਸੀ। ਉਹਨਾਂ ਨੂੰ  ਇੱਕ ਮੁਸਲਮਾਨ ਜੁਲਾਹਾ ਦੰਪੱਤੀ ਨੀਰੂ ਨੀਮਾ ਨੇ ਚੁੱਕ ਲਿਆ ਤੇ ਇਹਨਾਂ ਦਾ ਪਾਲਣ ਪੋਸ਼ਣ ਕੀਤਾ। ਕਬੀਰ ਅਰਬੀ ਸ਼ਬਦ ਅਲ-ਕਬੀਰ ਤੋਂ ਆਇਆ ਹੈ ਜਿਸਦਾ ਅਰਥ ਹੈ ਮਹਾਨ।

ਭਗਤੀ ਕਾਲ ਨੂੰ ਸੁਨਹਿਰਾ ਕਾਲ ਵੀ ਕਿਹਾ ਜਾਂਦਾ ਹੈ। ਕਬੀਰ ਜੀ ਦੇ ਗੁਰੂ ਸਵਾਮੀ ਰਾਮਾਨੰਦ ਸਨ ਅਤੇ ਕਬੀਰ ਸਿਕੰਦਰ ਲੋਧੀ ਦੇ ਸਮਕਾਲੀਨ ਹੋਏ ਸਨ। ਕਬੀਰ ਦੀ ਪਤਨੀ ਦਾ ਨਾਂ ਲੋਈ ਅਤੇ ਉਹਨਾਂ ਦੇ ਪੁੱਤਰ ਦਾ ਨਾਂ ਕਮਾਲ ਅਤੇ ਪੁੱਤਰੀ ਦਾ ਨਾਂ ਕਮਾਲੀ ਸੀ। ਕਬੀਰ ਜੀ ਗੁਰੂ ਦੀ ਮਹਾਨਤਾ ਨੂੰ ਬਿਆਨਦੇ ਹੋਏ ਕਹਿੰਦੇ ਹਨ -

ਗੁਰੂ ਗੋਬਿੰਦ ਦੋਊ ਖੜੇ, ਕਾ ਕੇ ਲਾਗੂੰ ਪਾਇ
ਬਲਿਹਾਰੀ ਗੁਰੂ ਆਪਣੇ, ਗੋਬਿੰਦ ਦੀਓ ਬਤਾਇ।

15ਵੀਂ ਸਦੀ ਵਿੱਚ ਕਬੀਰ ਪਰਮਾਤਮਾ ਦੇ ਨਾਮ ਸਿਮਰਨ, ਗੁਣ ਗਾਣ ਕਰਨ ਦੇ ਨਾਲ ਨਾਲ ਪਾਖੰਡਵਾਦ ਅਤੇ ਕੂੜ ਨੂੰ ਭੰਡਦੇ ਸੀ ਜੋ ਕਿ ਉਹਨਾਂ ਦੇ ਸੁਚੇਤ ਸਮਾਜ ਸੁਧਾਰਕ ਹੋਣ ਦੀ ਨਿਸ਼ਾਨੀ ਹੈ। ਕਬੀਰ ਜੀ ਨੇ ਫਿਰਕਾਪ੍ਰਸਤੀ ਦਾ ਖੁੱਲ ਕੇ ਖੰਡਨ ਕੀਤਾ ਅਤੇ ਉਹਨਾਂ ਦੀ ਵਿਚਾਰਧਾਰਾ ਅਨੁਸਾਰ ਸਾਰੇ ਇਨਸਾਨ ਇੱਕ ਹਨ -

ਹਿੰਦੂ ਮੂਏ ਰਾਮ ਕਹੇ, ਮੁਸਲਮਾਨ ਖੁਦਾਏ
ਕਹੇ ਕਬੀਰ ਸੋ ਜੀਵਤਾ, ਦੂਈ ਮੈਂ ਕਦੇ ਨਾ ਜਾਏ।

ਕਬੀਰਾ ਖੜਾ ਬਾਜ਼ਾਰ ਮੇਂ, ਮਾਂਗੇ ਸਬਕੀ ਖੈਰ
ਨਾ ਕਾਂਹੂ ਸੇ ਦੋਸਤੀ, ਨਾ ਕਾਂਹੂ ਸੇ ਬੈਰ।

ਲੂਟ ਸਕੇ ਤੋ ਲੂਟ ਲੋ, ਰਾਮ ਨਾਮ ਕੀ ਲੂਟ
ਪਾਛੇ ਫਿਰ ਪਛਤਾਓਗੇ, ਪ੍ਰਾਣ ਜਾਹਿੰ ਜਬ ਛੂਟ।

ਬੁਰਾ ਜੋ ਦੇਖਣ ਮੈਂ ਚਲਾ, ਬੁਰਾ ਨਾ ਮਿਲਿਆ ਕੋਇ
ਜੋ ਗਰ ਦੇਖਾ ਆਪਣਾ, ਮੁਝਸੇ ਬੁਰਾ ਨਾ ਕੋਇ।

ਕਬੀਰ ਜੀ ਅਨਪੜ੍ਹ ਸਨ ਤੇ ਉਹਨਾਂ ਨੇ ਆਪਣੀ ਕੋਈ ਰਚਨਾ ਕਲਮਬੱਧ ਨਹੀਂ ਕੀਤੀ। ਕਬੀਰ ਸਾਹਿਤ ਨਾਲ ਸੰਬੰਧਤ ਰਚਨਾਵਾਂ ਵਿੱਚ ਬੀਜਕ ਅਤੇ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਬਾਣੀ ਦੀ ਆਪਣੀ ਵਿਸ਼ੇਸ਼ ਮਹੱਤਤਾ ਹੈ।
ਡਾ। ਹਜਾਰੀ ਪ੍ਰਸਾਦ ਦਿਵੇਦੀ ਨੇ ਕਬੀਰ ਨੂੰ ਭਾਸ਼ਾ ਦਾ ਤਾਨਾਸ਼ਾਹ ਵੀ ਕਿਹਾ ਹੈ ਕਿਉਂਕਿ ਉਹਨਾਂ ਦਾ ਭਾਸ਼ਾ ਤੇ ਜਬਰਦਸਤ ਅਧਿਕਾਰ ਸੀ। ਕਬੀਰ ਨੇ  ਸਮਾਜ ਅਤੇ ਧਰਮਾਂ ਵਿੱਚ ਪਾਖੰਡਵਾਦ, ਅੰਧ ਵਿਸ਼ਵਾਸ ਦਾ ਬਹੁਤ ਤਿੱਖਾ ਵਿਰੋਧ ਕੀਤਾ ਜਿਸ ਕਾਰਨ ਉਹਨਾਂ ਦਾ ਸਮੇਂ ਸਮੇਂ ਤੇ ਹਿੰਦੂ ਅਤੇ ਇਸਲਾਮ ਧਰਮ ਵੱਲੋਂ ਵਿਰੋਧ ਵੀ ਕੀਤਾ ਜਾਂਦਾ ਰਿਹਾ। ਕਬੀਰ ਜੀ ਹਿੰਦੂ ਅਤੇ ਇਸਲਾਮ ਧਰਮ ਦੇ ਆਲੋਚਕ ਸੀ ਅਤੇ ਉਹ ਆਡੰਬਰਾਂ ਤੇ ਵਿਅੰਗ ਕਸਦੇ ਹੋਏ ਕਹਿੰਦੇ ਹਨ -

ਪਾਹਨ ਪੂਜੇ ਹਰਿ ਮਿਲੇ,ਤੋ ਮੈਂ ਪੂਜੂੰ ਪਹਾਰ
ਤਾਤੇ ਯੇ ਚਾਕੀ ਭਲੀ, ਪੀਸ ਖਾਇ ਸੰਸਾਰ।

ਕਾਂਕਰ ਪਾਥਰ ਜੋਰਿ ਕੈ, ਮਸਜਿਦ ਲਈ ਬਨਾਇ
ਤਾ ਚੜ੍ਹ ਮੁੱਲਾ ਬਾਂਗ ਦੇ, ਬਹਿਰਾ ਹੁਆ ਖੁਦਾਇ।

ਮਾਨਵੀ ਵਿਹਾਰਾਂ ਸੰਬੰਧੀ ਕਬੀਰ ਜੀ ਨੇ ਕਿਹਾ ਹੈ -

ਅਤੀ ਕਾ ਭਲਾ ਨਾ ਬੋਲਣਾ, ਅਤੀ ਕੀ  ਭਲੀ ਨਾ ਚੂਪ
ਅਤੀ ਕਾ ਭਲਾ ਨਾ ਬਰਸਨਾ, ਅਤੀ ਕੀ ਭਲੀ ਨਾ ਦੂਪ।

ਕਾਲ ਕਰੇ ਸੋ ਆਜ ਕਰ, ਆਜ ਕਰੇ ਜੋ ਅਬ
ਪਲ ਮੈਂ ਪ੍ਰਲਯ ਹੋਏਗੀ, ਬਹੁਰਿ ਕਰੇਗਾ ਕਬ।

ਪੋਥੀ ਪੜ੍ਹ ਪੜ੍ਹ ਜਗ ਮੁਆ, ਪੰਡਿਤ ਭਯਾ ਨਾ ਕੋਇ
ਢਾਈ ਆਖਰ ਪ੍ਰੇਮ ਕੇ, ਪੜ੍ਹੇ ਸੋ ਪੰਡਿਤ ਹੋਇ।

ਮਾਂਗਨ ਮਰਣ ਸਮਾਨ ਹੈ, ਮਤਿ ਮਾਂਗੋ ਕੋਈ ਭੀਖ
ਮਾਂਗਨ ਸੇ ਤੋ ਮਰਨਾ ਭਲਾ, ਯਹ ਸਤਗੁਰ ਕੀ ਸੀਖ।

ਦੁਖ ਮੇ ਸੁਮਰਿਨ ਸਬ ਕਰੇ, ਸੁਖ ਮੇ ਕਰੇ ਨਾ ਕੋਇ
ਜੋ ਸੁਖ ਮੇ ਸੁਮਰਿਨ ਕਰੇ, ਦੁਖ ਕਾਹੋ ਕੋ ਹੋਇ।

ਪਾਨੀ ਕੇਰਾ ਬੁਦਬੁਦਾ, ਅਸ ਮਾਨਸ ਕੀ ਜਾਤ
ਦੇਖਤ ਹੀ ਛਿਪ ਜਾਏਗਾ, ਜਯੋਂ ਤਾਰਾ ਪਰਭਾਤ।

ਮਾਲਾ ਫੇਰਤ ਜੁਗ ਭਯਾ, ਫਿਰਾ ਨ ਮਨ ਕਾ ਫੇਰ
ਕਰ ਕਾ ਮਨਕਾ ਡਾਰ ਦੇ, ਮਨ ਕਾ ਮਨਕਾ ਫੇਰ।

ਮਾਯਾ ਮਰੀ ਨ ਮਨ ਮਰਾ, ਮਰ ਮਰ ਗਏ ਸ਼ਰੀਰ
ਆਸ਼ਾ ਤ੍ਰਿਸ਼ਣਾ ਨ ਮਰੀ, ਕਹਿ ਗਏ ਦਾਸ ਕਬੀਰ।

ਮਾਟੀ ਕਹੇ ਕੁਮਹਾਰ ਸੇ, ਤੂ ਕਯਾ ਰੌਂਦੇ ਮੋਹਿ
ਏਕ ਦਿਨ ਐਸਾ ਆਏਗਾ, ਮੈਂ ਰੌਂਦੂੰਗੀ ਤੋਹਿ।

ਕਬੀਰ ਘੁਮੱਕੜ ਸੰਤ ਸੀ ਅਤੇ ਉਹਨਾਂ ਦੀ ਭਾਸ਼ਾ ਸੁਧੱਕੜੀ ਭਾਸ਼ਾ ਹੈ। ਉਹਨਾਂ ਦੇ ਸਾਹਿਤ ਵਿੱਚ ਰਾਜਸਥਾਨੀ, ਹਰਿਆਣਵੀ, ਪੰਜਾਬੀ, ਖੜੀ ਬੋਲੀ, ਅਰਬੀ, ਫਾਰਸੀ, ਅਵਧੀ ਆਦਿ ਭਾਸ਼ਾਵਾਂ ਦੇ ਸ਼ਬਦ ਵੇਖਣ ਨੂੰ ਮਿਲਦੇ ਹਨ।

ਸੰਤ ਕਬੀਰ ਦੇ ਪੈਰੋਕਾਰਾਂ ਨੂੰ ਕਬੀਰ ਪੰਥੀ ਕਿਹਾ ਜਾਂਦਾ ਹੈ। ਕਬੀਰ ਪੰਥੀਆਂ ਵਿੱਚ ਬੀਜਕ ਗ੍ਰੰਥ ਦੀ ਉਹ ਸਥਿਤੀ ਹੈ ਜੋ ਕਿ ਸਿੱਖਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੈ ਅਤੇ ਇਸਲਾਮ ਵਿੱਚ ਕੁਰਾਨ ਦੀ ਹੈ। ਬੀਜਕ ਦੇ ਤਿੰਨ ਭਾਗ ਹਨ ਪਹਿਲਾ ਸਾਖੀ, ਦੂਜਾ ਸ਼ਬਦ ਅਤੇ ਤੀਜਾ ਰਮੈਨੀ।

ਸੰਤ ਕਬੀਰ ਦੇ ਜਨਮ ਅਤੇ ਮੌਤ ਸੰਬੰਧੀ ਮਤਭੇਦ ਪਾਏ ਜਾਂਦੇ ਹਨ ਪਰੰਤੂ ਕਬੀਰ ਪੈਰੋਕਾਰਾਂ ਅਨੁਸਾਰ ਕਬੀਰ ਜੀ ਦਾ ਉਮਰ ਤਕਰੀਬਨ 120 ਸਾਲ ਸੀ। ਕਬੀਰ ਜੀ ਇਸ ਸੰਸਾਰ ਨੂੰ ਮਗਹਰ (ਉੱਤਰ ਪ੍ਰਦੇਸ਼) ਵਿਖੇ 1518 ਈ। ਵਿੱਚ ਅਲਵਿਦਾ ਕਹਿ ਗਏ।

1952 ਵਿੱਚ ਕਬੀਰ ਜੀ ਉੱਪਰ ਡਾਕ ਟਿਕਟ ਵੀ ਜਾਰੀ ਕੀਤਾ ਗਿਆ। ਇਹ ਕੋਈ ਅੱਤ ਕੱਥਨੀ ਨਹੀਂ ਹੋਵੇਗੀ ਕਿ ਜੇਕਰ ਕਬੀਰ ਅੱਜ ਦੇ ਸਮੇਂ ਵਿੱਚ ਹੁੰਦੇ ਤਾਂ ਉਹਨਾਂ ਤੇ ਬਹੁਤ ਅਦਾਲਤੀ ਕੇਸ ਚੱਲ ਰਹੇ ਹੁੰਦੇ ਅਤੇ ਉਹ ਜੇਲ ਵਿੱਚ ਸੜ ਰਹੇ ਹੁੰਦੇ ਜਾਂ ਕਿਸੇ ਹਿੰਸਾਤਮਕ ਘਟਨਾ ਦਾ ਸ਼ਿਕਾਰ ਹੋ ਚੁੱਕੇ ਹੁੰਦੇ, ਕਿਉਂਕਿ ਉਹ ਸੱਚ ਦਾ ਹੋਕਾ ਨਿਡਰ ਹੋ ਕੇ ਦਿੰਦੇ ਸਨ, ਜੋ ਕਿ ਅੱਜ ਦੇ ਧਰਮਾਂ ਅਤੇ ਧਰਮ ਦੇ ਠੇਕੇਦਾਰਾਂ ਨੂੰ ਪੁੱਗਣਾ ਨਹੀਂ ਸੀ। ਬੇਸ਼ੱਕ ਸਾਡੇ ਦੇਸ਼ ਦਾ ਸੰਵਿਧਾਨ ਧਰਮ ਨਿਰਪੱਖਤਾ ਦਾ ਪਾਠ ਪੜਾਉਂਦਾ ਹੈ, ਪਰ ਇਹ ਵੀ ਸੱਚ ਹੈ ਕਿ ਥੋੜ੍ਹਾ ਜਿਹਾ ਸੱਚ ਬੋਲਣ ਜਾਂ ਲਿਖਣ ਨਾਲ ਹੀ ਕਿਸੇ ਨਾ ਕਿਸੇ ਦੀ ਧਾਰਮਿਕ ਭਾਵਨਾ ਨੂੰ ਠੇਸ ਪੁੱਜ ਜਾਂਦੀ ਹੈ, ਜੋ ਕਿ ਅਦਾਲਤੀ ਕੇਸਾਂ ਜਾਂ ਹੋਰ ਹਿੰਸਾਤਮਕ ਘਟਨਾਵਾਂ ਦਾ ਕਾਰਨ ਬਣ ਜਾਂਦੀ ਹੈ।

ਸਿਆਸਤਦਾਨੋ ਬਾਬਾ ਨਾਨਕ ਦੀ ਕਰਮ ਭੂਮੀ ਦੇ ਦਰਸ਼ਨੇ ਦੀਦਾਰੇ ਦੇ ਰੰਗ ‘ਚ ਭੰਗ ਨਾ ਪਾਓ

$
0
0

ਸਿਆਸਤਦਾਨ ਭਰਾਵੋ ਤੇ ਭੈਣੋ ਬਾਬੇ ਨਾਨਕ ਦੀ ਕਰਮ ਭੂਮੀ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨੇ ਦੀਦਾਰ ਕਰਨ ਦਾ ਮੌਕਾ ਗੁਰੂ ਨਾਨਕ ਦੇਵ ਜੀ ਦੀ ਅਪਾਰ ਕ੍ਰਿਪਾ ਸਦਕੇ ਮਿਲਣ ਜਾ ਰਿਹਾ ਹੈ। ਕ੍ਰਿਪਾ ਕਰਕੇ ਆਪਣੀ ਸੌੜੀ ਸੋਚ ਦਾ ਪ੍ਰਗਟਾਵਾ ਕਰਨ ਤੋਂ ਪ੍ਰਹੇਜ ਕਰੋ ਤਾਂ ਜੋ ਇਸ ਬਣਨ ਜਾ ਰਹੇ ਕਰਤਾਰਪੁਰ ਲਾਂਘੇ ਦੇ ਰਸਤੇ ਵਿਚ ਕੋਈ ਰੁਕਾਵਟ ਨਾ ਪਵੇ। ਦੋਹਾਂ ਦੇਸ਼ਾਂ ਵਿਚ ਸਦਭਾਵਨਾ ਦੇ ਬਣੇ ਮਾਹੌਲ ਨੂੰ ਵਿਗਾੜਨ ਵਿਚ ਆਪਣਾ ਯੋਗਦਾਨ ਨਾ ਪਾਓ। ਸਿਆਸਤਦਾਨਾ ਦੀ ਰਾਜਨੀਤੀ ਕਰਕੇ ਪਿਛਲੇ 71 ਸਾਲਾਂ ਤੋਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਤੋਂ ਵਾਂਝੀਆਂ ਰਹੀਆਂ ਹਨ। ਕਿਤੇ ਇਹ ਨਾ ਹੋਵੇ ਕਿ ਤੁਹਾਡੀ ਆਪਸੀ ਖਹਿਬਾਜੀ ਕਰਕੇ ਦੋਹਾਂ ਦੇਸ਼ਾਂ ਨੂੰ ਲਾਂਘਾ ਬਣਾਉਣ ਦੇ ਰਸਤੇ ਵਿਚ ਮੁਸ਼ਕਲਾਂ ਖੜ੍ਹੀਆਂ ਹੋ ਜਾਣ ਕਿਉਂਕਿ ਪਹਿਲਾਂ ਵੀ ਅਜਿਹੇ ਫੈਸਲੇ ਤਿੰਨ ਵਾਰ ਹੋ ਚੁੱਕੇ ਸਨ ਪ੍ਰੰਤੂ ਸਿਰੇ ਨਹੀਂ ਚੜ੍ਹ ਸਕੇ। ਜੇ ਹੋ ਸਕੇ ਤਾਂ ਦੋਹਾਂ ਦੇਸ਼ਾਂ ਦੇ ਕੂਟਨੀਤਕ ਸੰਬੰਧ ਸਾਜਗਾਰ ਬਣਾਉਣ ਵਿਚ ਸਹਾਈ ਹੋਣ ਦੀ ਕੋਸ਼ਿਸ਼ ਕਰੋ।

ਬਿਆਨਬਾਜ਼ੀ ਹਮੇਸ਼ਾ ਕੁੜੱਤਣ ਪੈਦਾ ਕਰਦੀ ਹੈ। ਇਸ ਲਈ ਅਜਿਹੇ ਬਿਆਨ ਨਾ ਦਾਗੋ ਜਿਹੜੇ ਸਦਭਾਵਨਾ ਦੀ ਪ੍ਰਵਿਰਤੀ ਵਿਚ ਘਿਰਣਾ ਪੈਦਾ ਕਰਨ ਵਿਚ ਸਹਾਈ ਹੋਣ। ਕਰਤਾਪੁਰ ਲਾਂਘੇ ਦਾ ਸੰਬੰਧ 12 ਕਰੋੜ ਲੋਕਾਂ ਦੀ ਧਾਰਮਿਕ ਅਕੀਦਤ ਨਾਲ ਸੰਬੰਧਤ ਹੈ। ਇਸ ਉਪਰ ਰਾਜਨੀਤੀ ਨਾ ਖੇਡੀ ਜਾਵੇ। ਰਾਜਨੀਤੀ ਕਰਨ ਦੇ ਹੋਰ ਬਥੇਰੇ ਮੌਕੇ ਮਿਲਣਗੇ। ਇਸ ਲਾਂਘੇ ਲਈ ਪਹਿਲਾਂ ਵੀ 1988 ਵਿਚ ਰਾਜੀਵ ਗਾਂਧੀ ਅਤੇ ਬੇਨਜ਼ੀਰ ਭੁੱਟੋ ਸਹਿਮਤ ਹੋ ਗਏ ਸਨ। ਫਿਰ 2000 ਵਿਚ ਸ੍ਰੀ ਅਟਲ ਬਿਹਾਰੀ ਵਾਜਪਾਈ ਦੇ ਸਮੇਂ ਵੀ ਦੋਵੇਂ ਸਰਕਾਰਾਂ ਰਾਜੀ ਹੋ ਗਈਆਂ ਸਨ ਪ੍ਰੰਤੂ ਕਾਰਗਿਲ ਦੀ ਲੜਾਈ ਰਸਤੇ ਵਿਚ ਰੋੜਾ ਬਣ ਗਈ ਸੀ। 2004 ਤੋਂ 2014 ਦਰਮਿਆਨ  ਇਸ ਲਾਂਘੇ ਦੀ ਮੰਗ ਜ਼ੋਰ ਫੜਦੀ ਰਹੀ ਪ੍ਰੰਤੂ ਕਿਸੇ ਤਨ ਪੱਤਣ ਨਹੀਂ ਲੱਗੀ। ਡਾਕਟਰ ਮਨਮੋਹਨ ਸਿੰਘ ਸਮੇਂ ਵੀ ਕੋਸ਼ਿਸ਼ਾਂ ਹੋਈਆਂ ਪ੍ਰੰਤੂ ਕੋਸ਼ਿਸ਼ਾਂ ਨੂੰ ਬੂਰ ਨਹੀਂ ਪੈ ਸਕਿਆ। ਨਰਿੰਦਰ ਮੋਦੀ ਦੀ ਸਰਕਾਰ ਵਿਚ 2017 ਵਿਚ ਸੰਸਦੀ ਕਮੇਟੀ ਨੇ ਪਾਕਿਸਤਾਨ ਸਰਕਾਰ ਨਾਲ ਸਾਜਗਾਰ ਸੰਬੰਧ ਨਾ ਹੋਣ ਦਾ ਬਹਾਨਾ ਬਣਾਕੇ ਤਜ਼ਵੀਜ਼ ਰੱਦ ਕਰ ਦਿੱਤੀ। ਹੁਣ ਇਸ ਲਾਂਘੇ ਦੀ ਸ਼ੁਰੂਆਤ ਕਰਵਾਉਣ ਵਿਚ ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਜਦੋਂ ਉਨ੍ਹਾਂ ਨੂੰ ਪਾਕਿਸਤਾਨ ਦੇ ਨਵੇਂ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਆਪਣੇ ਸਹੁੰ ਚੁੱਕ ਸਮਾਗਮ ਵਿਚ ਇਕ ਕ੍ਰਿਕਟਰ ਦੇਸਤ ਦੇ ਤੌਰ ਤੇ ਬੁਲਾਇਆ ਤਾਂ ਉਥੋਂ ਦੀ ਫ਼ੌਜ ਦੇ ਮੁੱਖੀ ਨੇ ਪਾਕਿਸਤਾਨ ਸਰਕਾਰ ਦੀ ਕਰਤਾਰਪੁਰ ਲਾਂਘਾ ਖੁੋਲ੍ਹਣ ਦੀ ਇੱਛਾ ਜ਼ਾਹਰ ਕੀਤੀ। ਜਦੋਂ ਨਵਜੋਤ ਸਿੰਘ ਸਿੱਧੂ ਨੇ ਭਾਰਤ ਆ ਕੇ ਇਸ ਲਾਂਘੇ ਬਾਰੇ ਪ੍ਰੈਸ ਨੂੰ ਜਾਣਕਾਰੀ ਦਿੱਤੀ ਤਾਂ ਭਾਰਤੀ ਜਨਤਾ ਪਾਰਟੀ ਅਤੇ ਅਕਾਲੀ ਦਲ ਨੇ ਉਸਨੂੰ ਦੁਸ਼ਮਣ ਦੇਸ਼ ਵਿਚ ਜਾਣ ਅਤੇ ਫ਼ੌਜ ਮੁੱਖੀ ਨਾਲ ਜੱਫੀ ਪਾਉਣ ਕਰਕੇ ਦੇਸ਼ ਧਰੋਹੀ ਅਤੇ ਗ਼ਦਾਰ ਤੱਕ ਆਖ ਦਿੱਤਾ। ਫਿਰ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਦੋ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਹਰਦੀਪ ਪੁਰੀ ਪਾਕਿਸਤਾਨ ਵਿਚ ਕਰਤਾਰਪੁਰ ਲਾਂਘੇ ਦੇ ਸਮਾਗਮ ਵਿਚ ਸ਼ਾਮਲ ਹੋਣ ਲਈ ਪਾਕਿਸਤਾਨ ਪਹੁੰਚ ਗਏ। ਸਿਆਸਤਦਾਨ ਥੁੱਕ ਕੇ ਚੱਟਣ ਵਿਚ ਵੀ ਸ਼ਰਮ ਮਹਿਸੂਸ ਨਹੀਂ ਕਰਦੇ।

ਅਟਲ ਬਿਹਾਰੀ ਵਾਜਪਾਈ, ਨਰਿੰਦਰ ਮੋਦੀ ਅਤੇ ਪਰਕਾਸ਼ ਸਿੰਘ ਬਾਦਲ ਵੀ ਪਾਕਿਸਤਾਨ ਗਏ ਸਨ ਉਦੋਂ ਤਾਂ ਕਿਸੇ ਨੇਤਾ ਨੂੰ ਤਕਲੀਫ ਨਹੀਂ ਹੋਈ। ਨਵਜੋਤ ਸਿੰਘ ਸਿੱਧੂ ਦੀ ਇਸ ਭੂਮਿਕਾ ਨੂੰ ਇਤਿਹਾਸ ਅਣਡਿਠ ਨਹੀਂ ਕਰ ਸਕਦਾ ਪ੍ਰੰਤੂ ਜੇਕਰ ਭਾਰਤ ਸਰਕਾਰ ਇਮਰਾਨ ਖ਼ਾਨ ਦੀ ਪਹਿਲ ਦਾ ਹੁੰਘਾਰਾ ਨਾ ਭਰਦੀ ਤਾਂ ਵੀ ਕਰਤਾਰਪੁਰ ਲਾਂਘੇ ਦਾ ਸੁਪਨਾ ਸਾਕਾਰ ਨਹੀਂ ਹੋ ਸਕਣਾ ਸੀ। ਕਈ ਵਾਰ ਹਾਲਾਤ ਐਸੇ ਬਣ ਜਾਂਦੇ ਹਨ ਕਿ ਸਰਕਾਰਾਂ ਵੀ ਬੇਬਸ ਹੋ ਜਾਂਦੀਆਂ ਹਨ, ਜਿਵੇਂ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਦੇ ਮੌਕੇ ਲਾਂਘੇ ਦੀ ਗੱਲ ਲਗਪਗ ਸਿਰੇ ਚੜ੍ਹ ਗਈ ਸੀ ਪ੍ਰੰਤੂ ਕਾਰਗਿਲ ਦੀ ਲੜਾਈ ਨੇ ਸਾਰਾ ਕੁਝ ਹੀ ਉਲਟਾ ਪੁਲਟਾ ਕਰ ਦਿੱਤਾ ਸੀ। ਇਸ ਲਈ ਸਾਜਗਾਰ ਮਾਹੌਲ ਦਾ ਹੋਣਾ ਦੋਹਾਂ ਦੇਸ਼ਾਂ ਲਈ ਕਰਤਾਰਪੁਰ ਲਾਂਘੇ ਦੇ ਮੁਕੰਮਲ ਕਰਨ ਲਈ ਜ਼ਰੂਰੀ ਹੈ। ਸਿਆਸਤਦਾਨਾ ਨੂੰ ਅਜਿਹੀ ਬਿਆਨਬਾਜ਼ੀ ਨਹੀਂ ਕਰਨੀ ਚਾਹੀਦੀ ਜਿਸ ਨਾਲ ਕੋਈ ਅੜਿਕਾ ਪੈਦਾ ਹੋਵੇ। ਇਸ ਲਾਂਘੇ ਦਾ ਸਿਹਰਾ ਲੈਣ ਦੀ ਰਾਜਨੀਤੀ ਵੀ ਨਹੀਂ ਕਰਨੀ ਚਾਹੀਦੀ। ਨਵਜੋਤ ਸਿੰਘ ਸਿੱਧੂ ਤਾਂ ਆਪਣੇ ਦੋਸਤ ਦੇ ਸੱਦੇ ਤੇ ਉਸਦੇ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕ ਸਮਾਗਮ ਵਿਚ ਸ਼ਾਮਲ ਹੋਣ ਗਿਆ ਸੀ। ਜੇਕਰ ਉਹ ਇਸ ਲਾਂਘੇ ਲਈ ਮਦਦਗਾਰ ਸਾਬਤ ਹੋਇਆ ਹੈ ਤਾਂ ਸਾਨੂੰ ਉਸਦੇ ਉਦਮ ਦੀ ਸ਼ਲਾਘਾ ਕਰਨੀ ਬਣਦੀ ਹੈ ਪ੍ਰੰਤੂ ਸਾਡੇ ਸਿਆਸਤਦਾਨ ਇਸ ਧਾਰਮਿਕ ਕੰਮ ਉਪਰ ਵੀ ਸਿਆਸਤ ਕਰਨ ਲੱਗ ਪਏ। ਸ੍ਰੀ ਗੁਰੂ ਨਾਨਕ ਦੇਵ ਦੀ ਸਾਰੀ ਬਾਣੀ ਹੀ ਧਾਰਮਿਕ ਸ਼ਹਿਨਸ਼ੀਲਤਾ, ਸ਼ਾਂਤੀ, ਆਪਸੀ ਸਹਿਯੋਗ, ਸਰਬਤ ਦਾ ਭਲਾ ਅਤੇ ਆਪਸੀ ਸਦਭਾਵਨਾ ਦਾ ਸੰਦੇਸ਼ ਦਿੰਦੀ ਹੈ ਪ੍ਰੰਤੂ ਸਾਡੇ ਸਿਆਸਤਦਾਨ ਲਾਂਘੇ ਦਾ ਸਿਹਰਾ ਲੈਣ ਲਈ ਗੁਰੂ ਦੀ ਕਰਮਭੂਮੀ ਦੇ ਦਰਸ਼ਨਾ ਉਪਰ ਹੀ ਬਿੱਲੀਆਂ ਦੀ ਤਰ੍ਹਾਂ ਲੜਨ ਲੱਗ ਪਏ। ਨਵਜੋਤ ਸਿੰਘ ਸਿੱਧੂ ਨੇ ਤਾਂ ਭਾਰਤ ਸਰਕਾਰ ਅਤੇ ਪ੍ਰਧਾਨ ਮੰਤਰੀ ਦਾ ਧੰਨਵਾਦ ਵੀ ਕੀਤਾ ਹੈ। ਭਾਰਤੀ ਜਨਤਾ ਪਾਰਟੀ ਅਤੇ ਅਕਾਲੀ ਦਲ ਵਾਲੇ ਤਾਂ ਉਸਨੂੰ ਪਾਕਿਸਤਾਨ ਜਾਣ ਕਰਕੇ ਗਦਾਰ ਅਤੇ ਦੇਸ਼ ਧਰੋਹੀ ਤੱਕ ਆਖ ਗਏ। ਬਾਅਦ ਵਿਚ ਆਪ ਵੀ ਉਥੇ ਚਲੇ ਗਏ। ਉਨ੍ਹਾਂ ਦੇ ਕੁਝ ਨੇਤਾ ਅਜੇ ਵੀ ਉਸਨੂੰ ਦੇਸ਼ ਧਰੋਹੀ ਕਹੀ ਜਾਂਦੇ ਹਨ। ਵਿਰੋਧੀ ਪਾਰਟੀ ਦੇ ਨੇਤਾ ਤਾਂ ਸਿੱਧੂ ਵਿਰੁਧ ਬਿਆਨਬਾਜ਼ੀ ਕਰਨ ਕੋਈ ਵੱਡੀ ਗੱਲ ਨਹੀਂ ਕਿਉਂਕਿ ਉਹ ਉਨ੍ਹਾਂ ਦੀ ਪਾਰਟੀ ਵਿਚੋਂ ਅਸਤੀਫ਼ਾ ਦੇ ਕੇ ਆਇਆ ਹੋਇਆ ਹੈ। ਉਨ੍ਹਾਂ ਨੂੰ ਇਸ ਗੱਲ ਦੀ ਨਰਾਜ਼ਗੀ ਹੈ ਪ੍ਰੰਤੂ ਕਾਂਗਰਸ ਪਾਰਟੀ ਦੇ ਨੇਤਾ ਵੀ ਨਵਜੋਤ ਸਿੰਘ ਸਿੱਧੂ ਦੀ ਵੱਧ ਰਹੀ ਸ਼ਾਖ ਤੋਂ ਖਾਰ ਖਾਣ ਲੱਗ ਪਏ।

ਇਸ ਲਾਂਘੇ ਦੇ ਦੋਹਾਂ ਦੇਸ਼ਾਂ ਵੱਲੋਂ ਨੀਂਹ ਪੱਥਰ ਰੱਖਣ ਤੋਂ ਬਾਅਦ ਸਿੱਧੂ ਦਾ ਸਿਆਸੀ ਕੱਦ ਉਚਾ ਹੋ ਗਿਆ ਹੈ। ਇਸ ਲਈ ਕਾਂਗਰਸ ਪਾਰਟੀ ਦੇ ਪੁਰਾਣੇ ਨੇਤਾ ਉਸਦੇ ਪਰ ਕੁਤਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡ ਰਹੇ। ਮੈਂ ਆਪਣੇ ਲੇਖਾਂ ਵਿਚ ਲਿਖਦਾ ਰਹਿੰਦਾ ਹਾਂ ਕਿ ਨਵਜੋਤ ਸਿੰਘ ਸਿੱਧੂ ਨੂੰ ਵੀ ਮਰਿਆਦਾ ਵਿਚ ਰਹਿਕੇ ਹੀ ਬਿਆਨਬਾਜ਼ੀ ਕਰਨੀ ਚਾਹੀਦੀ ਹੈ। ਬਹੁਤੇ ਛੜੱਪੇ ਨਹੀਂ ਮਾਰਨੇ ਚਾਹੀਦੇ। ਹੁਣ ਉਹ ਕਿਸੇ ਸ਼ੋ ਦਾ ਕੋਈ ਕਲਾਕਾਰ ਨਹੀਂ ਇੱਕ ਜ਼ਿੰਮੇਵਾਰ ਮੰਤਰੀ ਹੈ। ਆਪਣੇ ਮੁੱਖ ਮੰਤਰੀ ਬਾਰੇ ਕੁਝ ਵੀ ਕਹਿਣ ਤੋਂ ਪਹਿਲਾਂ ਸੌ ਵਾਰ ਸੋਚਣਾ ਚਾਹੀਦਾ ਹੈ। ਟੋਭੇ ਵਿਚ ਰਹਿੰਦਿਆਂ ਮਗਰਮੱਛ ਨਾਲ ਵੈਰ ਰੱਖਣਾ ਖ਼ਤਰਨਾਕ ਹੋ ਸਕਦਾ ਹੈ। ਮੀਡੀਆ ਵੀ ਆਪਣੀ ਜ਼ਿੰਮੇਵਾਰੀ ਨਿਭਾਉਣ ਵਿਚ ਕੋਤਾਹੀ ਕਰ ਰਿਹਾ ਹੈ। ਜੇਕਰ ਉਨ੍ਹਾਂ ਸਿੱਧੂ ਦੀ ਪੂਰੀ ਵੀਡੀਓ ਕਲਿਪ ਵਿਖਾਈ ਹੁੰਦੀ ਤਾਂ ਇਹ ਵਾਦਵਿਵਾਦ ਪੈਦਾ ਹੀ ਨਹੀਂ ਹੋਣਾ ਸੀ। ਉਸਨੇ ਤਾਂ ਮੁੱਖ ਮੰਤਰੀ ਨੂੰ ਆਪਣੇ ਪਿਤਾ ਸਮਾਨ ਕਿਹਾ ਸੀ ਪ੍ਰੰਤੂ ਵੀਡੀਓ ਕਲਿਪ ਵਿਚੋਂ ਇਹ ਕੱਢਕੇ ਬਾਕੀ ਵੀਡੀਓ ਵਾਇਰਲ ਕਰ ਦਿੱਤੀ। ਮੰਤਰੀ ਮੰਡਲ ਦੀ ਸਮੂਹਿਕ ਜ਼ਿੰਮੇਵਾਰੀ ਹੁੰਦੀ ਹੈ ਪ੍ਰੰਤੂ ਪੰਜਾਬ ਦੇ ਮੰਤਰੀ ਸਹਿਬਾਨ ਨੂੰ ਵੀ ਕਿਸੇ ਕਿਸਮ ਦੀ ਬਿਆਨਬਾਜ਼ੀ ਤੋਂ ਪ੍ਰਹੇਜ ਕਰਨਾ ਚਾਹੀਦਾ ਹੈ। ਜੇਕਰ ਕੋਈ ਮਸਲਾ ਆਪਸੀ ਵਿਚਾਰ ਵਟਾਂਦਰੇ ਨਾਲ ਹੱਲ ਹੋ ਸਕਦਾ ਹੋਵੇ ਤਾਂ ਹਲ ਕਰਨਾ ਚਾਹੀਦਾ ਹੈ।

ਕਾਂਗਰਸੀ ਨੇਤਾਵਾਂ ਨੂੰ ਸੰਜੀਦਗੀ ਤੋਂ ਕੰਮ ਲੈਣਾ ਚਾਹੀਦਾ ਹੈ। ਉਨ੍ਹਾਂ ਦੀ ਪੰਜਾਬ ਵਿਚ ਸਰਕਾਰ ਹੈ। ਇਸ ਕਾਟੋ ਕਲੇਸ਼ ਨਾਲ ਸਰਕਾਰ ਦੇ ਅਕਸ ਤੇ ਅਸਰ ਪੈਂਦਾ ਹੈ। ਵਿਰੋਧੀ ਪਾਰਟੀ ਤਾਂ ਚਾਹੁੰਦੀ ਹੀ ਹੈ ਕਿ ਪੰਜਾਬ ਵਿਚ ਅਸਥਿਰਤਾ ਦਾ ਵਾਤਾਵਰਨ ਬਣੇ ਕਿਉਂਕਿ ਦਸ ਸਾਲ ਦੇ ਰਾਜ ਤੋਂ ਬਾਅਦ ਉਹ ਰਾਜ ਭਾਗ ਪ੍ਰਾਪਤ ਕਰਨ ਲਈ ਤਰਲੋਮੱਛੀ ਹੋ ਰਹੇ ਹਨ। ਅਜੇ ਇਸ ਸਰਕਾਰ ਨੂੰ ਹੋਂਦ ਵਿਚ ਆਇਆਂ ਥੋੜ੍ਹਾ ਸਮਾਂ ਹੀ ਹੋਇਆ ਸਾਢੇ ਤਿੰਨ ਸਾਲ ਕਾਂਗਰਸ ਪਾਰਟੀ ਨੇ ਰਾਜ ਕਰਨਾ ਹੈ। ਇਸ ਲਈ ਕਾਂਗਰਸੀ ਨੇਤਾਵਾਂ ਨੂੰ ਪੰਜਾਬ ਦੇ ਵਿਕਾਸ, ਬੇਰੋਜ਼ਗਾਰੀ, ਕਿਸਾਨ ਖ਼ੁਦਕਸ਼ੀਆਂ ਵਰਗੇ ਮਹੱਤਵਪੂਰਨ ਕੰਮਾ ਵਲ ਧਿਆਨ ਦੇਣਾ ਚਾਹੀਦਾ ਹੈ। ਉਹ ਬੇਵਜਾਹ ਹੀ ਵਾਦਵਿਵਾਦ ਵਿਚ ਉਲਝੇ ਪਏ ਹਨ। ਅਜੇ ਵੀ ਡੁਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ ਸੰਜਮ ਤੋਂ ਕੰਮ ਲੈਣ ਵਿਚ ਹੀ ਪੰਜਾਬ ਦਾ ਭਲਾ ਹੈ।


ਉਡ ਜ਼ੂ ਉਡ ਜ਼ੂ ਕਰਦੇ ਨੇ!!!

$
0
0

ਇਹ ਕਹਿਣ ਚ’ ਕੋਈ ਅਤਕਥਨੀ ਨਹੀ ਕਿ ਪ੍ਰਦੇਸਾਂ ਵਿੱਚ ਬਹੁਮਤ ਪੰਜਾਬੀਆਂ ਨੇ ਔਕੜਾਂ ਭਰੇ ਸੰਘਰਸ਼ ਨਾਲ ਜੂਝ ਕੇ ਜਿੰਦਗੀ ਦੇ ਸੁੱਖ ਐਸ਼ੋ ਅਰਾਮ ਵਾਲੇ ਝੰਡੇ ਗੱਡੇ ਹੋਏ ਹਨ। ਪਰ ਫੁੱਲ ਦੂਰੋਂ ਹੀ ਸੁਹਾਵਣੇ ਲਗਦੇ ਨੇ, ਕਈ ਉਦਾਸਹੀਣਤਾ ,ਇਕੱਲਤਾ ਤੇ ਕੋਹਲੂ ਦੇ ਬੈਲ ਵਾਲੀ ਜਿੰਦਗੀ ਵੀ ਵਿਚਰ ਰਹੇ ਹਨ। ਕੁਝ ਕਿ ਗੱਦਿਆਂ ਉਪਰ ਬੈਠ ਕੇ ਚੁਸਕੀਆਂ ਲੈਦੇ ਪਿਛੋਕੜ ਨੂੰ ਵੀ ਕੋਸ ਰਹੇ ਹਨ। ਇਸ ਦੇ ਬਾਵਯੂਦ ਢਲਦੀ ਉਮਰੇ ਪਿੱਛੇ ਜਾਣ ਦੀ ਤਾਂਘ ਲਈ ਬੇਬੱਸ ਵੀ ਵੇਖੇ ਹਨ।ਜਿਵੇਂ ਵੀ ਹੈ ਉਹਨਾਂ ਦਾ ਮੋਹ ਆਪਣੀ ਜਨਮ ਭੂੁਮੀ ਨਾਲ ਅਟੁੱਟ ਹੁੰਦਾ ਹੈ। ਆਖਰ ਤੂਬੇਂ ਦੀ ਤਾਰ ਪੰਜਾਬ ਨਾਲ ਹੀ ਵੱਜਦੀ ਹੈ।ਜਿਸ ਦੀ ਮਿਸਾਲ ਪੱਥਰ ਦੀਆਂ  ਕੋਠੀਆਂ ਵਿੱਚ ਇੱਕਲੇ ਬੈਠੇ ਬਜੁਰਗਾਂ ਤੋਂ ਆਮ ਮਿਲ ਜਾਦੀ ਹੈ। ਪਿੱਛਲੇ ਦੋ ਮਹੀਨੇ ਪਿੰਡਾਂ ਤੇ ਸ਼ਹਿਰਾਂ ਵਿੱਚ ਲੋਕਾਂ ਨਾਲ ਵਿਚਰਨ ਦਾ ਮੌਕਾ ਮਿਲਿਆ। ਸੋਚ ਸਭ ਦੀ ਇੱਕ ਸੀ, ਪਰ ਸਟਾਈਲ ਵੱਖੋ ਵੱਖਰਾ ਸੀ। ਕੋਈ ਜਮਾਨਾ ਸੀ, ਲੜਕੀ ਵਾਲੇ ਪੜ੍ਹਿਆ ਲਿਖਿਆ ਜਾਂ ਜਮੀਨ ਜਾਇਦਾਦ ਵਾਲਾ ਵਰ ਲੱਭਦੇ ਸਨ। ਇਸ ਤਰ੍ਹਾਂ ਹੀ ਮੁੰਡੇ ਵਾਲੇ ਪੜ੍ਹੀ ਲਿਖੀ ਸੋਹਣੀ ਸਨੁੱਖੀ ਨੂੰਹ ਭਾਲਦੇ ਸਨ।ਪਰ ਹੁਣ ਜਮਾਨੇ ਨੇ ਪਲਟੀ ਮਾਰੀ ਹੈ।ਹੁਣ ਦੋਵਾਂ ਵਿੱਚੋਂ ਇੱਕ ਜਾਣੇ ਦੀ ਆਈਲੈਟਸ ਕੀਤੀ ਹੋਵੇ ਜਾਂ ਬੈਂਡ ਪੂਰੇ ਹੋਣ। ਚਿਹਰੇ ਮੂਹਰੇ ਤਾਂ ਬਾਅਦ ਦੀਆਂ ਗੱਲਾਂ ਬਣ ਗਈਆਂ ਹਨ।ਆਰਥਿਕ ਤੌਰ ਤੇ ਕਮਜੋਰ ਵਰਗ ਦੀ ਪੜ੍ਹੀ ਲਿਖੀ ਕੁੜੀ ਨੂੰ ਸਰਦੇ ਪੁਜਦੇ ਮੁੰਡੇ ਵਾਲੇ ਆਈਲੈਟਸ ਲਈ ਖਰਚਾ ਮੁਹਾਈਆ ਕਰ ਰਹੇ ਹਨ।ਮਕਸਦ ਲੜਕੀ ਬਾਹਰ ਚਲੀ ਗਈ ਮੁੰਡੇ ਨੂੰ ਸੱਦ ਲਵੇਗੀ। ਇਹ ਹੀ ਸੋਚ ਲੜਕੀ ਵਾਲਿਆਂ ਦਾ ਮੁੰਡਿਆਂ ਵਾਲਿਆ ਪ੍ਰਤੀ ਹੈ। ਮਤਲਵ ਲਈ ਕੀਤੇ ਹੋਏ ਰਿਸ਼ਤੇ ਕਿੰਨੇ ਕੁ ਸਾਜ਼ਗਾਰ ਨੇ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਦੂਸਰੀ ਗੱਲ ਸ਼ਹਿਰਾਂ ਵਿੱਚ ਟੰਗੇ ਵੱਡੇ ਵੱਡੇ ਬੋਰਡ ਪਿੰਡਾਂ ਦੀਆਂ ਕੰਧਾਂ ਤੇ ਖੇਤਾਂ ਦੀਆਂ ਮੋਟਰਾਂ ਤੇ ਲੱਗੇ ਮਸ਼ਹੂਰੀ ਦੇ ਬੈਨਰ ”ਆਈਲੈਟਸ ਕਰਕੇ ਕਨੇਡਾ, ਅਮਰੀਕਾ, ਤੇ ਅਸਟਰੇਲੀਆ ਆਦਿ ਜਾਣ ਦਾ ਸੁਨਿਹਰੀ ਮੌਕਾ” ਤੇ ਨਾਲ ਲੱਗੇ ਵਿਦੇਸੀ ਝੰਡਿਆਂ ਦੀਆਂ ਫੋਟੋਆਂ ਨੇ ਨੌਜੁਆਨ ਪੀੜ੍ਹੀ ਦੀ ਸੋਚ ਨੂੰ ਸੀਮਤ ਕਰਕੇ ਰੱਖ ਦਿੱਤਾ ਹੇ।ਇਸ ਦੌੜ ਵਿੱਚ ਅਖਬਾਰ,ਟੀ.ਵੀ. ਵਾਲੇ ਵੀ ਘੱਟ ਨਹੀ ਹਨ। ਕਈ ਤਾਂ ਉਦਾਹਰਣਾ ਵੀ ਪੇਸ਼ ਕਰਦੇ ਹਨ।”ਮੇਰਾ ਬੇਟਾ ਜਾਂ ਬੇਟੀ ਫਲਾਨੇ ਨੇ ਭੇਜਿਆ ਸੀ,ਅੱਜ ਫਲਾਨੇ ਦੇਸ਼ ਸੈਟਲ ਹੈ”। ”ਇਹ ਬਹੁਤ ਹੀ ਇਮਾਨਦਾਰੀ ਨਾਲ ਕੰਮ ਕਰਦੇ ਹਨ”। ਆਮ ਹੀ  ਸੁਣਨ ਨੂੰ ਮਿਲ ਜਾਦਾਂ ਹੈ। ਵੱਡੇਂ ਵੱਡੇਂ ਮਾਲਾਂ ਵਿੱਚ ਬਰੈਂਡਟ ਸਮਾਨ ਜਿਸ ਦੀ ਕੀਮਤ ਵਿਦੇਸ਼ਾਂ ਦੀ ਕੀਮਤ ਨਾਲ ਮੇਲ ਖਾਦੀ ਹੈ।ਖਰੀਦੋ ਫਰੋਖਤ ਜੋਰਾਂ ਤੇ ਹੁੰਦੀ ਹੈ। ਆਮਦਨੀ ਵਿਦੇਸ਼ਾਂ ਨਾਲੋਂ ਘੱਟ ਹੈ ਜਾਂ ਵੱਧ ਇਸ ਦੀ ਕੋਈ ਪ੍ਰਵਾਹ ਨਹੀ ਹੈ। ਵਿਦੇਸ਼ ਤੋਂ ਗਿਆ ਆਦਮੀ ਟੀਸੀ ਚੜ੍ਹੀ ਮਹਿਗਾਈ ਵਿੱਚ  ਰੇਟ ਘਟਾਉਣ ਦੀ ਗੱਲ ਕਰਦਾ ਹੈ। ਪਰ ਪੰਜਾਬ ਵਿੱਚ ਰਹਿ ਰਿਹਾ ਇਸ ਗੱਲ ਨੂੰ  ਆਪਣੀ ਹੇਠੀ ਸਮਝਦਾ ਹੈ। ਖਾਲਿਸਤਾਨ ਦੇ ਬਰੋਲੇ ਜਿਹੜੇ ਬਾਹਰ ਉੱਡਦੇ ਨੇ, ਉਤਨੇ ਪੰਜਾਬ ਵਿੱਚ ਨਹੀ ਉੱਡਦੇ। ਜਿਸ ਦੀ ਸਰਕਾਰੇ ਦੁਆਰੇ ਪਹੁੰਚ ਹੈ ਉਸ ਦੀ ਕੋਈ ਰੀਸ ਨਹੀ।ਵੋਟਾਂ ਮੰਗਣ ਗਏ ਟੋਲਿਆ ਵਿੱਚ ਜਿਆਦਾ ਮਜਬੂਰ ਤੇ ਮੌਕਾ ਪ੍ਰਸਤ ਹੀ ਹੁੰਦੇ ਹਨ। ਦੇਸ਼ ਪਿਆਰ ਦੀ ਕਿਰਨ ਘੱਟ ਹੀ ਨਜ਼ਰ ਆਉਦੀ ਹੈ। ਪੈਟਰੌਲ, ਡੀਜ਼ਲ ਦੀਆਂ ਵਧੀਆਂ ਕੀਮਤਾਂ ਨੇ ਹੱਦਾਂ ਤੋੜ੍ਹੀਆਂ ਪਈਆਂ ਹਨ।ਦਿੱਲੀ ਜਾਣ ਨੂੰ ਟੈਕਸੀ ਨਾਲੋਂ ਜਹਾਜ ਸਸਤਾ ਪੈਂਦਾਂ ਹੈ।ਡੇਰਿਆਂ ਦੀ ਚੜ੍ਹਤ ਪੂਰੀ  ਕਾਇਮ ਆ।ਇੱਕ ਇਤਿਹਾਸਕ ਗੂਰੂ ਘਰ ਵਿੱਚ ਛੇਵੈਂ ਗੁਰੂਆਂ ਦੇ 52 ਕਲੀਆਂ ਵਾਲੇ ਚੋਲਾ ਸਾਹਿਬ ਦੇ ਦਰਸ਼ਨਾਂ ਲਈ ਆਏ ਸਿਰਫ ਦੋ ਹੀ ਸ਼ਰਧਾਵਾਨ ਪ੍ਰਵਾਰ ਬੈਠੇ ਹੋਏ ਸਨ। ਥੋੜੀ ਦੂਰ ਅੱਗੇ ਇੱਕ ਡੇਰੇ ਅੰਦਰ ਜੋੜੇ ਘਰ ਵਿੱਚ ਜੁਤੀਆਂ ਜਮ੍ਹਾਂ ਕਰਾਉਣ ਵਾਲਿਆਂ ਦੀਆਂ ਤਿੰਨ ਲਾਈਨਾਂ ਲੱਗੀਆਂ ਹੋਈਆਂ ਸਨ। ਭਾਰੀ ਸੰਗਤ ਵੀ ਸੀ।ਪੰਜਾਬ ਵਿੱਚ ਕਈਆਂ ਨੂੰ ਪੁਰਖਿਆਂ ਦੀ ਜਮੀਨ ਵੇਚਣ ਵੇਲੇ ਕੋਈ ਦਰਦ ਨਹੀ ਹੁੰਦਾ।ਭਾਵੇਂ ਆਪ ਇੱਕ ਸਿਆੜ ਵੀ ਨਾ ਖ੍ਰੀਦਿਆ ਹੋਵੇ।ਜਿਆਦਾ ਕਰ ਮਾਪੇ ਆਪਣਿਆ ਬੱਚਿਆਂ ਦੇ ਭਵਿੱਖ ਲਈ ਸੁਚੇਤ ਨਹੀ ਜਾਪਦੇ।ਆਮ ਮੁੰਡੇ ਕੁੜੀਆਂ ਨੂੰ ਕੰਮ ਕਾਰ ਵਾਰੇ ਪੁੱਛਣ ਤੇ ਇਕੋ ਹੀ ਜਬਾਬ ਮਿਲੇਗਾ। ‘ਬੱਸ ਫਾਇਲ ਲਾਈ ਵੀ ਆ, ਜਾਣ ਦੀ ਤਿਆਰੀ ਆ” ਹੋਰ ਤਾਂ ਹੋਰ ਮਾਪੇ ਵੀ ਪਿੱਛੇ ਰਹਿਣ ਨੂੰ ਤਿਆਰ ਨਹੀ ਹਨ। ਘਰ ਰਹਿ ਗਏ ਦਾਦਾ ਦਾਦੀ ਕੋਣ ਦੇਖ ਭਾਲ ਕਰੂਗਾ,ਰੱਬ ਜਾਣੇ। ”ਸਭ ਉਡ ਜੂ ਉਡ ਜੂ ਕਰਦੇ ਨੇ”! ਬੇਰੁਜ਼ਗਾਰ ਨੂੰ ਲੱਭਣ ਲਈ ਰੋਸ਼ਨੀ ਦੀ ਲੋੜ ਨਹੀ ਪੈਂਦੀ। ਇੱਕ ਕੋਠੀ ਨੂੰ ਰੰਗ ਰੋਗਨ ਕਰ ਰਹੇ ਪ੍ਰਵਾਸੀ ਠੇਕੇਦਾਰ ਨੂੰ ਜਦੋਂ ਪੁਛਿਆ ”ਭਈਆ”,”ਆਪ ਸਭ ਬਾਹਰ ਦੇ ਮਜਦੂਰ ਰੱਖੇ ਨੇ ਪੰਜਾਬੀ ਕਿਉ ਨਹੀ ਰੱਖਦੇ”? ਉਸ ਦਾ ਦੋ ਟੁਕ ਜਬਾਬ ਸੀ ,”ਬਾਬੂ ਜੀ”,ਰੱਖੇ ਥੇ ਸਭ ਹਟਾ ਦੀਏ, ਇਧਰ ਵਾਲੇ ਲੜਕੇ ਕਾਮ ਕਰਕੇ ਰਾਜ਼ੀ ਨਹੀ ਸਾਹਿਬ”ਇੱਕ ਛੋਟੇ ਜਿਮੀਦਾਰ ਨੂੰ ਕਿਸੇ ਕੋਲੋ 100 ਰੁਪਏ ਲਈ ਮਿੰਨਤਾਂ ਕਰਦਾ ਵੀ ਵੇਖਿਆ, ਕਿਉ ਕਿ ਉਸ ਨੇ ਬੱਸ ਫੜ ਕੇ ਮੱਸਿਆ ਤੇ ਜਾਣਾ ਸੀ। ਸਰਕਾਰ ਦੇ ਚਲਾਏ ਰੰਗ ਬਰੰਗੇ ਨੋਟ ਬੱਚਿਆਂ ਦੀ ਕਿਸਮਤ ਪੁੜ੍ਹੀ ਵਰਗੇ ਲਗਦੇ ਹਨ।ਹੱਥਾਂ ਵਿੱਚ ਫੜ੍ਹੇ ਹੋਏ ਪ੍ਰਭਾਵ ਨਹੀ ਪਾ ਰਹੇ। ਥੜਿਆਂ ਉਪਰ ਢਾਣੀਆਂ ਬਣਾ ਕੇ ਤਾਸ਼ ਖੇਡ ਦੇ ਨੌਜੁਆਨ ਆਮ ਹੀ ਵੇਖਣ ਨੂੰ ਮਿਲ ਜਾਦੇਂ ਹਨ।ਜਿਹਨਾਂ ਮਿਹਨਤਕਸ਼ ਪੰਜਾਬੀਆਂ ਦੀ ਧਾਂਕ ਪੂਰੇ ਦੇਸ਼ ਵਿੱਚ ਮੰਨੀ ਜਾਂਦੀ ਸੀ। ਅੱਜ ਉਹ ਵਿਹਲੜ੍ਹ ਨੌਜੁਆਨ ਗਲਤ ਕੰਮ ਤੇ ਨਸ਼ਿਆਂ ਵਿੱਚ ਗਲਤਾਨ ਹੋ ਰਿਹਾ ਹੈ। ਪੰਜਾਬੀਆ ਨੇ ਵਿਆਹ ਤੋਂ ਪਹਿਲਾਂ ਪ੍ਰੀ ਬੈਡਿੰਗ ਦੇ ਭੁਸ ਨਾਲ ਇੱਕ ਹੋਰ ਹੀ ਵਾਧੂ ਖਰਚਾ ਸ਼ੁਰੂ ਕਰ ਲਿਆ ਹੈ। ਜਿਸ ਨਾਲ ਦਮ ਹੋਰ ਘੁੱਟੇਗਾ।ਜਿੰਦਗੀ ਦਾ ਇੱਕ ਇਹ ਵੀ ਸੱਚ ਹੈ,ਕਿ ਕਿਸੇ ਜਮਾਨੇ ਵਿੱਚ ਮਾਪੇ ਆਪਣੇ ਪੁੱਤਰਾਂ ਤੇ ਬਹੁਤ ਹੀ ਘੱਟ ਧੀਆਂ ਨੂੰ ਘਰ ਦੇ ਆਰਥਿੱਕ ਮੰਦਵਾੜੇ ਵਿੱਚੋਂ ਕੱਢਣ ਲਈ ਪ੍ਰਦੇਸ ਭੇਜਣ ਨੂੰ ਤਰਜੀਹ ਦਿੰਦੇ ਸਨ। ਕੁਝ ਹੱਦ ਤੱਕ ਕਾਮਯਾਬ ਵੀ ਹੋਏ ਹਨ। ਪਰ ਮੌਜੂਦਾ ਦੌਰ ਵਿੱਚ ਬਹੁਤ ਗਿਣਤੀ ਸਤਾਏ ਹੋਏ ਮਾਪਿਆਂ ਲਈ ”ਅੱਖੋਂ ਪਰੇ ਜੱਗ ਮਰੇ” ਵਾਲੀ ਗੱਲ ਬਣੀ ਹੋਈ ਆ। ਇਸ ਲਈ ਕਈਆਂ ਦੀ ਬੋਲਚਾਲ ਵਿੱਚ ਵਡੱਪਣ ਭਰੇ ਲਫਜ਼ ਲੁਪਤ ਹੋਏ ਪਏ ਹਨ। ਵਿਗੜੈਲ ਕਿਸਮ ਦੇ ਕਾਕੇ ਬਾਹਰ ਕੀ ਕੀ ਗੁੱਲ ਖਿਲਾਰਦੇ ਨੇ ਇਹ ਤਾਂ ਤੁਸੀ ਅਖਬਾਰਾਂ ਦੀ ਸੁਰਖੀਆਂ ਵਿੱਚ ਪੜ੍ਹ ਹੀ ਲਿਆ ਹੋਵੇਗਾ।ਇਹ ਸਭ ਕਾਸੇ ਨੂੰ ਸੰਭਾਲਣ ਲਈ ਕੁਝ ਹੱਦ ਤੱਕ ਪ੍ਰਵਾਰ ਤੇ ਕੁਝ ਸਰਕਾਰ ਦੀ ਜੁਮੇਵਾਰੀ ਬਣਦੀ ਹੈ। ਪਰ ਹਰ ਕਿਸੇ ਨੂੰ ਇੱਕੋ ਨਜ਼ਰੀਏ ਨਾਲ ਵੇਖਣਾ ਅਤਕਥਨੀ ਹੋਵੇਗੀ। ਕਿਸੇ ਇੱਕ ਧਿਰ ਨੂੰ ਦੋਸ਼ ਦੇ ਕੇ ਜੁਮੇਵਾਰੀ ਤੋਂ ਮੁਕਤ ਨਹੀ ਹੋਇਆ ਜਾ ਸਕਦਾ।ਜੁਮੇਵਾਰੀ ਹੀ ਇਨਸਾਨ ਨੂੰ ਆਪਣੀ ਹੋਂਦ ਦਾ ਅਹਿਸਾਸ ਪੈਦਾ ਕਰਦੀ ਹੈ। ਕਾਮਯਾਬੀ ਦੀ ਮੰਜ਼ਲ ਪਾਉਣ ਲਈ ਘਰ ਦੇ ਇੱਕ ਜੀਅ ਨੂੰ ਕੁਰਬਾਨੀ ਦੇਣੀ ਪੈਂਦੀ ਹੈ। ਇਹ ਮਿਸਾਲ ਤੁਸੀ ਆਪਣੇ ਆਲੇ ਦੁਆਲੇ ਵੀ ਵੇਖ ਸਕਦੇ ਹੋ! ”ਲੇਖ ਹੀ ਮਾੜੇ ਨੇ,ਕੀ ਕੀਤਾ ਜਾਵੇ,ਏਦਾਂ ਈ ਹੋਣਾ ਸੀ”ਇਹ ਗੱਲਾਂ ਕਰਨ ਵਾਲੇ ਮਾਨਸਿੱਕ ਰੋਗੀ ਤਾਂ ਹੋ ਸਕਦੇ ਹਨ।ਪਰ ਤੰਦਰੁਸਤ, ਦ੍ਰਿੜ ਤੇ ਸ੍ਰਿੜ ਇਰਾਦੇ ਵਾਲਾ ਨਹੀ ਹੋ ਸਕਦੇ।ਮੁੱਕਦੀ ਗੱਲ ਕਿਸਮਤ ਨੂੰ ਦੋਸ਼ ਦੇਕੇ ਆਪ ਤੁਸੀ ਸੁਰਖਰੂ ਨਹੀ ਹੋ ਸਕਦੇ !!!!

ਸ਼ਹੀਦੀਆਂ ਦਾ ਮਹੀਨਾ : ਪੋਹ

$
0
0

ਕਿਸੇ ਵੀ ਕੌਮ ਅਤੇ ਦੇਸ਼ ਦੀ ਰੱਖਿਆ ਲਈ ਬਹੁਤ ਸਾਰੇ ਸੂਰਬੀਰ ਯੋਧੇ ਆਪਣੀਆਂ ਜਾਨਾਂ ਵਾਰ ਦਿੰਦੇ ਹਨ। ਇਨਾਂ ਸੂਰਬੀਰਾਂ ਯੋਧਿਆਂ ਦੀਆਂ ਅਮਰ ਕਥਾਵਾਂ ਨੂੰ ਸੁਣ ਕੇ, ਪੜ ਕੇ ਆਉਣ ਵਾਲੀਆਂ ਨਸਲਾਂ ਸਬਕ ਸਿੱਖਦੀਆਂ ਹਨ। ਸਿਆਣਿਆਂ ਦਾ ਕਥਨ ਹੈ ਕਿ ਜਿਹੜੀਆਂ ਕੌਮਾਂ ਆਪਣੇ ਵੱਡੇ- ਵਡੇਰਿਆਂ ਦੀਆਂ ਲਾਸਾਨੀ ਕੁਰਬਾਨੀਆਂ ਨੂੰ ਭੁੱਲ ਜਾਂਦੀਆਂ ਹਨ ਉਹ ਬਹੁਤ ਜਲਦ ਖ਼ਤਮ ਹੋ ਜਾਂਦੀਆਂ ਹਨ।

ਅਫ਼ਸੋਸ! ਅਸੀਂ ਵੀ ਆਪਣੇ ਪੁਰਖ਼ਿਆਂ ਦੀਆਂ ਕੁਰਬਾਨੀਆਂ ਨੂੰ ਭੁਲਾਉਣ ਵਿਚ ਕੋਈ ਕਸਰ ਨਹੀਂ ਛੱਡੀ। ਅਸਲ ਵਿਚ ਹਿੰਦੋਸਤਾਨ ਦੇ ਆਧੁਨਿਕ ਸਰੂਪ ਨੂੰ ਜੇਕਰ ਅਸੀਂ ਦੇਖਦੇ ਹਾਂ ਤਾਂ ਇਹ ਗੁਰੂ ਗੋਬਿੰਦ ਸਿੰਘ ਜੀ ਦੀ ਦੇਣ ਹੈ। ਜੇਕਰ ਗੁਰੂ ਗੋਬਿੰਦ ਸਿੰਘ ਜੀ ਆਪਣਾ ਸਰਬੰਸ ਕੁਰਬਾਨ ਨਾ ਕਰਦੇ ਤਾਂ ਖ਼ਬਰੇ! ਸਾਡੇ ਮੁਲਕ ਦਾ ਆਧੁਨਿਕ ਚਿਹਰਾ ਕੁਝ ਹੋਰ ਹੁੰਦਾ।
ਖ਼ੈਰ! ਪੋਹ ਦਾ ਮਹੀਨਾ ਸ਼ਹੀਦੀਆਂ ਦਾ ਮਹੀਨਾ ਹੈ। ਇਸ ਮਹੀਨੇ ਵਿਚ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜਾਂਦਿਆਂ ਦੀ ਸ਼ਹੀਦੀ ਹੋਈ। ਚਾਲੀ ਮੁਕਤਿਆਂ ਨੇ ਚਮਕੌਰ ਦੀ ਗੜੀ ਵਿਚ ਦੇਸ਼, ਕੌਮ ਲਈ ਆਪਣੀ ਸ਼ਹਾਦਤ ਦਿੱਤੀ। ਮਾਤਾ ਗੁਜਰੀ ਜੀ ਦੀ ਸ਼ਹਾਦਤ ਹੋਈ।

ਸੂਬਾ ਸਰਹੰਦ ਦੇ ਹੁਕਮ ਨਾਲ ਬਾਬਾ ਜੋਰਾਵਰ ਸਿੰਘ ਜੀ ਅਤੇ ਬਾਬਾ ਫ਼ਤਿਹ ਸਿੰਘ ਜੀ ਨੂੰ ਜੀਉਂਦਿਆਂ ਹੀ ਨੀਹਾਂ ਵਿਚ ਚਿੰਨ ਦਿੱਤਾ ਗਿਆ। ਸੰਸਾਰ ਦੇ ਇਤਿਹਾਸ ਵਿਚ ਇਹ ਪਹਿਲੀ ਮਿਸਾਲ ਹੈ ਜਦੋਂ ਇੰਨੀ ਛੋਟੀ ਉਮਰ ਦੇ ਬੱਚਿਆਂ ਨੂੰ ਅਜਿਹੀ ਮੌਤ ਦਿੱਤੀ ਗਈ ਹੋਵੇ। ਪਰ! ਧੰਨ ਗੁਰੂ ਦੇ ਸਾਹਿਬਜਾਦੇ ਜਿਨਾਂ ਦੇਸ਼ ਅਤੇ ਧਰਮ ਦੀ ਖ਼ਾਤਰ ਹੱਸ ਕੇ ਆਪਣੀ ਸ਼ਹੀਦੀ ਦੇ ਦਿੱਤੀ ਪਰ! ਆਪਣੇ ਦਿੜ ਇਰਾਦੇ ਤੋਂ ਨਹੀਂ ਡੋਲੇ।

ਸਿਆਣਿਆਂ ਦਾ ਕਥਨ ਹੈ, ‘ਸਰੀਰਕ ਮੌਤ ਅਸਲ ਮੌਤ ਨਹੀਂ ਹੁੰਦੀ ਬਲਕਿ ਜਮੀਰ ਦਾ ਮਰ ਜਾਣਾ ਅਸਲ ਮੌਤ ਹੁੰਦੀ ਹੈ।’ ਬਹੁਤ ਸਾਰੇ ਲੋਕ ਮਰ ਕੇ ਵੀ ਲੋਕ- ਮਨਾਂ ਵਿਚ ਜੀਉਂਦੇ ਹਨ ਅਤੇ ਬਹੁਤ ਸਾਰੇ ਲੋਕ ਜੀਉਂਦਿਆਂ ਵੀ ਮਰਿਆਂ ਵਾਂਗ ਜੀਵਨ ਕੱਟਦੇ ਹਨ।

ਚਮਕੌਰ ਦੀ ਕੱਚੀ ਗੜੀ ਵਿਚ ਦਸਮੇਸ਼ ਪਿਤਾ ਚਾਲੀ ਸਿੰਘਾਂ ਨਾਲ ਮੌਜੂਦ ਹਨ। ਗੜੀ ਦੇ ਬਾਹਰ ਦਸ ਲੱਖ ਮੁਗ਼ਲ ਫੌਜ ਘੇਰਾ ਪਾ ਕੇ ਖੜੀ ਹੈ। ਪੰਜ- ਪੰਜ ਸਿੰਘਾਂ ਦਾ ਜੱਥਾ ਬਾਹਰ ਆਉਂਦਾ ਹੈ ਅਤੇ ਬੇਅੰਤ ਵੈਰੀਆਂ ਨੂੰ ਮਾਰ ਕੇ ਸ਼ਹੀਦ ਹੋ ਜਾਂਦਾ ਹੈ। ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜਾਦੇ ਬਾਬਾ ਅਜੀਤ ਸਿੰਘ ਜੀ ਜੰਗ ਵਿਚ ਜਾਣ ਦੀ ਆਗਿਆ ਮੰਗਦੇ ਹਨ ਤਾਂ ਦਸਮੇਸ਼ ਪਿਤਾ ਹੱਸ ਕੇ ਆਗਿਆ ਦੇ ਦਿੰਦੇ ਹਨ।

ਗੁਰੂ ਸਾਹਿਬ ਜਾਣਦੇ ਹਨ ਕਿ ਬਾਬਾ ਅਜੀਤ ਸਿੰਘ ਜੀ ਨੇ ਮੁੜ ਕੇ ਵਾਪਸ ਨਹੀਂ ਆਉਣਾ ਪਰ! ਧੰਨ ਜਿਗਰਾ ਹੈ ਦਸਮੇਸ਼ ਪਿਤਾ ਦਾ ਜਿਨਾਂ ਆਪਣੇ ਜ਼ਿਗਰ ਦੇ ਟੁਕੜੇ ਨੂੰ ਦੇਸ਼, ਧਰਮ ਤੋਂ ਕੁਰਬਾਨ ਹੋਣ ਲਈ ਜੰਗ ਵੱਲ ਤੋਰ ਦਿੱਤਾ।
ਹੈਰਾਨੀ ਹੁੰਦੀ ਹੈ ਇਹ ਸੋਚ ਕੇ/ ਪੜ ਕੇ ਕਿ ਬਾਬਾ ਜੁਝਾਰ ਸਿੰਘ ਜੀ ਨੂੰ ਹੁਕਮ ਦੇਣ ਦੀ ਲੋੜ ਨਹੀਂ ਪਈ। ਜਦੋਂ ਵੱਡਾ ਵੀਰ ਜੰਗ ਦੇ ਮੈਦਾਨ ਵਿਚ ਸ਼ਹੀਦ ਹੋ ਗਿਆ ਤਾਂ ਬਾਬਾ ਜੁਝਾਰ ਸਿੰਘ ਆਪ ਦਸਮੇਸ਼ ਪਿਤਾ ਦੇ ਸਨਮੁੱਖ ਪੇਸ਼ ਹੋਏ ਅਤੇ ਜੰਗ ਵਿਚ ਜਾਣ ਦੀ ਆਗਿਆ ਮੰਗੀ।

ਸੰਸਾਰ ਦੇ ਇਤਿਹਾਸ ਵਿਚ ਇਹ ਪਹਿਲੀ ਅਤੇ ਆਖ਼ੀਰੀ ਵਾਰ ਹੋਇਆ ਹੈ ਕਿ ਇੱਕ ਪਿਤਾ ਨੇ ਆਪਣੇ ਪੁੱਤਰਾਂ ਨੂੰ ਆਪਣੇ ਮੁਲਕ ਲਈ ਹੱਸ ਕੇ ਕੁਰਬਾਨ ਕੀਤਾ ਹੈ। ਸਾਹਿਬਜਾਦੇ ਜੁਝਾਰ ਸਿੰਘ ਜੀ ਨੂੰ ਦਸਮੇਸ਼ ਪਿਤਾ ਨੇ ਆਪਣੇ ਹੱਥੀਂ ਜੰਗ ਦੇ ਮੈਦਾਨ ਵੱਲ ਤੋਰਿਆ। ਦਸਮ ਪਿਤਾ ਨੇ ਆਪਣੇ ਮੁੰਹੋਂ ਉਫ਼ ਤੱਕ ਨਹੀਂ ਕੀਤੀ ਬਲਕਿ ਅਕਾਲ ਪੁਰਖ਼ ਦਾ ਸ਼ੁਕਰਾਨਾ ਕੀਤਾ। ਉਨਾਂ ਕਿਹਾ ਕਿ ਇਹ ਸਭ ਦਾਤਾਂ ਅਕਾਲ ਪੁਰਖ਼ ਨੇ ਦਿੱਤੀਆਂ ਸਨ ਅਤੇ ਮੈਂ ਸਤਿਗੁਰ ਨੂੰ ਮੋੜ ਦਿੱਤੀਆਂ ਹਨ।

ਪੋਹ ਦੇ ਮਹੀਨੇ ਵਿਚ ਜਿੱਥੇ ਪੰਜ ਸਾਲ ਦੇ ਫ਼ਤਿਹ ਸਿੰਘ ਦੀ ਸ਼ਹਾਦਤ ਹੋਈ ਉੱਥੇ ਸੱਤਰ ਸਾਲ ਦੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਵੀ ਇਤਿਹਾਸ ਦੇ ਪੰਨਿਆਂ ਵਿਚ ਦਰਜ਼ ਹੈ। ਮਾਤਾ ਗੁਜਰੀ ਅਜਿਹੀ ਮਹਾਨ ਸਖ਼ਸੀਅਤ ਸਨ ਜਿਨਾਂ ਆਪਣੇ ਸਮੁੱਚੇ ਪਰਿਵਾਰ ਨੂੰ ਦੇਸ਼, ਧਰਮ ਉੱਤੋਂ ਕੁਰਬਾਨ ਕਰ ਦਿੱਤਾ।

ਮਾਤਾ ਗੁਜਰੀ ਜੀ ਨੇ ਛੋਟੇ ਸਾਹਿਬਜਾਦਿਆਂ ਨੂੰ ਅਜਿਹੀ ਦਲੇਰੀ ਅਤੇ ਹਿੰਮਤ ਦਿੱਤੀ ਕਿ ਉਹ ਸੂਬੇ ਦੀ ਕਚਹਿਰੀ ਵਿਚ ਅਡੋਲ ਰਹੇ। ਇਹੀ ਸੁਚੱਜੀ ਮਾਂ ਦਾ ਫ਼ਰਜ਼ ਹੁੰਦਾ ਹੈ। ਅੱਜ ਦੀਆਂ ਮਾਂਵਾਂ ਨੂੰ ਮਾਤਾ ਗੁਜਰੀ ਜੀ ਤੋਂ ਸਿੱਖਿਆ ਲੈਣ ਦੀ ਲੋੜ ਹੈ।
ਆਖ਼ਰ ਵਿਚ ਕਿਹਾ ਜਾ ਸਕਦਾ ਹੈ ਕਿ ਜੇਕਰ ਦਸਮੇਸ਼ ਪਿਤਾ ਸਰਬੰਸ ਕੁਰਬਾਨ ਨਾ ਕਰਦੇ ਤਾਂ ਹਿੰਦੋਸਤਾਨ ਦਾ ਨਕਸ਼ਾ ਕੁਝ ਹੋਰ ਹੁੰਦਾ। ਹਾਲਾਂਕਿ ਗੁਰੂ ਸਾਹਿਬ ਕਿਸੇ ਮਹਜ਼ਬ ਜਾਂ ਫਿਰਕੇ ਦੇ ਖਿਲਾਫ਼ ਨਹੀਂ ਸਨ ਉਹ ਤਾਂ ਜੁਲਮ ਦੇ ਖਿਲਾਫ਼ ਸਨ। ਉਨਾਂ ਆਪਣੇ ਜੀਵਨਕਾਲ ਵਿਚ ਜੁਲਮ ਦਾ ਟਾਕਰਾ ਕੀਤਾ। ਅਜਿਹੇ ਸੂਰਬੀਰ ਯੋਧੇ ਨੂੰ ਨਤਮਸਤਕ ਕਰਨਾ ਬਣਦਾ ਹੈ ਅਤੇ ਉਨਾਂ ਸ਼ਹੀਦਾਂ ਦੀ ਸ਼ਹੀਦੀ ਨੂੰ ਯਾਦ ਕਰਨਾ ਬਣਦਾ ਹੈ ਜਿਨਾਂ ਨੇ ਸਾਡੇ ਲਈ ਆਪਣੀ ਜ਼ਿੰਦਗੀ ਹੱਸ ਕੇ ਕੁਰਬਾਨ ਕਰ ਦਿੱਤੀ।

ਪੰਚਾਇਤੀ ਚੋਣਾਂ ‘ਚ ਸਰਬਸੰਮਤੀ ਦੀ ਮਹੱਤਤਾ

$
0
0

ਪੰਜਾਬ ਵਿੱਚ ਪੰਚਾਇਤੀ ਚੋਣਾਂ ਦੇ ਐਲਾਨ ਨਾਲ ਹੀ ਪਿੰਡਾਂ ਦੀ ਸਿਆਸਤ ਨੇ ਜ਼ੋਰ ਪਕੜ ਲਿਆ ਹੈ। ਸਾਡੇ ਦੇਸ਼ ਦਾ ਦੁਖਾਂਤ ਹੀ ਹੈ ਕਿ ਲੋਕਤੰਤਰ ਦੀ ਮੁੱਢਲੀ ਕੜੀ ਪੰਚਾਇਤਾਂ, ਜਿਨਾਂ ਨੇ ਪਿੰਡਾਂ ਦੇ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਉਣੀ ਹੁੰਦੀ ਹੈ, ਉਹ ਇਸ ਤਰ੍ਹਾਂ ਗੰਧਲੀ ਰਾਜਨੀਤੀ ਦੀ ਭੇਟ ਚੜੀਆਂ ਹਨ ਕਿ ਪਿੰਡਾਂ ਦੇ ਪਿੰਡ ਧੜਿਆਂ ਵਿੱਚ ਵੰਡ ਦਿੱਤੇ ਹਨ ਅਤੇ ਪਿੰਡਾਂ ਵਿੱਚ ਵਿਕਾਸ ਦਾ ਸਿਰਫ ਨਾਂ ਹੀ ਰਹਿ ਗਿਆ ਹੈ ਪਰ ਜ਼ਮੀਨੀ ਤੌਰ ਤੇ ਕਿਤੇ ਨਜ਼ਰ ਨਹੀਂ ਆਉਂਦਾ। ਪੰਚਾਇਤੀ ਇਤਿਹਾਸ ਗਵਾਹ ਰਿਹਾ ਹੈ ਕਿ ਪਿੰਡਾਂ ਦੀਆਂ ਜਿਆਦਾਤਰ ਪੰਚਾਇਤਾਂ ਆਪਣੇ ਅਧਿਕਾਰਾਂ ਤੋਂ ਚੰਗੀ ਤਰ੍ਹਾਂ ਜਾਣੂੰ ਨਹੀਂ ਹੁੰਦੀਆਂ ਅਤੇ ਆਪਣੇ ਅਧਿਕਾਰਾਂ ਦੀ ਯੋਗ ਵਰਤੋਂ ਕਰ ਪਾਉਂਣ ਵਿੱਚ ਅਸਫਲ ਰਹੀਆਂ ਹਨ।

ਇਹ ਕੋਈ ਅੱਤਕੱਥਨੀ ਨਹੀਂ ਕਿ ਪੰਚਾਇਤੀ ਚੋਣਾਂ ਵੀ ਆਮ ਲੋਕਾਂ ਦੇ ਚੋਣ ਲੜਨ ਦੇ ਵੱਸ ਤੋਂ ਬਾਹਰ ਹੋ ਗਈਆਂ ਹਨ ਅਤੇ ਧਨਾਢਾਂ ਦਾ ਇਹਨਾਂ ਤੇ ਕਬਜਾ ਹੈ। ਜਿਆਦਾਤਰ ਰਿਜਰਵ ਸੀਟਾਂ ਤੇ ਜਿੱਤੇ ਉਮੀਦਵਾਰ ਵੀ ਪਿੰਡ ਦੇ ਤਕੜੇ ਲੋਕਾਂ ਦੀਆਂ ਹੱਥ ਕਠਪੁਤਲੀਆਂ ਤੋਂ ਵੱਧ ਕੇ ਕੁਝ ਸਾਬਤ ਨਹੀਂ ਹੋਏ। ਰਿਜਰਵ ਸੀਟਾਂ ਤੇ ਜਿੱਤੀਆਂ ਔਰਤਾਂ ਵੀ ਜਿਆਦਾਤਰ ਆਪਣੇ ਪਤੀਆਂ ਦੇ ਕਹੇ ਅਨੁਸਾਰ ਦਸਤਖਤ ਕਰਨ ਤੱਕ ਸਿਮਟ ਜਾਂਦੀਆਂ ਹਨ।

ਪੰਜਾਬ ਦੇ ਵਿਰਲੇ ਪਿੰਡ ਹੀ ਹਨ ਜਿੱਥੋਂ ਦੀਆਂ ਪੰਚਾਇਤਾਂ ਨੇ ਨਵੀਆਂ ਲੀਹਾਂ ਵਾਹੀਆਂ ਹਨ ਅਤੇ ਲੋਕਤੰਤਰ ਦੀ ਪਰਿਭਾਸ਼ਾ ਨੂੰ ਮਜਬੂਤੀ ਪ੍ਰਦਾਨ ਕੀਤੀ ਹੈ। ਪਿੰਡਾਂ ਵਿੱਚ ਵਿਕਾਸ ਨੂੰ ਜਮੀਨੀ ਹਕੀਕਤ ਬਣਾਉਣ ਲਈ ਲੋੜ ਹੈ ਪੜੇ ਲਿਖੇ, ਸੂਝਵਾਨਾਂ ਅਤੇ ਨੌਜਵਾਨਾਂ ਨੂੰ ਪਿੰਡਾਂ ਦੀ ਕਮਾਣ ਆਪਣੇ ਹੱਥ ਵਿੱਚ ਸੰਭਾਲਣ ਦੀ। ਸੌੜੀ ਰਾਜਨੀਤੀ ਦੀ ਬੂਅ ਤੋਂ ਪਿੰਡਾਂ ਦੇ ਭਾਈਚਾਰੇ ਅਤੇ ਆਪਣੇਪਣ ਨੂੰ ਬਚਾਉਣ ਲਈ, ਯੋਗ ਵਿਅਕਤੀਆਂ – ਔਰਤਾਂ ਨੂੰ ਅੱਗੇ ਲਿਆਉਣ ਲਈ, ਖੁਸ਼ਹਾਲ ਪਿੰਡਾਂ ਦੇ ਨਿਰਮਾਣ ਲਈ, ਚੋਣ ਲੜਨ ਦੇ ਨਾਂ ਤੇ ਹੁੰਦੇ ਬੇਹਤਾਸ਼ਾ ਖਰਚ ਨੂੰ ਨੱਥ ਪਾਉਣ ਲਈ ਸਮੇਂ ਦੀ ਮੰਗ ਹੈ ਕਿ ਪੰਚਾਇਤਾਂ ਦੀ ਚੋਣ ਵਿੱਚ ਸਰਬਸੰਮਤੀ ਦੀ ਰਾਏ ਅਨੁਸਾਰ ਪੰਚਾਇਤਾਂ ਦੀ ਚੋਣ ਕਰਨ ਦੀ ਆਦਤ ਨੂੰ ਪਿੰਡ ਵਾਸੀਆਂ ਦੁਆਰਾ ਆਪਣੇ ਸੁਭਾਅ ਵਿੱਚ ਸ਼ਾਮਿਲ ਕੀਤਾ ਜਾਵੇ।

ਪਿੰਡਾਂ ਦੇ ਸਮੁੱਚੇ ਵਿਕਾਸ ਲਈ ਧੜੇਬੰਦੀਆਂ ਤੋਂ ਉੱਪਰ ਉੱਠ ਕੇ ਪਿੰਡ ਵਿੱਚ ਅਨਾਉਂਸਮੈਂਟ ਜਾਂ ਹੋਕਾ ਦਿਵਾ ਕੇ ਪਿੰਡ ਦੀ ਸਾਂਝੀ ਜਗ੍ਹਾ ਉੱਪਰ ਇਕੱਠ ਰੱਖ ਇਸ ਸਬੰਧ ਵਿੱਚ ਪਹਿਲਕਦਮੀ ਕੀਤੀ ਜਾ ਸਕਦੀ ਹੈ ਅਤੇ ਪੜੇ ਲਿਖੇ, ਸਮਝਦਾਰ ਅਤੇ ਯੋਗ ਵਿਅਕਤੀਆਂ ਹੱਥ ਪਿੰਡ ਦੀ ਵਾਗਡੋਰ ਦਿੱਤੀ ਜਾ ਸਕਦੀ ਹੈ। ਪੰਚਾਇਤੀ ਦਾਅਵੇਦਾਰਾਂ ਤੋਂ ਪਿੰਡ ਦੇ ਵਿਕਾਸ ਹਿੱਤ ਉਹਨਾਂ ਦੇ ਵਿਚਾਰਾਂ ਦੇ ਆਧਾਰ ਤੇ ਯੋਗ ਵਿਅਕਤੀਆਂ ਨੂੰ ਮੌਕਾ ਦਿੱਤਾ ਜਾ ਸਕਦਾ ਹੈ। ਇੱਥੇ ਇਸ ਤੱਥ ਨੂੰ ਅਣਗੌਲਿਆਂ ਨਹੀਂ ਕੀਤਾ ਜਾ ਸਕਦਾ ਹੈ ਕਿ ਪਿੰਡਾਂ ਵਿੱਚ ਪੰਚਾਇਤਾਂ ਦੀ ਸਰਬਸੰਮਤੀ ਨਾਲ ਚੋਣ ਉਦੋਂ ਹੀ ਸੰਭਵ ਹੈ ਜਦ ਪਿੰਡਾਂ ਦੇ ਲੋਕਾਂ ਵੱਲੋਂ ਆਪਣੇ ਨਿੱਜੀ ਹਿੱਤਾਂ ਤੋਂ ਜਿਆਦਾ ਮਹੱਤਵ ਪਿੰਡ ਦੇ ਸਾਂਝੇ ਹਿੱਤਾਂ ਨੂੰ ਦਿੱਤਾ ਜਾਵੇ।

ਸਰਬਸੰਮਤੀ ਦੇ ਨਾਂ ਹੇਠ ਸਰਪੰਚੀ ਦੀ ਬੋਲੀ ਲਾਉਣਾ ਸਰਬਸੰਮਤੀ ਦੀ ਮੂਲ ਧਾਰਣਾ ਦੇ ਖਿਲਾਫ ਅਤੇ ਮਾੜਾ ਰੁਝਾਨ ਹੈ। ਸਰਬਸੰਮਤੀ ਵਿੱਚ ਵਿਅਕਤੀ ਦੀ ਯੋਗਤਾ, ਨੀਤੀ ਅਤੇ ਨੀਅਤ ਨੂੰ ਆਧਾਰ ਮੰਨ ਕੇ ਮੌਕਾ ਦੇਣਾ ਸਰਬਸੰਮਤੀ ਦੀ ਮੂਲ ਧਾਰਣਾ ਦੀ ਨਿਸ਼ਾਨਦੇਹੀ ਕਰਦਾ ਹੈ। ਲੋਕਤੰਤਰ ਦੀ ਮਜਬੂਤੀ ਲਈ ਜਰੂਰੀ ਹੈ ਕਿ ਪੜੀਆਂ ਲਿਖੀਆਂ ਪੰਚਾਇਤਾਂ ਦੇ ਗਠਨ ਦੇ ਨਾਲ ਨਾਲ ਪੰਚਾਇਤਾਂ ਦੇ ਅਧਿਕਾਰਾਂ ਵਿੱਚ ਲੋੜੀਂਦੇ ਸੁਧਾਰ ਅਤੇ ਵਾਧੇ ਕੀਤੇ ਜਾਣ। ਸਰਪੰਚਾਂ ਅਤੇ ਪੰਚਾਂ ਨੂੰ ਨਿਸ਼ਚਿਤ ਯੋਗ ਰਾਸ਼ੀ ਮਾਣਭੱਤੇ ਜਾਂ ਤਨਖਾਹ ਦੇ ਰੂਪ ਵਿੱਚ ਦੇਣੀ ਯਕੀਨੀ ਬਣਾਈ ਜਾਵੇ ਤਾਂ ਜੋ ਪੰਚਾਇਤਾਂ ਪਿੰਡਾਂ ਦੇ ਵਿਕਾਸ ਹਿੱਤ ਕੰਮਾਂ ਅਤੇ ਮਾਮਲਿਆਂ ਲਈ ਜਿਆਦਾ ਤੋਂ ਜਿਆਦਾ ਸਮਾਂ ਦੇ ਸਕਣ।

ਅਰਦਾਸਾਂ ਹੋਈਆਂ ਪੂਰੀਆਂ ਜੀ

$
0
0

ਸਿਆਸਤ ਸਭ ਤੋਂ ਵੱਡੀ ਨਹੀਂ ਹੁੰਦੀ, ਕੁੱਝ ਗੱਲਾਂ ਸਿਆਸਤ ਤੋਂ ਵੀ ਵੱਡੀਆਂ ਹੁੰਦੀਆਂ ਹਨ। ਅਤੇ ਜਦੋਂ ਸਤਿਗੁਰੂ ਨਾਨਕ ਦੀ ਗੱਲ ਆਉਂਦੀ ਹੈ ਤਾਂ ਸਹਿਜ ਸੁਭਾਅ ਹੀ “ਸਭ ਤੋਂ ਵੱਡਾ ਸਤਿਗੁਰ ਨਾਨਕ” ਸਾਡੇ ਮੂੰਹੋਂ ਮੱਲੋ-ਮੱਲ੍ਹੀ ਉਚਰਿਆ ਜਾਂਦਾ ਹੈ। ਜਿੱਥੇ ਕਰਤਾਰਪੁਰ ਲਾਂਘੇ ਨੂੰ ਖੋਲ੍ਹਣ ਦੀ ਕਵਾਇਦ ਸ਼ੁਰੂ ਹੋਈ ਹੈਂ ਤੇ ਸਮੁੱਚੇ ਭਾਈਚਾਰੇ ‘ਚ ਖ਼ੁਸ਼ੀ ਦੀ ਲਹਿਰ ਦੌੜ ਪਈ ਹੈ,  ਉੱਥੇ ਇਸੇ ਮਸਲੇ ਤੇ ਕੁਝ ਕੁ ਨੇਤਾਵਾਂ ਵੱਲੋਂ ਹੋ ਰਹੀ ਸੌੜੀ ਸਿਆਸਤ ਨੇ ਦੁਖੀ ਵੀ ਕੀਤਾ ਹੈ ਤੇ ਸਿਆਸਤ ‘ਚ ਆਏ ਨਿਘਾਰ ਨੂੰ ਨੇੜੇ ਤੋਂ ਮਹਿਸੂਸ ਵੀ ਕੀਤਾ ਹੈ। ਭਾਵੇਂ ਇਸ ਲਾਂਘੇ ਦੇ ਖੁੱਲ੍ਹਣ ਦਾ ਕਾਰਨ ਵੀ ਸਿਆਸਤ ਬਣੀ ਹੈ ਪਰ ਹੁਣ ਇਹ ਵੱਖਰੀ ਗੱਲ ਹੈ ਕਿ ਇਸ ਪਿੱਛੇ ਸਿਆਸਤਦਾਨਾਂ ਦਾ ਮਕਸਦ ਚੰਗਾ ਹੈ, ਜਾਂ ਮਾੜਾ ਹੈ, ਇਹ ਤਾਂ ਵਕਤ ਦੇ ਗਰਭ ਵਿਚ ਹੈ। ਪਰ ਜੇ ਨਾਨਕ ਨਾਮ ਲੇਵਾ ਸੰਗਤ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਲਈ ਤਾਂ ਇਹ ਵਕਤ ਖ਼ੁਸ਼ੀ ‘ਚ ਖੀਵੇ ਹੋਣ ਦਾ ਹੈ। ਇਸ ਖ਼ੁਸ਼ੀ ਦੇ ਮੌਕੇ ਨੂੰ ਇਕੱਲਾ ਸਿੱਖ ਜਗਤ ਨਹੀਂ ਮਾਣ ਰਿਹਾ ਸਗੋਂ ਜਗਤ ਗੁਰੂ ਦੀ ਇਸ ਇਤਿਹਾਸਿਕ ਭੋਏਂ ਦੇ ਰਾਹ ਖੁੱਲ੍ਹਣ ‘ਤੇ ਸਾਰੇ ਭਾਈਚਾਰਿਆ ਵੱਲੋਂ ਮਿਲ ਰਹੀਆਂ ਵਧਾਈਆਂ ਇਹ ਸਾਬਿਤ ਕਰਦਿਆਂ ਹਨ ਕਿ ਲੋਕ ਬਾਬਾ ਨਾਨਕ ਨੂੰ ਸਿਰਫ਼ ਜਗਤ ਗੁਰੂ ਕਹਿੰਦੇ ਹੀ ਨਹੀਂ, ਮੰਨਦੇ ਵੀ ਹਨ।

ਇਹੋ ਜਿਹੇ ਮਾਹੌਲ ‘ਚ ਕੜ੍ਹੀ ਘੋਲਣ ਵਾਲਿਆਂ ਦੀ ਵੀ ਕੋਈ ਕਮੀ ਨਹੀਂ ਹੈ। ਵਿਰਲੇ ਵਿਰਲੇ ਸਿਰਫ਼ ਇਸ ਲਈ ਵਿਰੋਧ ਕਰ ਰਹੇ ਹਨ ਕਿ ਇਸ ਦਾ ਮਾਣ ਉਨ੍ਹਾਂ ਦੇ ਹਿੱਸੇ ਕਿਉਂ ਨਹੀਂ ਆਇਆ। ਭਾਵੇਂ ਪਿਛਲੇ ਸੱਤਰ ਸਾਲਾਂ ਦੀਆਂ ਸੰਗਤ ਵੱਲੋਂ ਕੀਤੀਆਂ ਅਰਦਾਸਾਂ ਦਾ ਇਹ ਅਸਰ ਹੈ ਪਰ ਇਹਨਾਂ ਸਿਆਸਤਦਾਨਾਂ ਨੇ ਕਦੇ ਇਹ ਸੁਪਨੇ ‘ਚ ਵੀ ਨਹੀਂ ਸੋਚਿਆ ਸੀ ਕਿ ਦੋ ਖਿਡਾਰੀਆਂ ਦੀ ਇਹ ਦੋਸਤੀ ਸਿਰਫ਼ ਇਕ ਮਿਲਣੀ ‘ਚ ਏਡੇ ਵੱਡੇ ਕਾਰਜ ਦਾ ਰਾਹ ਪੱਧਰਾ ਕਰ ਦੇਵੇਗੀ। ਕਿਉਂਕਿ ਹੁਣ ਤੱਕ ਜਦੋਂ ਦੋਨਾਂ ਮੁਲਕਾਂ ਦੇ ਸਿਆਸਤਦਾਨ ਇਕ ਦੂਜੇ ਦੇ ਨੇੜੇ ਹੋਣ ਲਗਦੇ ਸਨ ਤਾਂ ਕੁਝ ਕੁ ਵੱਖਵਾਦੀ ਤਾਕਤਾਂ ਕੋਈ ਵੱਡੀ ਘਟਨਾ ਨੂੰ ਅੰਜਾਮ ਦੇ ਕੇ ਆਪਣੇ ਵੱਲੋਂ ਰੋਡੇ ਅਟਕਾ ਦਿੰਦਿਆਂ ਸਨ। ਜਾਂ ਫੇਰ ਧਰਮ ਦੇ ਨਾਂ ਤੇ ਵੋਟਾਂ ਦੀ ਰਾਜਨੀਤੀ ਆੜੇ ਆ ਜਾਂਦੀ ਸੀ।  ਇਮਰਾਨ ਦਾ ਪ੍ਰਧਾਨ ਮੰਤਰੀ ਬਣਨਾ ਤੇ ਸਿੱਧੂ ਨੂੰ ਸੌਂਹ ਚੁੱਕ ਸਮਾਗਮ ਦਾ ਨਿਓਤਾ ਦੇਣਾ ਲੋਕ ਵਿਰੋਧੀ ਤਾਕਤਾਂ ਦੇ ਹਜ਼ਮ ਨਹੀਂ ਸੀ ਆਇਆ। ਭਾਵੇਂ ਇਹ ਨਿਓਤਾ ਹੋਰਾਂ ਨੂੰ ਵੀ ਮਿਲਿਆ ਸੀ ਤੇ ਸੱਚ ਤਾਂ ਇਹ ਹੈ ਕਿ ਸਿੱਧੂ ਨਾਲ ਤਾਂ ਇਮਰਾਨ ਬਹੁਤ ਘੱਟ ਖੇਡਿਆ ਸੀ ਤੇ ਉਸ ਵਕਤ ਦੇ ਹੋਰ ਸਾਥੀਆਂ ਨੇ ਇਸ ਨਿਓਤੇ ਨੂੰ ਸਿਰਫ਼ ਇਸ ਗੱਲੋਂ ਨਕਾਰ ਦਿੱਤਾ ਸੀ ਕਿ ਇਹ ਦੇਸ਼ ਨਾਲ ਧ੍ਰੋਹ ਹੋਵੇਗਾ। ਪਰ ਸਿੱਧੂ ਜੋ ਕਿ ਸਦਾ ਹੀ ਹਵਾ ਦੇ ਉਲਟ ਚੱਲਿਆ ਹੈ ਨੇ ਇਸ ਬਾਰ ਫੇਰ ਸਾਬਿਤ ਕਰ ਦਿੱਤਾ ਕਿ ਜੋ ਜੋਖ਼ਮ ਉਠਾਉਂਦੇ  ਹਨ  ਉਹੀ ਕਾਮਯਾਬ ਹੁੰਦੇ ਹਨ।

ਅੱਗੇ ਵਧਣ ਤੋਂ ਪਹਿਲਾਂ ਕੁਝ ਕੁ ਗੱਲਾਂ ਸਿੱਧੂ ਬਾਰੇ ਵੀ ਹੋ ਜਾਣ। ਅੱਜ ਤੋਂ ਛੇ ਕੁ ਮਹੀਨੇ ਪਹਿਲਾਂ ਹਰਮਨ ਰੇਡੀਉ ਤੇ ਇਕ ਸ਼ੋਅ ਦੌਰਾਨ ਖ਼ਬਰਾਂ ਦੀ ਸਮੀਖਿਆ ਕਰਦਿਆਂ ਮੈਂ ਸਿੱਧੂ ਨੂੰ ਪ੍ਰਧਾਨ ਮੰਤਰੀ ਪੱਧਰ ਦਾ ਨੇਤਾ ਕਹਿ ਦਿੱਤਾ ਸੀ। ਪਰ ਉਸ ਲਾਈਵ ਸ਼ੋ ‘ਚ ਬਹੁਤੇ ਲੋਕ ਮੇਰੀ ਇਸ ਗੱਲ ਨਾਲ ਸਹਿਮਤ ਨਹੀਂ ਸਨ। ਉਸ ਵਕਤ ਮੈਂ ਇਹ ਵੀ ਕਿਹਾ ਸੀ ਕਿ ਮੋਦੀ ਇਸ ਲਈ ਘਾਣ ਸਿਆਸਤਦਾਨ ਨਹੀਂ ਹੈ ਕਿ ਉਹ ਬਹੁਤ ਪਹੁੰਚਿਆ ਹੋਇਆ ਬਲਕਿ ਇਸ ਲਈ ਹੈ ਕਿ ਉਸ ਦੇ ਕਿਸੇ  ਵੀ ਵਿਰੋਧੀ ਦਾ ਕੱਦ ਉਸ ਦੇ ਬਰਾਬਰ ਨਹੀਂ ਹੈ ਤੇ ਲੋਕਾਂ ਕੋਲ ਕੋਈ ਬਦਲ ਹੀ ਨਹੀਂ ਹੈ। ਖ਼ਾਸ ਤੌਰ ਤੇ ਮੁੱਖ ਵਿਰੋਧੀ ਰਾਹੁਲ ਗਾਂਧੀ ਬਹੁਤ ਹੀ ਅਨਾੜੀ ਸਿਆਸਤਦਾਨ ਹੈ। ਰਾਹੁਲ ਨੂੰ ਜੋ ਕੁਰਸੀ ਮਿਲੀ ਹੈ ਉਸ ਵਿਚ ਕੋਈ ਦੋ ਰਾਏ ਨਹੀਂ ਕਿ ਉਹ ਸਿਰਫ਼ ਭਾਈ ਭਤੀਜਾ ਵਾਦ ਦਾ ਸਿਖਰ ਹੈ।  ਮੈਂ ਉਸ ਵਕਤ ਕਿਹਾ ਸੀ ਕਿ ਕਾਂਗਰਸ ਸਿੱਧੂ ਦੀ ਕਾਬਲੀਅਤ ਦਾ ਸਹੀ ਫ਼ਾਇਦਾ ਨਹੀਂ ਉਠਾ ਰਹੀ। ਸਿੱਧੂ ਇਕ ਸੰਪੂਰਨ ਨੇਤਾ ਵਾਲੇ ਸਾਰੇ ਗੁਣਾਂ ਦਾ ਧਾਰੀ ਹੈ। ਉਸ ਕੋਲ ਮੋਦੀ ਦੇ ਹਰ ਅਸਤਰ-ਸ਼ਾਸਤਰ ਦਾ ਜਵਾਬ ਹੈ। ਉਹ ਮਿਹਨਤੀ ਹੈ,  ਸਿਰੜੀ ਹੈ,  ਉਸ ਕੋਲ ਜੁਮਲੇ ਹਨ,  ਗੰਗਾ ਗਏ ਗੰਗਾ ਰਾਮ ਬਣਨ ਦੀ ਕਾਬਲੀਅਤ ਰੱਖਦਾ,  ਉਸ ਦੀ ਪਛਾਣ ਦੇਸ਼ ਦੇ ਕੋਨੇ ਕੋਨੇ ‘ਚ ਹੈ, ਸਭ ਤੋਂ ਵੱਡੀ ਗੱਲ ਕੀ ਉਹ ਚੁਨੌਤੀਆਂ ਨੂੰ ਸਵੀਕਾਰਨ ਦਾ ਮਾਦਾ ਰੱਖਦਾ ਹੈ।  ਹੁਣ ਤੁਸੀਂ ਦੱਸੋ ਜੇ ਇਕ ਸਰਜਨ ਨੂੰ ਤੁਸੀਂ ਮਰੀਜ਼ਾਂ ਦੇ ਜ਼ੁਕਾਮ ਠੀਕ ਕਰਨ ਤੇ ਲਾਈ ਰੱਖੋਗੇ ਤਾਂ ਕੀ ਇਹ ਉਸ ਦੀ ਕਾਬਲੀਅਤ ਨਾਲ ਇਨਸਾਫ਼ ਹੋਵੇਗਾ? ਕੈਪਟਨ ਅਮਰਿੰਦਰ ਸਿੰਘ ਭਾਵੇਂ ਰਾਜਸੀ ਪਿਛੋਕੜ ਰੱਖਦੇ ਹਨ, ਭਾਵੇਂ ਦੋ ਬਾਰ ਮੁੱਖਮੰਤਰੀ ਬਣ ਚੁੱਕੇ ਹਨ ਪਰ ਉਨ੍ਹਾਂ ਨੂੰ ਦੇਸ਼ ਦੇ ਕਿਸੇ ਹੋਰ ਕੋਨੇ ‘ਚ ਸ਼ਾਇਦ ਲੋਕ ਨਾ ਪਛਾਣਨ। ਪਰ ਸਿੱਧੂ ਦਾ ਪਿਛੋਕੜ ਕ੍ਰਿਕਟ ਨਾਲ ਜੁੜਿਆ ਹੋਣ ਕਾਰਨ ਅਤੇ ਉਸ ਤੋਂ ਬਾਅਦ ਲੰਮਾ ਚਿਰ ਨੈਸ਼ਨਲ ਟੀ.ਵੀ. ਤੇ ਹਾਜ਼ਰ ਰਹਿਣ ਕਾਰਨ ਉਹ ਕਿਸੇ ਜਾਣ ਪਛਾਣ ਦਾ ਮੁਹਤਾਜ ਨਹੀਂ ਹਨ। ਮੈਂ ਉਸ ਰੇਡੀਉ ਸ਼ੋ ‘ਚ ਇਹ ਦਾਅਵਾ ਕੀਤਾ ਸੀ ਕਿ ਜੇ ਕਾਂਗਰਸ ਆਪਣੀ ਕਮਾਨ ਸਿੱਧੂ ਦੇ ਹੱਥ ਦੇ ਦਿੰਦੀ ਹੈ ਤਾਂ ਨਤੀਜੇ ਹਾਂ ਪੱਖੀ ਹੋਣਗੇ। ਪਰ ਉਸ ਵਕਤ ਲੋਕਾਂ ਦੇ ਇਹ ਗੱਲ ਹਜ਼ਮ ਨਹੀਂ ਸੀ ਹੋਈ ਤੇ ਉਨ੍ਹਾਂ ਸਿੱਧੂ ਨੂੰ ਬੜਬੋਲਾ,  ਮਜ਼ਾਕੀਆ ਤੇ ਦਲ ਬਦਲੂ ਜਿਹੇ ਅਹੁਦਿਆਂ ਨਾਲ ਨਿਵਾਜਿਆ ਸੀ। ਪਰ ਹੁਣ ਸਮਾਂ ਕਰਵੱਟ ਲੈ ਚੁੱਕਿਆ ਹੈ। ਸਿੱਧੂ ਦਾ ਕੱਦ ਇਕੱਲੇ ਕਰਤਾਰਪੁਰ ਲਾਂਘੇ ਕਾਰਨ ਜਿੱਥੇ ਸਾਰੀ ਦੁਨੀਆ ‘ਚ ਉੱਚਾ ਹੋਇਆ ਹੈ, ਉੱਥੇ ਉਸ ਦੀ ਪਾਰਟੀ ਨੇ ਵੀ ਉਸ ਦੀ ਕਾਬਲੀਅਤ ਦਾ ਸਹੀ ਇਸਤੇਮਾਲ ਕੀਤਾ ਤੇ ਪੰਜਾਂ ਰਾਜਾਂ ‘ਚੋਂ ਤਿੰਨ ਫ਼ਤਿਹ ਕਰ ਲਏ।

ਸਿਆਸਤ ਤੇ ਚੰਗੇ ਬੰਦੇ ਦਾ ਸੁਮੇਲ ਘੱਟ ਹੀ ਦੇਖਣ ਨੂੰ ਮਿਲਦਾ ਹੈ। ਪਰ ਜਦੋਂ ਮਾੜਿਆਂ ਦੀ ਬਹੁਤਾਤ ਹੋਵੇ ਤਾਂ ਜੋ ਘੱਟ ਮਾੜਾ ਹੁੰਦਾ, ਉਹ ਪਰਵਾਨਿਤ ਹੁੰਦਾ ਹੈ। ਸੋ ਆਪਾਂ ਇਸ ਲੇਖ ਰਾਹੀਂ ਸਿੱਧੂ ਨੂੰ ਜਾ ਕਿਸੇ ਹੋਰ ਨੂੰ ਮਹਾਨ ਸਾਬਿਤ ਕਰਨ ਦੀ ਕੋਸ਼ਿਸ਼ ਨਹੀਂ ਕਰ ਰਹੇ ਸਿਰਫ਼ ਉਨ੍ਹਾਂ ਦੀ ਜ਼ਿੰਦਗੀ ‘ਚ ਹੁਣ ਤੱਕ ਦੀ ਕਾਬਲੀਅਤ ਤੇ ਝਾਤ ਮਾਰ ਰਹੇ ਹਾਂ।  ਕਰਤਾਰਪੁਰ ਲਾਂਘਾ ਖੁੱਲ੍ਹਣ ਦਾ ਕਾਰਨ ਬਣੇ ਕੱਲ੍ਹ ਦੇ ਦੋ ਖਿਡਾਰੀ ਤੇ ਅੱਜ ਦੇ ਨੇਤਾਵਾਂ ਦੇ ਜੇ ਪਿਛੋਕੜ ਨੂੰ ਫਰੋਲਿਆ ਜਾਵੇ ਤਾਂ ਉਨ੍ਹਾਂ ਦਾ ਜੁਝਾਰੂ ਪਣ ਸਾਫ਼ ਝਲਕਦਾ। ਉਨ੍ਹਾਂ ਦਾ ਖਿਡਾਰੀ ਦੇ ਤੌਰ ਤੇ ਜੀਵਿਆ ਸਮਾ ਕਿਸੇ ਵੀ ਨੌਜਵਾਨ ਲਈ ਪ੍ਰੇਰਨਾਦਾਇਕ ਹੋ ਸਕਦਾ ਹੈ।
ਪਹਿਲਾਂ ਇਮਰਾਨ ਦੀ ਗੱਲ ਕਰਦੇ ਹਾਂ। ਉਹ ਪਾਕਿਸਤਾਨ ਦੀ ਟੀਮ ‘ਚ ਬੜੀ ਤੇਜ਼ੀ ਨਾਲ ਇਕ ਆਲ ਰਾਊਂਡਰ ਦੇ ਤੌਰ ਤੇ ਉੱਭਰ ਕੇ ਸਾਹਮਣੇ ਆਇਆ। ਤੇ ਛੇਤੀ ਦੁਨੀਆ ਦੇ ਚਾਰ ਮਹਾਨ ਆਲ ਰਾਊਂਡਰ ‘ਚ ਆਪਣਾ ਨਾਮ ਲਿਖਵਾ ਲਿਆ।  ਉਸ ਵਕਤ ਇੰਗਲੈਂਡ ਦੇ ਇਆਨ ਬਾਥਮ, ਭਾਰਤ ਦੇ ਕਪਿਲ ਦੇਵ ਨਿਊਜ਼ੀਲੈਂਡ ਦੇ ਸਰ ਰਿਚਰਡ ਹੈਡਲੀ ਦੇ ਨਾਲ ਨੌਜਵਾਨ ਇਮਰਾਨ ਖ਼ਾਨ ਦੀ ਤੂਤੀ ਬੋਲਦੀ ਸੀ। ਪਰ ਅਚਾਨਕ ਇਕ ਸੱਟ ਨੇ ਨਾ ਕਿ ਇਮਰਾਨ ਨੂੰ ਟੀਮ ਚੋਂ ਬਾਹਰ ਕਰ ਦਿੱਤਾ ਉਲਟਾ ਉਸ ਦੇ ਭਵਿੱਖ ਤੇ ਵੀ ਸਵਾਲੀਆ ਨਿਸ਼ਾਨ ਲਗਾ ਦਿੱਤਾ ਸੀ। ਪਰ ਜੁਝਾਰੂ ਅਤੇ ਜਨੂਨੀ ਇਨਸਾਨ ਨੇ ਨਾ ਸਿਰਫ਼ ਕ੍ਰਿਕਟ ‘ਚ ਵਾਪਸੀ ਕੀਤੀ, ਉਲਟਾ 1992 ‘ਚ ਜੋ ਪਾਕਿਸਤਾਨ ਦੀ ਟੀਮ ਇਕ ਵਕਤ ਲੀਗ ਮੈਚਾਂ ‘ਚੋਂ ਹੀ ਬਾਹਰ ਹੁੰਦੀ ਜਾਪਦੀ ਸੀ, ਨੂੰ ਆਪਣੇ ਦਮ ਤੇ ਵਰਲਡ ਕੱਪ ਜਿਤਾ ਕੇ ਦੁਨੀਆ ਨੂੰ ਦਰਸਾ ਦਿੱਤਾ ਕਿ ਉਹ ਹਾਰ ਮੰਨ ਕੇ ਬੈਠਣ ਵਾਲਾ ਨਹੀਂ ਹੈ। ਪਾਕਿਸਤਾਨੀ ਕ੍ਰਿਕਟ ਦਾ ਸਿਰਮੌਰ ਤਾਜ ਪਹਿਨਣ ਤੋਂ ਬਾਅਦ ਉਸ ਦੇ ਜੀਵਨ ‘ਚ ਉਸ ਦੀ ਮਾਂ  ਦੀ ਕੈਂਸਰ ਨਾਲ ਹੋਈ ਮੌਤ ਨੇ ਬਹੁਤ ਵੱਡਾ ਬਦਲਾ ਲਿਆਂਦਾ ਤੇ ਉਸ ਨੇ ਇਕੱਲੇ ਆਪਣੇ ਦਮ ਤੇ ਕੈਂਸਰ ਨਾਲ ਲੜਨ ਦਾ ਹੀਆ ਕਰ ਕੇ ਪਾਕਿਸਤਾਨ ਜਿਹੇ ਗ਼ਰੀਬ ਮੁਲਕ ਨੂੰ ਦੋ ਵੱਡੇ ਕੈਂਸਰ ਹਸਪਤਾਲ ਬਣਾ ਕੇ ਦਿੱਤੇ ਤੇ ਅੱਜ ਵੀ ਆਪਣੀ ਕਮਾਈ ਦਾ ਵੱਡਾ ਹਿੱਸਾ ਉਹ ਇਹਨਾਂ ਨੂੰ ਦਾਨ ਵਿੱਚ ਦੇ ਰਿਹਾ ਹੈ। ਇਸੇ ਦੌਰਾਨ ਉਸ ਨੇ ਪਾਕਿਸਤਾਨ ਦੀ ਜਨਤਾ ਦੀ ਗ਼ਰੀਬੀ ਨੇੜੇ ਹੋ ਕੇ ਦੇਖੀ ਤੇ ਸਿਆਸਤ ‘ਚ ਕੁੱਦ ਪਿਆ। ਸਿਆਸਤ ‘ਚ ਆਉਣ ਦੇ ਪਹਿਲੇ ਦਿਨ ਤੋਂ ਉਹ ਇੱਕੋ ਦਾਅਵਾ ਕਰ ਰਿਹਾ ਹੈ ਕਿ ਉਹ ਪਾਕਿਸਤਾਨ ਦੇ ਅਵਾਮ ਦਾ ਜੀਵਨ ਪੱਧਰ ਉੱਚਾ ਚੱਕ ਕੇ ਹੀ ਦਮ ਲਵੇਗਾ।  ਉਹ ਅਸਮਾਨੋਂ (ਪੈਰਾਸ਼ੂਟ) ਤੋਂ ਉੱਤਰਿਆ ਨੇਤਾ ਨਹੀਂ ਸਗੋਂ 22 ਵਰ੍ਹੇ ਸਿਆਸਤ, ਫ਼ੌਜ ਅਤੇ ਵੱਖਵਾਦੀ ਤਾਕਤਾਂ ਨਾਲ ਦੋ ਚਾਰ ਹੁੰਦੀਆਂ ਆਈਆਂ ਹੈ ਸੋ ਜ਼ਮੀਨ ਚੋਂ ਉੱਠਿਆ (ਗਰਾਸ ਰੂਟ) ਨੇਤਾ ਹੈ।

ਆਉਂਦੀਆਂ ਖ਼ਾਲੀ ਖ਼ਜ਼ਾਨੇ ਵਾਲੇ ਮੁਲਕ ‘ਚ ਖ਼ਰਚੇ ਘਟਾਉਣ ਤੇ ਵੱਡੀਆਂ ਸਰਕਾਰੀ ਇਮਾਰਤਾਂ ਨੂੰ ਉੱਚ ਵਿੱਦਿਅਕ ਅਦਾਰੇ ਬਣਾ ਕੇ ਪਾਕਿਸਤਾਨ ਦੇ ਭਵਿੱਖ ਨੂੰ ਸੰਵਾਰਨ ਦਾ ਕੰਮ ਉਹ ਸ਼ੁਰੂ ਕਰ ਚੁੱਕੇ ਹਨ। ਆਪਣੇ ਰਿਵਾਇਤੀ ਵਿਰੋਧੀ ਵੱਲ ਦੋਸਤੀ ਦਾ ਹੱਥ ਵਧਾ ਚੁੱਕੇ ਹਨ। ਪਰ ਇਹ ਵੱਖਰੀ ਗੱਲ ਹੈ ਕਿ ਭਾਜਪਾ ਨੇ ਆਪਣੇ ਹਿੰਦੂ ਵੋਟ ਬੈਂਕ ਦੀ ਖ਼ੁਸ਼ੀ ਲਈ ਇਮਰਾਨ ਖ਼ਾਨ ਵੱਲੋਂ ਵਧਾਏ ਹੱਥ ਨੂੰ ਇਹ ਕਹਿ ਕੇ ਨਕਾਰ ਦਿੱਤਾ ਸੀ ਕਿ ਪਹਿਲਾਂ ਅੱਤਵਾਦ ਖ਼ਤਮ ਕਰੋ। ਪਰ ਉਨ੍ਹਾਂ ਨੂੰ ਇਹ ਕੌਣ ਪੁੱਛੇ ਕਿ ਕੋਈ ਵੀ ਪੁਰਾਣਾ ਰੋਗ ਕੋਈ ਬਟਨ ਦੱਬੇ ਤੋਂ ਠੀਕ ਨਹੀਂ ਹੋ ਜਾਂਦਾ! ਉਸ ਲਈ ਉਲਟ ਹਾਲਤਾਂ ‘ਚ ਵੀ ਕੋਸ਼ਿਸ਼ਾਂ ਕਰਨੀਆਂ ਪੈਂਦੀਆਂ ਹਨ ਫੇਰ ਜਾਂ ਕੇ ਕਿਤੇ ਇਲਾਜ ਹੁੰਦਾ।

ਇੱਥੇ ਇਕ ਪੱਖ ਇਹ ਵੀ ਵਿਚਾਰਿਆ ਜਾਣਾ ਚਾਹੀਦਾ ਹੈ ਕਿ ਕਰਤਾਰਪੁਰ ਲਾਂਘਾ ਖੋਲ੍ਹ ਕੇ ਇਮਰਾਨ ਨੇ ਆਪਣੀ ਸਿਆਸੀ ਸੂਝ ਬੂਝ ਨੂੰ ਵੀ ਦਰਸਾਇਆ ਹੈ।  ਭਾਵੇਂ ਇਸ ਪਿੱਛੇ ਉਨ੍ਹਾਂ ਦੀ ਮਨਸਾ ਇਹ ਨਾ ਹੋਵੇ, ਪਰ ਉਨ੍ਹਾਂ ਵੱਲੋਂ ਲਏ ਗਏ ਇਸ ਫ਼ੈਸਲੇ ਨੇ ਭਾਰਤ ਸਰਕਾਰ ਦੇ ਮੂੰਹ ‘ਚ ਕੋਹੜ ਕਿਰਲੀ ਵਾਲੀ ਹਾਲਤ ਪੈਦਾ ਕਰ ਦਿੱਤੀ। ਜਿਹੜੀ ਸਰਕਾਰ ਕੁਝ ਦਿਨ ਪਹਿਲਾਂ ਕੋਈ ਗੱਲ ਕਰਨ ਨੂੰ ਤਿਆਰ ਨਹੀਂ ਸੀ ਉਹੀ ਸਰਕਾਰ ਇਕ ਪਾਸੇ ਰਾਹ ਬਣਾਉਣ ਦਾ ਉਦਘਾਟਨ ਕਰਦੀ ਦਿਸੀ ਤੇ ਦੂਜੇ ਪਾਸੇ ਆਪਣੇ ਦੋ ਮੰਤਰੀਆਂ ਨੂੰ ਉੱਥੇ ਭੇਜਦੀ ਵੀ ਦਿਸੀ।

ਮੈਂ ਕੁਝ ਕੁ ਦਿਨ ਪਹਿਲਾਂ ਆਪਣੇ ਇਕ ਪਾਕਿਸਤਾਨੀ ਮਿੱਤਰ ਨਾਲ ਗੱਲ ਕਰ ਰਿਹਾ ਸੀ ਤਾਂ ਉਹ ਕਹਿੰਦਾ ÷ਭਰਾ ਪਾਕਿਸਤਾਨੀ ਅਵਾਮ ਦੀ ਝੋਲੀ ‘ਚ ਬੱਸ ਇਹੀ ਇਕ ਹੁਕਮ ਦਾ ਯੱਕਾ ਰਹਿ ਗਿਆ ਸੀ ਜੇ ਹੁਣ ਇਹ ਵੀ ਫ਼ੇਲ੍ਹ ਹੋ ਗਿਆ ਤਾਂ ਬੱਸ ਅੱਲਾਹ ਬੇਲੀ।

ਅੱਜ ਦੀ ਘੜੀ ਤਾਂ ਇਹ ਹੁਕਮ ਦਾ ਯੱਕਾ ਇਕੱਲੀ ਪਾਕਿਸਤਾਨੀ ਅਵਾਮ ਲਈ ਨਹੀਂ ਬਲਕਿ ਭਾਰਤੀ ਅਵਾਮ ਲਈ ਵੀ ਆਸ ਦੀ ਕਿਰਨ ਬਣ ਕੇ ਸਾਹਮਣੇ ਆਇਆ ਹੈ ਪਰ ਇਹ ਗੱਲ ਭੁੱਲਣੀ ਨਹੀਂ ਚਾਹੀਦੀ ਕਿ ਵੱਖਵਾਦੀਆਂ ਅਤੇ ਮਾੜੀ ਸੋਚ ਦੇ ਸਿਆਸਤਦਾਨਾਂ ਨੇ ਵੀ ਕੋਈ ਚੂੜੀਆਂ ਨਹੀਂ ਪਾ ਰੱਖੀਆਂ, ਉਹ ਮਾਰਦੇ ਦਮ ਤੱਕ ਆਪਣੀ ਵਾਹ ਜ਼ਰੂਰ ਲਾਉਣਗੇ।  ਬੱਸ ਹੁਣ ਤਾਂ ਇਹੀ ਕਹਿ ਸਕਦੇ ਹਾਂ ਕਿ ਜੇ ਇਮਰਾਨ ਖ਼ਾਨ ਦੀ ਨੀਅਤ ਵਾਕਿਆ ਸਾਫ਼ ਹੈ ਤਾਂ ਉਸ ਦੀ ਝੋਲੀ ਮੁਰਾਦਾਂ ਤੋਂ ਭਰਨ ਲਈ ਕੋਈ ਨਹੀਂ ਰੋਕ ਸਕਦਾ।

ਹੁਣ ਗੱਲ ਕਰਦੇ ਹਾਂ ਨਵਜੋਤ ਸਿੰਘ ਸਿੱਧੂ ਦੀ। ਪਟਿਆਲੇ ਦੇ ਇਕ ਉੱਘੇ ਵਕੀਲ ਅਤੇ ਸਿਆਸਤਦਾਨ ਪਰਵਾਰ ‘ਚ ਪੈਦਾ ਹੋਇਆ ਨਵਜੋਤ ਫ਼ਿਲਹਾਲ ਦੀ ਘੜੀ ਜੇ ਹਿੰਦੁਸਤਾਨ ਨਹੀਂ ਤਾਂ ਪੰਜਾਬ ਲਈ ‘ਨਵੀਂ ਜੋਤ’ ਦੇ ਤੌਰ ਤੇ ਤਾਂ ਜ਼ਰੂਰ ਦੇਖਿਆ ਜਾ ਰਿਹਾ ਹੈ।  ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਦੇ ਮੁੱਖ ਮੰਤਰੀਆਂ ਦੀ ਕਤਾਰ ‘ਚ ਆਣ ਖੜ੍ਹਾ ਹੋਵੇਗਾ। ਭਾਵੇਂ ਇਹ ਹਾਲੇ ਸਮੇਂ ਤੋਂ ਅਗਾਂਹ ਦੀ ਗੱਲ ਹੈ ਪਰ ਉਨ੍ਹਾਂ ਦੇ ਸਿਆਸੀ ਪਾਲਨੇ ‘ਚ ਪਿਆਂ ਦੇ ਪੈਰ ਤਾਂ ਕੁਝ ਇਹ ਹੀ ਕਹਾਣੀ ਬਿਆਨ ਕਰ ਰਹੇ ਹਨ।  ਜੇ ਅੱਜ ਨਵਜੋਤ ਮੁੱਖਮੰਤਰੀ ਜਾ ਫੇਰ ਕਿਸੇ ਉੱਚ ਅਹੁਦੇ ਨੂੰ ਹੱਥ ਪਾਉਣ ਦੇ ਨੇੜੇ ਹੋਇਆ ਹੈ ਤਾਂ ਉਸ ਪਿੱਛੇ ਉਸ ਦਾ ਜੁਝਾਰੂ ਪਨ ਸਾਫ਼ ਝਲਕਦਾ ਹੈ। ਉਸ ਨੂੰ ਸਿਆਸਤ ਦੀ ਗੁੜ੍ਹਤੀ ਬਚਪਨ ‘ਚ ਮਿਲੀ। ਬਾਪ ਉੱਘੇ ਵਕੀਲ ਤੇ ਆਪਣੇ ਸਮੇਂ ਦੇ ਚੰਗੇ ਖਿਡਾਰੀ ਸ. ਭਗਵੰਤ ਸਿੰਘ ਸਿੱਧੂ ਕਾਂਗਰਸ ‘ਚ ਸਾਰੀ ਉਮਰ ਕੰਮ ਕਰਦੇ ਰਹੇ। ਪਰ ਜਦੋਂ ਸਿੱਧੂ ਪਹਿਲ ਬਾਰ ਸਿਆਸਤ ‘ਚ ਕੁੱਦੇ ਤਾਂ ਉਨ੍ਹਾਂ ਬੀ.ਜੇ.ਪੀ. ਦਾ ਲੜ ਜਾ ਫੜਿਆ। ਜੋ ਕਿ ਉਸ ਵਕਤ ਬਹੁਤ ਹੈਰਾਨ ਕਰਨ ਵਾਲਾ ਸੀ। ਪਰ ਲਗਦਾ ਉਸ ਵਕਤ ਉਹੀ ਗ਼ਲਤੀ ਕਾਂਗਰਸ ਨੇ ਕੀਤੀ ਸੀ ਜੋ ਪਿਛਲੇ ਵਰ੍ਹਿਆਂ ‘ਚ ਆਮ ਆਦਮੀ ਪਾਰਟੀ ਨੇ ਕੀਤੀ। ਜੇਕਰ ਪਿਛਲੀਆਂ ਚੋਣਾਂ ‘ਚ ਆਮ ਆਦਮੀ ਪਾਰਟੀ ਸਿੱਧੂ ਦੀ ਅਗਵਾਈ ‘ਚ ਪੰਜਾਬ ਚੋਣਾਂ ਲੜਦੀ ਤਾਂ ਦਿੱਲੀ ਵਾਂਗ ਪੰਜਾਬ ‘ਚ ਵੀ ਆਪ ਨੇ ਹੂੰਝਾ ਫੇਰ ਦੇਣਾ ਸੀ। ਸਿੱਧੂ ਦੇ ਖ਼ੁਦ ਦੇ ਕਹਿਣ ਮੁਤਾਬਿਕ ਪਾਰਟੀਆਂ ਉਸ ਨੂੰ ਸਿਰਫ਼ ਦਿਖਾਵੇ ਦੀ ਵਸਤੂ ਦੇ ਤੌਰ ਤੇ ਵਰਤ ਰਹੀਆਂ ਸਨ।  ਚੋਣਾਂ ਤੱਕ ਵਰਤੋਂ ਤੇ ਫੇਰ ਭੁੱਲ ਜਾਓ, ਤੇ ਕਹੋ! ਜਾਓ ਤੁਸੀਂ ਆਪਣੇ ਟੀ.ਵੀ. ਸ਼ੋ ਕਰੋ। ਪਰ ਇਸ ਬਾਰ ਉਨ੍ਹਾਂ ਨੇ ਧਾਰ ਲਿਆ ਸੀ ਕਿ ਜਿਹੜੀ ਵੀ ਪਾਰਟੀ ‘ਚ ਉਹ ਆਉਣਗੇ ਉਸ ‘ਚ ਉਹ ਆਪਣਾ ਬਣਦਾ ਮਾਣ ਸਤਿਕਾਰ ਜ਼ਰੂਰ ਲੈਣਗੇ।

ਸਿੱਧੂ ਦੀਆਂ ਸਿਆਸਤ ਦੀਆਂ ਹੋਰ ਗੱਲਾਂ ਕਰਨ ਤੋਂ ਪਹਿਲਾਂ ਆਪਾਂ ਉਸ ਦੇ ਖੇਡ ਜੀਵਨ ਤੇ ਵੀ ਝਾਤ ਮਾਰ ਲਈਏ। ਬਾਪ ਸ ਭਗਵੰਤ ਸਿੰਘ ਸਿੱਧੂ ਜੋ ਕਿ ਖ਼ੁਦ ਇਕ ਚੰਗੇ ਕ੍ਰਿਕਟਰ ਰਹੇ ਸਨ ਦਾ ਸੁਪਨਾ ਸੀ ਕਿ ਪੁੱਤ ਉੱਚ ਦਰਜੇ ਦਾ ਖਿਡਾਰੀ ਬਣੇ, ਉਨ੍ਹਾਂ ਸਾਰਾ ਜ਼ੋਰ ਲਾ ਦਿੱਤਾ ਨਵਜੋਤ ਨੂੰ ਭਾਰਤੀ ਟੀਮ ਦੀ ਉਂਗਲ ਫੜਾਉਣ ‘ਤੇ। ਪਰ 1983 ‘ਚ ਸ਼ੁਰੂਆਤੀ ਟੈੱਸਟ ਮੈਚ ‘ਚ ਇਕ ਖੇਡ ਲਿਖਾਰੀ ਰਾਜਨ ਬਾਲਾ ਵੱਲੋਂ ਆਪਣੇ ਲੇਖ ‘ਚ ਲਿਖੀ ਇੱਕ ਲਾਈਨ ‘ਸਟ੍ਰੋਕ ਲੈਸ ਵੰਡਰ’ (“Sidhu The Strokeless Wonder”) ਨੇ ਅਗਲੇ ਚਾਰ ਸਾਲ ਲਈ ਭਾਰਤ ਦੀ ਟੀਮ ਦੇ ਦਰਵਾਜ਼ੇ ਸਿੱਧੂ ਲਈ ਬੰਦ ਕਰ ਦਿੱਤੇ ਸਨ। ਪਰ ਕਹਿੰਦੇ ਹਨ ਕਿ ਨਵਜੋਤ ਨੇ ਅਖ਼ਬਾਰ ਦੀ ਉਹ ਕਟਿੰਗ ਕੱਟ ਕੇ ਆਪਣੇ ਕਮਰੇ ‘ਚ ਲਾ ਲਈ ਸੀ। ਹਰ ਰੋਜ਼ ਉਸ ਲਾਈਨ ਨੂੰ ਪੜ੍ਹ ਕੇ ਸਿੱਧੂ ਆਪਣੇ ਜਨੂਨ ਨੂੰ ਹੱਦਾਂ ਤੋਂ ਪਾਰ ਲੈ ਗਿਆ ਸੀ। ਕਿਹਾ ਜਾਂਦਾ ਹੈ ਕਿ ਸਿੱਧੂ ਨੂੰ ਜਦੋਂ 1987 ‘ਚ ਚਾਰ ਸਾਲ ਬਾਅਦ ਭਾਰਤ ਦੀ ਟੀਮ ‘ਚ ਵਾਪਸੀ ਦਾ ਮੌਕਾ ਮਿਲਿਆ ਤਾਂ ਦਿਖਾ ਦਿੱਤਾ ਕਿ ਸਟ੍ਰੋਕ ਕਿਸ ਨੂੰ ਕਿਹਾ ਜਾਂਦਾ। ਰਾਜਨ ਬਾਲਾ ਦੀ ਉਸੇ ਕਲਮ ਨੇ ਫੇਰ ਸਿੱਧੂ ਨੂੰ  “Sidhu From Strokeless Wonder To A Palm-Grove Hitter”, ਲਿਖ ਕੇ ਨਿਵਾਜਿਆ। ਉਹ ਕੱਪ ਦੇ ਪ੍ਰਤੱਖ ਦਰਸ਼ੀ ਹਾਲੇ  ਭੁੱਲੇ ਨਹੀਂ ਹੋਣੇ ਜਦੋਂ ਸਿੱਧੂ ਪੰਜਾਹ ਬਣਾ ਲੈਂਦਾ ਸੀ ਤਾਂ ਸਿਰਫ਼ ਚਾਰ-ਪੰਜ ਗੇਂਦਾਂ ਬਾਅਦ ਸਕੋਰ ਬੋਰਡ ਤੇ ਪਝੱਤਰ ਲਿਖਵਾ ਦਿੰਦਾ ਸੀ। ਕ੍ਰਿਕਟ ਨਾਲ ਜੁੜਿਆ ਇਕ ਹੋਰ ਵਾਕਾ ਜੋ ਸਦਾ ਲਈ ਯਾਦ ਰੱਖਿਆ ਜਾਵੇਗਾ ਉਹ ਹੈ ਸਿੱਧੂ ਦਾ 1996 ਦਾ ਇੰਗਲੈਂਡ ਦੌਰਾ! ਉਸ ਦੌਰੇ ਨੂੰ ਵਿਚਾਲੇ ਛੱਡ ਕੇ ਆਉਣ ਦਾ ਜੋ ਸਾਹਸੀ ਫ਼ੈਸਲਾ ਸਿੱਧੂ ਨੇ ਲਿਆ ਸੀ ਉਹ ਭਾਵੇਂ ਅੱਜ ਤੱਕ ਬੁਝਾਰਤ ਬਣਿਆ ਹੋਇਆ ਹੈ ਪਰ ਆਪਣੇ ਸਵੈਮਾਣ ਲਈ ਸਿੰਘਾਸਣ ਨੂੰ ਲੱਤ ਮਾਰਨ ਦੀ ਇਕ ਨਿਵੇਕਲੀ ਘਟਨਾ ਦੇ ਤੌਰ ਤੇ ਸਦਾ ਯਾਦ ਰੱਖਿਆ ਜਾਵੇਗਾ। ਭਾਵੇਂ ਇਸ ਵਰਤਾਰੇ ਦੀ ਸਿੱਧੂ ਜਾ ਫੇਰ ਉਸ ਵਕਤ ਦੇ ਕਪਤਾਨ ਅੱਜਹਰੁਦੀਨ ਨੇ ਹਾਲੇ ਤੱਕ ਆਪਣੇ ਮੂੰਹੋਂ ਪੁਸ਼ਟੀ ਨਹੀਂ ਕੀਤੀ ਪਰ ਉਸ ਵਕਤ ਦੇ ਗਵਾਹ ਦੱਸਦੇ ਹਨ ਕਿ ਸਿੱਧੂ ਜਦੋਂ ਤਿਆਰ ਹੋ ਕੇ ਬੈਟਿੰਗ ਕਰਨ ਲਈ ਜਾ ਰਹੇ ਸਨ ਤਾਂ ਉਸ ਵਕਤ ਅਜ਼ਹਰ ਨੇ ਉਨ੍ਹਾਂ ਨੂੰ ਕਿਹਾ ਕਿ ਤੁਸੀਂ ਕਿੱਥੇ ਜਾ ਰਹੇ ਹੋ ਤੁਸੀਂ ਤਾਂ ਅੱਜ ਖੇਡਣ ਵਾਲੇ ਗਿਆਰਾਂ ਖਿਡਾਰੀਆਂ ‘ਚ ਹੀ ਨਹੀਂ ਹੋ। ਜੋ ਕਿ ਇਕ ਕਪਤਾਨ ਵੱਲੋਂ ਵਰਤਿਆ ਗਿਆ ਸਹੀ ਤਰੀਕਾ ਨਹੀਂ ਸੀ। ਪਰ ਸਿੱਧੂ ਨੇ ਉਸੇ ਵਕਤ ਟੀਮ ਦਾ ਸਾਥ ਛੱਡ ਦੌਰੇ ਦੇ ਅੱਧ ਵਿਚਾਲੋ ਇੰਡੀਆ ਲਈ ਜਹਾਜ਼ ਫੜ ਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ।  ਬਾਅਦ ‘ਚ ਸਿੱਧੂ ਦੀ ਟੀਮ ‘ਚ ਹੋਈ ਵਾਪਸੀ ਨੇ ਉਸ ਦੇ ਫ਼ੈਸਲੇ ਨੂੰ ਦਰੁਸਤ ਕਰਾਰ  ਦੇ ਦਿੱਤਾ ਸੀ। ਸਿੱਧੂ ਜਿੱਥੇ ਅਨੁਭਵੀ ਗਵਾਸਕਰ ਦਾ ਸਾਥੀ ਸਲਾਮੀ ਬੱਲੇਬਾਜ਼ ਰਿਹਾ ਉੱਥੇ ਨੌਜਵਾਨ ਸਚਿਨ ਦਾ ਸਾਥ ਵੀ ਉਨ੍ਹਾਂ ਮਾਣਿਆ। ਸਿੱਧੂ ਦੇ ਮਾਮਲੇ ‘ਚ ਸਭ ਤੋਂ ਵੱਡੇ ਬਦਲਾ ਦੀ ਗੱਲ ਕੀਤੀ ਜਾਵੇ ਤਾਂ ਉਹ ਹੈ ਸੁਭਾਅ ‘ਚ ਬੜਬੋਲਾ ਪਣ! ਉਨ੍ਹਾਂ ਦੇ ਪੁਰਾਣੇ ਸਾਥੀ ਦੱਸਦੇ ਹਨ ਕਿ ਸਿੱਧੂ ਟੀਮ ‘ਚ ਬਹੁਤ ਹੀ ਸ਼ਰਮਾਕਲ ਤੇ ਘੱਟ ਬੋਲਣ ਵਾਲੇ ਇਨਸਾਨ ਦੇ ਤੌਰ ਤੇ ਜਾਣੇ ਜਾਂਦੇ ਸਨ।

ਗੱਲ 1991 ਦੀ ਹੈ, ਦਿੱਲੀ ਦੇ ਫ਼ਿਰੋਜ਼ਸ਼ਾਹ ਕੋਟਲਾ ਮੈਦਾਨ ‘ਚ ਇਕ ਇਰਾਨੀ ਟਰਾਫ਼ੀ ਮੈਚ ਚੱਲ ਰਿਹਾ ਸੀ। ਭਾਰਤ ‘ਚ ਇਰਾਨੀ ਟਰਾਫ਼ੀ ਮੈਚ ਹਰ ਸਾਲ ਰਣਜੀ ਟਰਾਫ਼ੀ ਜੇਤੂ ਟੀਮ ਦਾ ਬਾਕੀ ਭਾਰਤ ਤੋਂ ਚੁਣੀ ਟੀਮ ਨਾਲ ਮੁਕਾਬਲਾ ਹੁੰਦਾ ਹੈ।  ਉਸ ਸਾਲ ਉਹ ਮੈਚ ਇਸ ਲਈ ਖ਼ਾਸ ਸੀ ਕਿ ਉਸ ਮੈਚ ਦੇ ਆਧਾਰ ਤੇ ਆਗਾਮੀ ਵੈਸਟ ਇੰਡੀਜ਼ ਦੇ ਦੌਰੇ ਤੇ ਜਾਣ ਵਾਲੀ ਭਾਰਤੀ ਟੀਮ ਦੀ  ਚੋਣ ਹੋਣੀ ਸੀ।  ਮਨਿੰਦਰ ਸਿੰਘ ਵਾਪਸੀ ਦੀ ਕੋਸ਼ਿਸ਼ ‘ਚ ਸੀ ਤੇ ਅਨਿਲ ਖੁੰਬਲੇ ਆਪਣੀ ਸ਼ੁਰੂਆਤ ਦੀ ਕੋਸ਼ਿਸ਼ ‘ਚ ਸੀ। ਸਬੱਬੀਂ ਸਾਨੂੰ ਵੀ ਉਹ ਮੈਚ ਦੇਖਣ ਦਾ ਮੌਕਾ ਮਿਲ ਗਿਆ ਤੇ ਕੋਈ ਜੁਗਾੜ ਜਿਹਾ ਲਾ ਕੇ ਮੈਂ ਤੇ ਭੂਆ ਦਾ ਪੁੱਤ ਮਨਜਿੰਦਰ ਧਾਲੀਵਾਲ ਨੇ  ਪਵੇਲੀਅਨ ਦੇ ਪਾਸ ਲੈ ਲਏ। ਹਾਲੇ ਉੱਥੇ ਜਾ ਕੇ ਬੈਠੇ ਹੀ ਸੀ ਕਿ ਸਿੱਧਾ ਇਕ ਛਿੱਕਾ ਸਾਡੇ ਪੈਰਾਂ ‘ਚ ਸਿੱਧੂ ਨੇ ਲਿਆ ਮਾਰਿਆ।  ਸਾਡੀ ਰੂਹ ਖ਼ੁਸ਼ ਹੋ ਗਈ, ਲੱਗੇ ਪੰਜਾਬੀ ਸ਼ੇਰ ਨੇ ਸਾਡਾ ਸਵਾਗਤ ਕੀਤਾ ਹੋਵੇ। ਪਰ ਇਸ ਅਸਲੀ ਸ਼ੇਰ ਦੇ ਦਰਸ਼ਨ ਖਾਣੇ ਦੇ ਵਕਫ਼ੇ ਦੌਰਾਨ ਹੋਏ। ਸਾਰੇ ਖਿਡਾਰੀ ਸਾਡੇ ਆਲ਼ੇ ਦੁਆਲੇ ਸਨ ਤੇ ਜਦੋਂ ਉਹ ਖਾਣਾ ਖਾਣ ਤੋਂ ਬਾਅਦ ਵਾਪਸ ਮੈਦਾਨ ‘ਚ ਜਾਣ ਲੱਗੇ ਤਾਂ ਦਿੱਲੀ ਦੇ ਕੁਝ ਵਿਗੜੇ ਤਿਗੜੇ ਜਿਹੇ ਨੌਜਵਾਨ ਜੰਗਲ਼ਿਆਂ ਨਾਲ ਆਣ ਖਲੋਤੇ ਤੇ ਖਿਡਾਰੀਆਂ ਨੂੰ ਉਲਟੇ ਸਿੱਧੇ ਤਾਣੇ ਮਾਰਨ ਲੱਗ ਪਏ। ਬੜੀ ਨੇੜੇ ਤੋਂ ਭੱਦੀ ਸ਼ਬਦਾਵਲੀ ਸੁਣਨ ਨੂੰ ਮਿਲੀ ਤੇ ਬੜਾ ਦੁੱਖ ਲੱਗਿਆ, ਅਸੀਂ ਇਹਨਾਂ ਖਿਡਾਰੀਆਂ ਦਾ ਏਨਾ ਸਨਮਾਨ ਕਰਦੇ  ਹਾਂ ਤੇ ਇਹ ਕੁਝ ਛੋਕਰੇ ਜਿਹੇ ਕਿੰਨਾ ਗ਼ਲਤ ਬੋਲ ਰਹੇ ਸਨ। ਸਾਰੀ ਗੇਂਦਬਾਜ਼ ਟੀਮ ਮੈਦਾਨ ‘ਚ ਚਲੀ ਗਈ, ਹਰ ਇਕ ਨੂੰ ਉਨ੍ਹਾਂ ਪੁੱਠਾ ਸਿੱਧਾ ਨਾਮ ਦਿੱਤਾ। ਉਸ ਵਕਤ ਮਨੋਜ ਪ੍ਰਭਾਕਰ ਤੇ ਨਵਜੋਤ ਸਿੱਧੂ ਬੱਲੇਬਾਜ਼ੀ ਕਰ ਰਹੇ ਸਨ। ਪਹਿਲਾਂ ਮਨੋਜ ਜਦੋਂ ਲੰਘਣ ਲੱਗੇ ਤਾਂ ਇਕ ਸ਼ਰਾਰਤੀ ਨੇ ਜੰਗਲੇ ਊਤੋ ਦੀ ਉਨ੍ਹਾਂ ਦੇ ਵੱਡੇ ਹੈਟ ਨੂੰ ਡੇਗ ਦਿੱਤਾ। ਉਹ ਥੋੜ੍ਹਾ ਜਿਹਾ ਖਿਝ ਕੇ ਉੱਥੋਂ ਮੈਦਾਨ ‘ਚ ਚਲੇ ਗਏ। ਸਾਡੀ ਧੜਕਣ ਵੱਧ ਗਈ ਤੇ ਅਸੀਂ ਮਹਿਸੂਸ ਕਰ ਰਹੇ ਸੀ ਕਿ ਇਹ ਪਤਾ ਨਹੀਂ ਸਿੱਧੂ ਨੂੰ ਕੀ ਬੋਲਣਗੇ।  ਏਨੇ ਨੂੰ ਸਿੱਧੂ ਆਪਣੇ ਬੱਲੇ ਨੂੰ ਕਹੀ ਵਾਂਗ ਮੋਢੇ ਤੇ ਧਰ ਕੇ ਇੰਝ ਤੁਰੇ ਆਉਣ ਜਿਵੇਂ ਜੱਟ ਕਣਕਾਂ ਨੂੰ ਪਾਣੀ ਲਾਉਣ ਚੱਲਿਆ ਹੁੰਦਾ।  ਹੈਰਾਨੀ ਦੀ ਗੱਲ ਇਹ ਹੋਈ ਕਿ ਭੀੜ ‘ਚੋਂ ਸਿਰਫ਼ ਇਕ ਆਵਾਜ਼ ਆਈ ਕਿ ‘ਉਹ ਪੰਜਾਬੀ ਸ਼ੇਰ ਆ ਗਿਆ।’ ਬੱਸ ਫੇਰ ਕੀ ਸਾਰੇ ਇਕ ਇਕ ਕਰਕੇ ਆਪੋ ਆਪਣੀਆਂ ਥਾਵਾਂ ਨੂੰ ਹੋ ਚੱਲੇ ਤੇ ਕਿਤੇ ਕਿਤੇ ਇਕ ਦੋ ਆਵਾਜ਼ਾਂ ਆ ਰਹੀਆਂ ਸਨ ਸਰਦਾਰ ਜੀ ਸਤਿ ਸ੍ਰੀ ਅਕਾਲ। ਸਤਾਈ ਸਾਲ ਪਹਿਲਾਂ ਦਾ ਇਹ ਵਾਕਿਆ ਅੱਜ ਵੀ ਤਰੋ ਤਾਜ਼ਾ ਹੈ ਤੇ ਸੋਚਿਆ ਅੱਜ ਸਾਂਝਾ ਕਰ ਲਵਾਂ।

ਮੇਰਾ ਇੱਥੇ ਇਹ ਹੱਡਬੀਤੀ ਸੁਣਾਉਣਾ ਦਾ ਮਕਸਦ ਸਿੱਧੂ ਦੇ ਗੁਣਗਾਨ ਕਰਨਾ ਨਹੀਂ। ਨਾ ਹੀ ਮੈਂ ਕਿਸੇ ਦਾ ਅੰਨ੍ਹਾ ਭਗਤ ਬਣਨ ‘ਚ ਵਿਸ਼ਵਾਸ ਰੱਖਦਾ ਹਾਂ। ਕੱਲ੍ਹ ਨੂੰ ਇਸੇ ਕਲਮ ਨਾਲ ਸਿੱਧੂ ਦੀ ਮੁਖ਼ਾਲਫ਼ਤ ਵੀ ਕਰ ਸਕਦਾ ਹਾਂ। ਮੈਨੂੰ ਵੀ ਸਿੱਧੂ ਦੀਆਂ ਹਲਕੇ ਪੱਧਰ ਦੀਆਂ ਕੀਤੀ ਕੁਝ ਟਿੱਪਣੀਆਂ ਬਿਲਕੁਲ ਪਸੰਦ ਨਹੀਂ,  ਉਸ ਦਾ ਵਹਿਮੀ ਹੋਣਾ,  ਕਈ ਬਾਰ ਆਪਣੀਆਂ ਦਲੀਲਾਂ ਰਹੀ ਗਿੱਦੜਾਂ ਦੇ ਗੂੰਹ ਨੂੰ ਵੀ ਪਹਾੜੀ ਚੜ੍ਹਾ ਦੇਣ ਦੀ ਉਨ੍ਹਾਂ ਦੀ ਆਦਤ ਮੈਨੂੰ ਰੱਤੀ ਨਹੀਂ ਭਾਉਂਦੀ। ਪਰ ਸਕਾਰਾਤਮਿਕ ਸੋਚ ਰੱਖਦਾ ਹੋਇਆ ਸੱਚ ਕਹਾਂ ਤਾਂ ਇਹਨਾਂ ਇੱਕਾ ਦੁੱਕਾ ਗੱਲਾਂ ਨੂੰ ਛੱਡ ਦਿੱਤਾ ਜਾਵੇ ਤਾਂ ਸਿੱਧੂ ਗੁਣਾ ਦੀ ਗੁਥਲੀ ਹੈ। ਉਸ ਵਿਚ ਲੋਹੜੇ ਦੀ ਊਰਜਾ ਹੈ, ਜਿਸ ਦਾ ਫ਼ਾਇਦਾ ਇਕੱਲੇ ਪੰਜਾਬ ਲਈ ਨਹੀਂ ਹਿੰਦੁਸਤਾਨ ਲਈ ਲਿਆ ਜਾਣਾ ਚਾਹੀਦਾ ਹੈ। ਰਾਹੁਲ ਨੂੰ ਆਪਣੀ ਮਾਂ ਦੇ ਨਕਸ਼ੇ ਕਦਮਾਂ ਤੇ ਚਲਦੇ ਹੋਏ ਇਕ ਹੋਰ ਅਸਰਦਾਰ ਸਰਦਾਰ ਨੂੰ ਮੂਹਰੇ ਲਾਉਣਾ ਚਾਹੀਦਾ ਹੈ। ਜਿਸ ਦੀ ਸ਼ੁਰੂਆਤ ਪੰਜਾਂ ਰਾਜਾਂ ਦੀਆਂ ਚੋਣਾਂ ਨਾਲ ਹੋ ਚੁੱਕੀ ਹੈ ਤੇ ਹੋ ਸਕਦਾ ਸਾਡੀ ਇਸ ਸੋਚ ਨੂੰ ਅਮਲੀ ਜਾਮਾ ਵੀ ਪਊਆ ਦਿੱਤਾ ਜਾਵੇ।

ਮੁੱਦੇ ਤੇ ਆਉਂਦੇ ਹਾਂ ਗੱਲ ਕਰਤਾਰ ਪੁਰ ਲਾਂਘੇ ਤੋਂ ਚਲੀ ਸੀ ਤੇ ਕ੍ਰਿਕਟ ਮੈਦਾਨਾਂ ਤੋਂ ਹੁੰਦੀ ਹੋਈ ਸਿਆਸਤ ਦੇ ਗਲਿਆਰੇ ‘ਚ ਆ ਵੜੀ। ਦੁਨੀਆ ਦੇ ਇਤਿਹਾਸ ‘ਚ ਜਦੋਂ ਵੱਡੇ ਵੱਡੇ ਫ਼ੈਸਲਿਆਂ ਦੀ ਗੱਲ ਤੁਰੇਗੀ ਤਾਂ ਕਰਤਾਰਪੁਰ ਲਾਂਘੇ ਦੀ ਗੱਲ ਵੀ ਉਸ ਵਿਚ ਸ਼ਾਮਿਲ ਹੋਵੇਗੀ। ਜਦੋਂ ਇਸ ਲਾਂਘੇ ਦੀ ਗੱਲ ਤੁਰੇਗੀ ਤਾਂ ਕ੍ਰਿਕਟ ਦੇ ਇਹ ਦੋ ਮਹਾਨ ਮਹਾਰਥੀਆਂ ਦੀ ਗੱਲ ਚੱਲਣੀ ਵੀ ਸੁਭਾਵਿਕ ਹੈ। ਉਮੀਦ ਇਹੀ ਕੀਤੀ ਜਾਣੀ ਚਾਹੀਦੀ ਹੈ ਕਿ ਉਦੋਂ ਤੱਕ ਇਹ ਮਹਾਰਥੀ ਸਿਆਸਤ ਦੀ ਹਿੱਕ ਉੱਤੇ ਵੀ ਆਪਣਾ ਝੰਡਾ ਗੱਡ ਚੁੱਕੇ ਹੋਣਗੇ।  ਭਾਵੇਂ ਇਸ ਰਾਹ ਨੂੰ ਖੋਲ੍ਹਣ ਦਾ ਮਾਣ ਕੋਈ ਵੀ ਲਈ ਜਾਵੇ ਪਰ ਸੱਚ ਤਾਂ ਇਹ ਹੈ ਕਿ ਜਦੋਂ ਨੀਅਤ ਨੀਤੀ ਸਾਫ਼ ਹੋਵੇ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਬਾਰ ਸਾਹਿਬ ‘ਚ ਪਹਿਲੇ ਪ੍ਰਕਾਸ਼ ਮੌਕੇ ਆਏ ਵਾਕ “ਸੰਤਾਂ ਕੇ ਕਾਰਜ ਆਪਿ ਖਲੋਇਆ ਹਰਿ ਕੰਮ ਕਰਾਵਣ ਆਇਆ ਰਾਮ ॥” ਬਹੁਤੇ ਢੁਕਵੇਂ ਹਨ।

ਅੰਤ ‘ਚ ਇਸ ਐਲਾਨਨਾਮੇ ਤੋਂ ਬਾਅਦ ਉਸ ਦਿਨ ਧੁਰ ਦਿਲੋਂ ਨਿਕਲੇ ਕੁਝ ਸ਼ਬਦ ਜੋ ਮੈਂ ਸੋਸ਼ਲ ਮੀਡੀਆ ਤੇ ਸਾਂਝੇ ਕੀਤੇ ਸਨ ਆਪ ਜੀ ਦੀ ਨਜ਼ਰ; ਅੱਜ ਖ਼ੁਸ਼ੀ ‘ਚ ਖੀਵਾ ਹੋ ਰਿਹਾ ਹਾਂ ਤੇ ਅੱਜ ਪਤਾ ਲੱਗਿਆ ਕਿ ਖ਼ੁਸ਼ੀ ‘ਚ ਖੀਵਾ ਹੋਣਾ ਕਹਾਵਤ ਦਾ ਕੀ ਮਤਲਬ ਹੈ। ਜ਼ਿੰਦਗੀ ‘ਚ ਪਹਿਲੀ ਵਾਰ ਹੋ ਰਿਹਾ ਹੈ ਕਿ ਅੱਜ ਦਾ ਅਖ਼ਬਾਰ ਪੜ੍ਹਨਾ ਚੰਗਾ ਲੱਗ ਰਿਹਾ ਹੈ। ਹਰ ਉਸ ਚੰਗੇ ਮੰਦੇ ਨੇਤਾ ਨੂੰ ਦਿਲੋਂ ਦੁਆਵਾਂ ਨਿਕਲ ਰਹੀਆਂ ਹਨ ਜੋ ਕਿਸੇ ਨਾ ਕਿਸੇ ਰੂਪ ‘ਚ ਇਸ ਕਾਰਜ ‘ਚ ਜੁੜੇ ਹਨ। ‘ਜਗਤ ਗੁਰੂ’ ਇਕ ਬਾਰ ਫੇਰ ਹੱਦਾਂ ਬੰਨ੍ਹੇ ਤੋੜਨ ਦਾ ਜ਼ਰ੍ਹੀਆ ਬਣੇ ਹਨ। ‘ਕਰਤਾਰ ਪੁਰ ਲਾਂਘਾ’ ਕਿਹੋ ਜਿਹਾ ਹੋਵੇਗਾ ਆਪਣੀ ਸੋਚ ਸ਼ਕਤੀ ‘ਚ ਬਣਾ-ਬਣਾ ਦੇਖ ਰਿਹਾ ਹਾਂ। ਬਹੁਤ ਸਕਾਰਾਤਮਿਕ ਸੋਚ ਰਿਹਾ ਹਾਂ ਪਰ ਕਿਤੇ ਨਾ ਕੀਤੇ ਕੁਝ ਨਕਾਰਾਤਮਿਕ ਸਵਾਲ ਵੀ ਤੰਗ ਕਰ ਰਹੇ ਹਨ। ਕਦੇ ਸੋਚਦਾ ਇਹ ਸਿਆਸੀ ਲੋਕ ਕਿਤੇ ਫੇਰ ਸਾਡੀਆਂ ਭਾਵਨਾਵਾਂ ਨਾਲ ਨਾ ਖੇਡ ਜਾਣ! ਪਰ ਫੇਰ ਮਨ ਨੂੰ ਤਸੱਲੀ ਮਿਲਦੀ ਹੈ ਕਿ ਇਹ ਸਿਆਸੀ ਲੋਕ ਭਾਵੇਂ ਜਿੰਨੇ ਮਰਜ਼ੀ ਬੁਰੇ ਹੋਣ ਪਰ ਧਨ ਗੁਰੂ ਨਾਨਕ ਦੇਵ ਜੀ ਦੇ ਨਾਂ ਤੇ ਸਿਆਸਤ ਕਰਨ ਦੀ ਜੁੱਰਤ ਨਹੀਂ ਕਰ ਸਕਣਗੇ।

ਚਲੋ ਛੱਡੋ! ਆਓ ਉਸ ਨਜ਼ਾਰੇ ਦਾ ਸੁਪਨਾ ਲਈਏ ਜਿਸ ਦਿਨ ਇਹ ਰਸਤਾ ਬਣ ਕੇ ਖੁੱਲ੍ਹੇਗਾ! ਤੇ ਕਿਵੇਂ ਸਾਰੇ ਪਹਿਲੇ ਹੀ ਦਿਨ ਗੁਰੂ ਦੀ ਕਰਮ ਭੋਏਂ ਦੇ ਦੀਦਾਰ ਲਈ ਜਾਣਾ ਚਾਹੁੰਣਗੇ, ਉਸ ਇਕੱਠ ‘ਚ ਵੱਜਦੇ ਧੱਕੇ ਵੀ ਕਿੰਨੇ ਚੰਗੇ ਲੱਗਣਗੇ! ਸਰਕਾਰਾਂ ਇਕੱਠ ਨੂੰ ਸਾਂਭਣ ‘ਚ ਫੇਲ ਹੋ ਰਹੀਆਂ ਹੋਣਗੀਆਂ ਤੇ ਗੁਰੂ ਨਾਨਕ ਜੀ ਦੇ ਪੈਰੋਕਾਰ ਕਿਵੇਂ ਵੱਧ ਚੜ ਕੇ ਸੇਵਾ ਕਰਨ ‘ਚ ਜੁਟੇ ਹੋਣਗੇ। ਹਰ ਰੂਹ ‘ਚੋਂ ਉਸ ਦੇ ਦੀਦਾਰ ਹੋਣਗੇ। ਸੰਗਤਾਂ ਨੂੰ ਕੰਟਰੋਲ ਕਰਨ ‘ਚ ਕਿਤੇ ਕਿਤੇ ਪੁਲਿਸ ਡੰਡੇ ਵੀ ਵਰ੍ਹਾ ਰਹੀ ਹੋਵੇਗੀ। ਸਿਆਸੀ ਨੇਤਾ ਆਪਣੀਆਂ ਸਟੇਜਾਂ ਲਾ ਕੇ ਦਾਅਵੇ ਕਰ ਰਹੇ ਹੋਣਗੇ। ਗੁਰੂਘਰ ਦੇ ਸਪੀਕਰ ਤੋਂ ਚੱਲ ਰਹੀ ‘ਧੁਰ ਕੀ ਬਾਣੀ’ ਦੇ ਪ੍ਰਵਾਹ ਫ਼ਿਜ਼ਾ ਨੂੰ ਅਨੰਦਿਤ ਕਰਦੇ ਹੋਏ ਜਾਤ-ਪਾਤ, ਧਰਮ, ਹੱਦਾਂ ਬੰਨੇ ਤੋੜ ਕੇ ਮਨਾਂ ਦੀ ਮੈਲ ਧੋ ਰਹੀ ਹੋਵੇਗੀ। ਕਿਆ ਅਲੌਕਿਕ ਨਜ਼ਾਰਾ ਹੋਵੇਗਾ ਬਿਆਨ ਤੋਂ ਬਾਹਰ ਦੀਆਂ ਗੱਲਾਂ। ਗੁਰੂ ਨਾਨਕ ਦੇਵ ਜੀ ਦੇ 550 ਵੇਂ ਜਨਮਦਿਨ ਤੇ ਮਿਲੇ ਇਸ ਬੇਸ਼ਕੀਮਤੀ ਨਜ਼ਰਾਨੇ ਅਤੇ ਗੁਰਪੁਰਬ ਦੀਆਂ ਕੋਟਿ ਕੋਟਿ ਮੁਬਾਰਕਾਂ।

ਕਾਂਗਰਸੀ ਨੇਤਾ ਅਸਫਲਤਾਵਾਂ ਤੋਂ ਸਬਕ ਨਹੀਂ ਸਿੱਖਦੇ

$
0
0

ਪੰਜਾਬ ਵਿਚ ਕਾਂਗਰਸ ਪਾਰਟੀ ਦੀ ਸਰਕਾਰ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ 10 ਸਾਲ ਦੇ ਬਨਵਾਸ ਕੱਟਣ ਤੋਂ ਬਾਅਦ ਜਨਵਰੀ 2017 ਵਿਚ ਬਣੀ ਸੀ। ਕਾਂਗਰਸ ਪਾਰਟੀ ਦੇ ਨੇਤਾ ਅਜੇ ਵੀ ਆਪਣੀਆਂ ਗ਼ਲਤੀਆਂ ਅਤੇ ਆਦਤਾਂ ਵਿਚ ਸੁਧਾਰ ਨਹੀਂ ਲਿਆ ਰਹੇ। ਉਨ੍ਹਾਂ ਨੂੰ ਭਲੀ ਭਾਂਤ ਪਤਾ ਹੈ ਕਿ 2007 ਅਤੇ 2012 ਵਿਚ ਕਾਂਗਰਸ ਪਾਰਟੀ ਆਪਣੀਆਂ ਆਪਹੁਦਰੀਆਂ ਗ਼ਲਤੀਆਂ ਕਰਕੇ ਰਾਜ ਭਾਗ ਗੁਆ ਗਈ ਸੀ ਜਦੋਂ ਕਿ ਪੰਜਾਬ ਦੇ ਲੋਕ ਉਦੋਂ ਵੀ ਕਾਂਗਰਸ ਪਾਰਟੀ ਦੀ ਸਰਕਾਰ ਬਣਾਉਣ ਲਈ ਤਤਪਰ ਸਨ। ਲੋਕ  ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੀ ਕਾਰਜਸ਼ੈਲੀ ਤੋਂ ਅਤਿਅੰਤ ਸੰਤੁਸ਼ਟ ਸਨ। ਭਾਵੇਂ ਇਸ ਸਮੇਂ ਦੌਰਾਨ ਵੀ ਕੈਪਟਨ ਅਮਰਿੰਦਰ ਸਿੰਘ ਅਤੇ ਰਾਜਿੰਦਰ ਕੌਰ ਭੱਠਲ ਦੀ ਖੁੰਦਕ ਜੱਗ ਜ਼ਾਹਿਰ ਸੀ। ਦੋਵੇਂ ਵਾਰ ਆਪਸੀ ਧੜੇਬੰਦੀ, ਖਹਿਬਾਜ਼ੀ, ਕਲੇਸ਼ ਅਤੇ ਹਓਮੈ  ਕਰਕੇ ਸਰਕਾਰ ਬਣਾਉਣ ਤੋਂ ਖੁੰਝ ਗਏ ਸਨ।

ਹੁਣ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆਰਥਕ ਸਮੱਸਿਆਵਾਂ ਅਤੇ ਸਰਕਾਰੀ ਕਰਮਚਾਰੀਆਂ ਖਾਸ ਤੌਰ ਤੇ ਅਧਿਆਪਕਾਂ ਅਤੇ ਕਿਸਾਨਾਂ ਦੇ ਅੰਦੋਲਨਾ ਨਾਲ ਜੂਝ ਰਹੀ ਹੈ ਤਾਂ ਕਾਂਗਰਸ ਪਾਰਟੀ ਦੇ ਹਰ ਕਾਰਜਕਤਾ ਅਤੇ ਨੇਤਾਵਾਂ ਦਾ ਫਰਜ ਬਣਦਾ ਹੈ ਕਿ ਉਹ ਸਰਕਾਰ ਨੂੰ ਇਨ੍ਹਾਂ ਸਮੱਸਿਆਵਾਂ ਦੇ ਹਲ ਵਿਚ ਸਹਿਯੋਗ ਦੇਣ। ਪ੍ਰੰਤੂ ਹੋ ਸਾਰਾ ਕੁਝ ਇਸਦੇ ਉਲਟ ਰਿਹਾ ਹੈ। ਕਾਂਗਰਸੀ ਨੇਤਾ ਆਪਸੀ ਧੜੇਬੰਦੀ ਦਾ ਮੁਜ਼ਾਹਰਾ ਕਰ ਰਹੇ ਹਨ।ਇਸ ਵਿਚ ਕੋਈ ਸ਼ੱਕ ਨਹੀਂ ਕਿ ਕੈਪਟਨ ਅਮਰਿੰਦਰ ਸਿੰਘ ਦੀ 2002-2007 ਦੀ ਸਰਕਾਰ ਵਾਲੀ ਕਾਰਜਸ਼ੈਲੀ ਇਸ ਵਾਰ ਵਿਖਾਈ ਨਹੀਂ ਦਿੰਦੀ, ਜਿਸ ਤੋਂ ਪੰਜਾਬ ਦੀ ਜਨਤਾ ਵੱਡੀਆਂ ਆਸਾਂ ਲਾਈ ਬੈਠੀ ਸੀ। ਲੋਕਾਂ ਦੀਆਂ ਆਸਾਂ ਨੂੰ ਬੂਰ ਨਹੀਂ ਪਿਆ। ਅਸਲ ਵਿਚ 2017 ਵਿਚ ਪੰਜਾਬ ਵਿਚ ਕਾਂਗਰਸ ਪਾਰਟੀ ਦੀ ਸਰਕਾਰ ਸਿਰਫ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਕਰਕੇ ਹੀ ਬਣੀ ਸੀ। ਇਉਂ ਲੱਗਦਾ ਹੈ ਕਿ ਕਾਂਗਰਸ ਪਾਰਟੀ ਨੂੰ ਧੜੇਬੰਦੀ ਵਿਰਾਸਤ ਤੋਂ ਹੀ ਮਿਲੀ ਹੋਈ ਲੱਗਦੀ ਹੈ। ਕਾਂਗਰਸ ਪਾਰਟੀ ਦੀ ਸਿਆਸਤ ਅਜਿਹੀ ਹੈ ਜਿਸ ਵਿਚ ਕੋਈ ਵੀ ਨੇਤਾ ਇਕ ਦੂਜੇ ਦੀ ਸਿਆਸੀ ਚੜ੍ਹਤ ਨੂੰ ਬਰਦਾਸ਼ਤ ਹੀ ਨਹੀਂ ਕਰਦਾ। 200 7 ਵਿਚ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਸ਼ਮਸ਼ੇਰ ਸਿੰਘ ਦੂਲੋ ਦੇ ਆਪਸੀ  ਇੱਟ ਖੜੱਕੇ ਕਰਕੇ ਕਾਂਗਰਸ ਪਾਰਟੀ ਨੂੰ ਹਾਰ ਦੀ ਨਮੋਸ਼ੀ ਝੱਲਣੀ ਪਈ। ਫਿਰ ਪਰਤਾਪ ਸਿੰਘ ਬਾਜਵਾ ਅਤੇ ਕੈਪਟਨ ਅਮਰਿੰਦਰ ਸਿੰਘ ਵਿਚਕਾਰ 36 ਦਾ ਅੰਕੜਾ ਬਣਿਆਂ ਰਿਹਾ।

ਸਿਆਸਤ ਦੀ ਤਿਗੜਮਬਾਜੀ ਨੇ 2014 ਦੀਆਂ ਚੋਣਾਂ ਵਿਚ ਕੈਪਟਨ ਅਮਰਿੰਦਰ ਸਿੰਘ ਦੇ ਸਿਆਸੀ ਕੱਦ ਬੁੱਤ ਨੂੰ ਨੀਵਾਂ ਵਿਖਾਉਣ ਲਈ ਉਸਨੂੰ ਅੰਮ੍ਰਿਤਸਰ ਤੋਂ ਲੋਕ ਸਭਾ ਦੀ ਚੋਣ ਭਾਰਤੀ ਜਨਤਾ ਪਾਰਟੀ ਦੇ ਸਿਆਸੀ ਦਿਗਜ਼ ਅਰੁਣ ਜੇਤਲੀ ਵਿਰੁਧ ਲੜਾਉਣ ਦੀ ਤਜ਼ਵੀਜ਼ ਬਣਾ ਦਿੱਤੀ। ਉਨ੍ਹਾਂ ਸੋਚਿਆ ਸੀ ਕਿ ਕੈਪਟਨ ਅਮਰਿੰਦਰ ਸਿੰਘ ਚੋਣ ਹਾਰ ਜਾਵੇਗਾ ਤੇ ਉਸਦਾ ਸਿਆਸੀ ਕੱਦ ਬੁੱਤ ਨੀਵਾਂ ਹੋ ਜਾਵੇਗਾ। ਹੋਇਆ ਇਸ ਦੇ ਉਲਟ ਕੈਪਟਨ ਅਮਰਿੰਦਰ ਸਿੰਘ ਵੱਡੇ ਫਰਕ ਨਾਲ ਅਰੁਣ ਜੇਤਲੀ ਨੂੰ ਹਰਾਕੇ ਚੋਣ ਜਿੱਤ ਗਿਆ। ਕਾਂਗਰਸ ਪਾਰਟੀ ਨੂੰ ਇਸ ਧੜੇਬੰਦੀ ਦਾ ਨੁਕਸਾਨ ਇਹ ਹੋਇਆ ਕਿ ਕਾਂਗਰਸ ਪਾਰਟੀ ਪੰਜਾਬ ਵਿਚ ਲੋਕ ਸਭਾ ਦੀਆਂ ਸਿਰਫ ਤਿੰਨ ਸੀਟਾਂ ਜਿੱਤ ਸਕੀ। ਵੱਡੇ ਨੇਤਾ ਪਰਤਾਪ ਸਿੰਘ ਬਾਜਵਾ, ਅੰਬਿਕਾ ਸੋਨੀ, ਪਰਨੀਤ ਕੌਰ ਅਤੇ ਸੱਜਣ ਕੁਮਾਰ ਜਾਖੜ ਕਰਮਵਾਰ ਗੁਰਦਾਸਪੁਰ, ਆਨੰਦਪੁਰ ਸਾਹਿਬ, ਪਟਿਆਲਾ ਅਤੇ ਫਿਰੋਜਪੁਰ ਤੋਂ ਚੋਣ ਹਾਰ ਗਏ। ਇੱਕ ਦੂਜੇ ਦੇ ਪਰ ਕੁਤਰਦੇ ਨੇਤਾ ਆਪਣੇ ਪਰ ਕੁਤਰਾ ਬੈਠੇ। ਵੈਸੇ ਧੜੇਬੰਦੀ ਕਾਂਗਰਸ ਦੀ ਖਾਸੀਅਤ ਹੈ। ਉਹ ਚੋਣਾਂ ਹਾਰਕੇ ਵੀ ਕੁਝ ਸਿਖਦੇ ਨਹੀਂ। ਉਨ੍ਹਾਂ ਦਾ ਮੰਤਵ ਤਾਂ ਨਾ ਖੇਡਣਾ ਅਤੇ ਨਾ ਖੇਡਣ ਦੇਣਾ ਹੁੰਦਾ ਹੈ। ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਸੁਨੀਲ ਕੁਮਾਰ ਜਾਖੜ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਸਹਿਮਤੀ ਨਾਲ ਪ੍ਰਧਾਨ ਬਣਾ ਦਿੱਤਾ ਗਿਆ। ਪਿਛਲੇ ਤਜਰਬੇ ਦੱਸਦੇ ਸਨ ਕਿ ਪ੍ਰਧਾਨ ਅਤੇ ਮੁੱਖ ਮੰਤਰੀ ਦਾ ਇਕਮਤ ਹੋਣਾ ਰਾਜ ਭਾਗ ਅਤੇ ਪੰਜਾਬ ਦੇ ਵਿਕਾਸ ਲਈ ਬਿਹਤਰ ਰਹੇਗਾ ਪ੍ਰੰਤੂ ਜਦੋਂ ਰਾਜ ਸਭਾ ਦੀ ਚੋਣ ਆਈ ਤਾਂ ਸੁਨੀਲ ਜਾਖੜ ਉਮੀਦਵਾਰ ਬਣ ਗਿਆ। ਉਸ ਸਮੇਂ ਸੁਨੀਲ ਕੁਮਾਰ ਜਾਖੜ ਅਤੇ ਕੈਪਟਨ ਅਮਰਿੰਦਰ ਦੇ ਸੰਬੰਧਾਂ ਵਿਚ ਥੋੜ੍ਹੇ ਸਮੇਂ ਲਈ ਖਟਾਸ ਆ ਗਈ। ਸੁਨੀਲ ਕੁਮਾਰ ਜਾਖੜ ਰਾਜ ਸਭਾ ਦਾ ਮੈਂਬਰ ਨਹੀਂ ਬਣ ਸਕਿਆ। ਗੁਣਾ ਪਰਤਾਪ ਸਿੰਘ ਬਾਜਵਾ ਅਤੇ ਸ਼ਮਸ਼ੇਰ ਸਿੰਘ ਦੂਲੋ ਤੇ ਪੈ ਗਿਆ। ਕਾਂਗਰਸ ਹਾਈ ਕਮਾਂਡ ਅਸਲ ਮਾਅਨਿਆਂ ਵਿਚ ਰਾਜਾਂ ਦੇ ਨੇਤਾਵਾਂ ਵਿਚ ਕਲੇਸ਼ ਪਾਉਣ ਦੀ ਜ਼ਿੰਮੇਵਾਰ ਬਣਦੀ ਹੈ। ਮੁੱਖ ਮੰਤਰੀ ਦੀ ਸਿਫਾਰਸ਼ ਤੋਂ ਬਿਨਾ ਹੀ ਉਸਦੇ ਵਿਰੋਧੀ ਰਾਜ ਸਭਾ ਦੇ ਮੈਂਬਰ ਬਣਾ ਦਿੱਤੇ ਗਏ। ਕਾਂਗਰਸ ਹਾਈ ਕਮਾਂਡ ਹਮੇਸ਼ਾ ਰਾਜਾਂ ਵਿਚ ਸਿਆਸੀ ਤਾਕਤ ਦੇ ਦੋ ਧੜੇ ਬਣਾਕੇ ਰੱਖਦੀ ਹੈ ਤਾਂ ਜੋ ਉਨ੍ਹਾਂ ਦੀ ਦੋਵੇਂ ਧੜੇ ਚਾਪਲੂਸੀ ਕਰਦੇ ਰਹਿਣ। ਇਹੋ ਪਾਲਿਸੀ ਕਾਂਗਰਸ ਦਾ ਬੇੜਾ ਗਰਕ ਕਰਨ ਵਿਚ ਯੋਗਦਾਨ ਪਾਉਂਦੀ ਹੈ। ਇਹ ਵੀ ਵੇਖਣ ਵਿਚ ਆਇਆ ਹੈ ਕਿ ਕਾਂਗਰਸ ਪਾਰਟੀ ਚੋਣਾਂ ਜਿੱਤਣ ਲਈ ਨਵੇਂ-ਨਵੇਂ ਫਾਰਮੂਲੇ ਬਣਾਉਂਦੀ ਰਹਿੰਦੀ ਹੈ। 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਕਿਹਾ ਜਾਂਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੇ ਵਿਰੋਧ ਦੇ ਵਾਬਜੂਦ ਨਵਜੋਤ ਸਿੰਘ ਸਿੱਧੂ ਅਤੇ ਮਨਪ੍ਰੀਤ ਸਿੰਘ ਬਾਦਲ ਨੂੰ ਕਾਂਗਰਸ ਪਾਰਟੀ ਵਿਚ ਸ਼ਾਮਲ ਕਰ ਲਿਆ। ਸਚਾਈ ਤਾਂ ਪਤਾ ਨਹੀਂ ਕੀ ਹੈ ਪ੍ਰੰਤੂ ਜਦੋਂ ਤੋਂ ਨਵਜੋਤ ਸਿੰਘ ਸਿੱਧੂ ਕਾਂਗਰਸ ਪਾਰਟੀ ਵਿਚ ਆ ਕੇ ਮੰਤਰੀ ਬਣਿਆਂ ਹੈ। ਉਹ ਹਮੇਸ਼ਾ ਹੀ ਕਿਸੇ ਨਾ ਕਿਸੇ ਵਜਾਹ ਕਰਕੇ ਅਖ਼ਬਾਰਾਂ ਦੀਆਂ ਸੁਰਖੀਆਂ ਬਣਦਾ ਰਿਹਾ ਹੈ। ਉਸ ਦੀਆਂ ਸਰਗਰਮੀਆਂ ਤੋਂ ਬਗਾਬਤ ਦੀ ਝਲਕ ਦਿਖਦੀ ਰਹਿੰਦੀ ਹੈ। ਕਰਤਾਰਪੁਰ ਲਾਂਘੇ ਵਿਚ ਨਵਜੋਤ ਸਿੰਘ ਸਿੱਧੂ ਦੀ ਭੂਮਿਕਾ ਹੋਣ ਕਰਕੇ ਉਸਦਾ ਸਿਆਸੀ ਕੱਦ ਬੁੱਤ ਉਚਾ ਹੋ ਗਿਆ। ਵਿਰੋਧੀਆਂ ਨੇ ਤਾਂ ਉਸਦਾ ਵਿਰੋਧ ਕਰਨਾ ਹੀ ਹੈ ਪ੍ਰੰਤੂ ਕਾਂਗਰਸੀਆਂ ਨੇ ਵੀ ਉਸਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਹੈਦਰਾਵਾਦ ਵਿਖੇ ਇਕ ਪ੍ਰੈਸ ਕਾਨਫਰੰਸ ਵਿਚ ਉਹ ਮੁੱਖ ਮੰਤਰੀ ਬਾਰੇ ਵੀ ਉਚਾ ਨੀਵਾਂ ਬੋਲ ਗਿਆ, ਜਿਸਦਾ ਉਸਦੇ ਮੰਤਰੀ ਸਾਥੀਆਂ ਨੇ ਅਸਤੀਫਾ ਵੀ ਮੰਗ ਲਿਆ। ਉਸਦੇ ਇਸ ਬਿਆਨ ਨੇ ਬਲਦੀ ਤੇ ਤੇਲ ਪਾਉਣ ਦਾ ਕੰਮ ਕੀਤਾ। ਪੰਜਾਬ ਕਾਂਗਰਸ ਦੋ ਧੜਿਆਂ ਵਿਚ ਵੰਡੀ ਗਈ। ਹਾਲਾਂ ਕਿ ਨਵਜੋਤ ਸਿੰਘ ਸਿੱਧੂ ਨੇ ਸ਼ਪਸਟ ਕੀਤਾ ਹੈ ਕਿ ਉਸਦੀ ਭਾਵਨਾ ਗ਼ਲਤ ਨਹੀਂ ਸੀ ਪ੍ਰੰਤੂ ਮਨਾ ਵਿਚ ਫਰਕ ਵੱਧ ਗਿਆ ਹੈ। ਸਿਆਸੀ ਪੜਚੋਲਕਾਰਾਂ ਦਾ ਵਿਚਾਰ ਹੈ ਕਿ ਨਵਜੋਤ ਸਿੰਘ ਸਿੱਧੂ ਦਿੱਲੀ ਵਿਚਲੇ ਕਾਂਗਰਸ ਪਾਰਟੀ ਦੇ ਨੇਤਾਵਾਂ ਦੀ ਸ਼ਹਿ ਤੇ ਬੋਲ ਰਿਹਾ ਹੈ। ਕੇਂਦਰੀ ਕਾਂਗਰਸ ਆਪਣੇ ਪੈਰਾਂ ਤੇ ਆਪ ਕੁਹਾੜੀ ਮਾਰ ਰਹੀ ਹੈ। ਉਹ ਵੀ ਅੰਗਰੇਜ਼ਾਂ ਵਾਲੀ ਪਾੜੋ ਤੇ ਰਾਜ ਕਰੋ ਦੀ ਨੀਤੀ ਤੇ ਚਲ ਰਹੀ ਹੈ। ਪੰਜਾਬ ਕਾਂਗਰਸ ਵਿਚ ਵੀ ਸਭ ਅੱਛਾ ਨਹੀਂ ਹੈ ਕਿਉਂਕਿ ਸੁਨੀਲ ਕੁਮਾਰ ਜਾਖੜ ਆਪਣੀ ਟੀਮ ਵੀ  ਨਹੀਂ ਬਣਾ ਸਕਿਆ। ਪੁਰਾਣੇ ਕਾਂਗਰਸੀ ਨੇਤਾ ਜਿਹੜੇ ਰਾਹੁਲ ਗਾਂਧੀ ਦੇ ਨਜ਼ਦੀਕ ਸਨ, ਉਹ ਸਾਰੇ ਨਵਜੋਤ ਸਿੰਘ ਸਿੱਧੂ ਦੇ ਕਾਂਗਰਸ ਵਿਚ ਆਉਣ ਨਾਲ ਪਿਛੇ ਰਹਿ ਗਏ ਹਨ। ਉਹ ਵੀ ਨਵਜੋਤ ਸਿੰਘ ਸਿੱਧੂ ਵਿਰੁਧ ਦੰਦ ਕਰੀਚ ਰਹੇ ਹਨ। ਉਹ ਨਵਜੋਤ ਸਿੱਧੂ ਦੀ ਹਰ ਹਰਕਤ ਤੇ ਨਿਗਾਹ ਰੱਖ ਰਹੇ ਹਨ। ਇਸ ਲਈ ਉਸਨੂੰ ਵੀ ਥੋੜ੍ਹਾ ਸਿਆਣਪ ਨਾਲ ਚਲਣਾ ਚਹੀਦਾ ਹੈ। ਬਿਆਨਾਜ਼ੀ ਦੀ ਰਫਤਾਰ ਤੇ ਕਾਬੂ ਪਾਉਣਾ ਚਾਹੀਦਾ ਹੈ। ਨਵਜੋਤ ਸਿੰਘ ਸਿੱਧੂ ਦੇ ਮਸਲੇ ਤੇ ਮੰਤਰੀ ਮੰਡਲ ਵੀ ਦੋ ਹਿੱਸਿਆਂ ਵਿਚ ਵੰਿਡਆ ਗਿਆ ਹੈ। ਅਜੇ ਤੱਕ 18 ਮੰਤਰੀਆਂ ਵਿਚੋਂ 8 ਹੀ ਨਵਜੋਤ ਸਿੱਧੂ ਦੇ ਵਿਰੁਧ ਬੋਲੇ ਹਨ, ਉਨ੍ਹਾਂ ਵਿਚੋਂ ਵੀ ਬਹੁਤਿਆਂ ਨੇ ਥੋੜ੍ਹੇ ਸ਼ਬਦਾਂ ਵਿਚ ਸੰਕੋਚ ਨਾਲ ਬਿਆਨ ਦਿੱਤੇ ਹਨ। ਨਵਜੋਤ ਸਿੰਘ ਸਿੱਧੂ ਬੁਲਾਰਾ ਬਹੁਤ ਅੱਛਾ ਹੈ ਪ੍ਰੰਤੂ ਬੋਲਦਾ ਬਹੁਤ ਜ਼ਿਆਦਾ ਹੈ, ਜਿਸ ਕਰਕੇ ਗ਼ਲਤੀ ਹੋਣ ਦੀ ਸੰਭਾਵਨਾ ਬਣੀ ਰਹਿੰਦੀ ਹੈ। ਕਾਂਗਰਸ ਦੀ ਹਾਈ ਕਮਾਂਡ ਦੀ ਸਿਆਸਤ ਬੜੀ ਨਿਰਾਲੀ ਹੈ। ਉਹ ਨੇਤਾਵਾਂ ਨੂੰ ਅਸਮਾਨ ਤੇ ਵੀ ਮਿੰਟਾਂ ਵਿਚ ਪਹੁੰਚਾ ਦਿੰਦੀ ਹੈ ਪ੍ਰੰਤੂ ਪੌੜੀ ਖਿਚਣ ਲਗੇ ਵੀ ਪਤਾ ਹੀ ਨਹੀਂ ਲੱਗਣ ਦਿੰਦੀ। ਇਸ ਲਈ ਨਵਜੋਤ ਸਿੰਘ ਸਿੱਧੂ ਨੂੰ ਬਹੁਤਾ ਉਤਸ਼ਾਹ ਵਿਚ ਨਹੀਂ ਆਉਣਾ ਚਾਹੀਦਾ ਪਤਾ ਨਹੀਂ ਲੱਗਦਾ ਕਿਸ ਵੇਲੇ ਕੈਂਚੀ ਫਿਰ ਜਾਂਦੀ ਹੈ। ਪੰਜਾਬ ਵਿਚ ਜਿਹੜੀ ਰਾਜਨੀਤਕ ਅੱਜ ਸਥਿਤੀ ਹੈ, ਉਸ ਅਨੁਸਾਰ ਅਕਾਲੀ ਦਲ ਨੂੰ ਪੰਜਾਬ ਦੇ ਲੋਕ ਬਰਦਾਸ਼ਤ ਨਹੀਂ ਕਰਨਗੇ, ਆਮ ਆਦਮੀ ਪਾਰਟੀ ਆਪਣਾ ਆਧਾਰ ਖੋ ਬੈਠੀ ਹੈ, ਇਸ ਲਈ ਉਨ੍ਹਾਂ ਕੋਲ ਕਾਂਗਰਸ ਤੋਂ ਬਿਨਾ ਕੋਈ ਬਦਲਵਾਂ ਪ੍ਰਬੰਧ ਨਹੀਂ। ਜੇਕਰ ਕਾਂਗਰਸੀ ਆਪਸੀ ਖਿਚੋਤਾਣ ਨਹੀਂ ਛੱਡਣਗੇ ਤਾਂ ਪੰਜਾਬ ਦੇ ਲੋਕਾਂ ਨੂੰ ਹੋਰ ਬਦਲਵਾਂ ਪ੍ਰਬੰਧ ਬਣਾਉਣ ਲਈ ਮਜ਼ਬੂਰ ਹੋਣਾ ਪਵੇਗਾ।

ਸਾਲ 2018 ਦੀ ਮੁੱਖ ਧਾਰਮਿਕ ਘਟਨਾ ਕਰਤਾਰਪੁਰ ਸਾਹਿਬ ਲਾਂਘਾ

$
0
0

ਅਲਵਿਦਾ ਕਹਿ ਰਹੇ ਸਾਲ 2018 ਦੌਰਾਨ ਸਿੱਖ ਧਰਮ ਨਾਲ ਸਬੰਧਤ ਬਹੁਤ ਹੀ ਮਹੱਤਵਪੂਰਨ ਘਟਨਾਵਾਂ ਵਾਪਰੀਆਂ, ਜਿਨ੍ਹਾਂ ਵਿੱਚ ਸੱਭ ਤੋਂ ਪ੍ਰਮੁਖ ਕਰਤਾਪੁਰ ਸਾਹਿਬ ਦੇ ਲਾਂਘੇ ਲਈ ਭਾਰਤ ਤੇ ਪਾਕਿਸਤਾਨ ਸਰਕਾਰਾਂ ਵਲੋਂ ਆਪਸੀ ਸਹਿਮਤੀ ਉਪਰੰਤ ਨੀਂਹ-ਪੱਥਰ ਰਖੇ ਗਏ ਹਨ। ਦੇਸ਼-ਵੰਡ ਪਿਛੋਂ ਸਿੱਖਾਂ ਤੇ ਨਾਨਕ ਨਾਮ ਲੇਵਾ ਸ਼ਰਧਾਲੂਆਂ ਲਈ ਇਹ ਸੱਭ ਤੋਂ ਵੱਡੀ ਤੇ ਇਤਿਹਾਸਕ ਪ੍ਰਾਪਤੀ ਹੈ। ਭਾਰਤ ਦੇ ਉਪ-ਰਾਸ਼ਟ੍ਰਪਤੀ ਵੈਕਈਆ ਨਾਇਡੂ ਨੇ ਡੇਰਾ ਬਾਬਾ ਨਾਨਕ ਲਗੇ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਗੁ. ਕਰਤਾਰਪੁਰ ਸਾਹਿਬ ਦੇ ਲਾਗੇ ਹੀ ਨੀਂਹ ਪੱਥਰ ਰੱਖਿਆ। ਪਾਕਿਸਤਾਨ ਨੇ ਆਪਣੇ ਪਾਸੇ ਇਮੀਗਰੇਸ਼ਨ ਦਫਤਰ ਵੀ ਖੋਲ੍ਹ ਦਿੱਤਾ ਹੈ ਅਤੇ ਉਸਾਰੀ ਸ਼ੁਰੂ ਕਰ ਦਿੱਤੀ ਹੈ। ਇਧਰ ਪੰਜਾਬ ਸਰਕਾਰ ਨੇ ਸਬੰਧਤ ਇਲਾਕੇ ਦੇ ਵਿਕਾਸ ਲਈ ਡੇਰਾ ਬਾਬਾ ਨਾਨਕ ਵਿਕਾਸ ਅਥਾਰਟੀ ਬਣਾੳੇਣ ਦਾ ਫੈਸਲਾ ਕੀਤਾ ਹੈ।

- ਇਸ ਨਾਲ ਜੁੜੀ  ਦੂਜੀ ਵੱਡੀ ਧਾਰਮਿਕ ਸਰਗਰਮੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550-ਸਾਲਾ ਪ੍ਰਕਾਸ਼ ਪੁਰਬ ਮਨਾਉਣ ਦੀ ਸ਼ੁਰੂਅਤ 549 ਵੈ. ਪ੍ਰਕਾਸ਼ ਪੁਰਬ ਸਮੇਂ ਸੁਲਤਾਨਪੁਰ ਲੋਧੀ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬਧਕ ਕਮੇਟੀ ਤੇ ਪੰਜਾਬ ਸਰਕਾਰ ਵਲੋਂ 22 ਤੇ 23 ਨਵੰਬਰ ਨੂੰ ਸਾਲ ਭਰ ਜਾਰੀ ਰਹਿਣਗੇ।

-ਭਾਈ ਗੋਵਿੰਦ ਸਿੰਘ ਲੌਂਗੋਵਾਲ ਦੂਜੀ ਵਾਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਚੁਣੇ ਗਏ।

- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿ. ਗੁਰਬਚਨ ਸਿੰਘ ਨੇ ਅਸਤੀਫਾ ਦੇ ਦਿੱਤਾ। ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਕਾਰਜਕਾਰੀ ਜਥੇਦਾਰ ਥਾਪੇ ਗਏ।

-ਸ਼੍ਰੋਮਣੀ ਕਮੇਟੀ ਵਲੋਂ “ਇਕ ਪਿੰਡ ਇਕ ਗੁਰਦੁਆਰਾ” ਦੀ ਸ਼ੁਰੂਆਤ ਪਿੰਡ ਚਕਰ ਤੋਂ ਸ਼ੁਰੂ ਕੀਤੀ ਗਈ,ਜਿਸ ਨੂੰ ਚੰਗਾ ਹੁੰਗਾਰਾ ਮਿਲਣ ਲਗਾ।

-ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ  ਹੇਠ 21-ਮੈਂਬਰੀ ਸਿੱਖ ਸੈਂਸਰ ਬੋਰਡ ਗਠਿਤ ਕੀਤਾ ਗਿਆ।

- ਦਿਲੀ ਦੇ ਅਕਾਲੀ ਲੀਡਰ ਅਵਤਾਰ ਸਿੰਘ ਹਿੱਤ ਤਖ਼ਤ ਸ੍ਰੀ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਚੁਣੇ ਗਏ।

- ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਦੀ ਸਮੁਚੀ ਲੀਡਰਸ਼ਿਪ ਨੇ ਜਾਣੇ ਅਣਜਾਣੇ ਹੋਈਆਂ ਭੁਲਾ ਬਖ਼ਸ਼ਾਉਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹਜ਼ੂਰ ਹਾਜ਼ਿਰ ਹੋ ਕੇ ਅਰਦਾਸ ਕੀਤੀ

-ਬਰਹਾੜੀ ਤੇ ਹੋਰ ਬੇਅਦਬੀ ਦੀਆਂ ਗੋਲੀ ਕਾਂਢ ਨਾਲ ਸਬੰਧਤ ਘਟਨਾਵਾ ਦੀ ਜਾਂਚ ਲਈ ਜਸਟਿਸ ਰਣਜੀ ਤ ਸਿੰਘ ਕਮਿਸ਼ਨ ਨੇ ਆਪਣੀ ਰਿਪੋਟ ਪੰਜਾਬ ਸਰਕਾਰ ਨੂੰ ਸੌਂਪ ਦਿੱਤੀ। ਵਧੇਰੇ ਜਾਂਚ ਲਈ ਇਕ ਵਿਸ਼ੇਸ਼ ਜਾਂਚ ਟੀਮ ਬਣਾਈ ਗਈ। ਸਾਬਕਾ ਮੁਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਫਿਲਮ ਅਭਿਨੇਤਾ ਅਕਸ਼ੇ ਕੁਮਾਰ ਇਸ ਜਾਂਚ ਟੀਮ ਅਗੇ ਪੇਸ਼ ਹੋਏ।

-ਬਰਗਾੜੀ ਤੇ ਕਈ ਹੋਰ ਬੇਅਦਬੀ ਦੀਆਂ ਯਟਨਾਵਾਂ ਲਈ  ਕਈ ਡੇਰਾ ਸਿਰਸਾ ਪ੍ਰੇਸੀ ਗ੍ਰਿਫਤਾਰ ਕੀਤੇ ਗਏ।

-ਵਬਰਤਾਨੀਆ ਦੀ ਇਕ ਅਦਾਲਤਾ ਨੇ ਸਰਕਾਰ ਨੂੰ ਬਲਿਊ ਸਟਾਰ ਬਾਰੇ ਫਾਈਲਾਂ ਜਨਤਕ ਕਰਨ ਕਈ ਕਿਹਾ।

-ਨਿਊਜ਼ੀਲੈਦ ਦੇ ਇਕ ਸਿੱਖ ਹਰਨੇਕ ਸਿੰਘ ਨੂੰ ਧਾਰਮਿਕ ਅਵੱਗਿਆ ਕਾਰਨ ਪੰਥ ਚੋਂ ਛੇਕਿਆ।

- ਅਮਰੀਕਾ ਫੇਰੀ ਦੌਰਾਨ ਦਿੱਲੀ ਗੁ. ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਉਪਰ ਇਕ ਗੁਰਦੁਆਰੇ ਵਿਚ ਹਮਲਾ।

–ਦਿਲੀ ਦੀ ਪਟਿਆਲਾ ਹਾਊਸ ਕੋਰਟ ਨੇ ਨਵੰਬਰ 84 ਦੇ ਸਿੱਖ ਕਤਲੇਆਮ ਦੇ  ਦੋਸ਼ੀ ਨੂੰ ਫਾਂਸੀ ਤੇ ਦੂਜੇ ਨੂੰ ੳੁਮਰ ਕੈਦ ਦੀ ਸਜ਼ਾ ਸੁਣਾਰੀ।

- ਵਿਸਾਖੀ  ਸਮੇਂ ਪਾਕਿਸਤਾਨ ਗਏ ਸ਼੍ਰੋਮਣੀ ਕਮੇਟੀ ਦੇ ਯਾਤਰੀ ਜੱਥੇ ਚੋ ਕਿਰਨ ਬਾਲਾ ਨਾਮ ਦੀ ਯਾਤਰੀ ਨੇ ਬਾਹਰ ਜਾ ਕੇ ਲਾਹੌਰ ਵਿਖੇ  ਇਕ ਇਕ ਮੁਸਲਮਾਨ ਨਾਲ ਨਿਕਾਹ ਕਰ ਲਿਆ। ਯਾਤਰੀ ਜੱਥੇ ਵਿਚ ਜਾਣ ਲਈ ਇਸ ਦੀ ਸਿਫਾਰਸ਼ ਇਕ ਸਾਬਕਾ ਅਕਾਲੀ ਮੰਤਰੀ ਦੇ ਪੀ.ਏ. ਨੇ ਕੀਤੀ ਸੀ।

-ਪਾਕਿਸਤਾਨ ਵਿਚ ਲਹਿੰਦੇ ਪੰਜਾਬ ਦੇ ਪਿਸ਼ਾਵਰੀ ਸਿੱਖ ਸੇਵਾ ਸੁਸਾਇਟੀ ਦੇ ਸ਼ਰਧਕ ਸਿੰਘ ਦੀ ਗੋਲੀ ਮਾਰ ਕੇ ਹੱਤਿਆ।

- ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਨ ਤੇ ਸ਼੍ਰੋਮਣੀ ਕਮੇਟੀ ਨੇ ਜੱਥਾ ਨਾ ਭੇਜਿਆ।

-ਜਗਜੀਤ ਕੌਰ  ਪਾਕਿ ਵਿਚ ਪਹਿਲੀ ਸਿੱਖ ਡਾਟਾ ਐਂਟਰੀ ਅਫ਼ਸਰ ਬਣੀ, ਸਤਵੰਤ ਕੌਰ ਪਹਿਲੀ ਐਮ, ਫਿਲ. ਕਰਨ ਵਾਲੀ ਸਿੱਖ ਕੁੜੀ ਬਣੀ। ਮਨਮੀਤ ਕੌਰ ਪਹਿਲੀ ਸਿੱਖ ਟੀ.ਵੀ.ਪੱਤਰਕਾਰ ਬਣੀ। ਕਰਾਚੀ ਵਿਖੇ ਹਰਮੀਤ ਸਿੰਘ ਪਹਿਲਾ ਸਿਖ ਟੀ.ਵੀ/ਨਿਊਜ਼ ਐਂਕਰ ਬਣਿਆ।

-ਅਫ਼ਗਾਨਿਸਤਾਨ ਵਿਚ ਅਤਿਵਾਦੀਆ ਨੇ ਸਿੱਖ ਨੂੰ ਨਿਸ਼ਾਨਾ ਬਣਾਇਆ,13 ਸਿੱਖ ਆਪਣੇ ਲੀਡਰ ਅਵਤਾਰ ਸਿੰਘ ਖਾਲਸਾ ਸਮੇਤ ਹਲਾਕ ਹੋ ਗਏ।

-ਨਿਊਯਾਰਕ ਦੇ ਸਕੂਲਾਂ ਵਿਚ ਸਿੱਖ ਧਰਮ ਪੜ੍ਹਾਇਆਂ ਜਾਏਗਾ।

-ਸ਼੍ਰੋਮਣੀ ਕਮੇਟ ਵਲੋਂ -523 ਮੁਲਾਜ਼ਮ ਨੌਕਰੀ ਤੋਂ ਕੱਢੇ ਗਏ।

- ਭਾਰਾਤ ਸਰਕਾਰ ਨੇ ਸ੍ਰੀ ਦਰਬਾਰ ਸਾਹਿਬ ਸੇ ਲੰਗਰ ਤੋਂ.ਐਸ.ਟੀ. ਰੀਫੰਡ ਕਰਨ ਦਾ ਫੈਸਲਾ ਕੀਤਾ।

-ਤਾਰਾ ਸਿੰਘ (ਹਜ਼ੁੂਰ ਸਾਹਿਬ ਦੇ ਪ੍ਰਧਾਨ ਤਾਰਾ ਸਿੰਘ ਵਲੋਂੰ ਅਸਤੀਫਾ ਦਿਤਾ ਗਿਆ।

-ਪਾਕਿਸਤਾਨ ਵਿਚ ਮਾਨਸਿਕ ਤੌਰ ਤੇ ਬੀਮਾਰ ਬੱਚੀ ਨਾਲ ਜਬਰ ਜਨਾਹ,ਦੇਵੇ ਦੋਸ਼ ਗ੍ਰਿਫਤਾਰ।

-ਯੂ.ਕੇ. ਵਿਚ ਸਿੱਖ ਸਿਪਾਹੀਆਂ  ਦੀ ਯਾਦ ਵਿੱਚ ਬਣੀ “ਵਿਸ਼ਵ ਜੰਗ ਦੇ ਸ਼ੇਰ” ਨਾਮਕ ਯਾਦਗਾਰ ਸਥਾਪਤ।
10 ਫੁਟ ਉਚਾ ਕਾਂਸੀ ਦਾ ਬੁਤ ਸਥਾਪਤ ਕੀਤਾ।

-ਦਿਲੀ ਹਾਈ ਕੋਰਟ ਨੇ 1984 ਦੇ ਸਿੱਖ ਕਤਲੇਆਮ ਦੇ 1996 ਵਿਚ 88 ਦੋਸ਼ੀਆਂ ਦੀ 5-5 ਸਾਲ ਦੀ ਸਜ਼ਾ ਬਰਕਰਾਰ|

ਸੁੱਖ ਦਾ ਚੜ੍ਹੇ ਨਵਾਂ ਸਾਲ..!

$
0
0

ਮੇਰੇ ਦਾਦੀ ਜੀ ਭਾਵੇਂ ਅਨਪੜ੍ਹ ਸਨ ਪਰ ਉਹਨਾਂ ਨੂੰ ਦੇਸੀ ਮਹੀਨਿਆਂ ਦਾ ਪੂਰਾ ਗਿਆਨ ਸੀ। ਸੰਗਰਾਂਦ ਵਾਲੇ ਦਿਨ ਗੁਰੂੁ ਘਰ ਜਾਣਾ ਵੀ ਉਹਨਾਂ ਨੂੰ ਕਦੇ ਨਹੀਂ ਸੀ ਭੁੱਲਦਾ। ਕਿਹੜੇ ਮਹੀਨੇ ਕਿਹੜੀ ਫਸਲ ਬੀਜੀ ਜਾਂਦੀ ਹੈ ਤੇ ਕਦੋਂ ਉਸ ਨੇ ਪੱਕਣਾ ਹੈ- ਇਹ ਸਭ ਉਹਨਾਂ ਦੇ ਜ਼ਿਹਨ ਵਿੱਚ ਵਸਿਆ ਹੋਇਆ ਸੀ। ਪਰ ਅੰਗਰੇਜ਼ੀ ਮਹੀਨੇ ਉਹਨਾਂ ਨੂੰ ਬੋਲਣੇ ਵੀ ਔਖੇ ਲਗਦੇ। ਸਕੂਲ ਪੜ੍ਹਦਿਆਂ ਅਸੀਂ ਉਹਨਾਂ ਨੂੰ ਦੱਸਣਾ ਕਿ- ‘ਹੁਣ ਕੁੱਝ ਦਿਨਾਂ ਤੱਕ ਨਵਾਂ ਸਾਲ ਚੜ੍ਹਨ ਵਾਲਾ ਹੈ’ ਤਾਂ ਉਹਨਾਂ ਹਮੇਸ਼ਾ ਇਹੀ ਕਹਿਣਾ ਕਿ- ‘ਸੁੱਖ ਦਾ ਚੜ੍ਹੇ ਨਵਾਂ ਸਾਲ!’ ਉਹ ਤਾਂ ਤਿਉਹਾਰਾਂ ਤੇ ਵੀ ਸੁਤੇ ਸਿੱਧ ਕਹਿ ਦਿੰਦੇ ਕਿ-‘ਸੁੱਖ ਦੀ ਆਏ ਦੀਵਾਲੀ’। ਤੇ ਹੁਣ ਜਦ ਇਹਨਾਂ ਦਿਨ ਤਿਉਹਾਰਾਂ ਤੇ ਵਾਪਰਦੀਆਂ ਕਈ ਅਣਸੁਖਾਵੀਆਂ ਘਟਨਾਵਾਂ ਤੇ ਨਜ਼ਰ ਮਾਰਦੀ ਹਾਂ ਤਾਂ ਮੈਂਨੂੰ ਜਾਪਦਾ ਕਿ- ਸਾਡੇ ਬਜ਼ੁਰਗਾਂ ਵਲੋਂ ਸਰਬੱਤ ਦੇ ਭਲੇ ਦੀ ਅਰਦਾਸ ਕਰਨਾ ਤੇ ਸਭ ਦੀ ਸੁੱਖ ਮੰਗਣਾ- ਕਿੰਨਾ ਸਾਰਥਕ ਸੀ!

ਹਰ ਸਾਲ ਵਾਂਗ ਅੱਜ ਵੀ ਆਪਾਂ, ਨਵੇਂ ਸਾਲ ਦੀ ਦਹਿਲੀਜ਼ ਤੇ ਖੜ੍ਹੇ ਹਾਂ। ਜੇ ਪਿਛਲੇ ਸਾਲ ਤੇ ਝਾਤੀ ਮਾਰੀਏ ਤਾਂ ਹੋਰ ਕਈ ਛੋਟੀਆਂ ਘਟਨਾਵਾਂ ਤੋਂ ਇਲਾਵਾ, ਅੰਮ੍ਰਿਤਸਰ ਵਾਪਰਿਆ ਰੇਲ ਹਾਦਸਾ ਬਹੁਤ ਵੱਡਾ ਦੁਖਾਂਤ ਸੀ- ਜੋ ਵਾਪਰਿਆ ਵੀ ਦੁਸਹਿਰੇ ਵਾਲੇ ਦਿਨ ਸੀ। ਇਹਨਾਂ ਘਟਨਾਵਾਂ ਤੋਂ ਸਾਨੂੰ ਅੱਗੋਂ ਲਈ ਕੁਝ ਸਿੱਖਣ ਦੀ ਲੋੜ ਹੈ। ਇਹਨਾਂ ਦਿਨ ਤਿਉਹਾਰਾਂ ਤੇ ਭੀੜ ਦਾ ਜੁੜਨਾ ਤੇ ਫਿਰ ਬੇਧਿਆਨੇ ਰੇਲ ਦੀ ਪਟੜੀ ਤੇ ਖੜ੍ਹ ਜਾਣਾ ਜਾਂ ਬੈਠ ਜਾਣਾ- ਸਾਡੀ ਅਣਗਹਿਲੀ ਦੀਆਂ ਹੀ ਮਿਸਾਲਾਂ ਹਨ। ਇਹਨਾਂ ਮੁਲਕਾਂ ਵਿੱਚ ਵੀ ਕਈ ਦਰਦਨਾਕ ਹਾਦਸੇ ਵਰਤੇ ਨੇ ਪਿਛਲੇ ਸਾਲ। ਵਿਨੀਪੈਗ ਹੋਏ ਇੱਕ ਐਕਸੀਡੈਂਟ ਵਿੱਚ   ਹਾਕੀ ਖਿਡਾਰੀਆਂ ਦੀ ਹੋਈ ਮੌਤ ਦਿਲ ਹਲੂਣ ਗਈ। ਕਿੰਨੇ ਮਾਵਾਂ ਦੇ ਗੱਭਰੂ ਪੁੱਤ ਨਸ਼ਿਆਂ ਦੇ ਗੈਂਗ ਵਿੱਚ ਫਸ ਕੇ ਗੋਲੀਆਂ ਦਾ ਸ਼ਿਕਾਰ ਬਣੇ। ਕਿਸੇ ਦੀ ਅਣਗਹਿਲੀ ਕਾਰਨ, ਸਾਡੇ ਆਪਣੇ ਹੀ ਸ਼ਹਿਰ ਵਿੱਚ ਕਈ ਘਰ ਅੱਗ ਦੀ ਭੇਟ ਚੜ੍ਹ ਗਏ। ਬਹੁਤ ਕੁਝ ਅਣਸੁਖਾਵਾਂ ਵਰਤਿਆ। ਹੁਣ ਸਾਡੇ ਲੋਕਾਂ ਨੇ ਨਵੇਂ ਸਾਲ ਦੇ ਵੀ ਜਸ਼ਨ ਮਨਾਉਣੇ ਹਨ। ਮਹਿਫਲਾਂ ਸਜਣਗੀਆਂ, ਪਟਾਖੇ ਚਲਾਏ ਜਾਣਗੇ, ਨਸ਼ਿਆਂ ਦਾ ਵਿਉਪਾਰ ਵੀ ਉਸ ਦਿਨ ਖੂਬ ਚਮਕੇਗਾ। ਕੀ ਇਹ ਸਭ ਸਮੇਂ ਦੀ ਤੇ ਪੈਸੇ ਦੀ ਬਰਬਾਦੀ ਨਹੀਂ? ਕੀ ਅਸੀਂ ਵਾਤਾਵਰਣ ਦੂਸ਼ਿਤ ਕਰਨ ਲਈ ਜ਼ਿੰਮੇਵਾਰ ਨਹੀਂ ਹੋਵਾਂਗੇ? ਕੀ ਅਸੀਂ ਹਰ ਸਾਲ ਵਾਪਰੀਆਂ ਮੰਦਭਾਗੀਆਂ ਘਟਨਾਵਾਂ ਤੋਂ ਕੁੱਝ ਨਹੀਂ ਸਿੱਖਦੇ? ਇਹ ਸਭ ਸੋਚਣ ਦੀ ਲੋੜ ਹੈ।

ਸਮਾਂ ਆਪਣੀ ਤੋਰ ਨਿਰੰਤਰ ਤੁਰਿਆ ਜਾ ਰਿਹਾ ਹੈ। ਇਸ ਸਮੇਂ ਨੂੰ ਕੋਈ ਵੀ ਬੰਨ੍ਹ ਨਹੀਂ ਸਕਿਆ। ਹਰ ਸਾਲ ਨਵਾਂ ਚੜ੍ਹਦਾ ਹੈ ਤੇ ਖਤਮ ਹੋ ਜਾਂਦਾ ਹੈ। ਇਹ ਇੱਕ ਕੁਦਰਤੀ ਪ੍ਰਕਿਰਿਆ ਹੈ। ਭਾਈ ਵੀਰ ਸਿੰਘ ਜੀ ਨੇ ਇਸ ਸਮੇਂ ਬਾਰੇ ਬਹੁਤ ਹੀ ਖੂਬਸੂਰਤ ਸਤਰਾਂ ਲਿਖੀਆਂ ਹਨ-

ਰਹੀ ਵਾਸਤੇ ਘੱਤ ਸਮੇਂ ਨੇ ਇੱਕ ਨਾ ਮੰਨੀ,
ਫੜ ਫੜ ਰਹੀ ਧਰੀਕ ਸਮੇਂ ਖਿਸਕਾਈ ਕੰਨੀ,
ਕਿਵੇਂ ਨਾ ਸੱਕੀ ਰੋਕ ਅਟਕ ਜੋ ਪਾਈ ਭੰਨੀ,
ਤ੍ਰਿਖੇ ਅਪਨੇ ਵੇਗ ਗਿਆ ਟੱਪ ਬੰਨੇ ਬੰਨੀ।
ਹੋ ਅਜੇ ਸੰਭਾਲ ‘ਸਮੇਂ’ ਨੂੰ,
ਕਰ ਸਫਲ ਉਡੰਦਾ ਜਾਂਵਦਾ।
ਇਹ ਠਹਿਰਨ ਜਾਚ ਨਾ ਜਾਣਦਾ,
ਲੰਘ ਗਿਆ ਨਾ ਮੁੜ ਕੇ ਆਂਵਦਾ।

ਸਚੁਮੱਚ ਬੀਤਿਆ ਵਕਤ ਕਦੇ ਵਾਪਿਸ ਨਹੀਂ ਆਉਂਦਾ। ਇਸ ਕੀਮਤੀ ਵਕਤ ਨੂੰ ਸੰਭਾਲਣ ਦੀ ਲੋੜ ਹੈ। ਲੋੜ ਹੈ ਆਪਣੇ ਅੰਦਰ ਦਾ ਲੇਖਾ ਜੋਖਾ ਕਰਨ ਦੀ। ਪੁਰਾਣੇ ਵਕਤ ਵਿੱਚ ਹੋਈਆਂ ਗਲਤੀਆਂ ਜਾਂ ਭੁੱਲਾਂ ਤੋਂ ਕੁੱਝ ਸਬਕ ਲੈਣ ਦੀ ਤੇ ਆਪਣੇ ਵਿਕਾਰਾਂ ਨੂੰ ਤਿਆਗ ਕੇ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰਨ ਦੀ। ਆਪਾਂ ਸਾਰਾ ਸਾਲ ਦੂਜਿਆਂ ਦੇ ਨੁਕਸ ਕੱਢਣ ਤੇ ਹੀ ਲਾ ਦਿੰਦੇ ਹਾਂ। ਪਹਿਲਾਂ ਆਪ ਹੋਰਾਂ ਦੀਆਂ ਕਮੀਆਂ ਢੂੰਡਦੇ ਹਾਂ ਤੇ ਫਿਰ ਉਹਨਾਂ ਨੂੰ ਕਈਆਂ ਨਾਲ ਸ਼ੇਅਰ ਕਰਦੇ ਹਾਂ। ਆਓ ਇਸ ਨਵੇਂ ਸਾਲ ਤੇ ਆਪਣੇ ਮਨਾਂ ਅੰਦਰ ਝਾਤੀ ਮਾਰੀਏ। ਆਪਣੀਆਂ ਕਮਜ਼ੋਰੀਆਂ ਲੱਭ ਕੇ, ਉਹਨਾਂ ਨੂੰ ਦੂਰ ਕਰਨ ਦਾ ਯਤਨ ਕਰੀਏ।

ਸਾਥੀਓ ਆਪਣੇ ਘਰਾਂ ਵਿੱਚ ਬੜਾ ਸਮਾਨ ਵਾਧੂ ਪਿਆ ਹੁੰਦਾ ਹੈ। ਬੱਚਿਆਂ ਦੇ ਵੱਡੇ ਹੋਣ ਤੇ ਉਹਨਾਂ ਦਾ ਛੋਟੇ ਹੁੰਦਿਆਂ ਦਾ ਕਿੰਨਾ ਕੁੱਝ ਵਧੀਆ ਹਾਲਤ ਦਾ ਪਿਆ ਸਮਾਨ- ਕਿਸੇ ਲੋੜਵੰਦ ਦੀ ਲੋੜ ਪੂਰੀ ਕਰ ਸਕਦਾ ਹੈ। ਕਿਸੇ ਤਰ੍ਹਾਂ ਦੀ ਵੀ ਭਲਾਈ ਕਰਕੇ, ਆਪਾਂ ਨਵਾਂ ਸਾਲ ਮਨਾ ਸਕਦੇ ਹਾਂ। ਸਮਾਜ ਲਈ ਕੋਈ ਵੋਲੰਟੀਅਰ ਕਾਰਜ ਕਰਨ ਦੀ ਸ਼ੁਰੂਆਤ ਕਰ ਸਕਦੇ ਹਾਂ। ਕਿਸੇ ਰੁੱਸੇ ਹੋਏ ਨੂੰ ਮਨਾ ਕੇ, ਕਿਸੇ ਨੂੰ ਮਾਫ ਕਰਕੇ, ਕਿਸੇ ਤੋਂ ਮਾਫੀ ਮੰਗ ਕੇ, ਆਪਣੇ ਮਨ ‘ਚੋਂ ਈਰਖਾ ਦਾ ਬੀਜ ਨਾਸ ਕਰਕੇ, ਗੁੱਸੇ ਤੇ ਕਾਬੂ ਕਰਕੇ, ਕੋਈ ਭੈੜੀ ਵਾਦੀ ਤਿਆਗ ਕੇ- ਵੀ ਨਵੇਂ ਸਾਲ ਦਾ ਸੁਆਗਤ ਕਰ ਸਕਦੇ ਹਾਂ। ਪਰ ਇਹ ਸਭ ਕੁੱਝ ਇੱਕ ਦਿਨ ਲਈ ਨਹੀਂ, ਪੂਰੇ ਸਾਲ ਲਈ ਕਰਨਾ ਪਵੇਗਾ।

ਕਹਿੰਦੇ ਹਨ ਕਿ ਕਿਸੇ ਦਾ ਬੁਰਾ ਸੋਚਣਾ ਵੀ ਉੱਨਾ ਹੀ ਮਾੜਾ ਹੈ- ਜਿੰਨਾ ਬੁਰਾ ਕਰਨਾ। ਬੁਰਾ ਸੋਚਣ ਨਾਲ, ਜੋ ਨੈਗੇਟਿਵ ਅਨਰਜੀ ਭਾਵ ਵਿਚਾਰਾਂ ਦੀਆਂ ਤਰੰਗਾਂ, ਅਸੀਂ ਦੂਜਿਆਂ ਨੂੰ ਭੇਜਦੇ ਹਾਂ ਉਹੀ ਸਾਨੂੰ ਉਸ ਪਾਸਿਓਂ ਮਿਲਦੀਆਂ ਹਨ। ਇਸ ਦਾ ਮਤਲਬ ਹੋਇਆ ਕਿ ਸਾਡੇ ਭੈੜੇ ਵਿਚਾਰ ਕੁਦਰਤੀ ਤੌਰ ਤੇ ਘੁੰਮ ਕੇ ਸਾਡੇ ਕੋਲ ਹੀ ਆ ਰਹੇ ਹਨ, ਤੇ ਉਹ ਸਾਡਾ ਹੀ ਨੁਕਸਾਨ ਕਰ ਰਹੇ ਹਨ। ਸੋ ਕਿਉਂ ਨਾ ਆਪਾਂ ਪੌਜ਼ਿਟਿਵ ਅਨਰਜੀ ਹੀ ਦੂਜਿਆਂ ਨੂੰ ਭੇਜੀਏ। ਇਸੇ ਕਰਕੇ ਸਿਆਣੇ ਕਹਿੰਦੇ ਹਨ ਕਿ ਨਫਰਤ ਨੂੰ ਨਫਰਤ ਨਾਲ ਨਹੀਂ ਪਿਆਰ ਨਾਲ ਜਿੱਤਿਆ ਜਾ ਸਕਦਾ ਹੈ। ਚਲੋ- ਇਸ ਸਾਲ ਤੋਂ ਇਹ ਇੱਕ ਨਵਾਂ ਤਜਰਬਾ ਕਰੀਏ। ਆਪਣੇ ਵਿਰੋਧੀਆਂ ਨੂੰ ਜਾਂ ਕਹਿ ਲਵੋ ਕਿ ਈਰਖਾ ਕਰਨ ਵਾਲਿਆਂ ਨੂੰ ਵੀ ਪੌਜ਼ਿਟਿਵ ਵਾਈਬਰੇਸ਼ਨ ਭੇਜੀਏ। ਤੁਸੀਂ ਹੈਰਾਨ ਹੋਵੋਗੇ ਕਿ ਅਜੇਹਾ ਕਰਨ ਨਾਲ ਉਹ ਕੁੱਝ ਸਮੇਂ ਵਿੱਚ ਹੀ ਤੁਹਾਡੇ ਦੋਸਤ ਬਣ ਜਾਣਗੇ। ਇਹ ਤਜਰਬਾ ਆਪਾਂ ਆਪਣੇ ਘਰ ਪਰਿਵਾਰਾਂ ਵਿੱਚ ਵੀ ਕਰ ਸਕਦੇ ਹਾਂ। ਸਾਡੀ ‘ਈਗੋ’ ਕਾਰਨ ਪਰਿਵਾਰ ਟੁੱਟ ਰਹੇ ਹਨ। ਤਲਾਕ ਦਰ ਹਰ ਸਾਲ ਵਧਦੀ ਹੀ ਜਾਂਦੀ ਹੈ। ਪਰਿਵਾਰ ਦਾ ਹਰ ਮੈਂਬਰ ਦੂਜੇ ਤੋਂ, ਪਿਆਰ ਸਤਿਕਾਰ ਦੀ ਆਸ ਰੱਖਦਾ ਹੈ। ਜਦ ਉਹ ਪੂਰੀ ਨਹੀਂ ਹੁੰਦੀ ਤਾਂ ਝੁੰਜਲਾ ਉੱਠਦਾ ਹੈ ਤੇ ਗੁੱਸੇ ਵਿੱਚ ਆ ਕੇ, ਆਪਣਾ ਜਾਂ ਪਰਿਵਾਰ ਦਾ ਕੋਈ ਨੁਕਸਾਨ ਕਰ ਬੈਠਦਾ ਹੈ। ਕਈ ਅਜੇਹੇ ਹਾਲਾਤਾਂ ਵਿੱਚ ਨਸ਼ਿਆਂ ਦਾ ਸਹਾਰਾ ਲੈ ਲੈਂਦੇ ਹਨ, ਕੁੱਝ ਡਿਪਰੈਸ਼ਨ ਵਿੱਚ ਚਲੇ ਜਾਂਦੇ ਹਨ ਤੇ ਕੁੱਝ ਪਰਿਵਾਰ ਤੋਂ ਵੱਖ ਹੋ ਜਾਂਦੇ ਹਨ- ਤੇ ਕੁਝ ਤਾਂ ਆਤਮ ਹੱਤਿਆ ਤੱਕ ਵੀ ਪਹੁੰਚ ਜਾਂਦੇ ਹਨ। ਹੁਣ ਜੇ ਆਪਾਂ ਇਸ ਸਾਲ ਤੋਂ ਹੀ ਇਹ ਫੈਸਲਾ ਕਰ ਲਈਏ ਕਿ- ਅਸੀਂ ਸਭ ਨੂੰ ਪਿਆਰ ਤੇ ਸਤਿਕਾਰ ਦੇਣਾ ਹੀ ਹੈ ਬਦਲੇ ਵਿੱਚ ਉਸ ਤੋਂ ਕੋਈ ਆਸ ਨਹੀਂ ਰੱਖਣੀ। ਉਹ ਸਾਨੂੰ ਪਿਆਰ ਕਰੇ ਜਾਂ ਨਾਂ- ਇਹ ਉਸ ਦੀ ਮਰਜ਼ੀ। ਤਾਂ ਘਰ ਦਾ ਮਹੌਲ ਹੀ ਬਦਲ ਜਾਏਗਾ। ਰਿਸ਼ਤਿਆਂ ਵਿੱਚ ਇੱਕ ਅਨੋਖਾ ਆਪਣਾਪਨ ਆਉਣਾ ਸ਼ੁਰੂ ਹੋ ਜਾਏਗਾ। ਦੂਸਰਾ ਬੰਦਾ- ਚਾਹੇ ਉਹ ਤੁਹਾਡਾ ਮਾਂ-ਬਾਪ ਹੈ, ਸੱਸ ਸਹੁਰਾ ਹੈ, ਜੀਵਨ ਸਾਥੀ ਹੈ ਜਾਂ ਬੱਚਾ ਹੈ- ਉਸ ਦਾ ਤੁਹਾਡੇ ਪ੍ਰਤੀ ਵਤੀਰਾ ਖੁਦ-ਬਖੁਦ ਬਦਲ ਜਾਏਗਾ।

ਇਸ ਸਬੰਧੀ ਇੱਕ ਘਟਨਾ ਮੈਂਨੂੰ ਯਾਦ ਆਈ। ਇੱਕ ਆਯੁਰਵੈਦ ਡਾਕਟਰ ਦੀ ਲਾਡਾਂ ਨਾਲ ਪਾਲ਼ੀ, ਤੇ ਹੋਸਟਲ ਵਿੱਚ ਰਹਿ ਕੇ ਪੜ੍ਹੀ ਧੀ, ਇੱਕ ਵਿਧਵਾ ਮਾਂ ਦੇ ਇੱਕਲੌਤੇ ਪੁੱਤਰ ਨਾਲ ਵਿਆਹੀ ਗਈ। ਰਿਸ਼ਤਿਆਂ ਤੋਂ ਅਨਜਾਣ ਉਸ ਬੱਚੀ ਦਾ ਪਹਿਲੇ ਸਾਲ ਹੀ, ਆਪਣੀ ਸੱਸ ਨਾਲ ਤਕਰਾਰ ਸ਼ੁਰੂ ਹੋ ਗਿਆ। ਛੇ ਕੁ ਮਹੀਨੇ ਬਾਅਦ ਉਸ ਆਪਣੇ ਬਾਪ ਨੂੰ ਆ ਕੇ ਕਿਹਾ ਕਿ- ‘ਉਸ ਘਰ ਵਿੱਚ ਜਾਂ ਮੈਂ ਰਹਾਂਗੀ ਜਾਂ ਮੇਰੀ ਸੱਸ’। ਮਾਂ-ਬਾਪ ਦੇ ਸਮਝਾਉਣ ਤੇ ਵੀ ਉਹ ਨਾ ਮੰਨੀ ਤੇ ਕਹਿਣ ਲੱਗੀ-‘ਜਾਂ ਮੈਂਨੂੰ ਜ਼ਹਿਰ ਦੇ ਦਿਓ ਜਾਂ ਮੇਰੀ ਸੱਸ ਨੂੰ.. ਕਿਉਂਕਿ ਮੇਰੇ ਹਸਬੈਂਡ ਵੀ ਆਪਣੀ ਮਾਂ ਦੀ ਹੀ ਸੁਣਦੇ ਹਨ’। ਬਾਪ ਸੋਚੀਂ  ਪੈ ਗਿਆ। ਆਖਿਰ ਉਸ ਨੂੰ ਇੱਕ ਤਰਕੀਬ ਸੁਝੀ। ਉਸ ਆਪਣੀ ਧੀ ਨੂੰ ਇੱਕ ਦਵਾਈ ਦੀ ਸ਼ੀਸ਼ੀ ਦਿੰਦਿਆਂ ਕਿਹਾ- ‘ਬੇਟਾ ਇਸ ਵਿੱਚ ਤੇਰੀ ਸੱਸ ਲਈ ਜ਼ਹਿਰ ਹੈ। ਇਸ ਦੀ ਰੋਜ਼ ਇੱਕ ਚੂੰਢੀ ਉਸ ਦੇ ਭੋਜਨ ਵਿੱਚ ਪਾ ਦਿਆ ਕਰੀਂ- ਪਰ ਇਹ ਭਿਣਕ ਕਿਸੇ ਨੂੰ ਨਾ ਲੱਗੇ। ਇਸ ਤਰ੍ਹਾਂ ਛੇ ਕੁ ਮਹੀਨੇ ਵਿੱਚ ਇਹ ਹੌਲੀ ਹੌਲੀ ਅਸਰ ਕਰੇਗੀ ਤੇ ਤੇਰੀ ਸੱਸ ਆਪੇ ਹੀ ਮਰ ਜਾਏਗੀ’.. ‘ਪਰ ਇੱਕ ਸ਼ਰਤ ਹੈ ਨਾਲ’। ‘ਉਹ ਕਿਹੜੀ?’ ਉਸ ਖੁਸ਼ ਹੁੰਦਿਆਂ ਪੁੱਛਿਆ। ‘ਜਿੰਨਾ ਚਿਰ ਇਹ ਜ਼ਹਿਰੀਲੀ ਦਵਾਈ ਦੇਣੀ ਹੈ, ਉੱਨਾ ਚਿਰ ਤੂੰ ਉਸ ਦੀ ਖੂਬ ਸੇਵਾ ਕਰਨੀ ਹੈ..ਪਿਆਰ ਨਾਲ ਬੋਲਣਾ ਹੈ..ਤੇ ਉਸ ਦੀ ਕਿਸੇ ਗੱਲ ਦਾ ਗੁੱਸਾ ਨਹੀਂ ਕਰਨਾ- ਤਾਂ ਕਿ ਉਸ ਦੀ ਮੌਤ ਤੇ ਕਿਸੇ ਨੂੰ ਵੀ ਤੇਰੇ ਤੇ ਸ਼ੱਕ ਨਾ ਹੋਵੇ। ‘ਤੁਸੀਂ ਫਿਕਰ ਨਾ ਕਰੋ ਡੈਡੀ’ ਕਹਿ, ਉਹ ਖੁਸ਼ੀ ਖੁਸ਼ੀ ਸਹੁਰੇ ਘਰ ਚਲੀ ਗਈ। ਹੁਣ ਉਹ ਦਿਨੇ ਰਾਤ ਸੱਸ ਦੀ ਸੇਵਾ ਕਰਦੀ..ਮਿੱਠਾ ਬੋਲਦੀ..ਪਰ ਨਾਲ ਹੀ ਉਹ ਦਵਾਈ ਵੀ ਦੇਈ ਜਾਂਦੀ। ਉਸ ਦਾ ਵਤੀਰਾ ਦੇਖ, ਸੱਸ ਵੀ ਉਸ ਨੂੰ ਪਿਆਰ ਕਰਨ ਲੱਗੀ। ਪਤੀ ਜੋ ਚੱਕੀ ਦੇ ਦੋ ਪੁੜਾਂ ਵਿਚਾਲੇ ਪਿਸ ਰਿਹਾ ਸੀ..ਉਸ ਨੇ ਵੀ ਸੁੱਖ ਦਾ ਸਾਹ ਲਿਆ। ਸਾਰੇ ਘਰ ਦਾ ਮਹੌਲ ਹੀ ਬਦਲ ਗਿਆ। ਤਿੰਨ ਕੁ ਮਹੀਨੇ ਵਿੱਚ ਹੀ ਉਸ ਲੜਕੀ ਦੀ ਆਤਮਾ ਨੇ ਉਸ ਨੂੰ ਲਾਹਣਤਾਂ ਪਾਈਆਂ ਕਿ- ‘ਇੰਨੀ ਪਿਆਰੀ ਸੱਸ ਦਾ ਤੂੰ ਬੁਰਾ ਸੋਚ ਰਹੀ ਏਂ?’ ਤੇ ਉਸ ਦਵਾਈ ਪਾਉਣੀ ਛੱਡ ਦਿੱਤੀ। ਪੇਕੇ ਜਾ ਆਪਣੇ ਬਾਪ ਦੇ ਗਲ਼ ਲੱਗ ਰੋ ਕੇ ਕਹਿਣ ਲੱਗੀ- ‘ਡੈਡੀ ਮੇਰੇ ਮੱਮੀ ਬਹੁਤ ਚੰਗੇ ਨੇ..ਮੈਂਨੂੰ ਪਿਆਰ ਕਰਦੇ ਨੇ..ਮੈਂ ਉਹਨਾਂ ਨੂੰ ਗੁਆਉਣਾ ਨਹੀਂ ਚਾਹੁੰਦੀ। ਪਲੀਜ਼ ਕੋਈ ਐਸੀ ਦਵਾਈ ਦਿਓ ਕਿ- ਜਿੰਨੀ ਜ਼ਹਿਰ ਉਹਨਾਂ ਦੇ ਅੰਦਰ ਚਲੀ ਗਈ- ਉਸ ਦਾ ਅਸਰ ਨਾ ਹੋਵੇ’। ਬਾਪ ਨੇ ਘੁੱਟ ਕੇ ਬੇਟੀ ਨੂੰ ਸੀਨੇ ਨਾਲ ਲਾਇਆ ਤੇ ਕਿਹਾ-‘ਪੁੱਤਰ ਮੈਂ ਜ਼ਹਿਰ ਨਹੀਂ..ਚੂਰਨ ਦਿੱਤਾ ਸੀ..ਪਰ ਤੈਂਨੂੰ ਸਮਝਾਉਣ ਲਈ ਹੀ ਜ਼ਹਿਰ ਕਿਹਾ ਸੀ’। ਇਹ ਅਸਰ ਹੈ ਪਿਆਰ ਦੇ ਹਥਿਆਰ ਦਾ!

ਆਓ ਇਸ ਸਾਲ ਦੀ ਸ਼ੁਰੂਆਤ ਇਸ ਪਿਆਰ ਦੇ ਹਥਿਆਰ ਨਾਲ ਕਰੀਏ। ਇੱਕ ਦੂਜੇ ਦੀ ਸੁੱਖ ਮੰਗੀਏ..ਭਲਾ ਮੰਗੀਏ- ਤਾਂ ਸਾਡਾ ਭਲਾ ਉਸ ਸਰਬੱਤ ਦੇ ਭਲੇ ਵਿੱਚ ਆਪੇ ਹੀ ਆ ਜਾਣਾ ਹੈ। ਅੱਜਕਲ ਅਸੀਂ ਲੋਕ ਬਹੁਤ ਸੁਆਰਥੀ ਹੋ ਗਏ ਹਾਂ। ਅਸੀਂ ਸੋਚਦੇ ਹਾਂ ਕਿ ਅਸੀਂ ਸੁਖੀ ਹੋਈਏ ਗੁਆਂਢੀ ਨਹੀਂ। ਅਸੀਂ ਆਪਣੇ ਦੁੱਖਾਂ ਤੋਂ ਇੰਨੇ ਦੁਖੀ ਨਹੀਂ ਹਾਂ ਬਲਕਿ ਦੂਜਿਆਂ ਦੇ ਸੁੱਖ ਦੇਖ ਦੇਖ ਕੇ ਦੁਖੀ ਹਾਂ। ‘ਹਾਏ ਉਹਨੇ ਕਿੰਨਾ ਵੱਡਾ ਘਰ ਲੈ ਲਿਆ.. ਉਹਦੇ ਬੱਚੇ ਕਿੰਨੇ ਲਾਇਕ ਹਨ..ਉਹਦਾ ਤਾਂ ਕਾਰੋਬਾਰ ਹੀ ਬੜਾ ਚਲਦਾ ਹੈ..ਉਹ ਤਾਂ ਹੁਣ ਏਥੇ ਆਇਆ- ਪਰ ਉਹਦੀ ਪਛਾਣ ਹੀ ਬੜੀ ਬਣ ਗਈ ਇਸ ਸ਼ਹਿਰ ‘ਚ..ਜਾਂ ਫਲਾਨਾ ਤਾਂ ਚਾਰ ਕੁ ਕਿਤਾਬਾਂ ਛਪਾ ਕੇ, ਆਪਣੇ ਆਪ ਨੂੰ ਮਹਾਨ ਲੇਖਕ ਸਮਝਣ ਲੱਗ ਪਿਆ..ਆਦਿ’- ਇਹ ਸਭ ਸਾਡੇ ਅੰਦਰ ਈਰਖਾ ਸਾੜੇ ਦੀਆਂ ਹੀ ਤਾਂ ਨਿਸ਼ਾਨੀਆਂ ਹਨ- ਜੋ ਸਾਨੂੰ ਅੰਦਰੋਂ ਸਾੜ ਕੇ ਸੁਆਹ ਕਰ ਰਹੀਆਂ ਹਨ। ਤਾਂ ਹੀ ਤਾਂ ਪਰਿਵਾਰ ਦੇ ਮੈਂਬਰ ਇੱਕ ਦੂਜੇ ਨੂੰ ਟੁੱਟ ਕੇ ਪੈਂਦੇ ਹਨ-‘ਮੈਨੂੰ ਬੁਲਾਓ ਨਾ ਮੇਰਾ ਮੂਡ ਪਹਿਲਾਂ ਹੀ ਬੜਾ ਖਰਾਬ ਹੈ’!

ਸਾਥੀਓ, ਸਾਡੇ ਗੁਰੂ ਸਾਹਿਬਾਂ ਨੇ ਸਾਨੂੰ ‘ਸਰਬੱਤ ਦਾ ਭਲਾ’ ਮੰਗਣ ਦੀ ਜੀਵਨ ਜਾਚ ਸਿਖਾਈ ਹੈ- ਪਤਾ ਨਹੀਂ ਕਿਉਂ ਅਸੀਂ ਗੁਰੂ ਘਰਾਂ ‘ਚ ਜਾ ਕੇ, ਕੇਵਲ ਆਪਣੀਆਂ ਮੰਗਾਂ ਦੀ ਲਿਸਟ ਹੀ ਗੁਰੂੁ ਨੂੰ ਸੌਂਪ ਕੇ, ਤੇ ਲੰਗਰ ਛਕ ਕੇ ਆ ਜਾਂਦੇ ਹਾਂ। ਆਓ ਇਸ ਨਵੇਂ ਸਾਲ ਦੇ ਸ਼ੁਭ ਦਿਹਾੜੇ ਤੇ- ਜਿੱਥੇ ਆਪਾਂ ਵਟਸਐਪ ਜਾਂ ਫੇਸ ਬੁੱਕ ਤੇ ‘ਹੈਪੀ ਨਿਊ ਯੀਅਰ’ ਦੇ ਢੇਰ ਸਾਰੇ ਸੁਨੇਹੇ ਅਦਾਨ-ਪ੍ਰਦਾਨ ਕਰਨੇ ਹਨ- ਉਥੇ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਹੋਏ, ਆਪੋ ਆਪਣੇ ਇਸ਼ਟ ਅੱਗੇ ਇਹ ਅਰਦਾਸ ਵੀ ਕਰੀਏ ਕਿ- ਕੁੱਲ ਸੰਸਾਰ ਲਈ ‘ਸੁੱਖ ਦਾ ਚੜ੍ਹੇ ਨਵਾਂ ਸਾਲ’!


ਨਵਾਂ ਸਾਲ-ਨਵਾਂ ਖ਼ਿਆਲ

$
0
0

ਸਿਆਸਤ, ਦੇਖਣ ਸੁਣਨ ਨੂੰ ਮਹਿਜ਼ ਇੱਕ ਸ਼ਬਦ ਹੈ। ਪਰ ਇਸ ਸ਼ਬਦ ਦੇ ਦਿਮਾਗ ਅੱਗੇ ਆਮ ਲੋਕ ਸਿਰਫ਼ ਇੱਕ ਵੋਟ ਹਨ। ਇਸ ਸ਼ਬਦ ਦੇ ਬੇਸ਼ੱਕ ਪੇਟ ਨਹੀਂ ਲੱਗਾ ਹੋਇਆ ਪਰ ਇਹ ਅਦਿੱਖ ਪੇਟ ਸਭ ਕੁਝ ਹਜ਼ਮ ਕਰਨ ਦੀ ਸਮਰੱਥਾ ਰੱਖਦੈ। ਇਹ ਸ਼ਬਦ ਜੇ ਧੁੱਪ ਕਹਿੰਦਾ ਹੈ ਤਾਂ ਹੋ ਸਕਦਾ ਹੈ ਕਿ ਉਸ ਧੁੱਪ ਦਾ ਮਤਲਬ ਛਾਂ ਹੋਵੇ। ਕਹਿਣ ਦਾ ਭਾਵ ਕਿ ਸਿਆਸਤ ‘ਚ ਜੋ ਕੁਝ ਦਿਸਦਾ ਹੈ, ਅਕਸਰ ਓਹ ਹੁੰਦਾ ਨਹੀਂ ਤੇ ਜੋ ਹੁੰਦਾ ਹੈ, ਅਕਸਰ ਓਹ ਦਿਸਦਾ ਨਹੀਂ। ਰੋਜ਼ਾਨਾ ਮੀਡੀਆ ਸਾਧਨਾਂ ਰਾਂਹੀਂ ਅਸੀਂ ਵੱਖ ਵੱਖ ਰਾਜਨੀਤਕ ਧੜਿਆਂ ਦੇ ਆਗੂਆਂ ਦੀ ਤੂੰ-ਤੂੰ ਮੈਂ-ਮੈਂ ਸੁਣਦੇ ਦੇਖਦੇ ਰਹਿੰਦੇ ਹਾਂ। ਖ਼ਬਰਾਂ ਪੜ੍ਹਦੇ ਸੁਣਦੇ ਆਮ ਨਾਗਰਿਕ ਦਾ ਦਿਲ ਡਰ ਨਾਲ ਦਿੱਲੀਉਂ ਹੋ ਹੋ ਮੁੜਦਾ ਹੈ ਕਿ ‘ਕਿਧਰੇ ਸਾਡੇ ਨੇਤਾ ਜੀ ਆਪਸ ‘ਚ ਲੜ ਕੇ ਸ਼ਹੀਦ ਨਾ ਹੋ ਜਾਣ, ਫਿਰ ਦੇਸ਼ ਨੂੰ ਕੌਣ ਚਲਾਵੇਗਾ?’ ਪਰ ਅਜਿਹਾ ਹੁੰਦਾ ਨਹੀਂ, ਸਗੋਂ ਅਜਿਹੀ ਕੁੱਕੜ-ਖੇਹ ਤਾਂ ਸਿਆਸਤ ਦੀ ਲਗਾਤਾਰਤਾ ਬਣਾਈ ਰੱਖਣ, ਲੋਕਾਂ ਦਾ ਹੋਰ ਮੁੱਦਿਆਂ ਵੱਲੋਂ ਧਿਆਨ ਭਟਕਾਉਣ ਲਈ ਹੁੰਦੀ ਹੈ। ਅਜਿਹੀ ਬਿਆਨਬਾਜ਼ੀ ਦਾ ਆਮ ਲੋਕਾਂ ਦੇ ਜੀਵਨ ਪੱਧਰ ਸੁਧਾਰ ਨਾਲ ਦੂਰ ਦਾ ਰਿਸ਼ਤਾ ਵੀ ਨਹੀਂ ਹੁੰਦਾ। ਵਿਧਾਨ ਸਭਾ ਜਾਂ ਲੋਕ ਸਭਾ ਸਾਡੇ ਨੇਤਾਵਾਂ ਲਈ ਓਸ ਕੁੱਕੜਾਂ ਦੇ ਖੁੱਡੇ ਵਾਂਗ ਹਨ, ਜਿਸ ਵਿੱਚੋਂ ਬਾਹਰ ਹਨ ਤਾਂ ਹਮੇਸ਼ਾ ਲੜਦੇ ਦਿਖਾਈ ਦੇਣਗੇ ਪਰ ਅੰਦਰ ਹਨ ਤਾਂ ਆਪਣੇ ਫਾਇਦੇ ਲਈ ਇੱਕਮੁੱਠ ਹੋ ਜਾਂਦੇ ਹਨ। ਇਸਦੀ ਤਾਜ਼ਾ ਉਦਾਹਰਨ ਬੀਤੇ ਦਿਨੀਂ ਦੇਖਣ ਨੂੰ ਮਿਲੀ ਜਦੋਂ ਵਿਧਾਇਕਾਂ ਦੇ ਤਨਖਾਹ ਵਾਧੇ ਦੇ ਮਾਮਲੇ ‘ਚ ਸੱਤਾ ਧਿਰ ਤੇ ਵਿਰੋਧੀ ਧਿਰ ਘਿਓ ਖਿਚੜੀ ਨਜ਼ਰ ਆਏ। ਇੱਕ ਦੋ ਵਿਧਾਇਕਾਂ ਨੂੰ ਛੱਡ ਕੇ ਕਿਸੇ ਨੇ ਇਹ ਨਹੀਂ ਕਿਹਾ ਕਿ ਸਾਨੂੰ ਵੱਧ ਤਨਖਾਹ ਨਹੀਂ ਚਾਹੀਦੀ। ਸਗੋਂ ਹਾਸੋਹੀਣਾ ਬਿਆਨ ਇਹ ਵੀ ਸੁਣਨ ਨੂੰ ਮਿਲਿਆ ਕਿ ਵਿਧਾਇਕਾਂ ਨੂੰ ਲੋਕਾਂ ਦੇ ਖੁਸ਼ੀ ਗ਼ਮੀ ਦੇ ਸਮਾਗਮਾਂ ‘ਚ ਵੀ ਜਾਣਾ ਪੈਂਦਾ ਹੈ, ਸੋ ਤਨਖਾਹ ਵਾਧਾ ਜ਼ਰੂਰੀ ਹੈ। ਇਸਤੋਂ ਪਹਿਲਾਂ ਇਸ ਨਾਲ ਰਲਵਾਂ ਮਿਲਵਾਂ ਬਿਆਨ ਵਿਰੋਧੀ ਧਿਰ ਦਾ ਨੌਜਵਾਨ ਵਿਧਾਇਕ ਵੀ ਦੇ ਚੁੱਕਾ ਹੈ।

ਸੋਚਣ ਵਿਚਾਰਨ ਵਾਲੀ ਗੱਲ ਇਹ ਹੈ ਕਿ ਇੱਕ ਪਾਸੇ ਤਾਂ ਚੋਣਾਂ ਵੇਲੇ ਲੋਕਾਂ ਨੂੰ ਇਹ ਅਹਿਸਾਸ ਕਰਵਾਇਆ ਜਾਂਦਾ ਹੈ ਕਿ ਉਹ ਤਾਂ ਸਿਆਸਤ ਵਿੱਚ ਲੋਕਾਂ ਦੀ ਸੇਵਾ ਕਰਨ ਲਈ ਆਏ ਹਨ। ਫਿਰ ਅਜਿਹੀ ਕਿਹੜੀ ਸੇਵਾ ਹੈ, ਜਿਹੜੀ ਲੋਕਾਂ ਦੇ ਸਿਰੋਂ ਪਲ ਕੇ ਹੀ ਹੁੰਦੀ ਹੈ? ਇੱਕ ਆਮ ਬੇਰੁਜ਼ਗਾਰ ਇਨਸਾਨ ਆਪਣੀ ਸਵੇਰ ਦੀ ਚਾਹ ਤੋਂ ਲੈ ਕੇ ਰਾਤ ਦੀ ਬੁਰਕੀ ਤੱਕ ਅਤੇ ਪੂਰੇ ਦਿਨ ‘ਚ ਕੀਤੀ ਹਰ ਗਤੀਵਿਧੀ ਲਈ ਟੈਕਸ ਅਦਾ ਕਰਦਾ ਹੈ। ਆਪਣੇ ਭਲੇ ਦਿਨਾਂ ਦੀ ਉਮੀਦ ਅਤੇ ਯੋਗ ਸਰਕਾਰੀ ਨੀਤੀਆਂ ਦੀ ਘਾੜ੍ਹਤ ਦੀ ਚਾਹਨਾ ਵਿੱਚ ਆਪਣਾ ਨੁਮਾਇੰਦਾ ਚੁਣਦਾ ਹੈ। ਉਸ ਨੁਮਾਇੰਦੇ ਕੋਲੋਂ ਇਹ ਤਵੱਕੋਂ ਕੀਤੀ ਜਾਂਦੀ ਹੈ ਕਿ ਉਹ ਸਿਹਤ, ਵਿੱਦਿਆ ਤੇ ਰੁਜ਼ਗਾਰ ਦੇ ਬੁਨਿਆਦੀ ਹੱਕ ਦੀ ਪ੍ਰਾਪਤੀ ਲਈ ਉਹਨਾਂ ਦੀ ਆਵਾਜ਼ ਬੁਲੰਦ ਕਰੇਗਾ ਪਰ ਹੁੰਦਾ ਇਸਤੋਂ ਉਲਟ ਹੈ। ਵਿਧਾਨ ਸਭਾ ਜਾਂ ਲੋਕ ਸਭਾ ਤੋਂ ਬਾਹਰ ਲੋਕ ਹਿਤਾਂ ਦੇ ਰਾਖੇ ਹੋਣ ਦੇ ਬਿਆਨ ਛਾਲਾਂ ਮਾਰ ਮਾਰ ਦਿੱਤੇ ਜਾਂਦੇ ਹਨ, ਪਰ ਨੀਤੀਆਂ ਘੜ੍ਹਨ ਵਾਲੀ ਜਗ੍ਹਾ ‘ਤੇ ਜਾ ਕੇ ਆਪਣੀਆਂ ਤਨਖਾਹਾਂ ਵਧਾਉਣ ਲਈ ਕਲਿੰਗੜੀ ਪਾ ਲਈ ਜਾਂਦੀ ਹੈ। ਅਧਿਆਪਕ ਨੂੰ ਦੇਸ਼ ਦਾ ਨਿਰਮਾਤਾ ਕਿਹਾ ਜਾਂਦਾ ਹੈ। ਆਪਣੀ ਯੋਗਤਾ ਨਾਲੋਂ ਲੱਖ ਗੁਣਾ ਵੱਡਾ ਅਹੁਦਾ ਮੱਲੀ ਬੈਠਾ ਮੰਤਰੀ ਤੇ ਉਸਦੀ ਮੰਡਲੀ ਅਧਿਆਪਕਾਂ ਦੀ ਤਨਖਾਹ ‘ਤੇ ਸੱਤਰ ਫੀਸਦੀ ਦਾ ਕੱਟ ਇਹ ਕਹਿ ਕੇ ਮਾਰ ਦਿੰਦੀ ਹੈ ਕਿ ਸਰਕਾਰੀ ਖ਼ਜ਼ਾਨਾ ਖਾਲੀ ਹੈ। ਫਿਰ ਅਚਾਨਕ ਹੀ ਖ਼ਜਾਨੇ ਵਿੱਚ ਅਜਿਹੀ ਕਿਹੜੀ ਸੋਨੇ ਦੇ ਅੰਡੇ ਦੇਣ ਵਾਲੀ ਮੁਰਗੀ ਬੈਠ ਗਈ ਕਿ ਵਿਧਾਇਕਾਂ ਦੀ ਮੌਜੂਦਾ ਤਨਖਾਹ ਨੂੰ ਢਾਈ ਗੁਣਾ ਤੋਂ ਵਧੇਰੇ ਵਧਾ ਦੇਣ ਲਈ ਕਮੇਟੀ ਦਾ ਗਠਨ ਕਰਨਾ ਪਿਆ? ਉਹਨਾਂ ਅਧਿਆਪਕਾਂ ਨੂੰ ਤਾਂ ਜ਼ਲੀਲ ਕੀਤਾ ਜਾ ਰਿਹਾ ਹੈ, ਜਿਹੜੇ ਵਰ੍ਹਿਆਂਬੱਧੀ ਘਾਲਣਾ ਕਰਕੇ ਆਪਣੀ ਵਿੱਦਿਅਕ ਯੋਗਤਾ ਕਰਕੇ ਨੌਕਰੀ ਹਾਸਲ ਕਰਨ ਦੇ ਲਾਇਕ ਹੋਏ ਹਨ। ਕਿਸੇ ਦੇਸ਼ ਜਾਂ ਸੂਬੇ ਦੀ ਇਸ ਤੋਂ ਵੱਡੀ ਬਦਕਿਸਮਤੀ ਕੀ ਹੋਵੇਗੀ ਕਿ ਜਿਸ ਇਨਸਾਨ ਨੇ ਕਦੇ ਕਾਲਜ਼ ਹੀ ਨਾ ਦੇਖਿਆ ਹੋਵੇ ਤੇ ਉਸਨੂੰ ਉੱਚ-ਸਿੱਖਿਆ ਮੰਤਰੀ ਦੀ ਕੁਰਸੀ, ਬਾਰ੍ਹਵੀਂ ਪਾਸ ਵਿਅਕਤੀ ਨੂੰ ਸੂਬੇ ਦਾ ਸਿੱਖਿਆ ਮੰਤਰੀ? ਉੱਪਰੋਂ ਓਹਨਾਂ ਹੀ ਲੋਕਾਂ ਸਿਰ ਅਹਿਸਾਨ ਕਤਾ ਜਾ ਰਿਹਾ ਹੈ ਕਿ ਅਸੀਂ ਤੁਹਾਡੇ ਵਿਆਹਾਂ, ਮਰਨਿਆਂ ‘ਤੇ ਹਾਜ਼ਰੀ ਭਰਨ ਆਉਂਦੇ ਹਾਂ ਤਾਂ ਕਰਕੇ ਸਾਡੀ ਤਨਖਾਹ ਦਾ ‘ਉਜਾੜਾ’ ਹੁੰਦਾ ਹੈ। ਪਰ ਮੰਤਰੀ ਵਿਧਾਇਕ ਇਹ ਨਹੀਂ ਸਮਝਦੇ ਕਿ ਤੁਸੀਂ ਵਿਆਹ ‘ਚ 200 ਜਾਂ 500 ਦਾ ਸ਼ਗਨ ਪਾ ਕੇ ਜਾਂ ਗ਼ਮੀ ਮੌਕੇ 50-100 ਰੁਪਏ ਦਾ ਮੱਥਾ ਟੇਕ ਕੇ ਸੁਰਖਰੂ ਹੋ ਜਾਂਦੇ ਹੋ ਪਰ ਤੁਹਾਡੇ ਨਾਲ ਆਈ 50-50 ਬੰਦਿਆਂ ਦੀ ਧਾੜ ਮਠਿਆਈ ਦਾ ਜੋ ਚਾਰਾ ਕਰਦੀ ਹੈ, ਕਦੇ ਉਸ ਦਾ ਹਿਸਾਬ ਵੀ ਲਾਇਆ ਹੈ?

ਆਮ ਇਨਸਾਨ ਆਪਣੇ ਜੁਆਕ ਦੇ ਜਨਮ ਸਰਟੀਫਿਕੇਟ ਤੋਂ ਲੈ ਕੇ ਮੌਤ ਦੇ ਸਰਟੀਫਿਕੇਟ ਤੱਕ ਨੂੰ ਹਾਸਲ ਕਰਨ ਲਈ ਵੀ ਫੀਸ ਅਦਾ ਕਰਦਾ ਹੈ। ਹਰ ਟੈਕਸ ਨੂੰ ਵਿੱਤ ਅਨੁਸਾਰ ਅਦਾ ਕਰਕੇ ਖ਼ਜ਼ਾਨੇ ਨੂੰ ਭਰਨ ‘ਚ ਸਾਥ ਦਿੰਦਾ ਹੈ। ਫਿਰ ਖਾਲੀ ਦੱਸੇ ਜਾਂਦੇ ਖ਼ਜ਼ਾਨੇ ਨੂੰ ਖ਼ਾਲੀ ਕਰ ਕੌਣ ਜਾਂਦਾ ਹੈ? ਪਿਛਲੀਆਂ ਦੋ ਵਾਰੀਆਂ ਦੀ ਸੱਤਾ ਕੁਰਸੀ ਅਕਾਲੀ ਦਲ ਕੋਲ ਸੀ। ਦਸ ਸਾਲ ਹੀ ਅਕਾਲੀ ਇਹ ਕਹਿੰਦੇ ਰਹੇ ਕਿ ਪਿਛਲੀ ਕਾਂਗਰਸ ਸਰਕਾਰ ਖ਼ਜ਼ਾਨਾ ਖਾਲੀ ਕਰਕੇ ਤੁਰਦੀ ਬਣੀ। ਹੁਣ ਇਹੀ ਬੰਸਰੀ ਕਾਂਗਰਸ ਸਰਕਾਰ ਵਜਾ ਰਹੀ ਹੈ ਕਿ ਪਿਛਲੇ ਦਸ ਸਾਲਾਂ ‘ਚ ਅਕਾਲੀਆਂ ਨੇ ਖਜ਼ਾਨੇ ਵਿੱਚ ਮੋਰੀਆਂ ਕਰ ਦਿੱਤੀਆਂ ਹਨ। ਲੋਕਾਂ ਨੇ ਆਪਣੀ ਵੋਟ ਰਾਂਹੀਂ ਸਰਕਾਰਾਂ ਚੁਣ ਕੇ ਨੀਤੀਆਂ ਘੜ੍ਹਨ ਲਈ ਤੁਹਾਨੂੰ ਸੱਤਾ ਬਖ਼ਸ਼ੀ ਹੈ, ਫਿਰ ਇਹ ਤਾਂ ਸੱਤਾਧਾਰੀ ਧਿਰ ਦਾ ਫ਼ਰਜ਼ ਬਣ ਜਾਂਦਾ ਹੈ ਕਿ ਉਹ “ਯੋਗ” ਨੀਤੀਆਂ ਘੜ੍ਹ ਕੇ ਖ਼ਜ਼ਾਨੇ ਨੂੰ ਭਰਨ ਦੇ ਰਾਹ ਤੁਰੇ ਤਾਂ ਕਿ ਲੋਕਾਂ ਦੀ ਜੂਨ ਸੁਖਾਲੀ ਕੀਤੀ ਜਾ ਸਕੇ। ਨਾ ਕਿ ਲੋਕਾਂ ਸਿਰੋਂ ਵਿਧਾਇਕਾਂ ਮੰਤਰੀਆਂ ਦੀਆਂ ਪੁਸ਼ਤਾਂ ਦੇ ਖ਼ਜ਼ਾਨੇ ਨੱਕੋ ਨੱਕ ਭਰਨ ਦਾ ਬੰਦੋਬਸਤ ਕਰ ਦਿੱਤਾ ਜਾਵੇ। ਮਾਣਯੋਗ ਮਨਪ੍ਰੀਤ ਸਿੰਘ ਬਾਦਲ ਨੂੰ ਇੱਕ “ਨਿਪੁੰਨ” ਖ਼ਜ਼ਾਨਾ ਮੰਤਰੀ ਵਜੋਂ ਆਂਕਿਆ ਜਾ ਰਿਹਾ ਸੀ। ਪਰ ਹੁਣ ਜਦੋਂ ਓਹ ਜਾਂ ਤਾਂ ਉਰਦੂ ਹੀ ਬੋਲਦੇ ਨਜ਼ਰ ਆਉਂਦੇ ਹਨ ਜਾਂ ਚੁੱਪ ਹੀ ਦਿਸਦੇ ਹਨ। ਉਹਨਾਂ ਕੋਲੋਂ ਸਵਾਲ ਇਹ ਪੁੱਛਣਾ ਬਣਦੈ ਕਿ ਕੀ ਵਿਧਾਇਕਾਂ ਦੀਆਂ ਤਨਖਾਹਾਂ ਦੇ ਢਾਈ ਗੁਣਾ ਤੋਂ ਵਧੇਰੇ ਵਾਧੇ ਨਾਲ ਖ਼ਜ਼ਾਨਾ ਭਰ ਜਾਵੇਗਾ? ਵਧੀ ਤਨਖਾਹ ਤੋਂ ਬਾਅਦ ਕੀ ਵਿਧਾਇਕ ਲੋਕਾਂ ਦੇ ਵਿਆਹਾਂ ਸ਼ਾਦੀਆਂ, ਭੋਗਾਂ ‘ਤੇ ਖੁੱਲਦਿਲੀ ਨਾਲ ਹਾਜ਼ਰੀ ਭਰ ਕੇ ਸਿਹਤ ਵਿੱਦਿਆ ਤੇ ਰੁਜਗਾਰ ਦੇ ਮਸਲੇ ਹੱਲ ਕਰ ਦੇਣਗੇ?

ਉੱਡ ਰਹੇ ਮਜ਼ਾਕ ਵੱਲ ਧਿਆਨ ਦੇਣ ਦੀ ਲੋੜ

ਹੈਰਾਨੀ ਦੀ ਗੱਲ ਇਹ ਹੈ ਕਿ ਸਾਰੇ ਵਿਧਾਇਕ ਹੋਰਨਾਂ ਭੱਤਿਆਂ ਦੇ ਨਾਲ ਨਾਲ 15000 ਰੁਪਏ ਟੈਲੀਫੋਨ ਭੱਤਾ ਖੁਸ਼ੀ ਖੁਸ਼ੀ ਹਾਸਿਲ ਕਰ ਅਤੇ ਕਰਦੇ ਆ ਰਹੇ ਹਨ। ਅੱਜ ਜਦੋਂ ਲੈਂਡਲਾਈਨ ਟੈਲੀਫੋਨ ਡਾਇਨਾਸੋਰ ਵਾਂਗ ਅਲੋਪ ਹੋ ਗਏ ਹਨ ਤਾਂ 117 ਵਿਧਾਇਕਾਂ ਵਿੱਚੋਂ ਕਿੰਨੇ ਕੁ ਵਿਧਾਇਕ ਹਨ, ਜਿਹਨਾਂ ਦੇ ਘਰ ਜਾਂ ਦਫ਼ਤਰ ਟੈਲੀਫੋਨ ਅਜੇ ਵੀ ਲੱਗਾ ਹੋਇਆ ਹੈ? ਤਕਨੀਕੀ ਯੁਗ ‘ਚ ਵਿਚਰਦਿਆਂ ਕਿਉਂ ਨਹੀਂ ਕਿਸੇ ਮੋਬਾਈਲ ਫੋਨ ਰਾਹੀਂ 500-700 ਰੁਪਏ ਪ੍ਰਤੀ ਮਹੀਨਾ ਅਦਾ ਕਰਕੇ ਅਮੁੱਕ ਸੇਵਾਵਾਂ ਹਾਸਲ ਕੀਤੀਆਂ ਜਾਂਦੀਆਂ? ਬਿਨਾਂ ਗੱਲੋਂ ਹਰ ਮਹੀਨੇ 17 ਲੱਖ 55 ਹਜ਼ਾਰ ਰੁਪਏ ਲੋਕਾਂ ਦਾ ਟੈਕਸ ਦਾ ਪੈਸਾ ਟੈਲੀਫੋਨ ਭੱਤੇ ਦੇ ਨਾਂ ‘ਤੇ ਉਡਾਇਆ ਜਾ ਰਿਹਾ ਹੈ। ਸਾਰੇ ਵਿਧਾਇਕ ਆਪਣੇ 60 ਮਹੀਨੇ ਦੇ ਕਾਰਜਕਾਲ ‘ਚ 10 ਕਰੋੜ 53 ਲੱਖ ਰੁਪਏ ਸਿਰਫ ਟੈਲੀਫੋਨ ਭੱਤੇ ਰਾਹੀਂ ਹੀ ਲੋਕਾਂ ਦੀਆਂ ਜੇਬਾਂ ‘ਚੋਂ ਕਢਵਾ ਕੇ ਆਪਣੀਆਂ ਜੇਬਾਂ ‘ਚ ਪਾ ਲੈਂਦੇ ਹਨ। ਇਸ ਤਨਖਾਹ ਵਾਧੇ ਦੀ ਤਜਵੀਜ਼ ਨੂੰ ਬੇਸ਼ੱਕ ਹਰੀ ਝੰਡੀ ਨਹੀਂ ਮਿਲੀ ਪਰ ਲੋਕਾਂ ਵਿੱਚ ਇਹ ਖਿਆਲ ਹੋਰ ਪਕੇਰਾ ਹੋ ਗਿਆ ਹੈ ਕਿ ਸਿਆਸੀ ਲੋਕ ਆਮ ਲੋਕਾਂ ਦੇ ਕਦੇ ਵੀ ਸਕੇ ਨਹੀਂ ਹੋ ਸਕਦੇ। ਕਾਂਗਰਸ ਸਰਕਾਰ ਦਾ ਹਰ ਜਗ੍ਹਾ ਮਜ਼ਾਕ ਉੱਡਦਾ ਦਿਖਾਈ ਦੇ ਰਿਹਾ ਹੈ। ਨਵਾਂਸ਼ਹਿਰ ਦੇ ਨੌਜਵਾਨ ਪਰਵਿੰਦਰ ਸਿੰਘ ਕਿੱਤਣਾ ਨੇ ਵਿਅੰਗ ਰੂਪ ‘ਚ 500 ਰੁਪਏ ਦਾ ਮਨੀਆਰਡਰ “ਵਿਧਾਇਕਾਂ ਦੀ ਆਰਥਿਕ ਸਹਾਇਤਾ” ਵਜੋਂ ਭੇਜਿਆ ਹੈ। ਉਸ ਨੇ ਮੁੱਖ ਮੰਤਰੀ ਪੰਜਾਬ ਨੂੰ ਲਿਖੀ ਚਿੱਠੀ ‘ਚ ਜ਼ਿਕਰ ਕੀਤਾ ਹੈ ਕਿ ਵਿਧਾਇਕਾਂ ਨੂੰ ਆਰਥਿਕ ਸੰਕਟ ਵਿੱਚੋਂ ਕੱਢਣ ਲਈ ਇਕੱਠੀ ਕੀਤੀ ਇਸ ਰਾਸ਼ੀ ਵਿੱਚ ਉਸਨੇ ਪੜ੍ਹਾਈ ਦੌਰਾਨ ਛੁੱਟੀ ਵਾਲੇ ਦਿਨ ਦਿਹਾੜੀ ਕਰਨ ਲਈ ਮਜ਼ਬੂਰ ਬੀ. ਟੈੱਕ. ਦੇ ਵਿਦਿਆਰਥੀ,ਚਾਹ ਦੀ ਰੇਹੜੀ ਲਾਉਂਦੇ ਅਸ਼ੋਕ, ਗੰਨੇ ਦਾ ਰਸ ਵੇਚਦੀ ਗੈਰ ਪੰਜਾਬਣ ਬੀਬੀ, ਇੱਕ ਰਿਕਸ਼ਾ ਚਾਲਕ ਅਤੇ ਪੈਂਚਰਾਂ ਦੀ ਦੁਕਾਨ ਵਾਲੇ ਇੱਕ ਕਿਰਤੀ ਦਾ ਵੀ ਯੋਗਦਾਨ ਪੁਆਇਆ ਹੈ। ਉਹਨਾਂ ਟਕੋਰ ਕੀਤੀ ਹੈ ਕਿ ਲੋਕਾਂ ਦਾ ਕੀ ਐ? ਵਿਧਾਇਕ ਖੁਸ਼ ਰਹਿਣੇ ਚਾਹੀਦੇ ਹਨ, ਉਹਨਾਂ ਦੀ ਆਰਥਿਕ ਸਹਾਇਤਾ ਲਈ ਅਸੀਂ ਖੁਦਕੁਸ਼ੀਆਂ ਦਾ ਸੰਤਾਪ ਭੋਗ ਰਹੇ ਲੋਕਾਂ ਦੇ ਪਰਿਵਾਰਾਂ ਕੋਲੋਂ ਵੀ ਰਾਸੀਂ ਇਕੱਠੀ ਕਰਕੇ ਵਿਧਾਇਕਾਂ ਲਈ ਜਲਦੀ ਭੇਜਾਂਗੇ।

ਮੁੱਕਦੀ ਗੱਲ ਇਹ ਕਿ ਲੋਕਾਂ ਨੂੰ ਹੁਣੇ ਤੋਂ ਅਗਲੀ ਸਰਕਾਰ ਦੇ ਬਿਆਨ ਸੁਣਨੇ ਸ਼ੁਰੂ ਹੋ ਗਏ ਹਨ, ਜਿਸ ਵਿੱਚ (ਉਸ ਵੇਲੇ ਦੇ) ਵਿਧਾਇਕ ਅਜੋਕੀ ਕਾਂਗਰਸ ਸਰਕਾਰ ਨੂੰ ਖ਼ਜ਼ਾਨਾ ਖਾਲੀ ਕਰਨ ਦੇ ਦੋਸ਼ੀ ਗਰਦਾਨ ਰਹੇ ਹੋਣਗੇ। ਲੋਕ ਤਾਂ ਵਿਚਾਰੇ ਸਿਰਫ ਵੋਟਾਂ ਹਨ, ਲੋਕਾਂ ਦਾ ਕੀ ਐ? ਇਹ ਤਾਂ ਰੋਂਦੇ, ਕੁਰਲਾਉਂਦੇ, ਫਾਹੇ ਲੈਂਦੇ, ਬੀਮਾਰੀਆਂ ਨਾਲ ਜੂਝਦੇ ਜੂਨ ਭੋਗ ਲੈਂਦੇ ਹਨ। ਸਿਰਫ ਇਹਨਾਂ ਲੋਕਾਂ ਦੇ ਚੁਣੇ ਨੁਮਾਇੰਦੇ ਹਰ ਹਾਲ ਖੁਸ਼ ਰਹਿਣੇ ਚਾਹੀਦੇ ਹਨ, ਲੋਕਾਂ ਦਾ ਕੀ ਐ?

ਸੱਜਣ ਕੁਮਾਰ ਨੂੰ ਸਜਾ ਦਿਵਾਉਣ ‘ਚ ਬੀਜੇਪੀ ਦਾ ਕੋਈ ਯੋਗਦਾਨ ਨਹੀਂ

$
0
0

ਸਿਆਸਤਦਾਨ ਭੈਣੋ ਤੇ ਭਰਾਵੋ ਪ੍ਰਭਾਵਤ ਲੋਕਾਂ ਦੇ ਦਰਦ ਨੂੰ ਮਹਿਸੂਸ ਕਰਨ ਦੀ ਕੋਸ਼ਿਸ਼ ਕਰੋ, 34 ਸਾਲ ਉਨ੍ਹਾਂ ਦੇ ਜ਼ਖ਼ਮਾਂ ਵਿਚੋਂ ਖ਼ੂਨ ਰਿਸਦਾ ਰਿਹਾ ਹੈ, ਉਦੋਂ ਤੁਸੀਂ ਕੋਈ ਸਾਰ ਨਹੀਂ ਪੁੱਛੀ। ਸਿਰਫ ਆਪਣੀਆਂ ਸਿਆਸੀ ਰੋਟੀਆਂ ਹੀ ਸੇਕਦੇ ਅਤੇ ਆਪਣੀਆਂ ਸਿਆਸੀ ਕੁਰਸੀਆਂ ਦਾ ਆਨੰਦ ਮਾਣਦੇ ਰਹੇ ਹੋ। ਹੁਣ ਜਦੋਂ ਮਾੜਾ ਮੋਟਾ ਇਨਸਾਫ ਮਿਲਣ ਦੀ ਉਮੀਦ ਬੱਝੀ ਹੈ ਤਾਂ ਤੁਸੀਂ ਖੰਭ ਖਿਲਾਰਕੇ ਮਗਰਮੱਛ ਦੇ ਹੰਝੂ ਵਹਾ ਰਹੇ ਹੋ ਅਤੇ ਫਿਰ ਆਪਣੀਆਂ ਸਿਆਸੀ ਰੋਟੀਆਂ ਸੇਕਣ ਲੱਗ ਗਏ ਹੋ। ਸਿਆਸਤ ਕਰਨ ਲਈ ਹੋਰ ਬਥੇਰੇ ਮੁੱਦੇ ਹਨ। 1984 ਦੇ ਕਤਲੇਆਮ ਤੋਂ ਪ੍ਰਭਾਵਤ ਪਰਿਵਾਰਾਂ ਤੇ ਰਹਿਮ ਕਰੋ। ਸਿਆਸੀ ਪਾਰਟੀਆਂ ਭਾਰਤੀ ਜਨਤਾ ਪਾਰਟੀ, ਅਕਾਲੀ ਦਲ ਬਾਦਲ ਅਤੇ ਖਾਸ ਤੌਰ  ਸਿੱਖ ਸਿਆਸਤਦਾਨ 1984 ਦੇ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਨੂੰ ਸਜਾ ਦਿਵਾਉਣ ਦਾ ਸਿਹਰਾ ਆਪਣੇ ਸਿਰ ਬੰਨ੍ਹਣ ਦੀ ਦੌੜ ਵਿਚ ਲੱਗੇ ਹੋਏ ਹਨ। ਹੁਣ ਤੱਕ ਇਹ ਸਜਾ ਦਿਵਾਉਣ ਵਿਚ ਦੇਰੀ ਵੀ ਸਿਆਸਤਦਾਨਾ ਦੀਆਂ ਕੋਝੀਆਂ ਹਰਕਤਾਂ ਕਰਕੇ ਹੀ ਹੋਈ ਸੀ, ਜਿਨ੍ਹਾਂ ਵਿਚ ਸਿੱਖ ਸਿਆਸਤਦਾਨ ਵੀ ਸ਼ਾਮਲ ਸਨ।

ਸਿਆਸੀ ਪਾਰਟੀਆਂ ਵਿਚੋਂ ਅਕਾਲੀ ਦਲ ਅਤੇ ਭਾਰਤੀ ਜਨਤਾ ਜਨਤਾ ਪਾਰਟੀ, ਸੱਜਣ ਕੁਮਾਰ ਨੂੰ ਹੋਈ ਸਜਾ ਦਾ ਸਿਹਰਾ ਆਪਣੇ ਸਿਰ ਆਪ ਹੀ ਬੰਨ੍ਹੀ ਜਾ ਰਹੀਆਂ ਹਨ। ਆਪਣੇ ਮੂੰਹ ਮੀਆਂ ਮਿੱਠੂ ਬਣ ਰਹੀਆਂ ਹਨ। ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਇਕੋ ਤੱਕੜੀ ਦੇ ਚੱਟੇ ਵੱਟੇ ਹਨ। ਇਕ ਕਿਸਮ ਨਾਲ ਇਕ ਸਿੱਕੇ ਦੇ ਦੋਵੇਂ ਪਾਸੇ ਹਨ। ਇਹ ਪਾਰਟੀਆਂ 34 ਸਾਲ ਸਜਾ ਕਿਉਂ ਨਹੀਂ ਦਿਵਾ ਸਕੀਆਂ। ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਕੇਂਦਰ ਵਿਚ ਸਰਕਾਰਾਂ ਬਣਾਉਂਦੀਆਂ ਰਹੀਆਂ ਹਨ। ਸਵਰਗਵਾਸੀ ਸ੍ਰੀ ਅਟਲ ਬਿਹਾਰੀ ਵਾਜਪਾਈ ਜਿਨ੍ਹਾਂ ਨੂੰ ਭਾਰਤੀ ਜਨਤਾ ਪਾਰਟੀ ਵਿਚ ਸਭ ਤੋਂ ਸਿਆਣਾ ਅਤੇ ਸੁਲਝਿਆ ਹੋਇਆ ਸਿਆਸਤਦਾਨ ਮੰਨਿਆਂ ਜਾਂਦਾ ਰਿਹਾ ਹੈ, ਉਸਦੀ ਅਗਵਾਈ ਵਿਚ ਵੀ ਕੇਂਦਰ ਵਿਚ ਸਰਕਾਰ ਬਣੀ ਰਹੀ। ਉਦੋਂ ਕਿਉਂ ਨਹੀਂ ਕੁਝ ਕਰ ਸਕੇ? ਇਸ ਵਿਚ ਕੋਈ ਸ਼ੱਕ ਨਹੀਂ ਕਿ ਕਾਂਗਰਸ ਪਾਰਟੀ ਦੀ ਸਰਕਾਰ ਸਮੇਂ ਇਹ ਸ਼ਰਮਨਾਕ ਘਟਨਾਵਾਂ ਹੋਈਆਂ। ਇਸ ਕਰਕੇ ਉਨ੍ਹਾਂ ਕਾਂਗਰਸੀਆਂ ਨੂੰ ਕਿਸੇ ਕੀਮਤ ਤੇ ਵੀ ਦੋਸ਼ ਮੁਕਤ ਨਹੀਂ ਕੀਤਾ ਜਾ ਸਕਦਾ ਜਿਨ੍ਹਾਂ ਨੇ ਇਹ ਘਿਨਾਉਣੀਆਂ ਹਰਕਤਾਂ ਕੀਤੀਆਂ ਸਨ। ਪ੍ਰੰਤੂ ਇਕ ਗੱਲ ਧਿਆਨ ਨਾਲ ਸੋਚਣੀ ਹੋਵੇਗੀ ਕਿ ਹਰ ਸਿਆਸੀ ਪਾਰਟੀ ਵਿਚ ਫਿਰਕੂ ਸੋਚ ਵਾਲੇ ਨੇਤਾ ਅਤੇ ਵਰਕਰ ਹੁੰਦੇ ਹਨ। ਇਸੇ ਤਰ੍ਹਾਂ ਕਾਂਗਰਸ ਵਿਚ ਵੀ ਅਜਿਹੀਆਂ ਕਾਲੀਆਂ ਭੇਡਾਂ ਸਨ, ਜਿਨ੍ਹਾਂ ਨੇ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਨਾਲ ਮਿਲਕੇ ਇਹ ਘਿਨਾਉਣੀਆਂ ਕਰਤੂਤਾਂ ਕੀਤੀਆਂ। ਸਾਰਿਆਂ ਨੂੰ ਇਕੋ ਰੱਸੇ ਨਹੀਂ ਬੰਨ੍ਹਿਆਂ ਜਾ ਸਕਦਾ। ਭਾਰਤੀ ਜਨਤਾ ਪਾਰਟੀ ਨੂੰ ਇਸ ਤੋਂ ਮੁਕਤ ਨਹੀਂ ਕੀਤਾ ਜਾ ਸਕਦਾ।  ਉਸ ਸਮੇਂ ਦੋਹਾਂ ਪਾਰਟੀਆਂ ਦੇ ਚੋਣਵੇਂ ਨੇਤਾਵਾਂ ਅਤੇ ਵਰਕਰਾਂ ਨੇ ਸ਼ਮੂਲੀਅਤ ਕੀਤੀ ਸੀ। ਵੱਡੇ ਨੇਤਾਵਾਂ ਦੇ ਨਾਮ ਸਾਹਮਣੇ ਆ ਗਏ ਖਾਸ ਤੌਰ ਕਾਂਗਰਸ ਪਾਰਟੀ ਦੇ ਕਿਉਂਕਿ ਉਸ ਸਮੇਂ ਕਾਂਗਰਸ ਪਾਰਟੀ ਦੀ ਕੇਂਦਰ ਵਿਚ ਸਰਕਾਰ ਸੀ। ਤੁਗਲਕ ਰੋਡ ਪੁਲਿਸ ਸਟੇਸ਼ਨ ਵਿਚ ਐਫ ਆਈ ਆਰ ਦਰਜ ਹੈ, ਜਿਸ ਵਿਚ ਭਾਰਤੀ ਜਨਤਾ ਪਾਰਟੀ ਅਤੇ ਆਰ ਐਸ ਐਸ ਦੇ 22 ਵਰਕਰਾਂ ਦੇ ਨਾਮ ਦਰਜ ਹਨ। ਭਾਰਤੀ ਜਨਤਾ ਪਾਰਟੀ ਕਿਸੇ ਗੱਲੋਂ ਵੀ ਪਿੱਛੇ ਨਹੀਂ ਰਹੀ।

ਸ੍ਰੀ ਹਰਿਮੰਦਰ ਸਾਹਿਬ ਉਪਰ ਫ਼ੌਜਾਂ ਦੇ ਹਮਲੇ ਸੰਬੰਧੀ ਅਟਲ ਬਿਹਾਰੀ ਵਾਜਪਾਈ ਅਤੇ ਲਾਲ ਕ੍ਰਿਸ਼ਨ ਅਡਵਾਨੀ ਨੇ ਅੰਮ੍ਰਿਤਸਰ ਜਾ ਕੇ ਪ੍ਰੈਸ ਕਾਨਫਰੰਸ ਕੀਤੀ ਸੀ, ਜਿਸ ਵਿਚ ਕਿਹਾ ਸੀ ਕਿ ਦੇਰੀ ਨਾਲ ਕੀਤਾ ਗਿਆ ਇਹ ਹਮਲਾ ਸਹੀ ਹੈ। ਲਾਲ ਕ੍ਰਿਸ਼ਨ ਅਡਵਾਨੀ ਨੇ ਆਪਣੀ ਪੁਸਤਕ ‘‘ਮਾਈ ਇੰਡੀਆ’’ ਵਿਚ ਲਿਖਿਆ ਹੈ ਕਿ ਸ੍ਰੀਮਤੀ ਇੰਦਰਾ ਗਾਂਧੀ ਹਰਿਮੰਦਰ ਸਾਹਿਬ ਵਿਚ ਫ਼ੌਜਾਂ ਨਹੀਂ ਭੇਜਣਾ ਚਾਹੁੰਦੀ ਸੀ ਪ੍ਰੰਤੂ ਭਾਰਤੀ ਜਨਤਾ ਪਾਰਟੀ ਦੇ ਕਹਿਣ ਤੇ ਇਹ ਕਾਰਵਾਈ ਕੀਤੀ ਗਈ ਸੀ। ਹੁਣ ਕਿਹੜੇ ਮੂੰਹ ਇਹ ਸਜਾ ਦਾ ਸਿਹਰਾ ਆਪ ਲੈ ਰਹੇ ਹਨ। ਇਹ ਦਰੁੱਸਤ ਹੈ ਕਿ ਨਰਿੰਦਰ ਮੋਦੀ ਨੇ ਐਸ ਆਈ ਟੀ 2015 ਵਿਚ ਬਣਾਈ ਸੀ ਪ੍ਰੰਤੂ ਉਸਨੇ ਅਜੇ ਤੱਕ ਕੋਈ ਕਾਰਵਾਈ ਹੀ ਨਹੀਂ ਕੀਤੀ। ਸੱਜਣ ਕੁਮਾਰ ਦਾ ਕੇਸ ਵੱਖਰਾ ਹੈ। ਭਾਵੇਂ ਸੱਜਣ ਕੁਮਾਰ ਉਪਰ ਕੇਸ 2005 ਵਿਚ ਡਾ ਮਨਮੋਹਨ ਸਿੰਘ ਦੀ ਸਰਕਾਰ ਸਮੇਂ ਹੋਇਆ ਸੀ ਪ੍ਰੰਤੂ ਸੱਜਣ ਕੁਮਾਰ ਉਪਰ ਕੇਸ ਚਲਾਉਣ ਦੀ ਪ੍ਰਵਾਨਗੀ ਡਾ ਮਨਮੋਹਨ ਸਿੰਘ ਦੀ ਸਰਕਾਰ ਸਮੇਂ 30 ਦਸੰਬਰ 2009 ਨੂੰ ਰਾਜ ਸਭਾ ਮੈਂਬਰ ਤਰਲੋਚਨ ਸਿੰਘ ਦੀ ਕਾਲ ਅਟੈਨਸ਼ਨ ਮੋਸ਼ਨ ਤੋਂ ਬਾਅਦ ਦਿੱਤੀ ਸੀ। ਇਹ ਜਾਣਕਾਰੀ ਰਾਜ ਸਭਾ ਦੇ ਰਿਕਾਰਡ ਵਿਚ ਦਰਜ ਹੈ। ਸੱਜਣ ਕੁਮਾਰ ਉਪਰ ਪ੍ਰਵਾਨਗੀ ਤੋਂ ਬਾਅਦ ਕਚਹਿਰੀ ਵਿਚ ਚਾਰਜਸ਼ੀਟ 10 ਜਨਵਰੀ 2010 ਵਿਚ ਦਾਖ਼ਲ ਕੀਤੀ  ਸੀ। 2013 ਵਿਚ ਡਾ ਮਨਮੋਹਨ ਸਿੰਘ ਦੀ ਸਰਕਾਰ ਸਮੇਂ ਸ਼ੈਸ਼ਨਜ਼ ਜੱਜ ਵੱਲੋਂ ਬਰੀ ਕਰਨ ਤੋਂ ਬਾਅਦ ਹਾਈ ਕੋਰਟ ਵਿਚ ਅਪੀਲ ਵੀ ਡਾ ਮਨਮੋਹਨ ਸਿੰਘ ਦੀ ਸਰਕਾਰ ਸਮੇਂ ਹੋਈ ਸੀ, ਜਿਸ ਤੇ ਹੁਣ ਫੈਸਲਾ ਆਇਆ ਹੈ।

ਭਾਰਤੀ ਜਨਤਾ ਪਾਰਟੀ ਤੇ ਅਕਾਲੀ ਦਲ ਆਪਣੇ ਮੂੰਹ ਮੀਆਂ ਮਿੱਠੂ ਬਣੀ ਜਾ ਰਹੇ ਹਨ। ਕੁਝ ਦੋਸ਼ੀਆਂ ਨੂੰ 1996 ਵਿਚ 5-5 ਸਾਲ ਦੀ ਸਜਾ ਹੋਈ ਸੀ। 20 ਦਸੰਬਰ ਨੂੰ ਹਰਦੇਵ ਸਿੰਘ ਅਤੇ ਅਵਤਾਰ ਸਿੰਘ ਦੇ ਕਤਲ ਕੇਸ ਵਿਚ ਯਸ਼ਪਾਲ ਨੂੰ ਮੌਤ ਦੀ ਸਜਾ ਅਤੇ ਨਰੇਸ਼ ਸਹਿਵਤ ਨੂੰ ਉਮਰ ਕੈਦ ਹੋਈ ਹੈ। ਰੰਗਾਨਾਥ ਮਿਸ਼ਰ ਕਮਿਸ਼ਨ ਅਤੇ ਜਸਟਿਸ ਜੀ ਟੀ ਨਾਨਾਵਤੀ ਕਮਿਸ਼ਨ ਨੇ ਵੀ ਆਪਣੀਆਂ ਰਿਪੋਰਟਾਂ ਦਿੱਤੀਆਂ ਜਿਨ੍ਹਾਂ ਕਰਕੇ 100 ਦੇ ਲਗਪਗ ਦੋਸ਼ੀਆਂ ਨੂੰ ਸਜਾ ਹੋ ਚੁੱਕੀ ਹੈ। ਕੁਝ ਕੇਸ ਚਲ ਰਹੇ ਹਨ। ਸਿੱਖ ਭਾਵਨਾਤਮਕ ਹਨ, ਥੋੜ੍ਹੇ ਸਮੇਂ ਲਈ ਭਾਵਕ ਹੋ ਜਾਂਦੇ ਹਨ, ਫਿਰ ਸਿਆਸੀ ਤਾਕਤ ਦੇ ਨਸ਼ੇ ਵਿਚ ਸਭ ਕੁਝ ਭੁੱਲ ਜਾਂਦੇ ਹਨ। ਇਤਿਹਾਸ ਗਵਾਹ ਹੈ ਕਿ ਸਿੱਖਾਂ ਤੇ ਹਮੇਸ਼ਾ ਜ਼ੁਲਮ ਹੁੰਦੇ ਆਏ ਹਨ ਪ੍ਰੰਤੂ ਸਿੱਖ ਹਰ ਸਮੇਂ ਬਹਾਦਰੀ ਨਾਲ ਮੁਕਾਬਲਾ ਕਰਦੇ ਹੋਏ ਫਿਰ ਖੜ੍ਹੇ ਹੋ ਜਾਂਦੇ ਹਨ। ਅਜ਼ਾਦ ਭਾਰਤ ਵਿਚ ਸਿੱਖਾਂ ਨਾਲ ਦੋ ਅਜਿਹੀਆਂ ਘ੍ਰਿਣਾਤਮਿਕ ਘਟਨਾਵਾਂ ਹੋਈਆਂ ਜਿਨ੍ਹਾਂ ਨੂੰ ਰਹਿੰਦੀ ਦੁਨੀਆਂ ਤੱਕ ਸਿੱਖ ਜਗਤ ਭੁਲਾ ਨਹੀਂ ਸਕਦਾ। ਉਹ ਦੋਵੇਂ ਘਟਨਾਵਾਂ ਸ੍ਰੀ ਹਰਿਮੰਦਰ ਸਾਹਿਬ ਤੇ ਭਾਰਤੀ ਫ਼ੌਜਾਂ ਦਾ ਹਮਲਾ ਅਤੇ ਸ੍ਰੀਮਤੀ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਦਿੱਲੀ ਅਤੇ ਸਮੁੱਚੇ ਦੇਸ਼ ਵਿਚ ਹੋਈਆਂ ਸਿੱਖ ਵਿਰੋਧੀ ਘਟਨਾਵਾਂ ਜਿਨ੍ਹਾਂ ਵਿਚ 3000 ਤੋਂ 5000 ਤੱਕ ਸਿੱਖਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਦੁੱਖ ਇਸ ਗੱਲ ਦਾ ਹੈ ਕਿ ਅਜੇ ਤੱਕ ਦੋਹਾਂ ਘਟਨਾਵਾਂ ਦਾ ਇਨਸਾਫ ਸਿੱਖ ਜਗਤ ਨੂੰ ਨਹੀਂ ਮਿਲ ਸਕਿਆ। ਇਕ ਵਿਅਕਤੀ ਸੱਜਣ ਕੁਮਾਰ ਨੂੰ ਉਮਰ ਉਮਰ ਕੈਦ ਹੋਣਾ ਭਾਵੇਂ ਸ਼ੁਭ ਸੰਕੇਤ ਹੈ ਪ੍ਰੰਤੂ ਇਹ ਕੋਈ ਜਸ਼ਨ ਮਨਾਉਣ ਵਾਲੀ ਗੱਲ ਨਹੀਂ। ਅਜੇ ਤਾਂ ਸੱਜਣ ਕੁਮਾਰ ਲਈ ਸੁਪਰੀਮ ਕੋਰਟ ਵਿਚ ਅਪੀਲ ਕਰੇਗਾ।

ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਅਕਾਲੀ ਦਲ ਬਾਦਲ ਦੀ ਹੱਥਠੋਕਾ ਬਣੀ ਹੋਈ ਹੈ, ਹੁਣ ਪ੍ਰਸਿੱਧ ਵਕੀਲ ਹਰਵਿੰਦਰ ਸਿੰਘ ਫੂਲਕਾ ਦਾ ਸਨਮਾਨ ਕਰਨ ਦੀ ਗੱਲ ਕਰ ਰਹੀ ਹੈ, ਜਦੋਂ ਹਰਵਿੰਦਰ ਸਿੰਘ ਪਹਿਲਾਂ 2014 ਵਿਚ ਲੋਕ ਸਭਾ ਅਤੇ ਫਿਰ 2017 ਵਿਚ ਵਿਧਾਨ ਸਭਾ ਦੀ ਚੋਣ ਲੜਿਆ ਸੀ, ਉਦੋਂ ਸ਼ਰੋਮਣੀ ਅਕਾਲੀ ਦਲ ਉਸ ਉਪਰ ਅਨੇਕਾਂ ਇਲਜ਼ਾਮ ਲਾ ਰਿਹਾ ਸੀ। ਉਦੋਂ ਅਕਾਲੀ ਹੀ ਨਹੀਂ ਸਾਰੀਆਂ ਪਾਰਟੀਆਂ ਨੂੰ ਫੂਲਕਾ ਨੂੰ ਨਿਰਵਿਰੋਧ ਚੁਣਨਾ ਚਾਹੀਦਾ ਸੀ। ਕੀ ਫੂਲਕਾ ਅਪਮਾਨਤ ਹੈ? ਹਰਵਿੰਦਰ ਸਿੰਘ ਫੂਲਕਾ ਸਨਮਾਨਤ ਵਿਅਕਤੀ ਹੈ, ਉਸਨੂੰ ਸਿੱਖ ਜਗਤ ਨੇ ਸਨਮਾਨ ਦਿੱਤਾ ਹੋਇਆ ਹੈ, ਉਸਨੂੰ ਅਕਾਲੀ ਦਲ ਅਤੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਨਮਾਨ ਦੀ ਲੋੜ ਨਹੀਂ। ਅਸਲ ਵਿਚ ਭਾਰਤੀ ਨਿਆਂ ਪ੍ਰਣਾਲੀ ਹੀ ਇਤਨੀ ¦ਮੀ ਅਤੇ ਗੁੰਝਲਦਾਰ ਹੈ, ਜਿਸ ਰਾਹੀਂ ਇਨਸਾਫ ਪ੍ਰਾਪਤ ਕਰਨਾ ਬਹੁਤ ਮੁਸ਼ਕਲ ਹੈ। ਹੁਣ ਤੱਕ ਦੋਸ਼ੀਆਂ ਨੂੰ ਸਜਾ ਨਾ ਮਿਲਣ ਦੇ ਬਹੁਤ ਸਾਰੇ ਕਾਰਨ ਹਨ। ਪਹਿਲੀ ਗੱਲ ਤਾਂ ਇਹ ਹੈ ਕਿ ਉਦੋਂ ਦੇ ਸਿਆਸੀ ਦਖ਼ਲ ਕਾਰਨ ਪੁਲਿਸ ਨੇ ਸਹੀ ਕਾਰਵਾਈ ਨਹੀਂ ਕੀਤੀ। ਦੂਜੇ ਪ੍ਰਭਾਵਤ ਲੋਕਾਂ ਵਿਚ ਡਰ ਪੈਦਾ ਹੋਣ ਕਾਰਨ ਉਹ ਸਾਹਮਣੇ ਨਹੀਂ ਆਏ। ਤੀਜੇ ਪੁਲਿਸ ਨੇ ਸਿਆਸਤਦਾਨਾ ਦੀ ਸ਼ਹਿ ਤੇ ਸਬੂਤ ਨਾ ਰਹਿਣ ਦਿੱਤੇ ਜਿਸ ਕਰਕੇ ਨਿਆਂ ਨਹੀਂ ਮਿਲ ਸਕਿਆ।

ਸੱਜਣ ਕੁਮਾਰ ਸਬੂਤਾਂ ਦੀ ਘਾਟ ਕਰਕੇ ਜਿਲ੍ਹਾ ਸ਼ੈਸ਼ਨਜ਼ ਜੱਜ ਦੀ ਕਚਹਿਰੀ ਵਿਚੋਂ ਬਰੀ ਹੋ ਗਿਆ ਸੀ। ਸੁਪਰੀਮ ਕੋਰਟ ਨੇ ਰਾਜਿੰਦਰ ਸਿੰਘ ਚੀਮਾ ਨੂੰ ਸੀ ਬੀ ਆਈ ਵੱਲੋਂ ਕੇਸ ਲੜਨ ਲਈ ਨਿਯੁਕਤ ਕੀਤਾ ਸੀ। ਹਰਵਿੰਦਰ ਸਿੰਘ ਫੂਲਕਾ ਸਮੇਤ ਹੋਰ ਬਹੁਤ ਸਾਰੇ ਵਕੀਲਾਂ ਨੇ ਵੀ ਇਸ ਕੇਸ ਦੀ ਵਕਾਲਤ ਕੀਤੀ ਹੈ ਪ੍ਰੰਤੂ ਰਾਜਿੰਦਰ ਸਿੰਘ ਚੀਮਾ ਜੋ ਕਿ ਇਸ ਤੋਂ ਪਹਿਲਾਂ 2002 ਵਿਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸਮੇਂ ਪੰਜਾਬ ਦਾ ਐਡਵੋਕੇਟ ਜਨਰਲ ਰਿਹਾ ਹੈ ਨੇ ਆਪਣੀ ਬਹਿਸ ਦੌਰਾਨ ਇਹ ਸਾਬਤ ਕਰ ਦਿੱਤਾ ਕਿ ਭਾਵੇਂ ਸੱਜਣ ਕੁਮਾਰ ਮੌਕੇ ਤੇ ਹਾਜ਼ਰ ਸੀ ਜਾਂ ਨਹੀਂ ਪ੍ਰੰਤੂ ਬੀਬੀ ਜਗਦੀਸ਼ ਕੌਰ ਦੇ ਹਲਫਨਾਮੇ ਅਤੇ ਬਿਆਨਾ ਵਿਚ ਉਸਨੇ ਕਿਹਾ ਸੀ ਕਿ ਸੱਜਣ ਕੁਮਾਰ ਭੀੜ ਦੀ ਅਗਵਾਈ ਕਰ ਰਿਹਾ ਸੀ।  ਅਗਵਾਈ ਦਾ ਭਾਵ ਹਜ਼ੂਮ ਨੂੰ ਦਿਸ਼ਾ ਨਿਰਦੇਸ਼ ਦੇਣਾ ਹੁੰਦਾ ਹੈ, ਹਾਜ਼ਰ ਹੋਣਾ ਜ਼ਰੂਰੀ ਨਹੀਂ । ਇਸ ਤੋਂ ਪਹਿਲਾਂ ਸੱਜਣ ਕੁਮਾਰ ਇਸ ਗੱਲ ਕਰਕੇ ਬਰੀ ਹੋਇਆ ਸੀ ਕਿ ਉਹ ਸਰੀਰਕ ਤੌਰ ਤੇ ਮੌਜੂਦ ਨਹੀਂ ਸੀ। ਇਸ ਲਈ ਇਸ ਕੇਸ ਵਿਚ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜਾ ਦਿਵਾਉਣ ਵਿਚ ਰਾਜਿੰਦਰ ਸਿੰਘ ਚੀਮਾ ਦਾ ਅਹਿਮ ਯੋਗਦਾਨ ਹੈ। ਰਾਜਿੰਦਰ ਸਿੰਘ ਚੀਮਾ ਖਬਰਾਂ ਵਿਚ ਆਉਣਾ ਪਸੰਦ ਨਹੀਂ ਕਰਦਾ ਅਤੇ ਨਾ ਹੀ ਫੋਕੀ ਸ਼ੁਹਰਤ ਵਿਚ ਯਕੀਨ ਰੱਖਦਾ ਹੈ ਪ੍ਰੰਤੂ ਉਹ ਅਮਲੀ ਤੌਰ ਤੇ ਕੰਮ ਕਰਨ ਨੂੰ ਤਰਜੀਹ ਦਿੰਦਾ ਹੈ। ਸਿਆਸਤਦਾਨਾ ਨੂੰ ਸਲਾਹ ਹੈ ਕਿ ਉਹ ਰਾਜਿੰਦਰ ਸਿੰਘ ਚੀਮਾ ਤੋਂ ਹੀ ਕੁਝ ਸਿੱਖ ਲੈਣ ਜਿਨ੍ਹਾਂ ਅੱਜ ਤੱਕ ਇਹ ਕੇਸ ਜਿੱਤਣ ਦਾ ਦਾਅਵਾ ਹੀ ਨਹੀਂ ਪੇਸ਼ ਕੀਤਾ। ਕਾਂਗਰਸ ਪਾਰਟੀ ਵਿਚ ਕੈਪਟਨ ਅਮਰਿੰਦਰ ਸਿੰਘ ਇਕੋ ਇਕ ਅਜਿਹਾ ਵੱਡਾ ਨੇਤਾ ਹੈ ਜਿਸਨੇ ਸੱਜਣ ਕੁਮਾਰ ਨੂੰ ਹੋਈ ਸਜਾ ਦਾ ਸਵਾਗਤ ਕੀਤਾ ਹੈ। ਬਾਕੀ ਕਾਂਗਰਸੀ ਨੇਤਾ ਨੇਤਾ ਮੂੰਹ ਵਿਚ ਘੁੰਗਣੀਆਂ ਪਾਈ ਬੈਠੇ ਹਨ।

ਸੇਵਾ ਕੀ ਹੈ ?

$
0
0

ਸਿੱਖੀ ਵਿੱਚ ਸੇਵਾ ਨੂੰ ਬਹੁਤ ਹੀ ਅਹਿਮ ਗਿਣਿਆ ਗਿਆ ਹੈ ਹਰ ਧਰਮ ਹੀ ਸੇਵਾ ਨੂੰ ਇਨਸਾਨੀ ਫ਼ਰਜ਼ਾਂ ਵਿਚ ਸਿਰਮੌਰ ਫ਼ਰਜ਼ ਦਾ ਦਰਜਾ ਦਿੰਦਾ ਹੈ । ਧੰਨ ਸਾਹਿਬ ਸ੍ਰੀ ਗੁਰੂ ਗਰੰਥ ਸਾਹਿਬ ਜੀ ਵਿੱਚ ਬਹੁਤ ਵਾਰ ਸੇਵਾ ਦਾ ਜ਼ਿਕਰ ਆਇਆ ਹੈ ਪਰ ਕੀ ਅੱਜ ਜੋ ਅਸੀਂ ਕਰ ਰਹੇ ਹਾਂ ਉਸ ਨੂੰ ਸੇਵਾ ਦਾ ਨਾਮ ਦਿੱਤਾ ਜਾ ਸਕਦਾ ਹੈ। ਸੇਵਾ ਦੇ ਨਾਮ ਤੇ ਧਾਰਮਿਕ ਅਸਥਾਨਾਂ ਤੇ ਹੋਰ ਥਾਵਾਂ ਤੇ ਜਾ ਕੇ ਲੰਗਰ ਬਣਾਉਣੇ, ਜੋੜੇ ਸਾਫ਼ ਕਰਨੇ, ਝਾੜੂ ਲਾਉਣੇ, ਲੰਗਰ ਵਰਤਾਉਣੇ ਕੀ ਇਹ ਹੀ ਸੇਵਾ ਹੈ ।

ਧਾਰਮਿਕ ਅਸਥਾਨਾਂ ਤੇ ਜਾ ਕੇ ਭੱਜ ਭੱਜ ਕੇ ਕੰਮ ਕਰਨ ਵਾਲੇ ਕਈ ਇਹੋ ਜਿਹੇ ਲੋਕ ਵੀ ਹਨ ਜੋ ਆਪਣੇ ਘਰ ਵੜਦੇ ਸਾਰ ਹੀ ਆਪਣੇ ਬਜ਼ੁਰਗ ਮਾਂ ਪਿਉ ਨੂੰ ਪਾਣੀ ਤੱਕ ਨਹੀਂ ਫੜਾ ਸਕਦੇ ਫਿਰ ਉਸ ਦੁਆਰਾ ਜਿਹੜੀ ਧਾਰਮਿਕ ਅਸਥਾਨ ਤੇ ਸੇਵਾ ਕੀਤੀ ਉਸ ਦਾ ਕੀ ਫ਼ਾਇਦਾ? ਇਸ ਦਾ ਮਤਲਬ ਤਾਂ ਇਹ ਹੀ ਹੈ ਕਿ ਸ਼ਾਇਦ ਸਾਨੂੰ ਸੇਵਾ ਦਾ ਮਤਲਬ ਹੀ ਸਮਝ ਨਹੀਂ ਆਇਆ। ਅੱਜ ਦਸਵੰਧ ਜਾਂ ਸੇਵਾ ਦੇ ਨਾਮ ਤੇ ਡੇਰੇਦਾਰ ਅਤੇ ਕੁੱਝ ਕੁ ਅਖੌਤੀ ਲੋਕਾਂ ਵੱਲੋਂ ਅਣਭੋਲ ਲੋਕਾਂ ਨੂੰ ਦੋਵਾਂ ਹੱਥਾਂ ਨਾਲ ਲੁੱਟਿਆ ਜਾ ਰਿਹਾ ਹੈ, ਲੋਕਾਂ ਕੋਲੋਂ ਡਾਲਰਾਂ, ਪੌਂਡਾਂ ਦੇ ਢੇਰ ਇਹ ਲੋਕ ਲੁੱਟ ਰਹੇ ਹਨ। ਐਥੋਂ ਤੱਕ ਕੇ ਕਈ ਲੋਕ ਸੇਵਾ ਸਮਝ ਕੇ ਇਹਨਾਂ ਨੂੰ ਕਾਰਾਂ ਅਤੇ ਜ਼ਮੀਨਾਂ ਤੱਕ ਦੇ ਦੇਂਦੇ ਹਨ।

ਹੁਣ ਬੇਅੰਤ ਸੰਗਤਾਂ ਨੂੰ ਕਈ ਸਵਾਲਾਂ ਨੇ ਘੇਰ ਰੱਖਿਆ ਹੈ ਕਿ ਆਖ਼ਿਰ ਕੀ ਹੈ ਸੇਵਾ? ਉਹ ਅਸੀਂ ਕਿਵੇਂ ਕਰ ਸਕਦੇ ਹਾਂ? ਸਾਡਾ ਗੁਰੂ ਤਾਂ ਸ਼ਬਦ ਗੁਰੂ ਹੈ ਕੋਈ ਦੇਹਧਾਰੀ ਨਹੀਂ ਅਸੀਂ ਗੁਰੂ ਨੂੰ ਲੰਗਰ ਨਹੀਂ ਛਕਾ ਸਕਦੇ, ਗੁਰੂ ਦੀਆਂ ਲੱਤਾਂ ਨਹੀਂ ਘੁੱਟ ਸਕਦੇ, ਗੁਰੂ ਨੂੰ ਨਵੇਂ ਕੱਪੜੇ ਨਹੀਂ ਲੈ ਕੇ ਦੇ ਸਕਦੇ, ਗੁਰੂ ਨੂੰ ਮਕਾਨ ਜਾਂ ਕਾਰ ਨਹੀਂ ਦੇ ਸਕਦੇ ? ਫਿਰ ਅਸੀਂ ਕਿਸ ਤਰਾਂ ਸੇਵਾ ਭਾਵਨਾ ਲੈ ਕੇ ਆ ਸਕਦੇ ਹਾਂ ?

ਮੇਰੇ ਖ਼ਿਆਲ ਵਿਚ ਇਨ੍ਹਾਂ ਸਵਾਲਾਂ ਦੇ ਜੁਆਬਾਂ ਵਿਚ ਕੁੱਝ ਵਿਚਾਰਾਂ ਹਨ ਜੋ ਆਪਣੀ ਬੁੱਧ ਅਨੁਸਾਰ ਆਪ ਜੀ ਦੇ ਸਨਮੁੱਖ ਰਖ਼ਣਾ ਚਾਹਾਂਗਾ ਜੋ ਕੁੱਝ ਇਸ ਤਰਾਂ ਹਨ …………..ਜੋ ਵੀ ਪੁਰਖ ਸ਼ਬਦ ਗੁਰੂ ਦੀ ਦੱਸੀ ਸੇਵਾ ਕਰਦਾ ਹੈ, ਗੁਰੂ ਦੇ ਸ਼ਬਦ ਨੂੰ ਆਪਣੀ ਵਿਚਾਰ ਬਣਾਉਂਦਾ ਹੈ, ਹਉਮੈ ਨੂੰ (ਆਪਣੇ ਅੰਦਰੋਂ) ਮਾਰਦਾ ਹੈ, ਸ਼ਬਦ ਗੁਰੂ ਦੇ ਸ਼ਬਦ ਸਮਝ ਕੇ ਉਸ ਦੁਆਰਾ ਦੱਸੇ ਗੁਣਾ ਨੂੰ ਆਪਣੇ ਅੰਦਰ ਧਾਰਨਾ ਹੀ ਕੁਦਰਤ ਦੀ ਅਸਲੀ ਸੇਵਾ ਕਰਨ ਵਾਲਾ ਪੁਰਖ ਹੀ ਦਾਨੀ ਅਖਵਾਉਣ ਦੇ ਕਾਬਿਲ ਹੈ। ਸ਼ਬਦ ਗੁਰੂ ਵੱਲੋਂ ਦਰਸਾਏ ਮਾਰਗ ਤੇ ਰਜਾ ਵਿਚ ਚੱਲਣਾ ਹੀ ਅਕਾਲ ਪੁਰਖ ਪ੍ਰਮਾਤਮਾ ਦੀ ਅਸਲੀ ਅਧਿਆਤਮਕ ਸੇਵਾ ਕਰਨੀ ਹੈ। ਇਸ ਵਾਸਤੇ ਜੇ ਸੇਵਾ ਦੇ ਅਸਲ ਅਰਥਾਂ ਨੂੰ ਗਿਆਨ ਵਿਚ ਲਿਆਉਣਾ ਹੈ ਤਾਂ ਗੁਰੂ ਸ਼ਬਦ ਨੂੰ ਪੜ੍ਹੋ ਵਿਚਾਰੋ ਅਤੇ ਆਪਣੇ ਜੀਵਨ ਵਿਚ ਲੈ ਕੇ ਆਓ। ਗੁਰੂ ਦੀ ਦਿੱਤੀ ਮੱਤ ਅਨੁਸਾਰ ਚੱਲ ਕੇ ਕਿਸੇ ਲੋੜਵੰਦ ਦੀ ਮਦਦ ਕਰਨੀ ਵੀ ਸੇਵਾ ਦਾ ਮੁੱਖ ਕਾਰਜ ਹੈ ਨਾ ਕੇ ਪਹਿਲਾਂ ਹੀ ਰੱਜੇ ਲੋਕਾਂ ਨੂੰ ਧੱਕੇ ਦੀ ਭੁੱਖ ਮਿਟਾਉਣੀ। ਆਪਣਾ ਦਸਵੰਧ ਕੱਢ ਕੇ ਆਪਣੇ ਹੱਥੀਂ ਕਿਸੇ ਗ਼ਰੀਬ ਦੀ ਮਦਦ ਕਰਨੀ ਸੇਵਾ ਹੈ ਨਾ ਕੇ ਪਖੰਡੀਆਂ ਦੇ ਡੇਰਿਆਂ ਤੇ ਜਾ ਕਿਸੇ ਅਖੌਤੀਆਂ ਨੂੰ ਮਾਇਆ ਦੇਣੀ।

ਇੱਥੇ ਧਿਆਨ ਦੇਣ ਵਾਲੀ ਇੱਕ ਹੋਰ ਵੀ ਹੈ ਕਿ ਅੱਜ ਬਹੁਤ ਸਾਰੀਆਂ ਇਹੋ ਜਿਹੀਆਂ ਜਥੇਬੰਦੀਆਂ ਹਨ ਜੋ ਗ਼ਰੀਬਾਂ ਦੀ ਮਦਦ ਕਰਨ ਵਾਸਤੇ ਜਾਂ ਧਰਮ ਦਾ ਪ੍ਰਚਾਰ ਕਰਨ ਵਾਸਤੇ ਅੱਗੇ ਆ ਰਹੀਆਂ ਹਨ ਉਨ੍ਹਾਂ ਦੀ ਸਹਾਇਤਾ ਪਰਖ ਕਰ ਕੇ ਹੀ ਕਰਨੀ ਚਾਹੀਦੀ ਹੈ ਜਦ ਕੇ ਆਪਣੇ ਹੱਥੋ ਕੀਤੀ ਗਈ ਸੇਵਾ ਦਾ ਗੁਰਮਤਿ ਵਿਚ ਅਹਿਮ ਅਸਥਾਨ ਹੈ।  ਅੱਖਾਂ ਮੀਚ ਕੇ ਪਖੰਡੀਆਂ ਨੂੰ ਪੈਸੇ ਦੇਣੇ ਜਾਂ ਭੇਜਣੇ ਵਿਅਰਥ ਹਨ । ਕਿਸੇ ਨੰਗੇ ਨੂੰ ਕੱਪੜੇ ਲੈ ਕੇ ਦੇਣੇ ਸੇਵਾ ਹੈ ਨਾ ਕੇ ਧਾਰਮਿਕ ਅਸਥਾਨਾਂ ਤੇ ਜਾ ਕੇ ਵਸਤਰ ਚੜ੍ਹਾਉਣੇ। ਇਨਸਾਨੀ ਧਰਮ ਲਈ ਕੁਰਬਾਨੀਆਂ ਕਰਨੀਆਂ, ਲੋਕਾਂ ਨੂੰ ਜਾਗਰੂਕ ਕਰਨਾ, ਪਾਖੰਡੀ ਸੰਤਾਂ ਨੂੰ ਨੰਗਾਂ ਕਰ ਕੇ ਡੇਰਾਵਾਦ ਦਾ ਖ਼ਾਤਮਾ ਕਰਨ ਵਾਲਿਆਂ ਦਾ ਸਹਿਯੋਗ ਦੇਣਾ ਵੀ ਸੇਵਾ ਰੂਪ ਹੈ।

ਹੁਣ ਵਿਸਥਾਰ ਨਾਲ ਦੋ ਪਹਿਲੂ ਕਿਰਤ ਕਰੋ ਤੇ ਵੰਡ ਛਕੋ ਦੇ ਸ਼ਬਦਾਂ ਤੇ ਵਿਚਾਰ ਕਰੀਏ

*ਕਿਰਤ ਕਰੋ:-  ਕਿਰਤ ਕਰੋ, ਨਾਮ ਜਪੋ ਦਾ ਹੀ ਰੂਪ ਹੈ। ਗੁਰਮਤਿ ਵਿੱਚ ਵਿਹਲੜਾਂ ਦੀ ਕੋਈ ਥਾਂ ਨਹੀਂ ਹੈ। ਗੁਰੂ ਨਾਨਕ ਸਾਹਿਬ ਜੀ ਵੀ ਉਦਾਸੀਆਂ ਤੋਂ ਬਾਅਦ ਕਰਤਾਰਪੁਰ ਜ਼ਮੀਨ ਲੈ ਕੇ ਆਪ ਖੇਤੀ ਕਰਦੇ ਰਹੇ ਪਰ ਅੱਜ-ਕੱਲ੍ਹ ਦੇ ਅਖੌਤੀ ਸੰਤ ਬਣਦੇ ਹੀ ਇਸ ਕਰ ਕੇ ਹਨ ਕਿ ਕੋਈ ਕੰਮ ਨਾ ਕਰਨਾ ਪਵੇ। ਆਪ ਵੀ ਵਿਹਲੜ ‘ਤੇ ਨਾਲ ਦੇ ਚੇਲੇ-ਚਪਟੇ ਵੀ ਵਿਹਲੜ ਪਰ ਕਿਰਤ ਕਰਨ ਵਾਲਿਆਂ ਦੇ ਪੈਸੇ ਲੁੱਟ-ਲੁੱਟ ਕੇ ਮਹਿਲ ਖੜ੍ਹੇ ਕਰ ਲਏ। ਆਸਾ ਦੀ ਵਾਰ ਵਿੱਚ ਗੁਰੂ ਨਾਨਕ ਸਾਹਿਬ ਫ਼ਰਮਾਉਂਦੇ ਹਨ ਕਿ: ‘‘ਆਪਣ ਹੱਥੀ ਆਪਣਾ ਆਪੇ ਹੀ ਕਾਜੁ ਸਵਾਰੀਐ॥’’ ਆਪਣਾ ਕੰਮ ਇਮਾਨਦਾਰੀ ਨਾਲ ਕਰਨਾ ਹੀ ਨਾਮ ਜਪਣਾ ਹੈ ਅਤੇ ਆਪਣੇ ਗੁਰੂ ਦੇ ਹੁਕਮ ‘ਤੇ ਚੱਲਣ ਦੀ ਭਾਵਨਾ ਵੀ ਸੇਵਾ ਰੂਪ ਹੈ।

*ਵੰਡ ਛਕੋ :-  ਗੁਰੂ ਸਾਹਿਬ ਜੀ ਦਾ ਇਹ ਸਿਧਾਂਤ ਬਹੁਤ ਹੀ ਜ਼ਰੂਰੀ ਹੈ ਅਤੇ ਨਾਮ ਜਪਣ ਦੀ ਹੀ ਅਗਲੀ ਅਵਸਥਾ ਹੈ। ਇਮਾਨਦਾਰੀ ਨਾਲ ਕਿਰਤ ਕਰ ਕੇ ਦਸਵੰਧ ਕੱਢਣਾ ਅਤੇ ਉਸ ਦਸਵੰਧ ਨਾਲ ਕਿਸੇ ਲੋੜਵੰਦ ਦੀ ਮਦਦ ਕਰਨੀ ਹੀ ਅਸਲੀ ਵੰਡ ਕੇ ਛਕਣਾ ਹੈ। ਆਪਣੇ ਇਮਾਨਦਾਰੀ ਨਾਲ ਕਮਾਏ ਹੋਏ ਪੈਸੇ ਕਿਸੇ ਵਿਹਲੜ ਨੂੰ ਦੇਣੇ ਤਾਂ ਕੇ ਉਹ ਕੁਦਰਤੀ ਧਰਮ ਦਾ ਹੋਰ ਘਾਣ ਕਰ ਸਕੇ ਬਹੁਤ ਵੱਡੀ ਬੇਵਕੂਫ਼ੀ ਹੈ। ਆਪ ਖਾਣ ਤੋਂ ਪਹਿਲਾਂ ਆਪਣੇ ਗੁਆਂਢੀ ਦੇ ਘਰ ਦੇਖਣਾ ਕਿ ਖਾਣਾ ਖਾਧਾ ਹੈ ਕਿ ਨਹੀਂ, ਹੀ ਅਸਲੀ ਗੁਰਮਤਿ ਹੈ।

ਆਖ਼ਿਰ ਵਿਚ ਬੇਨਤੀ ਕਰਾਂਗੇ ਕਿ ਸੇਵਾ ਭਾਵਨਾ ਨੂੰ ਸਹੀ ਦਿਸ਼ਾ ਵਿਚ ਤਬਦੀਲ ਕਰ ਕੇ ਕੁਦਰਤ / ਲੁਕਾਈ ਦੀ ਸੇਵਾ ਕੀਤੀ ਜਾਵੇ।

ਸੜਕੀ ਨਿਯਮਾਂ ਦੀ ਪਾਲਣਾ

$
0
0

ਸੜਕ ਹਾਦਸੇ ਰੋਜਾਨਾਂ ਹੀ ਅਖਬਾਰਾਂ ਦੀਆਂ ਸੁਰਖੀਆਂ ਬਣਦੇ ਹਨ ਅਤੇ ਇਹਨਾਂ ਹਾਦਸਿਆਂ ਪਿੱਛੇ ਸਿੱਧੇ ਤੌਰ ਤੇ ਲੋਕਾਂ ਦੀ ਯਾਤਾਯਾਤ ਨਿਯਮਾਂ ਸਬੰਧੀ ਵਰਤੀ ਜਾਂਦੀ ਅਣਗਹਿਲੀ ਅਤੇ ਪ੍ਰਸ਼ਾਸਨ ਦੀ ਵਰਤੀ ਜਾਂਦੀ ਢਿੱਲ ਜਿੰਮੇਵਾਰ ਹੈ। ਪੰਜਾਬ ਵਿੱਚ ਸਿਰੋਂ ਨੰਗੇ ਲੋਕਾਂ ਨੂੰ ਦੋ-ਪਹੀਆ ਵਾਹਨਾਂ ਨੂੰ ਬਿਨ੍ਹਾਂ ਹੈਲਮੈੱਟ ਚਲਾਉਂਦੇ ਆਮ ਵੇਖਿਆ ਜਾਂਦਾ ਹੈ ਅਤੇ ਸੂਬੇ ਵਿੱਚ ਪੁਲਿਸ ਪ੍ਰਸ਼ਾਸਨ ਤਰਫੋਂ ਵੀ ਹੈਲਮੈੱਟ ਦਾ ਚਾਲਾਨ ਨਾ-ਮਾਤਰ ਹੀ ਹੁੰਦਾ ਹੈ। ਇਹ ਵੀ ਕੋਈ ਅੱਤਕੱਥਨੀ ਨਹੀਂ ਕਿ ਸੜਕਾਂ ਉੱਤੇ ਵਾਹਨਾਂ ਨੂੰ ਚਲਾ ਰਹੇ ਲੋਕ ਬਹੁਤੇ ਆਵਾਜਾਈ ਦੇ ਨਿਯਮਾਂ ਤੋਂ ਅਣਜਾਣ ਹੀ ਹੁੰਦੇ ਹਨ ਅਤੇ ਪਿੰਡਾਂ ਸ਼ਹਿਰਾਂ ਵਿੱਚ 18 ਸਾਲ ਤੋਂ ਘੱਟ ਉਮਰ ਦੇ ਬੱਚੇ ਵੀ ਵਾਹਨ ਚਲਾਉਂਦੇ ਆਮ ਨਜਰੀਂ ਪੈ ਜਾਂਦੇ ਹਨ।

ਸੜਕੀ ਹਾਦਸਿਆਂ ਤੋਂ ਬਚਾਅ ਅਤੇ ਆਵਾਜਾਈ ਨੂੰ ਸੁਚਾਰੂ ਰੂਪ ਵਿੱਚ ਬਣਾਈ ਰੱਖਣ ਲਈ ਯਾਤਾਯਾਤ ਦੇ ਨਿਯਮ ਬਣਾਏ ਗਏ ਹਨ। ਇਹ ਨਿਯਮ ਹਰ ਵਿਅਕਤੀ ਦੁਆਰਾ ਪਾਲਣਾ ਕਰਨ ਲਈ ਹੁੰਦੇ ਹਨ ਜੋ ਸੜਕਾਂ ਤੇ ਚਲਦੇ ਹਨ ਅਤੇ ਟ੍ਰੈਫਿਕ ਦਾ ਹਿੱਸਾ ਬਣਦੇ ਹਨ। ਸੜਕੀ ਨਿਯਮਾਂ ਦੀ ਪਾਲਣਾ ਦੂਜਿਆਂ ਦੇ ਨਾਲ ਨਾਲ ਸਾਡੀ ਆਪਣੀ ਜਾਨ ਦੀ ਸੁਰੱਖਿਆ ਲਈ ਜਰੂਰੀ ਹੈ। ਸੜਕੀ ਨਿਯਮਾਂ ਨੂੰ ਅਣਗੋਲਿਆਂ ਕਰਨ ਤੇ ਆਪਣੀ ਜਾਨ ਦੇ ਨਾਲ ਨਾਲ ਦੂਜੇ ਵਿਅਕਤੀਆਂ ਲਈ ਵੀ ਅਸੀਂ ਖਤਰਾ ਬਣ ਜਾਂਦੇ ਹਾਂ।

ਸਰਦੀਆਂ ਦਾ ਸਮਾਂ ਚੱਲ ਰਿਹਾ ਹੈ ਅਤੇ ਧੁੰਦ ਕਾਰਨ ਵਿਜੀਵਿਲਿਟੀ ਉਂਝ ਹੀ ਘੱਟ ਹੋ ਜਾਂਦੀ ਹੈ ਸੋ ਆਵਾਯਾਈ ਦੇ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ ਤਾਂ ਜੋ ਸੁਰੱਖਿਅਤ ਸਫਰ ਕੀਤਾ ਜਾ ਸਕੇ। ਯਾਤਾਯਾਤ ਦੇ ਹੋਰ ਨਿਯਮਾਂ ਦੇ ਨਾਲ ਨਾਲ ਹਾਰਨਾਂ ਦੀ ਢੁੱਕਵੀਂ ਵਰਤੋਂ, ਗੱਡੀਆਂ ਵਿੱਚ ਸੀਟ ਬੈਲਟਾਂ ਦੀ ਵਰਤੋਂ, ਚੌਂਕਾਂ ਵਿੱਚ ਲੱਗੀਆਂ ਬੱਤੀਆਂ ਦੀ ਪਾਲਣਾ ਕਰਨੀ ਚਾਹੀਦੀ ਹੈ ਅਤੇ ਪੈਦਲ ਚੱਲਦੇ ਸਮੇਂ ਜੈਬਰਾ ਕਰਾਸਿੰਗ ਤੋਂ ਮੁੱਖ ਸੜਕਾਂ ਨੂੰ ਪਾਰ ਕਰਨਾ ਚਾਹੀਦਾ ਹੈ ਕਿਉਂਕਿ ਕਿਸੇ ਹੋਰ ਥਾਂ ਤੋਂ ਸੜਕ ਪਾਰ ਕਰਨਾ ਦੁਰਘਟਨਾ ਨੂੰ ਸਿੱਧਾ ਸੱਦਾ ਸਾਬਤ ਹੋ ਸਕਦੀ ਹੈ।

ਸਮਾਜ ਵਿੱਚ ਸਵੈ ਅਨੁਸ਼ਾਸਨ ਅਤੇ ਜਿੰਮੇਵਾਰ ਨਾਗਰਿਕਾਂ ਦੀ ਭਾਰੀ ਘਾਟ ਰੜਕਦੀ ਹੈ ਅਤੇ ਸੜਕੀ ਨਿਯਮਾਂ ਸੰਬੰਧੀ ਅਣਗਹਿਲੀ ਲੋਕਾਂ ਦੇ ਸੁਭਾਅ ਦਾ ਹਿੱਸਾ ਬਣ ਗਈ ਹੈ ਪਰੰਤੂ ਜਿੱਥੇ ਸਖਤੀ ਹੁੰਦੀ ਹੈ ਉੱਥੇ ਇਹ ਤੀਰ ਵਾਂਗੂੰ ਸਿੱਧੇ ਹੋ ਜਾਂਦੇ ਹਨ ਉਦਾਹਰਨ ਲਈ, “ਚੰਡੀਗੜ ਵਿੱਚ ਪ੍ਰਸ਼ਾਸਨਿਕ ਸਖਤੀ ਦੇ ਚੱਲਦਿਆਂ ਆਪਣੇ ਵਾਹਨਾਂ ਨੂੰ ਚੰਡੀਗੜ ਦੇ ਖੇਤਰ ਵਿੱਚ ਲੈ ਕੇ ਜਾਂਦਿਆਂ ਹੀ ਇੱਕ ਦਮ ਜਿਆਦਾਤਰ ਲੋਕ ਯਾਤਾਯਾਤ ਦੇ ਨਿਯਮਾਂ ਦੀ ਪਾਲਣਾ ਕਰਨ ਲੱਗ ਜਾਂਦੇ ਹਨ ਅਤੇ ਪੰਜਾਬ ਵਿੱਚ ਉਹੀ ਨਿਯਮਾਂ ਨੂੰ ਛਿੱਕੇ ਤੇ ਟੰਗ ਕੇ ਰੱਖਦੇ ਹਨ।”

ਸੁਰੱਖਿਅਤ ਸਫਰ ਅਤੇ ਸੁਚੱਜੀ ਆਵਾਜਾਈ ਲਈ ਯਾਤਾਯਾਤ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਜਰੂਰੀ ਹੈ ਕਿ ਹੋਰ ਲੋੜੀਂਦੇ ਸੁਧਾਰਾਂ ਦੇ ਨਾਲ ਨਾਲ ਲੋਕਾਂ ਵਿੱਚ ਨਿਯਮ ਪਾਲਣਾਂ ਸੰਬੰਧੀ ਜਾਗਰੂਕਤਾ ਪੈਦਾ ਕੀਤੀ ਜਾਵੇ ਅਤੇ ਪ੍ਰਸ਼ਾਸਨ ਤਰਫੋਂ ਵਰਤੀ ਜਾਂਦੀ ਢਿੱਲ ਦੀ ਥਾਂ ਪੂਰੀ ਸਖਤੀ ਨੂੰ ਲਾਗੂ ਕੀਤਾ ਜਾਵੇ, ਇਹੀ ਸਮਾਜ ਅਤੇ ਲੋਕਾਂ ਦੇ ਹਿੱਤ ਵਿੱਚ ਹੈ।

 

ਸਿੱਖਾਂ ਦੀ ਪਾਰਲੀਮੈਂਟ ‘ਚ ਬਹਿਸ ਦੀ ਇਜ਼ਾਜਤ ਕਿਉਂ ਨਹੀਂ?

$
0
0

ਅਨੇਕਾਂ ਅੰਦੋਲਨਾਂ, ਧਰਨਿਆਂ, ਮੁਜ਼ਾਹਰਿਆਂ, ਜਦੋਜਹਿਦਾਂ ਅਤੇ ਕੁਰਬਾਨੀਆਂ ਤੋਂ ਬਾਅਦ ਗੁਰਦੁਆਰਾ ਸਾਹਿਬਾਨ ਨੂੰ ਮਹੰਤਾਂ ਦੇ ਕਬਜ਼ੇ ਵਿਚੋਂ ਖਾਲੀ ਕਰਵਾਉਣ ਲਈ ਸਿੱਖ ਸੰਗਤਾਂ ਨੂੰ ਚਾਬੀਆਂ, ਜੈਤੋ ਅਤੇ ਗੁਰੂ ਕੇ ਬਾਗ ਦਾ ਮੋਰਚਾ ਲਗਾਉਣਾ ਪਿਆ। ਅਣਗਿਣਤ ਸਿੰਘਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ। ਉਸ ਤੋਂ ਬਾਅਦ ਗੁਰਦਵਾਰਿਆਂ ਦੇ ਪ੍ਰਬੰਧਾਂ ਬਾਰੇ ਵੀ ਜਦੋਜਹਿਦ ਕਰਨੀ ਪਈ ਤਾਂ ਕਿਤੇ ਜਾ ਕੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿਚ ਆਈ। ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਪੰਥਕ ਸੰਸਥਾਵਾਂ ਜਿਹੜੀਆਂ ਸਿੱਖਾਂ ਦੇ ਹਿੱਤਾਂ ਅਤੇ ਸਿੱਖ ਪਰੰਪਰਾਵਾਂ ਨੂੰ ਅਮਲੀ ਰੂਪ ਦੇਣ ਵਿਚ ਸਹਾਈ ਹੁੰਦੀਆਂ ਹੋਣ ਹੋਂਦ ਵਿਚ ਆਈਆਂ। ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੇਦਾਗ਼ ਸਰਵੋਤਮ ਸਿੱਖ ਬਣਦੇ ਰਹੇ।

1920 ਵਿਚ ਅਕਾਲੀ ਦਲ ਬਣਿਆਂ ਹੀ ਗੁਰਦੁਆਰਾ ਸਾਹਿਬਾਨ ਦੀ ਸੇਵਾ ਸੰਭਾਲ ਲਈ ਸੀ। ਜਦੋਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣ ਗਈ ਤਾਂ ਅਕਾਲੀ ਦਲ ਦਾ ਕੰਮ ਸਿਆਸੀ ਹੋ ਗਿਆ।  ਅਕਾਲੀ ਦਲ ਦੋ ਵਾਰ 1947 ਅਤੇ 1957 ਵਿਚ ਚੋਣਾਂ ਲੜਨ ਲਈ  ਕਾਂਗਰਸ ਪਾਰਟੀ ਵਿਚ ਸ਼ਾਮਲ ਹੋ ਗਿਆ। ਪਰਕਾਸ਼ ਸਿੰਘ ਬਾਦਲ 1957 ਵਿਚ ਵਿਧਾਨ ਸਭਾ ਦੀ ਚੋਣ ਕਾਂਗਰਸ ਪਾਰਟੀ ਦੇ ਟਿਕਟ ਤੇ ਲੜਿਆ ਸੀ। ਮਾਸਟਰ ਤਾਰਾ ਸਿੰਘ ਦੇ ਪ੍ਰਧਾਨ ਹੁੰਦਿਆਂ ਤੱਕ ਅਕਾਲੀ ਦਲ ਨੇ ਸ਼ਰੋਮਣੀ ਪ੍ਰਬੰਧਕ ਕਮੇਟੀ ਦੇ ਕੰਮ ਵਿਚ ਦਖ਼ਲਅੰਦਾਜ਼ੀ ਨਹੀਂ ਕੀਤੀ। ਸਿਆਸੀ ਦਖ਼ਅੰਦਾਜ਼ੀ ਨਾ ਹੋਣ ਕਰਕੇ ਆਲ੍ਹਾ ਦਰਜੇ ਦੇ ਗੁਰਮੁਖ ਤਖ਼ਤਾਂ ਦੇ ਜਥੇਦਾਰ ਬਣਦੇ ਰਹੇ। ਆਜ਼ਾਦੀ ਤੋਂ ਪਹਿਲਾਂ ਇਕ ਵਾਰ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਅਕਾਲ ਤਖ਼ਤ ਉਪਰ ਬੁਲਾਕੇ ਸਜਾ ਦਿੱਤੀ ਗਈ। ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੰਸਾਰ ਦੇ ਸਿੱਖ ਆਪਣੀ ਪਾਰਲੀਮੈਂਟ ਕਹਿਣ ਤੇ ਫ਼ਖ਼ਰ ਮਹਿਸੂਸ ਕਰਦੇ ਹਨ। ਕਈ ਵਾਰੀ ਸਾਡੀਆਂ ਪੰਥਕ ਸੰਸਥਾਵਾਂ ਦੇ ਮੁਖੀਆਂ ਦੀ ਤੁਲਨਾ ਪੋਪ ਨਾਲ ਵੀ ਕੀਤੀ ਜਾਂਦੀ ਹੈ। ਪ੍ਰੰਤੂ ਅਸੀਂ ਕਦੀਂ ਆਪਣੀ ਪੀੜ੍ਹੀ ਹੇਠ ਸੋਟਾ ਨਹੀਂ ਫੇਰਿਆ ਕਿ ਕੀ ਅਸੀਂ ਪੋਪ ਦੇ ਅਹੁਦੇ ਵਰਗੀ ਨੈਤਿਕਤਾ ਕਾਇਮ ਰੱਖਦੇ ਹਾਂ? ਸਿੱਖਾਂ ਦੀ ਪਾਰਲੀਮੈਂਟ ਦਾ ਕੰਮ ਧਾਰਮਿਕ ਮਸਲਿਆਂ ਅਤੇ ਫ਼ੈਸਲਿਆਂ ਉਪਰ ਵਿਚਾਰ ਵਟਾਂਦਰਾ ਅਰਥਾਤ ਸੰਬਾਦ ਕਰਕੇ ਆਪਸੀ ਸਹਿਮਤੀ ਨਾਲ ਫ਼ੈਸਲੇ ਕਰਨਾ ਹੁੰਦਾ ਹੈ। ਪ੍ਰੰਤੂ 1967 ਤੋਂ ਬਾਅਦ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਸਿਆਸਤ ਦੀ ਦਖ਼ਅੰਦਾਜ਼ੀ ਹੋਈ ਹੈ, ਉਦੋਂ ਤੋਂ ਹੀ ਨਿਘਾਰ ਆਉਣਾ ਸ਼ੁਰੂ ਹੋ ਗਿਆ ਹੈ।

ਇਹ ਕੁਦਰਤੀ ਹੈ ਜਦੋਂ ਕਿਸੇ ਵੀ ਖੇਤਰ ਵਿਚ ਸਿਆਸੀ ਦਖ਼ਲਅੰਦਾਜ਼ੀ ਹੋ ਜਾਵੇ ਤਾਂ ਕਾਬਲੀਅਤ ਦੀ ਮੈਰਿਟ ਖ਼ਤਮ ਹੋ ਜਾਂਦੀ ਹੈ। ਇਸ ਕਰਕੇ ਸ਼ਰੋਮਣੀ ਪ੍ਰਬੰਧਕ ਕਮੇਟੀ ਇੱਕ ਕਿਸਮ ਨਾਲ ਅਕਾਲੀ ਦਲ ਦੀ ਹੱਥਠੋਕਾ ਬਣ ਗਈ ਹੈ। ਪ੍ਰੰਤੂ ਦੁੱਖ ਦੀ ਗੱਲ ਹੈ ਕਿ ਅਕਾਲੀ ਦਲ ਨੇ ਤਖ਼ਤਾਂ ਦੇ ਜਥੇਦਾਰਾਂ ਦੇ ਕੰਮ ਵਿਚ ਵੀ ਦਖ਼ਲ ਦੇਣਾ ਸ਼ੁਰੂ ਕਰ ਦਿੱਤਾ। ਜਥੇਦਾਰਾਂ ਨੂੰ ਸਿਆਸੀ ਲੋਕ ਆਪਣੇ ਕੋਲ ਬੁਲਾਕੇ ਹੁਕਮ ਦਿੰਦੇ ਹਨ, ਜਿਸ ਨਾਲ ਤਖ਼ਤਾਂ ਦੀ ਮਾਣ ਮਰਿਆਦਾ ਉਪਰ ਪ੍ਰਭਾਵ ਪੈਣ ਲੱਗ ਪਿਆ। ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਸਿੱਖਾਂ ਦੀ ਪਾਰਲੀਮੈਂਟ ਹੈ, ਉਹ ਸਾਲ ਵਿਚ ਦੋ ਵਾਰੀ ਇਕੱਠੀ ਹੁੰਦੀ ਹੈ। ਇਕ ਵਾਰ ਨਵੰਬਰ ਮਹੀਨੇ ਵਿਚ ਨਵਾਂ ਪ੍ਰਧਾਨ ਅਤੇ ਕਾਰਜਕਾਰਨੀ ਚੁਣਨ ਲਈ। ਦੂਜੀ ਵਾਰ ਬਜਟ ਪਾਸ ਕਰਨ ਲਈ। ਚੋਣ ਦੀ ਪ੍ਰਣਾਲੀ ਵੀ ਅਜ਼ੀਬ ਕਿਸਮ ਦੀ ਅਤੇ ਇਕ ਪਾਸੜ ਹੈ। ਚੋਣ ਵਿਚ ਕੋਈ ਕਿਸੇ ਮੈਂਬਰ ਦੀ ਪੁਛ ਪ੍ਰਤੀਤ ਨਹੀਂ। ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੀ ਕੋਈ ਵੁਕਤ ਨਹੀਂ। ਅਕਾਲੀ ਦਲ ਦਾ ਪ੍ਰਧਾਨ ਅਹੁਦੇਦਾਰਾਂ ਦੀਆਂ ਪਰਚੀਆਂ ਲਿਖ ਦਿੰਦਾ ਹੈ। ਮੈਂਬਰ ਜੈਕਾਰੇ ਛੱਡ ਕੇ ਚੋਣ ਕਰ ਲੈਂਦੇ ਹਨ। ਧਾਰਮਿਕ ਸੰਸਥਾ ਦੇ ਅਹੁਦੇਦਾਰਾਂ ਦੀ ਚੋਣ ਹੋ ਰਹੀ ਹੁੰਦੀ ਹੈ, ਇਹ ਕੋਈ ਸਿਆਸੀ ਅਖਾੜਾ ਨਹੀਂ, ਜਿਥੇ ਰਾਜਨੀਤੀ ਚਲੇ। ਸ਼ਰੋਮਣੀ ਕਮੇਟੀ ਦੀ ਚੋਣ ਵਿਚ ਸਿਆਸਤ ਛਾਈ ਰਹਿੰਦੀ ਹੈ। ਕਿਸੇ ਧਾਰਮਿਕ ਮਸਲੇ ਤੇ ਵਿਚਾਰ ਚਰਚਾ ਨਹੀਂ ਹੁੰਦੀ, ਇਹ ਕਿਹੋ ਜਹੀ ਸਿੱਖਾਂ ਦੀ ਪਾਰਲੀਮੈਂਟ ਹੈ, ਜਿਹੜੀ ਸਿੱਖ ਮਸਲਿਆਂ ਤੇ ਚਰਚਾ ਹੀ ਨਹੀਂ ਕਰਦੀ।

ਜਨਰਲ ਹਾਊਸ ਦੀ ਮੀਟਿੰਗ ਵਿੱਚ ਹਰ ਭਖਦੇ ਮਸਲੇ ਤੇ ਬਹਿਸ ਹੋਣੀ ਚਾਹੀਦੀ ਹੈ। ਫਿਰ ਕੋਈ ਭਰਮ ਭੁਲੇਖਾ ਨਹੀਂ ਰਹੇਗਾ। ਫੈਸਲੇ ਵੀ ਸਹੀ ਹੋਣਗੇ। ਹੁਣ ਤਾਂ ਡਿਕਟੇਟਰਸ਼ਿਪ ਵਾਲੀ ਗੱਲ ਹੈ। ਪਰਜਾਤੰਤਰਿਕ ਢਾਂਚਾ ਖ਼ਤਮ ਹੋ ਚੁੱਕਾ ਹੈ। ਇਸ ਕਰਕੇ ਹੀ ਧਰਮ ਖ਼ਤਰੇ ਵਿਚ ਹੈ। ਦੂਜੀ ਵਾਰ 1000 ਕਰੋੜ ਰੁਪਏ ਤੋਂ ਉਪਰ ਦਾ ਬਜਟ ਪਾਸ ਕਰਨ ਲਈ ਇਜਲਾਸ ਹੁੰਦਾ ਹੈ। ਉਹ ਵੀ ਬਿਨਾ ਬਹਿਸ ਪਾਸ ਕਰ ਦਿੱਤਾ ਜਾਂਦਾ ਹੈ। ਇਹ ਕਿਹੋ ਜਹੀ ਪਾਰਲੀਮੈਂਟ ਹੈ ਜਿਸ ਵਿਚ ਕੋਈ ਸਵਾਲ ਜਵਾਬ ਨਹੀਂ। ਕਿਸੇ ਮਦ ਤੇ ਬਹਿਸ ਨਹੀਂ। ਜੋ ਰੂਲਿੰਗ ਗਰੁਪ ਚਾਹੇ ਉਹੀ ਹੋ ਜਾਂਦਾ ਹੈ। ਸਿੱਖ ਧਰਮ ਦੇ ਵਾਰਸੋ ਭਲੇ ਮਾਣਸ ਗੁਰਮੁਖੋ ਸਿੱਖ ਧਰਮ ਵਿਚ ਗਿਰਾਵਟ ਦੇ ਬੱਦਲ ਛਾਏ ਹੋਏ ਹਨ, ਤੁਸੀਂ ਜੈਕਾਰੇ ਛੱਡ ਕੇ ਚੋਣ ਕਰਕੇ ਅਤੇ ਬਜਟ ਪਾਸ ਕਰਕੇ ਉਠ ਜਾਂਦੇ ਹੋ। ਇਸ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਡੇਰਿਆਂ ਦੀ ਪ੍ਰਫੁਲਤਾ, ਪੰਜਾਬ ਸਕੂਲ ਸਿਖਿਆ ਬੋਰਡ ਦੀਆਂ ਪੁਸਤਕਾਂ ਵਿਚ ਗੁਰੂ ਸਾਹਿਬਾਨ ਬਾਰੇ ਲਿਖੀ ਗਈ ਗ਼ਲਤ ਸ਼ਬਦਾਵਲੀ, ਸਿਖਿਆ ਪ੍ਰਣਾਲੀ ਤਹਿਸ ਨਹਿਸ ਹੋਈ ਪਈ ਹੈ, ਬੇਰੋਜ਼ਗਾਰੀ, ਨਸ਼ੇ, ਨੌਜਵਾਨ ਕਿਰਤ ਕਰਨ ਤੋਂ ਮੁਨਕਰ ਹੋ ਰਹੇ ਹਨ, ਸਿੱਖ ਜਵਾਨੀ ਪਰਵਾਸ ਵਿਚ ਜਾ ਰਹੀ ਹੈ ਅਤੇ ਕਿਸਾਨਾਂ ਦੀਆਂ ਆਤਮ ਹੱਤਿਆਵਾਂ ਵਰਗੇ ਦੇ ਵੱਡੇ ਮਸਲੇ ਹਨ। ਸਿੱਖਾਂ ਦੀ ਨੌਜਵਾਨ ਪਨੀਰੀ ਪਤਿਤ ਹੋ ਰਹੀ ਹੈ। ਸਿੱਖਾਂ ਦੀ ਪਾਰਲੀਮੈਂਟ ਦਾ ਇਜਲਾਸ ਹੁੰਦਾ ਹੈ। ਇਨ੍ਹਾਂ ਮਸਲਿਆਂ ਬਾਰੇ ਇਕ ਸ਼ਬਦ ਵੀ ਬੋਲਿਆ ਨਹੀਂ ਜਾਂਦਾ। ਭਖਦੇ ਮਸਲਿਆਂ ਅਤੇ ਸਿੱਖ ਵਿਚਾਰਧਾਰਾ ਨੂੰ ਅਣਡਿਠ ਕਰਨ ਦਾ ਨਤੀਜਾ ਸਿੱਖ ਜਗਤ ਭੁਗਤ ਰਿਹਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਤਾਂ ਸੰਬਾਦ ਵਿਚ ਵਿਸ਼ਵਾਸ਼ ਰੱਖਦੇ ਸਨ। ਤੁਸੀਂ ਗੁਰੂ ਦੇ ਪਰਣਾਏ ਸਿੱਖ ਭਰਾਵੋ ਅਤੇ ਭੈਣੋ ਗੁਰੂ ਦੀ ਸਿਖਿਆ ਤੇ ਹੀ ਅਮਲ ਕਰ ਲਵੋ। ਜੇਕਰ ਤੁਹਾਡੀ ਇਕ ਮੈਂਬਰ ਬੀਬੀ ਕਿਰਨਜੀਤ ਕੌਰ ਜਿਸਦੀ ਵਿਰਾਸਤ ਹੀ ਸਿੱਖ ਵਿਚਾਰਧਾਰਾ ‘ਤੇ ਅਧਾਰਤ ਹੈ, ਉਹ ਮਾਸਟਰ ਤਾਰਾ ਸਿੰਘ ਦੀ ਦੋਹਤੀ ਹੈ, ਤੁਸੀਂ ਉਸਨੂੰ ਬੋਲਣ ਹੀ ਨਹੀਂ ਦਿੱਤਾ। ਏਥੇ ਹੀ ਬਸ ਨਹੀਂ, ਉਸਤੋਂ ਮਾਇਕ ਹੀ ਖੋਹ ਲਿਆ। ਸੁਣ ਤਾਂ ਲਓ ਉਹ ਕੀ ਕਹਿਣਾ ਚਾਹੁੰਦੇ ਹਨ। ਫ਼ੈਸਲਾ ਬਹੁਮਤ ਨੇ ਕਰਨਾ ਹੁੰਦਾ ਹੈ। ਉਨ੍ਹਾਂ ਨੇ ਤਾਂ ਜਿਹੜਾ ਫ਼ੈਸਲਾ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰਨੀ ਨੇ ਸਿੱਖ ਵਿਦਵਾਨ ਇਤਿਹਾਸਕਾਰ ਡਾ. ਕਿਰਪਾਲ ਸਿੰਘ ਨੂੰ ਸ਼ਰੋਮਣੀ ਕਮੇਟੀ ਦੇ ਕੰਮ ਤੋਂ ਹਟਾਉਣ ਬਾਰੇ ਕੀਤਾ ਸੀ, ਉਸਤੇ ਨਜ਼ਰਸਾਨੀ ਕਰਨ ਲਈ ਬੇਨਤੀ ਕਰਨੀ ਸੀ। ਸ਼ਰੋਮਣੀ ਕਮੇਟੀ ਨੇ ਖ਼ੁਦ ਡਾ ਕਿਰਪਾਲ ਸਿੰਘ ਨੂੰ ਅਕਾਲ ਤਖ਼ਤ ਤੋਂ ਪ੍ਰੋਫੈਸਰ ਆਫ ਸਿਖਿਜ਼ਮ ਦਾ ਖ਼ਿਤਾਬ ਦਿੱਤਾ ਸੀ। ਉਸਨੂੰ ਹੀ ਤੁਸੀਂ ਲਾਂਭੇ ਕਰ ਦਿੱਤਾ। ਕਿਸੇ ਵੀ ਫੈਸਲੇ ਤੋਂ ਪਹਿਲਾਂ ਵਿਚਾਰ ਕਰਨਾ ਅਤੇ ਡਾ. ਕਿਰਪਾਲ ਸਿੰਘ ਦਾ ਪੱਖ ਸੁਣਨਾ ਬਣਦਾ ਸੀ।

ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਥ ਦੀ ਜਾਇਦਾਦ ਹੈ। ਇਹ ਕੋਈ ਨਿੱਜੀ ਸੰਸਥਾ ਨਹੀਂ। ਕਿਰਪਾ ਕਰਕੇ ਸਿੱਖੀ ਨੂੰ ਫੈਲਾਉਣ ਦੀ ਥਾਂ ਸੰਕੋੜਨ ਤੋਂ ਸੰਕਚ ਕਰੋ। ਆਉਣ ਵਾਲੀਆਂ ਪੀੜ੍ਹੀਆਂ ਤੁਹਾਨੂੰ ਮੁਆਫ ਨਹੀਂ ਕਰਨਗੀਆਂ। ਇਤਿਹਾਸ ਨੂੰ ਵਿਗਾੜਨ ਤੋਂ ਪਰਹੇਜ ਕਰੋ। ਸ਼ਰੋਮਣੀ ਕਮੇਟੀ ਦਾ ਇਜਲਾਸ ਹੋ ਰਿਹਾ ਜਾਂ ਭਲਵਾਨੀ ਹੋ ਰਹੀ ਹੈ। ਅੱਧੇ ਘੰਟੇ ਵਿਚ ਸਿੱਖਾਂ ਦੀ ਪਾਰਲੀਮੈਂਟ ਅਹੁਦਿਆਂ ਦੀ ਚੋਣ ਕਰਕੇ ਚਲਦੀ ਬਣਦੀ ਹੈ। ਆਪਣੇ ਅੰਦਰ ਝਾਤੀ ਮਾਰੋ ਸਿੱਖ ਜਗਤ ਕਿਧਰ ਨੂੰ ਜਾ ਰਿਹਾ ਹੈ। ਇਹ ਸਾਰਾ ਕੁਝ ਟੀ ਵੀ ਚੈਨਲਾਂ ਤੇ ਲਾਈਵ ਟੈਲੀਕਾਸਟ ਹੋ ਰਿਹਾ ਹੈ। ਸਿੱਖਾਂ ਦਾ ਅਕਸ ਬਣਾਉਣ ਦੀ ਥਾਂ ਵਿਗਾੜਿਆ ਦਰਸਾਇਆ ਜਾ ਰਿਹਾ ਹੈ।  ਸਿੱਖ ਸੰਸਾਰ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹਨ? ਸ੍ਰੀ ਗੁਰੂ ਨਾਨਕ ਦੇਵ ਜੀ ਤਾਂ ਇਸਤਰੀ ਜਾਤੀ ਦੀ ਗੁਰਬਾਣੀ ਵਿਚ ਪ੍ਰਸੰਸਾ ਕਰਦੇ ਹਨ। ਤੁਸੀਂ ਸੰਸਾਰ ਨੂੰ ਕੀ ਦੱਸਣਾ ਚਾਹੁੰਦੇ ਹੋ ਕਿ ਸਿੱਖ ਧਰਮ ਦੇ ਅਨੁਆਈ ਇਸਤਰੀਆਂ ਦੇ ਵਿਰੋਧੀ ਹਨ? ਇੱਕ ਸਿੱਖ ਹੋਣ ਦੇ ਨਾਤੇ ਬੜਾ ਦੁੱਖ ਹੋਇਆ ਕਿ ਸਾਡੀ ਪਾਰਲੀਮੈਂਟ ਦਾ ਜੇ ਇਹ ਹਾਲ ਹੈ ਤਾਂ ਪਰਜਾ ਦਾ ਕੀ ਹਾਲ ਹੋਵੇਗਾ। ਸਿੱਖ ਨੌਜਵਾਨੀ ਤੁਹਾਡੇ ਕੋਲੋਂ ਕੀ ਪ੍ਰੇਰਨਾ ਲਵੇਗੀ?

ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦਾ ਅਰਥ ਤਨਖਾਹਾਂ ਬੋਝਿਆਂ ਵਿਚ ਪਾਉਣਾ ਹੀ ਨਹੀਂ ਧਰਮ ਪ੍ਰਚਾਰ ਕਰਨਾ ਵੀ ਹੈ। ਕਦੀਂ ਸਿੱਖ ਪਾਰਲੀਮੈਂਟ ਨੇ ਵਿਚਾਰ ਚਰਚਾ ਕੀਤੀ ਹੈ ਕਿ ਸਾਡੇ ਨੌਜਵਾਨ ਸਿੱਖੀ ਤੋਂ ਮੁਨਕਰ ਹੋਕੇ ਪਤਿਤ ਕਿਉਂ ਹੋ ਰਹੇ ਹਨ? ਏਥੇ ਹੀ ਬਸ ਨਹੀਂ ਸਾਡੀ ਨੌਜਵਾਨੀ ਪਰਵਾਸ ਕਰ ਰਹੀ ਹੈ। ਅਸੀਂ ਆਪਣੀ ਵਿਦਿਅਕ ਪ੍ਰਣਾਲੀ ਵਿਚ ਸੋਧ ਨਹੀਂ ਕਰ ਰਹੇ। ਰੋਜ਼ਗਾਰ ਨਹੀਂ ਦੇ ਰਹੇ, ਜਿਸ ਕਰਕੇ ਸਾਡੇ ਨੌਜਵਾਨ ਵਿਦੇਸ਼ਾਂ ਨੂੰ ਭੱਜ ਹੇ ਹਨ। ਏਅਰਪੋਰਟ ਤੇ ਉਤਰਦਿਆਂ ਹੀ ਪਤਿਤ ਹੋ ਜਾਂਦੇ ਹਨ। ਸ਼ਰੋਮਣੀ ਕਮੇਟੀ ਕੀ ਆਪਣੀ ਨੌਜਵਾਨੀ ਨੂੰ ਅਣਡਿਠ ਕਰ ਰਹੀ ਹੈ? ਪਿਛਲੇ ਲੰਮੇ ਸਮੇਂ ਤੋਂ ਕੋਈ ਸਿੱਖ ਆਈ. ਏ. ਐਸ.  ਅਤੇ ਆਈ. ਪੀ. ਐਸ. ਚੁਣਿਆਂ ਨਹੀਂ ਗਿਆ। ਕੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਨੌਜਵਾਨਾਂ ਲਈ ਕੋਚਿੰਗ ਦਾ ਪ੍ਰਬੰਧ ਨਹੀਂ ਕਰ ਸਕਦੀ? ਗੁਰੂ ਘਰਾਂ ਵਿਚ ਮਾਰਬਲ ਲਾਉਣ ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਡੇਰਿਆਂ ਦੀ ਗਿਣਤੀ ਵਿਚ ਵਾਧਾ ਹੋ ਰਿਹਾ ਹੈ। ਜੇਕਰ ਸਾਡਾ ਪ੍ਰਚਾਰ ਸਹੀ ਹੋਵੇਗਾ ਤਾਂ ਡੇਰੇ ਨਹੀ ਬਣਨਗੇ। ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੀ ਜ਼ਿੰਮੇਵਾਰੀ ਨਿਭਾਉਣ ਵਿਚ ਅਸਫਲ ਸਾਬਤ ਹੋ ਰਹੀ ਹੈ। ਸਿੱਖ ਜਗਤ ਨੂੰ ਆਪਣੀ ਅੰਤਹਕਰਨ ਦੀ ਆਵਾਜ਼ ਸੁਣਨ ਦਾ ਜੇਰਾ ਕਰਨਾ ਪਵੇਗਾ ਤਾਂ ਹੀ ਸਾਡੀ ਕੌਮ ਸਿੱਧੇ ਰਸਤੇ ਤੇ ਆ ਸਕੇਗੀ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ

Viewing all 714 articles
Browse latest View live